Skip to content

Skip to table of contents

ਕੀ ਤੁਸੀਂ “ਚੰਗੇ ਕੰਮ ਜੋਸ਼ ਨਾਲ” ਕਰਦੇ ਹੋ?

ਕੀ ਤੁਸੀਂ “ਚੰਗੇ ਕੰਮ ਜੋਸ਼ ਨਾਲ” ਕਰਦੇ ਹੋ?

“ਯਿਸੂ ਮਸੀਹ ਨੇ . . . ਆਪਣੀ ਜਾਨ ਦੀ ਕੁਰਬਾਨੀ ਦਿੱਤੀ ਤਾਂਕਿ ਉਹ ਸਾਨੂੰ ਆਪਣੇ ਲਈ ਸ਼ੁੱਧ ਕਰੇ ਅਤੇ ਅਸੀਂ ਉਸ ਦੇ ਖ਼ਾਸ ਲੋਕ ਬਣੀਏ ਤੇ ਚੰਗੇ ਕੰਮ ਜੋਸ਼ ਨਾਲ ਕਰੀਏ।”—ਤੀਤੁ. 2:13, 14.

1, 2. ਯਹੋਵਾਹ ਦੇ ਗਵਾਹਾਂ ਵਜੋਂ ਸਾਨੂੰ ਕਿਹੜਾ ਸਨਮਾਨ ਮਿਲਿਆ ਹੈ ਅਤੇ ਇਸ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

ਜੇ ਕਿਸੇ ਨੂੰ ਕੋਈ ਖ਼ਾਸ ਕੰਮ ਲਈ ਇਨਾਮ ਮਿਲਦਾ ਹੈ, ਤਾਂ ਉਹ ਇਸ ਗੱਲ ’ਤੇ ਬੜਾ ਨਾਜ਼ ਕਰਦਾ ਹੈ। ਮਿਸਾਲ ਲਈ, ਕੁਝ ਲੋਕਾਂ ਨੂੰ ਦੋ ਦੇਸ਼ਾਂ ਵਿਚਕਾਰ ਸ਼ਾਂਤੀ ਕਾਇਮ ਕਰਨ ਲਈ ਨੋਬਲ ਪੁਰਸਕਾਰ ਮਿਲਿਆ ਹੈ। ਪਰ ਪਰਮੇਸ਼ੁਰ ਨੇ ਸਾਨੂੰ ਇਸ ਤੋਂ ਵੀ ਵੱਡਾ ਸਨਮਾਨ ਦਿੱਤਾ ਹੈ ਕਿ ਅਸੀਂ ਉਸ ਨਾਲ ਸੁਲ੍ਹਾ ਕਰਨ ਵਿਚ ਲੋਕਾਂ ਦੀ ਮਦਦ ਕਰੀਏ!

2 ਅਸੀਂ ਇਸ ਸਨਮਾਨ ਦੀ ਕਦਰ ਕਰਦੇ ਹੋਏ ਪਰਮੇਸ਼ੁਰ ਤੇ ਯਿਸੂ ਦਾ ਹੁਕਮ ਮੰਨ ਕੇ ਲੋਕਾਂ ਨੂੰ ਬੇਨਤੀ ਕਰਦੇ ਹਾਂ: “ਪਰਮੇਸ਼ੁਰ ਨਾਲ ਸੁਲ੍ਹਾ ਕਰੋ।” (2 ਕੁਰਿੰ. 5:20) ਯਹੋਵਾਹ ਸਾਡੇ ਰਾਹੀਂ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਇਸ ਲਈ 235 ਦੇਸ਼ਾਂ ਵਿਚ ਲੱਖਾਂ ਹੀ ਲੋਕਾਂ ਨੂੰ ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਦਾ ਮੌਕਾ ਮਿਲਿਆ ਹੈ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਮਿਲੀ ਹੈ। (ਤੀਤੁ. 2:11) ਅਸੀਂ ਜੋਸ਼ ਨਾਲ ਲੋਕਾਂ ਨੂੰ ਇਹ ਸੱਦਾ ਦਿੰਦੇ ਹਾਂ: “ਜਿਹੜਾ ਚਾਹੁੰਦਾ ਹੈ, ਉਹ ਆ ਕੇ ਅੰਮ੍ਰਿਤ ਜਲ ਮੁਫ਼ਤ ਪੀਵੇ।” (ਪ੍ਰਕਾ. 22:17) ਅਸੀਂ ਪੂਰੀ ਵਾਹ ਲਾ ਕੇ ਇਹ ਕੰਮ ਕਰਦੇ ਹਾਂ। ਇਸ ਲਈ ਕਿਹਾ ਜਾ ਸਕਦਾ ਹੈ ਕਿ ਅਸੀਂ ‘ਚੰਗੇ ਕੰਮ ਜੋਸ਼ ਨਾਲ ਕਰਦੇ’ ਹਾਂ। (ਤੀਤੁ. 2:14) ਆਓ ਆਪਾਂ ਦੇਖੀਏ ਕਿ ਚੰਗੇ ਕੰਮ ਜੋਸ਼ ਨਾਲ ਕਰ ਕੇ ਅਸੀਂ ਲੋਕਾਂ ਨੂੰ ਯਹੋਵਾਹ ਵੱਲ ਕਿਵੇਂ ਖਿੱਚ ਸਕਦੇ ਹਾਂ। ਇੱਦਾਂ ਕਰਨ ਦਾ ਇਕ ਤਰੀਕਾ ਹੈ ਪ੍ਰਚਾਰ ਕਰਨਾ।

ਯਹੋਵਾਹ ਅਤੇ ਯਿਸੂ ਵਾਂਗ ਜੋਸ਼ੀਲੇ ਬਣੋ

3. “ਯਹੋਵਾਹ ਦੀ ਅਣਖ” ਕਿਸ ਗੱਲ ਦਾ ਸਬੂਤ ਹੈ?

