Skip to content

Skip to table of contents

ਪਤੀ-ਪਤਨੀਓ, ਗੱਲਬਾਤ ਰਾਹੀਂ ਆਪਣਾ ਰਿਸ਼ਤਾ ਮਜ਼ਬੂਤ ਕਰੋ

ਪਤੀ-ਪਤਨੀਓ, ਗੱਲਬਾਤ ਰਾਹੀਂ ਆਪਣਾ ਰਿਸ਼ਤਾ ਮਜ਼ਬੂਤ ਕਰੋ

“ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।”—ਕਹਾ. 25:11.

1. ਦਿਲ ਖੋਲ੍ਹ ਕੇ ਗੱਲਬਾਤ ਕਰਨ ਨਾਲ ਪਤੀ-ਪਤਨੀਆਂ ਦੀ ਮਦਦ ਕਿਵੇਂ ਹੋਈ ਹੈ?

ਕੈਨੇਡਾ ਤੋਂ ਇਕ ਭਰਾ ਨੇ ਕਿਹਾ: “ਮੈਂ ਹੋਰ ਕਿਸੇ ਨਾਲੋਂ ਆਪਣੀ ਪਤਨੀ ਨਾਲ ਸਮਾਂ ਗੁਜ਼ਾਰਨਾ ਪਸੰਦ ਕਰਦਾ ਹਾਂ। ਉਸ ਨਾਲ ਦੁੱਖ-ਸੁੱਖ ਸਾਂਝੇ ਕਰ ਕੇ ਮੇਰੀਆਂ ਖ਼ੁਸ਼ੀਆਂ ਦੁਗਣੀਆਂ ਹੋ ਜਾਂਦੀਆਂ ਹਨ ਤੇ ਮੇਰੇ ਦੁੱਖ ਅੱਧੇ ਹੋ ਜਾਂਦੇ ਹਨ।” ਆਸਟ੍ਰੇਲੀਆ ਤੋਂ ਇਕ ਪਤੀ ਨੇ ਕਿਹਾ: “ਸਾਡੇ ਵਿਆਹ ਨੂੰ 11 ਸਾਲ ਹੋ ਗਏ ਹਨ ਤੇ ਅਜਿਹਾ ਕੋਈ ਦਿਨ ਨਹੀਂ ਗਿਆ ਜਦੋਂ ਮੈਂ ਆਪਣੀ ਪਤਨੀ ਨਾਲ ਗੱਲ ਨਾ ਕੀਤੀ ਹੋਵੇ। ਦਿਲ ਖੋਲ੍ਹ ਕੇ ਗੱਲਬਾਤ ਕਰਨ ਨਾਲ ਸਾਡਾ ਆਪਸੀ ਰਿਸ਼ਤਾ ਮਜ਼ਬੂਤ ਹੋਇਆ ਹੈ ਤੇ ਅਸੀਂ ਇਕ-ਦੂਜੇ ’ਤੇ ਪੂਰਾ ਭਰੋਸਾ ਰੱਖਣਾ ਸਿੱਖਿਆ ਹੈ।” ਕਾਸਟਾ ਰੀਕਾ ਵਿਚ ਇਕ ਭੈਣ ਨੇ ਕਿਹਾ: “ਚੰਗੀ ਤਰ੍ਹਾਂ ਗੱਲਬਾਤ ਕਰਨ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੋਇਆ ਹੈ, ਅਸੀਂ ਯਹੋਵਾਹ ਦੇ ਨਜ਼ਦੀਕ ਹੋਏ ਹਾਂ, ਅਸੀਂ ਪਰਤਾਵਿਆਂ ਵਿਚ ਪੈਣ ਤੋਂ ਬਚੇ ਹਾਂ ਅਤੇ ਸਾਡਾ ਪਿਆਰ ਤੇ ਏਕਤਾ ਦਾ ਬੰਧਨ ਮਜ਼ਬੂਤ ਹੋਇਆ ਹੈ।”

2. ਦਿਲ ਖੋਲ੍ਹ ਕੇ ਗੱਲਬਾਤ ਕਰਨੀ ਪਤੀ-ਪਤਨੀ ਲਈ ਮੁਸ਼ਕਲ ਕਿਉਂ ਹੋ ਸਕਦੀ ਹੈ?

