Skip to content

Skip to table of contents

“ਯਹੂਦਾ ਦੀ ਇੰਜੀਲ” ਕੀ ਹੈ?

“ਯਹੂਦਾ ਦੀ ਇੰਜੀਲ” ਕੀ ਹੈ?

ਦੁਨੀਆਂ ਭਰ ਵਿਚ ਅਪ੍ਰੈਲ 2006 ਦੀਆਂ ਅਖ਼ਬਾਰਾਂ ਵਿਚ ਇਕ ਹੈਰਾਨ ਕਰਨ ਵਾਲੀ ਖ਼ਬਰ ਛਪੀ ਕਿ ਹੁਣੇ ਜਿਹੇ ਲੱਭੀ ਪ੍ਰਾਚੀਨ ਲਿਖਤ “ਯਹੂਦਾ ਦੀ ਇੰਜੀਲ” ਨੂੰ ਵਿਦਵਾਨਾਂ ਦੀ ਇਕ ਟੀਮ ਜਨਤਾ ਅੱਗੇ ਰਿਲੀਜ਼ ਕਰਨ ਜਾ ਰਹੀ ਸੀ। ਇਨ੍ਹਾਂ ਲੇਖਾਂ ਵਿਚ ਵਿਦਵਾਨਾਂ ਦੇ ਦਾਅਵੇ ਸਨ ਕਿ ਇਹ ਲਿਖਤ ਯਿਸੂ ਨੂੰ ਫੜਵਾਉਣ ਵਾਲੇ ਚੇਲੇ ਯਹੂਦਾ ਬਾਰੇ ਸਾਡੀ ਸੋਚ ਨੂੰ ਬਦਲ ਕੇ ਰੱਖ ਦੇਵੇਗੀ। ਇਨ੍ਹਾਂ ਦਾਅਵਿਆਂ ਦੇ ਮੁਤਾਬਕ ਯਹੂਦਾ ਹੀਰੋ ਸੀ। ਉਹ ਅਜਿਹਾ ਰਸੂਲ ਸੀ ਜੋ ਯਿਸੂ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਤੇ ਉਸ ਨੇ ਯਿਸੂ ਦੇ ਕਹਿਣ ਤੇ ਉਸ ਨੂੰ ਫੜਵਾਇਆ ਸੀ।

ਕੀ ਇਹ ਲਿਖਤ ਅਸਲੀ ਹੈ? ਜੇ ਹੈ, ਤਾਂ ਕੀ ਇਹ ਇਤਿਹਾਸਕ ਹਸਤੀਆਂ ਜਿਵੇਂ ਯਹੂਦਾ ਇਸਕਰਿਓਤੀ, ਯਿਸੂ ਮਸੀਹ ਜਾਂ ਪਹਿਲੀ ਸਦੀ ਦੇ ਮਸੀਹੀਆਂ ਬਾਰੇ ਅਜਿਹੀ ਜਾਣਕਾਰੀ ਦਿੰਦੀ ਹੈ ਜੋ ਸਾਨੂੰ ਨਹੀਂ ਸੀ? ਕੀ ਇਸ ਦਾ ਮਸੀਹੀ ਧਰਮ ਬਾਰੇ ਸਾਡੀ ਸਮਝ ’ਤੇ ਅਸਰ ਪੈਣਾ ਚਾਹੀਦਾ ਹੈ?

“ਯਹੂਦਾ ਦੀ ਇੰਜੀਲ” ਦਾ ਲੱਭਣਾ

“ਯਹੂਦਾ ਦੀ ਇੰਜੀਲ” ਕਿਵੇਂ ਲੱਭੀ, ਇਸ ਬਾਰੇ ਪੱਕਾ ਨਹੀਂ ਪਤਾ। ਇਸ ਨੂੰ ਨਾ ਤਾਂ ਪੁਰਾਤੱਤਵ-ਵਿਗਿਆਨੀਆਂ ਨੇ ਲੱਭਿਆ ਤੇ ਨਾ ਹੀ ਇਸ ਦਾ ਕੋਈ ਰਿਕਾਰਡ ਰੱਖਿਆ। ਇਸ ਦੀ ਬਜਾਇ, ਇਹ ਲਿਖਤ 1970 ਦੇ ਦਹਾਕੇ ਦੇ ਅਖ਼ੀਰ ਵਿਚ ਜਾਂ 1980 ਦੇ ਦਹਾਕੇ ਦੇ ਸ਼ੁਰੂ ਵਿਚ ਪੁਰਾਣੀਆਂ ਚੀਜ਼ਾਂ ਦੇ ਬਾਜ਼ਾਰ ਵਿੱਚੋਂ ਮਿਲੀ ਸੀ। ਲੱਗਦਾ ਹੈ ਕਿ ਇਹ ਮਿਸਰ ਵਿਚ 1978 ਨੂੰ ਗੁਫ਼ਾ ਵਿਚ ਇਕ ਸੁੰਨਸਾਨ ਕਬਰ ਵਿੱਚੋਂ ਮਿਲੀ ਸੀ। ਇਹ ਕੋਡੈਕਸ (ਇਕ ਕਿਸਮ ਦੀ ਪੁਰਾਣੀ ਕਿਤਾਬ) ਦੀਆਂ ਚਾਰ ਵੱਖੋ-ਵੱਖਰੀਆਂ ਲਿਖਤਾਂ ਵਿੱਚੋਂ ਇਕ ਹੈ ਜੋ ਕਬਤੀ ਭਾਸ਼ਾ (ਪ੍ਰਾਚੀਨ ਮਿਸਰ ਤੋਂ ਲਈ ਗਈ ਭਾਸ਼ਾ) ਵਿਚ ਲਿਖੀ ਗਈ ਸੀ।

