Skip to content

Skip to table of contents

ਛੋਟੇ ਬਣਨ ਦੀ ਕੋਸ਼ਿਸ਼ ਕਰੋ

ਛੋਟੇ ਬਣਨ ਦੀ ਕੋਸ਼ਿਸ਼ ਕਰੋ

ਛੋਟੇ ਬਣਨ ਦੀ ਕੋਸ਼ਿਸ਼ ਕਰੋ

“ਤੁਹਾਡੇ ਸਾਰਿਆਂ ਵਿੱਚੋਂ ਜੋ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਦਾ ਹੈ, ਉਹੀ ਵੱਡਾ ਹੈ।”—ਲੂਕਾ 9:48.

ਕੀ ਤੁਸੀਂ ਜਵਾਬ ਦੇ ਸਕਦੇ ਹੋ?

ਕਿਹੜੀਆਂ ਗੱਲਾਂ ਛੋਟੇ ਬਣਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ?

ਕਿਨ੍ਹਾਂ ਅਰਥਾਂ ਵਿਚ ਆਪਣੇ ਆਪ ਨੂੰ ਛੋਟਾ ਸਮਝਣ ਵਾਲਾ ਇਨਸਾਨ “ਵੱਡਾ” ਹੁੰਦਾ ਹੈ?

ਅਸੀਂ ਵਿਆਹੁਤਾ ਰਿਸ਼ਤੇ ਵਿਚ, ਮੰਡਲੀ ਵਿਚ ਅਤੇ ਦੂਸਰਿਆਂ ਨਾਲ ਪੇਸ਼ ਆਉਂਦੇ ਵੇਲੇ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ?

1, 2. ਯਿਸੂ ਨੇ ਆਪਣੇ ਰਸੂਲਾਂ ਨੂੰ ਕੀ ਸਲਾਹ ਦਿੱਤੀ ਸੀ ਅਤੇ ਕਿਉਂ?

ਇਹ ਸਾਲ 32 ਈ. ਦੀ ਗੱਲ ਹੈ। ਯਿਸੂ ਤੇ ਉਸ ਦੇ ਰਸੂਲ ਗਲੀਲ ਜ਼ਿਲ੍ਹੇ ਵਿਚ ਸਨ। ਉਸ ਦੇ ਰਸੂਲ ਆਪਸ ਵਿਚ ਝਗੜਣ ਲੱਗੇ ਕਿ ਕੌਣ ਉਨ੍ਹਾਂ ਵਿੱਚੋਂ ਵੱਡਾ ਸੀ। ਲੂਕਾ ਨੇ ਇਸ ਬਾਰੇ ਲਿਖਿਆ: “ਫਿਰ ਉਸ ਦੇ ਚੇਲੇ ਆਪਸ ਵਿਚ ਇਸ ਗੱਲ ’ਤੇ ਬਹਿਸ ਕਰਨ ਲੱਗੇ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ। ਯਿਸੂ ਜਾਣ ਗਿਆ ਕਿ ਉਹ ਆਪਣੇ ਮਨਾਂ ਵਿਚ ਕੀ ਸੋਚ ਰਹੇ ਸਨ। ਇਸ ਲਈ ਉਸ ਨੇ ਇਕ ਬੱਚੇ ਨੂੰ ਆਪਣੇ ਨਾਲ ਖੜ੍ਹਾ ਕਰ ਕੇ ਚੇਲਿਆਂ ਨੂੰ ਕਿਹਾ: ‘ਜੋ ਕੋਈ ਮੇਰੀ ਖ਼ਾਤਰ ਇਸ ਬੱਚੇ ਨੂੰ ਕਬੂਲ ਕਰਦਾ ਹੈ, ਉਹ ਮੈਨੂੰ ਵੀ ਕਬੂਲ ਕਰਦਾ ਹੈ ਅਤੇ ਜੋ ਮੈਨੂੰ ਕਬੂਲ ਕਰਦਾ ਹੈ, ਉਹ ਮੇਰੇ ਘੱਲਣ ਵਾਲੇ ਨੂੰ ਵੀ ਕਬੂਲ ਕਰਦਾ ਹੈ। ਤੁਹਾਡੇ ਸਾਰਿਆਂ ਵਿੱਚੋਂ ਜੋ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਦਾ ਹੈ, ਉਹੀ ਵੱਡਾ ਹੈ।’” (ਲੂਕਾ 9:46-48) ਯਿਸੂ ਨੇ ਧੀਰਜ ਨਾਲ ਆਪਣੇ ਰਸੂਲਾਂ ਨੂੰ ਸਿਖਾਇਆ ਕਿ ਉਨ੍ਹਾਂ ਲਈ ਨਿਮਰ ਬਣਨਾ ਕਿੰਨਾ ਜ਼ਰੂਰੀ ਹੈ।

2 ਉਸ ਵੇਲੇ ਦੇ ਜ਼ਿਆਦਾਤਰ ਯਹੂਦੀਆਂ ਦਾ ਰਵੱਈਆ ਕਿਹੋ ਜਿਹਾ ਸੀ? ਕੀ ਉਹ ਨਿਮਰ ਸਨ? ਉਸ ਵੇਲੇ ਦੇ ਲੋਕਾਂ ਦੇ ਰਵੱਈਏ ਬਾਰੇ ਇਕ ਕਿਤਾਬ ਦੱਸਦੀ ਹੈ: “ਆਮ ਤੌਰ ਤੇ ਇਹ ਦੇਖਿਆ ਜਾਂਦਾ ਸੀ ਕਿ ਕੌਣ ਛੋਟਾ ਹੈ ਤੇ ਕੌਣ ਵੱਡਾ। ਲੋਕਾਂ ਨੂੰ ਇਸ ਗੱਲ ਦੀ ਚਿੰਤਾ ਰਹਿੰਦੀ ਸੀ ਕਿ ਵੱਡਿਆਂ ਨੂੰ ਹੀ ਆਦਰ ਦਿੱਤਾ ਜਾਣਾ ਚਾਹੀਦਾ ਹੈ।” ਯਿਸੂ ਆਪਣੇ ਰਸੂਲਾਂ ਨੂੰ ਸਲਾਹ ਦੇ ਰਿਹਾ ਸੀ ਕਿ ਉਨ੍ਹਾਂ ਦਾ ਰਵੱਈਆ ਆਮ ਲੋਕਾਂ ਤੋਂ ਉਲਟ ਹੋਣਾ ਚਾਹੀਦਾ ਸੀ।

3. (ੳ) ਛੋਟੇ ਬਣਨ ਦਾ ਕੀ ਮਤਲਬ ਹੈ ਅਤੇ ਅੱਜ ਛੋਟੇ ਬਣਨਾ ਮੁਸ਼ਕਲ ਕਿਉਂ ਹੁੰਦਾ ਹੈ? (ਅ) ਛੋਟੇ ਬਣਨ ਦੇ ਸੰਬੰਧ ਵਿਚ ਕਿਹੜੇ ਸਵਾਲ ਪੈਦਾ ਹੁੰਦੇ ਹਨ?