2 ਕੀ ਤੁਹਾਨੂੰ ਆਪਣੇ ਸਾਥੀ ਨਾਲ ਗੱਲਬਾਤ ਕਰ ਕੇ ਮਜ਼ਾ ਆਉਂਦਾ ਹੈ ਜਾਂ ਕੀ ਤੁਹਾਨੂੰ ਇੱਦਾਂ ਕਰਨਾ ਮੁਸ਼ਕਲ ਲੱਗਦਾ ਹੈ? ਇਹ ਸੱਚ ਹੈ ਕਿ ਸਮੇਂ-ਸਮੇਂ ਤੇ ਮੁਸ਼ਕਲਾਂ ਆਉਂਦੀਆਂ ਹਨ ਕਿਉਂਕਿ ਅਸੀਂ ਸਾਰੇ ਗ਼ਲਤੀਆਂ ਦੇ ਪੁਤਲੇ ਹਾਂ ਤੇ ਹਰੇਕ ਦਾ ਸੁਭਾਅ ਵੱਖੋ-ਵੱਖਰਾ ਹੁੰਦਾ ਹੈ। (ਰੋਮੀ. 3:23) ਹੋ ਸਕਦਾ ਹੈ ਕਿ ਤੁਹਾਡਾ ਸਭਿਆਚਾਰ ਤੇ ਪਰਵਰਿਸ਼ ਵੀ ਵੱਖੋ-ਵੱਖਰੀ ਹੋਵੇ ਜਿਸ ਕਰਕੇ ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਵੀ ਜੁਦਾ ਹੋਵੇ। ਵਿਆਹ ਬਾਰੇ ਦੋ ਲੇਖਕਾਂ ਨੇ ਆਪਣੀ ਕਿਤਾਬ ਵਿਚ ਕਿਹਾ: ‘ਵਿਆਹੁਤਾ ਜ਼ਿੰਦਗੀ ਨੂੰ ਕਾਮਯਾਬ ਬਣਾਉਣ ਲਈ ਪੱਕੇ ਇਰਾਦੇ ਤੇ ਮਿਹਨਤ ਦੀ ਲੋੜ ਹੈ।’

3. ਪਤੀ-ਪਤਨੀ ਆਪਣੇ ਰਿਸ਼ਤੇ ਨੂੰ ਕਿਵੇਂ ਮਜ਼ਬੂਤ ਕਰ ਸਕੇ ਹਨ?

3 ਜੀ ਹਾਂ, ਵਿਆਹ ਨੂੰ ਸਫ਼ਲ ਬਣਾਉਣ ਲਈ ਮਿਹਨਤ ਕਰਨ ਦੀ ਲੋੜ ਹੈ, ਪਰ ਇਸ ਦਾ ਫਲ ਮਿੱਠਾ ਹੁੰਦਾ ਹੈ। ਇਕ-ਦੂਜੇ ਨੂੰ ਪਿਆਰ ਕਰਨ ਵਾਲੇ ਜੀਵਨ ਸਾਥੀ ਵਿਆਹ ਦਾ ਆਨੰਦ ਮਾਣ ਸਕਦੇ ਹਨ। (ਉਪ. 9:9) ਇਸਹਾਕ ਤੇ ਰਿਬਕਾਹ ਦੇ ਰਿਸ਼ਤੇ ਉੱਤੇ ਗੌਰ ਕਰੋ। (ਉਤ. 24:67) ਉਨ੍ਹਾਂ ਦੇ ਵਿਆਹ ਤੋਂ ਕਈ ਸਾਲ ਬਾਅਦ ਵੀ ਉਨ੍ਹਾਂ ਦਾ ਪਿਆਰ ਫਿੱਕਾ ਨਹੀਂ ਸੀ ਪਿਆ। ਇਹ ਗੱਲ ਅੱਜ ਵੀ ਪਤੀ-ਪਤਨੀਆਂ ਬਾਰੇ ਕਹੀ ਜਾ ਸਕਦੀ ਹੈ। ਕਿਨ੍ਹਾਂ ਗੱਲਾਂ ਨੇ ਉਨ੍ਹਾਂ ਦੀ ਮਦਦ ਕੀਤੀ ਹੈ? ਉਨ੍ਹਾਂ ਨੇ ਸਲੀਕੇ ਨਾਲ ਆਪਣੇ ਵਿਚਾਰ ਤੇ ਜਜ਼ਬਾਤ ਇਕ-ਦੂਜੇ ਨਾਲ ਸਾਂਝੇ ਕਰਨੇ ਸਿੱਖੇ ਹਨ। ਸਮਝਦਾਰੀ, ਪਿਆਰ, ਇੱਜ਼ਤ ਤੇ ਨਿਮਰਤਾ ਵਰਗੇ ਗੁਣਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਰੰਗਿਆ ਹੈ। ਆਓ ਦੇਖੀਏ ਕਿ ਇਹ ਗੁਣ ਦਿਲ ਖੋਲ੍ਹ ਕੇ ਗੱਲਬਾਤ ਕਰਨ ਵਿਚ ਪਤੀ-ਪਤਨੀਆਂ ਦੀ ਕਿਵੇਂ ਮਦਦ ਕਰ ਸਕਦੇ ਹਨ।