3 ਬਾਈਬਲ ਦੱਸਦੀ ਹੈ ਕਿ ਯਿਸੂ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਇਨਸਾਨਾਂ ਨੂੰ ਬਰਕਤਾਂ ਦੇਵੇਗਾ। ਇਹ ਸਭ ਕੁਝ ਕਿਵੇਂ ਹੋਵੇਗਾ? ਯਸਾਯਾਹ 9:7 ਕਹਿੰਦਾ ਹੈ ਕਿ “ਸੈਨਾਂ ਦੇ ਯਹੋਵਾਹ ਦੀ ਅਣਖ ਏਹ ਕਰੇਗੀ।” ਹਾਂ, ਯਹੋਵਾਹ ਇਨਸਾਨਾਂ ਨੂੰ ਬਚਾਉਣ ਲਈ ਬਹੁਤ ਉਤਾਵਲਾ ਹੈ। ਉਹ ਹਰ ਕੰਮ ਪੂਰੇ ਜੋਸ਼ ਨਾਲ ਕਰਦਾ ਹੈ। ਉਸ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਦਿਲ ਲਾ ਕੇ ਪੂਰੇ ਜੋਸ਼ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ। ਇੱਦਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਵਾਂਗ ਜੋਸ਼ੀਲੇ ਹਾਂ। ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹੋਏ ਕੀ ਅਸੀਂ ਆਪਣੇ ਹਾਲਾਤਾਂ ਮੁਤਾਬਕ ਖ਼ੁਸ਼ ਖ਼ਬਰੀ ਸੁਣਾਉਣ ਵਿਚ ਪੂਰਾ ਹਿੱਸਾ ਲੈਂਦੇ ਹਾਂ?—1 ਕੁਰਿੰ. 3:9.

4. ਯਿਸੂ ਜੋਸ਼ ਨਾਲ ਪ੍ਰਚਾਰ ਵਿਚ ਕਿਵੇਂ ਲੱਗਾ ਰਿਹਾ?

4 ਯਿਸੂ ਦੀ ਮਿਸਾਲ ’ਤੇ ਵੀ ਗੌਰ ਕਰੋ। ਉਸ ਨੇ ਜੋਸ਼ ਨਾਲ ਪ੍ਰਚਾਰ ਵਿਚ ਲੱਗੇ ਰਹਿਣ ਦੀ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ। ਭਾਵੇਂ ਲੋਕਾਂ ਨੇ ਉਸ ਦਾ ਸਖ਼ਤ ਵਿਰੋਧ ਕੀਤਾ ਅਤੇ ਉਸ ਨੂੰ ਜਾਨੋਂ ਮਾਰਨਾ ਚਾਹਿਆ, ਫਿਰ ਵੀ ਉਹ ਮਰਦੇ ਦਮ ਤਕ ਜੋਸ਼ ਨਾਲ ਪ੍ਰਚਾਰ ਕਰਦਾ ਰਿਹਾ। (ਯੂਹੰ. 18:36, 37) ਉਸ ਨੂੰ ਪਤਾ ਸੀ ਕਿ ਉਸ ਨੂੰ ਦੁੱਖ ਝੱਲ ਕੇ ਆਪਣੀ ਜਾਨ ਕੁਰਬਾਨ ਕਰਨੀ ਪਵੇਗੀ। ਜਿੱਦਾਂ-ਜਿੱਦਾਂ ਉਸ ਦੀ ਮੌਤ ਦਾ ਸਮਾਂ ਨੇੜੇ ਆਇਆ ਉੱਦਾਂ-ਉੱਦਾਂ ਉਸ ਨੇ ਹੋਰ ਵੀ ਮਿਹਨਤ ਕੀਤੀ ਤਾਂਕਿ ਲੋਕ ਯਹੋਵਾਹ ਨੂੰ ਜਾਣ ਸਕਣ।

5. ਯਿਸੂ ਨੇ ਮਾਲੀ ਵਾਂਗ ਆਪਣਾ ਸਮਾਂ ਕਿਵੇਂ ਵਰਤਿਆ ਸੀ?

5 ਯਿਸੂ ਨੇ 32 ਈਸਵੀ ਦੀ ਪਤਝੜ ਵਿਚ ਇਕ ਆਦਮੀ ਦੀ ਮਿਸਾਲ ਦਿੱਤੀ ਜਿਸ ਦੇ ਬਾਗ਼ ਵਿਚ ਇਕ ਅੰਜੀਰ ਦੇ ਦਰਖ਼ਤ ਨੂੰ ਤਿੰਨ ਸਾਲਾਂ ਤੋਂ ਕੋਈ ਫਲ ਨਾ ਲੱਗਾ। ਜਦ ਉਸ ਨੇ ਦਰਖ਼ਤ ਨੂੰ ਵੱਢ ਸੁੱਟਣ ਲਈ ਕਿਹਾ, ਤਾਂ ਮਾਲੀ ਨੇ ਖਾਦ ਪਾ ਕੇ ਇਸ ਦੀ ਦੇਖ-ਭਾਲ ਕਰਨ ਲਈ ਹੋਰ ਸਮਾਂ ਮੰਗਿਆ। (ਲੂਕਾ 13:6-9 ਪੜ੍ਹੋ।) ਇਸ ਮਿਸਾਲ ਮੁਤਾਬਕ ਯਿਸੂ ਨੂੰ ਆਪਣੀ ਮਿਹਨਤ ਦਾ ਥੋੜ੍ਹਾ ਹੀ ਫਲ ਮਿਲਿਆ ਸੀ ਯਾਨੀ ਕੁਝ ਹੀ ਲੋਕ ਉਸ ਦੇ ਚੇਲੇ ਬਣੇ ਸਨ। ਪਰ ਉਸ ਮਾਲੀ ਵਾਂਗ ਉਸ ਨੇ ਆਪਣਾ ਬਾਕੀ ਰਹਿੰਦਾ ਸਮਾਂ ਚੰਗੀ ਤਰ੍ਹਾਂ ਵਰਤਿਆ। ਆਪਣੀ ਜ਼ਿੰਦਗੀ ਦੇ ਆਖ਼ਰੀ ਛੇ ਮਹੀਨਿਆਂ ਦੌਰਾਨ ਉਸ ਨੇ ਯਹੂਦੀਆ ਅਤੇ ਪੀਰਿਆ ਵਿਚ ਹੋਰ ਵੀ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ। ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਯਿਸੂ ਲੋਕਾਂ ਲਈ ਰੋਇਆ ਕਿਉਂਕਿ ਉਨ੍ਹਾਂ ਨੇ ਉਸ ਦਾ ਸੰਦੇਸ਼ ਨਹੀਂ ਸੁਣਿਆ।—ਮੱਤੀ 13:15; ਲੂਕਾ 19:41.

6. ਸਾਨੂੰ ਵਧ-ਚੜ੍ਹ ਕੇ ਪ੍ਰਚਾਰ ਕਿਉਂ ਕਰਨਾ ਚਾਹੀਦਾ ਹੈ?

