Skip to content

Skip to table of contents

ਜੀਵਨੀ 60 ਸਾਲ ਪਹਿਲਾਂ ਦੋਸਤੀ ਦੇ ਲੰਬੇ ਸਫ਼ਰ ਦੀ ਸ਼ੁਰੂਆਤ

ਜੀਵਨੀ 60 ਸਾਲ ਪਹਿਲਾਂ ਦੋਸਤੀ ਦੇ ਲੰਬੇ ਸਫ਼ਰ ਦੀ ਸ਼ੁਰੂਆਤ

60 ਸਾਲ ਪਹਿਲਾਂ ਦੋਸਤੀ ਦੇ ਲੰਬੇ ਸਫ਼ਰ ਦੀ ਸ਼ੁਰੂਆਤ

1951 ਦੀ ਗਰਮੀਆਂ ਦੀ ਇਕ ਸ਼ਾਮ ਨੂੰ 20 ਕੁ ਸਾਲਾਂ ਦੇ ਚਾਰ ਨੌਜਵਾਨ ਫ਼ੋਨ ਬੂਥ ਵਿਚ ਖੜ੍ਹੇ ਸਨ। ਉਹ ਅਮਰੀਕਾ ਵਿਚ ਨਿਊਯਾਰਕ ਦੇ ਇਥਿਕਾ ਸ਼ਹਿਰ ਤੋਂ ਮਿਸ਼ੀਗਨ, ਆਇਓਵਾ ਅਤੇ ਕੈਲੇਫ਼ੋਰਨੀਆ ਵਿਚ ਆਪਣੇ ਪਰਿਵਾਰਾਂ ਤੇ ਦੋਸਤਾਂ-ਮਿੱਤਰਾਂ ਨੂੰ ਫ਼ੋਨ ਕਰ ਰਹੇ ਸਨ। ਉਹ ਚਾਰੇ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਦੇਣੀ ਚਾਹੁੰਦੇ ਸਨ।

ਕੁਝ ਮਹੀਨੇ ਪਹਿਲਾਂ ਫਰਵਰੀ ਵਿਚ 122 ਪਾਇਨੀਅਰ ਸਾਊਥ ਲੈਂਸਿੰਗ, ਨਿਊਯਾਰਕ ਵਿਚ ਗਿਲਿਅਡ ਸਕੂਲ ਦੀ 17ਵੀਂ ਕਲਾਸ ਲਈ ਆਏ ਸਨ। ਇਨ੍ਹਾਂ ਭੈਣਾਂ-ਭਰਾਵਾਂ ਵਿਚ ਚਾਰ ਜਣੇ ਲੋਏਲ ਟਰਨਰ, ਵਿਲਿਅਮ (ਬਿਲ) ਕੈਸਟਨ, ਰਿਚਰਡ ਕੈਲਸੀ ਅਤੇ ਰੇਮਨ ਟੈਮਪਲਟਨ ਸਨ। ਲੋਏਲ ਅਤੇ ਬਿਲ ਦੋਵੇਂ ਮਿਸ਼ੀਗਨ ਤੋਂ ਸਨ, ਰਿਚਰਡ ਆਇਓਵਾ ਤੋਂ ਅਤੇ ਰੇਮਨ ਕੈਲੇਫ਼ੋਰਨੀਆ ਤੋਂ ਸੀ। ਇਹ ਚਾਰੇ ਜਲਦੀ ਚੰਗੇ ਦੋਸਤ ਬਣ ਗਏ।

ਲਗਭਗ ਪੰਜ ਮਹੀਨੇ ਬਾਅਦ ਕਲਾਸ ਵਿਚ ਸਾਰੇ ਜਣੇ ਇਹ ਸੁਣ ਕੇ ਬੜੇ ਖ਼ੁਸ਼ ਹੋਏ ਕਿ ਭਰਾ ਨੇਥਨ ਨੌਰ ਵਰਲਡ ਹੈੱਡ-ਕੁਆਰਟਰ ਤੋਂ ਭਾਸ਼ਣ ਦੇਣ ਆ ਰਿਹਾ ਸੀ। ਉਨ੍ਹਾਂ ਚਾਰ ਭਰਾਵਾਂ ਨੇ ਪਹਿਲਾਂ ਪੁੱਛਿਆ ਸੀ ਕਿ ਜੇ ਹੋ ਸਕੇ, ਤਾਂ ਉਨ੍ਹਾਂ ਨੂੰ ਇੱਕੋ ਦੇਸ਼ ਵਿਚ ਸੇਵਾ ਕਰਨ ਲਈ ਘੱਲਿਆ ਜਾਵੇ। ਕੀ ਭਰਾ ਨੌਰ ਕਲਾਸ ਨੂੰ ਇਹ ਦੱਸਣ ਲਈ ਆ ਰਿਹਾ ਸੀ ਕਿ ਉਨ੍ਹਾਂ ਨੂੰ ਮਿਸ਼ਨਰੀਆਂ ਵਜੋਂ ਕਿੱਥੇ ਘੱਲਿਆ ਜਾਣਾ ਸੀ? ਜੀ ਹਾਂ!

ਸਾਰੇ ਉਤਾਵਲੇ ਹੋ ਰਹੇ ਸਨ ਜਦ ਭਰਾ ਨੌਰ ਨੇ ਕਲਾਸ ਨੂੰ ਦੱਸਣਾ ਸ਼ੁਰੂ ਕੀਤਾ ਕਿ ਉਨ੍ਹਾਂ ਨੂੰ ਕਿੱਥੇ-ਕਿੱਥੇ ਭੇਜਿਆ ਜਾ ਰਿਹਾ ਸੀ। ਸਭ ਤੋਂ ਪਹਿਲਾਂ ਉਨ੍ਹਾਂ ਚਾਰ ਨੌਜਵਾਨਾਂ ਨੂੰ ਸਟੇਜ ’ਤੇ ਬੁਲਾਇਆ ਗਿਆ। ਉਹ ਥੋੜ੍ਹੇ ਘਬਰਾਏ ਹੋਏ ਸਨ, ਪਰ ਇਹ ਜਾਣ ਕੇ ਖ਼ੁਸ਼ ਸਨ ਕਿ ਉਨ੍ਹਾਂ ਨੂੰ ਇੱਕੋ ਦੇਸ਼ ਭੇਜਿਆ ਜਾ ਰਿਹਾ ਸੀ। ਪਰ ਕਿਹੜੇ ਦੇਸ਼? ਇਹ ਸੁਣ ਕੇ ਸਾਰੇ ਹੈਰਾਨ ਹੋਏ ਤੇ ਕਾਫ਼ੀ ਦੇਰ ਤਾੜੀਆਂ ਮਾਰਦੇ ਰਹੇ ਜਦ ਭਰਾ ਨੌਰ ਨੇ ਦੱਸਿਆ ਕਿ ਉਨ੍ਹਾਂ ਚਾਰਾਂ ਨੂੰ ਜਰਮਨੀ ਘੱਲਿਆ ਜਾ ਰਿਹਾ ਸੀ।

