Skip to content

Skip to table of contents

ਸਾਲਾਨਾ ਮੀਟਿੰਗ ਦੀ ਰਿਪੋਰਟ

ਏਕਤਾ ਅਤੇ ਨਵੀਆਂ ਯੋਜਨਾਵਾਂ

ਏਕਤਾ ਅਤੇ ਨਵੀਆਂ ਯੋਜਨਾਵਾਂ

ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੀਆਂ ਸਾਲਾਨਾ ਮੀਟਿੰਗਾਂ ਵਿਚ ਭੈਣ-ਭਰਾ ਹਮੇਸ਼ਾ ਖ਼ੁਸ਼ੀ-ਖ਼ੁਸ਼ੀ ਆਉਂਦੇ ਹਨ। ਇਹ ਗੱਲ 127ਵੀਂ ਸਾਲਾਨਾ ਮੀਟਿੰਗ ਬਾਰੇ ਵੀ ਸੱਚ ਸੀ ਜੋ ਸ਼ਨੀਵਾਰ 1 ਅਕਤੂਬਰ 2011 ਨੂੰ ਹੋਈ ਸੀ। ਪੂਰੀ ਦੁਨੀਆਂ ਤੋਂ ਵੱਡੀ ਗਿਣਤੀ ਵਿਚ ਭੈਣ-ਭਰਾ ਅਮਰੀਕਾ ਦੇ ਨਿਊ ਜਰਜ਼ੀ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੇ ਅਸੈਂਬਲੀ ਹਾਲ ਵਿਚ ਹਾਜ਼ਰ ਹੋਏ।

ਸਭ ਤੋਂ ਪਹਿਲਾਂ ਪ੍ਰਬੰਧਕ ਸਭਾ ਦੇ ਮੈਂਬਰ ਭਰਾ ਗੇਰਟ ਲੋਸ਼ ਨੇ ਇਸ ਮੀਟਿੰਗ ਵਿਚ ਭੈਣਾਂ-ਭਰਾਵਾਂ ਦਾ ਸੁਆਗਤ ਕੀਤਾ। ਉਸ ਨੇ 85 ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਦੱਸਿਆ ਕਿ ਅਸੀਂ ਸਾਰੇ ਏਕਤਾ ਦਾ ਆਨੰਦ ਮਾਣਦੇ ਹਾਂ ਜੋ ਦੁਨੀਆਂ ਵਿਚ ਹੋਰ ਕਿਤੇ ਨਹੀਂ ਪਾਈ ਜਾਂਦੀ। ਇਹ ਏਕਤਾ ਸਾਡੇ ਬਾਰੇ ਲੋਕਾਂ ਨੂੰ ਚੰਗੀ ਗਵਾਹੀ ਦਿੰਦੀ ਹੈ ਤੇ ਯਹੋਵਾਹ ਦੀ ਵਡਿਆਈ ਕਰਦੀ ਹੈ। ਦਰਅਸਲ ਇਸ ਮੀਟਿੰਗ ਵਿਚ ਏਕਤਾ ਬਾਰੇ ਕਈ ਵਾਰ ਗੱਲ ਕੀਤੀ ਗਈ।

ਮੈਕਸੀਕੋ ਤੋਂ ਵਧੀਆ ਰਿਪੋਰਟ

ਪ੍ਰੋਗ੍ਰਾਮ ਦੇ ਪਹਿਲੇ ਭਾਗ ਵਿਚ ਯਹੋਵਾਹ ਦੇ ਲੋਕਾਂ ਦੀ ਏਕਤਾ ਦੀ ਇਕ ਮਿਸਾਲ ਦੇਖੀ ਗਈ। ਕੇਂਦਰੀ ਅਮਰੀਕਾ ਵਿਚ ਛੇ ਦੇਸ਼ਾਂ ਵਿਚ ਬ੍ਰਾਂਚ ਆਫ਼ਿਸ ਬੰਦ ਕਰ ਕੇ ਇਨ੍ਹਾਂ ਦਾ ਕੰਮ ਮੈਕਸੀਕੋ ਬ੍ਰਾਂਚ ਨੂੰ ਸੌਂਪਿਆ ਗਿਆ। ਇਸ ਸੰਬੰਧੀ ਭਰਾ ਬਾਲਟਾਸਾਰ ਪਰਲਾ ਨੇ ਮੈਕਸੀਕੋ ਦੇ ਬੈਥਲ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਇੰਟਰਵਿਊ ਲਈ। ਇਸ ਤਬਦੀਲੀ ਕਰਕੇ ਇਨ੍ਹਾਂ ਦੇਸ਼ਾਂ ਤੋਂ ਕਈ ਭੈਣ-ਭਰਾ ਮੈਕਸੀਕੋ ਦੇ ਬੈਥਲ ਪਰਿਵਾਰ ਦੇ ਮੈਂਬਰ ਬਣ ਗਏ ਹਨ। ਇਸ ਕਰਕੇ ਮੈਕਸੀਕੋ ਦਾ ਬੈਥਲ ਅਨੇਕਤਾ ਵਿਚ ਏਕਤਾ ਦੀ ਮਿਸਾਲ ਹੈ ਕਿਉਂਕਿ ਇੱਥੇ ਕਈ ਦੇਸ਼ਾਂ ਤੇ ਸਭਿਆਚਾਰਾਂ ਦੇ ਲੋਕ ਆਪਸ ਵਿਚ ਮਿਲ ਕੇ ਕੰਮ ਕਰਦੇ ਹਨ। ਵੱਖੋ-ਵੱਖਰੇ ਦੇਸ਼ਾਂ ਦੇ ਭੈਣਾਂ-ਭਰਾਵਾਂ ਨਾਲ ਸੰਗਤ ਕਰ ਕੇ ਸਾਰਿਆਂ ਨੂੰ ਇਕ-ਦੂਜੇ ਤੋਂ ਬਹੁਤ ਹੌਸਲਾ ਮਿਲਦਾ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਪਰਮੇਸ਼ੁਰ ਨੇ ਇਕ ਵੱਡੀ ਸਾਰੀ ਰਬੜ ਲੈ ਕੇ ਇਨ੍ਹਾਂ ਦੇਸ਼ਾਂ ਦੇ ਬਾਰਡਰ ਮਿਟਾ ਦਿੱਤੇ ਹੋਣ।

