Skip to content

Skip to table of contents

ਮਸੀਹੀ ਬਜ਼ੁਰਗ—‘ਸਾਡੀ ਖ਼ੁਸ਼ੀ ਲਈ ਕੰਮ ਕਰਦੇ ਹਨ’

ਮਸੀਹੀ ਬਜ਼ੁਰਗ—‘ਸਾਡੀ ਖ਼ੁਸ਼ੀ ਲਈ ਕੰਮ ਕਰਦੇ ਹਨ’

“ਅਸੀਂ ਤੁਹਾਡੀ ਖ਼ੁਸ਼ੀ ਲਈ ਤੁਹਾਡੇ ਨਾਲ ਕੰਮ ਕਰਨ ਵਾਲੇ ਹਾਂ।”—2 ਕੁਰਿੰ. 1:24.

1. ਕੁਰਿੰਥੁਸ ਦੇ ਭੈਣਾਂ-ਭਰਾਵਾਂ ਕਰਕੇ ਪੌਲੁਸ ਨੂੰ ਕਿਉਂ ਖ਼ੁਸ਼ੀ ਹੋਈ ਸੀ?

ਇਹ ਗੱਲ ਸੰਨ 55 ਈਸਵੀ ਦੀ ਹੈ। ਪੌਲੁਸ ਰਸੂਲ ਸਮੁੰਦਰ ਕੰਢੇ ਵੱਸੇ ਤ੍ਰੋਆਸ ਸ਼ਹਿਰ ਵਿਚ ਸੀ, ਪਰ ਉਸ ਨੂੰ ਕੁਰਿੰਥੁਸ ਦੇ ਭੈਣਾਂ-ਭਰਾਵਾਂ ਦੀ ਚਿੰਤਾ ਸੀ। ਉਸੇ ਸਾਲ ਕੁਝ ਸਮਾਂ ਪਹਿਲਾਂ ਉਸ ਨੂੰ ਇਹ ਸੁਣ ਕੇ ਦੁੱਖ ਹੋਇਆ ਸੀ ਕਿ ਕੁਰਿੰਥੁਸ ਦੇ ਭੈਣਾਂ-ਭਰਾਵਾਂ ਵਿਚ ਝਗੜੇ ਹੋ ਰਹੇ ਸਨ। ਪੌਲੁਸ ਉਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦਾ ਸੀ। ਇਸ ਲਈ ਉਸ ਨੇ ਉਨ੍ਹਾਂ ਨੂੰ ਸੁਧਾਰਨ ਲਈ ਇਕ ਚਿੱਠੀ ਲਿਖੀ। (1 ਕੁਰਿੰ. 1:11; 4:15) ਪੌਲੁਸ ਨੇ ਆਪਣੇ ਸਾਥੀ ਤੀਤੁਸ ਨੂੰ ਵੀ ਉਨ੍ਹਾਂ ਕੋਲ ਘੱਲਿਆ ਸੀ ਤੇ ਕਿਹਾ ਸੀ ਕਿ ਉਹ ਤ੍ਰੋਆਸ ਆ ਕੇ ਉਨ੍ਹਾਂ ਦੀ ਖ਼ਬਰ ਦੇਵੇ। ਹੁਣ ਪੌਲੁਸ ਤ੍ਰੋਆਸ ਵਿਚ ਤੀਤੁਸ ਦੀ ਉਡੀਕ ਕਰ ਰਿਹਾ ਸੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਉਤਾਵਲਾ ਸੀ। ਪਰ ਤੀਤੁਸ ਦੇ ਉੱਥੇ ਨਾ ਆਉਣ ਕਰਕੇ ਪੌਲੁਸ ਨੂੰ ਬੜੀ ਨਿਰਾਸ਼ਾ ਹੋਈ। ਪੌਲੁਸ ਨੇ ਕੀ ਕੀਤਾ? ਉਹ ਉੱਥੋਂ ਸਮੁੰਦਰੀ ਜਹਾਜ਼ ਵਿਚ ਬੈਠ ਕੇ ਮਕਦੂਨੀਆ ਚਲਾ ਗਿਆ ਅਤੇ ਉੱਥੇ ਉਸ ਨੂੰ ਤੀਤੁਸ ਨੂੰ ਮਿਲ ਕੇ ਖ਼ੁਸ਼ੀ ਹੋਈ। ਤੀਤੁਸ ਨੇ ਉਸ ਨੂੰ ਦੱਸਿਆ ਕਿ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੇ ਉਸ ਦੀ ਚਿੱਠੀ ਵਿਚ ਦਿੱਤੀ ਸਲਾਹ ਨੂੰ ਮੰਨਿਆ ਅਤੇ ਉਹ ਉਸ ਨੂੰ ਮਿਲਣ ਲਈ ਤਰਸ ਰਹੇ ਸਨ। ਜਦੋਂ ਪੌਲੁਸ ਨੇ ਇਹ ਚੰਗੀ ਖ਼ਬਰ ਸੁਣੀ, ਤਾਂ ਉਸ ਨੂੰ “ਹੋਰ ਵੀ ਖ਼ੁਸ਼ੀ ਹੋਈ।”—2 ਕੁਰਿੰ. 2:12, 13; 7:5-9.

2. (ੳ) ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਨਿਹਚਾ ਅਤੇ ਖ਼ੁਸ਼ੀ ਬਾਰੇ ਕੀ ਲਿਖਿਆ ਸੀ? (ਅ) ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?

2 ਫਿਰ ਛੇਤੀ ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਦੂਜੀ ਚਿੱਠੀ ਲਿਖੀ। ਉਸ ਨੇ ਉਨ੍ਹਾਂ ਨੂੰ ਦੱਸਿਆ: “ਇਹ ਨਹੀਂ ਹੈ ਕਿ ਅਸੀਂ ਤੁਹਾਡੀ ਨਿਹਚਾ ਦੇ ਸੰਬੰਧ ਵਿਚ ਤੁਹਾਡੇ ਉੱਤੇ ਹੁਕਮ ਚਲਾਉਣ ਵਾਲੇ ਹਾਂ, ਸਗੋਂ ਅਸੀਂ ਤੁਹਾਡੀ ਖ਼ੁਸ਼ੀ ਲਈ ਤੁਹਾਡੇ ਨਾਲ ਕੰਮ ਕਰਨ ਵਾਲੇ ਹਾਂ, ਕਿਉਂਕਿ ਤੁਸੀਂ ਆਪਣੀ ਨਿਹਚਾ ਕਰਕੇ ਹੀ ਮਜ਼ਬੂਤੀ ਨਾਲ ਖੜ੍ਹੇ ਹੋ।” (2 ਕੁਰਿੰ. 1:24) ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ? ਅੱਜ ਮਸੀਹੀ ਬਜ਼ੁਰਗਾਂ ਨੂੰ ਇਨ੍ਹਾਂ ਸ਼ਬਦਾਂ ਤੋਂ ਕੀ ਫ਼ਾਇਦਾ ਹੁੰਦਾ ਹੈ?

