Skip to content

Skip to table of contents

ਹਿੰਮਤ ਨਾ ਹਾਰੋ!

ਹਿੰਮਤ ਨਾ ਹਾਰੋ!

“ਆਓ ਆਪਾਂ ਚੰਗੇ ਕੰਮ ਕਰਨੇ ਨਾ ਛੱਡੀਏ।”​—ਗਲਾ. 6:9.

1, 2. ਯਹੋਵਾਹ ਦੇ ਸੰਗਠਨ ਬਾਰੇ ਸੋਚ-ਵਿਚਾਰ ਕਰ ਕੇ ਸਾਡੇ ’ਤੇ ਕੀ ਅਸਰ ਪੈਂਦਾ ਹੈ?

ਅਸੀਂ ਇਹ ਸੋਚ ਕੇ ਕਿੰਨੇ ਦੰਗ ਰਹਿ ਜਾਂਦੇ ਹਾਂ ਕਿ ਅਸੀਂ ਇਕ ਬਹੁਤ ਹੀ ਵੱਡੇ ਸੰਗਠਨ ਦਾ ਹਿੱਸਾ ਹਾਂ! ਹਿਜ਼ਕੀਏਲ ਦੇ ਪਹਿਲੇ ਅਤੇ ਦਾਨੀਏਲ ਦੇ ਸੱਤਵੇਂ ਅਧਿਆਇ ਵਿਚ ਦਰਜ ਦਰਸ਼ਣਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣਾ ਮਕਸਦ ਪੂਰਾ ਕਰਨ ਲਈ ਕੰਮ ਕਰ ਰਿਹਾ ਹੈ। ਯਿਸੂ ਧਰਤੀ ਉੱਤੇ ਯਹੋਵਾਹ ਦੇ ਸੰਗਠਨ ਦੀ ਅਗਵਾਈ ਕਰ ਰਿਹਾ ਹੈ ਤਾਂਕਿ ਪੂਰੀ ਦੁਨੀਆਂ ਵਿਚ ਪ੍ਰਚਾਰ ਕੀਤਾ ਜਾਵੇ, ਸਾਨੂੰ ਬਾਈਬਲ ਤੋਂ ਗਿਆਨ ਤੇ ਹੌਸਲਾ ਮਿਲੇ ਅਤੇ ਹੋਰ ਲੋਕ ਵੀ ਯਹੋਵਾਹ ਦੇ ਸੇਵਕ ਬਣਨ। ਇਹ ਸਾਰੀਆਂ ਗੱਲਾਂ ਯਹੋਵਾਹ ਦੇ ਸੰਗਠਨ ਉੱਤੇ ਸਾਡਾ ਭਰੋਸਾ ਵਧਾਉਂਦੀਆਂ ਹਨ।​—ਮੱਤੀ 24:45.

2 ਕੀ ਅਸੀਂ ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚੱਲ ਰਹੇ ਹਾਂ? ਕੀ ਅਸੀਂ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਾਂ? ਸ਼ਾਇਦ ਸਾਨੂੰ ਲੱਗੇ ਕਿ ਸਾਡਾ ਜੋਸ਼ ਠੰਢਾ ਪੈ ਗਿਆ ਹੈ। ਪਹਿਲੀ ਸਦੀ ਦੇ ਮਸੀਹੀਆਂ ਨਾਲ ਵੀ ਇੱਦਾਂ ਹੋਇਆ ਸੀ। ਪੌਲੁਸ ਰਸੂਲ ਨੇ ਉਨ੍ਹਾਂ ਨੂੰ ਯਿਸੂ ਦੀ ਮਿਸਾਲ ’ਤੇ ਗੌਰ ਕਰਨ ਦੀ ਤਾਕੀਦ ਕੀਤੀ ਸੀ ਤਾਂਕਿ ਉਹ ‘ਥੱਕ ਕੇ ਹੌਸਲਾ ਨਾ ਹਾਰਨ।’ (ਇਬ. 12:3) ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਅੱਜ ਯਹੋਵਾਹ ਦਾ ਸੰਗਠਨ ਕੀ-ਕੀ ਕਰ ਰਿਹਾ ਹੈ। ਜਿਸ ਤਰ੍ਹਾਂ ਯਿਸੂ ਦੀ ਮਿਸਾਲ ’ਤੇ ਗੌਰ ਕਰਨ ਨਾਲ ਪਹਿਲੀ ਸਦੀ ਦੇ ਮਸੀਹੀਆਂ ਨੂੰ ਹੌਸਲਾ ਮਿਲਿਆ ਸੀ, ਉਸੇ ਤਰ੍ਹਾਂ ਯਹੋਵਾਹ ਦੇ ਸੰਗਠਨ ਦੇ ਕੰਮਾਂ ’ਤੇ ਗੌਰ ਕਰਨ ਨਾਲ ਸਾਨੂੰ ਵੀ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਤੇ ਆਪਣਾ ਜੋਸ਼ ਬਰਕਰਾਰ ਰੱਖਣ ਵਿਚ ਮਦਦ ਮਿਲੇਗੀ।

3. ਪਰਮੇਸ਼ੁਰ ਦੀ ਸੇਵਾ ਵਿਚ ਹਿੰਮਤ ਨਾ ਹਾਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ ਅਤੇ ਇਸ ਲੇਖ ਵਿਚ ਅਸੀਂ ਕੀ ਸਿੱਖਾਂਗੇ?