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਨੇ ਸੁਣਿਆ ਸੀ ਕਿ ਜਰਮਨੀ ਦੇ ਭੈਣਾਂ-ਭਰਾਵਾਂ ਨੇ 1933 ਤੋਂ ਹਿਟਲਰ ਦੇ ਰਾਜ ਅਧੀਨ ਜ਼ੁਲਮ ਸਹਿੰਦੇ ਹੋਏ ਕਿੰਨੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਸੀ। ਕਲਾਸ ਦੇ ਕੁਝ ਭੈਣਾਂ-ਭਰਾਵਾਂ ਨੇ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿਚ ਆਪਣੇ ਭੈਣਾਂ-ਭਰਾਵਾਂ ਲਈ ਕੇਅਰ ਨਾਂ ਦੀ ਸੰਸਥਾ ਰਾਹੀਂ ਕੱਪੜੇ ਤੇ ਹੋਰ ਚੀਜ਼ਾਂ ਭੇਜੀਆਂ ਸਨ। ਜਰਮਨੀ ਦੇ ਭੈਣ-ਭਰਾ ਆਪਣੀ ਨਿਹਚਾ, ਪੱਕੇ ਇਰਾਦੇ, ਦਲੇਰੀ ਅਤੇ ਯਹੋਵਾਹ ’ਤੇ ਭਰੋਸਾ ਰੱਖਣ ਲਈ ਮਸ਼ਹੂਰ ਸਨ। ਲੋਏਲ ਨੇ ਸੋਚਿਆ, ‘ਹੁਣ ਅਸੀਂ ਇਨ੍ਹਾਂ ਪਿਆਰੇ ਭੈਣਾਂ-ਭਰਾਵਾਂ ਨੂੰ ਆਪ ਮਿਲ ਸਕਾਂਗੇ।’ ਇਸੇ ਕਰਕੇ ਉਹ ਇੰਨੇ ਖ਼ੁਸ਼ ਸਨ ਕਿ ਉਸੇ ਸ਼ਾਮ ਉਨ੍ਹਾਂ ਨੇ ਘਰ ਫ਼ੋਨ ਕਰ ਕੇ ਇਹ ਖ਼ੁਸ਼ ਖ਼ਬਰੀ ਦਿੱਤੀ!

ਜਰਮਨੀ ਤਕ ਦਾ ਸਫ਼ਰ

27 ਜੁਲਾਈ 1951 ਵਿਚ ਉਹ ਚਾਰੇ ਭਰਾ ਸਮੁੰਦਰੀ ਜਹਾਜ਼ ਵਿਚ ਬੈਠ ਕੇ ਨਿਊਯਾਰਕ ਤੋਂ ਜਰਮਨੀ ਨੂੰ ਰਵਾਨਾ ਹੋਏ। ਇਹ 11 ਦਿਨਾਂ ਦਾ ਸਫ਼ਰ ਸੀ। ਭਰਾ ਐਲਬਰਟ ਸ਼੍ਰੋਡਰ, ਜੋ ਗਿਲਿਅਡ ਵਿਚ ਉਨ੍ਹਾਂ ਦਾ ਇਕ ਸਿੱਖਿਅਕ ਸੀ ਤੇ ਬਾਅਦ ਵਿਚ ਪ੍ਰਬੰਧਕ ਸਭਾ ਦਾ ਇਕ ਮੈਂਬਰ ਬਣਿਆ, ਨੇ ਉਨ੍ਹਾਂ ਨੂੰ ਜਰਮਨ ਭਾਸ਼ਾ ਵਿਚ ਕੁਝ ਗੱਲਾਂ ਸਿਖਾਈਆਂ। ਜਹਾਜ਼ ’ਤੇ ਜਰਮਨ ਬੋਲਣ ਵਾਲੇ ਕਾਫ਼ੀ ਮੁਸਾਫ਼ਰ ਸਨ ਤੇ ਉਨ੍ਹਾਂ ਭਰਾਵਾਂ ਨੇ ਸੋਚਿਆ ਕਿ ਉਹ ਉਨ੍ਹਾਂ ਨਾਲ ਗੱਲ-ਬਾਤ ਕਰ ਕੇ ਕੁਝ ਸਿੱਖ ਸਕਣਗੇ। ਪਰ ਸਾਰੇ ਜਣੇ ਆਪੋ-ਆਪਣੇ ਇਲਾਕੇ ਦੀ ਜਰਮਨ ਭਾਸ਼ਾ ਬੋਲਦੇ ਸਨ। ਵੱਖੋ-ਵੱਖਰੀ ਜਰਮਨ ਭਾਸ਼ਾ ਸੁਣ ਕੇ ਚਾਰੇ ਬੌਂਦਲ ਗਏ!

ਸਫ਼ਰ ਦੌਰਾਨ ਹੁਝਕੇ ਲੱਗਣ ਕਰਕੇ ਉਨ੍ਹਾਂ ਦੀ ਸਿਹਤ ਖ਼ਰਾਬ ਰਹੀ। ਕਈ ਦਿਨ ਸਫ਼ਰ ਕਰਨ ਤੋਂ ਬਾਅਦ ਇਹ ਭਰਾ ਮੰਗਲਵਾਰ ਸਵੇਰੇ 7 ਅਗਸਤ ਨੂੰ ਹੈਮਬਰਗ ਜਰਮਨੀ ਪਹੁੰਚ ਗਏ। ਜਰਮਨੀ ਵਿਚ ਯੁੱਧ ਖ਼ਤਮ ਹੋਏ ਨੂੰ ਅਜੇ ਛੇ ਸਾਲ ਹੀ ਹੋਏ ਸਨ ਜਿਸ ਕਰਕੇ ਤਬਾਹੀ ਦੇ ਨਿਸ਼ਾਨ ਹਰ ਪਾਸੇ ਦਿਖਾਈ ਦੇ ਰਹੇ ਸਨ। ਦੇਸ਼ ਦੀ ਹਾਲਤ ਦੇਖ ਕੇ ਉਨ੍ਹਾਂ ਦੇ ਮਨ ਉਦਾਸੀ ਨਾਲ ਭਰ ਗਏ। ਫਿਰ ਉਹ ਰਾਤ ਨੂੰ ਟ੍ਰੇਨ ’ਤੇ ਵੀਸਬਾਡਨ ਗਏ ਜਿੱਥੇ ਬ੍ਰਾਂਚ ਆਫ਼ਿਸ ਸੀ।