ਸਾਡੀ ਨਿਹਚਾ ਅਤੇ ਖ਼ੁਸ਼ੀ

3. (ੳ) ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ: “ਤੁਸੀਂ ਆਪਣੀ ਨਿਹਚਾ ਕਰਕੇ ਹੀ ਮਜ਼ਬੂਤੀ ਨਾਲ ਖੜ੍ਹੇ ਹੋ”? (ਅ) ਅੱਜ ਬਜ਼ੁਰਗ ਪੌਲੁਸ ਦੀ ਮਿਸਾਲ ਉੱਤੇ ਕਿਵੇਂ ਚੱਲਦੇ ਹਨ?

3 ਪੌਲੁਸ ਨੇ ਨਿਹਚਾ ਅਤੇ ਖ਼ੁਸ਼ੀ ਦਾ ਜ਼ਿਕਰ ਕੀਤਾ ਜੋ ਯਹੋਵਾਹ ਦੀ ਭਗਤੀ ਕਰਨ ਲਈ ਜ਼ਰੂਰੀ ਹਨ। ਉਸ ਨੇ ਨਿਹਚਾ ਬਾਰੇ ਲਿਖਿਆ ਸੀ: “ਇਹ ਨਹੀਂ ਹੈ ਕਿ ਅਸੀਂ ਤੁਹਾਡੀ ਨਿਹਚਾ ਦੇ ਸੰਬੰਧ ਵਿਚ ਤੁਹਾਡੇ ਉੱਤੇ ਹੁਕਮ ਚਲਾਉਣ ਵਾਲੇ ਹਾਂ, . . . ਕਿਉਂਕਿ ਤੁਸੀਂ ਆਪਣੀ ਨਿਹਚਾ ਕਰਕੇ ਹੀ ਮਜ਼ਬੂਤੀ ਨਾਲ ਖੜ੍ਹੇ ਹੋ।” ਇਹ ਸ਼ਬਦ ਕਹਿ ਕੇ ਪੌਲੁਸ ਨੇ ਮੰਨਿਆ ਕਿ ਕੁਰਿੰਥੁਸ ਦੇ ਭੈਣ-ਭਰਾ ਉਸ ਕਰਕੇ ਜਾਂ ਕਿਸੇ ਹੋਰ ਇਨਸਾਨ ਕਰਕੇ ਨਹੀਂ, ਸਗੋਂ ਪਰਮੇਸ਼ੁਰ ਉੱਤੇ ਆਪ ਨਿਹਚਾ ਰੱਖਣ ਕਰਕੇ ਮਜ਼ਬੂਤ ਖੜ੍ਹੇ ਸਨ। ਇਸ ਲਈ ਪੌਲੁਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੀ ਨਿਹਚਾ ਦੇ ਸੰਬੰਧ ਵਿਚ ਕੋਈ ਹੁਕਮ ਦੇਣ ਦੀ ਲੋੜ ਨਹੀਂ ਸਮਝੀ ਅਤੇ ਨਾ ਹੀ ਉਹ ਕੋਈ ਹੁਕਮ ਦੇਣਾ ਚਾਹੁੰਦਾ ਸੀ। ਉਸ ਨੂੰ ਭਰੋਸਾ ਸੀ ਕਿ ਉਹ ਪੂਰੀ ਨਿਹਚਾ ਨਾਲ ਚੱਲ ਕੇ ਸਹੀ ਕੰਮ ਕਰ ਰਹੇ ਸਨ। (2 ਕੁਰਿੰ. 2:3) ਅੱਜ ਬਜ਼ੁਰਗ ਵੀ ਪੌਲੁਸ ਵਾਂਗ ਭਰੋਸਾ ਰੱਖਦੇ ਹਨ ਕਿ ਉਨ੍ਹਾਂ ਦੇ ਭੈਣ-ਭਰਾ ਨਿਹਚਾ ਅਤੇ ਸਾਫ਼ਦਿਲੀ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਨ। (2 ਥੱਸ. 3:4) ਉਹ ਮੰਡਲੀ ਲਈ ਨਿਯਮ ਜਾਂ ਕਾਨੂੰਨ ਨਹੀਂ ਬਣਾਉਂਦੇ। ਇਸ ਦੀ ਬਜਾਇ, ਉਹ ਬਾਈਬਲ ਵਿਚ ਦਿੱਤੇ ਅਸੂਲਾਂ ਅਤੇ ਯਹੋਵਾਹ ਦੇ ਸੰਗਠਨ ਦੁਆਰਾ ਦਿੱਤੀ ਸਲਾਹ ਵਰਤ ਕੇ ਭੈਣਾਂ-ਭਰਾਵਾਂ ਦੀ ਸਹੀ ਫ਼ੈਸਲੇ ਕਰਨ ਵਿਚ ਮਦਦ ਕਰਦੇ ਹਨ। ਉਹ ਵੀ ਨਿਹਚਾ ਦੇ ਸੰਬੰਧ ਵਿਚ ਆਪਣੇ ਭੈਣਾਂ-ਭਰਾਵਾਂ ਨੂੰ ਹੁਕਮ ਨਹੀਂ ਦਿੰਦੇ।—1 ਪਤ. 5:2, 3.

4. (ੳ) ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ: “ਅਸੀਂ ਤੁਹਾਡੀ ਖ਼ੁਸ਼ੀ ਲਈ ਤੁਹਾਡੇ ਨਾਲ ਕੰਮ ਕਰਨ ਵਾਲੇ ਹਾਂ”? (ਅ) ਅੱਜ ਬਜ਼ੁਰਗ ਪੌਲੁਸ ਵਰਗਾ ਰਵੱਈਆ ਕਿਵੇਂ ਰੱਖਦੇ ਹਨ?

4 ਪੌਲੁਸ ਨੇ ਇਹ ਵੀ ਕਿਹਾ ਸੀ: “ਅਸੀਂ ਤੁਹਾਡੀ ਖ਼ੁਸ਼ੀ ਲਈ ਤੁਹਾਡੇ ਨਾਲ ਕੰਮ ਕਰਨ ਵਾਲੇ ਹਾਂ।” ਇੱਥੇ ਪੌਲੁਸ ਆਪਣੀ ਅਤੇ ਆਪਣੇ ਸਾਥੀਆਂ ਦੀ ਗੱਲ ਕਰ ਰਿਹਾ ਸੀ। ਕੁਰਿੰਥੀਆਂ ਨੂੰ ਲਿਖੀ ਆਪਣੀ ਦੂਜੀ ਚਿੱਠੀ ਵਿਚ ਉਸ ਨੇ ਉਨ੍ਹਾਂ ਨੂੰ ਆਪਣੇ ਦੋ ਸਾਥੀਆਂ ਬਾਰੇ ਯਾਦ ਕਰਾਇਆ ਸੀ: ‘ਮੈਂ, ਸਿਲਵਾਨੁਸ ਤੇ ਤਿਮੋਥਿਉਸ ਨੇ ਯਿਸੂ ਦਾ ਤੁਹਾਨੂੰ ਪ੍ਰਚਾਰ ਕੀਤਾ ਸੀ।’ (2 ਕੁਰਿੰ. 1:19) ਪੌਲੁਸ ਨੇ ਆਪਣੀਆਂ ਚਿੱਠੀਆਂ ਵਿਚ ਹਮੇਸ਼ਾ ਆਪਣੇ ਸਾਥੀਆਂ ਦਾ ਜ਼ਿਕਰ ਕੀਤਾ ਜਿਵੇਂ ਅਪੁੱਲੋਸ, ਅਕੂਲਾ, ਪਰਿਸਕਾ, ਤਿਮੋਥਿਉਸ ਅਤੇ ਤੀਤੁਸ। (ਰੋਮੀ. 16:3, 21; 1 ਕੁਰਿੰ. 3:6-9; 2 ਕੁਰਿੰ. 8:23) ਇਸ ਲਈ ਜਦੋਂ ਪੌਲੁਸ ਨੇ ਕਿਹਾ ਕਿ “ਅਸੀਂ ਤੁਹਾਡੀ ਖ਼ੁਸ਼ੀ ਲਈ ਤੁਹਾਡੇ ਨਾਲ ਕੰਮ ਕਰਨ ਵਾਲੇ ਹਾਂ,” ਤਾਂ ਉਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਅਤੇ ਉਸ ਦੇ ਸਾਥੀ ਉਨ੍ਹਾਂ ਦੀ ਖ਼ੁਸ਼ੀ ਵਿਚ ਵਾਧਾ ਕਰਨ ਦਾ ਪੂਰਾ ਜਤਨ ਕਰਦੇ ਸਨ। ਅੱਜ ਵੀ ਬਜ਼ੁਰਗ ਇਹੀ ਕਰਨਾ ਚਾਹੁੰਦੇ ਹਨ। ਉਹ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ ਤਾਂਕਿ ਉਹ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰ ਸਕਣ।—ਜ਼ਬੂ. 100:2; ਫ਼ਿਲਿ. 1:25.