3 ਜੇ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਹਿੰਮਤ ਨਹੀਂ ਹਾਰਨਾ ਚਾਹੁੰਦੇ, ਤਾਂ ਯਹੋਵਾਹ ਦੇ ਸੰਗਠਨ ਦੇ ਕੰਮਾਂ ਬਾਰੇ ਸਿਰਫ਼ ਸੋਚ-ਵਿਚਾਰ ਕਰਨਾ ਕਾਫ਼ੀ ਨਹੀਂ ਹੈ। ਪੌਲੁਸ ਨੇ ਕਿਹਾ ਸੀ: “ਆਓ ਆਪਾਂ ਚੰਗੇ ਕੰਮ ਕਰਨੇ ਨਾ ਛੱਡੀਏ।” (ਗਲਾ. 6:9) ਹਾਂ, ਸਾਨੂੰ ਕੁਝ ਕਰਨ ਦੀ ਵੀ ਲੋੜ ਹੈ। ਅਸੀਂ ਅਜਿਹੀਆਂ ਪੰਜ ਗੱਲਾਂ ਬਾਰੇ ਸਿੱਖਾਂਗੇ ਜੋ ਸਾਡਾ ਜੋਸ਼ ਬਰਕਰਾਰ ਰੱਖਣ ਅਤੇ ਯਹੋਵਾਹ ਦੇ ਸੰਗਠਨ ਨਾਲ ਮਿਲ ਕੇ ਚੱਲਣ ਵਿਚ ਸਾਡੀ ਮਦਦ ਕਰਨਗੀਆਂ। ਫਿਰ ਅਸੀਂ ਦੇਖ ਸਕਾਂਗੇ ਕਿ ਸਾਨੂੰ ਜਾਂ ਸਾਡੇ ਪਰਿਵਾਰ ਨੂੰ ਤਬਦੀਲੀਆਂ ਕਰਨ ਦੀ ਲੋੜ ਹੈ ਜਾਂ ਨਹੀਂ।

ਭਗਤੀ ਕਰਨ ਤੇ ਇਕ-ਦੂਜੇ ਨੂੰ ਹੌਸਲਾ ਦੇਣ ਲਈ ਮਿਲੋ

4. ਪਰਮੇਸ਼ੁਰ ਦੀ ਭਗਤੀ ਕਰਨ ਲਈ ਇਕੱਠੇ ਹੋਣਾ ਬਹੁਤ ਜ਼ਰੂਰੀ ਕਿਉਂ ਹੈ?

4 ਯਹੋਵਾਹ ਦੇ ਸੇਵਕਾਂ ਲਈ ਇਕੱਠੇ ਹੋਣਾ ਹਮੇਸ਼ਾ ਬਹੁਤ ਜ਼ਰੂਰੀ ਰਿਹਾ ਹੈ। ਸਵਰਗ ਵਿਚ ਦੂਤ ਯਹੋਵਾਹ ਦੇ ਕਹਿਣੇ ਤੇ ਇਕੱਠੇ ਹੁੰਦੇ ਹਨ। (1 ਰਾਜ. 22:19; ਅੱਯੂ. 1:6; 2:1; ਦਾਨੀ. 7:10) ਮੂਸਾ ਦੇ ਜ਼ਮਾਨੇ ਵਿਚ ਸਾਰੇ ਇਜ਼ਰਾਈਲੀਆਂ ਨੂੰ ਇਕੱਠੇ ਹੋਣ ਲਈ ਕਿਹਾ ਗਿਆ ਸੀ “ਤਾਂ ਜੋ ਓਹ ਸੁਣਨ ਅਤੇ ਸਿੱਖਣ।” (ਬਿਵ. 31:10-12) ਪਹਿਲੀ ਸਦੀ ਵਿਚ ਯਹੂਦੀ ਆਪਣੀ ਰੀਤ ਮੁਤਾਬਕ ਧਰਮ-ਗ੍ਰੰਥ ਪੜ੍ਹਨ ਲਈ ਸਭਾ ਘਰਾਂ ਵਿਚ ਜਾਂਦੇ ਸਨ। (ਲੂਕਾ 4:16; ਰਸੂ. 15:21) ਮਸੀਹੀ ਮੰਡਲੀ ਦੇ ਸ਼ੁਰੂ ਹੋਣ ਤੋਂ ਬਾਅਦ ਵੀ ਮੀਟਿੰਗਾਂ ਬਹੁਤ ਜ਼ਰੂਰੀ ਸਨ ਅਤੇ ਇਹ ਅੱਜ ਵੀ ਜ਼ਰੂਰੀ ਹਨ। ਸੱਚੇ ਮਸੀਹੀ ‘ਇਕ-ਦੂਜੇ ਦਾ ਧਿਆਨ ਰੱਖਦੇ ਹਨ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ’ ਦਿੰਦੇ ਹਨ। ਇਹ ਜ਼ਰੂਰੀ ਹੈ ਕਿ ਅਸੀਂ “ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ ਅਤੇ [ਯਹੋਵਾਹ ਦੇ] ਦਿਨ ਨੂੰ ਨੇੜੇ ਆਉਂਦਾ ਦੇਖ ਕੇ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੀਏ।”​—ਇਬ. 10:24, 25.

5. ਅਸੀਂ ਮੀਟਿੰਗਾਂ ਵਿਚ ਇਕ-ਦੂਜੇ ਨੂੰ ਹੌਸਲਾ ਕਿਵੇਂ ਦੇ ਸਕਦੇ ਹਾਂ?

5 ਮੀਟਿੰਗਾਂ ਵਿਚ ਹਿੱਸਾ ਲੈ ਕੇ ਅਸੀਂ ਇਕ-ਦੂਜੇ ਦਾ ਹੌਸਲਾ ਵਧਾਉਂਦੇ ਹਾਂ। ਮਿਸਾਲ ਲਈ, ਅਸੀਂ ਕਿਸੇ ਸਵਾਲ ਦਾ ਜਵਾਬ ਦੇ ਸਕਦੇ ਹਾਂ ਜਾਂ ਬਾਈਬਲ ਦੀ ਕੋਈ ਆਇਤ ਸਮਝਾ ਸਕਦੇ ਹਾਂ। ਜਾਂ ਅਸੀਂ ਛੋਟਾ ਜਿਹਾ ਤਜਰਬਾ ਦੱਸ ਕੇ ਦਿਖਾ ਸਕਦੇ ਹਾਂ ਕਿ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਦੇ ਕੀ ਫ਼ਾਇਦੇ ਹਨ। (ਜ਼ਬੂ. 22:22; 40:9) ਕੀ ਇਹ ਸੱਚ ਨਹੀਂ ਕਿ ਭਾਵੇਂ ਅਸੀਂ ਕਈ ਸਾਲਾਂ ਤੋਂ ਮੀਟਿੰਗਾਂ ਨੂੰ ਜਾ ਰਹੇ ਹਾਂ, ਫਿਰ ਵੀ ਸਿਆਣੇ-ਨਿਆਣੇ ਸਾਰਿਆਂ ਦੇ ਜਵਾਬ ਸੁਣ ਕੇ ਸਾਨੂੰ ਹੌਸਲਾ ਮਿਲਦਾ ਹੈ?