ਬੁੱਧਵਾਰ ਤੜਕੇ ਉਹ ਵੀਸਬਾਡਨ ਸਟੇਸ਼ਨ ’ਤੇ ਇਕ ਭਰਾ ਨੂੰ ਮਿਲੇ ਜਿਸ ਦਾ ਨਾਂ ਹੰਸ ਸੀ ਜੋ ਠੇਠ ਜਰਮਨ ਨਾਂ ਹੈ। ਹੰਸ ਕਾਰ ਵਿਚ ਉਨ੍ਹਾਂ ਨੂੰ ਸਟੇਸ਼ਨ ਤੋਂ ਬੈਥਲ ਲੈ ਕੇ ਆਇਆ ਜਿੱਥੇ ਉਸ ਨੇ ਉਨ੍ਹਾਂ ਨੂੰ ਇਕ ਸਿਆਣੀ ਭੈਣ ਦੇ ਹਵਾਲੇ ਕਰ ਦਿੱਤਾ। ਇਸ ਭੈਣ ਨੂੰ ਬਿਲਕੁਲ ਵੀ ਅੰਗ੍ਰੇਜ਼ੀ ਨਹੀਂ ਆਉਂਦੀ ਸੀ। ਪਰ ਉਸ ਨੂੰ ਲੱਗਾ ਕਿ ਜੇ ਉਹ ਉੱਚੀ ਆਵਾਜ਼ ਨਾਲ ਉਨ੍ਹਾਂ ਨਾਲ ਜਰਮਨ ਵਿਚ ਗੱਲ ਕਰੇਗੀ, ਤਾਂ ਉਹ ਉਸ ਦੀ ਗੱਲ ਸਮਝ ਜਾਣਗੇ! ਪਰ ਉਹ ਜਿੰਨੀ ਉੱਚੀ ਬੋਲਦੀ ਜਾ ਰਹੀ ਸੀ ਉੱਨੀ ਹੀ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਸੀ। ਅਖ਼ੀਰ ਵਿਚ ਬ੍ਰਾਂਚ ਸੇਵਕ ਭਰਾ ਏਰਿਖ਼ ਫ਼ਰੌਸਟ ਆਇਆ ਤੇ ਅੰਗ੍ਰੇਜ਼ੀ ਵਿਚ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ। ਉਨ੍ਹਾਂ ਨੇ ਸੁੱਖ ਦਾ ਸਾਹ ਲਿਆ।

ਅਗਸਤ ਦੇ ਅਖ਼ੀਰ ਵਿਚ ਉਹ ਚਾਰੇ ਫ੍ਰੈਂਕਫਰਟ ਆਮ ਮਾਨ ਸ਼ਹਿਰ ਵਿਚ “ਸ਼ੁੱਧ ਭਗਤੀ” ਨਾਂ ਦੇ ਜ਼ਿਲ੍ਹਾ ਸੰਮੇਲਨ ਵਿਚ ਗਏ। ਇਹ ਉਨ੍ਹਾਂ ਦਾ ਜਰਮਨ ਭਾਸ਼ਾ ਵਿਚ ਪਹਿਲਾ ਜ਼ਿਲ੍ਹਾ ਸੰਮੇਲਨ ਸੀ। ਇਸ ਵਿਚ 47,432 ਭੈਣ-ਭਰਾ ਹਾਜ਼ਰ ਹੋਏ ਅਤੇ 2,373 ਲੋਕਾਂ ਨੇ ਬਪਤਿਸਮਾ ਲਿਆ। ਇਹ ਦੇਖ ਕੇ ਭਰਾਵਾਂ ਦਾ ਮਿਸ਼ਨਰੀ ਕੰਮ ਅਤੇ ਪ੍ਰਚਾਰ ਕਰਨ ਲਈ ਹੋਰ ਵੀ ਜੋਸ਼ ਵਧਿਆ। ਪਰ ਕੁਝ ਦਿਨਾਂ ਬਾਅਦ ਭਰਾ ਨੌਰ ਨੇ ਦੱਸਿਆ ਕਿ ਉਨ੍ਹਾਂ ਨੇ ਬੈਥਲ ਵਿਚ ਰਹਿ ਕੇ ਸੇਵਾ ਕਰਨੀ ਸੀ।

ਰੇਮਨ ਦਾ ਦਿਲ ਤਾਂ ਮਿਸ਼ਨਰੀ ਸੇਵਾ ਵਿਚ ਸੀ। ਅਮਰੀਕਾ ਵਿਚ ਉਸ ਨੂੰ ਬੈਥਲ ਜਾਣ ਦਾ ਮੌਕਾ ਮਿਲਿਆ ਸੀ, ਪਰ ਉਹ ਨਹੀਂ ਗਿਆ। ਰਿਚਰਡ ਤੇ ਬਿਲ ਨੇ ਬੈਥਲ ਜਾਣ ਬਾਰੇ ਕਦੇ ਸੋਚਿਆ ਨਹੀਂ ਸੀ। ਪਰ ਯਹੋਵਾਹ ਦੀ ਸੇਧ ਵਿਚ ਚੱਲ ਕੇ ਉਨ੍ਹਾਂ ਨੂੰ ਜੋ ਬਰਕਤਾਂ ਮਿਲੀਆਂ ਉਸ ਤੋਂ ਉਨ੍ਹਾਂ ਨੂੰ ਪੂਰਾ ਯਕੀਨ ਹੋ ਗਿਆ ਕਿ ਯਹੋਵਾਹ ਜਾਣਦਾ ਹੈ ਕਿ ਉਸ ਨੇ ਕਿਸ ਨੂੰ ਕਿੱਥੇ ਇਸਤੇਮਾਲ ਕਰਨਾ ਹੈ। ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੀ ਇੱਛਾ ਅਨੁਸਾਰ ਨਹੀਂ, ਬਲਕਿ ਉਸ ਦੀ ਅਗਵਾਈ ਅਨੁਸਾਰ ਚੱਲੀਏ! ਜਿਹੜਾ ਵੀ ਇਹ ਸਬਕ ਸਿੱਖਦਾ ਹੈ, ਉਹ ਯਹੋਵਾਹ ਦੀ ਸੇਵਾ ਵਿਚ ਕਿਤੇ ਵੀ ਤੇ ਕੋਈ ਵੀ ਕੰਮ ਕਰ ਕੇ ਖ਼ੁਸ਼ ਹੋਵੇਗਾ।

“ਮਨ੍ਹਾ ਹੈ!”