5. ਅਸੀਂ ਕਿਹੜੇ ਸਵਾਲ ਦੇ ਜਵਾਬ ਉੱਤੇ ਗੌਰ ਕਰਾਂਗੇ ਅਤੇ ਸਾਨੂੰ ਕੀ ਸੋਚਣਾ ਚਾਹੀਦਾ ਹੈ?

5 ਹਾਲ ਹੀ ਵਿਚ ਦੁਨੀਆਂ ਦੇ ਕਈ ਦੇਸ਼ਾਂ ਦੇ ਜੋਸ਼ੀਲੇ ਭੈਣਾਂ-ਭਰਾਵਾਂ ਨੂੰ ਇਹ ਸਵਾਲ ਪੁੱਛਿਆ ਗਿਆ, “ਬਜ਼ੁਰਗਾਂ ਦੀਆਂ ਕਿਹੜੀਆਂ ਗੱਲਾਂ ਅਤੇ ਕੰਮਾਂ ਕਰਕੇ ਤੁਹਾਡੀ ਖ਼ੁਸ਼ੀ ਵਧੀ ਹੈ?” ਇਨ੍ਹਾਂ ਭੈਣਾਂ-ਭਰਾਵਾਂ ਦੇ ਜਵਾਬ ’ਤੇ ਗੌਰ ਕਰਦਿਆਂ ਸੋਚੋ ਕਿ ਤੁਸੀਂ ਇਸ ਸਵਾਲ ਦਾ ਕੀ ਜਵਾਬ ਦਿੰਦੇ। ਇਸ ਤੋਂ ਇਲਾਵਾ, ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੀ ਮੰਡਲੀ ਦੇ ਭੈਣਾਂ-ਭਰਾਵਾਂ ਦੀ ਖ਼ੁਸ਼ੀ ਕਿਵੇਂ ਵਧਾ ਸਕਦੇ ਹਾਂ। *

“ਸਾਡੀ ਪਿਆਰੀ ਭੈਣ ਪਰਸੀਸ ਨੂੰ ਨਮਸਕਾਰ”

6, 7. (ੳ) ਦਾਊਦ, ਅਲੀਹੂ ਅਤੇ ਯਿਸੂ ਦੀ ਮਿਸਾਲ ’ਤੇ ਬਜ਼ੁਰਗ ਕਿਵੇਂ ਚੱਲ ਸਕਦੇ ਹਨ? (ਅ) ਭੈਣਾਂ-ਭਰਾਵਾਂ ਦੇ ਨਾਂ ਯਾਦ ਰੱਖਣ ਨਾਲ ਉਨ੍ਹਾਂ ਦੀ ਖ਼ੁਸ਼ੀ ਵਿਚ ਵਾਧਾ ਕਿਉਂ ਹੁੰਦਾ ਹੈ?

6 ਬਹੁਤ ਸਾਰੇ ਭੈਣ-ਭਰਾ ਕਹਿੰਦੇ ਹਨ ਕਿ ਜਦੋਂ ਬਜ਼ੁਰਗ ਉਨ੍ਹਾਂ ਦਾ ਖ਼ਿਆਲ ਰੱਖਦੇ ਹਨ ਅਤੇ ਉਨ੍ਹਾਂ ਵਿਚ ਦਿਲਚਸਪੀ ਲੈਂਦੇ ਹਨ, ਤਾਂ ਉਨ੍ਹਾਂ ਨੂੰ ਖ਼ੁਸ਼ੀ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਬਜ਼ੁਰਗ ਮੰਡਲੀ ਦੇ ਭੈਣਾਂ-ਭਰਾਵਾਂ ਦੇ ਨਾਂ ਯਾਦ ਰੱਖਣ। ਉਹ ਦਾਊਦ, ਅਲੀਹੂ ਅਤੇ ਯਿਸੂ ਦੀ ਮਿਸਾਲ ’ਤੇ ਗੌਰ ਕਰ ਸਕਦੇ ਹਨ। (2 ਸਮੂਏਲ 9:6; ਅੱਯੂਬ 33:1; ਲੂਕਾ 19:5 ਪੜ੍ਹੋ।) ਯਹੋਵਾਹ ਦੇ ਇਨ੍ਹਾਂ ਸੇਵਕਾਂ ਨੂੰ ਉਨ੍ਹਾਂ ਵਿਅਕਤੀਆਂ ਦੇ ਨਾਂ ਪਤਾ ਸਨ ਜਿਨ੍ਹਾਂ ਨਾਲ ਉਹ ਗੱਲ ਕਰ ਰਹੇ ਸਨ। ਉਨ੍ਹਾਂ ਨੇ ਗੱਲ ਕਰਨ ਵੇਲੇ ਉਨ੍ਹਾਂ ਵਿਅਕਤੀਆਂ ਦੇ ਨਾਂ ਲਏ। ਪੌਲੁਸ ਵੀ ਜਾਣਦਾ ਸੀ ਕਿ ਆਪਣੇ ਭੈਣਾਂ-ਭਰਾਵਾਂ ਦੇ ਨਾਂ ਯਾਦ ਰੱਖਣੇ ਤੇ ਵਰਤਣੇ ਕਿੰਨੇ ਜ਼ਰੂਰੀ ਹਨ। ਉਸ ਨੇ ਆਪਣੀ ਇਕ ਚਿੱਠੀ ਦੇ ਅਖ਼ੀਰ ਵਿਚ 25 ਤੋਂ ਜ਼ਿਆਦਾ ਭੈਣਾਂ-ਭਰਾਵਾਂ ਦੇ ਨਾਂ ਲੈ ਕੇ ਉਨ੍ਹਾਂ ਨੂੰ ਨਮਸਕਾਰ ਕਹੀ। ਉਨ੍ਹਾਂ ਵਿਚ ਪਰਸੀਸ ਨਾਂ ਦੀ ਭੈਣ ਵੀ ਸੀ ਜਿਸ ਬਾਰੇ ਪੌਲੁਸ ਨੇ ਕਿਹਾ: “ਸਾਡੀ ਪਿਆਰੀ ਭੈਣ ਪਰਸੀਸ ਨੂੰ ਨਮਸਕਾਰ।”—ਰੋਮੀ. 16:3-15.