ਮਿਸਰ ਦੇ ਖ਼ੁਸ਼ਕ ਮੌਸਮ ਵਿਚ ਸਦੀਆਂ ਤਾਈਂ ਸੰਭਾਲਿਆ ਹੋਣ ਕਰਕੇ ਚਮੜੇ ਦੀ ਜਿਲਦ ਵਾਲਾ ਇਹ ਕੋਡੈਕਸ ਭੁਰਭੁਰਾ ਹੋ ਚੁੱਕਾ ਸੀ ਤੇ ਇਸ ਦੀ ਹਾਲਤ ਖ਼ਸਤਾ ਹੁੰਦੀ ਜਾ ਰਹੀ ਸੀ। 1983 ਵਿਚ ਕੁਝ ਵਿਦਵਾਨਾਂ ਨੂੰ ਥੋੜ੍ਹੀ ਜਿਹੀ ਦੇਰ ਵਾਸਤੇ ਇਹ ਕੋਡੈਕਸ ਦਿਖਾਇਆ ਗਿਆ ਸੀ, ਪਰ ਇਸ ਦੀ ਕੀਮਤ ਬਹੁਤ ਜ਼ਿਆਦਾ ਸੀ ਜਿਸ ਕਰਕੇ ਕਿਸੇ ਨੇ ਇਸ ਨੂੰ ਖ਼ਰੀਦਿਆ ਨਹੀਂ। ਅਗਲੇ ਕਈ ਸਾਲਾਂ ਤਾਈਂ ਅਣਗਹਿਲੀ ਕਰਕੇ ਅਤੇ ਸਹੀ ਢੰਗ ਨਾਲ ਸਾਂਭ-ਸੰਭਾਲ ਨਾ ਕਰਨ ਕਰਕੇ ਕੋਡੈਕਸ ਦੀ ਹਾਲਤ ਹੋਰ ਵੀ ਖ਼ਰਾਬ ਹੋ ਗਈ। ਸਾਲ 2000 ਵਿਚ ਪੁਰਾਣੀਆਂ ਚੀਜ਼ਾਂ ਖ਼ਰੀਦਣ ਵਾਲੀ ਇਕ ਸਵਿੱਸ ਡੀਲਰ ਨੇ ਇਸ ਨੂੰ ਖ਼ਰੀਦ ਲਿਆ। ਅਖ਼ੀਰ ਉਸ ਨੇ ਇਹ ਕੋਡੈਕਸ ਮਾਹਰਾਂ ਦੀ ਇਕ ਅੰਤਰਰਾਸ਼ਟਰੀ ਟੀਮ ਨੂੰ ਦੇ ਦਿੱਤਾ ਜੋ ਮਿਸੀਨਸ ਫਾਊਂਡੇਸ਼ਨ ਫਾਰ ਏਸ਼ੀਅੰਟ ਆਰਟ ਅਤੇ ਨੈਸ਼ਨਲ ਜੀਓਗਰਾਫਿਕ ਸੋਸਾਇਟੀ ਅਧੀਨ ਕੰਮ ਕਰ ਰਹੀ ਸੀ। ਉਸ ਟੀਮ ਨੂੰ ਕੋਡੈਕਸ ਨੂੰ ਸੁਧਾਰਨ ਅਤੇ ਜੋੜਨ ਦਾ ਔਖਾ ਕੰਮ ਦਿੱਤਾ ਗਿਆ ਸੀ ਜਿਸ ਦੇ ਹੁਣ ਛੋਟੇ-ਛੋਟੇ ਟੁਕੜੇ ਹੋ ਚੁੱਕੇ ਸਨ। ਇਸ ਟੀਮ ਨੇ ਇਹ ਵੀ ਪਤਾ ਲਾਉਣਾ ਸੀ ਕਿ ਇਹ ਕੋਡੈਕਸ ਕਿੰਨਾ ਕੁ ਪੁਰਾਣਾ ਸੀ ਤੇ ਇਸ ਦਾ ਅਨੁਵਾਦ ਕਰਨ ਦੇ ਨਾਲ-ਨਾਲ ਗੱਲਾਂ ਦਾ ਅਰਥ ਵੀ ਸਮਝਾਉਣਾ ਸੀ।