6 ਇਹ ਜਾਣਦੇ ਹੋਏ ਕਿ ਅੰਤ ਬਹੁਤ ਨੇੜੇ ਹੈ ਕੀ ਸਾਨੂੰ ਵਧ-ਚੜ੍ਹ ਕੇ ਪ੍ਰਚਾਰ ਨਹੀਂ ਕਰਨਾ ਚਾਹੀਦਾ? (ਦਾਨੀਏਲ 2:41-45 ਪੜ੍ਹੋ।) ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ! ਪੂਰੀ ਦੁਨੀਆਂ ਵਿਚ ਅਸੀਂ ਹੀ ਲੋਕਾਂ ਨੂੰ ਉਮੀਦ ਦੀ ਕਿਰਨ ਦਿੰਦੇ ਹਾਂ ਅਤੇ ਦੱਸਦੇ ਹਾਂ ਕਿ ਇਨਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀ ਹੈ। ਇਕ ਅਖ਼ਬਾਰ ਦੇ ਲੇਖਕ ਨੇ ਕਿਹਾ ਕਿ ਇਸ ਸਵਾਲ ਦਾ ਕੋਈ ਜਵਾਬ ਨਹੀਂ ਕਿ “ਲੋਕਾਂ ਉੱਤੇ ਇੰਨੇ ਦੁੱਖ ਕਿਉਂ ਆਉਂਦੇ ਹਨ?” ਪਰ ਬਾਈਬਲ ਵਿਚ ਅਜਿਹੇ ਸਵਾਲਾਂ ਦੇ ਜਵਾਬ ਹਨ। ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਈਏ। ਇਸ ਲਈ ਸਾਨੂੰ ਪਰਮੇਸ਼ੁਰ ਦੀ ਸੇਵਾ ਵਿਚ “ਪਵਿੱਤਰ ਸ਼ਕਤੀ ਦੀ ਮਦਦ ਨਾਲ ਜੋਸ਼ੀਲੇ” ਬਣਨ ਦੀ ਲੋੜ ਹੈ। (ਰੋਮੀ. 12:11) ਫਿਰ ਯਹੋਵਾਹ ਦੀ ਬਰਕਤ ਨਾਲ ਅਸੀਂ ਉਸ ਨੂੰ ਜਾਣਨ ਤੇ ਪਿਆਰ ਕਰਨ ਵਿਚ ਲੋਕਾਂ ਦੀ ਮਦਦ ਕਰ ਸਕਾਂਗੇ।

ਸਾਡੀਆਂ ਕੁਰਬਾਨੀਆਂ ਤੋਂ ਯਹੋਵਾਹ ਦੀ ਵਡਿਆਈ ਹੁੰਦੀ ਹੈ

7, 8. ਸਾਡੀਆਂ ਕੁਰਬਾਨੀਆਂ ਤੋਂ ਯਹੋਵਾਹ ਦੀ ਵਡਿਆਈ ਕਿਵੇਂ ਹੁੰਦੀ ਹੈ?

7 ਪੌਲੁਸ ਰਸੂਲ ਵਾਂਗ ਸਾਨੂੰ ਵੀ ਯਹੋਵਾਹ ਦੀ ਸੇਵਾ ਵਿਚ ਸ਼ਾਇਦ “ਰਾਤਾਂ ਨੂੰ ਉਣੀਂਦੇ” ਅਤੇ “ਕਈ ਵਾਰ ਭੁੱਖੇ” ਰਹਿਣਾ ਪਵੇ। (2 ਕੁਰਿੰ. 6:5) ਕਈ ਭੈਣ-ਭਰਾ ਪ੍ਰਚਾਰ ਦੀ ਖ਼ਾਤਰ ਕੁਰਬਾਨੀਆਂ ਕਰਦੇ ਹਨ। ਮਿਸਾਲ ਲਈ, ਭਾਵੇਂ ਪਾਇਨੀਅਰਾਂ ਨੂੰ ਨੌਕਰੀ ਕਰਨੀ ਪੈਂਦੀ ਹੈ, ਫਿਰ ਵੀ ਉਹ ਪ੍ਰਚਾਰ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਨ। ਜ਼ਰਾ ਮਿਹਨਤੀ ਮਿਸ਼ਨਰੀਆਂ ਬਾਰੇ ਵੀ ਸੋਚੋ ਜੋ ਵਿਦੇਸ਼ ਜਾ ਕੇ ਪ੍ਰਚਾਰ ਵਿਚ ਲੋਕਾਂ ਦੀ ਮਦਦ ਕਰਦੇ ਹਨ। (ਫ਼ਿਲਿ. 2:17) ਬਜ਼ੁਰਗ ਵੀ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਵਿਚ ਦਿਨ-ਰਾਤ ਮਿਹਨਤ ਕਰਦੇ ਹਨ ਜਿਸ ਕਰਕੇ ਉਨ੍ਹਾਂ ਕੋਲ ਸ਼ਾਇਦ ਰੋਟੀ ਖਾਣ ਦੀ ਵਿਹਲ ਨਾ ਹੋਵੇ ਜਾਂ ਉਨ੍ਹਾਂ ਨੂੰ ਉਣੀਂਦੇ ਰਹਿਣਾ ਪਵੇ। ਸਿਆਣੇ ਤੇ ਬੀਮਾਰ ਭੈਣ-ਭਰਾ ਵੀ ਮੀਟਿੰਗਾਂ ਵਿਚ ਹਾਜ਼ਰ ਹੋਣ ਅਤੇ ਪ੍ਰਚਾਰ ਵਿਚ ਹਿੱਸਾ ਲੈਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਸਾਰੇ ਭੈਣਾਂ-ਭਰਾਵਾਂ ਦੀਆਂ ਕੁਰਬਾਨੀਆਂ ਦੇਖ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ। ਦੁਨੀਆਂ ਦੇ ਲੋਕ ਵੀ ਦੇਖਦੇ ਹਨ ਕਿ ਪ੍ਰਚਾਰ ਕਰਨਾ ਸਾਡੇ ਲਈ ਕਿੰਨਾ ਜ਼ਰੂਰੀ ਹੈ।