7 ਕੁਝ ਬਜ਼ੁਰਗਾਂ ਲਈ ਨਾਂ ਯਾਦ ਰੱਖਣੇ ਬਹੁਤ ਔਖੇ ਹੁੰਦੇ ਹਨ। ਫਿਰ ਵੀ ਉਹ ਨਾਂ ਯਾਦ ਰੱਖਣ ਦੀ ਪੂਰੀ ਕੋਸ਼ਿਸ਼ ਕਰ ਕੇ ਦਿਖਾਉਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਭੈਣਾਂ-ਭਰਾਵਾਂ ਦੀ ਪਰਵਾਹ ਹੈ। (ਕੂਚ 33:17) ਭੈਣਾਂ-ਭਰਾਵਾਂ ਨੂੰ ਉਦੋਂ ਜ਼ਿਆਦਾ ਖ਼ੁਸ਼ੀ ਹੁੰਦੀ ਹੈ ਜਦੋਂ ਬਜ਼ੁਰਗ ਪਹਿਰਾਬੁਰਜ ਅਧਿਐਨ ਕਰਾਉਣ ਜਾਂ ਹੋਰ ਭਾਗ ਪੇਸ਼ ਕਰਨ ਵੇਲੇ ਉਨ੍ਹਾਂ ਦੇ ਨਾਂ ਲੈ ਕੇ ਉਨ੍ਹਾਂ ਨੂੰ ਟਿੱਪਣੀਆਂ ਕਰਨ ਲਈ ਕਹਿੰਦੇ ਹਨ।—ਹੋਰ ਜਾਣਕਾਰੀ ਲਈ ਯੂਹੰਨਾ 10:3 ਦੇਖੋ।

‘ਉਸ ਨੇ ਪ੍ਰਭੂ ਦੀ ਸੇਵਾ ਕਰਨ ਲਈ ਬਹੁਤ ਮਿਹਨਤ ਕੀਤੀ ਹੈ’

8. ਪੌਲੁਸ ਕਿਹੜੇ ਇਕ ਅਹਿਮ ਤਰੀਕੇ ਨਾਲ ਯਹੋਵਾਹ ਅਤੇ ਯਿਸੂ ਦੀ ਮਿਸਾਲ ਉੱਤੇ ਚੱਲਿਆ ਸੀ?

8 ਪੌਲੁਸ ਨੇ ਦੂਸਰਿਆਂ ਵਿਚ ਦਿਲਚਸਪੀ ਦਿਖਾਉਂਦੇ ਹੋਏ ਉਨ੍ਹਾਂ ਦੀ ਸੱਚੇ ਦਿਲੋਂ ਤਾਰੀਫ਼ ਵੀ ਕੀਤੀ। ਇਸ ਤਰ੍ਹਾਂ ਕਰ ਕੇ ਉਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਖ਼ੁਸ਼ੀ ਦਿੱਤੀ। ਉਸ ਨੇ ਆਪਣੀ ਦੂਜੀ ਚਿੱਠੀ ਵਿਚ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਕਿਹਾ ਸੀ: “ਮੈਨੂੰ ਤੁਹਾਡੇ ਉੱਤੇ ਮਾਣ ਹੈ।” (2 ਕੁਰਿੰ. 7:4) ਇਨ੍ਹਾਂ ਸ਼ਬਦਾਂ ਤੋਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਕਿੰਨੀ ਖ਼ੁਸ਼ੀ ਮਿਲੀ ਹੋਣੀ। ਪੌਲੁਸ ਨੇ ਹੋਰ ਮੰਡਲੀਆਂ ਦੀ ਵੀ ਤਾਰੀਫ਼ ਕੀਤੀ ਸੀ। (ਰੋਮੀ. 1:8; ਫ਼ਿਲਿ. 1:3-5; 1 ਥੱਸ. 1:8) ਰੋਮ ਦੀ ਮੰਡਲੀ ਨੂੰ ਲਿਖੀ ਚਿੱਠੀ ਵਿਚ ਪਰਸੀਸ ਦਾ ਜ਼ਿਕਰ ਕਰਨ ਤੋਂ ਬਾਅਦ ਉਸ ਨੇ ਕਿਹਾ: ‘ਉਸ ਨੇ ਪ੍ਰਭੂ ਦੀ ਸੇਵਾ ਕਰਨ ਲਈ ਬਹੁਤ ਮਿਹਨਤ ਕੀਤੀ ਹੈ।’ (ਰੋਮੀ. 16:12) ਉਸ ਵਫ਼ਾਦਾਰ ਭੈਣ ਨੂੰ ਇਹ ਸੁਣ ਕੇ ਕਿੰਨਾ ਹੌਸਲਾ ਮਿਲਿਆ ਹੋਣਾ! ਪੌਲੁਸ ਨੇ ਯਹੋਵਾਹ ਅਤੇ ਯਿਸੂ ਦੀ ਮਿਸਾਲ ਉੱਤੇ ਚੱਲਦੇ ਹੋਏ ਦੂਸਰਿਆਂ ਦੀ ਤਾਰੀਫ਼ ਕੀਤੀ।—ਮਰਕੁਸ 1:9-11; ਯੂਹੰਨਾ 1:47 ਪੜ੍ਹੋ; ਪ੍ਰਕਾ. 2:2, 13, 19.

9. ਜਦੋਂ ਸਾਰੇ ਇਕ-ਦੂਜੇ ਦੀ ਤਾਰੀਫ਼ ਕਰਦੇ ਹਨ, ਤਾਂ ਇਸ ਨਾਲ ਭੈਣਾਂ-ਭਰਾਵਾਂ ਦੀ ਖ਼ੁਸ਼ੀ ਵਿਚ ਵਾਧਾ ਕਿਵੇਂ ਹੁੰਦਾ ਹੈ?