6. ਸਾਨੂੰ ਮੀਟਿੰਗਾਂ ਤੋਂ ਕਿਹੜੀ ਮਦਦ ਮਿਲਦੀ ਹੈ?

6 ਪਰਮੇਸ਼ੁਰ ਹੋਰ ਕਿਉਂ ਮੀਟਿੰਗਾਂ ਨੂੰ ਇੰਨਾ ਜ਼ਰੂਰੀ ਸਮਝਦਾ ਹੈ? ਮੀਟਿੰਗਾਂ, ਅਸੈਂਬਲੀਆਂ ਅਤੇ ਸੰਮੇਲਨਾਂ ਵਿਚ ਅਸੀਂ ਦਲੇਰੀ ਨਾਲ ਪ੍ਰਚਾਰ ਕਰਨਾ ਸਿੱਖਦੇ ਹਾਂ, ਉਦੋਂ ਵੀ ਜਦ ਕੁਝ ਲੋਕ ਸਾਡਾ ਵਿਰੋਧ ਕਰਦੇ ਹਨ ਜਾਂ ਸਾਡੀ ਗੱਲ ਨਹੀਂ ਸੁਣਦੇ। (ਰਸੂ. 4:23, 31) ਬਾਈਬਲ ਤੋਂ ਸਿੱਖੀਆਂ ਗੱਲਾਂ ਨਾਲ ਸਾਡੀ ਨਿਹਚਾ ਹੋਰ ਮਜ਼ਬੂਤ ਹੁੰਦੀ ਹੈ। (ਰਸੂ. 15:32; ਰੋਮੀ. 1:11, 12) ਨਾਲੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਤੇ ਦਿਲਾਸਾ ਮਿਲਦਾ ਹੈ। (ਜ਼ਬੂ. 94:12, 13) ਪ੍ਰਬੰਧਕ ਸਭਾ ਦੀ ਟੀਚਿੰਗ ਕਮੇਟੀ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਤੇ ਸੰਮੇਲਨਾਂ ਵਿਚ ਦਿੱਤੀ ਜਾਂਦੀ ਸਿੱਖਿਆ ਦਾ ਇੰਤਜ਼ਾਮ ਕਰਦੀ ਹੈ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਹਰ ਹਫ਼ਤੇ ਮੀਟਿੰਗਾਂ ਵਿਚ ਸਾਨੂੰ ਵਧੀਆ ਤੋਂ ਵਧੀਆ ਸਿੱਖਿਆ ਮਿਲਦੀ ਹੈ!

7, 8. (ੳ) ਮੀਟਿੰਗਾਂ ਵਿਚ ਜਾਣ ਦਾ ਸਭ ਤੋਂ ਜ਼ਰੂਰੀ ਕਾਰਨ ਕੀ ਹੈ? (ਅ) ਮੀਟਿੰਗਾਂ ਤੋਂ ਸਾਨੂੰ ਕੀ ਫ਼ਾਇਦੇ ਹੁੰਦੇ ਹਨ?

7 ਇਨ੍ਹਾਂ ਫ਼ਾਇਦਿਆਂ ਤੋਂ ਇਲਾਵਾ ਮੀਟਿੰਗਾਂ ਵਿਚ ਜਾਣ ਦਾ ਸਭ ਤੋਂ ਜ਼ਰੂਰੀ ਕਾਰਨ ਕੀ ਹੈ? ਅਸੀਂ ਮੀਟਿੰਗਾਂ ਵਿਚ ਖ਼ਾਸ ਕਰਕੇ ਯਹੋਵਾਹ ਦੀ ਭਗਤੀ ਕਰਨ ਜਾਂਦੇ ਹਾਂ। (ਜ਼ਬੂਰਾਂ ਦੀ ਪੋਥੀ 95:6 ਪੜ੍ਹੋ।) ਆਪਣੇ ਬੇਮਿਸਾਲ ਪਰਮੇਸ਼ੁਰ ਦੀ ਵਡਿਆਈ ਕਰਨੀ ਵਾਕਈ ਸਾਡੇ ਲਈ ਮਾਣ ਦੀ ਗੱਲ ਹੈ! (ਕੁਲੁ. 3:16) ਯਹੋਵਾਹ ਸਾਡੀ ਭਗਤੀ ਦਾ ਹੱਕਦਾਰ ਹੈ। ਇਸ ਲਈ ਸਾਨੂੰ ਸਾਰੀਆਂ ਮੀਟਿੰਗਾਂ ਵਿਚ ਜਾ ਕੇ ਇਨ੍ਹਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ। (ਪ੍ਰਕਾ. 4:11) ਇਸੇ ਕਰਕੇ ਸਾਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਅਸੀਂ “ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੀਏ, ਜਿਵੇਂ ਕਈਆਂ ਦੀ ਆਦਤ ਹੈ।”​—ਇਬ. 10:25.

