Skip to content

Skip to table of contents

ਯਹੋਵਾਹ ਦੇ ਨੇੜੇ ਰਹੋ

ਯਹੋਵਾਹ ਦੇ ਨੇੜੇ ਰਹੋ

“ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂ. 4:8.

1, 2. (ੳ) ਸ਼ੈਤਾਨ ਲੋਕਾਂ ਨੂੰ ਗੁਮਰਾਹ ਕਰਨ ਦੀ ਕਿਵੇਂ ਕੋਸ਼ਿਸ਼ ਕਰਦਾ ਹੈ? (ਅ) ਯਹੋਵਾਹ ਦੇ ਨੇੜੇ ਜਾਣ ਲਈ ਸਾਨੂੰ ਕੀ ਕਰਨਾ ਪਵੇਗਾ?

ਯਹੋਵਾਹ ਪਰਮੇਸ਼ੁਰ ਨੇ ਇਨਸਾਨ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਉਸ ਦੀ ਲੋੜ ਮਹਿਸੂਸ ਕਰਦੇ ਹਨ। ਪਰ ਸ਼ੈਤਾਨ ਸਾਡੇ ਮਨ ਵਿਚ ਇਹ ਗ਼ਲਤਫ਼ਹਿਮੀ ਪਾਉਣੀ ਚਾਹੁੰਦਾ ਹੈ ਕਿ ਸਾਨੂੰ ਯਹੋਵਾਹ ਦੀ ਕੋਈ ਲੋੜ ਨਹੀਂ ਹੈ। ਸ਼ੈਤਾਨ ਨੇ ਅਦਨ ਦੇ ਬਾਗ਼ ਵਿਚ ਹੱਵਾਹ ਨੂੰ ਧੋਖਾ ਦੇ ਕੇ ਉਸ ਦੇ ਮਨ ਵਿਚ ਇਹ ਗ਼ਲਤਫ਼ਹਿਮੀ ਪੈਦਾ ਕੀਤੀ। (ਉਤ. 3:4-6) ਉਦੋਂ ਤੋਂ ਜ਼ਿਆਦਾਤਰ ਲੋਕ ਇਸ ਗ਼ਲਤਫ਼ਹਿਮੀ ਦਾ ਸ਼ਿਕਾਰ ਹੋਏ ਹਨ।

2 ਪਰ ਸਾਨੂੰ ਸ਼ੈਤਾਨ ਦੇ ਫੰਦੇ ਵਿਚ ਫਸਣ ਦੀ ਲੋੜ ਨਹੀਂ ਹੈ ਕਿਉਂਕਿ “ਅਸੀਂ ਉਸ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ।” (2 ਕੁਰਿੰ. 2:11) ਸ਼ੈਤਾਨ ਸਾਨੂੰ ਗੁਮਰਾਹ ਕਰ ਕੇ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ, ਅਸੀਂ ਕੰਮ, ਮਨੋਰੰਜਨ ਤੇ ਪਰਿਵਾਰ ਦੇ ਛੇਕੇ ਗਏ ਮੈਂਬਰ ਸੰਬੰਧੀ ਸਹੀ ਫ਼ੈਸਲੇ ਕਰ ਸਕਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸ਼ੈਤਾਨ ਤਕਨਾਲੋਜੀ, ਸਿਹਤ, ਪੈਸੇ ਤੇ ਘਮੰਡ ਰਾਹੀਂ ਸਾਨੂੰ ਯਹੋਵਾਹ ਤੋਂ ਦੂਰ ਲਿਜਾਣਾ ਚਾਹੁੰਦਾ ਹੈ। ਪਰ ਜੇ ਅਸੀਂ ਇਨ੍ਹਾਂ ਸੰਬੰਧੀ ਸਹੀ ਫ਼ੈਸਲੇ ਕਰਦੇ ਹਾਂ, ਤਾਂ ਅਸੀਂ “ਪਰਮੇਸ਼ੁਰ ਦੇ ਨੇੜੇ” ਜਾਵਾਂਗੇ।—ਯਾਕੂ. 4:8.

ਤਕਨਾਲੋਜੀ

3. ਮਿਸਾਲ ਦੇ ਕੇ ਸਮਝਾਓ ਕਿ ਤਕਨਾਲੋਜੀ ਦੀ ਸਹੀ ਜਾਂ ਗ਼ਲਤ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।

3 ਦੁਨੀਆਂ ਭਰ ਵਿਚ ਕੰਪਿਊਟਰ, ਮੋਬਾਇਲ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਆਮ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਚੀਜ਼ਾਂ ਦੀ ਸਹੀ ਵਰਤੋਂ ਕਰਨ ਨਾਲ ਇਹ ਫ਼ਾਇਦੇਮੰਦ ਸਾਬਤ ਹੁੰਦੀਆਂ ਹਨ। ਪਰ ਇਨ੍ਹਾਂ ਦੀ ਗ਼ਲਤ ਵਰਤੋਂ ਕਰਨ ਨਾਲ ਇਹ ਸਾਨੂੰ ਯਹੋਵਾਹ ਤੋਂ ਦੂਰ ਕਰ ਸਕਦੀਆਂ ਹਨ। ਕੰਪਿਊਟਰ ਦੀ ਮਿਸਾਲ ’ਤੇ ਗੌਰ ਕਰੋ। ਇਹ ਰਸਾਲਾ ਜੋ ਤੁਸੀਂ ਪੜ੍ਹ ਰਹੇ ਹੋ, ਇਸ ਨੂੰ ਕੰਪਿਊਟਰ ਦੀ ਮਦਦ ਨਾਲ ਲਿਖਿਆ ਤੇ ਤਿਆਰ ਕੀਤਾ ਗਿਆ ਹੈ। ਕੰਪਿਊਟਰ ਦੀ ਮਦਦ ਨਾਲ ਕਈ ਵਿਸ਼ਿਆਂ ’ਤੇ ਖੋਜ ਕੀਤੀ ਜਾ ਸਕਦੀ ਹੈ, ਲੋਕਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਇਸ ’ਤੇ ਮਨੋਰੰਜਨ ਵੀ ਕੀਤਾ ਜਾ ਸਕਦਾ ਹੈ। ਪਰ ਅਸੀਂ ਕੰਪਿਊਟਰ ਦੇ ਆਦੀ ਬਣ ਸਕਦੇ ਹਾਂ। ਮਸ਼ਹੂਰੀਆਂ ਵਿਚ ਦਿਖਾਇਆ ਜਾਂਦਾ ਹੈ ਕਿ ਸਾਨੂੰ ਬਾਜ਼ਾਰ ਵਿਚ ਆਏ ਨਵੇਂ ਤੋਂ ਨਵੇਂ ਕੰਪਿਊਟਰ, ਮੋਬਾਇਲ ਵਗੈਰਾ ਦੀ ਲੋੜ ਹੈ। ਇਕ ਨੌਜਵਾਨ ’ਤੇ ਟੈਬਲੈਟ ਕੰਪਿਊਟਰ ਖ਼ਰੀਦਣ ਦਾ ਇੰਨਾ ਭੂਤ ਸਵਾਰ ਸੀ ਕਿ ਉਸ ਨੇ ਇਸ ਨੂੰ ਖ਼ਰੀਦਣ ਲਈ ਚੋਰੀ-ਛੁਪੇ ਆਪਣਾ ਇਕ ਗੁਰਦਾ ਹੀ ਵੇਚ ਦਿੱਤਾ। ਕਿੰਨੀ ਮਾੜੀ ਗੱਲ!