ਇਸ ਤਬਦੀਲੀ ਕਰਕੇ ਭੈਣਾਂ-ਭਰਾਵਾਂ ਨੂੰ ਲੱਗ ਸਕਦਾ ਸੀ ਕਿ ਉਨ੍ਹਾਂ ਦੇ ਦੇਸ਼ ਵਿਚ ਬ੍ਰਾਂਚ ਆਫ਼ਿਸ ਬੰਦ ਹੋਣ ਨਾਲ ਉਹ ਯਹੋਵਾਹ ਦੀ ਸੰਸਥਾ ਤੋਂ ਦੂਰ ਹੋ ਗਏ ਹਨ। ਇਸ ਮੁਸ਼ਕਲ ਨੂੰ ਦੂਰ ਕਰਨ ਲਈ ਹਰੇਕ ਮੰਡਲੀ ਨੂੰ ਸੁਰੱਖਿਅਤ ਈ-ਮੇਲ ਕਨੈਕਸ਼ਨ ਦਿੱਤਾ ਗਿਆ ਤਾਂਕਿ ਦੂਰ-ਦੁਰੇਡੇ ਇਲਾਕਿਆਂ ਦੀਆਂ ਮੰਡਲੀਆਂ ਵੀ ਬ੍ਰਾਂਚ ਆਫ਼ਿਸ ਨਾਲ ਸਿੱਧਾ ਸੰਪਰਕ ਕਰ ਸਕਣ।

ਜਪਾਨ ਤੋਂ ਰਿਪੋਰਟ

ਜਪਾਨ ਬ੍ਰਾਂਚ ਤੋਂ ਭਰਾ ਜੇਮਜ਼ ਲਿਨਟਨ ਨੇ ਦੱਸਿਆ ਕਿ ਮਾਰਚ 2011 ਵਿਚ ਭੁਚਾਲ਼ ਤੇ ਸੁਨਾਮੀ ਲਹਿਰਾਂ ਕਰਕੇ ਭੈਣਾਂ-ਭਰਾਵਾਂ ਦਾ ਕੀ ਹਾਲ ਹੋਇਆ। ਇਸ ਤਬਾਹੀ ਵਿਚ ਕਈਆਂ ਦੇ ਪਰਿਵਾਰ ਦੇ ਮੈਂਬਰ ਤੇ ਰਿਸ਼ਤੇਦਾਰ ਖ਼ਤਮ ਹੋ ਗਏ ਅਤੇ ਉਹ ਆਪਣਾ ਸਭ ਕੁਝ ਗੁਆ ਬੈਠੇ। ਹੋਰ ਇਲਾਕਿਆਂ ਵਿਚ ਰਹਿੰਦੇ ਭੈਣਾਂ-ਭਰਾਵਾਂ ਨੇ ਇਨ੍ਹਾਂ ਗਵਾਹਾਂ ਨੂੰ ਆਪਣੇ ਘਰਾਂ ਵਿਚ ਰੱਖਿਆ ਤੇ ਉਨ੍ਹਾਂ ਲਈ ਕਾਰਾਂ ਦਾ ਪ੍ਰਬੰਧ ਕੀਤਾ। ਉਸਾਰੀ ਦਾ ਕੰਮ ਕਰਨ ਵਾਲੀਆਂ ਕਮੇਟੀਆਂ ਨੇ ਦਿਨ-ਰਾਤ ਮਿਹਨਤ ਕਰ ਕੇ ਭੈਣਾਂ-ਭਰਾਵਾਂ ਦੇ ਘਰਾਂ ਦੀ ਮੁਰੰਮਤ ਕੀਤੀ। 1,700 ਤੋਂ ਜ਼ਿਆਦਾ ਗਵਾਹਾਂ ਨੇ ਜਾ ਕੇ ਮਦਦ ਕੀਤੀ। ਅਮਰੀਕਾ ਤੋਂ ਕਈ ਗਵਾਹ ਕਿੰਗਡਮ ਹਾਲਾਂ ਦੀ ਮੁਰੰਮਤ ਕਰਨ ਲਈ ਵੀ ਆਏ ਤੇ ਕੁੱਲ 575 ਗਵਾਹਾਂ ਨੇ ਕਿੰਗਡਮ ਹਾਲਾਂ ਦੀ ਮੁਰੰਮਤ ਕਰਨ ਵਿਚ ਹਿੱਸਾ ਲਿਆ।

ਜਪਾਨ ਦੇ ਭੈਣਾਂ-ਭਰਾਵਾਂ ਦੀ ਨਿਹਚਾ ਤੇ ਹੌਸਲਾ ਵਧਾਉਣ ਲਈ ਵੀ ਕਾਫ਼ੀ ਮਦਦ ਕੀਤੀ ਗਈ। 400 ਤੋਂ ਜ਼ਿਆਦਾ ਬਜ਼ੁਰਗ ਇਨ੍ਹਾਂ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਮਿਲੇ। ਪ੍ਰਬੰਧਕ ਸਭਾ ਨੂੰ ਵੀ ਇਨ੍ਹਾਂ ਦੀ ਚਿੰਤਾ ਸੀ, ਇਸ ਲਈ ਉਨ੍ਹਾਂ ਨੇ ਸੰਸਥਾ ਦੇ ਹੈੱਡ-ਕੁਆਰਟਰ ਤੋਂ ਦੋ ਭਰਾਵਾਂ ਨੂੰ ਵੀ ਹੌਸਲਾ ਦੇਣ ਲਈ ਘੱਲਿਆ। ਜਪਾਨ ਦੇ ਭੈਣਾਂ-ਭਰਾਵਾਂ ਨੂੰ ਇਸ ਗੱਲ ਤੋਂ ਵੀ ਬੜਾ ਦਿਲਾਸਾ ਮਿਲਿਆ ਕਿ ਦੁਨੀਆਂ ਭਰ ਵਿਚ ਯਹੋਵਾਹ ਦੇ ਲੋਕਾਂ ਨੂੰ ਉਨ੍ਹਾਂ ਦੀ ਚਿੰਤਾ ਹੈ।