ਜਰਮਨੀ ਦਾ ਬੈਥਲ ਪਰਿਵਾਰ ਖ਼ੁਸ਼ ਸੀ ਕਿ ਉਹ ਅਮਰੀਕਾ ਤੋਂ ਆਏ ਉਨ੍ਹਾਂ ਭਰਾਵਾਂ ਨਾਲ ਅੰਗ੍ਰੇਜ਼ੀ ਵਿਚ ਗੱਲਬਾਤ ਕਰ ਕੇ ਆਪਣੀ ਅੰਗ੍ਰੇਜ਼ੀ ਸੁਧਾਰ ਸਕਣਗੇ। ਪਰ ਇਕ ਦਿਨ ਡਾਇਨਿੰਗ ਰੂਮ ਵਿਚ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਜਦ ਭਰਾ ਫ਼ਰੌਸਟ ਨੇ ਜਰਮਨ ਭਾਸ਼ਾ ਵਿਚ ਉਨ੍ਹਾਂ ਨਾਲ ਗੰਭੀਰਤਾ ਨਾਲ ਗੱਲ ਕਰਨੀ ਸ਼ੁਰੂ ਕੀਤੀ। ਸਾਰੇ ਜਣੇ ਚੁੱਪ-ਚਾਪ ਥੱਲੇ ਮੂੰਹ ਕਰ ਕੇ ਬੈਠੇ ਸਨ। ਭਾਵੇਂ ਕਿ ਚਾਰ ਭਰਾ ਉਸ ਦੀ ਗੱਲ ਸਮਝ ਨਹੀਂ ਸਕੇ, ਪਰ ਹੌਲੀ-ਹੌਲੀ ਉਨ੍ਹਾਂ ਨੂੰ ਅਹਿਸਾਸ ਹੋਣ ਲੱਗਾ ਕਿ ਭਰਾ ਫ਼ਰੌਸਟ ਉਨ੍ਹਾਂ ਬਾਰੇ ਕੋਈ ਗੱਲ ਕਰ ਰਿਹਾ ਸੀ। ਸੋ ਜਦ ਭਰਾ ਫ਼ਰੌਸਟ ਨੇ ਉੱਚੀ ਆਵਾਜ਼ ਵਿਚ ਕਿਹਾ: “ਮਨ੍ਹਾ ਹੈ!” ਤੇ ਫਿਰ ਜ਼ੋਰ ਨਾਲ ਇਹ ਸ਼ਬਦ ਦੁਹਰਾਏ, ਤਾਂ ਉਹ ਘਬਰਾ ਗਏ। ਉਹ ਸੋਚਣ ਲੱਗ ਪਏ ਕਿ ਉਨ੍ਹਾਂ ਨੇ ਕੀ ਕੀਤਾ ਸੀ ਕਿ ਭਰਾ ਇੱਦਾਂ ਗੱਲ ਕਰ ਰਿਹਾ ਸੀ?

ਖਾਣਾ ਖਾ ਕੇ ਸਾਰੇ ਆਪੋ-ਆਪਣੇ ਕਮਰਿਆਂ ਨੂੰ ਭੱਜ ਗਏ। ਬਾਅਦ ਵਿਚ ਇਕ ਭਰਾ ਨੇ ਸਮਝਾਇਆ: “ਜੇ ਤੁਸੀਂ ਸਾਡੀ ਮਦਦ ਕਰਨੀ ਹੈ, ਤਾਂ ਜ਼ਰੂਰੀ ਹੈ ਕਿ ਤੁਸੀਂ ਜਰਮਨ ਬੋਲਣੀ ਸਿੱਖੋ। ਇਸੇ ਕਰਕੇ ਭਰਾ ਫ਼ਰੌਸਟ ਨੇ ਕਿਹਾ ਕਿ ਜਿੰਨਾ ਚਿਰ ਤੁਹਾਨੂੰ ਜਰਮਨ ਨਹੀਂ ਆਉਂਦੀ, ਤੁਹਾਡੇ ਨਾਲ ਅੰਗ੍ਰੇਜ਼ੀ ਵਿਚ ਗੱਲ ਕਰਨੀ ਮਨ੍ਹਾ ਹੈ।”

ਬੈਥਲ ਪਰਿਵਾਰ ਦੇ ਮੈਂਬਰਾਂ ਨੇ ਇਸ ਸਲਾਹ ਨੂੰ ਜਲਦੀ ਲਾਗੂ ਕੀਤਾ। ਇਸ ਤਰ੍ਹਾਂ ਭਰਾਵਾਂ ਦੀ ਨਾ ਸਿਰਫ਼ ਜਰਮਨ ਸਿੱਖਣ ਵਿਚ ਮਦਦ ਹੋਈ, ਪਰ ਉਨ੍ਹਾਂ ਨੇ ਇਕ ਜ਼ਰੂਰੀ ਸਬਕ ਵੀ ਸਿੱਖਿਆ। ਜਦ ਕੋਈ ਭਰਾ ਸਲਾਹ ਦਿੰਦਾ ਹੈ, ਭਾਵੇਂ ਇਸ ਨੂੰ ਸ਼ੁਰੂ-ਸ਼ੁਰੂ ਵਿਚ ਮੰਨਣਾ ਔਖਾ ਹੁੰਦਾ ਹੈ, ਪਰ ਇਸ ਵਿਚ ਸਾਡਾ ਹੀ ਫ਼ਾਇਦਾ ਹੁੰਦਾ ਹੈ। ਭਰਾ ਫ਼ਰੌਸਟ ਦੀ ਸਲਾਹ ਤੋਂ ਪਤਾ ਲੱਗਦਾ ਹੈ ਕਿ ਉਹ ਯਹੋਵਾਹ ਦੇ ਸੰਗਠਨ ਦਾ ਫ਼ਾਇਦਾ ਹੀ ਸੋਚ ਰਿਹਾ ਸੀ ਤੇ ਉਸ ਦੇ ਦਿਲ ਵਿਚ ਭੈਣਾਂ-ਭਰਾਵਾਂ ਲਈ ਪਿਆਰ ਸੀ। * ਇਨ੍ਹਾਂ ਭਰਾਵਾਂ ਦੇ ਦਿਲ ਵਿਚ ਵੀ ਇਸ ਭਰਾ ਲਈ ਪਿਆਰ ਪੈਦਾ ਹੋਇਆ।