9 ਅੱਜ ਬਜ਼ੁਰਗ ਵੀ ਆਪਣੇ ਭੈਣਾਂ-ਭਰਾਵਾਂ ਦੀ ਤਾਰੀਫ਼ ਕਰਨ ਦੀ ਅਹਿਮੀਅਤ ਸਮਝਦੇ ਹਨ। (ਕਹਾ. 3:27; 15:23) ਆਪਣੇ ਭੈਣਾਂ-ਭਰਾਵਾਂ ਦੀ ਤਾਰੀਫ਼ ਕਰ ਕੇ ਬਜ਼ੁਰਗ ਦਿਖਾਉਂਦੇ ਹਨ ਕਿ ਉਹ ਉਨ੍ਹਾਂ ਦੀ ਪਰਵਾਹ ਕਰਦੇ ਹਨ ਅਤੇ ਉਨ੍ਹਾਂ ਦੇ ਕੰਮ ਦੀ ਕਦਰ ਕਰਦੇ ਹਨ। ਨਾਲੇ ਬਜ਼ੁਰਗਾਂ ਦੇ ਮੂੰਹੋਂ ਆਪਣੀ ਤਾਰੀਫ਼ ਵਿਚ ਪਿਆਰ ਭਰੇ ਸ਼ਬਦ ਸੁਣ ਕੇ ਭੈਣਾਂ-ਭਰਾਵਾਂ ਨੂੰ ਚੰਗਾ ਲੱਗੇਗਾ। ਇਕ 55 ਕੁ ਸਾਲਾਂ ਦੀ ਭੈਣ ਨੇ ਕਿਹਾ: “ਕੰਮ ’ਤੇ ਕਦੀ ਕੋਈ ਮੇਰੀ ਤਾਰੀਫ਼ ਨਹੀਂ ਕਰਦਾ। ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਸਾਰਿਆਂ ਵਿਚ ਮੁਕਾਬਲੇਬਾਜ਼ੀ ਰਹਿੰਦੀ ਹੈ। ਇਸ ਲਈ ਜਦੋਂ ਕੋਈ ਬਜ਼ੁਰਗ ਕਿਸੇ ਗੱਲੋਂ ਮੇਰੀ ਤਾਰੀਫ਼ ਕਰਦਾ ਹੈ, ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ ਤੇ ਮੈਨੂੰ ਹੌਸਲਾ ਮਿਲਦਾ ਹੈ। ਮੈਨੂੰ ਮਹਿਸੂਸ ਹੁੰਦਾ ਹੈ ਕਿ ਯਹੋਵਾਹ ਮੈਨੂੰ ਪਿਆਰ ਕਰਦਾ ਹੈ।” ਇਕ ਭਰਾ ਇਕੱਲਾ ਆਪਣੇ ਦੋ ਬੱਚਿਆਂ ਦਾ ਪਾਲਣ-ਪੋਸ਼ਣ ਕਰਦਾ ਹੈ। ਉਹ ਵੀ ਇਸੇ ਤਰ੍ਹਾਂ ਮਹਿਸੂਸ ਕਰਦਾ ਹੈ। ਇਕ ਬਜ਼ੁਰਗ ਨੇ ਹਾਲ ਹੀ ਵਿਚ ਉਸ ਦੀ ਤਾਰੀਫ਼ ਕੀਤੀ। ਇਸ ਦਾ ਭਰਾ ’ਤੇ ਕੀ ਅਸਰ ਪਿਆ? ਉਹ ਕਹਿੰਦਾ ਹੈ: “ਉਸ ਬਜ਼ੁਰਗ ਦੀਆਂ ਗੱਲਾਂ ਨਾਲ ਮੇਰਾ ਬਹੁਤ ਹੌਸਲਾ ਵਧਿਆ।” ਬਜ਼ੁਰਗ ਆਪਣੇ ਭੈਣਾਂ-ਭਰਾਵਾਂ ਦੀ ਦਿਲੋਂ ਤਾਰੀਫ਼ ਕਰ ਕੇ ਉਨ੍ਹਾਂ ਨੂੰ ਹਿੰਮਤ ਅਤੇ ਖ਼ੁਸ਼ੀ ਦੇ ਸਕਦੇ ਹਨ। ਇਸ ਨਾਲ ਭੈਣਾਂ-ਭਰਾਵਾਂ ਨੂੰ ਜ਼ਿੰਦਗੀ ਦੇ ਰਾਹ ਉੱਤੇ ਚੱਲਣ ਦੀ ਤਾਕਤ ਮਿਲਦੀ ਹੈ ਅਤੇ ਉਹ ‘ਥੱਕਦੇ ਨਹੀਂ ਹਨ।’—ਯਸਾ. 40:31.

“ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ ਕਰੋ”

10, 11. (ੳ) ਨਹਮਯਾਹ ਦੀ ਮਿਸਾਲ ਉੱਤੇ ਬਜ਼ੁਰਗ ਕਿਵੇਂ ਚੱਲ ਸਕਦੇ ਹਨ? (ਅ) ਕਿਸੇ ਭੈਣ ਜਾਂ ਭਰਾ ਨੂੰ ਮਿਲਣ ਜਾਣ ਤੋਂ ਪਹਿਲਾਂ ਇਕ ਬਜ਼ੁਰਗ ਨੂੰ ਕੀ ਕਰਨਾ ਚਾਹੀਦਾ ਹੈ?

10 ਬਜ਼ੁਰਗ ਕਿਹੜੇ ਇਕ ਖ਼ਾਸ ਤਰੀਕੇ ਨਾਲ ਆਪਣੇ ਭੈਣਾਂ-ਭਰਾਵਾਂ ਵਿਚ ਦਿਲਚਸਪੀ ਲੈਂਦੇ ਹਨ ਅਤੇ ਮੰਡਲੀ ਦੀ ਖ਼ੁਸ਼ੀ ਵਿਚ ਵਾਧਾ ਕਰਦੇ ਹਨ? ਜਿਨ੍ਹਾਂ ਨੂੰ ਹੌਸਲੇ ਦੀ ਲੋੜ ਹੈ, ਉਨ੍ਹਾਂ ਦੀ ਮਦਦ ਕਰਨ ਲਈ ਪਹਿਲ ਕਰ ਕੇ। (ਰਸੂਲਾਂ ਦੇ ਕੰਮ 20:28 ਪੜ੍ਹੋ।) ਇਸ ਤਰ੍ਹਾਂ ਕਰ ਕੇ ਬਜ਼ੁਰਗ ਪੁਰਾਣੇ ਸਮੇਂ ਦੇ ਵਫ਼ਾਦਾਰ ਬਜ਼ੁਰਗਾਂ ਦੀ ਰੀਸ ਕਰਦੇ ਹਨ। ਮਿਸਾਲ ਲਈ, ਧਿਆਨ ਦਿਓ ਕਿ ਵਫ਼ਾਦਾਰ ਨਿਗਾਹਬਾਨ ਨਹਮਯਾਹ ਨੇ ਕੀ ਕੀਤਾ ਸੀ ਜਦੋਂ ਉਸ ਨੇ ਦੇਖਿਆ ਕਿ ਉਸ ਦੇ ਕੁਝ ਯਹੂਦੀ ਭਰਾਵਾਂ ਦੀ ਨਿਹਚਾ ਕਮਜ਼ੋਰ ਹੋ ਗਈ ਸੀ। ਬਾਈਬਲ ਵਿਚ ਦੱਸਿਆ ਹੈ ਕਿ ਉਸ ਨੇ ਤੁਰੰਤ ਜਾ ਕੇ ਉਨ੍ਹਾਂ ਨੂੰ ਹੌਸਲਾ ਦਿੱਤਾ। (ਨਹ. 4:14) ਅੱਜ ਬਜ਼ੁਰਗ ਵੀ ਇਸ ਤਰ੍ਹਾਂ ਕਰਨਾ ਚਾਹੁੰਦੇ ਹਨ। ਉਹ ਪਹਿਲ ਕਰ ਕੇ ਆਪਣੇ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਕਰਨ ਵਿਚ ਮਦਦ ਕਰਦੇ ਹਨ। ਜੇ ਹਾਲਾਤ ਇਜਾਜ਼ਤ ਦੇਣ, ਤਾਂ ਉਹ ਆਪਣੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਉਨ੍ਹਾਂ ਦੇ ਘਰ ਜਾਂਦੇ ਹਨ। ਉਹ ‘ਪਰਮੇਸ਼ੁਰ ਨਾਲ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਕਰਨ ਲਈ ਆਪਣੀਆਂ ਗੱਲਾਂ ਨਾਲ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਨ।’ (ਰੋਮੀ. 1:11) ਇਸ ਤਰ੍ਹਾਂ ਕਰਨ ਵਿਚ ਕਿਹੜੀ ਗੱਲ ਬਜ਼ੁਰਗਾਂ ਦੀ ਮਦਦ ਕਰੇਗੀ?