4. ਇਕ ਭਰਾ ਨੇ ਕੰਪਿਊਟਰ ਦੀ ਜ਼ਿਆਦਾ ਵਰਤੋਂ ਕਰਨ ਦੀ ਆਪਣੀ ਆਦਤ ਤੋਂ ਛੁਟਕਾਰਾ ਕਿਵੇਂ ਪਾਇਆ?

4 ਤਕਨਾਲੋਜੀ ਦੀ ਹੱਦੋਂ ਵੱਧ ਜਾਂ ਗ਼ਲਤ ਵਰਤੋਂ ਕਰਨ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। 30 ਕੁ ਸਾਲ ਦਾ ਜੌਨ * ਕਹਿੰਦਾ ਹੈ: “ਮੈਨੂੰ ਬਾਈਬਲ ਦੀ ਇਹ ਸਲਾਹ ਪਤਾ ਹੈ ਕਿ ਅਸੀਂ ਪਰਮੇਸ਼ੁਰ ਦੇ ਕੰਮ ਕਰਨ ਲਈ ਆਪਣੇ ‘ਸਮੇਂ ਨੂੰ ਚੰਗੀ ਤਰ੍ਹਾਂ ਵਰਤੀਏ।’ ਪਰ ਮੈਂ ਸਟੱਡੀ ਕਰਨ ਦੀ ਬਜਾਇ ਕੰਪਿਊਟਰ ਮੋਹਰੇ ਬੈਠਾ ਰਹਿੰਦਾ ਸੀ।” ਜੌਨ ਅੱਧੀ-ਅੱਧੀ ਰਾਤ ਤਕ ਇੰਟਰਨੈੱਟ ਦੇਖਦਾ ਰਹਿੰਦਾ ਸੀ। ਉਹ ਦੱਸਦਾ ਹੈ: “ਭਾਵੇਂ ਮੈਂ ਥੱਕਿਆ ਹੁੰਦਾ ਸੀ, ਪਰ ਮੇਰੇ ਲਈ ਕੰਪਿਊਟਰ ਬੰਦ ਕਰਨਾ ਬਹੁਤ ਔਖਾ ਹੁੰਦਾ ਸੀ। ਮੈਂ ਚੈਟਿੰਗ ਕਰਦਾ ਰਹਿੰਦਾ ਸੀ ਜਾਂ ਛੋਟੇ-ਛੋਟੇ ਵਿਡਿਓ ਦੇਖਦਾ ਰਹਿੰਦਾ ਸੀ। ਕੁਝ ਵਿਡਿਓ ਖ਼ਰਾਬ ਹੁੰਦੇ ਸਨ।” ਆਪਣੀ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਜੌਨ ਨੇ ਆਪਣੇ ਕੰਪਿਊਟਰ ’ਤੇ ਇੱਦਾਂ ਸੈਟਿੰਗ ਕੀਤੀ ਕਿ ਜਦੋਂ ਸੌਣ ਦਾ ਟਾਈਮ ਹੁੰਦਾ ਸੀ, ਤਾਂ ਉਸ ਦਾ ਕੰਪਿਊਟਰ ਆਪਣੇ ਆਪ ਬੰਦ ਹੋ ਜਾਂਦਾ ਸੀ।—ਅਫ਼ਸੀਆਂ 5:15, 16 ਪੜ੍ਹੋ।

ਮਾਪਿਓ, ਆਪਣੇ ਬੱਚਿਆਂ ਨੂੰ ਤਕਨਾਲੋਜੀ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਸਿਖਾਓ

5, 6. (ੳ) ਮਾਪਿਆਂ ਦੀਆਂ ਆਪਣੇ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀਆਂ ਹਨ? (ਅ) ਮਾਪੇ ਕਿਵੇਂ ਧਿਆਨ ਰੱਖ ਸਕਦੇ ਹਨ ਕਿ ਉਨ੍ਹਾਂ ਦੇ ਬੱਚੇ ਚੰਗੀ ਸੰਗਤ ਕਰਨ?

5 ਮਾਪਿਓ, ਤੁਹਾਨੂੰ ਆਪਣੇ ਬੱਚਿਆਂ ਦੀ ਹਰ ਗੱਲ ’ਤੇ ਕੰਟ੍ਰੋਲ ਰੱਖਣ ਦੀ ਲੋੜ ਨਹੀਂ ਹੈ, ਪਰ ਇਸ ਗੱਲ ’ਤੇ ਕੰਟ੍ਰੋਲ ਰੱਖਣ ਦੀ ਲੋੜ ਹੈ ਕਿ ਉਹ ਕੰਪਿਊਟਰ ਦੀ ਵਰਤੋਂ ਕਿਵੇਂ ਕਰਦੇ ਹਨ। ਉਨ੍ਹਾਂ ਤੋਂ ਖਹਿੜਾ ਛੁਡਾਉਣ ਲਈ ਤੁਸੀਂ ਆਪਣੇ ਬੱਚਿਆਂ ਨੂੰ ਗੰਦੀਆਂ ਵੈੱਬਸਾਈਟਾਂ ਦੇਖਣ, ਹਿੰਸਕ ਗੇਮਾਂ ਖੇਡਣ, ਜਾਦੂਗਰੀ ਦੇਖਣ ਅਤੇ ਇੰਟਰਨੈੱਟ ’ਤੇ ਬੁਰੇ ਲੋਕਾਂ ਨਾਲ ਦੋਸਤੀ ਨਾ ਕਰਨ ਦਿਓ। ਜੇ ਤੁਸੀਂ ਇੱਦਾਂ ਕਰਦੇ ਹੋ, ਤਾਂ ਤੁਹਾਡੇ ਬੱਚਿਆਂ ਨੂੰ ਲੱਗੇਗਾ ਕਿ ‘ਜੇ ਮੰਮੀ-ਡੈਡੀ ਨੂੰ ਪਰਵਾਹ ਨਹੀਂ ਹੈ, ਤਾਂ ਇਹ ਸਭ ਕੁਝ ਦੇਖਣਾ ਠੀਕ ਹੋਣਾ।’ ਮਾਪੇ ਹੋਣ ਕਰਕੇ ਆਪਣੇ ਬੱਚਿਆਂ ਦੀ ਰਾਖੀ ਕਰਨੀ ਤੁਹਾਡਾ ਫ਼ਰਜ਼ ਹੈ, ਚਾਹੇ ਬੱਚੇ ਵੱਡੇ ਹੋਣ ਜਾਂ ਛੋਟੇ, ਤਾਂਕਿ ਉਹ ਯਹੋਵਾਹ ਤੋਂ ਦੂਰ ਨਾ ਹੋ ਜਾਣ। ਸੋਚਿਆ ਜਾਵੇ ਤਾਂ ਜਾਨਵਰ ਵੀ ਆਪਣੇ ਬੱਚਿਆਂ ਨੂੰ ਖ਼ਤਰਿਆਂ ਤੋਂ ਬਚਾਉਂਦੇ ਹਨ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਖ਼ਤਰਿਆਂ ਤੋਂ ਬਚਾਉਣ ਦੀ ਲੋੜ ਹੈ।—ਹੋਰ ਜਾਣਕਾਰੀ ਲਈ ਹੋਸ਼ੇਆ 13:8 ਦੇਖੋ।

6 ਹਰ ਉਮਰ ਦੇ ਚੰਗੇ ਮਸੀਹੀਆਂ ਦੇ ਨਾਲ ਦੋਸਤੀ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ। ਪਰ ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਸੀਂ ਆਪ ਉਨ੍ਹਾਂ ਨਾਲ ਸਮਾਂ ਗੁਜ਼ਾਰੋ। ਉਨ੍ਹਾਂ ਨਾਲ ਹੱਸੋ-ਖੇਡੋ ਤੇ ਉਨ੍ਹਾਂ ਨਾਲ ਮਿਲ ਕੇ ਕੰਮ ਕਰੋ ਅਤੇ ਤੁਸੀਂ ਸਾਰੇ ਮਿਲ ਕੇ ‘ਪਰਮੇਸ਼ੁਰ ਦੇ ਨੇੜੇ ਜਾਓ।’ *

ਸਿਹਤ

7. ਅਸੀਂ ਸਾਰੇ ਜਣੇ ਸਿਹਤਮੰਦ ਕਿਉਂ ਰਹਿਣਾ ਚਾਹੁੰਦੇ ਹਾਂ?

7 ਅਸੀਂ ਅਕਸਰ ਦੂਸਰਿਆਂ ਦਾ ਹਾਲ-ਚਾਲ ਪੁੱਛਦੇ ਹਾਂ ਕਿਉਂਕਿ ਆਮ ਤੌਰ ਤੇ ਸਾਡੀ ਸਾਰਿਆਂ ਦੀ ਸਿਹਤ ਠੀਕ ਨਹੀਂ ਰਹਿੰਦੀ। ਇਨਸਾਨ ਉਦੋਂ ਤੋਂ ਬੀਮਾਰ ਹੋਣ ਲੱਗੇ ਜਦੋਂ ਸਾਡੇ ਪਹਿਲੇ ਮਾਪੇ ਆਦਮ ਤੇ ਹੱਵਾਹ ਸ਼ੈਤਾਨ ਦੇ ਪਿੱਛੇ ਲੱਗ ਕੇ ਯਹੋਵਾਹ ਤੋਂ ਦੂਰ ਹੋ ਗਏ। ਸਾਡੇ ਬੀਮਾਰ ਹੋਣ ’ਤੇ ਸ਼ੈਤਾਨ ਖ਼ੁਸ਼ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਬੀਮਾਰ ਹੁੰਦੇ ਹਾਂ, ਤਾਂ ਸਾਡੇ ਲਈ ਯਹੋਵਾਹ ਦੀ ਸੇਵਾ ਕਰਨੀ ਮੁਸ਼ਕਲ ਹੋ ਜਾਂਦੀ ਹੈ। ਨਾਲੇ ਮਰਨ ਤੋਂ ਬਾਅਦ ਕੋਈ ਵੀ ਯਹੋਵਾਹ ਦੀ ਸੇਵਾ ਨਹੀਂ ਕਰ ਸਕਦਾ। (ਜ਼ਬੂ. 115:17) ਇਸ ਲਈ ਅਸੀਂ ਸਾਰੇ ਸਿਹਤਮੰਦ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। * ਸਾਨੂੰ ਆਪਣੇ ਭੈਣਾਂ-ਭਰਾਵਾਂ ਦੀ ਸਿਹਤ ਦਾ ਵੀ ਫ਼ਿਕਰ ਕਰਨਾ ਚਾਹੀਦਾ ਹੈ।

8, 9. (ੳ) ਅਸੀਂ ਆਪਣੀ ਸਿਹਤ ਬਾਰੇ ਹੱਦੋਂ ਵੱਧ ਫ਼ਿਕਰ ਕਰਨ ਤੋਂ ਕਿਵੇਂ ਬਚ ਸਕਦੇ ਹਾਂ? (ਅ) ਸਾਡੇ ਲਈ ਖ਼ੁਸ਼ ਰਹਿਣਾ ਚੰਗੀ ਗੱਲ ਕਿਉਂ ਹੈ?

8 ਪਰ ਸਾਨੂੰ ਹਮੇਸ਼ਾ ਆਪਣੀ ਸਿਹਤ ਬਾਰੇ ਹੀ ਚਿੰਤਾ ਨਹੀਂ ਕਰਦੇ ਰਹਿਣਾ ਚਾਹੀਦਾ। ਅੱਜ-ਕੱਲ੍ਹ ਬਾਜ਼ਾਰ ਵਿਚ ਸਿਹਤ ਸੰਬੰਧੀ ਨਵੀਆਂ-ਨਵੀਆਂ ਦਵਾਈਆਂ ਤੇ ਸੋਹਣੇ ਦਿਸਣ ਲਈ ਬਿਊਟੀ ਪ੍ਰੋਡਕਟਸ ਮਿਲਦੇ ਹਨ ਤੇ ਡਾਈਟਿੰਗ ਕਰਨ ’ਤੇ ਜ਼ੋਰ ਦਿੱਤਾ ਜਾਂਦਾ ਹੈ। ਕੁਝ ਭੈਣ-ਭਰਾ ਪਰਮੇਸ਼ੁਰ ਦੇ ਰਾਜ ਬਾਰੇ ਘੱਟ ਤੇ ਇਨ੍ਹਾਂ ਚੀਜ਼ਾਂ ਬਾਰੇ ਜ਼ਿਆਦਾ ਗੱਲਾਂ ਕਰਦੇ ਹਨ। ਸ਼ਾਇਦ ਉਨ੍ਹਾਂ ਨੂੰ ਲੱਗੇ ਕਿ ਉਹ ਦੂਜਿਆਂ ਦੀ ਮਦਦ ਕਰ ਰਹੇ ਹਨ। ਫਿਰ ਵੀ ਮੀਟਿੰਗਾਂ ਤੋਂ ਪਹਿਲਾਂ ਜਾਂ ਬਾਅਦ ਵਿਚ ਜਾਂ ਅਸੈਂਬਲੀਆਂ ਜਾਂ ਜ਼ਿਲ੍ਹਾ ਸੰਮੇਲਨਾਂ ਵਿਚ ਇਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰਨੀਆਂ ਸਹੀ ਨਹੀਂ ਹਨ। ਕਿਉਂ?

9 ਅਸੀਂ ਮੀਟਿੰਗਾਂ ਵਿਚ ਪਰਮੇਸ਼ੁਰ ਬਾਰੇ ਗੱਲਾਂ ਕਰਨ ਤੇ ਆਪਣੀ ਖ਼ੁਸ਼ੀ ਨੂੰ ਵਧਾਉਣ ਲਈ ਇਕੱਠੇ ਹੁੰਦੇ ਹਾਂ। ਇਹ ਖ਼ੁਸ਼ੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਾਲ ਮਿਲਦੀ ਹੈ। (ਗਲਾ. 5:22) ਇਨ੍ਹਾਂ ਮੌਕਿਆਂ ’ਤੇ ਦੂਜਿਆਂ ਨੂੰ ਸਿਹਤ ਸੰਬੰਧੀ ਚੀਜ਼ਾਂ ਜਾਂ ਸਲਾਹ ਦੇ ਕੇ ਅਸੀਂ ਉਨ੍ਹਾਂ ਦਾ ਧਿਆਨ ਪਰਮੇਸ਼ੁਰ ਦੀਆਂ ਗੱਲਾਂ ਤੋਂ ਹਟਾ ਸਕਦੇ ਹਾਂ। ਸਾਡੀਆਂ ਗੱਲਾਂ ਕਰਕੇ ਉਹ ਖ਼ੁਸ਼ ਹੋਣ ਦੀ ਬਜਾਇ ਸ਼ਾਇਦ ਪਰੇਸ਼ਾਨ ਹੋ ਜਾਣ। (ਰੋਮੀ. 14:17) ਆਪਣੀ ਸਿਹਤ ਬਾਰੇ ਫ਼ੈਸਲਾ ਕਰਨਾ ਸਾਰਿਆਂ ਦੀ ਆਪਣੀ ਜ਼ਿੰਮੇਵਾਰੀ ਹੈ। ਇਸ ਤੋਂ ਇਲਾਵਾ, ਕਿਸੇ ਕੋਲ ਵੀ ਸਾਰੀਆਂ ਬੀਮਾਰੀਆਂ ਦਾ ਇਲਾਜ ਨਹੀਂ ਹੈ। ਵਧੀਆ ਤੋਂ ਵਧੀਆ ਡਾਕਟਰ ਵੀ ਬੁੱਢੇ ਤੇ ਬੀਮਾਰ ਹੁੰਦੇ ਹਨ ਤੇ ਅਖ਼ੀਰ ਉਹ ਮਰ ਜਾਂਦੇ ਹਨ। ਆਪਣੀ ਸਿਹਤ ਬਾਰੇ ਹੱਦੋਂ ਵੱਧ ਫ਼ਿਕਰ ਕਰਨ ਨਾਲ ਅਸੀਂ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਨਹੀਂ ਵਧਾ ਸਕਦੇ। (ਲੂਕਾ 12:25) ਦੂਜੇ ਪਾਸੇ, “ਖੁਸ਼ ਦਿਲੀ ਦਵਾ ਵਾਂਙੁ ਚੰਗਾ ਕਰਦੀ ਹੈ।”—ਕਹਾ. 17:22.

10. (ੳ) ਯਹੋਵਾਹ ਮੁਤਾਬਕ ਇਨਸਾਨ ਨੂੰ ਕਿਹੜੀ ਗੱਲ ਸੋਹਣਾ ਬਣਾਉਂਦੀ ਹੈ? (ਅ) ਅਸੀਂ ਵਧੀਆ ਸਿਹਤ ਦਾ ਆਨੰਦ ਕਦੋਂ ਮਾਣ ਸਕਾਂਗੇ?

10 ਇਸੇ ਤਰ੍ਹਾਂ ਇਹ ਸੋਚਣਾ ਗ਼ਲਤ ਨਹੀਂ ਹੈ ਕਿ ਅਸੀਂ ਦੇਖਣ ਨੂੰ ਕਿੱਦਾਂ ਦੇ ਲੱਗਦੇ ਹਾਂ। ਪਰ ਸਾਨੂੰ ਆਪਣੀ ਉਮਰ ਨਾਲੋਂ ਘੱਟ ਦਿਸਣ ਦੀ ਹੱਦੋਂ ਵੱਧ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਬਾਈਬਲ ਕਹਿੰਦੀ ਹੈ: “ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।” (ਕਹਾ. 16:31) ਯਹੋਵਾਹ ਦੀਆਂ ਨਜ਼ਰਾਂ ਵਿਚ ਸਿਆਣੇ ਲੋਕਾਂ ਦੀ ਅਹਿਮੀਅਤ ਹੈ। ਉਹ ਦੇਖਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ, ਨਾ ਕਿ ਬਾਹਰੋਂ ਕਿਹੋ ਜਿਹੇ ਹਾਂ। ਸਾਨੂੰ ਵੀ ਆਪਣੇ ਬਾਰੇ ਇਸੇ ਤਰ੍ਹਾਂ ਸੋਚਣਾ ਚਾਹੀਦਾ ਹੈ। (1 ਪਤਰਸ 3:3, 4 ਪੜ੍ਹੋ।) ਤਾਂ ਫਿਰ, ਕੀ ਸੋਹਣੇ ਬਣਨ ਲਈ ਕੋਈ ਖ਼ਤਰਨਾਕ ਇਲਾਜ ਜਾਂ ਓਪਰੇਸ਼ਨ ਕਰਵਾਉਣਾ ਸਮਝਦਾਰੀ ਹੋਵੇਗੀ? ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਸਾਡੀ ਉਮਰ ਕਿੰਨੀ ਹੈ ਜਾਂ ਅਸੀਂ ਕਿੰਨੇ ਸਿਹਤਮੰਦ ਹਾਂ, ਪਰ ਜੇ ਅਸੀਂ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ ਰਹਿੰਦੇ ਹਾਂ, ਤਾਂ ਅਸੀਂ ਅੰਦਰੋਂ ਸੋਹਣੇ ਬਣਾਂਗੇ। (ਨਹ. 8:10) ਨਵੀਂ ਦੁਨੀਆਂ ਵਿਚ ਹੀ ਅਸੀਂ ਸਾਰੇ ਸਿਹਤਮੰਦ ਤੇ ਜਵਾਨ ਹੋਵਾਂਗੇ। (ਅੱਯੂ. 33:25; ਯਸਾ. 33:24) ਉਦੋਂ ਤਕ ਸਾਨੂੰ ਸਹੀ ਫ਼ੈਸਲੇ ਕਰਨ ਦੀ ਤੇ ਪਰਮੇਸ਼ੁਰ ਦੇ ਵਾਅਦਿਆਂ ’ਤੇ ਭਰੋਸਾ ਰੱਖਣ ਦੀ ਲੋੜ ਹੈ। ਇਹ ਗੱਲਾਂ ਸਾਡੀ ਜ਼ਿੰਦਗੀ ਵਿਚ ਖ਼ੁਸ਼ ਰਹਿਣ ਤੇ ਆਪਣੀ ਸਿਹਤ ਬਾਰੇ ਹੱਦੋਂ ਵੱਧ ਫ਼ਿਕਰ ਨਾ ਕਰਨ ਵਿਚ ਮਦਦ ਕਰਨਗੀਆਂ।—1 ਤਿਮੋ. 4:8.

ਪੈਸਾ

11. ਪੈਸਾ ਸਾਡੇ ਲਈ ਫੰਦਾ ਕਿਵੇਂ ਬਣ ਸਕਦਾ ਹੈ?

11 ਪੈਸਾ ਹੋਣਾ ਜਾਂ ਈਮਾਨਦਾਰੀ ਨਾਲ ਪੈਸੇ ਕਮਾਉਣ ਦੀ ਕੋਸ਼ਿਸ਼ ਕਰਨੀ ਗ਼ਲਤ ਨਹੀਂ ਹੈ। (ਉਪ. 7:12; ਲੂਕਾ 19:12, 13) ਪਰ “ਪੈਸੇ ਨਾਲ ਪਿਆਰ” ਹੋਣ ਕਰਕੇ ਅਸੀਂ ਯਹੋਵਾਹ ਤੋਂ ਦੂਰ ਹੋ ਜਾਵਾਂਗੇ। (1 ਤਿਮੋ. 6:9, 10) “ਜ਼ਮਾਨੇ ਦੀਆਂ ਚਿੰਤਾਵਾਂ” ਯਾਨੀ ਰੋਜ਼ ਦੀਆਂ ਜ਼ਰੂਰਤਾਂ ਲਈ ਹੱਦੋਂ ਵੱਧ ਚਿੰਤਾ ਸਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਹਟਾ ਸਕਦੀ ਹੈ। ਨਾਲੇ “ਧਨ ਦੀ ਧੋਖਾ ਦੇਣ ਵਾਲੀ ਤਾਕਤ” ਵੀ ਸਾਨੂੰ ਪਰਮੇਸ਼ੁਰ ਤੋਂ ਦੂਰ ਕਰ ਸਕਦੀ ਹੈ ਕਿਉਂਕਿ ਸ਼ਾਇਦ ਅਸੀਂ ਸੋਚਣ ਲੱਗ ਪਈਏ ਕਿ ਧਨ-ਦੌਲਤ ਨਾਲ ਹੀ ਸੱਚੀ ਖ਼ੁਸ਼ੀ ਤੇ ਸੁਰੱਖਿਆ ਮਿਲਦੀ ਹੈ। (ਮੱਤੀ 13:22) ਯਿਸੂ ਨੇ ਸਾਫ਼ ਕਿਹਾ ਸੀ ਕਿ “ਕੋਈ ਵੀ” ਇਨਸਾਨ ਪਰਮੇਸ਼ੁਰ ਤੇ ਪੈਸੇ ਦੀ ਗ਼ੁਲਾਮੀ ਨਹੀਂ ਕਰ ਸਕਦਾ।—ਮੱਤੀ 6:24.

12. ਅੱਜ ਪੈਸੇ ਕਮਾਉਣ ਦੇ ਕਿਹੜੇ ਫੰਦੇ ਆਮ ਹਨ ਤੇ ਅਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ?

12 ਪੈਸੇ ਪ੍ਰਤੀ ਗ਼ਲਤ ਨਜ਼ਰੀਆ ਸਾਨੂੰ ਗ਼ਲਤ ਕੰਮ ਕਰਨ ਦੀ ਹੱਲਾਸ਼ੇਰੀ ਦੇ ਸਕਦਾ ਹੈ। (ਕਹਾ. 28:20) ਕਈ ਰਾਤੋ-ਰਾਤ ਅਮੀਰ ਬਣਨਾ ਚਾਹੁੰਦੇ ਹਨ, ਇਸ ਕਰਕੇ ਉਹ ਲਾਟਰੀਆਂ ਪਾਉਂਦੇ ਹਨ ਜਾਂ ਛੇਤੀ ਪੈਸਾ ਕਮਾਉਣ ਦੀਆਂ ਸਕੀਮਾਂ ਦੇ ਝਾਂਸੇ ਵਿਚ ਫਸ ਜਾਂਦੇ ਹਨ। ਉਹ ਇਨ੍ਹਾਂ ਸਕੀਮਾਂ ਵਿਚ ਮੰਡਲੀ ਦੇ ਹੋਰ ਭਰਾਵਾਂ ਨੂੰ ਵੀ ਫਸਾ ਲੈਂਦੇ ਹਨ। ਕਈ ਭਰਾ ਇਸ ਕਰਕੇ ਕਿਸੇ ਬਿਜ਼ਨਿਸ ਵਿਚ ਪੈਸਾ ਲਾਉਣ ਦੀ ਗ਼ਲਤੀ ਕਰ ਬੈਠਦੇ ਹਨ ਕਿਉਂਕਿ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਦੁਗਣਾ-ਤਿੱਗੁਣਾ ਮੁਨਾਫ਼ਾ ਹੋਵੇਗਾ। ਲਾਲਚ ਵਿਚ ਆ ਕੇ ਸ਼ਾਇਦ ਉਹ ਇਸ ਬਿਜ਼ਨਿਸ ਵਿਚ ਪੈਸਾ ਲਾਉਣ ਲਈ ਮੰਨ ਜਾਣ ਜਿਸ ਕਰਕੇ ਉਨ੍ਹਾਂ ਦੇ ਪੈਸੇ ਡੁੱਬ ਸਕਦੇ ਹਨ। ਇਸ ਲਈ ਲਾਲਚੀ ਬਣਨ ਤੋਂ ਖ਼ਬਰਦਾਰ ਰਹੋ। ਸਮਝਦਾਰੀ ਵਰਤੋ ਅਤੇ ਅਜਿਹੀਆਂ ਸਕੀਮਾਂ ਦੇ ਚੱਕਰਾਂ ਵਿਚ ਨਾ ਪਓ।

13. ਪੈਸੇ ਸੰਬੰਧੀ ਯਹੋਵਾਹ ਦਾ ਨਜ਼ਰੀਆ ਦੁਨੀਆਂ ਦੇ ਨਜ਼ਰੀਏ ਨਾਲੋਂ ਕਿਵੇਂ ਵੱਖਰਾ ਹੈ?

13 ਜਦੋਂ ਅਸੀਂ ‘ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿੰਦੇ ਹਾਂ ਅਤੇ ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ ਉਹੀ ਕਰਦੇ ਹਾਂ,’ ਤਾਂ ਯਹੋਵਾਹ ਸਾਨੂੰ ਬਰਕਤ ਦਿੰਦਾ ਹੈ ਕਿ ਅਸੀਂ ਮਿਹਨਤ ਨਾਲ ਕੰਮ ਕਰ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕੀਏ। (ਮੱਤੀ 6:33; ਅਫ਼. 4:28) ਉਹ ਨਹੀਂ ਚਾਹੁੰਦਾ ਕਿ ਅਸੀਂ ਜ਼ਰੂਰਤ ਤੋਂ ਜ਼ਿਆਦਾ ਕੰਮ ਕਰਨ ਕਰਕੇ ਥੱਕੇ ਹੋਣ ਕਾਰਨ ਮੀਟਿੰਗਾਂ ਦੌਰਾਨ ਸੌਂ ਜਾਈਏ ਜਾਂ ਕਿੰਗਡਮ ਹਾਲ ਵਿਚ ਬੈਠੇ ਪੈਸੇ ਦੀ ਚਿੰਤਾ ਕਰੀ ਜਾਈਏ। ਦੁਨੀਆਂ ਦੇ ਬਹੁਤ ਸਾਰੇ ਲੋਕ ਤਾਂ ਇਹੀ ਸੋਚਦੇ ਹਨ ਕਿ ਆਪਣਾ ਭਵਿੱਖ ਸੁਰੱਖਿਅਤ ਬਣਾਉਣ ਅਤੇ ਬੁਢਾਪਾ ਸੌਖਾ ਕੱਟਣ ਲਈ ਦਿਨ-ਰਾਤ ਕੰਮ ਕਰ ਕੇ ਪੈਸਾ ਕਮਾਉਣਾ ਜ਼ਰੂਰੀ ਹੈ। ਉਹ ਆਪਣੇ ਬੱਚਿਆਂ ਦੇ ਮਨਾਂ ਵਿਚ ਵੀ ਪਾਉਂਦੇ ਹਨ ਕਿ ਪੈਸਾ ਕਮਾਉਣਾ ਜ਼ਰੂਰੀ ਹੈ। ਪਰ ਯਿਸੂ ਨੇ ਦਿਖਾਇਆ ਕਿ ਇਸ ਤਰ੍ਹਾਂ ਦੀ ਸੋਚਣੀ ਗ਼ਲਤ ਹੈ। (ਲੂਕਾ 12:15-21 ਪੜ੍ਹੋ।) ਗੇਹਾਜੀ ਨੇ ਵੀ ਇਹੀ ਸੋਚਿਆ ਸੀ ਕਿ ਉਹ ਲਾਲਚ ਕਰਨ ਦੇ ਨਾਲ-ਨਾਲ ਯਹੋਵਾਹ ਨਾਲ ਵੀ ਵਧੀਆ ਰਿਸ਼ਤਾ ਬਣਾਈ ਰੱਖ ਸਕਦਾ ਹੈ।—2 ਰਾਜ. 5:20-27.

14, 15. ਸੁਰੱਖਿਆ ਲਈ ਸਾਨੂੰ ਪੈਸੇ ’ਤੇ ਭਰੋਸਾ ਕਿਉਂ ਨਹੀਂ ਰੱਖਣਾ ਚਾਹੀਦਾ? ਮਿਸਾਲ ਦਿਓ।

14 ਕਈ ਵਾਰ ਕਿਸੇ ਉਕਾਬ ਲਈ ਕੋਈ ਭਾਰੀ ਮੱਛੀ ਫੜ ਕੇ ਉੱਡਣਾ ਮੁਸ਼ਕਲ ਹੁੰਦਾ ਹੈ। ਜੇ ਉਹ ਉਸ ਮੱਛੀ ਨੂੰ ਨਹੀਂ ਛੱਡਦਾ, ਤਾਂ ਉਹ ਆਪ ਹੀ ਡੁੱਬ ਜਾਂਦਾ ਹੈ। ਕੀ ਇਸੇ ਤਰ੍ਹਾਂ ਕੁਝ ਮਸੀਹੀਆਂ ਨਾਲ ਵੀ ਹੋ ਸਕਦਾ ਹੈ? ਐਲਿਕਸ ਨਾਂ ਦਾ ਬਜ਼ੁਰਗ ਦੱਸਦਾ ਹੈ: “ਮੈਂ ਸੋਚ-ਸਮਝ ਕੇ ਪੈਸੇ ਖ਼ਰਚਦਾ ਹਾਂ। ਜੇ ਕਿਤੇ ਬੋਤਲ ਵਿੱਚੋਂ ਥੋੜ੍ਹਾ ਜਿਹਾ ਸ਼ੈਂਪੂ ਜ਼ਿਆਦਾ ਨਿਕਲ ਆਉਂਦਾ ਹੈ, ਤਾਂ ਮੈਂ ਉਹ ਵਾਪਸ ਬੋਤਲ ਵਿਚ ਪਾ ਦਿੰਦਾ ਹਾਂ।” ਪਰ ਐਲਿਕਸ ਕਈ ਕੰਪਨੀਆਂ ਦੇ ਸ਼ੇਅਰ ਖ਼ਰੀਦਣ ਦੇ ਚੱਕਰਾਂ ਵਿਚ ਪੈ ਗਿਆ। ਉਸ ਨੇ ਸੋਚਿਆ ਕਿ ਉਹ ਇਸ ਤਰ੍ਹਾਂ ਹੋਰ ਪੈਸੇ ਕਮਾ ਕੇ ਛੇਤੀ ਕੰਮ ਛੱਡ ਦੇਵੇਗਾ ਅਤੇ ਪਾਇਨੀਅਰਿੰਗ ਕਰਨ ਲੱਗ ਪਵੇਗਾ। ਉਸ ਦਾ ਸਾਰਾ ਧਿਆਨ ਸ਼ੇਅਰਾਂ ਦੇ ਰੇਟਾਂ ਵਗੈਰਾ ਵਿਚ ਹੀ ਰਹਿੰਦਾ ਸੀ। ਆਪਣੀ ਜਮ੍ਹਾ ਪੂੰਜੀ ਤੇ ਦਲਾਲਾਂ ਤੋਂ ਪੈਸੇ ਉਧਾਰ ਲੈ ਕੇ ਉਸ ਨੇ ਸ਼ੇਅਰ ਖ਼ਰੀਦ ਲਏ ਜਿਨ੍ਹਾਂ ਦੇ ਰੇਟ ਇਕਦਮ ਵਧਣ ਦੀ ਉਮੀਦ ਕੀਤੀ ਗਈ ਸੀ। ਪਰ ਰੇਟ ਵਧਣ ਦੀ ਬਜਾਇ ਬਿਲਕੁਲ ਥੱਲੇ ਡਿਗ ਗਏ। ਐਲਿਕਸ ਦੱਸਦਾ ਹੈ: “ਮੈਂ ਆਪਣੇ ਪੈਸੇ ਵਾਪਸ ਲੈਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਸ਼ੇਅਰਾਂ ਦੇ ਰੇਟ ਇਕ ਦਿਨ ਜ਼ਰੂਰ ਵਧਣਗੇ।”

15 ਕਈ ਮਹੀਨਿਆਂ ਤਕ ਐਲਿਕਸ ਸਿਰਫ਼ ਸ਼ੇਅਰਾਂ ਬਾਰੇ ਹੀ ਸੋਚਦਾ ਰਿਹਾ। ਉਸ ਲਈ ਪਰਮੇਸ਼ੁਰੀ ਗੱਲਾਂ ਵੱਲ ਧਿਆਨ ਦੇਣਾ ਮੁਸ਼ਕਲ ਸੀ ਤੇ ਉਸ ਨੇ ਆਪਣੀ ਰਾਤਾਂ ਦੀ ਨੀਂਦ ਵੀ ਗੁਆ ਲਈ। ਪਰ ਸ਼ੇਅਰਾਂ ਦੇ ਰੇਟ ਨਹੀਂ ਵਧੇ। ਐਲਿਕਸ ਦੀ ਸਾਰੀ ਜਮ੍ਹਾ ਪੂੰਜੀ ਡੁੱਬ ਗਈ ਤੇ ਉਸ ਨੂੰ ਆਪਣਾ ਘਰ ਵੀ ਵੇਚਣਾ ਪਿਆ। ਉਹ ਮੰਨਦਾ ਹੈ: “ਮੈਂ ਆਪਣੇ ਪਰਿਵਾਰ ’ਤੇ ਦੁੱਖ ਲਿਆਂਦੇ।” ਪਰ ਇਸ ਗੱਲ ਨਾਲ ਉਸ ਨੇ ਇਹ ਜ਼ਰੂਰੀ ਸਬਕ ਸਿੱਖਿਆ: “ਮੈਂ ਹੁਣ ਜਾਣ ਗਿਆ ਹਾਂ ਕਿ ਜਿਹੜਾ ਵੀ ਸ਼ੈਤਾਨ ਦੀ ਦੁਨੀਆਂ ’ਤੇ ਭਰੋਸਾ ਰੱਖਦਾ ਹੈ, ਉਸ ਦੇ ਹੱਥ ਨਿਰਾਸ਼ਾ ਤੋਂ ਸਿਵਾਇ ਕੁਝ ਨਹੀਂ ਲੱਗਦਾ।” (ਕਹਾ. 11:28) ਦਰਅਸਲ ਆਪਣੀ ਜਮ੍ਹਾ ਪੂੰਜੀ, ਬਿਜ਼ਨਿਸ ਜਾਂ ਇਸ ਦੁਨੀਆਂ ਵਿਚ ਪੈਸੇ ਕਮਾਉਣ ਦੀ ਆਪਣੀ ਕਾਬਲੀਅਤ ’ਤੇ ਭਰੋਸਾ ਰੱਖਣ ਦਾ ਮਤਲਬ ਹੈ ਕਿ ਅਸੀਂ “ਇਸ ਦੁਨੀਆਂ ਦੇ ਈਸ਼ਵਰ” ਸ਼ੈਤਾਨ ’ਤੇ ਭਰੋਸਾ ਰੱਖਦੇ ਹਾਂ। (2 ਕੁਰਿੰ. 4:4; 1 ਤਿਮੋ. 6:17) ਐਲਿਕਸ ਹੁਣ “ਖ਼ੁਸ਼ ਖ਼ਬਰੀ ਦੀ ਖ਼ਾਤਰ” ਸਾਦੀ ਜ਼ਿੰਦਗੀ ਜੀਉਂਦਾ ਹੈ। ਇਸ ਤਰ੍ਹਾਂ ਕਰ ਕੇ ਉਹ ਤੇ ਉਸ ਦਾ ਪਰਿਵਾਰ ਖ਼ੁਸ਼ ਹਨ ਅਤੇ ਉਹ ਸਾਰੇ ਯਹੋਵਾਹ ਦੇ ਹੋਰ ਨੇੜੇ ਆਏ ਹਨ।—ਮਰਕੁਸ 10:29, 30 ਪੜ੍ਹੋ।

ਘਮੰਡ

16. ਮਾਣ ਕਰਨ ਤੇ ਘਮੰਡ ਕਰਨ ਵਿਚ ਕੀ ਫ਼ਰਕ ਹੈ?

16 ਮਾਣ ਕਰਨਾ ਚੰਗਾ ਹੁੰਦਾ ਹੈ, ਪਰ ਘਮੰਡ ਕਰਨਾ ਨਹੀਂ। ਅਸੀਂ ਇਸ ਗੱਲ ’ਤੇ ਮਾਣ ਕਰਦੇ ਹਾਂ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ। (ਯਿਰ. 9:24) ਇਸ ਕਰਕੇ ਅਸੀਂ ਹਮੇਸ਼ਾ ਸਹੀ ਫ਼ੈਸਲੇ ਕਰਨ ਅਤੇ ਪਰਮੇਸ਼ੁਰ ਦੇ ਅਸੂਲਾਂ ’ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਜੇ ਅਸੀਂ ਆਪਣੇ ਉੱਤੇ ਘਮੰਡ ਕਰਨ ਲੱਗ ਪਈਏ, ਤਾਂ ਅਸੀਂ ਸੋਚਣ ਲੱਗ ਪਵਾਂਗੇ ਕਿ ਅਸੀਂ ਯਹੋਵਾਹ ਤੋਂ ਜ਼ਿਆਦਾ ਜਾਣਦੇ ਹਾਂ। ਇਸ ਕਰਕੇ ਅਸੀਂ ਉਸ ਤੋਂ ਦੂਰ ਹੋ ਸਕਦੇ ਹਾਂ।—ਜ਼ਬੂ. 138:6; ਰੋਮੀ. 12:3.

ਮੰਡਲੀ ਵਿਚ ਪਦਵੀ ਹਾਸਲ ਕਰਨ ਦੀ ਆਸ ਲਾਉਣ ਦੀ ਬਜਾਇ ਪ੍ਰਚਾਰ ਦੇ ਕੰਮ ਵਿਚ ਮਜ਼ਾ ਲਓ!

17, 18. (ੳ) ਬਾਈਬਲ ਵਿੱਚੋਂ ਘਮੰਡੀ ਤੇ ਨਿਮਰ ਲੋਕਾਂ ਦੀਆਂ ਮਿਸਾਲਾਂ ਦਿਓ। (ਅ) ਇਕ ਭਰਾ ਨੇ ਕੀ ਕੀਤਾ ਤਾਂਕਿ ਉਹ ਘਮੰਡ ਕਰਕੇ ਯਹੋਵਾਹ ਤੋਂ ਦੂਰ ਨਾ ਹੋ ਜਾਵੇ?

17 ਬਾਈਬਲ ਵਿਚ ਘਮੰਡੀ ਤੇ ਨਿਮਰ ਲੋਕਾਂ ਦੀਆਂ ਮਿਸਾਲਾਂ ਦਰਜ ਹਨ। ਰਾਜਾ ਦਾਊਦ ਨੇ ਯਹੋਵਾਹ ਨੂੰ ਨਿਮਰਤਾ ਨਾਲ ਬੇਨਤੀ ਕੀਤੀ ਕਿ ਉਹ ਜ਼ਿੰਦਗੀ ਵਿਚ ਉਸ ਦੀ ਅਗਵਾਈ ਕਰੇ ਅਤੇ ਯਹੋਵਾਹ ਨੇ ਉਸ ਦੀ ਬੇਨਤੀ ਸੁਣੀ। (ਜ਼ਬੂ. 131:1-3) ਪਰ ਯਹੋਵਾਹ ਨੇ ਘਮੰਡੀ ਰਾਜਿਆਂ ਨਬੂਕਦਨੱਸਰ ਤੇ ਬੇਲਸ਼ੱਸਰ ਨੂੰ ਨੀਵਿਆਂ ਕੀਤਾ। (ਦਾਨੀ. 4:30-37; 5:22-30) ਅੱਜ ਸਾਡੀ ਨਿਮਰਤਾ ਦੀ ਵੀ ਪਰਖ ਹੋ ਸਕਦੀ ਹੈ। ਰਾਇਨ 32 ਸਾਲਾਂ ਦਾ ਸਹਾਇਕ ਸੇਵਕ ਸੀ ਅਤੇ ਉਹ ਕਿਸੇ ਹੋਰ ਮੰਡਲੀ ਵਿਚ ਜਾਣ ਲੱਗ ਪਿਆ। ਰਾਇਨ ਦੱਸਦਾ ਹੈ: “ਮੈਨੂੰ ਲੱਗਦਾ ਸੀ ਕਿ ਮੈਨੂੰ ਜਲਦੀ ਹੀ ਬਜ਼ੁਰਗ ਬਣਾ ਦਿੱਤਾ ਜਾਵੇਗਾ, ਪਰ ਇਕ ਸਾਲ ਤਕ ਕੁਝ ਨਹੀਂ ਹੋਇਆ।” ਰਾਇਨ ਦਾ ਰਵੱਈਆ ਕੀ ਸੀ? ਕੀ ਰਾਇਨ ਘਮੰਡ ਵਿਚ ਆ ਕੇ ਇਹ ਸੋਚਣ ਲੱਗ ਪਿਆ ਕਿ ਬਜ਼ੁਰਗਾਂ ਨੇ ਉਸ ਦੀ ਕਾਬਲੀਅਤ ਨਹੀਂ ਪਛਾਣੀ? ਕੀ ਉਸ ਨੇ ਗੁੱਸੇ ਵਿਚ ਆ ਕੇ ਮੀਟਿੰਗਾਂ ਵਿਚ ਜਾਣਾ ਛੱਡ ਦਿੱਤਾ ਤੇ ਘਮੰਡ ਕਰਕੇ ਯਹੋਵਾਹ ਤੋਂ ਦੂਰ ਹੋ ਗਿਆ? ਜੇ ਤੁਸੀਂ ਉਸ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ?

18 ਰਾਇਨ ਕਹਿੰਦਾ ਹੈ: “ਮੈਂ ਪ੍ਰਕਾਸ਼ਨਾਂ ਵਿਚ ਉਹ ਸਾਰੇ ਲੇਖ ਪੜ੍ਹੇ ਜਿਨ੍ਹਾਂ ਵਿਚ ਦੱਸਿਆ ਗਿਆ ਸੀ ਕਿ ਉਮੀਦ ਪੂਰੀ ਨਾ ਹੋਣ ’ਤੇ ਕੀ ਕਰਨਾ ਚਾਹੀਦਾ ਹੈ।” (ਕਹਾ. 13:12) “ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਧੀਰਜ ਰੱਖਣ ਤੇ ਨਿਮਰ ਬਣਨ ਦੀ ਲੋੜ ਹੈ। ਮੈਨੂੰ ਯਹੋਵਾਹ ਤੋਂ ਸਿੱਖਣ ਦੀ ਲੋੜ ਸੀ।” ਰਾਇਨ ਆਪਣੇ ਬਾਰੇ ਸੋਚਣ ਦੀ ਬਜਾਇ ਮੰਡਲੀ ਤੇ ਪ੍ਰਚਾਰ ਦੇ ਕੰਮ ਵਿਚ ਦੂਜਿਆਂ ਦੀ ਸੇਵਾ ਵੱਲ ਧਿਆਨ ਦੇਣ ਲੱਗਾ। ਜਲਦੀ ਹੀ ਉਹ ਕਈ ਵਧੀਆ ਬਾਈਬਲ ਸਟੱਡੀਆਂ ਕਰਾਉਣ ਲੱਗਾ। ਉਹ ਕਹਿੰਦਾ ਹੈ: “ਜਦੋਂ ਡੇਢ ਸਾਲ ਬਾਅਦ ਮੈਨੂੰ ਬਜ਼ੁਰਗ ਵਜੋਂ ਨਿਯੁਕਤ ਕੀਤਾ ਗਿਆ, ਤਾਂ ਮੈਂ ਹੈਰਾਨ ਰਹਿ ਗਿਆ। ਮੈਂ ਇਸ ਬਾਰੇ ਚਿੰਤਾ ਕਰਨੀ ਛੱਡ ਦਿੱਤੀ ਸੀ ਕਿਉਂਕਿ ਮੈਨੂੰ ਪ੍ਰਚਾਰ ਦੇ ਕੰਮ ਵਿਚ ਖ਼ੁਸ਼ੀ ਮਿਲਦੀ ਸੀ।”—ਜ਼ਬੂਰਾਂ ਦੀ ਪੋਥੀ 37:3, 4 ਪੜ੍ਹੋ।

ਯਹੋਵਾਹ ਦੇ ਨੇੜੇ ਰਹੋ!

