Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਕੀ ਯਰੂਸ਼ਲਮ ਦਾ ਮੰਦਰ 70 ਈਸਵੀ ਤੋਂ ਬਾਅਦ ਦੁਬਾਰਾ ਕਦੇ ਬਣਾਇਆ ਗਿਆ ਸੀ?

ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਯਹੋਵਾਹ ਦਾ ਮੰਦਰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ। ਇਹ ਭਵਿੱਖਬਾਣੀ 70 ਈਸਵੀ ਵਿਚ ਪੂਰੀ ਹੋਈ ਜਦ ਰੋਮੀ ਫ਼ੌਜ ਦੇ ਸੈਨਾਪਤੀ ਟਾਈਟਸ ਦੀ ਅਗਵਾਈ ਅਧੀਨ ਯਰੂਸ਼ਲਮ ਨਾਸ਼ ਕਰ ਦਿੱਤਾ ਗਿਆ। (ਮੱਤੀ 24:2) ਬਾਅਦ ਵਿਚ ਰੋਮੀ ਸਮਰਾਟ ਜੂਲੀਅਨ ਮੰਦਰ ਨੂੰ ਦੁਬਾਰਾ ਬਣਾਉਣਾ ਚਾਹੁੰਦਾ ਸੀ।

ਜੂਲੀਅਨ ਕੌਣ ਸੀ? ਉਹ ਕਾਂਸਟੰਟਾਈਨ ਮਹਾਨ ਦਾ ਭਤੀਜਾ ਸੀ ਅਤੇ ਉਸ ਨੂੰ ਚਰਚ ਵਾਲਿਆਂ ਨੇ ਸਿੱਖਿਆ ਦਿੱਤੀ ਸੀ। ਪਰ 361 ਈਸਵੀ ਵਿਚ ਸਮਰਾਟ ਬਣਨ ਤੋਂ ਬਾਅਦ ਉਸ ਨੇ ਚਰਚ ਦੀ ਸਿੱਖਿਆ ਠੁਕਰਾ ਕੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਉਹ ਦੇਵੀ-ਦੇਵਤਿਆਂ ਨੂੰ ਮੰਨਣ ਵਾਲਾ ਆਖ਼ਰੀ ਰੋਮੀ ਰਾਜਾ ਸੀ। ਇਸ ਲਈ ਇਤਿਹਾਸ ਦੀਆਂ ਕਿਤਾਬਾਂ ਵਿਚ ਉਸ ਨੂੰ ਇਕ “ਧਰਮ-ਤਿਆਗੀ” ਸੱਦਿਆ ਜਾਂਦਾ ਹੈ।

ਜੂਲੀਅਨ ਚਰਚ ਵਾਲਿਆਂ ਨਾਲ ਸਖ਼ਤ ਨਫ਼ਰਤ ਕਰਦਾ ਸੀ। ਇਸ ਦਾ ਇਕ ਕਾਰਨ ਸ਼ਾਇਦ ਇਹ ਸੀ ਕਿ ਛੇ ਸਾਲ ਦੀ ਉਮਰ ਵਿਚ ਉਸ ਨੇ ਚਰਚ ਵਾਲਿਆਂ ਦੇ ਹੱਥੋਂ ਆਪਣੇ ਪਿਤਾ ਅਤੇ ਰਿਸ਼ਤੇਦਾਰਾਂ ਦਾ ਕਤਲ ਹੁੰਦੇ ਦੇਖਿਆ ਸੀ। ਚਰਚ ਦੇ ਇਤਿਹਾਸਕਾਰਾਂ ਮੁਤਾਬਕ ਜੂਲੀਅਨ ਨੇ ਯਹੂਦੀਆਂ ਨੂੰ ਆਪਣਾ ਮੰਦਰ ਦੁਬਾਰਾ ਬਣਾਉਣ ਦੀ ਹੱਲਾਸ਼ੇਰੀ ਦਿੱਤੀ ਕਿਉਂਕਿ ਉਹ ਸੋਚਦਾ ਸੀ ਕਿ ਇੱਦਾਂ ਕਰਨ ਨਾਲ ਯਿਸੂ ਦੀ ਭਵਿੱਖਬਾਣੀ ਝੂਠੀ ਸਾਬਤ ਹੋਵੇਗੀ। *

ਇਸ ਵਿਚ ਕੋਈ ਸ਼ੱਕ ਨਹੀਂ ਕਿ ਜੂਲੀਅਨ ਮੰਦਰ ਨੂੰ ਦੁਬਾਰਾ ਬਣਾਉਣਾ ਚਾਹੁੰਦਾ ਸੀ। ਇਤਿਹਾਸਕਾਰ ਇਸ ਗੱਲ ’ਤੇ ਬਹਿਸ ਕਰਦੇ ਹਨ ਕਿ ਉਸ ਨੇ ਮੰਦਰ ਨੂੰ ਦੁਬਾਰਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਜਾਂ ਨਹੀਂ। ਉਹ ਇਹ ਵੀ ਕਹਿੰਦੇ ਹਨ ਕਿ ਮੰਨ ਲਓ ਕਿ ਜੇ ਉਸ ਨੇ ਕੰਮ ਸ਼ੁਰੂ ਕੀਤਾ ਵੀ ਸੀ, ਤਾਂ ਫਿਰ ਕਿਹੜੀ ਗੱਲ ਕਰਕੇ ਉਸ ਨੇ ਇਹ ਕੰਮ ਵਿੱਚੇ ਛੱਡ ਦਿੱਤਾ। ਗੱਲ ਭਾਵੇਂ ਜੋ ਵੀ ਹੋਵੇ, ਜੂਲੀਅਨ ਦੇ ਸਮਰਾਟ ਬਣਨ ਤੋਂ ਦੋ ਸਾਲ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦਾ ਇਹ ਕੰਮ ਅਧੂਰਾ ਰਹਿ ਗਿਆ।

ਯਿਸੂ ਦੇ ਜ਼ਮਾਨੇ ਵਿਚ ਮੰਦਰ ਇਸ ਜਗ੍ਹਾ ’ਤੇ ਸੀ ਅਤੇ ਸ਼ਾਇਦ ਕੁਝ ਇੱਦਾਂ ਦਾ ਸੀ

^ ਪੇਰਗ੍ਰੈਫ 5 ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਮੰਦਰ ਨੂੰ ਦੁਬਾਰਾ ਕਦੇ ਨਹੀਂ ਬਣਾਇਆ ਜਾਵੇਗਾ, ਸਗੋਂ ਇਹ ਕਿਹਾ ਸੀ ਕਿ ਇਸ ਨੂੰ ਤਬਾਹ ਕੀਤਾ ਜਾਵੇਗਾ। ਯਿਸੂ ਦੀ ਇਹ ਭਵਿੱਖਬਾਣੀ 70 ਈਸਵੀ ਵਿਚ ਪੂਰੀ ਹੋਈ।