11 ਕਿਸੇ ਨੂੰ ਮਿਲਣ ਜਾਣ ਤੋਂ ਪਹਿਲਾਂ ਬਜ਼ੁਰਗ ਸਮਾਂ ਕੱਢ ਕੇ ਉਸ ਭੈਣ ਜਾਂ ਭਰਾ ਬਾਰੇ ਸੋਚਦਾ ਹੈ। ਉਸ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ? ਕਿਹੜੀਆਂ ਗੱਲਾਂ ਤੋਂ ਉਸ ਨੂੰ ਹੌਸਲਾ ਮਿਲ ਸਕਦਾ ਹੈ? ਉਸ ਦੇ ਹਾਲਾਤਾਂ ਨੂੰ ਦੇਖਦੇ ਹੋਏ ਬਾਈਬਲ ਦੀ ਕਿਹੜੀ ਆਇਤ ਜਾਂ ਬਾਈਬਲ ਵਿੱਚੋਂ ਕਿਹੜੇ ਵਿਅਕਤੀ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ? ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚ ਕੇ ਉਹ ਉਸ ਨੂੰ ਆਪਣੀਆਂ ਗੱਲਾਂ ਨਾਲ ਹੌਸਲਾ ਦੇ ਸਕੇਗਾ, ਨਾ ਕਿ ਉਹ ਇੱਧਰ-ਉੱਧਰ ਦੀਆਂ ਗੱਲਾਂ ਮਾਰੇਗਾ। ਉਹ ਉਸ ਭੈਣ ਜਾਂ ਭਰਾ ਨੂੰ ਵੀ ਗੱਲ ਕਰਨ ਦੇਵੇਗਾ ਅਤੇ ਉਸ ਦੀ ਗੱਲ ਧਿਆਨ ਨਾਲ ਸੁਣੇਗਾ। (ਯਾਕੂ. 1:19) ਇਕ ਭੈਣ ਨੇ ਕਿਹਾ: “ਇਹ ਦੇਖ ਕੇ ਕਿੰਨਾ ਚੰਗਾ ਲੱਗਦਾ ਹੈ ਕਿ ਬਜ਼ੁਰਗ ਧਿਆਨ ਨਾਲ ਤੁਹਾਡੀ ਗੱਲ ਸੁਣਦੇ ਹਨ।”—ਲੂਕਾ 8:18.

ਬਜ਼ੁਰਗ ਆਪਣੀਆਂ ਗੱਲਾਂ ਨਾਲ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਲਈ ਤਿਆਰੀ ਕਰਦੇ ਹਨ

12. ਮੰਡਲੀ ਵਿਚ ਕਿਨ੍ਹਾਂ ਨੂੰ ਹੌਸਲੇ ਦੀ ਲੋੜ ਹੈ ਅਤੇ ਕਿਉਂ?

12 ਬਜ਼ੁਰਗਾਂ ਦੀ ਮਦਦ ਤੋਂ ਕਿਨ੍ਹਾਂ ਨੂੰ ਫ਼ਾਇਦਾ ਹੋਵੇਗਾ? ਪੌਲੁਸ ਨੇ ਬਜ਼ੁਰਗਾਂ ਨੂੰ ਕਿਹਾ ਸੀ ਕਿ ਉਹ ‘ਪਰਮੇਸ਼ੁਰ ਦੀਆਂ ਸਾਰੀਆਂ ਭੇਡਾਂ ਦਾ ਧਿਆਨ ਰੱਖਣ।’ ਸੋ ਮੰਡਲੀ ਦੇ ਸਾਰੇ ਮੈਂਬਰਾਂ ਨੂੰ ਹੌਸਲੇ ਦੀ ਲੋੜ ਹੈ, ਉਨ੍ਹਾਂ ਪਬਲੀਸ਼ਰਾਂ ਤੇ ਪਾਇਨੀਅਰਾਂ ਨੂੰ ਵੀ ਜਿਹੜੇ ਕਈ ਸਾਲਾਂ ਤੋਂ ਵਫ਼ਾਦਾਰੀ ਨਾਲ ਪ੍ਰਚਾਰ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਹੌਸਲੇ ਦੀ ਕਿਉਂ ਲੋੜ ਹੈ? ਕਿਉਂਕਿ ਕਈ ਵਾਰ ਨਿਹਚਾ ਵਿਚ ਪੱਕੇ ਮਸੀਹੀ ਵੀ ਇਸ ਬੁਰੀ ਦੁਨੀਆਂ ਦੇ ਮਾੜੇ ਅਸਰਾਂ ਨਾਲ ਲੜਦੇ-ਲੜਦੇ ਥੱਕ ਜਾਂਦੇ ਹਨ। ਇਸ ਸੰਬੰਧੀ ਆਓ ਆਪਾਂ ਰਾਜਾ ਦਾਊਦ ਦੀ ਜ਼ਿੰਦਗੀ ਦੀ ਇਕ ਘਟਨਾ ’ਤੇ ਗੌਰ ਕਰ ਕੇ ਦੇਖੀਏ ਕਿ ਪਰਮੇਸ਼ੁਰ ਦੇ ਮਜ਼ਬੂਤ ਸੇਵਕ ਨੂੰ ਵੀ ਕਈ ਵਾਰ ਕਿਸੇ ਭੈਣ-ਭਰਾ ਦੀ ਮਦਦ ਦੀ ਲੋੜ ਪੈਂਦੀ ਹੈ।

“ਅਬੀਸ਼ਈ ਨੇ ਠੀਕ ਸਮੇਂ ਤੇ” ਮਦਦ ਕੀਤੀ

13. (ੳ) ਇਸ਼ਬੀ-ਬਨੋਬ ਨੇ ਕਦੋਂ ਦਾਊਦ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ? (ਅ) ਅਬੀਸ਼ਈ ਨੇ ਦਾਊਦ ਦੀ ਜਾਨ ਕਿਵੇਂ ਬਚਾਈ ਸੀ?