8 ਯਹੋਵਾਹ ਨੇ ਮੀਟਿੰਗਾਂ ਦਾ ਇੰਤਜ਼ਾਮ ਕੀਤਾ ਹੈ ਤਾਂਕਿ ਅਸੀਂ ਉਸ ਸਮੇਂ ਤਕ ਵਫ਼ਾਦਾਰ ਰਹੀਏ ਜਦ ਤਕ ਉਹ ਇਸ ਬੁਰੀ ਦੁਨੀਆਂ ਦਾ ਨਾਸ਼ ਨਹੀਂ ਕਰ ਦਿੰਦਾ। ਕੀ ਅਸੀਂ ਮੀਟਿੰਗਾਂ ਨੂੰ ਯਹੋਵਾਹ ਵੱਲੋਂ ਇਕ ਤੋਹਫ਼ਾ ਸਮਝਦੇ ਹਾਂ? ਜੇ ਹਾਂ, ਤਾਂ ਅਸੀਂ ਮੀਟਿੰਗਾਂ ਨੂੰ “ਜ਼ਿਆਦਾ ਜ਼ਰੂਰੀ ਗੱਲਾਂ” ਵਿੱਚੋਂ ਇਕ ਸਮਝਾਂਗੇ ਅਤੇ ਇਨ੍ਹਾਂ ਵਿਚ ਹਾਜ਼ਰ ਹੋਣ ਦੀ ਪੂਰੀ ਕੋਸ਼ਿਸ਼ ਕਰਾਂਗੇ। (ਫ਼ਿਲਿ. 1:10) ਅਸੀਂ ਬੇਵਜ੍ਹਾ ਕਿਸੇ ਛੋਟੀ-ਮੋਟੀ ਗੱਲ ਕਰਕੇ ਮੀਟਿੰਗਾਂ ਵਿਚ ਜਾਣਾ ਨਹੀਂ ਛੱਡਾਂਗੇ।

ਜੋਸ਼ ਨਾਲ ਪ੍ਰਚਾਰ ਕਰੋ

9. ਸਾਨੂੰ ਕਿਵੇਂ ਪਤਾ ਹੈ ਕਿ ਪ੍ਰਚਾਰ ਕਰਨਾ ਅੱਜ ਬਹੁਤ ਜ਼ਰੂਰੀ ਹੈ?

9 ਜੋਸ਼ ਨਾਲ ਪ੍ਰਚਾਰ ਕਰ ਕੇ ਵੀ ਅਸੀਂ ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚੱਲ ਸਕਾਂਗੇ। ਜਦ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਇਹ ਕੰਮ ਸ਼ੁਰੂ ਕੀਤਾ ਸੀ। (ਮੱਤੀ 28:19, 20) ਉਸ ਸਮੇਂ ਤੋਂ ਯਹੋਵਾਹ ਦਾ ਪੂਰਾ ਸੰਗਠਨ ਪ੍ਰਚਾਰ ਕਰਨ ਤੇ ਚੇਲੇ ਬਣਾਉਣ ਦੇ ਕੰਮ ਵਿਚ ਲੱਗਾ ਹੋਇਆ ਹੈ। ਕਈ ਤਜਰਬੇ ਦਿਖਾਉਂਦੇ ਹਨ ਕਿ ਦੂਤ ਉਨ੍ਹਾਂ ਲੋਕਾਂ ਨੂੰ ਲੱਭਣ ਵਿਚ ਸਾਡੀ ਮਦਦ ਕਰ ਰਹੇ ਹਨ ਜੋ “ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ। (ਰਸੂ. 13:48; ਪ੍ਰਕਾ. 14:6, 7) ਧਰਤੀ ’ਤੇ ਯਹੋਵਾਹ ਦੇ ਸੰਗਠਨ ਦਾ ਇਹੀ ਮਕਸਦ ਹੈ ਕਿ ਉਹ ਇਸ ਅਹਿਮ ਕੰਮ ਨੂੰ ਪੂਰਾ ਕਰੇ। ਕੀ ਅਸੀਂ ਵੀ ਪ੍ਰਚਾਰ ਦੇ ਕੰਮ ਨੂੰ ਆਪਣੀ ਜ਼ਿੰਦਗੀ ਵਿਚ ਅਹਿਮ ਸਮਝਦੇ ਹਾਂ?

10. (ੳ) ਮਿਸਾਲ ਦੇ ਕੇ ਸਮਝਾਓ ਕਿ ਅਸੀਂ ਸੱਚਾਈ ਲਈ ਆਪਣਾ ਪਿਆਰ ਬਰਕਰਾਰ ਕਿਵੇਂ ਰੱਖ ਸਕਦੇ ਹਾਂ। (ਅ) ਵਫ਼ਾਦਾਰ ਰਹਿਣ ਵਿਚ ਪ੍ਰਚਾਰ ਦੇ ਕੰਮ ਨੇ ਤੁਹਾਡੀ ਕਿੱਦਾਂ ਮਦਦ ਕੀਤੀ ਹੈ?