8 ਮਿਸਾਲ ਲਈ, ਇੰਗਲੈਂਡ ਵਿਚ ਰਹਿਣ ਵਾਲੇ ਇਕ ਆਦਮੀ ਨੇ ਇਕ ਅਖ਼ਬਾਰ ਨੂੰ ਲਿਖਿਆ: ‘ਅੱਜ ਲੋਕਾਂ ਦਾ ਧਰਮਾਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਪਾਦਰੀ ਚਰਚਾਂ ਵਿਚ ਸਾਰਾ ਦਿਨ ਬੈਠੇ ਕੀ ਕਰਦੇ ਹਨ? ਉਹ ਤਾਂ ਯਿਸੂ ਵਾਂਗ ਲੋਕਾਂ ਨੂੰ ਮਿਲਣ ਨਹੀਂ ਜਾਂਦੇ। ਮੈਨੂੰ ਲੱਗਦਾ ਹੈ ਕਿ ਸਿਰਫ਼ ਯਹੋਵਾਹ ਦੇ ਗਵਾਹਾਂ ਨੂੰ ਹੀ ਲੋਕਾਂ ਦੀ ਪਰਵਾਹ ਹੈ। ਉਹੀ ਲੋਕਾਂ ਨੂੰ ਜਾ ਕੇ ਮਿਲਦੇ ਹਨ ਤੇ ਸੱਚਾਈ ਬਾਰੇ ਦੱਸਦੇ ਹਨ।’ ਇਸ ਖ਼ੁਦਗਰਜ਼ ਦੁਨੀਆਂ ਵਿਚ ਲੋਕਾਂ ਨੂੰ ਆਪਣੀ ਹੀ ਪਈ ਹੈ, ਪਰ ਅਸੀਂ ਕੁਰਬਾਨੀਆਂ ਕਰਨ ਲਈ ਤਿਆਰ ਹਾਂ। ਇਨ੍ਹਾਂ ਤੋਂ ਯਹੋਵਾਹ ਦੀ ਵਡਿਆਈ ਹੁੰਦੀ ਹੈ।​—ਰੋਮੀ. 12:1.

ਸਾਨੂੰ ਪ੍ਰਚਾਰ ਕਰਦਿਆਂ ਦੇਖ ਕੇ ਹੀ ਲੋਕਾਂ ਨੂੰ ਵੱਡੀ ਗਵਾਹੀ ਮਿਲਦੀ ਹੈ

9. ਕਿਹੜੀ ਗੱਲ ਸਾਨੂੰ ਜੋਸ਼ ਨਾਲ ਪ੍ਰਚਾਰ ਕਰਨ ਲਈ ਉਕਸਾਉਂਦੀ ਹੈ?

9 ਅਸੀਂ ਕੀ ਕਰ ਸਕਦੇ ਹਾਂ ਜੇ ਪ੍ਰਚਾਰ ਲਈ ਸਾਡਾ ਜੋਸ਼ ਠੰਢਾ ਪੈ ਰਿਹਾ ਹੈ? ਜ਼ਰਾ ਸੋਚੋ ਕਿ ਪ੍ਰਚਾਰ ਕਰਨ ਦੇ ਕੀ ਫ਼ਾਇਦੇ ਹਨ। (ਰੋਮੀਆਂ 10:13-15 ਪੜ੍ਹੋ।) ਜਿਹੜੇ ਵੀ ਨਿਹਚਾ ਨਾਲ ਯਹੋਵਾਹ ਦਾ ਨਾਂ ਲੈਂਦੇ ਹਨ, ਉਨ੍ਹਾਂ ਨੂੰ ਹੀ ਬਚਾਇਆ ਜਾਵੇਗਾ। ਪਰ ਲੋਕ ਤਦ ਹੀ ਯਹੋਵਾਹ ਦਾ ਨਾਂ ਲੈ ਸਕਣਗੇ ਜੇ ਅਸੀਂ ਉਨ੍ਹਾਂ ਨੂੰ ਪ੍ਰਚਾਰ ਕਰਾਂਗੇ। ਇਹ ਗੱਲ ਸਾਨੂੰ ਜੋਸ਼ ਨਾਲ ਚੰਗੇ ਕੰਮ ਕਰਨ ਅਤੇ ਵਧ-ਚੜ੍ਹ ਕੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਉਕਸਾਉਂਦੀ ਹੈ।

ਸਾਡਾ ਚੰਗਾ ਚਾਲ-ਚਲਣ ਲੋਕਾਂ ਨੂੰ ਪਰਮੇਸ਼ੁਰ ਵੱਲ ਖਿੱਚਦਾ ਹੈ

ਲੋਕ ਤੁਹਾਡੀ ਈਮਾਨਦਾਰੀ ਅਤੇ ਮਿਹਨਤ ਨੂੰ ਦੇਖਦੇ ਹਨ

10. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਾਡਾ ਚੰਗਾ ਚਾਲ-ਚਲਣ ਲੋਕਾਂ ਨੂੰ ਯਹੋਵਾਹ ਵੱਲ ਖਿੱਚਦਾ ਹੈ?

10 ਇਹ ਸੱਚ ਹੈ ਕਿ ਪ੍ਰਚਾਰ ਲਈ ਜੋਸ਼ ਬਹੁਤ ਜ਼ਰੂਰੀ ਹੈ, ਪਰ ਲੋਕ ਸਿਰਫ਼ ਇਸੇ ਕਰਕੇ ਪਰਮੇਸ਼ੁਰ ਵੱਲ ਖਿੱਚੇ ਨਹੀਂ ਆਉਣਗੇ। ਜੋਸ਼ ਦੇ ਨਾਲ-ਨਾਲ ਸਾਡਾ ਵਧੀਆ ਚਾਲ-ਚਲਣ ਵੀ ਜ਼ਰੂਰੀ ਹੈ। ਪੌਲੁਸ ਨੇ ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿਹਾ: “ਅਸੀਂ ਨਹੀਂ ਚਾਹੁੰਦੇ ਕਿ ਸਾਡੀ ਸੇਵਕਾਈ ਵਿਚ ਕੋਈ ਨੁਕਸ ਕੱਢੇ, ਇਸ ਲਈ ਅਸੀਂ ਦੂਸਰਿਆਂ ਦੇ ਸਾਮ੍ਹਣੇ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਖੜ੍ਹੀ ਨਹੀਂ ਕਰਦੇ।” (2 ਕੁਰਿੰ. 6:3) ਸਾਡੀ ਚੰਗੀ ਬੋਲ-ਬਾਣੀ ਤੇ ਸਾਡਾ ਚੰਗਾ ਚਾਲ-ਚਲਣ ਪਰਮੇਸ਼ੁਰ ਦੀ ਸਿੱਖਿਆ ਦੀ ਸ਼ੋਭਾ ਵਧਾਉਂਦਾ ਹੈ ਜਿਸ ਕਰਕੇ ਲੋਕ ਯਹੋਵਾਹ ਦੇ ਭਗਤ ਬਣਨਾ ਚਾਹੁਣਗੇ। (ਤੀਤੁ. 2:10) ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਿ ਲੋਕ ਸਾਡਾ ਚੰਗਾ ਚਾਲ-ਚਲਣ ਦੇਖ ਕੇ ਸੱਚਾਈ ਵੱਲ ਖਿੱਚੇ ਚਲੇ ਆਉਂਦੇ ਹਨ।

11. ਸਾਨੂੰ ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਿਉਂ ਕਰਨਾ ਚਾਹੀਦਾ ਹੈ ਕਿ ਸਾਡਾ ਚਾਲ-ਚਲਣ ਦੂਜਿਆਂ ’ਤੇ ਕੀ ਅਸਰ ਪਾਉਂਦਾ ਹੈ?

