Skip to content

Skip to table of contents

ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲ—ਯਹੋਵਾਹ ਦੇ ਪਿਆਰ ਦਾ ਸਬੂਤ

ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲ—ਯਹੋਵਾਹ ਦੇ ਪਿਆਰ ਦਾ ਸਬੂਤ

ਯਹੋਵਾਹ ਸਾਡਾ ਮਹਾਨ “ਗੁਰੂ” ਹੈ। (ਯਸਾ. 30:20) ਉਹ ਦੂਜਿਆਂ ਨੂੰ ਸਿੱਖਿਆ ਤੇ ਟ੍ਰੇਨਿੰਗ ਦਿੰਦਾ ਹੈ ਕਿਉਂਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ। ਮਿਸਾਲ ਲਈ, ਯਿਸੂ ਨਾਲ ਪਿਆਰ ਹੋਣ ਕਰਕੇ ਯਹੋਵਾਹ ਉਸ ਨੂੰ “ਸਾਰੇ ਕੰਮ ਦਿਖਾਉਂਦਾ ਹੈ ਜੋ ਉਹ ਆਪ ਕਰਦਾ ਹੈ।” (ਯੂਹੰ. 5:20) ਸਾਡੇ ਨਾਲ ਪਿਆਰ ਕਰਨ ਕਰਕੇ ਯਹੋਵਾਹ ਨੇ ਸਾਨੂੰ “ਚੇਲਿਆਂ ਦੀ ਜ਼ਬਾਨ ਦਿੱਤੀ” ਹੈ। ਇਸ ਲਈ ਅਸੀਂ ਉਸ ਦੀ ਮਹਿਮਾ ਕਰ ਸਕਦੇ ਹਾਂ ਤੇ ਦੂਜਿਆਂ ਦੀ ਵੀ ਮਦਦ ਕਰ ਸਕਦੇ ਹਾਂ।—ਯਸਾ. 50:4.

ਯਹੋਵਾਹ ਦੇ ਪਿਆਰ ਦੀ ਮਿਸਾਲ ’ਤੇ ਚੱਲਦਿਆਂ ਪ੍ਰਬੰਧਕ ਸਭਾ ਦੀ ਟੀਚਿੰਗ ਕਮੇਟੀ ਨੇ ਦਸ ਸਕੂਲਾਂ ਦਾ ਪ੍ਰਬੰਧ ਕੀਤਾ ਹੈ। ਇਨ੍ਹਾਂ ਸਕੂਲਾਂ ਵਿਚ ਉਹ ਭੈਣ-ਭਰਾ ਟ੍ਰੇਨਿੰਗ ਲੈ ਸਕਦੇ ਹਨ ਜੋ ਯਹੋਵਾਹ ਦੀ ਸੇਵਾ ਹੋਰ ਚੰਗੀ ਤਰ੍ਹਾਂ ਕਰਨੀ ਚਾਹੁੰਦੇ ਹਨ ਅਤੇ ਜਿਨ੍ਹਾਂ ਦੇ ਹਾਲਾਤ ਟ੍ਰੇਨਿੰਗ ਲੈਣ ਦੀ ਇਜਾਜ਼ਤ ਦਿੰਦੇ ਹਨ। ਕੀ ਤੁਸੀਂ ਮੰਨਦੇ ਹੋ ਕਿ ਇਹ ਸਕੂਲ ਯਹੋਵਾਹ ਦੇ ਪਿਆਰ ਦਾ ਸਬੂਤ ਹਨ?

ਇਨ੍ਹਾਂ ਸਕੂਲਾਂ ਬਾਰੇ ਜਾਣਕਾਰੀ ਲਓ ਤੇ ਕੁਝ ਭੈਣਾਂ-ਭਰਾਵਾਂ ਦੇ ਵਿਚਾਰ ਪੜ੍ਹੋ ਜਿਨ੍ਹਾਂ ਨੇ ਇਨ੍ਹਾਂ ਸਕੂਲਾਂ ਵਿਚ ਟ੍ਰੇਨਿੰਗ ਲਈ ਹੈ। ਫਿਰ ਆਪਣੇ ਆਪ ਤੋਂ ਪੁੱਛੋ, ‘ਮੈਂ ਇਨ੍ਹਾਂ ਸਕੂਲਾਂ ਤੋਂ ਕਿਵੇਂ ਫ਼ਾਇਦਾ ਲੈ ਸਕਦਾ ਹਾਂ?’