10 ਜੋਸ਼ ਨਾਲ ਪ੍ਰਚਾਰ ਕਰ ਕੇ ਅਸੀਂ ਸੱਚਾਈ ਲਈ ਆਪਣਾ ਪਿਆਰ ਬਰਕਰਾਰ ਰੱਖ ਸਕਾਂਗੇ। ਮਿਚਲ ਇਕ ਤਜਰਬੇਕਾਰ ਬਜ਼ੁਰਗ ਤੇ ਰੈਗੂਲਰ ਪਾਇਨੀਅਰ ਹੈ। ਉਹ ਕਹਿੰਦਾ ਹੈ: “ਲੋਕਾਂ ਨੂੰ ਸੱਚਾਈ ਬਾਰੇ ਦੱਸ ਕੇ ਮੈਨੂੰ ਬੇਹੱਦ ਖ਼ੁਸ਼ੀ ਹੁੰਦੀ ਹੈ। ਪਹਿਰਾਬੁਰਜ ਅਤੇ ਜਾਗਰੂਕ ਬਣੋ! ਵਿਚ ਸਾਰੇ ਲੇਖ ਬੁੱਧ ਤੇ ਸਮਝ ਨਾਲ ਲਿਖੇ ਜਾਂਦੇ ਹਨ ਅਤੇ ਇਹ ਹਰ ਵਿਸ਼ੇ ਨੂੰ ਬਹੁਤ ਚੰਗੀ ਤਰ੍ਹਾਂ ਪੇਸ਼ ਕਰਦੇ ਹਨ। ਇਨ੍ਹਾਂ ਨੂੰ ਪੜ੍ਹ ਕੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ ਤੇ ਮੈਂ ਪ੍ਰਚਾਰ ਵਿਚ ਜਾਣ ਲਈ ਉਤਾਵਲਾ ਰਹਿੰਦਾ ਹਾਂ ਤਾਂਕਿ ਮੈਂ ਇਨ੍ਹਾਂ ਨੂੰ ਵਰਤ ਕੇ ਲੋਕਾਂ ਦੀ ਮਦਦ ਕਰ ਸਕਾਂ। ਮੈਂ ਕਿਸੇ ਵੀ ਚੀਜ਼ ਨੂੰ ਪ੍ਰਚਾਰ ਵਿਚ ਰੁਕਾਵਟ ਨਹੀਂ ਬਣਨ ਦਿੰਦਾ।” ਜੇ ਅਸੀਂ ਪ੍ਰਚਾਰ ਵਿਚ ਰੁੱਝੇ ਰਹਾਂਗੇ, ਤਾਂ ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਅਸੀਂ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਸਕਾਂਗੇ।​—1 ਕੁਰਿੰਥੀਆਂ 15:58 ਪੜ੍ਹੋ।

ਪ੍ਰਕਾਸ਼ਨਾਂ ਤੋਂ ਪੂਰਾ ਫ਼ਾਇਦਾ ਉਠਾਓ

11. ਸਾਨੂੰ ਸਾਰੇ ਪ੍ਰਕਾਸ਼ਨਾਂ ਤੋਂ ਪੂਰਾ ਫ਼ਾਇਦਾ ਕਿਉਂ ਉਠਾਉਣਾ ਚਾਹੀਦਾ ਹੈ?

11 ਯਹੋਵਾਹ ਸਾਨੂੰ ਬਹੁਤ ਸਾਰੇ ਪ੍ਰਕਾਸ਼ਨ ਇਸ ਲਈ ਦਿੰਦਾ ਹੈ ਕਿਉਂਕਿ ਇਨ੍ਹਾਂ ਰਾਹੀਂ ਸਾਨੂੰ ਗਿਆਨ ਤੇ ਹੌਸਲਾ ਮਿਲਦਾ ਹੈ। ਕੀ ਤੁਸੀਂ ਕਦੇ ਕੋਈ ਲੇਖ ਪੜ੍ਹ ਕੇ ਇਹ ਕਿਹਾ ਹੈ: ‘ਮੈਨੂੰ ਇਸੇ ਸਲਾਹ ਦੀ ਲੋੜ ਸੀ! ਇੱਦਾਂ ਲੱਗਦਾ ਕਿ ਯਹੋਵਾਹ ਨੇ ਇਹ ਮੇਰੇ ਲਈ ਹੀ ਲਿਖਵਾਇਆ ਹੈ!’ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ। ਪ੍ਰਕਾਸ਼ਨਾਂ ਰਾਹੀਂ ਯਹੋਵਾਹ ਸਾਨੂੰ ਸਿੱਖਿਆ ਤੇ ਸਲਾਹ ਦਿੰਦਾ ਹੈ। ਉਹ ਕਹਿੰਦਾ ਹੈ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ।” (ਜ਼ਬੂ. 32:8) ਕੀ ਤੁਸੀਂ ਸਾਰੇ ਪ੍ਰਕਾਸ਼ਨ ਪੜ੍ਹਨ ਤੇ ਇਨ੍ਹਾਂ ਉੱਤੇ ਸੋਚ-ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹੋ? ਇੱਦਾਂ ਅਸੀਂ ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਯਹੋਵਾਹ ਦੀ ਸੇਵਾ ਵਿਚ ਵਧਦੇ-ਫੁੱਲਦੇ ਰਹਾਂਗੇ।​—ਜ਼ਬੂਰਾਂ ਦੀ ਪੋਥੀ 1:1-3; 35:28; 119:97 ਪੜ੍ਹੋ।

12. ਕਿਹੜੀ ਗੱਲ ਬਾਰੇ ਸੋਚ ਕੇ ਪ੍ਰਕਾਸ਼ਨਾਂ ਲਈ ਸਾਡੀ ਕਦਰ ਵਧੇਗੀ?

12 ਜਦ ਅਸੀਂ ਇਹ ਸੋਚਦੇ ਹਾਂ ਕਿ ਪ੍ਰਕਾਸ਼ਨ ਤਿਆਰ ਕਰਨ ਵਿਚ ਕਿੰਨੀ ਮਿਹਨਤ ਲੱਗਦੀ ਹੈ, ਤਾਂ ਇਨ੍ਹਾਂ ਲਈ ਸਾਡੀ ਕਦਰ ਹੋਰ ਵੀ ਵਧਦੀ ਹੈ। ਪ੍ਰਬੰਧਕ ਸਭਾ ਦੀ ਰਾਇਟਿੰਗ ਕਮੇਟੀ ਇਨ੍ਹਾਂ ਨੂੰ ਤਿਆਰ ਕਰਨ ਦਾ ਇੰਤਜ਼ਾਮ ਕਰਦੀ ਹੈ। ਹਰ ਲੇਖ ਨੂੰ ਛਾਪਣ ਜਾਂ ਇਸ ਨੂੰ ਵੈੱਬਸਾਈਟ ’ਤੇ ਲਾਉਣ ਤੋਂ ਪਹਿਲਾਂ ਰੀਸਰਚ ਕੀਤੀ ਜਾਂਦੀ ਹੈ, ਉਸ ਨੂੰ ਲਿਖਿਆ ਤੇ ਵਾਰ-ਵਾਰ ਚੈੱਕ ਕੀਤਾ ਜਾਂਦਾ ਹੈ ਅਤੇ ਉਸ ਲਈ ਤਸਵੀਰਾਂ ਤਿਆਰ ਕੀਤੀਆਂ ਜਾਂਦੀਆਂ ਹਨ। ਫਿਰ ਬ੍ਰਾਂਚ ਆਫ਼ਿਸ ਕਿਤਾਬਾਂ-ਮੈਗਜ਼ੀਨਾਂ ਨੂੰ ਛਾਪ ਕੇ ਸਾਰੀਆਂ ਮੰਡਲੀਆਂ ਨੂੰ ਭੇਜਦੇ ਹਨ। ਇਹ ਸਾਰਾ ਕੰਮ ਕਿਉਂ ਕੀਤਾ ਜਾਂਦਾ ਹੈ? ਤਾਂਕਿ ਅਸੀਂ ਇਹ ਸਿੱਖਿਆ ਲੈ ਕੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੀਏ। (ਯਸਾ. 65:13) ਆਓ ਆਪਾਂ ਯਹੋਵਾਹ ਦੇ ਸੰਗਠਨ ਤੋਂ ਮਿਲਦੇ ਸਾਰੇ ਪ੍ਰਕਾਸ਼ਨ ਚਾਅ ਨਾਲ ਪੜ੍ਹੀਏ ਤੇ ਇਨ੍ਹਾਂ ਤੋਂ ਪੂਰਾ ਫ਼ਾਇਦਾ ਉਠਾਈਏ।​—ਜ਼ਬੂ. 119:27.