11 ਜਿੱਦਾਂ ਸਾਡਾ ਚੰਗਾ ਚਾਲ-ਚਲਣ ਲੋਕਾਂ ’ਤੇ ਵਧੀਆ ਅਸਰ ਪਾ ਸਕਦਾ ਹੈ, ਉੱਦਾਂ ਸਾਡਾ ਮਾੜਾ ਚਾਲ-ਚਲਣ ਉਨ੍ਹਾਂ ’ਤੇ ਬੁਰਾ ਅਸਰ ਪਾ ਸਕਦਾ ਹੈ। ਸੋ ਭਾਵੇਂ ਅਸੀਂ ਕੰਮ ਤੇ, ਘਰੇ ਜਾਂ ਸਕੂਲੇ ਹੋਈਏ, ਪਰ ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਡੇ ਚਾਲ-ਚਲਣ ਕਰਕੇ ਸਾਡੀ ਸੇਵਕਾਈ ਵਿਚ ਨੁਕਸ ਕੱਢੇ। ਜੇ ਅਸੀਂ ਜਾਣ-ਬੁੱਝ ਕੇ ਪਾਪ ਕਰਦੇ ਰਹਾਂਗੇ, ਤਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਹਮੇਸ਼ਾ ਲਈ ਟੁੱਟ ਸਕਦਾ ਹੈ। (ਇਬ. 10:26, 27) ਇਸ ਲਈ ਸਾਨੂੰ ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਸਾਡਾ ਚਾਲ-ਚਲਣ ਕਿਹੋ ਜਿਹਾ ਹੈ ਅਤੇ ਸਾਡੇ ਕੰਮਾਂ ਦਾ ਦੂਜਿਆਂ ਉੱਤੇ ਕੀ ਅਸਰ ਪੈਂਦਾ ਹੈ। ਜਿੱਦਾਂ-ਜਿੱਦਾਂ ਇਸ ਦੁਨੀਆਂ ਦਾ ਚਾਲ-ਚਲਣ ਵਿਗੜਦਾ ਜਾ ਰਿਹਾ ਹੈ, ਉੱਦਾਂ-ਉੱਦਾਂ ਨੇਕਦਿਲ ਲੋਕ “ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ” ਸੌਖਿਆਂ ਹੀ ਫ਼ਰਕ ਦੇਖ ਸਕਣਗੇ। (ਮਲਾ. 3:18) ਹਾਂ, ਲੋਕਾਂ ਦੀ ਪਰਮੇਸ਼ੁਰ ਨਾਲ ਸੁਲ੍ਹਾ ਕਰਾਉਣ ਵਿਚ ਸਾਡਾ ਵਧੀਆ ਚਾਲ-ਚਲਣ ਬਹੁਤ ਜ਼ਰੂਰੀ ਹੈ।

12-14. ਜਦ ਅਸੀਂ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਹਿੰਦੇ ਹਾਂ, ਤਾਂ ਇਸ ਦਾ ਲੋਕਾਂ ’ਤੇ ਕੀ ਅਸਰ ਪੈ ਸਕਦਾ ਹੈ? ਇਕ ਮਿਸਾਲ ਦਿਓ।

12 ਕੁਰਿੰਥੀਆਂ ਨੂੰ ਲਿਖਦੇ ਹੋਏ ਪੌਲੁਸ ਨੇ ਦੱਸਿਆ ਕਿ ਵਿਰੋਧੀਆਂ ਕਰਕੇ ਉਸ ਨੇ ਕਸ਼ਟ ਸਹੇ, ਮੁਸ਼ਕਲਾਂ ਸਹੀਆਂ, ਕੁੱਟ ਖਾਧੀ ਅਤੇ ਉਹ ਜੇਲ੍ਹ ਗਿਆ। (2 ਕੁਰਿੰਥੀਆਂ 6:4, 5 ਪੜ੍ਹੋ।) ਜਦ ਅਸੀਂ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਹਿੰਦੇ ਹਾਂ, ਤਾਂ ਸ਼ਾਇਦ ਇਹ ਦੇਖ ਕੇ ਲੋਕ ਸੱਚਾਈ ਵਿਚ ਆ ਜਾਣ। ਮਿਸਾਲ ਲਈ, ਕੁਝ ਸਾਲ ਪਹਿਲਾਂ ਅੰਗੋਲਾ ਦੇ ਇਕ ਇਲਾਕੇ ਵਿਚ ਕੁਝ ਲੋਕ ਯਹੋਵਾਹ ਦੇ ਗਵਾਹਾਂ ਦਾ ਨਾਮੋ-ਨਿਸ਼ਾਨ ਮਿਟਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਦੋ ਗਵਾਹਾਂ ਅਤੇ 30 ਬਾਈਬਲ ਸਟੱਡੀਆਂ ਨੂੰ ਲੋਕਾਂ ਸਾਮ੍ਹਣੇ ਇਕੱਠਾ ਕਰ ਕੇ ਇੰਨੀ ਬੁਰੀ ਤਰ੍ਹਾਂ ਕੋਰੜੇ ਮਾਰੇ ਕਿ ਉਨ੍ਹਾਂ ਦੇ ਲਹੂ ਵਹਿਣ ਲੱਗਾ। ਉਨ੍ਹਾਂ ਨੇ ਤਾਂ ਤੀਵੀਆਂ ਤੇ ਬੱਚਿਆਂ ਨੂੰ ਵੀ ਨਹੀਂ ਬਖ਼ਸ਼ਿਆ। ਉਹ ਲੋਕਾਂ ਨੂੰ ਡਰਾਉਣਾ ਚਾਹੁੰਦੇ ਸਨ ਤਾਂਕਿ ਅੱਗੇ ਤੋਂ ਕੋਈ ਵੀ ਗਵਾਹਾਂ ਦੀ ਗੱਲ ਨਾ ਸੁਣੇ। ਪਰ ਇਸ ਬਦਸਲੂਕੀ ਦੇ ਬਾਵਜੂਦ ਕਈ ਲੋਕ ਗਵਾਹਾਂ ਕੋਲ ਆਏ ਅਤੇ ਕਿਹਾ ਕਿ ਉਹ ਬਾਈਬਲ ਸਟੱਡੀ ਕਰਨੀ ਚਾਹੁੰਦੇ ਹਨ। ਨਤੀਜੇ ਵਜੋਂ ਪ੍ਰਚਾਰ ਦਾ ਕੰਮ ਅੱਗੇ ਵਧਿਆ, ਹੋਰ ਲੋਕ ਸੱਚਾਈ ਵਿਚ ਆਏ ਅਤੇ ਭੈਣਾਂ-ਭਰਾਵਾਂ ਨੂੰ ਬਹੁਤ ਬਰਕਤਾਂ ਮਿਲੀਆਂ।