ਕਾਰਬਨ 14 ਦਾ ਤਰੀਕਾ ਵਰਤ ਕੇ ਅਨੁਮਾਨ ਲਾਇਆ ਗਿਆ ਕਿ ਇਹ ਕੋਡੈਕਸ ਤੀਜੀ ਜਾਂ ਚੌਥੀ ਸਦੀ ਈਸਵੀ ਦਾ ਹੈ। ਪਰ ਵਿਦਵਾਨ ਇਸ ਸਿੱਟੇ ’ਤੇ ਪਹੁੰਚੇ ਕਿ “ਯਹੂਦਾ ਦੀ ਇੰਜੀਲ” ਦੀ ਕਬਤੀ ਭਾਸ਼ਾ ਦੀ ਲਿਖਤ ਮੁਢਲੀ ਯੂਨਾਨੀ ਭਾਸ਼ਾ ਦੀ ਲਿਖਤ ਤੋਂ ਅਨੁਵਾਦ ਕੀਤੀ ਗਈ ਸੀ ਜੋ ਇਸ ਤੋਂ ਵੀ ਪੁਰਾਣੇ ਸਮੇਂ ਦੀ ਸੀ। ਉਹ ਸਮਾਂ ਕਿਹੜਾ ਸੀ ਅਤੇ ਕਿਨ੍ਹਾਂ ਹਾਲਾਤਾਂ ਵਿਚ “ਯਹੂਦਾ ਦੀ ਇੰਜੀਲ” ਲਿਖੀ ਗਈ ਸੀ?

“ਯਹੂਦਾ ਦੀ ਇੰਜੀਲ” ਨੌਸਟਿਕਵਾਦੀਆਂ ਦੀ ਇੰਜੀਲ ਹੈ

“ਯਹੂਦਾ ਦੀ ਇੰਜੀਲ” ਦਾ ਪਹਿਲਾ ਜ਼ਿਕਰ ਦੂਜੀ ਸਦੀ ਈਸਵੀ ਦੇ ਅਖ਼ੀਰ ਵਿਚ ਰਹਿਣ ਵਾਲੇ ਇਕ ਈਸਾਈ ਲੇਖਕ ਆਇਰੀਨੀਅਸ ਦੀਆਂ ਲਿਖਤਾਂ ਵਿਚ ਮਿਲਿਆ ਹੈ। ਆਪਣੀ ਕਿਤਾਬ ਅਗੇਂਸਟ ਹੈਰੀਸੀਜ਼ ਵਿਚ ਆਇਰੀਨੀਅਸ ਨੇ ਕਈ ਗਰੁੱਪਾਂ ਬਾਰੇ ਲਿਖਿਆ ਜਿਨ੍ਹਾਂ ਦੀਆਂ ਸਿੱਖਿਆਵਾਂ ਦਾ ਉਹ ਵਿਰੋਧ ਕਰਦਾ ਸੀ। ਇਨ੍ਹਾਂ ਵਿੱਚੋਂ ਇਕ ਗਰੁੱਪ ਬਾਰੇ ਉਹ ਲਿਖਦਾ ਹੈ: “ਉਹ ਕਹਿੰਦੇ ਹਨ ਕਿ ਸਿਰਫ਼ ਧੋਖੇਬਾਜ਼ ਯਹੂਦਾ . . . ਸੱਚਾਈ ਜਾਣਦਾ ਸੀ, ਹੋਰ ਕੋਈ ਨਹੀਂ ਸੀ ਜਾਣਦਾ। ਉਸ ਨੇ ਯਿਸੂ ਨੂੰ ਫੜਵਾਉਣ ਦੇ ਭੇਤ ਨੂੰ ਸੁਲਝਾਉਣ ਦਾ ਕੰਮ ਕੀਤਾ ਸੀ। ਉਸ ਦੇ ਜ਼ਰੀਏ ਧਰਤੀ ਅਤੇ ਸਵਰਗ ਵਿਚਲੀਆਂ ਚੀਜ਼ਾਂ ਉਲਝਣ ਵਿਚ ਪਾਈਆਂ ਗਈਆਂ। ਉਨ੍ਹਾਂ ਨੇ ਇਕ ਕਹਾਣੀ ਘੜੀ ਜਿਸ ਨੂੰ ਉਨ੍ਹਾਂ ਨੇ ਯਹੂਦਾ ਦੀ ਇੰਜੀਲ ਦਾ ਨਾਂ ਦੇ ਦਿੱਤਾ।”

“ਇਹ ਇੰਜੀਲ ਯਹੂਦਾ ਦੇ ਜ਼ਮਾਨੇ ਵਿਚ ਉਸ ਦੇ ਕਿਸੇ ਜਾਣ-ਪਛਾਣ ਵਾਲੇ ਵਿਅਕਤੀ ਨੇ ਨਹੀਂ ਲਿਖੀ”