3 ਇਸ ਆਇਤ ਵਿਚ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਛੋਟਾ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਨਿਮਰ ਇਨਸਾਨ, ਮਾਮੂਲੀ ਇਨਸਾਨ ਜਾਂ ਜਿਸ ਦੀ ਕੋਈ ਔਕਾਤ ਨਾ ਹੋਵੇ। ਯਿਸੂ ਨੇ ਇਕ ਬੱਚੇ ਨੂੰ ਵਰਤ ਕੇ ਆਪਣੇ ਚੇਲਿਆਂ ਨੂੰ ਸਮਝਾਇਆ ਕਿ ਉਨ੍ਹਾਂ ਨੂੰ ਨਿਮਰ ਬਣਨਾ ਚਾਹੀਦਾ ਹੈ ਅਤੇ ਆਪਣੀਆਂ ਹੱਦਾਂ ਵਿਚ ਰਹਿਣਾ ਚਾਹੀਦਾ ਹੈ। ਪਹਿਲੀ ਸਦੀ ਵਾਂਗ ਅੱਜ ਵੀ ਇਹ ਸਲਾਹ ਮਸੀਹੀਆਂ ਉੱਤੇ ਲਾਗੂ ਹੁੰਦੀ ਹੈ। ਕਈ ਵਾਰ ਕੁਝ ਹਾਲਾਤਾਂ ਵਿਚ ਸ਼ਾਇਦ ਸਾਡੇ ਲਈ ਛੋਟੇ ਬਣਨਾ ਮੁਸ਼ਕਲ ਹੋਵੇ। ਇਨਸਾਨ ਦਾ ਕੁਦਰਤੀ ਸੁਭਾਅ ਹੈ ਕਿ ਉਹ ਆਪਣੇ ’ਤੇ ਘਮੰਡ ਕਰਦਾ ਹੈ ਅਤੇ ਵੱਡਾ ਬਣਨਾ ਚਾਹੁੰਦਾ ਹੈ। ਸ਼ੈਤਾਨ ਦੀ ਦੁਨੀਆਂ ਵਿਚ ਰਹਿਣ ਕਰਕੇ ਅਸੀਂ ਸ਼ਾਇਦ ਸੁਆਰਥੀ, ਲੜਾਈ-ਝਗੜਾ ਕਰਨ ਵਾਲੇ ਜਾਂ ਦੂਸਰਿਆਂ ਨੂੰ ਆਪਣੇ ਕੰਟ੍ਰੋਲ ਵਿਚ ਰੱਖਣ ਵਾਲੇ ਬਣ ਜਾਈਏ। ਸੋ ਕਿਹੜੀ ਗੱਲ ਛੋਟੇ ਬਣਨ ਵਿਚ ਸਾਡੀ ਮਦਦ ਕਰ ਸਕਦੀ ਹੈ? ‘ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਣ ਵਾਲਾ ਵੱਡਾ’ ਕਿਵੇਂ ਹੁੰਦਾ ਹੈ? ਅਸੀਂ ਕਿਹੜੇ ਹਾਲਾਤਾਂ ਵਿਚ ਨਿਮਰਤਾ ਦਿਖਾ ਸਕਦੇ ਹਾਂ?

“ਵਾਹ! ਪਰਮੇਸ਼ੁਰ ਦੀਆਂ ਬਰਕਤਾਂ, ਬੁੱਧ ਅਤੇ ਗਿਆਨ ਕਿੰਨਾ ਵਿਸ਼ਾਲ ਹੈ!”

4, 5. ਕਿਹੜੀ ਗੱਲ ਨਿਮਰ ਬਣਨ ਵਿਚ ਸਾਡੀ ਮਦਦ ਕਰ ਸਕਦੀ ਹੈ? ਉਦਾਹਰਣ ਦਿਓ।

4 ਨਿਮਰ ਬਣਨ ਦਾ ਇਕ ਤਰੀਕਾ ਹੈ ਕਿ ਅਸੀਂ ਯਹੋਵਾਹ ਨਾਲ ਆਪਣੀ ਤੁਲਨਾ ਕਰ ਕੇ ਦੇਖੀਏ ਕਿ ਉਹ ਸਾਡੇ ਤੋਂ ਕਿੰਨਾ ਮਹਾਨ ਹੈ। ਬਾਈਬਲ ਕਹਿੰਦੀ ਹੈ ਕਿ “ਉਹ ਦੀ ਸਮਝ ਅਥਾਹ ਹੈ।” (ਯਸਾ. 40:28) ਯਹੋਵਾਹ ਦੀ ਮਹਾਨਤਾ ਬਾਰੇ ਗੱਲ ਕਰਦੇ ਹੋਏ ਪੌਲੁਸ ਰਸੂਲ ਨੇ ਲਿਖਿਆ: “ਵਾਹ! ਪਰਮੇਸ਼ੁਰ ਦੀਆਂ ਬਰਕਤਾਂ, ਬੁੱਧ ਅਤੇ ਗਿਆਨ ਕਿੰਨਾ ਵਿਸ਼ਾਲ ਹੈ! ਉਸ ਦੇ ਫ਼ੈਸਲਿਆਂ ਨੂੰ ਕੌਣ ਜਾਣ ਸਕਦਾ ਹੈ? ਉਸ ਦੇ ਰਾਹਾਂ ਨੂੰ ਕੌਣ ਸਮਝ ਸਕਦਾ ਹੈ?” (ਰੋਮੀ. 11:33) ਪੌਲੁਸ ਨੇ ਇਹ ਗੱਲ ਤਕਰੀਬਨ 2,000 ਸਾਲ ਪਹਿਲਾਂ ਕਹੀ ਸੀ। ਉਦੋਂ ਤੋਂ ਹੁਣ ਤਕ ਇਨਸਾਨ ਨੇ ਆਪਣੇ ਗਿਆਨ ਵਿਚ ਬਹੁਤ ਵਾਧਾ ਕੀਤਾ ਹੈ। ਪਰ ਫਿਰ ਵੀ ਪੌਲੁਸ ਦੀ ਗੱਲ ਅੱਜ ਵੀ ਸੱਚ ਹੈ। ਭਾਵੇਂ ਅਸੀਂ ਜਿੰਨਾ ਮਰਜ਼ੀ ਗਿਆਨ ਲੈ ਲਈਏ, ਫਿਰ ਵੀ ਸਾਨੂੰ ਨਿਮਰ ਬਣ ਕੇ ਇਹ ਗੱਲ ਸਵੀਕਾਰ ਕਰਨੀ ਚਾਹੀਦੀ ਹੈ ਕਿ ਅਸੀਂ ਯਹੋਵਾਹ, ਉਸ ਦੇ ਕੰਮਾਂ ਅਤੇ ਉਸ ਦੇ ਰਾਹਾਂ ਬਾਰੇ ਸਾਰਾ ਕੁਝ ਨਹੀਂ ਜਾਣ ਸਕਦੇ।