13 ਇਹ ਮਿਸਾਲ ਦਿਖਾਉਂਦੀ ਹੈ ਕਿ ਬਾਈਬਲ ਦੇ ਅਸੂਲਾਂ ’ਤੇ ਪੱਕੇ ਰਹਿਣ ਨਾਲ ਵਧੀਆ ਨਤੀਜੇ ਨਿਕਲ ਸਕਦੇ ਹਨ। ਪਤਰਸ ਅਤੇ ਹੋਰ ਰਸੂਲਾਂ ਦੀ ਦਲੇਰੀ ਦੇਖ ਕੇ ਵੀ ਸ਼ਾਇਦ ਕਈਆਂ ਨੇ ਯਹੋਵਾਹ ਦੇ ਸੇਵਕ ਬਣਨ ਦਾ ਫ਼ੈਸਲਾ ਕੀਤਾ। (ਰਸੂ. 5:17-29) ਅੱਜ ਵੀ ਜਦ ਅਸੀਂ ਦਲੇਰੀ ਨਾਲ ਵਿਰੋਧ ਸਹਿੰਦੇ ਹਾਂ, ਤਾਂ ਇਹ ਦੇਖ ਕੇ ਸਾਡੇ ਨਾਲ ਸਕੂਲੇ ਪੜ੍ਹਦੇ, ਕੰਮ ਕਰਦੇ ਜਾਂ ਸਾਡੇ ਪਰਿਵਾਰ ਵਿੱਚੋਂ ਵੀ ਕੁਝ ਜਣੇ ਸੱਚਾਈ ਨੂੰ ਕਬੂਲ ਕਰ ਲੈਣ।

14 ਸਾਡੇ ਭਰਾ ਕਿਸੇ-ਨਾ-ਕਿਸੇ ਦੇਸ਼ ਵਿਚ ਅਤਿਆਚਾਰ ਦਾ ਸ਼ਿਕਾਰ ਬਣਦੇ ਹਨ। ਮਿਸਾਲ ਲਈ, ਇਸ ਵੇਲੇ ਆਰਮੀਨੀਆ ਵਿਚ ਤਕਰੀਬਨ 40 ਭਰਾਵਾਂ ਨੂੰ ਜੇਲ੍ਹ ਜਾਣਾ ਪਿਆ ਹੈ ਕਿਉਂਕਿ ਉਹ ਲੜਾਈਆਂ ਵਿਚ ਹਿੱਸਾ ਨਹੀਂ ਲੈਂਦੇ ਹਨ ਤੇ ਸ਼ਾਇਦ ਆਉਣ ਵਾਲੇ ਮਹੀਨਿਆਂ ਵਿਚ ਹੋਰ ਭਰਾਵਾਂ ਨੂੰ ਵੀ ਜੇਲ੍ਹ ਜਾਣਾ ਪਵੇ। ਐਰੀਟ੍ਰੀਆ ਵਿਚ 55 ਗਵਾਹ ਜੇਲ੍ਹ ਵਿਚ ਹਨ ਕਿਉਂਕਿ ਉਨ੍ਹਾਂ ਨੇ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕੀਤਾ ਅਤੇ ਇਨ੍ਹਾਂ ਵਿੱਚੋਂ ਕੁਝ ਦੀ ਉਮਰ 60 ਸਾਲ ਤੋਂ ਉੱਪਰ ਹੈ। ਦੱਖਣੀ ਕੋਰੀਆ ਵਿਚ ਲਗਭਗ 700 ਗਵਾਹਾਂ ਨੂੰ ਆਪਣੀ ਨਿਹਚਾ ਕਰਕੇ ਕੈਦ ਕੀਤਾ ਗਿਆ ਹੈ। ਇਸ ਦੇਸ਼ ਵਿਚ ਭਰਾ 60 ਸਾਲਾਂ ਤੋਂ ਇਸ ਮੁਸ਼ਕਲ ਦਾ ਸਾਮ੍ਹਣਾ ਕਰਦੇ ਆਏ ਹਨ। ਆਓ ਆਪਾਂ ਪ੍ਰਾਰਥਨਾ ਕਰੀਏ ਕਿ ਇਨ੍ਹਾਂ ਸਾਰੇ ਭਰਾਵਾਂ ਦੀ ਵਫ਼ਾਦਾਰੀ ਕਰਕੇ ਪਰਮੇਸ਼ੁਰ ਦੀ ਮਹਿਮਾ ਹੋਵੇ ਅਤੇ ਨੇਕਦਿਲ ਲੋਕ ਉਨ੍ਹਾਂ ਦੀ ਮਿਸਾਲ ਦੇਖ ਕੇ ਯਹੋਵਾਹ ਦੀ ਭਗਤੀ ਕਰਨ।​—ਜ਼ਬੂ. 76:8-10.