13 ਰਾਜਾ ਚੁਣੇ ਜਾਣ ਤੋਂ ਜਲਦੀ ਬਾਅਦ ਨੌਜਵਾਨ ਦਾਊਦ ਦਾ ਟਾਕਰਾ ਗੋਲਿਅਥ ਨਾਂ ਦੇ ਦੈਂਤ ਨਾਲ ਹੋਇਆ। ਉਸ ਵੇਲੇ ਬਹਾਦਰ ਦਾਊਦ ਨੇ ਉਸ ਦੈਂਤ ਨੂੰ ਮਾਰ ਮੁਕਾਇਆ। (1 ਸਮੂ. 17:4, 48-51; 1 ਇਤ. 20:5, 8) ਕਈ ਸਾਲਾਂ ਬਾਅਦ ਫਲਿਸਤੀਆਂ ਨਾਲ ਲੜਦੇ ਵੇਲੇ ਦਾਊਦ ਦਾ ਇਕ ਹੋਰ ਦੈਂਤ ਇਸ਼ਬੀ-ਬਨੋਬ ਨਾਲ ਟਾਕਰਾ ਹੋਇਆ। (2 ਸਮੂ. 21:16) ਪਰ ਉਸ ਵੇਲੇ ਦਾਊਦ ਨੇ ਉਸ ਦੈਂਤ ਹੱਥੋਂ ਮਰ ਜਾਣਾ ਸੀ। ਇਸ ਕਰਕੇ ਨਹੀਂ ਕਿ ਉਹ ਡਰ ਗਿਆ ਸੀ, ਪਰ ਉਸ ਵਿਚ ਲੜਨ ਦੀ ਤਾਕਤ ਨਹੀਂ ਰਹੀ ਸੀ। ਬਾਈਬਲ ਵਿਚ ਦੱਸਿਆ ਹੈ: ‘ਦਾਊਦ ਥੱਕ ਗਿਆ।’ ਜਦੋਂ ਇਸ਼ਬੀ-ਬਨੋਬ ਨੇ ਦੇਖਿਆ ਕਿ ਦਾਊਦ ਥੱਕ ਗਿਆ ਸੀ, ਤਾਂ ਉਸ ਨੇ ਦਾਊਦ ਉੱਤੇ ਹਮਲਾ ਕਰ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਦੇ ਇਸ ਤਰ੍ਹਾਂ ਕਰਨ ਤੋਂ ਪਹਿਲਾਂ ਹੀ “ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਠੀਕ ਸਮੇਂ ਤੇ ਉਸ ਦੈਂਤ ਉੱਤੇ ਹੱਲਾ ਬੋਲ ਕੇ ਉਸ ਨੂੰ ਮਾਰ ਦਿੱਤਾ।” (2 ਸਮੂ. 21:15-17, CL) ਦਾਊਦ ਕਿੰਨਾ ਸ਼ੁਕਰਗੁਜ਼ਾਰ ਹੋਣਾ ਕਿ ਅਬੀਸ਼ਈ ਨੇ ਉਸ ਦਾ ਧਿਆਨ ਰੱਖਿਆ ਅਤੇ ਤੁਰੰਤ ਆ ਕੇ ਉਸ ਦੀ ਜਾਨ ਬਚਾਈ! ਅਸੀਂ ਇਸ ਘਟਨਾ ਤੋਂ ਕੀ ਸਿੱਖ ਸਕਦੇ ਹਾਂ?

14. (ੳ) ਅਸੀਂ ਪਹਾੜ ਜਿੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕਰਦੇ ਹਾਂ? (ਅ) ਬਜ਼ੁਰਗ ਦੂਸਰਿਆਂ ਨੂੰ ਹੌਸਲਾ ਦੇਣ ਲਈ ਕੀ ਕਰ ਸਕਦੇ ਹਨ? ਇਕ ਉਦਾਹਰਣ ਦਿਓ।

14 ਦੁਨੀਆਂ ਭਰ ਵਿਚ ਸ਼ੈਤਾਨ ਅਤੇ ਉਸ ਦੇ ਲੋਕ ਯਹੋਵਾਹ ਦੇ ਗਵਾਹਾਂ ਲਈ ਰੁਕਾਵਟਾਂ ਖੜ੍ਹੀਆਂ ਕਰਦੇ ਹਨ। ਪਰ ਇਸ ਦੇ ਬਾਵਜੂਦ ਗਵਾਹ ਪ੍ਰਚਾਰ ਦਾ ਕੰਮ ਕਰਦੇ ਰਹਿੰਦੇ ਹਨ। ਕਈਆਂ ਨੂੰ ਪਹਾੜ ਜਿੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਯਹੋਵਾਹ ਉੱਤੇ ਭਰੋਸਾ ਰੱਖ ਕੇ ਉਹ ਉਨ੍ਹਾਂ ਨੂੰ ਪਾਰ ਕਰਦੇ ਹਨ। ਪਰ ਕਈ ਵਾਰ ਦੁਨੀਆਂ ਦੇ ਦਬਾਅ ਦੇ ਵਿਰੁੱਧ ਲਗਾਤਾਰ ਲੜਦੇ ਰਹਿਣ ਕਰਕੇ ਕਈ ਭੈਣ-ਭਰਾ ਥੱਕ ਕੇ ਹੌਸਲਾ ਹਾਰ ਜਾਂਦੇ ਹਨ। ਕਮਜ਼ੋਰ ਹਾਲਤ ਵਿਚ ਉਹ ਸ਼ਾਇਦ ਪਰਮੇਸ਼ੁਰ ਦੀ ਸੇਵਾ ਕਰਨੀ ਛੱਡ ਦੇਣ। ਅਜਿਹੀ ਹਾਲਤ ਵਿਚ ਜਦੋਂ ਕੋਈ ਬਜ਼ੁਰਗ ਠੀਕ ਸਮੇਂ ’ਤੇ ਕਿਸੇ ਭੈਣ ਜਾਂ ਭਰਾ ਦੀ ਮਦਦ ਕਰਦਾ ਹੈ, ਤਾਂ ਉਸ ਨੂੰ ਹੌਸਲਾ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਦੁਬਾਰਾ ਖ਼ੁਸ਼ੀ ਮਿਲ ਸਕਦੀ ਹੈ। 65 ਕੁ ਸਾਲਾਂ ਦੀ ਇਕ ਪਾਇਨੀਅਰ ਭੈਣ ਨੇ ਦੱਸਿਆ: “ਕੁਝ ਸਮਾਂ ਪਹਿਲਾਂ ਮੈਂ ਠੀਕ ਨਹੀਂ ਸੀ ਅਤੇ ਪ੍ਰਚਾਰ ਕਰਦੇ-ਕਰਦੇ ਥੱਕ ਜਾਂਦੀ ਸੀ। ਇਕ ਬਜ਼ੁਰਗ ਨੇ ਮੇਰੀ ਹਾਲਤ ਦੇਖੀ ਅਤੇ ਮੇਰੇ ਨਾਲ ਗੱਲ ਕੀਤੀ। ਉਸ ਨੇ ਬਾਈਬਲ ਦੇ ਹਵਾਲੇ ਵਰਤ ਕੇ ਮੈਨੂੰ ਹੌਸਲਾ ਦਿੱਤਾ। ਮੈਂ ਉਸ ਦੇ ਸੁਝਾਅ ਮੰਨੇ ਜਿਨ੍ਹਾਂ ਤੋਂ ਮੈਨੂੰ ਫ਼ਾਇਦਾ ਹੋਇਆ।” ਉਹ ਅੱਗੇ ਕਹਿੰਦੀ ਹੈ: “ਉਹ ਬਜ਼ੁਰਗ ਕਿੰਨਾ ਚੰਗਾ ਹੈ ਜਿਸ ਨੇ ਮੇਰੀ ਕਮਜ਼ੋਰ ਹਾਲਤ ਦੇਖੀ ਤੇ ਮੇਰੀ ਮਦਦ ਕੀਤੀ।” ਜੀ ਹਾਂ, ਇਹ ਜਾਣ ਕੇ ਚੰਗਾ ਲੱਗਦਾ ਹੈ ਕਿ ਬਜ਼ੁਰਗ ਸਾਨੂੰ ਪਿਆਰ ਕਰਦੇ ਹਨ ਅਤੇ ਪੁਰਾਣੇ ਸਮੇਂ ਦੇ ਅਬੀਸ਼ਈ ਵਾਂਗ “ਠੀਕ ਸਮੇਂ ਤੇ” ਸਾਡੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ।