ਆਪਣੇ ਦੋਸਤਾਂ ਤੋਂ ਸਿੱਖਣਾ

ਯਹੋਵਾਹ ਦੀ ਸੇਵਾ ਕਰਨ ਵਾਲੇ ਦੋਸਤਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਜਿਸ ਕਰਕੇ ਯਹੋਵਾਹ ਨਾਲ ਸਾਡੀ ਦੋਸਤੀ ਹੋਰ ਵੀ ਪੱਕੀ ਹੋ ਸਕਦੀ ਹੈ। ਉਨ੍ਹਾਂ ਚਾਰਾਂ ਨੇ ਜਰਮਨੀ ਦੇ ਅਣਗਿਣਤ ਵਫ਼ਾਦਾਰ ਭੈਣਾਂ-ਭਰਾਵਾਂ ਤੋਂ ਅਤੇ ਇਕ-ਦੂਜੇ ਤੋਂ ਬਹੁਤ ਕੁਝ ਸਿੱਖਿਆ। ਰਿਚਰਡ ਦੱਸਦਾ ਹੈ: “ਲੋਏਲ ਨੂੰ ਪਹਿਲਾਂ ਹੀ ਥੋੜ੍ਹੀ-ਬਹੁਤੀ ਜਰਮਨ ਆਉਂਦੀ ਸੀ ਤੇ ਉਹ ਛੇਤੀ ਹੀ ਭਾਸ਼ਾ ਸਿੱਖ ਗਿਆ, ਪਰ ਸਾਨੂੰ ਬੜੀ ਮੁਸ਼ਕਲ ਲੱਗਦੀ ਸੀ। ਇਸ ਕਰਕੇ ਅਸੀਂ ਭਾਸ਼ਾ ਬਾਰੇ ਉਸ ਨੂੰ ਹੀ ਪੁੱਛਦੇ ਸੀ। ਉਹ ਸਾਡੇ ਨਾਲੋਂ ਉਮਰ ਵਿਚ ਵੀ ਵੱਡਾ ਸੀ ਜਿਸ ਕਰਕੇ ਉਹ ਹਰ ਗੱਲ ਵਿਚ ਅਗਵਾਈ ਕਰਦਾ ਸੀ।” ਰੇਮਨ ਯਾਦ ਕਰਦਾ ਹੈ: “ਮੈਂ ਬਹੁਤ ਖ਼ੁਸ਼ ਹੋਇਆ ਜਦ ਸਵਿਟਜ਼ਰਲੈਂਡ ਦੇ ਇਕ ਭਰਾ ਨੇ ਕਿਹਾ ਕਿ ਅਸੀਂ ਛੁੱਟੀਆਂ ਮਨਾਉਣ ਲਈ ਉਸ ਦੇ ਘਰ ਵਿਚ ਰਹਿ ਸਕਦੇ ਹਾਂ। ਸਾਨੂੰ ਜਰਮਨੀ ਆਇਆਂ ਨੂੰ ਇਕ ਸਾਲ ਹੋ ਗਿਆ ਸੀ ਤੇ ਇਹ ਸਾਡੀ ਪਹਿਲੀ ਛੁੱਟੀ ਸੀ। ਮੈਂ ਸੋਚਿਆ ਕਿ ਦੋ ਹਫ਼ਤੇ ਜਰਮਨ ਬੋਲਣ ਤੋਂ ਸਾਡਾ ਖਹਿੜਾ ਛੁੱਟੇਗਾ! ਪਰ ਮੈਨੂੰ ਪਤਾ ਨਹੀਂ ਸੀ ਕਿ ਲੋਏਲ ਦੇ ਦਿਮਾਗ਼ ਵਿਚ ਕੀ ਚੱਲ ਰਿਹਾ ਸੀ। ਉਸ ਨੇ ਜ਼ੋਰ ਪਾਇਆ ਕਿ ਅਸੀਂ ਹਰ ਰੋਜ਼ ਜਰਮਨ ਵਿਚ ਡੇਲੀ ਟੈਕਸਟ ਪੜ੍ਹ ਕੇ ਉਸ ’ਤੇ ਗੱਲਬਾਤ ਕਰੀਏ। ਅਸੀਂ ਬੜੀ ਨਾਂਹ-ਨੁੱਕਰ ਕੀਤੀ, ਪਰ ਉਹ ਆਪਣੀ ਗੱਲ ’ਤੇ ਪੱਕਾ ਰਿਹਾ। ਫਿਰ ਵੀ ਅਸੀਂ ਜ਼ਰੂਰੀ ਸਬਕ ਸਿੱਖਿਆ। ਉਨ੍ਹਾਂ ਦੀ ਗੱਲ ਮੰਨੋ ਜੋ ਤੁਹਾਡਾ ਭਲਾ ਚਾਹੁੰਦੇ ਹਨ, ਚਾਹੇ ਤੁਸੀਂ ਕਈ ਵਾਰ ਉਨ੍ਹਾਂ ਨਾਲ ਸਹਿਮਤ ਨਹੀਂ ਹੁੰਦੇ। ਇਸ ਸਬਕ ਤੋਂ ਜ਼ਿੰਦਗੀ ਭਰ ਸਾਨੂੰ ਫ਼ਾਇਦਾ ਹੋਇਆ ਤੇ ਸੰਗਠਨ ਦੀ ਅਗਵਾਈ ਵਿਚ ਚੱਲਣਾ ਸੌਖਾ ਹੋਇਆ।”

ਉਨ੍ਹਾਂ ਚਾਰ ਦੋਸਤਾਂ ਨੇ ਇਕ-ਦੂਜੇ ਦੀਆਂ ਖੂਬੀਆਂ ਦੀ ਕਦਰ ਕਰਨੀ ਵੀ ਸਿੱਖੀ ਜਿਵੇਂ ਫ਼ਿਲਿੱਪੀਆਂ 2:3 ਵਿਚ ਲਿਖਿਆ ਹੈ: “ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ।” ਬਿਲ ਕੁਝ ਮਸਲਿਆਂ ਨੂੰ ਬਾਕੀਆਂ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਨਜਿੱਠ ਸਕਦਾ ਸੀ ਤੇ ਉਨ੍ਹਾਂ ਨੂੰ ਉਸ ਦੀ ਇਸ ਖੂਬੀ ਬਾਰੇ ਪਤਾ ਸੀ। ਲੋਏਲ ਕਹਿੰਦਾ ਹੈ: “ਜਦ ਕੋਈ ਮਸਲਾ ਸੁਲਝਾਉਣ ਲਈ ਕੋਈ ਗੰਭੀਰ ਕਦਮ ਚੁੱਕਣ ਦੀ ਲੋੜ ਹੁੰਦੀ ਸੀ, ਤਾਂ ਅਸੀਂ ਬਿਲ ਨੂੰ ਇਸ ਤਰ੍ਹਾਂ ਕਰਨ ਲਈ ਬੇਨਤੀ ਕਰਦੇ ਸੀ। ਉਸ ਵਿਚ ਇੱਦਾਂ ਦੇ ਮਾਮਲੇ ਸੁਲਝਾਉਣ ਦੀ ਖੂਬੀ ਸੀ। ਸਾਨੂੰ ਵੀ ਪਤਾ ਹੁੰਦਾ ਸੀ ਕਿ ਕੀ ਕੀਤਾ ਜਾਣਾ ਚਾਹੀਦਾ ਹੈ, ਪਰ ਸਾਡੇ ਵਿਚ ਹਿੰਮਤ ਜਾਂ ਕਾਬਲੀਅਤ ਦੀ ਘਾਟ ਸੀ।”