ਯਹੋਵਾਹ ਦੇ ਸੰਗਠਨ ਨਾਲ ਮਿਲ ਕੇ ਕੰਮ ਕਰੋ

13, 14. ਸਵਰਗ ਵਿਚ ਕੌਣ ਯਹੋਵਾਹ ਦੇ ਸੰਗਠਨ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਅਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ?

13 ਯੂਹੰਨਾ ਰਸੂਲ ਨੇ ਦਰਸ਼ਣ ਵਿਚ ਦੇਖਿਆ ਕਿ ਯਿਸੂ ਇਕ ਚਿੱਟੇ ਘੋੜੇ ’ਤੇ ਸਵਾਰ ਹੈ ਤੇ ਯਹੋਵਾਹ ਦੇ ਦੁਸ਼ਮਣਾਂ ਦਾ ਸਫ਼ਾਇਆ ਕਰਨ ਲਈ ਨਿਕਲਦਾ ਹੈ। (ਪ੍ਰਕਾ. 19:11-15) ਯੂਹੰਨਾ ਨੇ ਯਿਸੂ ਦੇ ਪਿੱਛੇ-ਪਿੱਛੇ ਵਫ਼ਾਦਾਰ ਦੂਤਾਂ ਤੋਂ ਇਲਾਵਾ ਚੁਣੇ ਹੋਏ ਮਸੀਹੀਆਂ ਨੂੰ ਵੀ ਦੇਖਿਆ ਜਿਨ੍ਹਾਂ ਨੂੰ ਸਵਰਗ ਵਿਚ ਜੀਉਂਦਾ ਕੀਤਾ ਗਿਆ ਹੈ। ਇਹ ਸਾਰੇ ਯਿਸੂ ਨੂੰ ਆਪਣਾ ਆਗੂ ਮੰਨਦੇ ਹਨ। (ਪ੍ਰਕਾ. 2:26, 27) ਸਾਡੇ ਲਈ ਕਿੰਨੀ ਹੀ ਵਧੀਆ ਮਿਸਾਲ! ਸਾਨੂੰ ਵੀ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਯਹੋਵਾਹ ਦੇ ਸੰਗਠਨ ਵਿਚ ਅਗਵਾਈ ਕਰਦੇ ਹਨ।