ਕਾਨੂੰਨੀ ਜਿੱਤਾਂ

ਜਦ ਇੰਗਲੈਂਡ ਦੇ ਬ੍ਰਾਂਚ ਆਫ਼ਿਸ ਤੋਂ ਭਰਾ ਸਟੀਵਨ ਹਾਰਡੀ ਨੇ ਤਿੰਨ ਭਰਾਵਾਂ ਨਾਲ ਕਾਨੂੰਨੀ ਜਿੱਤਾਂ ਬਾਰੇ ਗੱਲਬਾਤ ਕੀਤੀ, ਤਾਂ ਭੈਣਾਂ-ਭਰਾਵਾਂ ਨੇ ਬੜੇ ਧਿਆਨ ਨਾਲ ਸੁਣਿਆ। ਮਿਸਾਲ ਲਈ, ਫਰਾਂਸ ਦੀ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਦੀ ਸੰਸਥਾ ਤੋਂ ਕੁੱਲ ਪੰਜ ਕਰੋੜ ਅੱਸੀ ਲੱਖ ਯੂਰੋ (ਲਗਭਗ ਚਾਰ ਅਰਬ ਰੁਪਏ) ਟੈਕਸ ਮੰਗਿਆ। ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਨੇ ਇਸ ਮੁਕੱਦਮੇ ਦਾ ਫ਼ੈਸਲਾ ਸਾਡੇ ਹੱਕ ਵਿਚ ਦਿੱਤਾ ਅਤੇ ਕਿਹਾ ਕਿ ਫਰਾਂਸ ਦੀ ਸਰਕਾਰ ਨੇ ਯੂਰਪੀ ਕਾਨੂੰਨ ਦੀ ਧਾਰਾ 9 ਦੀ ਉਲੰਘਣਾ ਕੀਤੀ ਸੀ। ਇਸ ਧਾਰਾ ਅਨੁਸਾਰ ਹਰ ਇਨਸਾਨ ਨੂੰ ਆਪਣਾ ਧਰਮ ਮੰਨਣ ਦਾ ਅਧਿਕਾਰ ਹੈ। ਇਸ ਅਦਾਲਤ ਦੇ ਫ਼ੈਸਲੇ ਤੋਂ ਪਤਾ ਲੱਗਦਾ ਹੈ ਕਿ ਗੱਲ ਸਿਰਫ਼ ਪੈਸੇ ਦੀ ਨਹੀਂ ਸੀ ਕਿਉਂਕਿ ਅਦਾਲਤ ਨੇ ਕਿਹਾ: “ਜੇ ਕੋਈ ਸਰਕਾਰ ਕਿਸੇ ਧਾਰਮਿਕ ਸੰਸਥਾ ਨੂੰ ਕਾਨੂੰਨੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਦੀ ਹੈ, ਉਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਕਿਸੇ ਧਰਮ ਦੇ ਖ਼ਿਲਾਫ਼ ਅਪਮਾਨਜਨਕ ਸ਼ਬਦ ਵਰਤਦੀ ਹੈ, ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਉਹ ਯੂਰਪੀ ਕਾਨੂੰਨ ਦੀ ਧਾਰਾ 9 ਨੂੰ ਭੰਗ ਕਰਦੀ ਹੈ।”

ਇਸ ਅਦਾਲਤ ਨੇ ਆਰਮੀਨੀਆ ਵਿਚ ਵੀ ਇਕ ਮੁਕੱਦਮੇ ਦਾ ਫ਼ੈਸਲਾ ਸਾਡੇ ਹੱਕ ਵਿਚ ਸੁਣਾਇਆ। 1965 ਤੋਂ ਇਸ ਅਦਾਲਤ ਨੇ ਲਾਜ਼ਮੀ ਮਿਲਟਰੀ ਸੇਵਾ ਦਾ ਇਨਕਾਰ ਕਰਨ ਵਾਲਿਆਂ ਦੇ ਹੱਕ ਵਿਚ ਕੋਈ ਪ੍ਰਬੰਧ ਨਹੀਂ ਕੀਤਾ ਸੀ। ਫਿਰ ਇਸ ਅਦਾਲਤ ਦੇ ਗ੍ਰੈਂਡ ਚੈਂਬਰ ਨੇ ਫ਼ੈਸਲਾ ਕਰਦੇ ਹੋਏ ਕਿਹਾ ਕਿ ਯੂਰਪੀ ਕਾਨੂੰਨ ਵਿਚ ਲੋਕਾਂ ਨੂੰ ਆਪਣੀ ਜ਼ਮੀਰ ਕਰਕੇ ਮਿਲਟਰੀ ਸੇਵਾ ਤੋਂ ਇਨਕਾਰ ਕਰਨ ਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ। ਇਸ ਫ਼ੈਸਲੇ ਕਰਕੇ ਆਰਮੀਨੀਆ ਤੋਂ ਇਲਾਵਾ ਅਜ਼ਰਬਾਈਜਾਨ ਤੇ ਤੁਰਕੀ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਆਪਣੇ ਨਾਗਰਿਕਾਂ ਨੂੰ ਇਹ ਹੱਕ ਦੇਣਾ ਪਵੇਗਾ।