ਵਿਆਹੁਤਾ ਜ਼ਿੰਦਗੀ ਤੋਂ ਖ਼ੁਸ਼

ਇਕ-ਇਕ ਕਰ ਕੇ ਉਨ੍ਹਾਂ ਚਾਰਾਂ ਨੇ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਚਾਰਾਂ ਦੀ ਦੋਸਤੀ ਇਸ ਕਰਕੇ ਸੀ ਕਿਉਂਕਿ ਉਹ ਯਹੋਵਾਹ ਨੂੰ ਪਿਆਰ ਕਰਦੇ ਸਨ ਤੇ ਉਹ ਉਸ ਦੀ ਸੇਵਾ ਫੁੱਲ-ਟਾਈਮ ਕਰਦੇ ਸਨ। ਇਸ ਲਈ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਸਿਰਫ਼ ਅਜਿਹੇ ਜੀਵਨ ਸਾਥੀ ਲੱਭਣਗੇ ਜੋ ਯਹੋਵਾਹ ਦੀ ਸੇਵਾ ਨੂੰ ਪਹਿਲ ਦਿੰਦੇ ਸਨ। ਯਹੋਵਾਹ ਦੀ ਸੇਵਾ ਵਿਚ ਆਪਣਾ ਪੂਰਾ ਸਮਾਂ ਲਾ ਕੇ ਉਨ੍ਹਾਂ ਨੇ ਸਿੱਖਿਆ ਸੀ ਕਿ ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਹੁੰਦੀ ਹੈ ਅਤੇ ਆਪਣੀ ਮਰਜ਼ੀ ਕਰਨ ਦੀ ਬਜਾਇ ਯਹੋਵਾਹ ਦੀ ਮਰਜ਼ੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਇਸ ਲਈ ਉਨ੍ਹਾਂ ਨੇ ਅਜਿਹੀਆਂ ਭੈਣਾਂ ਨਾਲ ਵਿਆਹ ਕਰਾਏ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਯਹੋਵਾਹ ਦੀ ਸੇਵਾ ਫੁੱਲ-ਟਾਈਮ ਕਰਨੀ ਚੁਣੀ ਸੀ। ਇਸ ਕਰਕੇ ਉਨ੍ਹਾਂ ਚਾਰਾਂ ਦੀ ਵਿਆਹੁਤਾ ਜ਼ਿੰਦਗੀ ਸੁਖੀ ਸੀ।

ਚਾਹੇ ਦੋਸਤੀ ਹੋਵੇ ਜਾਂ ਵਿਆਹ ਦਾ ਰਿਸ਼ਤਾ, ਇਸ ਨੂੰ ਮਜ਼ਬੂਤ ਰੱਖਣ ਲਈ ਯਹੋਵਾਹ ਨਾਲ ਰਿਸ਼ਤਾ ਹੋਣਾ ਜ਼ਰੂਰੀ ਹੈ। (ਉਪ. 4:12) ਲੋਏਲ ਤੇ ਰਿਚਰਡ ਆਪਣੀਆਂ ਪਤਨੀਆਂ ਨਾਲ ਮਿਲ ਕੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਬਿਲ ਤੇ ਰੇਮਨ ਦੀਆਂ ਪਤਨੀਆਂ ਦੀ ਮੌਤ ਹੋ ਚੁੱਕੀ ਹੈ, ਪਰ ਉਨ੍ਹਾਂ ਨੇ ਜੀਉਂਦੇ ਜੀ ਖ਼ੁਸ਼ੀ ਤੇ ਵਫ਼ਾਦਾਰੀ ਨਾਲ ਆਪਣੇ ਪਤੀਆਂ ਦਾ ਸਾਥ ਦਿੱਤਾ। ਬਿਲ ਨੇ ਦੁਬਾਰਾ ਵਿਆਹ ਕਰਾਇਆ ਤੇ ਉਸ ਨੇ ਅਜਿਹਾ ਸਾਥੀ ਚੁਣਿਆ ਜਿਸ ਦੇ ਨਾਲ ਮਿਲ ਕੇ ਉਹ ਯਹੋਵਾਹ ਦੀ ਸੇਵਾ ਪੂਰਾ ਸਮਾਂ ਕਰਦਾ ਰਿਹਾ।

ਬਾਅਦ ਵਿਚ ਉਨ੍ਹਾਂ ਭਰਾਵਾਂ ਨੂੰ ਵੱਖ-ਵੱਖ ਥਾਵਾਂ ਵਿਚ ਜ਼ਿੰਮੇਵਾਰੀਆਂ ਦਿੱਤੀਆਂ ਗਈ ਜਿਵੇਂ ਕਿ ਜਰਮਨੀ, ਆਸਟ੍ਰੀਆ, ਲਕਜ਼ਮਬਰਗ, ਕੈਨੇਡਾ ਅਤੇ ਅਮਰੀਕਾ। ਨਤੀਜੇ ਵਜੋਂ, ਉਹ ਪਹਿਲਾਂ ਵਾਂਗ ਇਕੱਠੇ ਜ਼ਿਆਦਾ ਸਮਾਂ ਨਹੀਂ ਬਿਤਾ ਸਕਦੇ ਸਨ। ਭਾਵੇਂ ਕਿ ਉਹ ਇਕ-ਦੂਜੇ ਤੋਂ ਦੂਰ ਰਹਿੰਦੇ ਸਨ, ਫਿਰ ਵੀ ਉਨ੍ਹਾਂ ਦੀ ਦੋਸਤੀ ਕਾਇਮ ਰਹੀ ਤੇ ਉਨ੍ਹਾਂ ਨੇ ਦੁੱਖ-ਸੁਖ ਵਿਚ ਇਕ-ਦੂਜੇ ਦਾ ਸਾਥ ਦਿੱਤਾ। (ਰੋਮੀ. 12:15) ਇੱਦਾਂ ਦੇ ਦੋਸਤ ਅਨਮੋਲ ਹੁੰਦੇ ਹਨ ਤੇ ਸਾਨੂੰ ਹਮੇਸ਼ਾ ਇਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ। ਇਹ ਯਹੋਵਾਹ ਵੱਲੋਂ ਕੀਮਤੀ ਦਾਤ ਹਨ। (ਕਹਾ. 17:17) ਅੱਜ ਦੀ ਦੁਨੀਆਂ ਵਿਚ ਸੱਚੇ ਦੋਸਤ ਘੱਟ ਹੀ ਮਿਲਦੇ ਹਨ। ਪਰ ਯਹੋਵਾਹ ਦੇ ਲੋਕਾਂ ਨੂੰ ਦੋਸਤਾਂ ਦੀ ਕੋਈ ਕਮੀ ਨਹੀਂ। ਯਹੋਵਾਹ ਦੇ ਗਵਾਹਾਂ ਵਜੋਂ ਅਸੀਂ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਨਾਲ ਹੀ ਨਹੀਂ, ਸਗੋਂ ਯਹੋਵਾਹ ਪਰਮੇਸ਼ੁਰ ਤੇ ਯਿਸੂ ਮਸੀਹ ਨਾਲ ਵੀ ਦੋਸਤੀ ਕਰ ਸਕਦੇ ਹਾਂ।