14 ਧਰਤੀ ਉੱਤੇ ਯਿਸੂ ਦੇ ਜਿਹੜੇ ਚੁਣੇ ਹੋਏ ਭਰਾ ਸੰਗਠਨ ਵਿਚ ਅਗਵਾਈ ਕਰਦੇ ਹਨ, ਵੱਡੀ ਭੀੜ ਉਨ੍ਹਾਂ ਨਾਲ ਮਿਲ ਕੇ ਕੰਮ ਕਰਦੀ ਹੈ। (ਜ਼ਕਰਯਾਹ 8:23 ਪੜ੍ਹੋ।) ਅਸੀਂ ਯਹੋਵਾਹ ਦੇ ਸੰਗਠਨ ਦਾ ਸਾਥ ਕਿਵੇਂ ਦੇ ਸਕਦੇ ਹਾਂ? ਇਕ ਤਰੀਕਾ ਹੈ ਕਿ ਸਾਨੂੰ ਉਨ੍ਹਾਂ ਦੇ ਆਗਿਆਕਾਰ ਹੋਣਾ ਚਾਹੀਦਾ ਹੈ ਜੋ ਸਾਡੀ ਅਗਵਾਈ ਕਰ ਰਹੇ ਹਨ। (ਇਬ. 13:7, 17) ਕੀ ਅਸੀਂ ਆਪਣੀਆਂ ਗੱਲਾਂ ਰਾਹੀਂ ਦੂਜਿਆਂ ਨੂੰ ਬਜ਼ੁਰਗਾਂ ਦਾ ਆਦਰ ਕਰਨ ਤੇ ਉਨ੍ਹਾਂ ਦੀ ਮਿਹਨਤ ਦੀ ਕਦਰ ਕਰਨ ਦੀ ਹੱਲਾਸ਼ੇਰੀ ਦਿੰਦੇ ਹਾਂ? ਕੀ ਅਸੀਂ ਆਪਣੇ ਬੱਚਿਆਂ ਨੂੰ ਇਨ੍ਹਾਂ ਵਫ਼ਾਦਾਰ ਭਰਾਵਾਂ ਦੀ ਇੱਜ਼ਤ ਕਰਨੀ ਅਤੇ ਬਾਈਬਲ ਤੋਂ ਉਨ੍ਹਾਂ ਦੀ ਸਲਾਹ ਮੰਨਣੀ ਸਿਖਾਉਂਦੇ ਹਾਂ? ਹੋਰ ਵੀ ਤਰੀਕੇ ਹਨ ਜਿਨ੍ਹਾਂ ਰਾਹੀਂ ਅਸੀਂ ਸੰਗਠਨ ਨਾਲ ਮਿਲ ਕੇ ਕੰਮ ਕਰ ਸਕਦੇ ਹਾਂ। ਮਿਸਾਲ ਲਈ, ਕੀ ਅਸੀਂ ਆਪਣੇ ਪਰਿਵਾਰ ਨਾਲ ਇਸ ਬਾਰੇ ਗੱਲ ਕਰਦੇ ਹਾਂ ਕਿ ਅਸੀਂ ਪ੍ਰਚਾਰ ਲਈ ਦਾਨ ਕਿਵੇਂ ਦੇ ਸਕਦੇ ਹਾਂ? (ਕਹਾ. 3:9; 1 ਕੁਰਿੰ. 16:2; 2 ਕੁਰਿੰ. 8:12) ਕੀ ਅਸੀਂ ਖ਼ੁਸ਼ੀ-ਖ਼ੁਸ਼ੀ ਕਿੰਗਡਮ ਹਾਲ ਦੀ ਸਫ਼ਾਈ ਅਤੇ ਦੇਖ-ਭਾਲ ਕਰਦੇ ਹਾਂ? ਜਦ ਯਹੋਵਾਹ ਦੇਖਦਾ ਹੈ ਕਿ ਅਸੀਂ ਬਜ਼ੁਰਗਾਂ ਦਾ ਕਹਿਣਾ ਮੰਨਦੇ ਹਾਂ ਅਤੇ ਉਸ ਦੇ ਸੰਗਠਨ ਨਾਲ ਮਿਲ ਕੇ ਕੰਮ ਕਰਦੇ ਹਾਂ, ਤਾਂ ਉਹ ਸਾਨੂੰ ਆਪਣੀ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ। ਉਸ ਦੀ ਸ਼ਕਤੀ ਰਾਹੀਂ ਸਾਨੂੰ ਤਾਕਤ ਮਿਲਦੀ ਹੈ ਤਾਂਕਿ ਅਸੀਂ ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਹਿੰਮਤ ਨਾ ਹਾਰੀਏ।​—ਯਸਾ. 40:29-31.

ਆਪਣਾ ਚਾਲ-ਚਲਣ ਸ਼ੁੱਧ ਰੱਖੋ

15. ਸਾਡੇ ਲਈ ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਮੁਸ਼ਕਲ ਕਿਉਂ ਹੈ?

15 ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਲਈ ਅਤੇ ਉਸ ਦੇ ਸੰਗਠਨ ਨਾਲ ਕਦਮ ਮਿਲਾ ਕੇ ਚੱਲਣ ਲਈ ਜ਼ਰੂਰੀ ਹੈ ਕਿ ਅਸੀਂ ਆਪਣਾ ਚਾਲ-ਚਲਣ ਸ਼ੁੱਧ ਰੱਖੀਏ। (ਅਫ਼. 5:10, 11) ਸਾਨੂੰ ਆਪਣੇ ਪਾਪੀ ਸਰੀਰ ਦੀਆਂ ਇੱਛਾਵਾਂ, ਸ਼ੈਤਾਨ ਅਤੇ ਇਸ ਬੁਰੀ ਦੁਨੀਆਂ ਦੇ ਖ਼ਿਲਾਫ਼ ਲੜਨਾ ਪੈਂਦਾ ਹੈ। ਭੈਣੋ-ਭਰਾਵੋ, ਅਸੀਂ ਜਾਣਦੇ ਹਾਂ ਕਿ ਯਹੋਵਾਹ ਨਾਲ ਤੁਹਾਨੂੰ ਆਪਣਾ ਰਿਸ਼ਤਾ ਬਣਾਈ ਰੱਖਣ ਲਈ ਰੋਜ਼ ਮਿਹਨਤ ਕਰਨੀ ਪੈਂਦੀ ਹੈ। ਯਹੋਵਾਹ ਤੁਹਾਡੀਆਂ ਕੋਸ਼ਿਸ਼ਾਂ ਤੋਂ ਅਣਜਾਣ ਨਹੀਂ ਹੈ। ਹਿੰਮਤ ਨਾ ਹਾਰੋ! ਪਰਮੇਸ਼ੁਰ ਦੀ ਇੱਛਾ ਮੁਤਾਬਕ ਜ਼ਿੰਦਗੀ ਜੀ ਕੇ ਨਾ ਸਿਰਫ਼ ਸਾਨੂੰ ਖ਼ੁਸ਼ੀ ਮਿਲਦੀ ਹੈ, ਸਗੋਂ ਯਹੋਵਾਹ ਵੀ ਸਾਡੇ ਤੋਂ ਖ਼ੁਸ਼ ਹੁੰਦਾ ਹੈ।​—1 ਕੁਰਿੰ. 9:24-27.

16, 17. (ੳ) ਜੇ ਅਸੀਂ ਕੋਈ ਗੰਭੀਰ ਪਾਪ ਕਰ ਬੈਠੀਏ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? (ਅ) ਅਸੀਂ ਆਰਤੀ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ?