“ਮੈਂ ਤੁਹਾਨੂੰ ਸਾਰਿਆਂ ਨੂੰ ਕਿੰਨਾ ਪਿਆਰ ਕਰਦਾ ਹਾਂ”

15, 16. (ੳ) ਭੈਣ-ਭਰਾ ਪੌਲੁਸ ਨੂੰ ਇੰਨਾ ਪਿਆਰ ਕਿਉਂ ਕਰਦੇ ਸਨ? (ਅ) ਅਸੀਂ ਮੰਡਲੀ ਦੇ ਬਜ਼ੁਰਗਾਂ ਨੂੰ ਕਿਉਂ ਪਿਆਰ ਕਰਦੇ ਹਾਂ?

15 ਬਜ਼ੁਰਗਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਕਈ ਵਾਰ ਆਪਣੇ ਭੈਣਾਂ-ਭਰਾਵਾਂ ਦੀ ਚਿੰਤਾ ਹੋਣ ਕਰਕੇ ਬਜ਼ੁਰਗਾਂ ਲਈ ਰਾਤ ਨੂੰ ਸੌਣਾ ਮੁਸ਼ਕਲ ਹੁੰਦਾ ਹੈ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰਨ ਵਾਸਤੇ ਜਾਂ ਉਨ੍ਹਾਂ ਦੀ ਮਦਦ ਕਰਨ ਲਈ ਰਾਤ-ਰਾਤ ਭਰ ਜਾਗਣਾ ਪੈਂਦਾ ਹੈ। (2 ਕੁਰਿੰ. 11:27, 28) ਫਿਰ ਵੀ ਪੌਲੁਸ ਵਾਂਗ ਬਜ਼ੁਰਗ ਆਪਣੀ ਜ਼ਿੰਮੇਵਾਰੀ ਖ਼ੁਸ਼ੀ ਨਾਲ ਅਤੇ ਚੰਗੀ ਤਰ੍ਹਾਂ ਨਿਭਾਉਂਦੇ ਹਨ। ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਲਿਖਿਆ ਸੀ: “ਮੈਂ ਆਪਣਾ ਸਭ ਕੁਝ, ਸਗੋਂ ਆਪਣੇ ਆਪ ਨੂੰ ਵੀ ਖ਼ੁਸ਼ੀ-ਖ਼ੁਸ਼ੀ ਤੁਹਾਡੇ ’ਤੇ ਵਾਰਨ ਲਈ ਤਿਆਰ ਹਾਂ।” (2 ਕੁਰਿੰ. 12:15) ਜੀ ਹਾਂ, ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਪੌਲੁਸ ਨੇ ਉਨ੍ਹਾਂ ਦੀ ਦੇਖ-ਭਾਲ ਕਰਨ ਵਿਚ ਆਪਣੀ ਪੂਰੀ ਵਾਹ ਲਾਈ। (2 ਕੁਰਿੰਥੀਆਂ 2:4 ਪੜ੍ਹੋ; ਫ਼ਿਲਿ. 2:17; 1 ਥੱਸ. 2:8) ਇਸੇ ਕਰਕੇ ਭੈਣ-ਭਰਾ ਪੌਲੁਸ ਨੂੰ ਇੰਨਾ ਪਿਆਰ ਕਰਦੇ ਸਨ।—ਰਸੂ. 20:31-38.

16 ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ ਅਸੀਂ ਵੀ ਮੰਡਲੀ ਦੇ ਬਜ਼ੁਰਗਾਂ ਨੂੰ ਪਿਆਰ ਕਰਦੇ ਹਾਂ ਅਤੇ ਯਹੋਵਾਹ ਦਾ ਧੰਨਵਾਦ ਕਰਦੇ ਹਾਂ ਕਿ ਉਸ ਨੇ ਬਜ਼ੁਰਗਾਂ ਦਾ ਪ੍ਰਬੰਧ ਕੀਤਾ ਹੈ। ਉਹ ਸਾਡੀ ਪਰਵਾਹ ਕਰਦੇ ਹਨ ਅਤੇ ਸਾਡੀ ਖ਼ੁਸ਼ੀ ਵਿਚ ਵਾਧਾ ਕਰਦੇ ਹਨ। ਉਨ੍ਹਾਂ ਦੀਆਂ ਗੱਲਾਂ ਤੋਂ ਸਾਨੂੰ ਹੌਸਲਾ ਮਿਲਦਾ ਹੈ। ਇਸ ਤੋਂ ਇਲਾਵਾ, ਅਸੀਂ ਸ਼ੁਕਰਗੁਜ਼ਾਰ ਹਾਂ ਕਿ ਜਦੋਂ ਸਾਡੇ ਲਈ ਦੁਨੀਆਂ ਦਾ ਦਬਾਅ ਸਹਿਣਾ ਮੁਸ਼ਕਲ ਹੁੰਦਾ ਹੈ, ਉਦੋਂ ਉਹ ਠੀਕ ਸਮੇਂ ’ਤੇ ਆ ਕੇ ਸਾਡੀ ਮਦਦ ਕਰਦੇ ਹਨ। ਜੀ ਹਾਂ, ਬਜ਼ੁਰਗ ‘ਸਾਡੀ ਖ਼ੁਸ਼ੀ ਲਈ ਕੰਮ ਕਰਦੇ ਹਨ।’

^ ਪੇਰਗ੍ਰੈਫ 5 ਉਨ੍ਹਾਂ ਭੈਣਾਂ-ਭਰਾਵਾਂ ਨੂੰ ਇਹ ਸਵਾਲ ਵੀ ਪੁੱਛਿਆ ਗਿਆ ਸੀ: “ਬਜ਼ੁਰਗਾਂ ਵਿਚ ਕਿਹੜਾ ਗੁਣ ਤੁਹਾਨੂੰ ਜ਼ਿਆਦਾ ਚੰਗਾ ਲੱਗਦਾ ਹੈ?” ਜ਼ਿਆਦਾਤਰ ਭੈਣਾਂ-ਭਰਾਵਾਂ ਨੇ ਇਹੀ ਕਿਹਾ ਕਿ ਉਨ੍ਹਾਂ ਨੂੰ ਉਹ ਬਜ਼ੁਰਗ ਚੰਗੇ ਲੱਗਦੇ ਹਨ ਜਿਨ੍ਹਾਂ ਨਾਲ ਉਹ ਬਿਨਾਂ ਝਿਜਕੇ ਗੱਲ ਕਰ ਸਕਦੇ ਹਨ। ਭਵਿੱਖ ਵਿਚ ਇਸ ਰਸਾਲੇ ਵਿਚ ਇਸ ਅਹਿਮ ਗੁਣ ਬਾਰੇ ਚਰਚਾ ਕੀਤੀ ਜਾਵੇਗੀ।