ਆਇਰੀਨੀਅਸ ਨੇ ਨੌਸਟਿਕਵਾਦੀ ਈਸਾਈਆਂ ਦੀਆਂ ਵੱਖੋ-ਵੱਖਰੀਆਂ ਸਿੱਖਿਆਵਾਂ ਨੂੰ ਗ਼ਲਤ ਸਾਬਤ ਕਰਨ ਦੀ ਠਾਣੀ ਹੋਈ ਸੀ ਜਿਹੜੇ ਮੰਨਦੇ ਸਨ ਕਿ ਉਨ੍ਹਾਂ ਕੋਲ ਖ਼ਾਸ ਗਿਆਨ ਸੀ। ਉਸ ਵੇਲੇ ਕਈ ਨੌਸਟਿਕਵਾਦੀ ਗਰੁੱਪ ਸਨ ਤੇ ਹਰ ਗਰੁੱਪ ਆਪਣੀ ਸਮਝ ਮੁਤਾਬਕ ਮਸੀਹੀ “ਸੱਚਾਈ” ਨੂੰ ਬਿਆਨ ਕਰਦਾ ਸੀ। ਨੌਸਟਿਕਵਾਦੀਆਂ ਨੇ ਆਪਣੀਆਂ ਲਿਖਤਾਂ ਦੇ ਆਧਾਰ ’ਤੇ ਆਪਣੀਆਂ ਸਿੱਖਿਆਵਾਂ ਦਿੱਤੀਆਂ ਜੋ ਦੂਜੀ ਸਦੀ ਈਸਵੀ ਦੌਰਾਨ ਹਰ ਪਾਸੇ ਫੈਲ ਗਈਆਂ।

ਨੌਸਟਿਕਵਾਦੀਆਂ ਦੀਆਂ ਅਜਿਹੀਆਂ ਇੰਜੀਲਾਂ ਅਕਸਰ ਦਾਅਵਾ ਕਰਦੀਆਂ ਹਨ ਕਿ ਯਿਸੂ ਦੇ ਮੁੱਖ ਰਸੂਲ ਉਸ ਦੇ ਸੰਦੇਸ਼ ਨੂੰ ਗ਼ਲਤ ਸਮਝੇ ਅਤੇ ਯਿਸੂ ਵੱਲੋਂ ਦਿੱਤੀ ਇਕ ਭੇਤ ਭਰੀ ਸਿੱਖਿਆ ਕੁਝ ਗਿਣੇ-ਚੁਣੇ ਚੇਲੇ ਹੀ ਸਮਝ ਸਕੇ। * ਕੁਝ ਨੌਸਟਿਕਵਾਦੀ ਮੰਨਦੇ ਸਨ ਕਿ ਇਹ ਸੰਸਾਰ ਇਕ ਜੇਲ੍ਹ ਸੀ। ਇਸ ਲਈ, ਇਬਰਾਨੀ ਸ਼ਾਸਤਰਾਂ ਵਿਚ ਦੱਸਿਆ ਇਸ ਸੰਸਾਰ ਦਾ “ਸ੍ਰਿਸ਼ਟੀਕਰਤਾ” ਆਪਣੇ ਵਿਰੋਧੀਆਂ ਯਾਨੀ ਉਨ੍ਹਾਂ ਵੱਖੋ-ਵੱਖਰੇ ਮਹਾਨ ਦੇਵਤਿਆਂ ਤੋਂ ਛੋਟਾ ਸੀ ਜਿਨ੍ਹਾਂ ਦੀ ਨੌਸਟਿਕਵਾਦੀ ਪੂਜਾ ਕਰਦੇ ਸਨ। ਜਿਨ੍ਹਾਂ ਕੋਲ ਸੱਚਾ “ਗਿਆਨ” ਸੀ, ਉਹ ਇਸ “ਭੇਤ” ਨੂੰ ਸਮਝ ਗਏ ਕਿ ਉਨ੍ਹਾਂ ਨੂੰ ਸਰੀਰ ਰੂਪੀ ਜੇਲ੍ਹ ਤੋਂ ਛੁੱਟਣ ਦੀ ਲੋੜ ਸੀ।

“ਯਹੂਦਾ ਦੀ ਇੰਜੀਲ” ਇਸ ਵਿਸ਼ਵਾਸ ’ਤੇ ਆਧਾਰਿਤ ਹੈ। ਇਸ ਦੇ ਸ਼ੁਰੂਆਤੀ ਸ਼ਬਦ ਹਨ: “ਉਹ ਭੇਤ ਜੋ ਯਿਸੂ ਨੇ ਅੱਠ ਦਿਨਾਂ ਦੌਰਾਨ ਯਹੂਦਾ ਇਸਕਰਿਓਤੀ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਤੇ ਇਹ ਗੱਲਬਾਤ ਪਸਾਹ ਦਾ ਤਿਉਹਾਰ ਮਨਾਉਣ ਤੋਂ ਤਿੰਨ ਦਿਨ ਪਹਿਲਾਂ ਖ਼ਤਮ ਹੋਈ ਸੀ।”