16 ਪਰ ਜੇ ਅਸੀਂ ਕੋਈ ਗੰਭੀਰ ਪਾਪ ਕਰ ਬੈਠੀਏ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਆਪਣੀ ਗ਼ਲਤੀ ਲੁਕਾਉਣ ਦੀ ਬਜਾਇ ਫ਼ੌਰਨ ਮਦਦ ਲਓ। ਜੇ ਕੋਈ ਆਪਣੀ ਗ਼ਲਤੀ ਲੁਕੋ ਰੱਖਦਾ ਹੈ, ਤਾਂ ਉਸ ਦਾ ਬੋਝ ਹੋਰ ਵੀ ਭਾਰੀ ਹੋ ਜਾਂਦਾ ਹੈ। ਯਾਦ ਕਰੋ ਕਿ ਜਦ ਦਾਊਦ ਨੇ ਆਪਣੇ ਪਾਪਾਂ ’ਤੇ ਪਰਦਾ ਪਾਇਆ ਸੀ, ਤਾਂ ਉਸ ਨੇ ਕਿਹਾ: “ਮੇਰੀਆਂ ਹੱਡੀਆਂ ਸਾਰਾ ਦਿਨ ਹੂੰਗਣ ਨਾਲ ਗਲ ਗਈਆਂ।” (ਜ਼ਬੂ. 32:3) ਆਪਣੀ ਗ਼ਲਤੀ ਲੁਕਾਉਣ ਨਾਲ ਅਸੀਂ ਨਾ ਸਿਰਫ਼ ਨਿਰਾਸ਼ ਹੋ ਜਾਵਾਂਗੇ, ਸਗੋਂ ਯਹੋਵਾਹ ਨਾਲ ਸਾਡਾ ਰਿਸ਼ਤਾ ਵੀ ਟੁੱਟ ਸਕਦਾ ਹੈ। ਪਰ ਜਿਹੜਾ ਆਪਣੀ ਗ਼ਲਤੀ ਨੂੰ “ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਮ ਕੀਤਾ ਜਾਵੇਗਾ।”​—ਕਹਾ. 28:13.

17 ਜ਼ਰਾ ਆਰਤੀ * ਦੀ ਮਿਸਾਲ ’ਤੇ ਗੌਰ ਕਰੋ। ਜਦ ਉਹ 18-19 ਸਾਲਾਂ ਦੀ ਸੀ, ਤਾਂ ਉਹ ਰੈਗੂਲਰ ਪਾਇਨੀਅਰ ਸੀ। ਪਰ ਉਹ ਚੋਰੀ-ਛਿਪੇ ਗ਼ਲਤ ਕੰਮ ਕਰਨ ਲੱਗੀ। ਇਸ ਦਾ ਉਸ ’ਤੇ ਬੁਰਾ ਅਸਰ ਪਿਆ। ਉਹ ਕਹਿੰਦੀ ਹੈ: “ਮੇਰੀ ਜ਼ਮੀਰ ਮੈਨੂੰ ਲਾਹਨਤਾਂ ਪਾਉਂਦੀ ਸੀ। ਮੈਂ ਹਰ ਵੇਲੇ ਉਦਾਸ ਤੇ ਦੁਖੀ ਰਹਿੰਦੀ ਸੀ।” ਉਸ ਨੇ ਕੀ ਕੀਤਾ? ਉਹ ਦੱਸਦੀ ਹੈ ਕਿ ਇਕ ਦਿਨ ਮੀਟਿੰਗ ਵਿਚ ਯਾਕੂਬ 5:14, 15 ਬਾਰੇ ਗੱਲ ਹੋ ਰਹੀ ਸੀ। ਆਰਤੀ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਮਦਦ ਦੀ ਲੋੜ ਸੀ ਤੇ ਉਹ ਬਜ਼ੁਰਗਾਂ ਕੋਲ ਗਈ। ਉਹ ਕਹਿੰਦੀ ਹੈ: “ਮੈਨੂੰ ਲੱਗਾ ਕਿ ਮੈਂ ਬੀਮਾਰ ਸੀ ਤੇ ਬਾਈਬਲ ਦੀ ਸਲਾਹ ਮੈਨੂੰ ਕੌੜੀ ਦਵਾਈ ਵਰਗੀ ਲੱਗੀ, ਪਰ ਇਹ ਸੀ ਬੜੀ ਅਸਰਦਾਰ।” ਹੁਣ ਉਸ ਦੀ ਜ਼ਮੀਰ ਸਾਫ਼ ਹੈ ਤੇ ਉਹ ਦੁਬਾਰਾ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਹੀ ਹੈ।

18. ਸਾਨੂੰ ਕੀ ਠਾਣ ਲੈਣਾ ਚਾਹੀਦਾ ਹੈ?

18 ਇਨ੍ਹਾਂ ਆਖ਼ਰੀ ਦਿਨਾਂ ਵਿਚ ਯਹੋਵਾਹ ਦੇ ਸ਼ਾਨਦਾਰ ਸੰਗਠਨ ਦਾ ਹਿੱਸਾ ਹੋਣਾ ਸਾਡੇ ਲਈ ਕਿੰਨੇ ਸਨਮਾਨ ਦੀ ਗੱਲ ਹੈ! ਆਓ ਆਪਾਂ ਆਪਣੇ ਪਰਿਵਾਰ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਲਈ ਸਾਰੀਆਂ ਮੀਟਿੰਗਾਂ ਨੂੰ ਜਾਈਏ, ਜੋਸ਼ ਨਾਲ ਪ੍ਰਚਾਰ ਕਰੀਏ ਅਤੇ ਪ੍ਰਕਾਸ਼ਨਾਂ ਤੋਂ ਪੂਰਾ ਫ਼ਾਇਦਾ ਉਠਾਈਏ। ਨਾਲੇ ਆਓ ਆਪਾਂ ਸੰਗਠਨ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਦੇ ਅਧੀਨ ਰਹੀਏ ਅਤੇ ਆਪਣਾ ਚਾਲ-ਚਲਣ ਸ਼ੁੱਧ ਰੱਖੀਏ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚੱਲਦੇ ਰਹਾਂਗੇ ਅਤੇ ਚੰਗੇ ਕੰਮ ਕਰਦੇ ਹੋਏ ਹਿੰਮਤ ਨਹੀਂ ਹਾਰਾਂਗੇ!

^ ਪੇਰਗ੍ਰੈਫ 17 ਨਾਂ ਬਦਲਿਆ ਗਿਆ ਹੈ।