19, 20. (ੳ) ਅਸੀਂ ਕਿਵੇਂ ਧਿਆਨ ਰੱਖ ਸਕਦੇ ਹਾਂ ਕਿ ਅਸੀਂ ਕਿਸੇ ਵੀ ਚੀਜ਼ ਕਰਕੇ ਯਹੋਵਾਹ ਤੋਂ ਦੂਰ ਨਾ ਹੋ ਜਾਈਏ? (ਅ) ਜਿਹੜੇ ਯਹੋਵਾਹ ਦੇ ਨੇੜੇ ਰਹੇ ਹਨ, ਅਸੀਂ ਉਨ੍ਹਾਂ ਦੀਆਂ ਮਿਸਾਲਾਂ ’ਤੇ ਕਿਵੇਂ ਚੱਲ ਸਕਦੇ ਹਾਂ?

19 ਇਨ੍ਹਾਂ ਦੋ ਲੇਖਾਂ ਵਿਚ ਜਿਨ੍ਹਾਂ ਸੱਤ ਚੀਜ਼ਾਂ ’ਤੇ ਅਸੀਂ ਚਰਚਾ ਕੀਤੀ ਹੈ ਉਹ ਗ਼ਲਤ ਨਹੀਂ ਹਨ। ਅਸੀਂ ਯਹੋਵਾਹ ਦੇ ਗਵਾਹ ਹੋਣ ’ਤੇ ਮਾਣ ਕਰਦੇ ਹਾਂ। ਅਸੀਂ ਆਪਣੇ ਪਰਿਵਾਰ ਨਾਲ ਖ਼ੁਸ਼ੀਆਂ ਮਾਣ ਸਕਦੇ ਹਾਂ। ਸਾਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕੰਮ ਕਰਨਾ ਤੇ ਪੈਸਾ ਕਮਾਉਣਾ ਜ਼ਰੂਰੀ ਹੈ। ਮਨੋਰੰਜਨ ਕਰਨ ਨਾਲ ਅਸੀਂ ਤਰੋ-ਤਾਜ਼ਾ ਹੁੰਦੇ ਹਾਂ ਤੇ ਤਕਨਾਲੋਜੀ ਸਾਡੀ ਮਦਦ ਕਰ ਸਕਦੀ ਹੈ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਅਸੀਂ ਇਨ੍ਹਾਂ ਚੀਜ਼ਾਂ ਵੱਲ ਹੱਦੋਂ ਵੱਧ ਧਿਆਨ ਦਿੰਦੇ ਹਾਂ ਜਾਂ ਇਨ੍ਹਾਂ ਵਿਚ ਹੱਦੋਂ ਵੱਧ ਸਮਾਂ ਲਾਉਂਦੇ ਹਾਂ, ਤਾਂ ਅਸੀਂ ਯਹੋਵਾਹ ਤੋਂ ਦੂਰ ਹੋ ਸਕਦੇ ਹਾਂ।

ਕਿਸੇ ਵੀ ਚੀਜ਼ ਕਰਕੇ ਯਹੋਵਾਹ ਤੋਂ ਦੂਰ ਨਾ ਹੋਵੋ!

20 ਅਸਲ ਵਿਚ ਸ਼ੈਤਾਨ ਤਾਂ ਇਹੀ ਚਾਹੁੰਦਾ ਹੈ। ਪਰ ਅਸੀਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਪਰਮੇਸ਼ੁਰ ਤੋਂ ਦੂਰ ਹੋਣ ਤੋਂ ਬਚਾ ਸਕਦੇ ਹਾਂ। (ਕਹਾਉਤਾਂ 22:3) ਯਹੋਵਾਹ ਦੇ ਨੇੜੇ ਜਾਓ ਤੇ ਉਸ ਦੇ ਨੇੜੇ ਰਹੋ। ਬਾਈਬਲ ਵਿਚ ਬਹੁਤ ਸਾਰੀਆਂ ਮਿਸਾਲਾਂ ਹਨ ਜੋ ਸਾਡੀ ਇਸ ਤਰ੍ਹਾਂ ਕਰਨ ਵਿਚ ਮਦਦ ਕਰ ਸਕਦੀਆਂ ਹਨ। ਹਨੋਕ ਤੇ ਨੂਹ ‘ਪਰਮੇਸ਼ੁਰ ਦੇ ਨਾਲ ਨਾਲ ਚਲਦੇ ਸਨ।’ (ਉਤ. 5:22; 6:9) ਮੂਸਾ “ਅਦਿੱਖ ਪਰਮੇਸ਼ੁਰ ਨੂੰ ਦੇਖਦਾ ਹੋਇਆ ਆਪਣੀ ਨਿਹਚਾ ਵਿਚ ਪੱਕਾ ਰਿਹਾ।” (ਇਬ. 11:27) ਯਹੋਵਾਹ ਪਰਮੇਸ਼ੁਰ ਯਿਸੂ ਦੀ ਲਗਾਤਾਰ ਮਦਦ ਕਰਦਾ ਰਿਹਾ ਕਿਉਂਕਿ ਉਸ ਨੇ ਹਮੇਸ਼ਾ ਉਹ ਕੰਮ ਕੀਤੇ ਜੋ ਉਸ ਦੇ ਸਵਰਗੀ ਪਿਤਾ ਨੂੰ ਖ਼ੁਸ਼ ਕਰਦੇ ਸਨ। (ਯੂਹੰ. 8:29) ਇਹੋ ਜਿਹੀਆਂ ਮਿਸਾਲਾਂ ’ਤੇ ਚੱਲੋ। ਬਾਈਬਲ ਕਹਿੰਦੀ ਹੈ: “ਹਮੇਸ਼ਾ ਖ਼ੁਸ਼ ਰਹੋ। ਲਗਾਤਾਰ ਪ੍ਰਾਰਥਨਾ ਕਰਦੇ ਰਹੋ। ਹਰ ਚੀਜ਼ ਲਈ ਪਰਮੇਸ਼ੁਰ ਦਾ ਧੰਨਵਾਦ ਕਰੋ।” (1 ਥੱਸ. 5:16-18) ਕਿਸੇ ਵੀ ਚੀਜ਼ ਕਰਕੇ ਯਹੋਵਾਹ ਤੋਂ ਦੂਰ ਨਾ ਹੋਵੋ!

^ ਪੇਰਗ੍ਰੈਫ 4 ਨਾਂ ਬਦਲੇ ਗਏ ਹਨ।

^ ਪੇਰਗ੍ਰੈਫ 6 ਜਾਗਰੂਕ ਬਣੋ! ਦੇ ਅਕਤੂਬਰ-ਦਸੰਬਰ 2011 ਦਾ “ਬੱਚਿਆਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣਾ ਸਿਖਾਓ” ਨਾਂ ਦਾ ਅੰਕ ਦੇਖੋ।

^ ਪੇਰਗ੍ਰੈਫ 7 ਜਾਗਰੂਕ ਬਣੋ! ਦੇ ਜੁਲਾਈ-ਸਤੰਬਰ 2011 ਦਾ “ਚੰਗੀ ਸਿਹਤ ਦੇ ਪੰਜ ਸੁਝਾਅ” ਨਾਂ ਦਾ ਅੰਕ ਦੇਖੋ।