5 ਲੀਓ * ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਅਸੀਂ ਪਰਮੇਸ਼ੁਰ ਦੇ ਰਾਹਾਂ ਬਾਰੇ ਸਭ ਕੁਝ ਨਹੀਂ ਜਾਣ ਸਕਦੇ। ਇਸ ਗੱਲ ਨੇ ਉਸ ਦੀ ਛੋਟਾ ਬਣਨ ਵਿਚ ਮਦਦ ਕੀਤੀ। ਜਦੋਂ ਉਹ ਜਵਾਨ ਸੀ, ਤਾਂ ਉਸ ਨੂੰ ਸਾਇੰਸ ਵਿਚ ਬਹੁਤ ਦਿਲਚਸਪੀ ਸੀ। ਉਹ ਬ੍ਰਹਿਮੰਡ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਣਾ ਚਾਹੁੰਦਾ ਸੀ, ਇਸ ਕਰਕੇ ਉਸ ਨੇ ਖਗੋਲ-ਵਿਗਿਆਨ ਦਾ ਵਿਸ਼ਾ ਲਿਆ ਜਿਸ ਵਿਚ ਸੂਰਜ, ਚੰਦ, ਤਾਰਿਆਂ ਤੇ ਗ੍ਰਹਿਆਂ ਦਾ ਅਧਿਐਨ ਕੀਤਾ ਜਾਂਦਾ ਹੈ। ਪਰ ਉਸ ਨੇ ਕਿਹਾ: “ਪੜ੍ਹਾਈ ਕਰਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਸਾਇੰਸ ਦੀ ਮਦਦ ਨਾਲ ਵੀ ਇਨਸਾਨ ਬ੍ਰਹਿਮੰਡ ਬਾਰੇ ਸਾਰਾ ਕੁਝ ਨਹੀਂ ਜਾਣ ਸਕਦੇ। ਇਸ ਕਰਕੇ ਮੈਂ ਕਾਨੂੰਨ ਦੀ ਪੜ੍ਹਾਈ ਕਰਨ ਲੱਗ ਪਿਆ।” ਫਿਰ ਲੀਓ ਵਕੀਲ ਬਣ ਗਿਆ ਤੇ ਬਾਅਦ ਵਿਚ ਜੱਜ। ਅਖ਼ੀਰ ਉਸ ਨੇ ਤੇ ਉਸ ਦੀ ਪਤਨੀ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕੀਤੀ, ਉਹ ਸੱਚਾਈ ਵਿਚ ਆਏ ਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਪਰਮੇਸ਼ੁਰ ਨੂੰ ਸਮਰਪਿਤ ਕੀਤੀ। ਭਾਵੇਂ ਲੀਓ ਇੰਨਾ ਪੜ੍ਹਿਆ-ਲਿਖਿਆ ਸੀ, ਫਿਰ ਵੀ ਕਿਹੜੀ ਗੱਲ ਨੇ ਉਸ ਦੀ ਛੋਟਾ ਬਣਨ ਵਿਚ ਮਦਦ ਕੀਤੀ? ਉਹ ਕਹਿੰਦਾ ਹੈ: “ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਅਸੀਂ ਯਹੋਵਾਹ ਅਤੇ ਬ੍ਰਹਿਮੰਡ ਬਾਰੇ ਜਿੰਨਾ ਮਰਜ਼ੀ ਸਿੱਖ ਲਈਏ, ਫਿਰ ਵੀ ਅਸੀਂ ਸਾਰਾ ਕੁਝ ਸਿੱਖ ਨਹੀਂ ਸਕਦੇ।”

6, 7. (ੳ) ਯਹੋਵਾਹ ਨੇ ਨਿਮਰਤਾ ਦੀ ਵਧੀਆ ਮਿਸਾਲ ਕਿਵੇਂ ਕਾਇਮ ਕੀਤੀ ਹੈ? (ਅ) ਯਹੋਵਾਹ ਦੀ ਨਿਮਰਤਾ ਸਾਨੂੰ “ਵੱਡਾ” ਕਿਵੇਂ ਬਣਾ ਸਕਦੀ ਹੈ?

6 ਇਹ ਗੱਲ ਵੀ ਨਿਮਰ ਬਣਨ ਵਿਚ ਸਾਡੀ ਮਦਦ ਕਰ ਸਕਦੀ ਹੈ ਕਿ ਯਹੋਵਾਹ ਵੀ ਨਿਮਰਤਾ ਦਿਖਾਉਂਦਾ ਹੈ। ਇਸ ਗੱਲ ਵੱਲ ਧਿਆਨ ਦਿਓ: “ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ।” (1 ਕੁਰਿੰ. 3:9) ਜ਼ਰਾ ਸੋਚੋ! ਯਹੋਵਾਹ ਅੱਤ ਮਹਾਨ ਪਰਮੇਸ਼ੁਰ ਹੈ, ਫਿਰ ਵੀ ਉਹ ਸਾਨੂੰ ਆਪਣੇ ਨਾਲ ਕੰਮ ਕਰਨ ਦਾ ਸਨਮਾਨ ਦਿੰਦਾ ਹੈ। ਉਸ ਨੇ ਸਾਨੂੰ ਆਪਣਾ ਬਚਨ ਬਾਈਬਲ ਵਰਤ ਕੇ ਪ੍ਰਚਾਰ ਕਰਨ ਦਾ ਮੌਕਾ ਦਿੱਤਾ ਹੈ। ਭਾਵੇਂ ਕਿ ਯਹੋਵਾਹ ਹੀ ਉਨ੍ਹਾਂ ਬੀਆਂ ਨੂੰ ਵਧਾਉਂਦਾ ਹੈ ਜਿਹੜੇ ਅਸੀਂ ਬੀਜਦੇ ਹਾਂ ਅਤੇ ਜਿਨ੍ਹਾਂ ਨੂੰ ਪਾਣੀ ਦਿੰਦੇ ਹਾਂ, ਫਿਰ ਵੀ ਉਹ ਸਾਨੂੰ ਇਸ ਕੰਮ ਵਿਚ ਆਪਣੇ ਸਾਂਝੀ ਸਮਝਦਾ ਹੈ। (1 ਕੁਰਿੰ. 3:6, 7) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿੰਨਾ ਹੀ ਨਿਮਰ ਹੈ। ਯਹੋਵਾਹ ਦੀ ਮਿਸਾਲ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਛੋਟੇ ਬਣਨ ਦੀ ਪੂਰੀ ਕੋਸ਼ਿਸ਼ ਕਰੀਏ।

7 ਯਹੋਵਾਹ ਦੀ ਨਿਮਰਤਾ ਦੀ ਮਿਸਾਲ ਦਾ ਦਾਊਦ ਉੱਤੇ ਡੂੰਘਾ ਪ੍ਰਭਾਵ ਪਿਆ। ਉਸ ਨੇ ਇਕ ਗੀਤ ਵਿਚ ਯਹੋਵਾਹ ਬਾਰੇ ਕਿਹਾ: “ਤੈਂ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ, ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ।” (2 ਸਮੂ. 22:36) ਦਾਊਦ ਨੇ ਮੰਨਿਆ ਕਿ ਯਹੋਵਾਹ ਦੀ ਨਿਮਰਤਾ ਕਰਕੇ ਹੀ ਉਸ ਨੂੰ ਇਜ਼ਰਾਈਲ ਵਿਚ ਇੰਨੀ ਵਡਿਆਈ ਮਿਲੀ ਸੀ ਕਿਉਂਕਿ ਯਹੋਵਾਹ ਨੇ ਨੀਵਾਂ ਹੋ ਕੇ ਉਸ ਵੱਲ ਧਿਆਨ ਦਿੱਤਾ ਅਤੇ ਉਸ ਦੀ ਮਦਦ ਕੀਤੀ। (ਜ਼ਬੂ. 113:5-7) ਇਹ ਗੱਲ ਸਾਡੇ ’ਤੇ ਵੀ ਲਾਗੂ ਹੁੰਦੀ ਹੈ। ਜੇ ਅਸੀਂ ਆਪਣੇ ਗੁਣਾਂ, ਕਾਬਲੀਅਤਾਂ ਤੇ ਸਨਮਾਨਾਂ ਦੀ ਗੱਲ ਕਰੀਏ, ਤਾਂ ਸਾਡੇ ਕੋਲ ਕਿਹੜੀ ਚੀਜ਼ ਹੈ ਜੋ ਸਾਨੂੰ ਯਹੋਵਾਹ ਤੋਂ ਨਹੀਂ ਮਿਲੀ ਹੈ? (1 ਕੁਰਿੰ. 4:7) ਆਪਣੇ ਆਪ ਨੂੰ ਛੋਟਾ ਸਮਝਣ ਵਾਲਾ ਇਨਸਾਨ ਇਸ ਅਰਥ ਵਿਚ “ਵੱਡਾ” ਹੁੰਦਾ ਹੈ ਕਿ ਯਹੋਵਾਹ ਉਸ ਨੂੰ ਆਪਣੀ ਸੇਵਾ ਵਿਚ ਇਸਤੇਮਾਲ ਕਰਦਾ ਹੈ। (ਲੂਕਾ 9:48) ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ? ਆਓ ਦੇਖੀਏ।

‘ਤੁਹਾਡੇ ਵਿੱਚੋਂ ਛੋਟਾ ਹੀ ਵੱਡਾ ਹੈ’

8. ਨਿਮਰ ਹੋਣ ਕਰਕੇ ਯਹੋਵਾਹ ਦੇ ਸੰਗਠਨ ਪ੍ਰਤੀ ਸਾਡਾ ਕੀ ਰਵੱਈਆ ਹੋਵੇਗਾ?

8 ਨਿਮਰ ਹੋਣ ਕਰਕੇ ਹੀ ਅਸੀਂ ਪਰਮੇਸ਼ੁਰ ਦੇ ਸੰਗਠਨ ਵਿਚ ਖ਼ੁਸ਼ ਰਹਿ ਸਕਦੇ ਹਾਂ ਅਤੇ ਮੰਡਲੀ ਦੇ ਪ੍ਰਬੰਧ ਨੂੰ ਸਹਿਯੋਗ ਦੇ ਸਕਦੇ ਹਾਂ। ਉਦਾਹਰਣ ਲਈ, ਪ੍ਰਿਆ ਨਾਂ ਦੀ ਕੁੜੀ ਦੇ ਮਾਤਾ-ਪਿਤਾ ਨੇ ਉਸ ਨੂੰ ਯਹੋਵਾਹ ਬਾਰੇ ਸਿਖਾਇਆ ਸੀ। ਪਰ ਉਹ ਬਾਈਬਲ ਮੁਤਾਬਕ ਚੱਲਣ ਦੀ ਬਜਾਇ ਆਪਣੀ ਮਰਜ਼ੀ ਕਰਨਾ ਚਾਹੁੰਦੀ ਸੀ, ਇਸ ਲਈ ਉਸ ਨੇ ਮੰਡਲੀ ਵਿਚ ਆਉਣਾ ਛੱਡ ਦਿੱਤਾ। ਕਈ ਸਾਲਾਂ ਬਾਅਦ ਉਹ ਦੁਬਾਰਾ ਮੰਡਲੀ ਵਿਚ ਆਉਣ ਲੱਗ ਪਈ। ਉਹ ਹੁਣ ਯਹੋਵਾਹ ਦੇ ਸੰਗਠਨ ਵਿਚ ਆ ਕੇ ਖ਼ੁਸ਼ ਹੈ ਅਤੇ ਦਿਲੋਂ ਮੰਡਲੀ ਦੇ ਪ੍ਰਬੰਧ ਨੂੰ ਸਹਿਯੋਗ ਦਿੰਦੀ ਹੈ। ਉਸ ਦਾ ਰਵੱਈਆ ਕਿਵੇਂ ਬਦਲਿਆ? ਉਹ ਦੱਸਦੀ ਹੈ: “ਮੇਰੇ ਵਿਚ ਨਿਮਰਤਾ ਦੀ ਘਾਟ ਸੀ ਅਤੇ ਮੈਨੂੰ ਆਪਣੀਆਂ ਹੱਦਾਂ ਦੀ ਪਛਾਣ ਨਹੀਂ ਸੀ। ਸੋ ਯਹੋਵਾਹ ਦੇ ਸੰਗਠਨ ਵਿਚ ਖ਼ੁਸ਼ੀ ਪਾਉਣ ਲਈ ਜ਼ਰੂਰੀ ਸੀ ਕਿ ਮੈਂ ਨਿਮਰ ਰਹਾਂ ਤੇ ਆਪਣੀਆਂ ਹੱਦਾਂ ਨੂੰ ਪਛਾਣਾਂ।”

9. ਨਿਮਰ ਇਨਸਾਨ ਦਾ ਬਾਈਬਲ ਅਤੇ ਪ੍ਰਕਾਸ਼ਨਾਂ ਪ੍ਰਤੀ ਕੀ ਰਵੱਈਆ ਹੁੰਦਾ ਹੈ ਅਤੇ ਉਸ ਨੂੰ ਇਸ ਰਵੱਈਏ ਦਾ ਕੀ ਫ਼ਾਇਦਾ ਹੁੰਦਾ ਹੈ?

9 ਨਿਮਰ ਇਨਸਾਨ ਯਹੋਵਾਹ ਵੱਲੋਂ ਦਿੱਤੇ ਜਾਂਦੇ ਗਿਆਨ ਅਤੇ ਹੋਰ ਸਾਰੇ ਪ੍ਰਬੰਧਾਂ ਦੀ ਦਿਲੋਂ ਕਦਰ ਕਰਦਾ ਹੈ। ਇਸ ਲਈ ਉਹ ਬਾਈਬਲ ਦਾ ਡੂੰਘਾਈ ਨਾਲ ਅਧਿਐਨ ਕਰਦਾ ਹੈ ਅਤੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਨੂੰ ਧਿਆਨ ਨਾਲ ਪੜ੍ਹਦਾ ਹੈ। ਉਹ ਨਵੇਂ ਪ੍ਰਕਾਸ਼ਨ ਲੈ ਕੇ ਰੱਖ ਹੀ ਨਹੀਂ ਦਿੰਦਾ, ਸਗੋਂ ਯਹੋਵਾਹ ਦੇ ਹੋਰ ਵਫ਼ਾਦਾਰ ਸੇਵਕਾਂ ਵਾਂਗ ਉਨ੍ਹਾਂ ਪ੍ਰਕਾਸ਼ਨਾਂ ਨੂੰ ਪੜ੍ਹਦਾ ਵੀ ਹੈ। ਜਦੋਂ ਅਸੀਂ ਨਿਮਰ ਹੋ ਕੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਪੜ੍ਹਦੇ ਹਾਂ, ਤਾਂ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕਰਦੇ ਹਾਂ ਅਤੇ ਉਹ ਸਾਨੂੰ ਆਪਣੀ ਸੇਵਾ ਵਿਚ ਹੋਰ ਜ਼ਿਆਦਾ ਇਸਤੇਮਾਲ ਕਰ ਸਕਦਾ ਹੈ।—ਇਬ. 5:13, 14.

10. ਅਸੀਂ ਮੰਡਲੀ ਵਿਚ ਛੋਟੇ ਕਿਵੇਂ ਬਣ ਸਕਦੇ ਹਾਂ?

10 ਜਿਹੜਾ ਇਨਸਾਨ ਆਪਣੇ ਆਪ ਨੂੰ ਛੋਟਾ ਬਣਾਉਂਦਾ ਹੈ, ਉਹ ਇਕ ਹੋਰ ਅਰਥ ਵਿਚ “ਵੱਡਾ” ਹੁੰਦਾ ਹੈ। ਹਰ ਮੰਡਲੀ ਵਿਚ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਕਾਬਲ ਭਰਾਵਾਂ ਨੂੰ ਨਿਗਾਹਬਾਨ ਨਿਯੁਕਤ ਕੀਤਾ ਜਾਂਦਾ ਹੈ। ਉਹ ਸਭਾਵਾਂ, ਪ੍ਰਚਾਰ ਤੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਦੇ ਪ੍ਰਬੰਧ ਕਰਦੇ ਹਨ। ਜਦੋਂ ਅਸੀਂ ਛੋਟੇ ਬਣ ਕੇ ਇਨ੍ਹਾਂ ਪ੍ਰਬੰਧਾਂ ਦਾ ਖ਼ੁਸ਼ੀ-ਖ਼ੁਸ਼ੀ ਸਮਰਥਨ ਕਰਦੇ ਹਾਂ, ਤਾਂ ਅਸੀਂ ਮੰਡਲੀ ਦੀ ਖ਼ੁਸ਼ੀ, ਸ਼ਾਂਤੀ ਤੇ ਏਕਤਾ ਨੂੰ ਵਧਾਉਂਦੇ ਹਾਂ। (ਇਬਰਾਨੀਆਂ 13:7, 17 ਪੜ੍ਹੋ।) ਜੇ ਤੁਸੀਂ ਬਜ਼ੁਰਗ ਜਾਂ ਸਹਾਇਕ ਸੇਵਕ ਵਜੋਂ ਸੇਵਾ ਕਰ ਰਹੇ ਹੋ, ਤਾਂ ਕੀ ਤੁਹਾਨੂੰ ਨਿਮਰਤਾ ਨਾਲ ਯਹੋਵਾਹ ਦੇ ਧੰਨਵਾਦੀ ਨਹੀਂ ਹੋਣਾ ਚਾਹੀਦਾ ਕਿ ਉਸ ਨੇ ਤੁਹਾਨੂੰ ਇੰਨਾ ਵੱਡਾ ਸਨਮਾਨ ਦਿੱਤਾ ਹੈ?

11, 12. ਕਿਹੜਾ ਰਵੱਈਆ ਸਾਨੂੰ ਯਹੋਵਾਹ ਦੇ ਸੰਗਠਨ ਵਿਚ ਜ਼ਿਆਦਾ ਕੰਮ ਕਰਨ ਦੇ ਯੋਗ ਬਣਾਉਂਦਾ ਹੈ ਅਤੇ ਕਿਉਂ?

11 ਆਪਣੇ ਆਪ ਨੂੰ ਛੋਟਾ ਸਮਝਣ ਵਾਲਾ ਮਸੀਹੀ ਯਹੋਵਾਹ ਦੇ ਸੰਗਠਨ ਵਿਚ ਜ਼ਿਆਦਾ ਕੰਮ ਕਰਨ ਦੇ ਯੋਗ ਹੁੰਦਾ ਹੈ ਕਿਉਂਕਿ ਉਸ ਦੇ ਨਿਮਰ ਰਵੱਈਏ ਕਰਕੇ ਹੋਰ ਭੈਣ-ਭਰਾ ਉਸ ਕੋਲ ਆਉਣਾ ਪਸੰਦ ਕਰਦੇ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਛੋਟੇ ਬਣਨ ਲਈ ਕਿਹਾ ਸੀ ਕਿਉਂਕਿ ਉਨ੍ਹਾਂ ਵਿੱਚੋਂ ਕੁਝ ਜਣੇ ਦੁਨੀਆਂ ਦੇ ਲੋਕਾਂ ਵਾਂਗ ਘਮੰਡੀ ਬਣ ਗਏ ਸਨ। ਇਸ ਕਰਕੇ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਸਮਝਣ ਲੱਗ ਪਏ ਸਨ। (ਲੂਕਾ 9:46) ਕੀ ਅਸੀਂ ਤਾਂ ਨਹੀਂ ਸੋਚਣ ਲੱਗ ਪਏ ਹਾਂ ਕਿ ਅਸੀਂ ਕਈ ਗੱਲਾਂ ਵਿਚ ਆਪਣੇ ਭੈਣਾਂ-ਭਰਾਵਾਂ ਨਾਲੋਂ ਜਾਂ ਆਮ ਲੋਕਾਂ ਨਾਲੋਂ ਵੱਡੇ ਹਾਂ? ਦੁਨੀਆਂ ਵਿਚ ਬਹੁਤ ਸਾਰੇ ਲੋਕ ਹੰਕਾਰੀ ਤੇ ਸੁਆਰਥੀ ਹਨ। ਆਓ ਆਪਾਂ ਨਿਮਰ ਬਣ ਕੇ ਅਜਿਹੇ ਰਵੱਈਏ ਤੋਂ ਬਚੇ ਰਹੀਏ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਅਤੇ ਯਹੋਵਾਹ ਦੀ ਇੱਛਾ ਨੂੰ ਪਹਿਲ ਦਿੰਦੇ ਹਾਂ, ਤਾਂ ਭੈਣ-ਭਰਾ ਸਾਡੇ ਕੋਲ ਆਉਣਾ ਪਸੰਦ ਕਰਨਗੇ।

12 ਜਦੋਂ ਅਸੀਂ ਛੋਟਾ ਬਣਨ ਦੀ ਯਿਸੂ ਦੀ ਸਲਾਹ ਨੂੰ ਸਮਝ ਜਾਂਦੇ ਹਾਂ, ਤਾਂ ਸਾਨੂੰ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਨਿਮਰ ਬਣਨ ਦੀ ਪ੍ਰੇਰਣਾ ਮਿਲਦੀ ਹੈ। ਆਓ ਆਪਾਂ ਤਿੰਨ ਹਾਲਾਤਾਂ ਬਾਰੇ ਗੱਲ ਕਰੀਏ।

ਛੋਟਾ ਬਣਨ ਦੀ ਕੋਸ਼ਿਸ਼ ਕਰੋ

13, 14. ਪਤੀ-ਪਤਨੀ ਕਿਵੇਂ ਛੋਟੇ ਬਣ ਸਕਦੇ ਹਨ ਅਤੇ ਇਸ ਦਾ ਉਨ੍ਹਾਂ ਦੇ ਵਿਆਹੁਤਾ ਰਿਸ਼ਤੇ ਉੱਤੇ ਕੀ ਅਸਰ ਪੈ ਸਕਦਾ ਹੈ?

13ਵਿਆਹੁਤਾ ਰਿਸ਼ਤੇ ਵਿਚ। ਅੱਜ ਜ਼ਿਆਦਾ ਲੋਕਾਂ ਨੂੰ ਆਪਣੇ ਹੱਕਾਂ ਦੀ ਹੀ ਪਈ ਰਹਿੰਦੀ ਹੈ ਅਤੇ ਉਹ ਆਪਣੇ ਹੱਕ ਹਾਸਲ ਕਰਨ ਲਈ ਦੂਜਿਆਂ ਦੇ ਹੱਕਾਂ ਦਾ ਧਿਆਨ ਨਹੀਂ ਰੱਖਦੇ। ਪਰ ਜਿਹੜਾ ਇਨਸਾਨ ਆਪਣੇ ਆਪ ਨੂੰ ਛੋਟਾ ਸਮਝਦਾ ਹੈ, ਉਹ ਪੌਲੁਸ ਦੀ ਸਲਾਹ ’ਤੇ ਚੱਲਦਾ ਹੈ। ਰੋਮ ਦੇ ਮਸੀਹੀਆਂ ਨੂੰ ਲਿਖੀ ਚਿੱਠੀ ਵਿਚ ਉਸ ਨੇ ਕਿਹਾ: “ਆਓ ਆਪਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਅਤੇ ਇਕ-ਦੂਜੇ ਨੂੰ ਹੌਸਲਾ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ।” (ਰੋਮੀ. 14:19) ਆਪਣੇ ਆਪ ਨੂੰ ਛੋਟਾ ਸਮਝਣ ਵਾਲਾ ਇਨਸਾਨ ਹਰ ਇਕ ਨਾਲ ਸ਼ਾਂਤੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਖ਼ਾਸ ਕਰਕੇ ਆਪਣੇ ਵਿਆਹੁਤਾ ਸਾਥੀ ਨਾਲ।

14 ਮਿਸਾਲ ਲਈ, ਪਤੀ-ਪਤਨੀ ਦੋਵਾਂ ਦੇ ਸ਼ੌਂਕ ਵੱਖੋ-ਵੱਖਰੇ ਹੋ ਸਕਦੇ ਹਨ। ਪਤੀ ਨੂੰ ਸ਼ਾਇਦ ਵਿਹਲੇ ਸਮੇਂ ਘਰ ਬੈਠ ਕੇ ਆਰਾਮ ਕਰਨਾ ਪਸੰਦ ਹੋਵੇ ਤੇ ਪਤਨੀ ਨੂੰ ਸ਼ਾਇਦ ਕਿਤੇ ਘੁੰਮਣ-ਫਿਰਨ ਜਾਣਾ ਪਸੰਦ ਹੋਵੇ। ਪਤਨੀ ਲਈ ਆਪਣੇ ਪਤੀ ਦਾ ਆਦਰ ਕਰਨਾ ਕਿੰਨਾ ਆਸਾਨ ਹੋਵੇਗਾ ਜਦੋਂ ਉਹ ਦੇਖੇਗੀ ਕਿ ਉਸ ਦਾ ਪਤੀ ਨਿਮਰਤਾ ਨਾਲ ਪੇਸ਼ ਆਉਂਦਾ ਹੈ ਅਤੇ ਆਪਣੇ ਬਾਰੇ ਸੋਚਣ ਦੀ ਬਜਾਇ ਉਸ ਦੀ ਪਸੰਦ ਤੇ ਨਾਪਸੰਦ ਦਾ ਪੂਰਾ ਧਿਆਨ ਰੱਖਦਾ ਹੈ। ਅਤੇ ਪਤੀ ਲਈ ਆਪਣੀ ਪਤਨੀ ਨੂੰ ਪਿਆਰ ਕਰਨਾ ਤੇ ਉਸ ਦੀ ਕਦਰ ਕਰਨੀ ਕਿੰਨੀ ਆਸਾਨ ਹੋਵੇਗੀ ਜਦੋਂ ਉਹ ਦੇਖਦਾ ਹੈ ਕਿ ਉਹ ਹਮੇਸ਼ਾ ਆਪਣੀ ਹੀ ਗੱਲ ਮਨਵਾਉਣ ਦੀ ਕੋਸ਼ਿਸ਼ ਨਹੀਂ ਕਰਦੀ, ਸਗੋਂ ਉਸ ਦੀ ਪਸੰਦ ਦਾ ਵੀ ਧਿਆਨ ਰੱਖਦੀ ਹੈ। ਜਦੋਂ ਦੋਵੇਂ ਪਤੀ-ਪਤਨੀ ਛੋਟਾ ਬਣਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਦਾ ਵਿਆਹੁਤਾ ਰਿਸ਼ਤਾ ਮਜ਼ਬੂਤ ਹੁੰਦਾ ਹੈ।—ਫ਼ਿਲਿੱਪੀਆਂ 2:1-4 ਪੜ੍ਹੋ।

15, 16. ਜ਼ਬੂਰ 131 ਵਿਚ ਦਾਊਦ ਨੇ ਕਿਹੋ ਜਿਹਾ ਰਵੱਈਆ ਪੈਦਾ ਕਰਨ ਦੀ ਸਲਾਹ ਦਿੱਤੀ ਸੀ ਅਤੇ ਇਸ ਸਲਾਹ ਮੁਤਾਬਕ ਚੱਲਣ ਕਰਕੇ ਮੰਡਲੀ ਵਿਚ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ?

15ਮੰਡਲੀ ਵਿਚ। ਦੁਨੀਆਂ ਵਿਚ ਜ਼ਿਆਦਾਤਰ ਲੋਕ ਆਪਣੀਆਂ ਇੱਛਾਵਾਂ ਤੁਰੰਤ ਪੂਰੀਆਂ ਕਰਨ ਵਿਚ ਹੀ ਲੱਗੇ ਰਹਿੰਦੇ ਹਨ। ਉਨ੍ਹਾਂ ਲਈ ਧੀਰਜ ਰੱਖਣਾ ਤੇ ਉਡੀਕ ਕਰਨੀ ਬਹੁਤ ਮੁਸ਼ਕਲ ਹੈ। ਜੇ ਅਸੀਂ ਆਪਣੇ ਆਪ ਨੂੰ ਛੋਟੇ ਸਮਝਦੇ ਹਾਂ, ਤਾਂ ਅਸੀਂ ਯਹੋਵਾਹ ਉੱਤੇ ਆਸ਼ਾ ਰੱਖਦੇ ਹੋਏ ਉਡੀਕ ਕਰਾਂਗੇ। (ਜ਼ਬੂਰਾਂ ਦੀ ਪੋਥੀ 131:1-3 ਪੜ੍ਹੋ।) ਨਿਮਰ ਰਹਿ ਕੇ ਯਹੋਵਾਹ ਦੀ ਉਡੀਕ ਕਰਨ ਨਾਲ ਸਾਨੂੰ ਖ਼ੁਸ਼ੀ, ਸਕੂਨ ਤੇ ਬਰਕਤਾਂ ਮਿਲਣਗੀਆਂ। ਇਸੇ ਕਰਕੇ ਦਾਊਦ ਨੇ ਇਜ਼ਰਾਈਲੀਆਂ ਨੂੰ ਧੀਰਜ ਰੱਖਣ ਅਤੇ ਯਹੋਵਾਹ ਦੀ ਉਡੀਕ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ।

16 ਤੁਹਾਨੂੰ ਵੀ ਦਿਲਾਸਾ ਮਿਲੇਗਾ ਜੇ ਤੁਸੀਂ ਨਿਮਰਤਾ ਨਾਲ ਯਹੋਵਾਹ ਦੀ ਉਡੀਕ ਕਰੋਗੇ। (ਜ਼ਬੂ. 42:5) ਸ਼ਾਇਦ ਤੁਹਾਡੇ ਵਿਚ “ਚੰਗਾ ਕੰਮ ਕਰਨ ਦੀ ਤਮੰਨਾ ਹੈ,” ਇਸ ਲਈ ਤੁਸੀਂ ‘ਨਿਗਾਹਬਾਨ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼ ਕਰ’ ਰਹੇ ਹੋ। (1 ਤਿਮੋ. 3:1-7) ਇਹ ਸੱਚ ਹੈ ਕਿ ਪਵਿੱਤਰ ਸ਼ਕਤੀ ਦੀ ਮਦਦ ਨਾਲ ਤੁਹਾਡੇ ਲਈ ਆਪਣੇ ਵਿਚ ਉਹ ਗੁਣ ਪੈਦਾ ਕਰਨੇ ਜ਼ਰੂਰੀ ਹਨ ਜੋ ਇਕ ਬਜ਼ੁਰਗ ਵਿਚ ਹੋਣੇ ਚਾਹੀਦੇ ਹਨ। ਪਰ ਜੇ ਬਜ਼ੁਰਗ ਬਣਨ ਲਈ ਤੁਹਾਨੂੰ ਦੂਸਰਿਆਂ ਨਾਲੋਂ ਜ਼ਿਆਦਾ ਸਮਾਂ ਲੱਗਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜਿਹੜਾ ਮਸੀਹੀ ਆਪਣੇ ਆਪ ਨੂੰ ਛੋਟਾ ਸਮਝਦਾ ਹੈ, ਉਹ ਪਰਮੇਸ਼ੁਰ ਦੀ ਸੇਵਾ ਵਿਚ ਕੋਈ ਵੀ ਸਨਮਾਨ ਹਾਸਲ ਕਰਨ ਲਈ ਧੀਰਜ ਨਾਲ ਉਡੀਕ ਕਰਦਾ ਹੈ। ਇਸ ਕਰਕੇ ਉਹ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰਦਾ ਰਹੇਗਾ ਅਤੇ ਉਸ ਨੂੰ ਮੰਡਲੀ ਵਿਚ ਜੋ ਵੀ ਕੰਮ ਮਿਲਦਾ ਹੈ, ਉਹ ਉਸ ਨੂੰ ਖ਼ੁਸ਼ੀ-ਖ਼ੁਸ਼ੀ ਕਰੇਗਾ।

17, 18. (ੳ) ਮਾਫ਼ੀ ਮੰਗਣ ਅਤੇ ਦੂਸਰਿਆਂ ਨੂੰ ਮਾਫ਼ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ? (ਅ) ਕਹਾਉਤਾਂ 6:1-5 ਵਿਚ ਕੀ ਸਲਾਹ ਦਿੱਤੀ ਗਈ ਹੈ?

17ਦੂਸਰਿਆਂ ਨਾਲ ਪੇਸ਼ ਆਉਂਦੇ ਵੇਲੇ। ਜ਼ਿਆਦਾਤਰ ਲੋਕਾਂ ਲਈ ਮਾਫ਼ੀ ਮੰਗਣੀ ਮੁਸ਼ਕਲ ਹੁੰਦੀ ਹੈ। ਪਰ ਪਰਮੇਸ਼ੁਰ ਦੇ ਸੇਵਕ ਛੋਟੇ ਬਣ ਕੇ ਆਪਣੀਆਂ ਗ਼ਲਤੀਆਂ ਕਬੂਲ ਕਰਦੇ ਹਨ ਅਤੇ ਮਾਫ਼ੀ ਮੰਗਦੇ ਹਨ। ਉਹ ਦੂਸਰਿਆਂ ਦੀਆਂ ਗ਼ਲਤੀਆਂ ਵੀ ਮਾਫ਼ ਕਰਦੇ ਹਨ। ਘਮੰਡ ਕਰਕੇ ਪਾੜ ਪੈਂਦੇ ਹਨ ਅਤੇ ਝਗੜੇ ਹੁੰਦੇ ਹਨ, ਪਰ ਮਾਫ਼ ਕਰਨ ਨਾਲ ਮੰਡਲੀ ਵਿਚ ਸ਼ਾਂਤੀ ਅਤੇ ਏਕਤਾ ਹੁੰਦੀ ਹੈ।

18 ਸਾਨੂੰ ਸ਼ਾਇਦ ਉਦੋਂ ਵੀ ‘ਨੀਵੇਂ ਹੋ ਕੇ’ ਮਾਫ਼ੀ ਮੰਗਣ ਦੀ ਲੋੜ ਹੋਵੇ ਜਦੋਂ ਅਸੀਂ ਕਿਸੇ ਨਾਲ ਕੋਈ ਵਾਅਦਾ ਕੀਤਾ ਹੈ, ਪਰ ਕਿਸੇ ਜਾਇਜ਼ ਕਾਰਨ ਕਰਕੇ ਉਸ ਵਾਅਦੇ ਨੂੰ ਪੂਰਾ ਨਹੀਂ ਕਰ ਪਾਉਂਦੇ। ਹੋ ਸਕਦਾ ਹੈ ਕਿ ਜਿਸ ਨਾਲ ਵਾਅਦਾ ਕੀਤਾ ਸੀ ਕੁਝ ਹੱਦ ਤਕ ਉਸ ਦਾ ਵੀ ਕਸੂਰ ਹੋਵੇ। ਪਰ ਨਿਮਰ ਮਸੀਹੀ ਉਸ ਨੂੰ ਕਸੂਰਵਾਰ ਠਹਿਰਾਉਣ ਦੀ ਬਜਾਇ ਆਪਣੀ ਗ਼ਲਤੀ ਕਬੂਲ ਕਰੇਗਾ।—ਕਹਾਉਤਾਂ 6:1-5 ਪੜ੍ਹੋ।

19. ਕਿਨ੍ਹਾਂ ਕਾਰਨਾਂ ਕਰਕੇ ਸਾਨੂੰ ਬਾਈਬਲ ਵਿਚ ਛੋਟੇ ਬਣਨ ਦੀ ਸਲਾਹ ਉੱਤੇ ਚੱਲਣਾ ਚਾਹੀਦਾ ਹੈ?

19 ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਬਾਈਬਲ ਵਿਚ ਸਾਨੂੰ ਛੋਟੇ ਬਣਨ ਦੀ ਸਲਾਹ ਦਿੱਤੀ ਗਈ ਹੈ। ਭਾਵੇਂ ਕਈ ਵਾਰ ਛੋਟੇ ਬਣਨਾ ਮੁਸ਼ਕਲ ਹੁੰਦਾ ਹੈ, ਪਰ ਜਦੋਂ ਅਸੀਂ ਦੇਖਦੇ ਹਾਂ ਕਿ ਪਰਮੇਸ਼ੁਰ ਸਾਡੇ ਤੋਂ ਕਿੰਨਾ ਮਹਾਨ ਹੈ ਅਤੇ ਉਹ ਸਾਡੇ ਨਾਲ ਕਿੰਨੀ ਨਿਮਰਤਾ ਨਾਲ ਪੇਸ਼ ਆਉਂਦਾ ਹੈ, ਤਾਂ ਸਾਨੂੰ ਨਿਮਰ ਬਣਨ ਦੀ ਪ੍ਰੇਰਣਾ ਮਿਲੇਗੀ। ਇਸ ਕਰਕੇ ਪਰਮੇਸ਼ੁਰ ਸਾਨੂੰ ਆਪਣੀ ਸੇਵਾ ਵਿਚ ਹੋਰ ਜ਼ਿਆਦਾ ਇਸਤੇਮਾਲ ਕਰ ਸਕੇਗਾ। ਇਸ ਲਈ ਆਓ ਆਪਾਂ ਸਾਰੇ ਛੋਟੇ ਬਣੀਏ।

[ਫੁਟਨੋਟ]

^ ਪੈਰਾ 5 ਕੁਝ ਨਾਂ ਬਦਲੇ ਗਏ ਹਨ।

[ਸਵਾਲ]

[ਸਫ਼ਾ 16 ਉੱਤੇ ਤਸਵੀਰ]

ਯਹੋਵਾਹ ਨੇ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਸਨਮਾਨ ਦਿੱਤਾ ਹੈ

[ਸਫ਼ਾ 19 ਉੱਤੇ ਤਸਵੀਰ]

ਤੁਹਾਡੇ ਕੋਲ ਆਪਣੇ ਆਪ ਨੂੰ ਛੋਟਾ ਬਣਾਉਣ ਦੇ ਕਿਹੜੇ ਮੌਕੇ ਹਨ?