15. ਮਿਸਾਲ ਦੇ ਕੇ ਸਮਝਾਓ ਕਿ ਸਾਡੀ ਈਮਾਨਦਾਰੀ ਲੋਕਾਂ ਨੂੰ ਸੱਚਾਈ ਵੱਲ ਕਿਵੇਂ ਖਿੱਚ ਸਕਦੀ ਹੈ।

15 ਸਾਡੀ ਈਮਾਨਦਾਰੀ ਵੀ ਲੋਕਾਂ ਨੂੰ ਸੱਚਾਈ ਵੱਲ ਖਿੱਚ ਸਕਦੀ ਹੈ। (2 ਕੁਰਿੰਥੀਆਂ 6:4, 7 ਪੜ੍ਹੋ।) ਇਸ ਤਜਰਬੇ ’ਤੇ ਗੌਰ ਕਰੋ: ਇਕ ਭੈਣ ਜਦ ਬੱਸ ਲਈ ਟਿਕਟ ਖ਼ਰੀਦ ਰਹੀ ਸੀ, ਤਾਂ ਉਸ ਦੀ ਸਹੇਲੀ ਨੇ ਕਿਹਾ, ‘ਛੱਡ ਪਰਾਂ ਟਿਕਟ ਕੀ ਖ਼ਰੀਦਣੀ, ਆਹ ਨੇੜੇ ਤਾਂ ਜਾਣਾ ਹੈ।’ ਪਰ ਭੈਣ ਨੇ ਸਮਝਾਇਆ ਕਿ ਟਿਕਟ ਲੈਣੀ ਜ਼ਰੂਰੀ ਹੈ ਭਾਵੇਂ ਨੇੜੇ ਜਾਣਾ ਹੋਵੇ ਜਾਂ ਦੂਰ। ਫਿਰ ਉਸ ਦੀ ਸਹੇਲੀ ਬੱਸ ਤੋਂ ਉੱਤਰ ਗਈ। ਇਸ ਤੋਂ ਬਾਅਦ ਬੱਸ ਡਰਾਈਵਰ ਨੇ ਭੈਣ ਨੂੰ ਪੁੱਛਿਆ, “ਕੀ ਤੁਸੀਂ ਯਹੋਵਾਹ ਦੇ ਗਵਾਹ ਹੋ?” ਭੈਣ ਨੇ ਕਿਹਾ, “ਹਾਂਜੀ, ਪਰ ਤੁਸੀਂ ਇਹ ਕਿਉਂ ਪੁੱਛ ਰਹੇ ਹੋ?” ਡਰਾਈਵਰ ਨੇ ਕਿਹਾ, “ਮੈਂ ਟਿਕਟ ਲੈਣ ਬਾਰੇ ਤੁਹਾਡੀ ਦੋਹਾਂ ਦੀ ਗੱਲ ਸੁਣੀ ਤੇ ਮੈਂ ਜਾਣਦਾ ਹਾਂ ਕਿ ਬਹੁਤ ਘੱਟ ਲੋਕ ਯਹੋਵਾਹ ਦੇ ਗਵਾਹਾਂ ਵਾਂਗ ਹਰ ਗੱਲ ਵਿਚ ਈਮਾਨਦਾਰ ਹੁੰਦੇ ਹਨ।” ਕੁਝ ਮਹੀਨੇ ਬਾਅਦ ਮੀਟਿੰਗ ਵਿਚ ਇਕ ਆਦਮੀ ਇਸ ਭੈਣ ਕੋਲ ਆਇਆ ਤੇ ਪੁੱਛਣ ਲੱਗਾ, “ਕੀ ਤੁਸੀਂ ਮੈਨੂੰ ਪਛਾਣਿਆ? ਮੈਂ ਉਹੀ ਬੱਸ ਡਰਾਈਵਰ ਹਾਂ ਜਿਸ ਨੇ ਤੁਹਾਡੇ ਨਾਲ ਗੱਲ ਕੀਤੀ ਸੀ। ਉਸ ਦਿਨ ਤੁਹਾਡੀ ਈਮਾਨਦਾਰੀ ਦੇਖ ਕੇ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਦਾ ਫ਼ੈਸਲਾ ਕੀਤਾ।” ਸਾਡੀ ਈਮਾਨਦਾਰੀ ਦੇਖ ਕੇ ਲੋਕ ਸ਼ਾਇਦ ਖ਼ੁਸ਼ ਖ਼ਬਰੀ ਸੁਣਨ ਲਈ ਤਿਆਰ ਹੋ ਜਾਣ।

ਸਾਡੇ ਚੰਗੇ ਗੁਣਾਂ ਰਾਹੀਂ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ

16. ਸਹਿਣਸ਼ੀਲਤਾ, ਪਿਆਰ ਅਤੇ ਦਇਆ ਵਰਗੇ ਗੁਣ ਲੋਕਾਂ ਦੇ ਦਿਲਾਂ ਨੂੰ ਕਿਉਂ ਛੂਹ ਲੈਂਦੇ ਹਨ? ਇਕ ਮਿਸਾਲ ਦਿਓ।

16 ਸਹਿਣਸ਼ੀਲਤਾ, ਪਿਆਰ ਅਤੇ ਦਇਆ ਵਰਗੇ ਗੁਣ ਦਿਖਾ ਕੇ ਵੀ ਅਸੀਂ ਲੋਕਾਂ ਨੂੰ ਯਹੋਵਾਹ ਵੱਲ ਖਿੱਚ ਸਕਦੇ ਅਤੇ ਉਸ ਦੀ ਮਹਿਮਾ ਕਰ ਸਕਦੇ ਹਾਂ। ਸਾਡੇ ਵਿਚ ਅਜਿਹੇ ਗੁਣ ਦੇਖ ਕੇ ਕੁਝ ਲੋਕ ਸ਼ਾਇਦ ਯਹੋਵਾਹ, ਉਸ ਦੇ ਮਕਸਦਾਂ ਅਤੇ ਉਸ ਦੇ ਲੋਕਾਂ ਬਾਰੇ ਸਿੱਖਣਾ ਚਾਹੁਣ। ਸਾਡੇ ਚਾਲ-ਚਲਣ ਅਤੇ ਦੁਨੀਆਂ ਦੇ ਚਾਲ-ਚਲਣ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਕਈ ਲੋਕ ਸਿਰਫ਼ ਪਰਮੇਸ਼ੁਰ ਦੀ ਭਗਤੀ ਕਰਨ ਦਾ ਦਿਖਾਵਾ ਕਰਦੇ ਹਨ। ਕੁਝ ਧਾਰਮਿਕ ਆਗੂਆਂ ਨੇ ਲੋਕਾਂ ਤੋਂ ਪੈਸੇ ਠੱਗ ਕੇ ਆਲੀਸ਼ਾਨ ਕੋਠੀਆਂ ਅਤੇ ਗੱਡੀਆਂ ਖ਼ਰੀਦੀਆਂ ਹਨ। ਇਕ ਨੇ ਤਾਂ ਆਪਣੇ ਕੁੱਤੇ ਦੇ ਘਰ ਵਿਚ ਏਅਰ-ਕੰਡੀਸ਼ਨ ਵੀ ਲਗਵਾਇਆ! ਉਹ ਯਿਸੂ ਦਾ ਇਹ ਹੁਕਮ ਬਿਲਕੁਲ ਨਹੀਂ ਮੰਨਦੇ ਕਿ “ਮੁਫ਼ਤ ਦਿਓ।” (ਮੱਤੀ 10:8) ਉਹ ਇਜ਼ਰਾਈਲ ਦੇ ਪਖੰਡੀ ਪੁਜਾਰੀਆਂ ਵਾਂਗ “ਭਾੜੇ ਉੱਤੇ ਸਿਖਾਉਂਦੇ” ਹਨ ਅਤੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਝੂਠੀਆਂ ਗੱਲਾਂ ਦੱਸਦੇ ਹਨ। (ਮੀਕਾ. 3:11) ਇਨ੍ਹਾਂ ਪਖੰਡੀਆਂ ਕਰਕੇ ਲੋਕ ਪਰਮੇਸ਼ੁਰ ਤੋਂ ਦੂਰ ਹੋ ਗਏ ਹਨ।