ਇਕ-ਦੂਜੇ ਨੂੰ ਸਮਝੋ

4, 5. ਪਤੀ-ਪਤਨੀ ਲਈ ਸਮਝਦਾਰੀ ਤੋਂ ਕੰਮ ਲੈਣ ਦੇ ਕੀ ਫ਼ਾਇਦੇ ਹਨ? ਮਿਸਾਲ ਦਿਓ।

4 ਕਹਾਉਤਾਂ 16:20 ਵਿਚ ਲਿਖਿਆ ਹੈ: “ਜਿਹੜਾ ਬਚਨ ਉੱਤੇ ਚਿੱਤ ਲਾਉਂਦਾ ਹੈ ਉਹ ਦਾ ਭਲਾ ਹੋਵੇਗਾ।” ਇਹ ਗੱਲ ਵਿਆਹ ਅਤੇ ਪਰਿਵਾਰ ’ਤੇ ਬਿਲਕੁਲ ਢੁਕਦੀ ਹੈ। (ਕਹਾਉਤਾਂ 24:3 ਪੜ੍ਹੋ।) ਪਰਮੇਸ਼ੁਰ ਦਾ ਬਚਨ ਸਮਝ ਤੇ ਬੁੱਧ ਦਾ ਖ਼ਜ਼ਾਨਾ ਹੈ। ਪਰਮੇਸ਼ੁਰ ਨੇ ਤੀਵੀਂ-ਆਦਮੀ ਨੂੰ ਇਕ-ਦੂਜੇ ਲਈ ਬਣਾਇਆ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਐੱਨ ਇਕ-ਦੂਜੇ ਵਰਗੇ ਹਨ। (ਉਤ. 2:18) ਇਸੇ ਕਰਕੇ ਉਨ੍ਹਾਂ ਦੇ ਗੱਲਬਾਤ ਕਰਨ ਦਾ ਤਰੀਕਾ ਵੀ ਅਲੱਗ ਹੁੰਦਾ ਹੈ। ਆਮ ਕਰਕੇ ਤੀਵੀਆਂ ਨੂੰ ਆਪਣੇ ਜਜ਼ਬਾਤਾਂ, ਲੋਕਾਂ ਤੇ ਰਿਸ਼ਤੇ-ਨਾਤਿਆਂ ਬਾਰੇ ਗੱਲ ਕਰਨੀ ਪਸੰਦ ਹੁੰਦੀ ਹੈ। ਉਹ ਚਾਹੁੰਦੀਆਂ ਹਨ ਕਿ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਜਾਵੇ ਅਤੇ ਇੱਦਾਂ ਉਨ੍ਹਾਂ ਨੂੰ ਕਿਸੇ ਦੇ ਪਿਆਰ ਦਾ ਅਹਿਸਾਸ ਹੁੰਦਾ ਹੈ। ਦੂਜੇ ਪਾਸੇ, ਕਈ ਆਦਮੀ ਆਪਣੇ ਜਜ਼ਬਾਤਾਂ ਬਾਰੇ ਘੱਟ, ਬਲਕਿ ਕੰਮਾਂ-ਕਾਰਾਂ, ਮੁਸ਼ਕਲਾਂ ਤੇ ਇਨ੍ਹਾਂ ਦੇ ਹੱਲ ਬਾਰੇ ਗੱਲ ਕਰਨੀ ਜ਼ਿਆਦਾ ਪਸੰਦ ਕਰਦੇ ਹਨ। ਸਭ ਤੋਂ ਵੱਧ ਆਦਮੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਇੱਜ਼ਤ ਕੀਤੀ ਜਾਵੇ।

5 ਇੰਗਲੈਂਡ ਵਿਚ ਰਹਿਣ ਵਾਲੀ ਇਕ ਭੈਣ ਨੇ ਦੱਸਿਆ: “ਮੇਰੇ ਪਤੀ ਮੇਰੀਆਂ ਗੱਲਾਂ ਸੁਣਨ ਦੀ ਬਜਾਇ ਫ਼ੌਰਨ ਕਿਸੇ ਮੁਸ਼ਕਲ ਦਾ ਹੱਲ ਦੇਣਾ ਚਾਹੁੰਦੇ ਹਨ। ਪਰ ