Skip to content

Skip to table of contents

ਯਹੋਵਾਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ

ਯਹੋਵਾਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ

ਯਹੋਵਾਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ

‘ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ ਹੈ।’—ਕੂਚ 34:6, 7.

ਇਨ੍ਹਾਂ ਸਵਾਲਾਂ ਦੇ ਜਵਾਬ ਲੱਭੋ

ਜਦੋਂ ਦਾਊਦ ਤੇ ਮਨੱਸ਼ਹ ਨੇ ਪਾਪ ਕੀਤੇ, ਤਾਂ ਯਹੋਵਾਹ ਨੇ ਕੀ ਕੀਤਾ ਤੇ ਕਿਉਂ?

ਯਹੋਵਾਹ ਨੇ ਇਜ਼ਰਾਈਲ ਕੌਮ ਨੂੰ ਮਾਫ਼ ਕਿਉਂ ਨਹੀਂ ਕੀਤਾ?

ਸਾਨੂੰ ਯਹੋਵਾਹ ਤੋਂ ਮਾਫ਼ੀ ਕਿਵੇਂ ਮਿਲ ਸਕਦੀ ਹੈ?

1, 2. (ੳ) ਇਜ਼ਰਾਈਲ ਕੌਮ ਲਈ ਯਹੋਵਾਹ ਕਿਸ ਤਰ੍ਹਾਂ ਦਾ ਪਰਮੇਸ਼ੁਰ ਸਾਬਤ ਹੋਇਆ? (ਅ) ਇਸ ਲੇਖ ਵਿਚ ਕਿਸ ਸਵਾਲ ’ਤੇ ਚਰਚਾ ਕੀਤੀ ਜਾਵੇਗੀ?

ਨਹਮਯਾਹ ਦੇ ਦਿਨਾਂ ਵਿਚ ਲੇਵੀਆਂ ਨੇ ਪ੍ਰਾਰਥਨਾ ਕਰਦੇ ਹੋਏ ਲੋਕਾਂ ਸਾਮ੍ਹਣੇ ਕਬੂਲ ਕੀਤਾ ਕਿ ਉਨ੍ਹਾਂ ਦੇ ਪਿਓ-ਦਾਦਿਆਂ ਨੇ ਯਹੋਵਾਹ ਦੇ ਹੁਕਮਾਂ ਨੂੰ “ਸੁਣਨ ਤੋਂ ਇਨਕਾਰ ਕੀਤਾ” ਸੀ। ਪਰ ਯਹੋਵਾਹ ਉਨ੍ਹਾਂ ਲਈ ਵਾਰ-ਵਾਰ ‘ਦਿਆਲੂ ਤੇ ਕਿਰਪਾਲੂ ਅਤੇ ਕਹਿਰ ਵਿੱਚ ਧੀਰਜਵਾਨ ਅਤੇ ਨੇਕੀ ਨਾਲ ਭਰਪੂਰ’ ਪਰਮੇਸ਼ੁਰ ਸਾਬਤ ਹੋਇਆ। ਨਹਮਯਾਹ ਦੇ ਦਿਨਾਂ ਵਿਚ ਜਿਹੜੇ ਲੋਕ ਬਾਬਲ ਦੀ ਗ਼ੁਲਾਮੀ ਤੋਂ ਮੁੜ ਆਪਣੇ ਦੇਸ਼ ਵਾਪਸ ਪਰਤੇ ਸਨ, ਉਨ੍ਹਾਂ ’ਤੇ ਯਹੋਵਾਹ ਦਇਆ ਕਰਦਾ ਰਿਹਾ।—ਨਹ. 9:16, 17.

2 ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਜੇ ਯਹੋਵਾਹ ਮੈਨੂੰ ਮਾਫ਼ ਕਰਨ ਲਈ ਤਿਆਰ ਹੈ, ਤਾਂ ਮੈਂ ਮਾਫ਼ੀ ਪਾਉਣ ਲਈ ਕੀ ਕਰ ਸਕਦਾ ਹਾਂ?’ ਇਸ ਜ਼ਰੂਰੀ ਸਵਾਲ ਦਾ ਜਵਾਬ ਲੈਣ ਲਈ ਆਓ ਆਪਾਂ ਉਨ੍ਹਾਂ ਦੋ ਮਿਸਾਲਾਂ ’ਤੇ ਗੌਰ ਕਰੀਏ ਜਿਨ੍ਹਾਂ ਨੂੰ ਯਹੋਵਾਹ ਤੋਂ ਮਾਫ਼ੀ ਮਿਲੀ ਸੀ। ਇਹ ਦੋ ਰਾਜੇ ਸਨ: ਦਾਊਦ ਤੇ ਮਨੱਸ਼ਹ।

ਦਾਊਦ ਦੇ ਗੰਭੀਰ ਪਾਪ

3-5. ਦਾਊਦ ਨੇ ਕਿਹੜੇ ਗੰਭੀਰ ਪਾਪ ਕੀਤੇ?

3 ਭਾਵੇਂ ਕਿ ਦਾਊਦ ਪਰਮੇਸ਼ੁਰ ਦਾ ਡਰ ਰੱਖਣ ਵਾਲਾ ਇਨਸਾਨ ਸੀ, ਪਰ ਉਸ ਨੇ ਗੰਭੀਰ ਪਾਪ ਕੀਤੇ ਸਨ। ਦਾਊਦ, ਊਰੀਯਾਹ ਤੇ ਬਥ-ਸ਼ਬਾ ਲਈ ਇਨ੍ਹਾਂ ਦਾ ਅੰਜਾਮ ਬੜਾ ਦੁਖਦਾਈ ਨਿਕਲਿਆ। ਫਿਰ ਵੀ ਜਿਸ ਤਰ੍ਹਾਂ ਯਹੋਵਾਹ ਨੇ ਦਾਊਦ ਨੂੰ ਸੁਧਾਰਿਆ ਉਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ। ਗੌਰ ਕਰੋ ਕਿ ਕੀ ਹੋਇਆ।

4 ਦਾਊਦ ਨੇ ਆਪਣੀ ਸੈਨਾ ਨੂੰ ਅੰਮੋਨੀਆਂ ਦੀ ਰਾਜਧਾਨੀ ਰੱਬਾਹ ਨੂੰ ਘੇਰਾ ਪਾਉਣ ਲਈ ਭੇਜਿਆ। ਇਹ ਸ਼ਹਿਰ ਪੂਰਬ ਵੱਲ ਯਰਦਨ ਨਦੀ ਪਾਰ ਯਰੂਸ਼ਲਮ ਤੋਂ 80 ਕਿਲੋਮੀਟਰ (50 ਮੀਲ) ਦੂਰ ਸੀ। ਜਦੋਂ ਸੈਨਾ ਰੱਬਾਹ ਵਿਚ ਸੀ ਉਦੋਂ ਦਾਊਦ ਯਰੂਸ਼ਲਮ ਵਿਚ ਆਪਣੇ ਮਹਿਲ ਦੀ ਛੱਤ ’ਤੇ ਸੀ ਤੇ ਉਸ ਨੇ ਬਥ-ਸ਼ਬਾ ਨੂੰ ਨਹਾਉਂਦੇ ਦੇਖਿਆ। ਉਸ ਦਾ ਪਤੀ ਵੀ ਲੜਾਈ ਲਈ ਗਿਆ ਹੋਇਆ ਸੀ। ਬਥ-ਸ਼ਬਾ ਨੂੰ ਦੇਖ ਕੇ ਦਾਊਦ ਦੇ ਮਨ ਵਿਚ ਗ਼ਲਤ ਖ਼ਿਆਲ ਪੈਦਾ ਹੋ ਗਏ। ਇਸ ਲਈ ਦਾਊਦ ਨੇ ਹੁਕਮ ਦੇ ਕੇ ਉਸ ਨੂੰ ਆਪਣੇ ਮਹਿਲ ਵਿਚ ਬੁਲਾਇਆ ਤੇ ਉਸ ਨਾਲ ਹਰਾਮਕਾਰੀ ਕੀਤੀ।—2 ਸਮੂ. 11:1-4.

5 ਜਦੋਂ ਦਾਊਦ ਨੂੰ ਪਤਾ ਲੱਗਾ ਕਿ ਬਥ-ਸ਼ਬਾ ਗਰਭਵਤੀ ਹੈ, ਤਾਂ ਉਸ ਨੇ ਉਸ ਦੇ ਪਤੀ ਊਰੀਯਾਹ ਨੂੰ ਲੜਾਈ ਤੋਂ ਯਰੂਸ਼ਲਮ ਨੂੰ ਬੁਲਾਇਆ। ਉਹ ਚਾਹੁੰਦਾ ਸੀ ਕਿ ਉਹ ਆਪਣੀ ਪਤਨੀ ਨਾਲ ਸਰੀਰਕ ਸੰਬੰਧ ਬਣਾਵੇ ਤਾਂਕਿ ਇਸ ਤਰ੍ਹਾਂ ਲੱਗੇ ਕਿ ਉਹ ਬੱਚੇ ਦਾ ਪਿਤਾ ਹੈ। ਪਰ ਦਾਊਦ ਦੇ ਕਹਿਣ ਤੇ ਵੀ ਊਰੀਯਾਹ ਆਪਣੇ ਘਰ ਨਹੀਂ ਗਿਆ। ਇਸ ਲਈ ਰਾਜਾ ਦਾਊਦ ਨੇ ਸੈਨਾਪਤੀ ਨੂੰ ਚਿੱਠੀ ਘੱਲੀ ਜਿਸ ਵਿਚ ਲਿਖਿਆ ਸੀ ਕਿ ਊਰੀਯਾਹ ਨੂੰ ‘ਡਾਢੀ ਲੜਾਈ ਦੇ ਵੇਲੇ ਮੋਹਰੇ ਕਰ ਦਿੱਤਾ ਜਾਵੇ’ ਤੇ ਬਾਕੀ ਸੈਨਾ ਪਿੱਛੇ ਰਹੇ। ਇਸ ਤਰ੍ਹਾਂ ਜਿੱਦਾਂ ਦਾਊਦ ਚਾਹੁੰਦਾ ਸੀ, ਊਰੀਯਾਹ ਲੜਾਈ ਵਿਚ ਮਾਰਿਆ ਗਿਆ। (2 ਸਮੂ. 11:12-17) ਇੱਦਾਂ ਦਾਊਦ ਨੇ ਸਿਰਫ਼ ਹਰਾਮਕਾਰੀ ਹੀ ਨਹੀਂ ਕੀਤੀ, ਬਲਕਿ ਆਪਣੇ ਹੱਥ ਵੀ ਊਰੀਯਾਹ ਦੇ ਖ਼ੂਨ ਨਾਲ ਰੰਗੇ।

ਦਾਊਦ ਦੇ ਰਵੱਈਏ ਵਿਚ ਤਬਦੀਲੀ

6. ਦਾਊਦ ਦੇ ਪਾਪ ਕਰਨ ’ਤੇ ਯਹੋਵਾਹ ਨੇ ਕੀ ਕੀਤਾ ਤੇ ਇਸ ਤੋਂ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?

6 ਦਰਅਸਲ ਯਹੋਵਾਹ ਨੇ ਸਾਰਾ ਕੁਝ ਦੇਖਿਆ ਅਤੇ ਉਸ ਨੂੰ ਪਤਾ ਸੀ ਕਿ ਦਾਊਦ ਨੇ ਕੀ ਕੀਤਾ ਸੀ। (ਕਹਾ. 15:3) ਭਾਵੇਂ ਕਿ ਰਾਜਾ ਦਾਊਦ ਨੇ ਬਾਅਦ ਵਿਚ ਬਥ-ਸ਼ਬਾ ਨਾਲ ਵਿਆਹ ਕਰਵਾ ਲਿਆ, ਪਰ “ਉਹ ਕੰਮ ਜੋ ਦਾਊਦ ਨੇ ਕੀਤਾ ਸੋ ਯਹੋਵਾਹ ਨੂੰ ਬੁਰਾ ਲੱਗਾ।” (2 ਸਮੂ. 11:27) ਯਹੋਵਾਹ ਨੇ ਕੀ ਕੀਤਾ? ਉਸ ਨੇ ਆਪਣੇ ਨਬੀ ਨਾਥਾਨ ਨੂੰ ਦਾਊਦ ਕੋਲ ਭੇਜਿਆ। ਮਾਫ਼ ਕਰਨ ਵਾਲਾ ਪਰਮੇਸ਼ੁਰ ਹੋਣ ਕਰਕੇ ਯਹੋਵਾਹ ਦਾਊਦ ’ਤੇ ਦਇਆ ਕਰਨੀ ਚਾਹੁੰਦਾ ਸੀ। ਪਰ ਇਸ ਤਰ੍ਹਾਂ ਕਰਨ ਲਈ ਉਸ ਨੂੰ ਇਹ ਦੇਖਣ ਦੀ ਲੋੜ ਸੀ ਕਿ ਦਾਊਦ ਨੂੰ ਆਪਣੀ ਗ਼ਲਤੀ ’ਤੇ ਪਛਤਾਵਾ ਸੀ ਕਿ ਨਹੀਂ। ਇਸ ਤੋਂ ਕਿੰਨਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਇਸ ਤਰ੍ਹਾਂ ਕਰਨ ਲਈ ਤਿਆਰ ਸੀ। ਉਸ ਨੇ ਦਾਊਦ ’ਤੇ ਜ਼ੋਰ ਨਹੀਂ ਪਾਇਆ ਕਿ ਉਹ ਆਪਣੀ ਗ਼ਲਤੀ ਕਬੂਲ ਕਰੇ, ਪਰ ਨਾਥਾਨ ਨੇ ਦਾਊਦ ਨੂੰ ਉਸ ਦੇ ਗੰਭੀਰ ਪਾਪਾਂ ਬਾਰੇ ਦੱਸਣ ਲਈ ਇਕ ਕਹਾਣੀ ਸੁਣਾਈ। (2 ਸਮੂਏਲ 12:1-4 ਪੜ੍ਹੋ।) ਇਹ ਬਹੁਤ ਹੀ ਵਧੀਆ ਤਰੀਕਾ ਸੀ ਜਿਸ ਨਾਲ ਯਹੋਵਾਹ ਜਾਣ ਸਕਿਆ ਕਿ ਦਾਊਦ ਦੇ ਦਿਲ ਵਿਚ ਕੀ ਸੀ।

7. ਨਾਥਾਨ ਦੀ ਕਹਾਣੀ ਸੁਣ ਕੇ ਦਾਊਦ ਨੇ ਕੀ ਕੀਤਾ?

7 ਨਾਥਾਨ ਜਾਣਦਾ ਸੀ ਕਿ ਦਾਊਦ ਨਿਆਂ-ਪਸੰਦ ਰਾਜਾ ਸੀ, ਇਸ ਲਈ ਉਸ ਨੇ ਦਾਊਦ ਦੇ ਦਿਲ ਦੀ ਗੱਲ ਜਾਣਨ ਲਈ ਅਨਿਆਂ ਬਾਰੇ ਇਕ ਕਹਾਣੀ ਸੁਣਾਈ। ਦਾਊਦ ਨੂੰ ਕਹਾਣੀ ਵਿਚ ਦੱਸੇ ਅਮੀਰ ਆਦਮੀ ’ਤੇ ਗੁੱਸਾ ਆਇਆ ਤੇ ਉਸ ਨੇ ਨਾਥਾਨ ਨੂੰ ਕਿਹਾ: “ਜੀਉਂਦੇ ਯਹੋਵਾਹ ਦੀ ਸੌਂਹ, ਜਿਸ ਮਨੁੱਖ ਨੇ ਇਹ ਕੰਮ ਕੀਤਾ ਸੋ ਵੱਢਣ ਜੋਗਾ ਹੈ!” ਦਾਊਦ ਨੇ ਇਹ ਵੀ ਕਿਹਾ ਕਿ ਉਸ ਆਦਮੀ ਨੂੰ ਕੁਝ ਦਿੱਤਾ ਵੀ ਜਾਣਾ ਚਾਹੀਦਾ ਹੈ ਜਿਸ ਦੀ ਭੇਡ ਮਾਰੀ ਗਈ ਸੀ। ਫਿਰ ਨਾਥਾਨ ਨੇ ਕਿਹਾ: “ਉਹ ਮਨੁੱਖ ਤੂੰ ਹੀ ਤਾਂ ਹੈਂ!” ਇਹ ਸੁਣ ਕੇ ਦਾਊਦ ਨੂੰ ਜ਼ੋਰਦਾਰ ਝਟਕਾ ਲੱਗਾ ਹੋਣਾ। ਫਿਰ ਦਾਊਦ ਨੂੰ ਦੱਸਿਆ ਗਿਆ ਕਿ ਉਸ ਦੇ ਕੰਮਾਂ ਕਰਕੇ ਉਸ ਦੇ ਘਰ ਤੋਂ “ਤਲਵਾਰ” ਕਦੇ ਨਾ ਹਟੇਗੀ ਤੇ ਉਸ ਦੇ ਪਰਿਵਾਰ ’ਤੇ ਦੁੱਖ ਆਉਂਦੇ ਰਹਿਣਗੇ। ਨਾਲੇ ਉਸ ਦੇ ਪਾਪਾਂ ਕਰਕੇ ਲੋਕਾਂ ਵਿਚ ਉਸ ਦੀ ਬੇਇੱਜ਼ਤੀ ਹੋਵੇਗੀ। ਦਾਊਦ ਨੂੰ ਆਪਣੇ ਪਾਪਾਂ ਦਾ ਅਹਿਸਾਸ ਹੋਇਆ ਤੇ ਉਸ ਨੇ ਮੰਨਿਆ: “ਮੈਂ ਯਹੋਵਾਹ ਦਾ ਪਾਪ ਕੀਤਾ।”—2 ਸਮੂ. 12:5-14.

ਦਾਊਦ ਦੀ ਪ੍ਰਾਰਥਨਾ ਤੇ ਯਹੋਵਾਹ ਦੀ ਮਾਫ਼ੀ

8, 9. ਜ਼ਬੂਰ 51 ਤੋਂ ਦਾਊਦ ਦੇ ਦਿਲ ਬਾਰੇ ਕੀ ਪਤਾ ਲੱਗਦਾ ਹੈ ਤੇ ਇਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

8 ਬਾਅਦ ਵਿਚ ਰਾਜਾ ਦਾਊਦ ਨੇ ਜ਼ਬੂਰ 51 ਦੇ ਸ਼ਬਦ ਲਿਖੇ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਪਛਤਾਵਾ ਕੀਤਾ। ਇਸ ਵਿਚ ਦਾਊਦ ਨੇ ਯਹੋਵਾਹ ਨੂੰ ਬੇਨਤੀਆਂ ਕੀਤੀਆਂ ਜਿਨ੍ਹਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਸ ਨੇ ਸਿਰਫ਼ ਆਪਣੇ ਪਾਪਾਂ ਦਾ ਇਕਰਾਰ ਹੀ ਨਹੀਂ ਕੀਤਾ, ਸਗੋਂ ਤੋਬਾ ਵੀ ਕੀਤੀ। ਉਸ ਲਈ ਯਹੋਵਾਹ ਨਾਲ ਉਸ ਦਾ ਰਿਸ਼ਤਾ ਸਭ ਤੋਂ ਜ਼ਿਆਦਾ ਮਾਅਨੇ ਰੱਖਦਾ ਸੀ। ਉਸ ਨੇ ਮੰਨਿਆ: “ਮੈਂ ਤੇਰਾ, ਹਾਂ, ਤੇਰਾ ਹੀ ਪਾਪ ਕੀਤਾ।” ਉਸ ਨੇ ਯਹੋਵਾਹ ਨੂੰ ਬੇਨਤੀ ਕੀਤੀ: “ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ।” (ਜ਼ਬੂ. 51:1-4, 7-12) ਕੀ ਤੁਸੀਂ ਵੀ ਆਪਣੀਆਂ ਗ਼ਲਤੀਆਂ ਬਾਰੇ ਯਹੋਵਾਹ ਨਾਲ ਦਿਲੋਂ ਗੱਲ ਕਰਦੇ ਹੋ?

9 ਯਹੋਵਾਹ ਨੇ ਦਾਊਦ ਦੇ ਪਾਪਾਂ ਦੇ ਬੁਰੇ ਨਤੀਜਿਆਂ ਨੂੰ ਆਉਣ ਤੋਂ ਨਹੀਂ ਰੋਕਿਆ। ਉਸ ਨੂੰ ਇਨ੍ਹਾਂ ਦਾ ਜ਼ਿੰਦਗੀ ਭਰ ਸਾਮ੍ਹਣਾ ਕਰਨਾ ਪਿਆ। ਫਿਰ ਵੀ ਯਹੋਵਾਹ ਨੇ ਦਾਊਦ ਦੇ ਟੁੱਟੇ ਦਿਲ ਤੋਂ ਦੇਖਿਆ ਕਿ ਉਸ ਨੂੰ ਕਿੰਨਾ ਪਛਤਾਵਾ ਸੀ ਜਿਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਮਾਫ਼ ਕੀਤਾ। (ਜ਼ਬੂਰਾਂ ਦੀ ਪੋਥੀ 32:5 ਪੜ੍ਹੋ; ਜ਼ਬੂ. 51:17) ਸਰਬਸ਼ਕਤੀਮਾਨ ਪਰਮੇਸ਼ੁਰ ਇਨਸਾਨ ਦੀਆਂ ਭਾਵਨਾਵਾਂ ਨੂੰ ਸਮਝਦਾ ਹੈ ਤੇ ਉਹ ਜਾਣਦਾ ਹੈ ਕਿ ਇਨਸਾਨ ਪਾਪ ਕਿਉਂ ਕਰਦਾ ਹੈ। ਇਸ ਲਈ ਪਰਮੇਸ਼ੁਰ ਨੇ ਇਨਸਾਨੀ ਨਿਆਂਕਾਰਾਂ ਨੂੰ ਮੂਸਾ ਦੇ ਕਾਨੂੰਨ ਅਨੁਸਾਰ ਦਾਊਦ ਤੇ ਬਥ-ਸ਼ਬਾ ਨੂੰ ਮੌਤ ਦੀ ਸਜ਼ਾ ਨਹੀਂ ਦੇਣ ਦਿੱਤੀ। (ਲੇਵੀ. 20:10) ਇਸ ਦੀ ਬਜਾਇ, ਉਸ ਨੇ ਆਪ ਉਨ੍ਹਾਂ ਦਾ ਨਿਆਂ ਕੀਤਾ ਤੇ ਉਨ੍ਹਾਂ ’ਤੇ ਦਇਆ ਕੀਤੀ। ਬਾਅਦ ਵਿਚ ਪਰਮੇਸ਼ੁਰ ਨੇ ਉਨ੍ਹਾਂ ਦੇ ਪੁੱਤਰ ਸੁਲੇਮਾਨ ਨੂੰ ਇਜ਼ਰਾਈਲ ਦਾ ਅਗਲਾ ਰਾਜਾ ਬਣਾਇਆ।—1 ਇਤ. 22:9, 10.

10. (ੳ) ਯਹੋਵਾਹ ਨੇ ਸ਼ਾਇਦ ਦਾਊਦ ਨੂੰ ਕਿਉਂ ਮਾਫ਼ ਕੀਤਾ ਸੀ? (ਅ) ਯਹੋਵਾਹ ਤੋਂ ਮਾਫ਼ੀ ਪਾਉਣ ਲਈ ਇਕ ਇਨਸਾਨ ਨੂੰ ਕੀ ਕਰਨਾ ਚਾਹੀਦਾ ਹੈ?

10 ਯਹੋਵਾਹ ਨੇ ਦਾਊਦ ਨੂੰ ਸ਼ਾਇਦ ਇਸ ਲਈ ਵੀ ਮਾਫ਼ ਕੀਤਾ ਕਿਉਂਕਿ ਦਾਊਦ ਨੇ ਸ਼ਾਊਲ ’ਤੇ ਦਇਆ ਕੀਤੀ ਸੀ। (1 ਸਮੂ. 24:4-7) ਯਿਸੂ ਨੇ ਸਮਝਾਇਆ ਸੀ ਕਿ ਯਹੋਵਾਹ ਸਾਡੇ ਨਾਲ ਉੱਦਾਂ ਹੀ ਪੇਸ਼ ਆਉਂਦਾ ਹੈ ਜਿੱਦਾਂ ਅਸੀਂ ਦੂਜਿਆਂ ਨਾਲ ਪੇਸ਼ ਆਉਂਦੇ ਹਾਂ। ਯਿਸੂ ਨੇ ਕਿਹਾ: “ਦੂਸਰਿਆਂ ਵਿਚ ਨੁਕਸ ਕੱਢਣੇ ਛੱਡ ਦਿਓ, ਤਾਂ ਤੁਹਾਡੇ ਵਿਚ ਵੀ ਨੁਕਸ ਨਹੀਂ ਕੱਢੇ ਜਾਣਗੇ; ਕਿਉਂਕਿ ਜਿਸ ਆਧਾਰ ’ਤੇ ਤੁਸੀਂ ਦੂਸਰਿਆਂ ’ਤੇ ਦੋਸ਼ ਲਾਉਂਦੇ ਹੋ, ਉਸੇ ਆਧਾਰ ’ਤੇ ਤੁਹਾਡੇ ’ਤੇ ਵੀ ਦੋਸ਼ ਲਾਇਆ ਜਾਵੇਗਾ; ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਾਪ ਕੇ ਦਿੰਦੇ ਹੋ, ਉਸੇ ਮਾਪ ਨਾਲ ਉਹ ਤੁਹਾਨੂੰ ਵੀ ਮਾਪ ਕੇ ਦੇਣਗੇ।” (ਮੱਤੀ 7:1, 2) ਇਹ ਜਾਣ ਕੇ ਕਿੰਨੀ ਤਸੱਲੀ ਮਿਲਦੀ ਹੈ ਕਿ ਯਹੋਵਾਹ ਸਾਡੇ ਪਾਪ ਮਾਫ਼ ਕਰੇਗਾ ਭਾਵੇਂ ਇਹ ਹਰਾਮਕਾਰੀ ਜਾਂ ਕਤਲ ਵਰਗੇ ਗੰਭੀਰ ਪਾਪ ਹੀ ਕਿਉਂ ਨਾ ਹੋਣ। ਉਹ ਸਾਨੂੰ ਤਾਂ ਹੀ ਮਾਫ਼ ਕਰੇਗਾ ਜੇ ਅਸੀਂ ਦੂਜਿਆਂ ਨੂੰ ਮਾਫ਼ ਕਰਦੇ ਹਾਂ, ਉਸ ਦੇ ਸਾਮ੍ਹਣੇ ਆਪਣੇ ਪਾਪਾਂ ਨੂੰ ਕਬੂਲ ਕਰਦੇ ਹਾਂ ਤੇ ਆਪਣੇ ਬੁਰੇ ਕੰਮਾਂ ਨੂੰ ਛੱਡ ਦਿੰਦੇ ਹਾਂ। ਜਦੋਂ ਅਸੀਂ ਦਿਲੋਂ ਪਾਪਾਂ ਦੀ ਤੋਬਾ ਕਰਦੇ ਹਾਂ, ਤਾਂ “ਯਹੋਵਾਹ ਵੱਲੋਂ ਰਾਹਤ” ਮਿਲਦੀ ਹੈ।—ਰਸੂਲਾਂ ਦੇ ਕੰਮ 3:19 ਪੜ੍ਹੋ।

ਮਨੱਸ਼ਹ ਨੇ ਗੰਭੀਰ ਪਾਪਾਂ ਤੋਂ ਤੋਬਾ ਕੀਤੀ

11. ਰਾਜਾ ਮਨੱਸ਼ਹ ਨੇ ਕਿਹੜੇ ਕੰਮ ਕੀਤੇ ਜੋ ਯਹੋਵਾਹ ਦੀ ਨਜ਼ਰ ਵਿਚ ਭੈੜੇ ਸਨ?

11 ਬਾਈਬਲ ਦੀ ਇਕ ਹੋਰ ਮਿਸਾਲ ਵੱਲ ਧਿਆਨ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਗੰਭੀਰ ਪਾਪਾਂ ਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। ਦਾਊਦ ਦੇ ਰਾਜ ਤੋਂ ਲਗਭਗ 360 ਸਾਲ ਬਾਅਦ ਮਨੱਸ਼ਹ ਯਹੂਦਾਹ ਦਾ ਰਾਜਾ ਬਣਿਆ। ਉਸ ਨੇ 55 ਸਾਲ ਰਾਜ ਕੀਤਾ ਤੇ ਉਹ ਆਪਣੇ ਬੁਰੇ ਕੰਮਾਂ ਕਰਕੇ ਬਦਨਾਮ ਸੀ। ਯਹੋਵਾਹ ਨੂੰ ਉਸ ਦੇ ਕੰਮਾਂ ਤੋਂ ਨਫ਼ਰਤ ਸੀ ਅਤੇ ਉਨ੍ਹਾਂ ਕੰਮਾਂ ਕਰਕੇ ਪਰਮੇਸ਼ੁਰ ਨੇ ਉਸ ਦੀ ਨਿੰਦਿਆ ਕੀਤੀ। ਉਸ ਨੇ ਬਆਲ ਲਈ ਜਗਵੇਦੀਆਂ ਬਣਾਈਆਂ, ਸੂਰਜ, ਚੰਦ ਤੇ ਤਾਰਿਆਂ ਦੀ ਪੂਜਾ ਕੀਤੀ, ਦੇਵਤੇ ਦੇ ਸਾਮ੍ਹਣੇ ਆਪਣੇ ਪੁੱਤਰਾਂ ਦੀਆਂ ਬਲ਼ੀਆਂ ਚੜ੍ਹਾਈਆਂ ਤੇ ਦੇਸ਼ ਵਿਚ ਜਾਦੂ-ਟੂਣੇ ਨੂੰ ਵਧਾਇਆ। ਜੀ ਹਾਂ, “ਉਹ ਅਜੇਹਾ ਕੰਮ ਕਰਨ ਵਿੱਚ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਬਹੁਤ ਵੱਧ ਗਿਆ।”—2 ਇਤ. 33:1-6.

12. ਮਨੱਸ਼ਹ ਯਹੋਵਾਹ ਵੱਲ ਕਿਵੇਂ ਮੁੜਿਆ?

12 ਅਖ਼ੀਰ ਮਨੱਸ਼ਹ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ ਤੇ ਉੱਥੇ ਕੈਦ ਵਿਚ ਸੁੱਟ ਦਿੱਤਾ ਗਿਆ। ਉੱਥੇ ਸ਼ਾਇਦ ਉਸ ਨੂੰ ਇਜ਼ਰਾਈਲੀਆਂ ਨੂੰ ਕਹੇ ਮੂਸਾ ਦੇ ਇਹ ਸ਼ਬਦ ਯਾਦ ਆਏ ਹੋਣ: “ਜਦ ਤੁਹਾਡੀ ਬਿਪਤਾ ਵਿੱਚ ਏਹ ਸਾਰੀਆਂ ਗੱਲਾਂ ਤੁਹਾਡੇ ਉੱਤੇ ਆ ਪੈਣ ਤਾਂ ਆਖਰੀ ਦਿਨਾਂ ਵਿੱਚ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋਗੇ ਅਤੇ ਉਹ ਦੀ ਅਵਾਜ਼ ਸੁਣੋਗੇ।” (ਬਿਵ. 4:30) ਮਨੱਸ਼ਹ ਯਹੋਵਾਹ ਵੱਲ ਮੁੜਿਆ। ਕਿਵੇਂ? ਉਸ ਨੇ “ਆਪਣੇ ਆਪ ਨੂੰ ਬਹੁਤ ਅਧੀਨ ਕੀਤਾ” ਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਰਿਹਾ। (ਸਫ਼ਾ 21 ’ਤੇ ਤਸਵੀਰ ਦੇਖੋ।) (2 ਇਤ. 33:12, 13) ਸਾਨੂੰ ਨਹੀਂ ਪਤਾ ਕਿ ਮਨੱਸ਼ਹ ਨੇ ਪ੍ਰਾਰਥਨਾ ਵਿਚ ਕੀ ਕਿਹਾ ਸੀ, ਪਰ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਨੇ ਵੀ ਪ੍ਰਾਰਥਨਾ ਵਿਚ ਉਹੀ ਕਿਹਾ ਹੋਣਾ ਜੋ ਰਾਜਾ ਦਾਊਦ ਨੇ ਜ਼ਬੂਰ 51 ਵਿਚ ਕਿਹਾ ਸੀ। ਜੋ ਵੀ ਸੀ, ਉਸ ਨੇ ਆਪਣਾ ਦਿਲ ਯਹੋਵਾਹ ਵੱਲ ਮੋੜਿਆ।

13. ਯਹੋਵਾਹ ਨੇ ਮਨੱਸ਼ਹ ਨੂੰ ਕਿਉਂ ਮਾਫ਼ ਕੀਤਾ?

13 ਯਹੋਵਾਹ ਨੇ ਮਨੱਸ਼ਹ ਦੀਆਂ ਪ੍ਰਾਰਥਨਾਵਾਂ ਦਾ ਕੀ ਜਵਾਬ ਦਿੱਤਾ? “ਉਸ ਨੇ ਉਹ ਦੇ ਤਰਲਿਆਂ ਨੂੰ ਸੁਣ ਲਿਆ।” ਦਾਊਦ ਵਾਂਗ ਉਸ ਨੇ ਵੀ ਪਰਮੇਸ਼ੁਰ ਦੇ ਸਾਮ੍ਹਣੇ ਆਪਣੇ ਪਾਪਾਂ ਨੂੰ ਕਬੂਲ ਕੀਤਾ ਤੇ ਸੱਚੇ ਦਿਲੋਂ ਤੋਬਾ ਕੀਤੀ। ਇਸੇ ਲਈ ਪਰਮੇਸ਼ੁਰ ਨੇ ਉਸ ਨੂੰ ਮਾਫ਼ ਕੀਤਾ ਤੇ ਉਸ ਨੂੰ ਦੁਬਾਰਾ ਯਰੂਸ਼ਲਮ ਵਿਚ ਰਾਜਾ ਬਣਾਇਆ। ਨਤੀਜੇ ਵਜੋਂ, “ਮਨੱਸ਼ਹ ਨੇ ਜਾਣਿਆ ਕਿ ਯਹੋਵਾਹ ਹੀ ਪਰਮੇਸ਼ੁਰ ਹੈ।” (2 ਇਤ. 33:13) ਇਸ ਗੱਲ ਤੋਂ ਕਿੰਨਾ ਦਿਲਾਸਾ ਮਿਲਦਾ ਹੈ ਕਿ ਸਾਡਾ ਦਿਆਲੂ ਪਰਮੇਸ਼ੁਰ ਉਨ੍ਹਾਂ ਨੂੰ ਮਾਫ਼ ਕਰਦਾ ਹੈ ਜੋ ਸੱਚੇ ਦਿਲੋਂ ਤੋਬਾ ਕਰਦੇ ਹਨ!

ਕੀ ਯਹੋਵਾਹ ਹਮੇਸ਼ਾ ਮਾਫ਼ ਕਰਦਾ ਹੈ?

14. ਯਹੋਵਾਹ ਕਿਵੇਂ ਫ਼ੈਸਲਾ ਕਰਦਾ ਹੈ ਕਿ ਉਹ ਪਾਪ ਕਰਨ ਵਾਲੇ ਨੂੰ ਮਾਫ਼ ਕਰੇਗਾ ਜਾਂ ਨਹੀਂ?

14 ਯਹੋਵਾਹ ਦੇ ਬਹੁਤ ਸਾਰੇ ਲੋਕਾਂ ਦੇ ਪਾਪ ਦਾਊਦ ਤੇ ਮਨੱਸ਼ਹ ਦੇ ਪਾਪਾਂ ਜਿੰਨੇ ਗੰਭੀਰ ਨਾ ਹੋਣ। ਪਰ ਅਸੀਂ ਇਨ੍ਹਾਂ ਮਿਸਾਲਾਂ ਤੋਂ ਸਿੱਖ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਲੋਕਾਂ ਦੇ ਵੱਡੇ ਪਾਪ ਵੀ ਮਾਫ਼ ਕਰਨ ਲਈ ਤਿਆਰ ਹੈ ਜੋ ਸੱਚੇ ਦਿਲੋਂ ਤੋਬਾ ਕਰਦੇ ਹਨ।

15. ਸਾਨੂੰ ਕਿਵੇਂ ਪਤਾ ਹੈ ਕਿ ਯਹੋਵਾਹ ਹਮੇਸ਼ਾ ਮਾਫ਼ ਨਹੀਂ ਕਰਦਾ?

15 ਸਾਨੂੰ ਇਹ ਨਹੀਂ ਸੋਚ ਲੈਣਾ ਚਾਹੀਦਾ ਕਿ ਯਹੋਵਾਹ ਸਾਰੇ ਇਨਸਾਨਾਂ ਦੇ ਪਾਪ ਮਾਫ਼ ਕਰਦਾ ਹੈ। ਇਸ ਸੰਬੰਧ ਵਿਚ ਆਓ ਆਪਾਂ ਦਾਊਦ ਤੇ ਮਨੱਸ਼ਹ ਦੇ ਰਵੱਈਏ ਦੀ ਤੁਲਨਾ ਇਜ਼ਰਾਈਲ ਤੇ ਯਹੂਦਾਹ ਦੇ ਬੁਰੇ ਲੋਕਾਂ ਨਾਲ ਕਰੀਏ। ਪਰਮੇਸ਼ੁਰ ਨੇ ਨਾਥਾਨ ਨੂੰ ਦਾਊਦ ਕੋਲ ਭੇਜਿਆ ਤੇ ਉਸ ਨੂੰ ਆਪਣਾ ਰਵੱਈਆ ਬਦਲਣ ਦਾ ਮੌਕਾ ਦਿੱਤਾ। ਦਾਊਦ ਨੇ ਉਸ ਦੀ ਗੱਲ ਸੁਣ ਕੇ ਤੋਬਾ ਕੀਤੀ। ਜਦੋਂ ਮਨੱਸ਼ਹ ਬੁਰੇ ਹਾਲਾਤਾਂ ਵਿਚ ਸੀ, ਤਾਂ ਉਸ ਨੇ ਵੀ ਦਿਲੋਂ ਤੋਬਾ ਕੀਤੀ। ਪਰ ਇਜ਼ਰਾਈਲ ਤੇ ਯਹੂਦਾਹ ਦੇ ਲੋਕਾਂ ਨੇ ਤੋਬਾ ਨਹੀਂ ਕੀਤੀ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਮਾਫ਼ ਨਹੀਂ ਕੀਤਾ। ਇਸ ਦੀ ਬਜਾਇ, ਉਸ ਨੇ ਵਾਰ-ਵਾਰ ਆਪਣੇ ਨਬੀਆਂ ਨੂੰ ਇਹ ਦੱਸਣ ਲਈ ਭੇਜਿਆ ਕਿ ਉਹ ਉਨ੍ਹਾਂ ਦੇ ਬੁਰੇ ਕੰਮਾਂ ਤੋਂ ਖ਼ੁਸ਼ ਨਹੀਂ ਸੀ। (ਨਹਮਯਾਹ 9:30 ਪੜ੍ਹੋ।) ਬਾਬਲ ਦੀ ਗ਼ੁਲਾਮੀ ਤੋਂ ਛੁੱਟ ਕੇ ਆਪਣੇ ਦੇਸ਼ ਵਾਪਸ ਆਉਣ ਤੋਂ ਬਾਅਦ ਵੀ ਯਹੋਵਾਹ ਅਜ਼ਰਾ ਤੇ ਮਲਾਕੀ ਵਰਗੇ ਵਫ਼ਾਦਾਰ ਨਬੀਆਂ ਨੂੰ ਉਨ੍ਹਾਂ ਕੋਲ ਭੇਜਦਾ ਰਿਹਾ। ਜਦੋਂ ਲੋਕ ਯਹੋਵਾਹ ਦੀ ਇੱਛਾ ਮੁਤਾਬਕ ਚੱਲੇ, ਤਾਂ ਉਦੋਂ ਉਨ੍ਹਾਂ ਨੂੰ ਖ਼ੁਸ਼ੀਆਂ ਮਿਲੀਆਂ।—ਨਹ. 12:43-47.

16. (ੳ) ਇਜ਼ਰਾਈਲ ਕੌਮ ਵੱਲੋਂ ਆਪਣੇ ਪਾਪਾਂ ਤੋਂ ਤੋਬਾ ਨਾ ਕਰਨ ਦੇ ਕੀ ਨਤੀਜੇ ਨਿਕਲੇ? (ਅ) ਕੀ ਇਜ਼ਰਾਈਲ ਕੌਮ ਵਿਚ ਪੈਦਾ ਹੋਏ ਲੋਕਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲ ਸਕਦੀ ਹੈ?

16 ਯਹੋਵਾਹ ਹੁਣ ਜਾਨਵਰਾਂ ਦੀਆਂ ਬਲ਼ੀਆਂ ਨਹੀਂ ਮੰਗਦਾ ਜਿੱਦਾਂ ਉਸ ਨੇ ਇਜ਼ਰਾਈਲ ਕੌਮ ਤੋਂ ਮੰਗੀਆਂ ਸਨ। ਇਸ ਦੀ ਬਜਾਇ, ਉਸ ਨੇ ਆਪਣੇ ਪੁੱਤਰ ਨੂੰ ਧਰਤੀ ’ਤੇ ਮਨੁੱਖਜਾਤੀ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਲਈ ਭੇਜਿਆ ਸੀ। (1 ਯੂਹੰ. 4:9, 10) ਇਨਸਾਨ ਵਜੋਂ ਯਿਸੂ ਨੇ ਆਪਣੇ ਪਿਤਾ ਵਰਗਾ ਨਜ਼ਰੀਆ ਦਿਖਾਇਆ ਜਦੋਂ ਉਸ ਨੇ ਕਿਹਾ: “ਯਰੂਸ਼ਲਮ ਦੇ ਰਹਿਣ ਵਾਲਿਓ, ਤੁਸੀਂ ਨਬੀਆਂ ਦੇ ਕਾਤਲ ਹੋ! ਜਿਨ੍ਹਾਂ ਨੂੰ ਵੀ ਪਰਮੇਸ਼ੁਰ ਨੇ ਤੇਰੇ ਕੋਲ ਘੱਲਿਆ, ਤੂੰ ਉਨ੍ਹਾਂ ਸਾਰਿਆਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ, . . . ਮੈਂ ਕਿੰਨੀ ਵਾਰ ਚਾਹਿਆ ਕਿ ਮੈਂ ਤੇਰੇ ਬੱਚਿਆਂ ਨੂੰ ਇਕੱਠਾ ਕਰਾਂ ਜਿਵੇਂ ਕੁੱਕੜੀ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਹੇਠ ਇਕੱਠਾ ਕਰਦੀ ਹੈ! ਪਰ ਤੁਸੀਂ ਇਹ ਨਹੀਂ ਚਾਹਿਆ।” ਇਸ ਲਈ ਯਿਸੂ ਨੇ ਕਿਹਾ: “ਦੇਖੋ! ਤੁਹਾਡਾ ਮੰਦਰ ਤੁਹਾਡੇ ਸਹਾਰੇ ਛੱਡਿਆ ਗਿਆ ਹੈ।” (ਮੱਤੀ 23:37, 38) ਇਸ ਕਰਕੇ ਉਸ ਨੇ ਪਾਪੀ ਤੇ ਢੀਠ ਕੌਮ ਦੀ ਜਗ੍ਹਾ ਹੋਰ ਕੌਮ ਨੂੰ ਚੁਣਿਆ। (ਮੱਤੀ 21:43; ਗਲਾ. 6:16) ਚਾਹੇ ਪੂਰੀ ਕੌਮ ਵਜੋਂ ਉਨ੍ਹਾਂ ਨੂੰ ਮਾਫ਼ੀ ਨਹੀਂ ਮਿਲੀ, ਪਰ ਕੀ ਇਜ਼ਰਾਈਲ ਕੌਮ ਵਿਚ ਪੈਦਾ ਹੋਏ ਲੋਕਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲ ਸਕਦੀ ਹੈ? ਜੀ ਹਾਂ, ਯਹੋਵਾਹ ਉਨ੍ਹਾਂ ਨੂੰ ਮਾਫ਼ ਕਰਨ ਤੇ ਉਨ੍ਹਾਂ ’ਤੇ ਦਇਆ ਕਰਨ ਲਈ ਤਿਆਰ ਹੈ ਜੇ ਉਹ ਪਰਮੇਸ਼ੁਰ ਅਤੇ ਯਿਸੂ ਦੀ ਕੁਰਬਾਨੀ ’ਤੇ ਵਿਸ਼ਵਾਸ ਰੱਖਣ। ਇਹ ਮੌਕਾ ਉਨ੍ਹਾਂ ਲਈ ਵੀ ਖੁੱਲ੍ਹਾ ਹੈ ਜਿਹੜੇ ਆਪਣੇ ਪਾਪਾਂ ਦੀ ਤੋਬਾ ਕੀਤੇ ਬਗੈਰ ਹੀ ਮਰ ਗਏ ਅਤੇ ਜਿਨ੍ਹਾਂ ਨੂੰ ਇਸ ਧਰਤੀ ’ਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ।—ਯੂਹੰ. 5:28, 29; ਰਸੂ. 24:15.

ਯਹੋਵਾਹ ਤੋਂ ਮਾਫ਼ੀ ਪਾਉਣ ਲਈ ਜ਼ਰੂਰੀ ਕਦਮ

17, 18. ਸਾਨੂੰ ਯਹੋਵਾਹ ਤੋਂ ਮਾਫ਼ੀ ਕਿਵੇਂ ਮਿਲ ਸਕਦੀ ਹੈ?

17 ਜੇ ਯਹੋਵਾਹ ਮਾਫ਼ ਕਰਨ ਲਈ ਤਿਆਰ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਯਕੀਨਨ ਸਾਨੂੰ ਦਾਊਦ ਤੇ ਮਨੱਸ਼ਹ ਵਰਗਾ ਰਵੱਈਆ ਰੱਖਣਾ ਚਾਹੀਦਾ ਹੈ। ਸਾਨੂੰ ਆਪਣੇ ਪਾਪਾਂ ਨੂੰ ਕਬੂਲ ਕਰਨਾ ਚਾਹੀਦਾ ਹੈ, ਆਪਣੇ ਪਾਪਾਂ ਤੋਂ ਤੋਬਾ ਕਰਨੀ ਚਾਹੀਦੀ ਹੈ, ਮਾਫ਼ੀ ਲਈ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਤੇ ਉਸ ਕੋਲੋਂ ਸ਼ੁੱਧ ਮਨ ਮੰਗਣਾ ਚਾਹੀਦਾ ਹੈ। (ਜ਼ਬੂ. 51:10) ਜੇ ਅਸੀਂ ਕੋਈ ਗੰਭੀਰ ਪਾਪ ਕੀਤਾ ਹੈ, ਤਾਂ ਸਾਨੂੰ ਬਜ਼ੁਰਗਾਂ ਤੋਂ ਵੀ ਮਦਦ ਮੰਗਣੀ ਚਾਹੀਦੀ ਹੈ। (ਯਾਕੂ. 5:14, 15) ਭਾਵੇਂ ਸਾਡੇ ਪਾਪ ਜਿੰਨੇ ਮਰਜ਼ੀ ਗੰਭੀਰ ਹੋਣ, ਪਰ ਯਹੋਵਾਹ ਨੇ ਆਪਣੇ ਬਾਰੇ ਮੂਸਾ ਨੂੰ ਜੋ ਕਿਹਾ ਉਸ ਤੋਂ ਦਿਲਾਸਾ ਮਿਲਦਾ ਹੈ: “ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ” ਹੈ। ਯਹੋਵਾਹ ਬਦਲਿਆ ਨਹੀਂ ਹੈ।—ਕੂਚ 34:6, 7.

18 ਇਕ ਵਧੀਆ ਮਿਸਾਲ ਵਰਤਦੇ ਹੋਏ ਯਹੋਵਾਹ ਨੇ ਤੋਬਾ ਕਰਨ ਵਾਲੇ ਇਜ਼ਰਾਈਲੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੇ ਪਾਪਾਂ ਦੇ ਨਿਸ਼ਾਨ ਪੂਰੀ ਤਰ੍ਹਾਂ ਮਿਟਾ ਦੇਵੇਗਾ। ਉਸ ਨੇ ਕਿਹਾ ਕਿ ਉਨ੍ਹਾਂ ਦੇ ਪਾਪ ਲਾਲ ਰੰਗ ਦੇ ਧੱਬੇ ਵਾਂਗ ਸਨ, ਪਰ ਉਹ ਉਨ੍ਹਾਂ ਨੂੰ “ਬਰਫ” ਜਿਹੇ ਚਿੱਟੇ ਬਣਾ ਦੇਵੇਗਾ। (ਯਸਾਯਾਹ 1:18 ਪੜ੍ਹੋ।) ਤਾਂ ਫਿਰ ਸਾਨੂੰ ਯਹੋਵਾਹ ਤੋਂ ਮਾਫ਼ੀ ਪਾਉਣ ਲਈ ਕੀ ਕਰਨ ਦੀ ਲੋੜ ਹੈ? ਸਾਡੇ ਪਾਪ ਪੂਰੀ ਤਰ੍ਹਾਂ ਮਾਫ਼ ਕੀਤੇ ਜਾ ਸਕਦੇ ਹਨ ਜੇ ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਯਹੋਵਾਹ ਮਾਫ਼ ਕਰਨ ਲਈ ਤਿਆਰ ਹੈ ਅਤੇ ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਾਂ।

19. ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

19 ਅਸੀਂ ਦੂਜਿਆਂ ਨੂੰ ਕਿਵੇਂ ਮਾਫ਼ ਕਰ ਸਕਦੇ ਹਾਂ ਜਿੱਦਾਂ ਯਹੋਵਾਹ ਸਾਨੂੰ ਮਾਫ਼ ਕਰਦਾ ਹੈ? ਅਸੀਂ ਉਨ੍ਹਾਂ ਲੋਕਾਂ ਨੂੰ ਕਿਵੇਂ ਮਾਫ਼ ਕਰ ਸਕਦੇ ਹਾਂ ਜੋ ਗੰਭੀਰ ਪਾਪ ਤੋਂ ਤੋਬਾ ਕਰਦੇ ਹਨ? ਅਗਲਾ ਲੇਖ ਸਾਡੀ ਆਪਣੇ ਦਿਲਾਂ ਦੀ ਜਾਂਚ ਕਰਨ ਵਿਚ ਮਦਦ ਕਰੇਗਾ ਤਾਂਕਿ ਅਸੀਂ ਆਪਣੇ ਪਿਤਾ ਯਹੋਵਾਹ ਵਰਗੇ ਬਣ ਸਕੀਏ ਜੋ “ਭਲਾ ਤੇ ਮਾਫ਼ ਕਰਨ ਵਾਲਾ ਹੈ।”—ਭਜਨ 86:5, CL.

[ਸਵਾਲ]

[ਸਫ਼ਾ 24 ਉੱਤੇ ਤਸਵੀਰ]

ਮਨੱਸ਼ਹ ਨੂੰ ਮਾਫ਼ ਕਰਨ ਤੋਂ ਬਾਅਦ ਯਹੋਵਾਹ ਨੇ ਉਸ ਨੂੰ ਦੁਬਾਰਾ ਯਰੂਸ਼ਲਮ ਵਿਚ ਰਾਜਾ ਬਣਾਇਆ