ਕੀ ਇਹ ਕੋਡੈਕਸ ਉਹੀ ਲਿਖਤ ਹੈ ਜਿਸ ਬਾਰੇ ਆਇਰੀਨੀਅਸ ਨੇ ਲਿਖਿਆ ਸੀ ਤੇ ਜਿਸ ਬਾਰੇ ਮੰਨਿਆ ਜਾਂਦਾ ਸੀ ਕਿ ਇਹ ਸਦੀਆਂ ਪਹਿਲਾਂ ਗੁਆਚ ਗਈ ਸੀ? ਮਾਰਵਿਨ ਮੇਅਰ, ਉਸ ਪਹਿਲੀ ਟੀਮ ਦਾ ਮੈਂਬਰ ਜਿਸ ਨੂੰ ਇਸ ਕੋਡੈਕਸ ਦੀ ਜਾਂਚ ਅਤੇ ਅਨੁਵਾਦ ਕਰਨ ਦਾ ਕੰਮ ਦਿੱਤਾ ਗਿਆ ਸੀ, ਕਹਿੰਦਾ ਹੈ ਕਿ ਆਇਰੀਨੀਅਸ ਦੀਆਂ “ਸੰਖੇਪ ਵਿਚ ਲਿਖੀਆਂ ਗੱਲਾਂ ਕਬਤੀ ਭਾਸ਼ਾ ਦੀ ਮੌਜੂਦਾ ਲਿਖਤ ਯਹੂਦਾ ਦੀ ਇੰਜੀਲ ਨਾਲ ਮਿਲਦੀਆਂ-ਜੁਲਦੀਆਂ ਹਨ।”

ਇਸ ਇੰਜੀਲ ਵਿਚਲੇ ਯਹੂਦਾ ਬਾਰੇ ਵਿਦਵਾਨਾਂ ਵਿਚ ਬਹਿਸਬਾਜ਼ੀ

“ਯਹੂਦਾ ਦੀ ਇੰਜੀਲ” ਵਿਚ ਯਿਸੂ ਆਪਣੇ ਚੇਲਿਆਂ ਦਾ ਮਜ਼ਾਕ ਉਡਾਉਂਦਾ ਹੋਇਆ ਹੱਸਦਾ ਹੈ ਜਦੋਂ ਉਹ ਉਸ ਦੀ ਗੱਲ ਚੰਗੀ ਤਰ੍ਹਾਂ ਸਮਝਦੇ ਨਹੀਂ। ਪਰ 12 ਰਸੂਲਾਂ ਵਿੱਚੋਂ ਯਹੂਦਾ ਹੀ ਇਕ ਹੈ ਜੋ ਯਿਸੂ ਦੇ ਸੁਭਾਅ ਨੂੰ ਸਮਝਦਾ ਹੈ। ਇਸ ਲਈ ਯਿਸੂ ਉਸ ਇਕੱਲੇ ਨਾਲ “ਰਾਜ ਦੇ ਭੇਤ ਸਾਂਝੇ ਕਰਦਾ ਹੈ।”

ਜਿਨ੍ਹਾਂ ਵਿਦਵਾਨਾਂ ਦੀ ਪਹਿਲੀ ਟੀਮ ਨੇ ਯਹੂਦਾ ਦੀ ਇੰਜੀਲ ਦਾ ਅਨੁਵਾਦ ਕੀਤਾ ਸੀ, ਉਨ੍ਹਾਂ ਉੱਤੇ ਆਇਰੀਨੀਅਸ ਦੀਆਂ ਇਸ ਲਿਖਤ ਬਾਰੇ ਕਹੀਆਂ ਗੱਲਾਂ ਦਾ ਪ੍ਰਭਾਵ ਸੀ। ਉਨ੍ਹਾਂ ਦੇ ਅਨੁਵਾਦ ਵਿਚ ਯਹੂਦਾ ਯਿਸੂ ਦਾ ਮਨ-ਪਸੰਦ ਚੇਲਾ ਹੈ ਜੋ ਭੇਤਾਂ ਨੂੰ ਸਮਝੇਗਾ ਤੇ “ਰਾਜ ਵਿਚ ਵੜੇਗਾ।” ਬੇਸਮਝ ਰਸੂਲ ਭਾਵੇਂ ਯਹੂਦਾ ਦੀ ਜਗ੍ਹਾ ਕਿਸੇ ਹੋਰ ਨੂੰ ਚੁਣ ਲੈਣਗੇ ਪਰ ਯਹੂਦਾ “ਤੇਰ੍ਹਵੀਂ ਆਤਮਾ” ਬਣੇਗਾ ਜੋ “[ਬਾਕੀ ਸਾਰੇ ਚੇਲਿਆਂ] ਨਾਲੋਂ ਬਿਹਤਰ ਇਨਾਮ” ਪਾਏਗਾ ਕਿਉਂਕਿ ਉਸ ਨੇ ਹੱਡ-ਮਾਸ ਦੇ ਸਰੀਰ ਤੋਂ ਬਚਣ ਵਿਚ ਯਿਸੂ ਦੀ ਮਦਦ ਕੀਤੀ ਸੀ।