ਯਹੋਵਾਹ ਤੋਂ ਮਿਲਦੀ ਟ੍ਰੇਨਿੰਗ ਦਾ ਫ਼ਾਇਦਾ ਲਓ

‘ਪਿਆਰ ਦਾ ਪਰਮੇਸ਼ੁਰ’ ਯਹੋਵਾਹ ਸਾਨੂੰ ਜੋ ਟ੍ਰੇਨਿੰਗ ਦਿੰਦਾ ਹੈ, ਉਸ ਨਾਲ ਸਾਡੀ ਜ਼ਿੰਦਗੀ ਨੂੰ ਮਕਸਦ ਮਿਲਦਾ ਹੈ, ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੁੰਦੇ ਹਾਂ ਤੇ ਪ੍ਰਚਾਰ ਦੇ ਕੰਮ ਵਿਚ ਖ਼ੁਸ਼ੀ ਪਾਉਂਦੇ ਹਾਂ। (2 ਕੁਰਿੰ. 13:11) ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ ਦੂਜਿਆਂ ਨੂੰ ਯਿਸੂ ਦੇ ‘ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਉਣ’ ਦੇ ਕਾਬਲ ਬਣਦੇ ਹਾਂ।—ਮੱਤੀ 28:20.

ਭਾਵੇਂ ਕਿ ਅਸੀਂ ਹਰ ਸਕੂਲ ਵਿਚ ਹਾਜ਼ਰ ਨਾ ਹੋ ਸਕੀਏ, ਪਰ ਅਸੀਂ ਇਕ ਜਾਂ ਇਕ ਤੋਂ ਵੱਧ ਸਕੂਲਾਂ ਤੋਂ ਫ਼ਾਇਦਾ ਲੈ ਸਕਦੇ ਹਾਂ। ਅਸੀਂ ਇਨ੍ਹਾਂ ਸਕੂਲਾਂ ਵਿਚ ਮਿਲਦੀਆਂ ਬਾਈਬਲ-ਆਧਾਰਿਤ ਹਿਦਾਇਤਾਂ ਨੂੰ ਲਾਗੂ ਕਰ ਸਕਦੇ ਹਾਂ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਨਾਲ ਕੰਮ ਕਰ ਕੇ ਵਧੀਆ ਤਰੀਕੇ ਨਾਲ ਪ੍ਰਚਾਰ ਕਰਨਾ ਸਿੱਖ ਸਕਦੇ ਹਾਂ ਜਿਨ੍ਹਾਂ ਨੇ ਇਨ੍ਹਾਂ ਸਕੂਲਾਂ ਵਿਚ ਟ੍ਰੇਨਿੰਗ ਲਈ ਹੈ।

ਆਪਣੇ ਆਪ ਤੋਂ ਪੁੱਛੋ, ‘ਕੀ ਮੇਰੇ ਹਾਲਾਤ ਇਨ੍ਹਾਂ ਵਿੱਚੋਂ ਕਿਸੇ ਸਕੂਲ ਵਿਚ ਟ੍ਰੇਨਿੰਗ ਲੈਣ ਦੀ ਇਜਾਜ਼ਤ ਦਿੰਦੇ ਹਨ?’

ਯਹੋਵਾਹ ਦੇ ਸੇਵਕ ਇਨ੍ਹਾਂ ਸਕੂਲਾਂ ਵਿਚ ਟ੍ਰੇਨਿੰਗ ਲੈਣੀ ਸਨਮਾਨ ਦੀ ਗੱਲ ਸਮਝਦੇ ਹਨ। ਅਸੀਂ ਆਸ ਕਰਦੇ ਹਾਂ ਕਿ ਇਹ ਟ੍ਰੇਨਿੰਗ ਯਹੋਵਾਹ ਦੇ ਨੇੜੇ ਜਾਣ ਵਿਚ ਤੁਹਾਡੀ ਮਦਦ ਕਰੇ। ਇਸ ਦੇ ਨਾਲ-ਨਾਲ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ, ਖ਼ਾਸ ਕਰਕੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਤਿਆਰ ਹੋਵੋ।