ਉਸਾਰੀ ਦਾ ਕੰਮ

ਪ੍ਰਬੰਧਕ ਸਭਾ ਦੇ ਮੈਂਬਰ ਭਰਾ ਗਾਈ ਪੀਅਰਸ ਨੇ ਅਗਲਾ ਭਾਸ਼ਣ ਦਿੱਤਾ ਅਤੇ ਮੰਨਿਆ ਕਿ ਉੱਥੇ ਹਾਜ਼ਰ ਲੋਕਾਂ ਨੇ ਨਿਊਯਾਰਕ ਰਾਜ ਵਿਚ ਉਸਾਰੀ ਦੇ ਕੰਮ ਬਾਰੇ ਉੱਡਦੀ-ਉੱਡਦੀ ਖ਼ਬਰ ਸੁਣੀ ਸੀ ਤੇ ਉਹ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਸਨ। ਉਸ ਨੇ ਵੌਲਕਿਲ ਤੇ ਪੈਟਰਸਨ ਵਿਚ ਹੋ ਰਹੇ ਉਸਾਰੀ ਦੇ ਕੰਮ ਬਾਰੇ ਅਤੇ ਵਾਰਵਿਕ ਤੇ ਟਕਸੀਡੋ ਵਿਚ ਨਵੀਂ ਖ਼ਰੀਦੀ ਜ਼ਮੀਨ ਸੰਬੰਧੀ ਵਿਡਿਓ ਦਿਖਾਇਆ। ਵੌਲਕਿਲ ਵਿਚ ਨਵੀਂ ਬਿਲਡਿੰਗ ਬਣਾਈ ਜਾ ਰਹੀ ਹੈ ਜੋ 2014 ਵਿਚ ਪੂਰੀ ਹੋ ਜਾਵੇਗੀ ਤੇ ਇਸ ਵਿਚ ਰਹਿਣ ਲਈ 300 ਤੋਂ ਜ਼ਿਆਦਾ ਕਮਰੇ ਹੋਣਗੇ।

ਵਾਰਵਿਕ ਵਿਚ 248 ਏਕੜ ਜ਼ਮੀਨ ’ਤੇ ਉਸਾਰੀ ਕਰਨ ਦੀ ਵੀ ਯੋਜਨਾ ਹੈ। ਭਰਾ ਪੀਅਰਸ ਨੇ ਕਿਹਾ: “ਭਾਵੇਂ ਸਾਨੂੰ ਪੱਕਾ ਪਤਾ ਨਹੀਂ ਕਿ ਵਾਰਵਿਕ ਦੇ ਸੰਬੰਧ ਵਿਚ ਯਹੋਵਾਹ ਦੀ ਇੱਛਾ ਕੀ ਹੈ, ਫਿਰ ਵੀ ਅਸੀਂ ਉੱਥੇ ਕੰਮ ਸ਼ੁਰੂ ਕਰ ਰਹੇ ਹਾਂ ਤਾਂਕਿ ਯਹੋਵਾਹ ਦੇ ਗਵਾਹਾਂ ਦਾ ਹੈੱਡ-ਕੁਆਰਟਰ ਉੱਥੇ ਲਿਜਾਇਆ ਜਾ ਸਕੇ।” ਵਾਰਵਿਕ ਤੋਂ 10 ਕਿਲੋਮੀਟਰ (6 ਮੀਲ) ਦੂਰ ਟਕਸੀਡੋ ਵਿਚ 50 ਏਕੜ ਜ਼ਮੀਨ ਮਸ਼ੀਨਰੀ ਤੇ ਉਸਾਰੀ ਦਾ ਸਾਮਾਨ ਰੱਖਣ ਲਈ ਵਰਤੀ ਜਾਵੇਗੀ। ਭਰਾ ਪੀਅਰਸ ਨੇ ਅੱਗੇ ਦੱਸਿਆ: “ਸਰਕਾਰ ਵੱਲੋਂ ਉਸਾਰੀ ਦੇ ਕੰਮ ਦੀ ਇਜਾਜ਼ਤ ਮਿਲਣ ਤੋਂ ਬਾਅਦ ਇਸ ਪੂਰੇ ਕੰਮ ਨੂੰ ਚਾਰ ਸਾਲਾਂ ਦੇ ਅੰਦਰ-ਅੰਦਰ ਖ਼ਤਮ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਅਸੀਂ ਬਰੁਕਲਿਨ ਵਿਚ ਆਪਣੀ ਸਾਰੀ ਜਾਇਦਾਦ ਵੇਚ ਸਕਦੇ ਹਾਂ।”

ਭਰਾ ਪੀਅਰਸ ਨੇ ਸਵਾਲ ਪੁੱਛਿਆ: “ਕੀ ਪ੍ਰਬੰਧਕ ਸਭਾ ਹੁਣ ਇਹ ਮੰਨਣ ਲੱਗ ਪਈ ਹੈ ਕਿ ਮਹਾਂਕਸ਼ਟ ਇੰਨੀ ਜਲਦੀ ਨਹੀਂ ਆਉਣਾ?” ਉਸ ਨੇ ਜਵਾਬ ਦਿੱਤਾ, “ਬਿਲਕੁਲ ਨਹੀਂ, ਜੇ ਮਹਾਂਕਸ਼ਟ ਕਰਕੇ ਇਹ ਕੰਮ ਪੂਰਾ ਨਹੀਂ ਹੁੰਦਾ, ਤਾਂ ਇਸ ਤੋਂ ਵਧੀਆ ਹੋਰ ਕਿਹੜੀ ਗੱਲ ਹੋ ਸਕਦੀ ਹੈ!”

ਗਰਜਦੇ ਸ਼ੇਰ ਤੋਂ ਖ਼ਬਰਦਾਰ ਰਹੋ

ਪ੍ਰਬੰਧਕ ਸਭਾ ਦੇ ਇਕ ਹੋਰ ਮੈਂਬਰ ਭਰਾ ਸਟੀਵਨ ਲੈੱਟ ਦੇ ਭਾਸ਼ਣ ਦਾ ਵਿਸ਼ਾ 1 ਪਤਰਸ 5:8 ’ਤੇ ਆਧਾਰਿਤ ਸੀ ਜਿੱਥੇ ਲਿਖਿਆ ਹੈ: “ਹੋਸ਼ ਵਿਚ ਰਹੋ, ਖ਼ਬਰਦਾਰ ਰਹੋ। ਤੁਹਾਡਾ ਦੁਸ਼ਮਣ ਸ਼ੈਤਾਨ ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ ਜਾਵੇ।” ਭਰਾ ਲੈੱਟ ਨੇ ਦੱਸਿਆ ਕਿ ਸ਼ੇਰਾਂ ਬਾਰੇ ਕਈ ਗੱਲਾਂ ਸ਼ੈਤਾਨ ’ਤੇ ਲਾਗੂ ਹੁੰਦੀਆਂ ਹਨ।