ਜਿਵੇਂ ਸਾਰਿਆਂ ਨਾਲ ਹੁੰਦਾ ਹੀ ਹੈ, ਇਨ੍ਹਾਂ ਚਾਰਾਂ ਦੀ ਜ਼ਿੰਦਗੀ ਵਿਚ ਵੀ ਮੁਸ਼ਕਲਾਂ ਆਈਆਂ ਹਨ। ਮਿਸਾਲ ਲਈ, ਜੀਵਨ ਸਾਥੀ ਦੀ ਮੌਤ ਦਾ ਦੁੱਖ, ਗੰਭੀਰ ਬੀਮਾਰੀ ਨਾਲ ਸਿੱਝਣਾ, ਸਿਆਣੇ ਮਾਂ-ਬਾਪ ਦੀ ਦੇਖ-ਭਾਲ ਕਰਨ ਦੀ ਚਿੰਤਾ, ਫੁੱਲ-ਟਾਈਮ ਸੇਵਾ ਕਰਦਿਆਂ ਬੱਚੇ ਦੀ ਪਰਵਰਿਸ਼, ਯਹੋਵਾਹ ਦੀ ਸੇਵਾ ਵਿਚ ਨਵੀਆਂ ਜ਼ਿੰਮੇਵਾਰੀਆਂ ਸਵੀਕਾਰ ਕਰਨ ਦੀ ਘਬਰਾਹਟ ਅਤੇ ਹੁਣ ਵਧਦੀ ਉਮਰ ਦੀਆਂ ਸਮੱਸਿਆਵਾਂ। ਪਰ ਉਨ੍ਹਾਂ ਨੂੰ ਆਪਣੇ ਤਜਰਬੇ ਤੋਂ ਇਹ ਵੀ ਪਤਾ ਹੈ ਕਿ ਯਹੋਵਾਹ ਨੂੰ ਪਿਆਰ ਕਰਨ ਵਾਲੇ ਦੋਸਤਾਂ ਦੇ ਸਹਾਰੇ ਉਹ ਹਰ ਮੁਸ਼ਕਲ ਪਾਰ ਕਰ ਸਕਦੇ ਹਨ। ਇਸ ਤੋਂ ਇਲਾਵਾ, ਯਹੋਵਾਹ ਤੇ ਯਿਸੂ ਵੀ ਸਾਡੀ ਮਦਦ ਕਰਨ ਲਈ ਹਮੇਸ਼ਾ ਸਾਡੇ ਨਾਲ ਹੁੰਦੇ ਹਨ।

ਦੋਸਤੀ ਦਾ ਨਾ ਖ਼ਤਮ ਹੋਣ ਵਾਲਾ ਸਫ਼ਰ

ਕਿੰਨੀ ਵਧੀਆ ਗੱਲ ਹੈ ਕਿ ਲੋਏਲ ਨੇ 18, ਰੇਮਨ ਨੇ 12, ਬਿਲ ਨੇ 11 ਤੇ ਰਿਚਰਡ ਨੇ 10 ਸਾਲਾਂ ਦੀ ਉਮਰ ਵਿਚ ਆਪਣੇ ਆਪ ਨੂੰ ਯਹੋਵਾਹ ਨੂੰ ਸਮਰਪਿਤ ਕੀਤਾ ਸੀ। ਫਿਰ 17 ਅਤੇ 21 ਸਾਲਾਂ ਦੀ ਉਮਰ ਦਰਮਿਆਨ ਉਨ੍ਹਾਂ ਸਾਰਿਆਂ ਨੇ ਯਹੋਵਾਹ ਦੀ ਫੁੱਲ-ਟਾਈਮ ਸੇਵਾ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਉਪਦੇਸ਼ਕ ਦੀ ਪੋਥੀ 12:1 ਦੀ ਸਲਾਹ ਮੰਨੀ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।”

ਜੇ ਤੁਸੀਂ ਮੰਡਲੀ ਵਿਚ ਭਰਾ ਹੋ, ਤਾਂ ਯਹੋਵਾਹ ਵੱਲੋਂ ਫੁੱਲ-ਟਾਈਮ ਸੇਵਾ ਕਰਨ ਦਾ ਸੱਦਾ ਕਬੂਲ ਕਰੋ। ਫਿਰ ਉਸ ਦੀ ਅਪਾਰ ਕਿਰਪਾ ਸਦਕਾ ਤੁਸੀਂ ਵੀ ਉਨ੍ਹਾਂ ਚਾਰ ਦੋਸਤਾਂ ਵਾਂਗ ਯਹੋਵਾਹ ਦੀ ਸੇਵਾ ਵਿਚ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਖ਼ੁਸ਼ੀ ਪਾ ਸਕਦੇ ਹੋ, ਜਿਵੇਂ ਕਿ ਸਰਕਟ, ਡਿਸਟ੍ਰਿਕਟ ਤੇ ਜ਼ੋਨ ਓਵਰਸੀਅਰ ਵਜੋਂ ਸੇਵਾ ਕਰਨੀ, ਬੈਥਲ ਪਰਿਵਾਰ ਤੇ ਬ੍ਰਾਂਚ ਕਮੇਟੀ ਦਾ ਮੈਂਬਰ ਬਣ ਕੇ ਸੇਵਾ ਕਰਨੀ, ਕਿੰਗਡਮ ਮਿਨਿਸਟ੍ਰੀ ਸਕੂਲ ਤੇ ਪਾਇਨੀਅਰ ਸੇਵਾ ਸਕੂਲ ਵਿਚ ਸਿਖਾਉਣਾ ਅਤੇ ਛੋਟੇ-ਵੱਡੇ ਸੰਮੇਲਨਾਂ ਵਿਚ ਭਾਸ਼ਣ ਦੇਣੇ। ਉਨ੍ਹਾਂ ਚਾਰਾਂ ਨੂੰ ਇਸ ਗੱਲ ਤੋਂ ਖ਼ੁਸ਼ੀ ਮਿਲੀ ਕਿ ਉਨ੍ਹਾਂ ਦੇ ਕੰਮ ਤੋਂ ਹਜ਼ਾਰਾਂ ਹੀ ਭੈਣਾਂ-ਭਰਾਵਾਂ ਨੂੰ ਫ਼ਾਇਦਾ ਹੋਇਆ। ਇਹ ਸਭ ਕੁਝ ਇਸ ਲਈ ਮੁਮਕਿਨ ਹੋਇਆ ਕਿਉਂਕਿ ਜਵਾਨੀ ਵਿਚ ਇਨ੍ਹਾਂ ਭਰਾਵਾਂ ਨੇ ਯਹੋਵਾਹ ਵੱਲੋਂ ਜੀ-ਜਾਨ ਨਾਲ ਸੇਵਾ ਕਰਨ ਦਾ ਸੱਦਾ ਸਵੀਕਾਰ ਕੀਤਾ।—ਕੁਲੁ. 3:23.