ਮੁਢਲੇ ਮਸੀਹੀ ਧਰਮ ਅਤੇ ਨੌਸਟਿਕਵਾਦ ਦੇ ਮੰਨੇ-ਪ੍ਰਮੰਨੇ ਲੇਖਕ ਤੇ ਵਿਦਵਾਨ ਬਾਰਟ ਐਰਮਨ ਅਤੇ ਈਲੇਨ ਪੇਗਲਜ਼ ਨੇ ਫਟਾਫਟ “ਯਹੂਦਾ ਦੀ ਇੰਜੀਲ” ਬਾਰੇ ਕੀਤੀ ਜਾਂਚ-ਪੜਤਾਲ ਅਤੇ ਟਿੱਪਣੀਆਂ ਪ੍ਰਕਾਸ਼ਿਤ ਕਰ ਦਿੱਤੀਆਂ ਜੋ ਪਹਿਲੀ ਟੀਮ ਦੇ ਅਨੁਵਾਦ ਨਾਲ ਮਿਲਦੀਆਂ-ਜੁਲਦੀਆਂ ਸਨ। ਪਰ ਉਸ ਤੋਂ ਜਲਦੀ ਬਾਅਦ ਹੋਰ ਵਿਦਵਾਨਾਂ ਜਿਵੇਂ ਐਪ੍ਰਲ ਡੀਕੋਨਿਕ ਅਤੇ ਬਿਰਯਰ ਪੀਅਰਸਨ ਨੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਨੈਸ਼ਨਲ ਜੀਓਗਰਾਫਿਕ ਸੋਸਾਇਟੀ ਨੇ ਮੀਡੀਆ ਦਾ ਧਿਆਨ ਖਿੱਚਣ ਲਈ ਪ੍ਰਾਚੀਨ ਲਿਖਤ ਦੇ ਅਨੁਵਾਦ ਨੂੰ ਫਟਾਫਟ ਪ੍ਰਕਾਸ਼ਿਤ ਕਰ ਕੀਤਾ। ਅਨੁਵਾਦ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਇਨ੍ਹਾਂ ਵਿਦਵਾਨਾਂ ਨੇ ਹੋਰ ਵਿਦਵਾਨਾਂ ਨਾਲ ਮਿਲ ਕੇ ਇਸ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਨਹੀਂ ਕੀਤੀ ਕਿ ਅਨੁਵਾਦ ਸਹੀ ਸੀ ਜਾਂ ਨਹੀਂ ਕਿਉਂਕਿ ਉਨ੍ਹਾਂ ਤੋਂ ਦਸਤਖਤ ਕਰਵਾਏ ਗਏ ਸਨ ਕਿ ਉਹ ਅਨੁਵਾਦ ਬਾਰੇ ਕਿਸੇ ਨਾਲ ਗੱਲ ਨਾ ਕਰਨ।

ਇਸ ਲਿਖਤ ਦੀ ਜਾਂਚ ਕਰਨ ਵਾਲੇ ਕਿਸੇ ਵੀ ਵਿਦਵਾਨ ਨੇ ਦਾਅਵਾ ਨਹੀਂ ਕੀਤਾ ਕਿ ਇਸ ਵਿਚ ਸੱਚੀ ਇਤਿਹਾਸਕ ਜਾਣਕਾਰੀ ਪਾਈ ਜਾਂਦੀ ਹੈ