ਸ਼ੇਰ ਇਨਸਾਨਾਂ ਨਾਲੋਂ ਜ਼ਿਆਦਾ ਤਾਕਤਵਰ ਅਤੇ ਤੇਜ਼ ਹਨ, ਇਸ ਲਈ ਅਸੀਂ ਆਪਣੀ ਤਾਕਤ ਨਾਲ ਨਾ ਤਾਂ ਸ਼ੈਤਾਨ ਨਾਲ ਲੜ ਸਕਦੇ ਹਾਂ ਤੇ ਨਾ ਹੀ ਉਸ ਤੋਂ ਜ਼ਿਆਦਾ ਤੇਜ਼ ਭੱਜ ਸਕਦੇ ਹਾਂ। ਸਾਨੂੰ ਯਹੋਵਾਹ ਦੀ ਮਦਦ ਦੀ ਲੋੜ ਹੈ। (ਯਸਾ. 40:31) ਸ਼ੇਰ ਦੱਬੇ ਪੈਰੀਂ ਸ਼ਿਕਾਰ ਕਰਦਾ ਹੈ, ਇਸ ਲਈ ਸਾਨੂੰ ਸ਼ੈਤਾਨ ਦੇ ਫੈਲਾਏ ਹੋਏ ਹਨੇਰੇ ਵਿਚ ਨਹੀਂ ਜਾਣਾ ਚਾਹੀਦਾ ਜਿੱਥੇ ਉਹ ਲੋਕਾਂ ਦਾ ਸ਼ਿਕਾਰ ਕਰਦਾ ਹੈ। ਜਿਵੇਂ ਸ਼ੇਰ ਕਿਸੇ ਹਿਰਨ ਜਾਂ ਸੁੱਤੇ ਪਏ ਜ਼ੈਬਰਾ ਦੇ ਵੱਛੇ ’ਤੇ ਤਰਸ ਨਹੀਂ ਖਾਂਦਾ, ਤਿਵੇਂ ਸ਼ੈਤਾਨ ਬੇਰਹਿਮ ਹੈ ਤੇ ਉਹ ਸਾਡੀ ਜਾਨ ਲੈਣੀ ਚਾਹੁੰਦਾ ਹੈ। ਸ਼ੇਰ ਆਪਣੇ ਸ਼ਿਕਾਰ ਨੂੰ ਪਾੜ-ਪਾੜ ਕੇ ਖਾਂਦਾ ਹੈ, ਇਸ ਕਰਕੇ ਸ਼ਿਕਾਰ ਪਛਾਣਨਾ ਵੀ ਮੁਸ਼ਕਲ ਹੋ ਜਾਂਦਾ ਹੈ। ਇਸੇ ਤਰ੍ਹਾਂ ਜੋ ਲੋਕ ਸ਼ੈਤਾਨ ਦੇ ਸ਼ਿਕਾਰ ਬਣ ਜਾਂਦੇ ਹਨ, “ਉਨ੍ਹਾਂ ਦਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਹੋ ਜਾਂਦਾ ਹੈ।” (2 ਪਤ. 2:20) ਇਸ ਲਈ ਸਾਨੂੰ ਸ਼ੈਤਾਨ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਬਾਈਬਲ ਦੇ ਅਸੂਲਾਂ ’ਤੇ ਪੱਕੇ ਰਹਿਣਾ ਚਾਹੀਦਾ ਹੈ।—1 ਪਤ. 5:9.

ਯਹੋਵਾਹ ਦਾ ਘਰ ਨਾ ਛੱਡੋ

ਅਗਲਾ ਭਾਸ਼ਣਕਾਰ ਪ੍ਰਬੰਧਕ ਸਭਾ ਦਾ ਮੈਂਬਰ ਭਰਾ ਸੈਮੂਏਲ ਹਰਡ ਸੀ। ਉਸ ਨੇ ਕਿਹਾ: “ਯਹੋਵਾਹ ਦੇ ਘਰ ਵਿਚ ਸਾਨੂੰ ਸਾਰਿਆਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਗਈ ਹੈ।” ਇਹ ਘਰ ਸੱਚੀਂ-ਮੁੱਚੀ ਦਾ ਘਰ ਨਹੀਂ ਹੈ, ਬਲਕਿ ਯਿਸੂ ਦੀ ਕੁਰਬਾਨੀ ਦੇ ਆਧਾਰ ’ਤੇ ਪਰਮੇਸ਼ੁਰ ਦੀ ਭਗਤੀ ਕਰਨ ਦਾ ਪ੍ਰਬੰਧ ਹੈ। ਸਾਨੂੰ ਇਸ ਗੱਲ ਦੀ ਦਿਲੋਂ ਕਦਰ ਕਰਨੀ ਚਾਹੀਦੀ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਕਰ ਸਕਦੇ ਹਾਂ। ਦਾਊਦ ਵਾਂਗ ‘ਅਸੀਂ ਜੀਉਣ ਭਰ ਯਹੋਵਾਹ ਦੇ ਘਰ ਵੱਸਣਾ’ ਚਾਹੁੰਦੇ ਹਾਂ।—ਜ਼ਬੂ. 27:4.