ਅੱਜ ਲੋਏਲ, ਰਿਚਰਡ ਅਤੇ ਰੇਮਨ ਸੈਲਟਰਸ ਵਿਚ ਜਰਮਨੀ ਦੇ ਬ੍ਰਾਂਚ ਆਫ਼ਿਸ ਵਿਚ ਫਿਰ ਤੋਂ ਇਕੱਠੇ ਸੇਵਾ ਕਰ ਰਹੇ ਹਨ। ਅਫ਼ਸੋਸ ਦੀ ਗੱਲ ਹੈ ਕਿ 2010 ਵਿਚ ਬਿਲ ਦੀ ਮੌਤ ਹੋ ਗਈ। ਉਸ ਵੇਲੇ ਉਹ ਅਮਰੀਕਾ ਵਿਚ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰ ਰਿਹਾ ਸੀ। ਇਨ੍ਹਾਂ ਪੁਰਾਣੇ ਦੋਸਤਾਂ ਵਿਚ ਮੌਤ ਨੇ ਵਿਛੋੜਾ ਪਾ ਦਿੱਤਾ। ਪਰ ਸਾਡਾ ਪਰਮੇਸ਼ੁਰ ਯਹੋਵਾਹ ਆਪਣੇ ਦੋਸਤਾਂ ਨੂੰ ਕਦੇ ਭੁੱਲਦਾ ਨਹੀਂ। ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਉਸ ਦੇ ਰਾਜ ਅਧੀਨ ਸਾਰੇ ਦੋਸਤਾਂ ਨੂੰ ਦੁਬਾਰਾ ਮਿਲਾਇਆ ਜਾਵੇਗਾ ਜਿਨ੍ਹਾਂ ਨੂੰ ਮੌਤ ਨੇ ਕੁਝ ਸਮੇਂ ਲਈ ਦੂਰ ਕਰ ਦਿੱਤਾ ਹੈ।

ਬਿਲ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਲਿਖਿਆ: “ਮੈਨੂੰ ਯਾਦ ਨਹੀਂ ਕਿ 60 ਸਾਲਾਂ ਦੌਰਾਨ ਅਜਿਹਾ ਕੋਈ ਪਲ ਆਇਆ ਹੋਵੇ ਜਦੋਂ ਸਾਡੀ ਦੋਸਤੀ ਵਿਚ ਦਰਾੜ ਪਈ ਹੋਵੇ। ਮੇਰੇ ਯਾਰ ਮੇਰੇ ਲਈ ਅਣਮੁੱਲੇ ਹਨ।” ਉਸ ਦੇ ਤਿੰਨ ਦੋਸਤ ਇਸ ਗੱਲ ਨਾਲ ਸਹਿਮਤ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਨਵੀਂ ਦੁਨੀਆਂ ਵਿਚ ਉਨ੍ਹਾਂ ਦੀ ਦੋਸਤੀ ਹਮੇਸ਼ਾ ਕਾਇਮ ਰਹੇਗੀ। ਉਹ ਕਹਿੰਦੇ ਹਨ: “ਸਾਡੀ ਦੋਸਤੀ ਦਾ ਸਫ਼ਰ ਤਾਂ ਹਾਲੇ ਸ਼ੁਰੂ ਹੀ ਹੋਇਆ ਹੈ!”

[ਫੁਟਨੋਟ]

^ ਪੈਰਾ 17 ਭਰਾ ਫ਼ਰੌਸਟ ਦੀ ਦਿਲਚਸਪ ਜੀਵਨੀ ਪਹਿਰਾਬੁਰਜ, 15 ਅਪ੍ਰੈਲ 1961 (ਅੰਗ੍ਰੇਜ਼ੀ), ਸਫ਼ੇ 244-249 ’ਤੇ ਛਾਪੀ ਗਈ ਸੀ।

[ਸਫ਼ਾ 18 ਉੱਤੇ ਸੁਰਖੀ]

ਯਹੋਵਾਹ ਦੀ ਸੇਧ ਵਿਚ ਚੱਲਣ ਨਾਲ ਮਿਲੀਆਂ ਬਰਕਤਾਂ ਤੋਂ ਉਨ੍ਹਾਂ ਨੂੰ ਪੂਰਾ ਯਕੀਨ ਹੋਇਆ ਕਿ ਯਹੋਵਾਹ ਜਾਣਦਾ ਹੈ ਕਿ ਉਸ ਨੇ ਕਿਸ ਨੂੰ ਕਿੱਥੇ ਇਸਤੇਮਾਲ ਕਰਨਾ ਹੈ

[ਸਫ਼ਾ 21 ਉੱਤੇ ਸੁਰਖੀ]

“ਮੈਨੂੰ ਯਾਦ ਨਹੀਂ ਕਿ 60 ਸਾਲਾਂ ਦੌਰਾਨ ਅਜਿਹਾ ਕੋਈ ਪਲ ਆਇਆ ਹੋਵੇ ਜਦੋਂ ਸਾਡੀ ਦੋਸਤੀ ਵਿਚ ਦਰਾੜ ਪਈ ਹੋਵੇ”

[ਸਫ਼ਾ 17 ਉੱਤੇ ਤਸਵੀਰ]

ਖੱਬੇ ਤੋਂ ਸੱਜੇ: ਰਿਚਰਡ, ਲੋਏਲ, ਰੇਮਨ ਅਤੇ ਬਿਲ ਗਿਲਿਅਡ ਸਕੂਲ ਵਿਚ ਦੋਸਤ ਬਣੇ

[ਸਫ਼ਾ 18 ਉੱਤੇ ਤਸਵੀਰਾਂ]

ਉੱਪਰ: ਰੇਮਨ ਕਿੰਗਡਮ ਮਿਨਿਸਟ੍ਰੀ ਸਕੂਲ ਵਿਚ ਕਲਾਸ ਲੈਂਦਾ ਹੋਇਆ; ਸੱਜੇ: ਰਿਚਰਡ ਵੀਸਬਾਡਨ ਵਿਚ ਬੈਥਲ ਵਿਚ ਪਤੇ ਛਾਪਣ ਵਾਲੀ ਮਸ਼ੀਨ ’ਤੇ ਕੰਮ ਕਰਦਾ ਹੋਇਆ

[ਸਫ਼ਾ 19 ਉੱਤੇ ਤਸਵੀਰਾਂ]

ਉੱਪਰ: ਭਰਾ ਨੌਰ (ਖੱਬੇ) ਦੇ ਦੌਰੇ ਦੌਰਾਨ ਉਸ ਨਾਲ ਭਰਾ ਫ਼ਰੌਸਟ (ਸੱਜੇ) ਤੇ ਹੋਰ; ਸੱਜੇ: 1952 ਵਿਚ ਸਵਿਟਜ਼ਰਲੈਂਡ ਵਿਚ ਛੁੱਟੀਆਂ ਮਨਾਉਂਦੇ ਹੋਏ

[ਸਫ਼ਾ 20 ਉੱਤੇ ਤਸਵੀਰ]

ਖੱਬੇ ਤੋਂ ਸੱਜੇ: 1984 ਵਿਚ ਸੈਲਟਰਸ ਵਿਚ ਨਵੀਂ ਬ੍ਰਾਂਚ ਦੇ ਸਮਰਪਣ ਦੇ ਮੌਕੇ ’ਤੇ ਰਿਚਰਡ, ਬਿਲ, ਲੋਏਲ ਅਤੇ ਰੇਮਨ

[ਸਫ਼ਾ 21 ਉੱਤੇ ਤਸਵੀਰ]

ਖੱਬੇ ਤੋਂ ਸੱਜੇ: ਰੇਮਨ, ਰਿਚਰਡ ਅਤੇ ਲੋਏਲ