ਡੀਕੋਨਿਕ ਅਤੇ ਪੀਅਰਸਨ ਇਕੱਲੇ-ਇਕੱਲੇ ਕੰਮ ਕਰ ਰਹੇ ਸਨ ਤੇ ਉਨ੍ਹਾਂ ਦੋਵਾਂ ਨੇ ਸਿੱਟਾ ਕੱਢਿਆ ਕਿ ਪਹਿਲੀ ਟੀਮ ਦੇ ਵਿਦਵਾਨਾਂ ਨੇ ਇਸ ਕੋਡੈਕਸ ਦੇ ਕੁਝ ਮੁੱਖ ਭਾਗਾਂ ਦਾ ਗ਼ਲਤ ਅਨੁਵਾਦ ਕੀਤਾ ਸੀ। ਡੀਕੋਨਿਕ ਦੇ ਅਨੁਵਾਦ ਮੁਤਾਬਕ ਯਿਸੂ ਨੇ ਯਹੂਦਾ ਨੂੰ “ਤੇਰ੍ਹਵਾਂ ਦੁਸ਼ਟ ਦੂਤ” ਕਿਹਾ ਸੀ ਨਾ ਕਿ “ਤੇਰ੍ਹਵੀਂ ਆਤਮਾ।” * ਯਿਸੂ ਯਹੂਦਾ ਨੂੰ ਇਹ ਵੀ ਸਾਫ਼-ਸਾਫ਼ ਦੱਸਦਾ ਹੈ ਕਿ ਉਹ “ਰਾਜ” ਵਿਚ ਨਹੀਂ ਵੜੇਗਾ। ਬਾਕੀ ਚੇਲਿਆਂ ਤੋਂ ਬਿਹਤਰ ਇਨਾਮ ਪਾਉਣ ਦੀ ਬਜਾਇ, ਯਿਸੂ ਨੇ ਯਹੂਦਾ ਨੂੰ ਕਿਹਾ ਕਿ ਉਸ ਨੂੰ ਸਖ਼ਤ ਸਜ਼ਾ ਮਿਲੇਗੀ ਕਿਉਂਕਿ ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਉਹ ਯਿਸੂ ਨੂੰ ਮੌਤ ਦੇ ਘਾਟ ਉਤਾਰੇਗਾ। ਡੀਕੋਨਿਕ ਦਾ ਸੋਚਣਾ ਹੈ ਕਿ “ਯਹੂਦਾ ਦੀ ਇੰਜੀਲ” ਨੌਸਟਿਕਵਾਦੀਆਂ ਨੇ ਸਾਰੇ ਰਸੂਲਾਂ ਦਾ ਮਜ਼ਾਕ ਉਡਾਉਣ ਲਈ ਲਿਖੀ ਸੀ। ਡੀਕੋਨਿਕ ਅਤੇ ਪੀਅਰਸਨ ਨੇ ਇਹ ਨਿਚੋੜ ਕੱਢਿਆ ਕਿ “ਯਹੂਦਾ ਦੀ ਇੰਜੀਲ” ਵਿਚਲਾ ਯਹੂਦਾ ਹੀਰੋ ਨਹੀਂ ਹੈ।

ਅਸੀਂ “ਯਹੂਦਾਹ ਦੀ ਇੰਜੀਲ” ਤੋਂ ਕੀ ਸਿੱਖ ਸਕਦੇ ਹਾਂ?

ਭਾਵੇਂ ਵਿਦਵਾਨਾਂ ਨੇ ਇਸ ਇੰਜੀਲ ਵਿਚਲੇ ਯਹੂਦਾ ਨੂੰ ਹੀਰੋ ਜਾਂ ਦੁਸ਼ਟ ਦੂਤ ਸਮਝਿਆ, ਪਰ ਇਸ ਲਿਖਤ ਦੀ ਜਾਂਚ ਕਰਨ ਵਾਲੇ ਕਿਸੇ ਵੀ ਵਿਦਵਾਨ ਨੇ ਦਾਅਵਾ ਨਹੀਂ ਕੀਤਾ ਕਿ ਇਸ ਵਿਚ ਸੱਚੀ ਇਤਿਹਾਸਕ ਜਾਣਕਾਰੀ ਪਾਈ ਜਾਂਦੀ ਹੈ। ਬਾਰਟ ਐਰਮਨ ਦੱਸਦਾ ਹੈ: “ਇਹ ਇੰਜੀਲ ਯਹੂਦਾ ਨੇ ਜਾਂ ਯਹੂਦਾ ਹੋਣ ਦਾ ਦਾਅਵਾ ਕਰਨ ਵਾਲੇ ਕਿਸੇ ਵਿਅਕਤੀ ਨੇ ਨਹੀਂ ਲਿਖੀ। . . . ਨਾ ਹੀ ਇਹ ਇੰਜੀਲ ਯਹੂਦਾ ਦੇ ਜ਼ਮਾਨੇ ਵਿਚ ਉਸ ਦੇ ਕਿਸੇ ਜਾਣ-ਪਛਾਣ ਵਾਲੇ ਨੇ ਲਿਖੀ ਹੈ . . . ਇਸ ਲਈ ਇਹ ਅਜਿਹੀ ਕਿਤਾਬ ਨਹੀਂ ਹੈ ਜੋ ਸਾਨੂੰ ਵਾਧੂ ਜਾਣਕਾਰੀ ਦੇਵੇ ਕਿ ਯਿਸੂ ਦੀ ਜ਼ਿੰਦਗੀ ਵਿਚ ਕੀ-ਕੀ ਹੋਇਆ ਸੀ।”

“ਯਹੂਦਾਹ ਦੀ ਇੰਜੀਲ” ਦੂਜੀ ਸਦੀ ਈਸਵੀ ਦੇ ਨੌਸਟਿਕਵਾਦੀਆਂ ਦੀ ਲਿਖਤ ਹੈ ਜੋ ਪਹਿਲਾਂ ਯੂਨਾਨੀ ਵਿਚ ਲਿਖੀ ਗਈ ਸੀ। ਕੀ “ਯਹੂਦਾਹ ਦੀ ਇੰਜੀਲ” ਉਹੀ ਲਿਖਤ ਹੈ ਜਿਸ ਦਾ ਜ਼ਿਕਰ ਆਇਰੀਨੀਅਸ ਨੇ ਕੀਤਾ ਸੀ? ਵਿਦਵਾਨਾਂ ਨੂੰ ਪੱਕਾ ਨਹੀਂ ਪਤਾ। ਪਰ “ਯਹੂਦਾਹ ਦੀ ਇੰਜੀਲ” ਤੋਂ ਉਸ ਸਮੇਂ ਬਾਰੇ ਪੱਕਾ ਸਬੂਤ ਮਿਲਦਾ ਹੈ ਜਿਸ ਵਿਚ ਝੂਠੇ “ਮਸੀਹੀਆਂ” ਨੇ ਆਪਣੀਆਂ ਸਿੱਖਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਰਕੇ ਕਈ ਵੱਖ-ਵੱਖ ਈਸਾਈ ਪੰਥ ਬਣ ਗਏ। ਬਾਈਬਲ ਨੂੰ ਗ਼ਲਤ ਸਾਬਤ ਕਰਨ ਦੀ ਬਜਾਇ, “ਯਹੂਦਾ ਦੀ ਇੰਜੀਲ” ਰਸੂਲਾਂ ਦੁਆਰਾ ਦਿੱਤੀਆਂ ਚੇਤਾਵਨੀਆਂ ਨੂੰ ਸਹੀ ਠਹਿਰਾਉਂਦੀ ਹੈ। ਪੌਲੁਸ ਨੇ ਰਸੂਲਾਂ ਦੇ ਕੰਮ 20:29, 30 ਵਿਚ ਇਕ ਚੇਤਾਵਨੀ ਦਿੱਤੀ ਸੀ: ‘ਮੈਂ ਜਾਣਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ ਤੁਹਾਡੇ ਵਿੱਚੋਂ ਹੀ ਅਜਿਹੇ ਆਦਮੀ ਉੱਠ ਖੜ੍ਹੇ ਹੋਣਗੇ ਜਿਹੜੇ ਚੇਲਿਆਂ ਨੂੰ ਆਪਣੇ ਮਗਰ ਲਾਉਣ ਲਈ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਨਗੇ।’ (w13-E 02/01)

^ ਪੇਰਗ੍ਰੈਫ 11 ਇਨ੍ਹਾਂ ਇੰਜੀਲਾਂ ਦੇ ਨਾਂ ਉਨ੍ਹਾਂ ਵਿਅਕਤੀਆਂ ਦੇ ਨਾਵਾਂ ’ਤੇ ਰੱਖੇ ਗਏ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਯਿਸੂ ਦੀਆਂ ਸਿੱਖਿਆਵਾਂ ਨੂੰ ਬਿਹਤਰ ਤਰੀਕੇ ਨਾਲ ਸਮਝਦੇ ਸਨ, ਜਿਵੇਂ “ਥੋਮਾ ਦੀ ਇੰਜੀਲ” ਅਤੇ “ਮਰੀਅਮ ਮਗਦਲੀਨੀ ਦੀ ਇੰਜੀਲ।” ਕੁਲ ਮਿਲਾ ਕੇ ਇਹੋ ਜਿਹੀਆਂ ਤਕਰੀਬਨ 30 ਪੁਰਾਣੀਆਂ ਲਿਖਤਾਂ ਦੀ ਪਛਾਣ ਹੋਈ ਹੈ।

^ ਪੇਰਗ੍ਰੈਫ 18 ਜਿਹੜੇ ਵਿਦਵਾਨ ਮੰਨਦੇ ਹਨ ਕਿ ਇਸ ਲਿਖਤ ਵਿਚ ਯਿਸੂ ਨੂੰ ਬਾਕੀ ਚੇਲਿਆਂ ਨਾਲੋਂ ਬਿਹਤਰ ਪਛਾਣਨ ਵਾਲਾ ਯਹੂਦਾ ਦੁਸ਼ਟ ਦੂਤ ਹੈ, ਇਸ ਗੱਲ ਵਿਚ ਸੁਮੇਲ ਦੇਖਦੇ ਹਨ ਕਿ ਦੁਸ਼ਟ ਦੂਤਾਂ ਨੇ ਬਾਈਬਲ ਦੀਆਂ ਇੰਜੀਲਾਂ ਵਿਚ ਕਿਵੇਂ ਯਿਸੂ ਦੀ ਸਹੀ ਪਛਾਣ ਕੀਤੀ ਸੀ।—ਮਰਕੁਸ 3:11; 5:7.