ਭਰਾ ਹਰਡ ਨੇ ਜ਼ਬੂਰ 92:12-14 ਪੜ੍ਹ ਕੇ ਪੁੱਛਿਆ: “ਯਹੋਵਾਹ ਸਾਨੂੰ ਕਿੱਦਾਂ ਵਧਾਉਂਦਾ ਹੈ?” ਉਸ ਨੇ ਸਮਝਾਇਆ ਕਿ ਯਹੋਵਾਹ ਆਪਣੇ ਘਰ ਵਿਚ ਸਾਨੂੰ ਆਰਾਮ ਦਿੰਦਾ ਹੈ, ਸਾਡੀ ਰਾਖੀ ਕਰਦਾ ਹੈ ਤੇ ਸਾਨੂੰ ਸੱਚਾਈ ਦਾ ਪਾਣੀ ਪਿਲ਼ਾਉਂਦਾ ਹੈ। ਭਰਾ ਹਰਡ ਨੇ ਕਿਹਾ: “ਸਾਨੂੰ ਇਸ ਲਈ ਧੰਨਵਾਦੀ ਹੋਣਾ ਚਾਹੀਦਾ ਹੈ। ਆਓ ਆਪਾਂ ਯਹੋਵਾਹ ਦੇ ਘਰ ਵਿਚ ਰਹਿ ਕੇ ਖ਼ੁਸ਼ ਹੋਈਏ—ਸਿਰਫ਼ ਥੋੜ੍ਹੇ ਸਮੇਂ ਲਈ ਨਹੀਂ, ਪਰ ਹਮੇਸ਼ਾ ਲਈ।”

ਮਸੀਹੀ ਪਰਮੇਸ਼ੁਰ ਦੇ ਬਚਨ ਦਾ ਆਦਰ ਕਰਦੇ ਹਨ

ਪ੍ਰਬੰਧਕ ਸਭਾ ਦੇ ਮੈਂਬਰ ਭਰਾ ਡੇਵਿਡ ਸਪਲੇਨ ਨੇ ਅਗਲੇ ਭਾਸ਼ਣ ਵਿਚ ਸਮਝਾਇਆ ਕਿ ਸੱਚੇ ਮਸੀਹੀ ਹਮੇਸ਼ਾ ਪਰਮੇਸ਼ੁਰ ਦੇ ਬਚਨ ਦਾ ਆਦਰ ਕਰਦੇ ਆਏ ਹਨ। ਪਹਿਲੀ ਸਦੀ ਵਿਚ ਉਨ੍ਹਾਂ ਨੇ ਬਾਈਬਲ ਦੇ ਹਵਾਲੇ ਪੜ੍ਹ ਕੇ ਹੀ ਸੁੰਨਤ ਦਾ ਮਸਲਾ ਹੱਲ ਕੀਤਾ ਸੀ। (ਰਸੂ. 15:16, 17) ਪਰ ਦੂਜੀ ਸਦੀ ਵਿਚ ਜਿਹੜੇ ਮਸੀਹੀਆਂ ਨੇ ਯੂਨਾਨੀ ਫ਼ਲਸਫ਼ੇ ਦਾ ਗਿਆਨ ਲਿਆ ਹੋਇਆ ਸੀ, ਉਨ੍ਹਾਂ ਨੇ ਬਾਈਬਲ ਦੀ ਸਿੱਖਿਆ ਦੇਣ ਦੀ ਬਜਾਇ ਆਪਣੀਆਂ ਸਿੱਖਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਬਾਅਦ ਵਿਚ ਬਾਈਬਲ ਦੀਆਂ ਸਿੱਖਿਆਵਾਂ ਨਾਲੋਂ ਚਰਚ ਦੇ ਮੋਢੀਆਂ ਅਤੇ ਰੋਮੀ ਰਾਜਿਆਂ ਦੀਆਂ ਗੱਲਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਣ ਲੱਗੀ ਜਿਸ ਕਰਕੇ ਕਈ ਝੂਠੀਆਂ ਸਿੱਖਿਆਵਾਂ ਫੈਲ ਗਈਆਂ।

ਭਰਾ ਸਪਲੇਨ ਨੇ ਆਪਣੇ ਭਾਸ਼ਣ ਵਿਚ ਯਿਸੂ ਦੀ ਇਕ ਮਿਸਾਲ ’ਤੇ ਚਰਚਾ ਕੀਤੀ। ਇਸ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਸੱਚਾਈ ਦਾ ਪੱਖ ਲੈਣ ਲਈ ਧਰਤੀ ’ਤੇ ਹਮੇਸ਼ਾ ਚੁਣੇ ਹੋਏ ਮਸੀਹੀ ਰਹੇ ਹਨ। (ਮੱਤੀ 13:24-30) ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਉਹ ਕੌਣ ਸਨ। ਪਰ ਸਦੀਆਂ ਦੌਰਾਨ ਕਈਆਂ ਨੇ ਚਰਚ ਦੀਆਂ ਝੂਠੀਆਂ ਸਿੱਖਿਆਵਾਂ ਤੇ ਰੀਤਾਂ-ਰਿਵਾਜਾਂ ਨੂੰ ਰੱਦ ਕੀਤਾ। ਇਨ੍ਹਾਂ ਵਿੱਚੋਂ ਕੁਝ ਸਨ: 9ਵੀਂ ਸਦੀ ਵਿਚ ਫਰਾਂਸ ਦੇ ਲੀਅਨਜ਼ ਸ਼ਹਿਰ ਦਾ ਆਰਚਬਿਸ਼ਪ ਐਗੋਬਾਡ, 12ਵੀਂ ਸਦੀ ਵਿਚ ਬਰੂਈ ਦਾ ਰਹਿਣ ਵਾਲਾ ਪੀਟਰ, ਲੋਜ਼ਾਨ ਦਾ ਰਹਿਣ ਵਾਲਾ ਹੈਨਰੀ ਅਤੇ ਵਲਡੇਸ (ਜਾਂ ਵਾਲਡੋ), 14ਵੀਂ ਸਦੀ ਵਿਚ ਜੌਨ ਵਿੱਕਲਿਫ਼, 16ਵੀਂ ਸਦੀ ਵਿਚ ਵਿਲਿਅਮ ਟਿੰਡੇਲ ਅਤੇ 19ਵੀਂ ਸਦੀ ਵਿਚ ਹੈਨਰੀ ਗਰੂ ਤੇ ਜੌਰਜ ਸਟੋਰਜ਼। ਅੱਜ ਯਹੋਵਾਹ ਦੇ ਗਵਾਹ ਬਾਈਬਲ ਦੀਆਂ ਸਿੱਖਿਆਵਾਂ ਨੂੰ ਹੀ ਮੰਨਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਬਾਈਬਲ ਵਿਚ ਹੀ ਸੱਚਾਈ ਹੈ। ਇਸ ਲਈ ਪ੍ਰਬੰਧਕ ਸਭਾ ਨੇ ਯੂਹੰਨਾ 17:17 ਨੂੰ 2012 ਲਈ ਬਾਈਬਲ ਦੇ ਹਵਾਲੇ ਦੇ ਤੌਰ ਤੇ ਚੁਣਿਆ ਹੈ: “ਤੇਰਾ ਬਚਨ ਹੀ ਸੱਚਾਈ ਹੈ।”

ਟ੍ਰੇਨਿੰਗ ਦੇਣ ਦੇ ਕੁਝ ਨਵੇਂ ਇੰਤਜ਼ਾਮ

ਪ੍ਰਬੰਧਕ ਸਭਾ ਦੇ ਮੈਂਬਰ ਭਰਾ ਐਂਟਨੀ ਮੌਰਿਸ ਨੇ ਇਸ ਬਾਰੇ ਘੋਸ਼ਣਾ ਕੀਤੀ ਕਿ ਮਿਸ਼ਨਰੀਆਂ ਅਤੇ ਸਪੈਸ਼ਲ ਪਾਇਨੀਅਰਾਂ ਲਈ ਕੁਝ ਤਬਦੀਲੀਆਂ ਹੋਣਗੀਆਂ। ਸਤੰਬਰ 2012 ਤੋਂ ਪਤੀ-ਪਤਨੀਆਂ ਲਈ ਬਾਈਬਲ ਸਕੂਲ ਦੀਆਂ ਕਲਾਸਾਂ ਕੁਝ ਦੇਸ਼ਾਂ ਵਿਚ ਲੱਗਣੀਆਂ ਸ਼ੁਰੂ ਹੋਣਗੀਆਂ। ਗਿਲਿਅਡ ਸਕੂਲ ਵਿਚ ਵੀ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਅਕਤੂਬਰ 2011 ਤੋਂ ਉਨ੍ਹਾਂ ਨੂੰ ਗਿਲਿਅਡ ਟ੍ਰੇਨਿੰਗ ਦਿੱਤੀ ਜਾਵੇਗੀ ਜੋ ਪਹਿਲਾਂ ਤੋਂ ਹੀ ਕੋਈ ਖ਼ਾਸ ਸੇਵਾ ਕਰ ਰਹੇ ਹੋਣਗੇ—ਮਿਸ਼ਨਰੀ ਜੋ ਅਜੇ ਗਿਲਿਅਡ ਨਹੀਂ ਗਏ, ਸਪੈਸ਼ਲ ਪਾਇਨੀਅਰ, ਸਫ਼ਰੀ ਨਿਗਾਹਬਾਨ ਜਾਂ ਬੈਥਲ ਵਿਚ ਸੇਵਾ ਕਰਨ ਵਾਲੇ। ਗ੍ਰੈਜੂਏਟ ਹੋਏ ਭੈਣਾਂ-ਭਰਾਵਾਂ ਨੂੰ ਪਰਮੇਸ਼ੁਰ ਦੇ ਲੋਕਾਂ ਨੂੰ ਹੌਸਲਾ ਤੇ ਮਦਦ ਦੇਣ ਲਈ ਬ੍ਰਾਂਚ ਆਫ਼ਿਸਾਂ ਵਿਚ ਜਾਂ ਸਫ਼ਰੀ ਕੰਮ ਵਿਚ ਘੱਲਿਆ ਜਾਵੇਗਾ। ਕਈਆਂ ਨੂੰ ਵੱਡੇ ਸ਼ਹਿਰਾਂ ਵਿਚ ਘੱਲਿਆ ਜਾਵੇਗਾ ਜਿੱਥੇ ਉਹ ਮੰਡਲੀਆਂ ਦੀ ਪ੍ਰਚਾਰ ਦਾ ਕੰਮ ਕਰਨ ਵਿਚ ਮਦਦ ਕਰਨਗੇ।

ਹੋਰ ਸਪੈਸ਼ਲ ਪਾਇਨੀਅਰਾਂ ਨੂੰ ਉਨ੍ਹਾਂ ਦੂਰ-ਦੁਰੇਡੇ ਇਲਾਕਿਆਂ ਵਿਚ ਭੇਜਿਆ ਜਾਵੇਗਾ ਜਿੱਥੇ ਪ੍ਰਚਾਰ ਦਾ ਕੰਮ ਨਹੀਂ ਹੋ ਰਿਹਾ। 1 ਜਨਵਰੀ 2012 ਤੋਂ ਭਰਾਵਾਂ ਲਈ ਬਾਈਬਲ ਸਕੂਲ ਅਤੇ ਪਤੀ-ਪਤਨੀਆਂ ਲਈ ਬਾਈਬਲ ਸਕੂਲ ਦੇ ਕੁਝ ਗ੍ਰੈਜੂਏਟ ਥੋੜ੍ਹੇ ਸਮੇਂ ਲਈ ਸਪੈਸ਼ਲ ਪਾਇਨੀਅਰਾਂ ਵਜੋਂ ਦੂਰ-ਦੁਰੇਡੇ ਇਲਾਕਿਆਂ ਵਿਚ ਘੱਲੇ ਜਾਣਗੇ। ਉਨ੍ਹਾਂ ਨੂੰ ਤਿੰਨ ਸਾਲ ਤਕ ਇਕ-ਇਕ ਸਾਲ ਲਈ ਸਪੈਸ਼ਲ ਪਾਇਨੀਅਰ ਬਣਾਇਆ ਜਾਵੇਗਾ ਤੇ ਇਨ੍ਹਾਂ ਵਿੱਚੋਂ ਕਈਆਂ ਨੂੰ ਉਨ੍ਹਾਂ ਦੇ ਕੰਮ ਵਗੈਰਾ ਨੂੰ ਦੇਖਦੇ ਹੋਏ ਪੱਕੇ ਤੌਰ ਤੇ ਸਪੈਸ਼ਲ ਪਾਇਨੀਅਰ ਬਣਾਇਆ ਜਾਵੇਗਾ।