17, 18. (ੳ) ਯਹੋਵਾਹ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿਚ ਦਿਖਾ ਕੇ ਅਸੀਂ ਉਸ ਦੀ ਮਹਿਮਾ ਕਿਵੇਂ ਕਰਦੇ ਹਾਂ? (ਅ) ਤੁਸੀਂ ਚੰਗੇ ਕੰਮ ਕਰਨ ਵਿਚ ਕਿਉਂ ਲੱਗੇ ਰਹਿਣਾ ਚਾਹੁੰਦੇ ਹੋ?

17 ਇਨ੍ਹਾਂ ਆਗੂਆਂ ਤੋਂ ਉਲਟ ਅਸੀਂ ਲੋਕਾਂ ਨੂੰ ਸੱਚਾਈ ਸਿਖਾ ਕੇ ਅਤੇ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆ ਕੇ ਉਨ੍ਹਾਂ ਦੇ ਦਿਲ ਜਿੱਤ ਸਕਦੇ ਹਾਂ। ਮਿਸਾਲ ਲਈ, ਘਰ-ਘਰ ਪ੍ਰਚਾਰ ਕਰਦਿਆਂ ਇਕ ਪਾਇਨੀਅਰ ਭਰਾ ਇਕ ਬਜ਼ੁਰਗ ਵਿਧਵਾ ਨੂੰ ਮਿਲਿਆ ਜਿਸ ਨੇ ਉਸ ਨਾਲ ਰੁੱਖੇ ਢੰਗ ਨਾਲ ਗੱਲ ਕੀਤੀ। ਉਸ ਨੇ ਦੱਸਿਆ ਕਿ ਉਹ ਰਸੋਈ ਵਿਚ ਪੌੜੀ ’ਤੇ ਚੜ੍ਹ ਕੇ ਬੱਲਬ ਬਦਲਣ ਦੀ ਕੋਸ਼ਿਸ਼ ਕਰ ਰਹੀ ਸੀ। ਭਰਾ ਨੇ ਕਿਹਾ, “ਆਂਟੀ ਜੀ, ਤੁਸੀਂ ਡਿਗ ਸਕਦੇ ਹੋ, ਲਿਆਓ ਮੈਂ ਬੱਲਬ ਬਦਲ ਦੇਵਾਂ।” ਭਰਾ ਨੇ ਬੱਲਬ ਬਦਲਿਆ ਤੇ ਆਪਣੇ ਰਸਤੇ ਤੁਰ ਪਿਆ। ਜਦ ਉਸ ਤੀਵੀਂ ਦੇ ਬੇਟੇ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਇੰਨਾ ਖ਼ੁਸ਼ ਹੋਇਆ ਕਿ ਉਹ ਉਸ ਭਰਾ ਨੂੰ ਮਿਲ ਕੇ ਉਸ ਦਾ ਧੰਨਵਾਦ ਕਰਨਾ ਚਾਹੁੰਦਾ ਸੀ। ਕੁਝ ਸਮੇਂ ਬਾਅਦ ਇਹ ਆਦਮੀ ਬਾਈਬਲ ਸਟੱਡੀ ਕਰਨ ਲੱਗ ਪਿਆ।

18 ਤੁਸੀਂ ਜੋਸ਼ ਨਾਲ ਚੰਗੇ ਕੰਮ ਕਰਨ ਵਿਚ ਕਿਉਂ ਲੱਗੇ ਰਹਿਣਾ ਚਾਹੁੰਦੇ ਹੋ? ਸ਼ਾਇਦ ਇਸ ਲਈ ਕਿਉਂਕਿ ਤੁਸੀਂ ਜਾਣਦੇ ਹੋ ਕਿ ਪ੍ਰਚਾਰ ਕਰਨ ਅਤੇ ਪਰਮੇਸ਼ੁਰ ਦੀ ਇੱਛਾ ਮੁਤਾਬਕ ਚੱਲਣ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ ਅਤੇ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਮਿਲਦਾ ਹੈ। (1 ਕੁਰਿੰਥੀਆਂ 10:31-33 ਪੜ੍ਹੋ।) ਲੋਕਾਂ ਨੂੰ ਜੋਸ਼ ਨਾਲ ਖ਼ੁਸ਼ ਖ਼ਬਰੀ ਸੁਣਾ ਕੇ ਅਤੇ ਆਪਣਾ ਚਾਲ-ਚਲਣ ਸ਼ੁਧ ਰੱਖ ਕੇ ਅਸੀਂ ਇਸ ਗੱਲ ਦਾ ਸਬੂਤ ਦਿੰਦੇ ਹਾਂ ਕਿ ਅਸੀਂ ਪਰਮੇਸ਼ੁਰ ਅਤੇ ਇਨਸਾਨਾਂ ਨੂੰ ਦਿਲੋਂ ਪਿਆਰ ਕਰਦੇ ਹਾਂ। (ਮੱਤੀ 22:37-39) ਜੇ ਅਸੀਂ ਇੱਦਾਂ ਕਰਦੇ ਰਹਾਂਗੇ, ਤਾਂ ਸਾਨੂੰ ਢੇਰ ਸਾਰੀਆਂ ਬਰਕਤਾਂ ਅਤੇ ਖ਼ੁਸ਼ੀ ਮਿਲੇਗੀ। ਫਿਰ ਅਸੀਂ ਉਹ ਸਮਾਂ ਦੇਖ ਸਕਾਂਗੇ ਜਦ ਸਾਰੇ ਲੋਕ ਯਹੋਵਾਹ ਦੀ ਭਗਤੀ ਜੋਸ਼ ਨਾਲ ਕਰ ਕੇ ਉਸ ਦੀ ਮਹਿਮਾ ਕਰਨਗੇ।