2011 ਦੀ ਸਾਲਾਨਾ ਮੀਟਿੰਗ ਖ਼ੁਸ਼ੀ ਦਾ ਮੌਕਾ ਸੀ। ਇਨ੍ਹਾਂ ਨਵੇਂ ਪ੍ਰਬੰਧਾਂ ’ਤੇ ਅਸੀਂ ਯਹੋਵਾਹ ਦੀ ਬਰਕਤ ਚਾਹੁੰਦੇ ਹਾਂ ਤਾਂਕਿ ਪ੍ਰਚਾਰ ਦਾ ਕੰਮ ਅੱਗੇ ਵੱਧ ਸਕੇ ਤੇ ਭੈਣਾਂ-ਭਰਾਵਾਂ ਦੀ ਏਕਤਾ ਹੋਰ ਮਜ਼ਬੂਤ ਹੋਵੇ। ਇਸ ਨਾਲ ਯਹੋਵਾਹ ਦੀ ਵਡਿਆਈ ਹੋਵੇਗੀ।

[ਸਫ਼ਾ 18 ਉੱਤੇ ਡੱਬੀ/ਤਸਵੀਰ]

ਭੈਣਾਂ ਨੂੰ ਹੋਰ ਚੰਗੀ ਤਰ੍ਹਾਂ ਜਾਣਨਾ

ਪ੍ਰੋਗ੍ਰਾਮ ਵਿਚ ਪੰਜ ਵਿਧਵਾ ਭੈਣਾਂ ਦੀ ਵੀ ਇੰਟਰਵਿਊ ਲਈ ਗਈ ਜਿਨ੍ਹਾਂ ਦੇ ਪਤੀ ਪ੍ਰਬੰਧਕ ਸਭਾ ਦੇ ਮੈਂਬਰ ਸਨ। ਇਨ੍ਹਾਂ ਭੈਣਾਂ ਦੇ ਨਾਂ ਹਨ, ਮਾਰੀਨਾ ਸਿਡਲਿਕ, ਈਡਥ ਸੂਟਰ, ਮਲੀਤਾ ਜੈਰਸ, ਮੈਲਬਾ ਬੈਰੀ ਅਤੇ ਸਿਡਨੀ ਬਾਰਬਰ। ਉਨ੍ਹਾਂ ਨੇ ਦੱਸਿਆ ਕਿ ਉਹ ਸੱਚਾਈ ਵਿਚ ਕਿਵੇਂ ਆਈਆਂ ਤੇ ਉਨ੍ਹਾਂ ਨੇ ਕਦੋਂ ਆਪਣੀ ਫੁੱਲ-ਟਾਈਮ ਸੇਵਾ ਸ਼ੁਰੂ ਕੀਤੀ। ਹਰੇਕ ਨੇ ਭੈਣਾਂ-ਭਰਾਵਾਂ ਨਾਲ ਆਪਣੀਆਂ ਕੁਝ ਖ਼ਾਸ ਯਾਦਾਂ ਸਾਂਝੀਆਂ ਕੀਤੀਆਂ, ਆਪਣੇ ਪਤੀ ਬਾਰੇ ਕੁਝ ਵਿਚਾਰ ਸਾਂਝੇ ਕੀਤੇ ਅਤੇ ਦੱਸਿਆ ਕਿ ਉਨ੍ਹਾਂ ਨੂੰ ਇਕੱਠਿਆਂ ਯਹੋਵਾਹ ਤੋਂ ਕਿਹੜੀਆਂ ਬਰਕਤਾਂ ਮਿਲੀਆਂ। ਇਨ੍ਹਾਂ ਇੰਟਰਵਿਊਆਂ ਤੋਂ ਬਾਅਦ ਸਾਰਿਆਂ ਨੇ ਅੰਗ੍ਰੇਜ਼ੀ ਗੀਤ ਪੁਸਤਕ ਵਿੱਚੋਂ 86 ਨੰਬਰ ਗੀਤ ਗਾਇਆ ਜਿਸ ਦਾ ਵਿਸ਼ਾ ਹੈ, “ਵਫ਼ਾਦਾਰ ਮਸੀਹੀ ਭੈਣਾਂ।”

[ਤਸਵੀਰਾਂ]

(ਉੱਪਰ) ਡੈਨਿਏਲ ਤੇ ਮਾਰੀਨਾ ਸਿਡਲਿਕ; ਗ੍ਰਾਂਟ ਤੇ ਈਡਥ ਸੂਟਰ; ਥੀਓਡੋਰ ਤੇ ਮਲੀਤਾ ਜੈਰਸ

(ਥੱਲੇ) ਲੋਇਡ ਤੇ ਮੈਲਬਾ ਬੈਰੀ; ਕੈਰੀ ਤੇ ਸਿਡਨੀ ਬਾਰਬਰ

[ਸਫ਼ਾ 16 ਉੱਤੇ ਨਕਸ਼ਾ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਛੇ ਦੇਸ਼ ਜਿਨ੍ਹਾਂ ਦੀ ਜ਼ਿੰਮੇਵਾਰੀ ਮੈਕਸੀਕੋ ਦੇ ਬ੍ਰਾਂਚ ਆਫ਼ਿਸ ਨੂੰ ਸੌਂਪੀ ਗਈ ਹੈ

ਮੈਕਸੀਕੋ

ਗੁਆਤੇਮਾਲਾ

ਹਾਂਡੂਰਸ

ਐਲ ਸੈਲਵੇਡਾਰ

ਨਿਕਾਰਾਗੁਆ

ਕਾਸਟਾ ਰੀਕਾ

ਪਨਾਮਾ

[ਸਫ਼ਾ 17 ਉੱਤੇ ਤਸਵੀਰ]

ਵਾਰਵਿਕ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਨਵੇਂ ਹੈੱਡ-ਕੁਆਰਟਰ ਦਾ ਡੀਜ਼ਾਈਨ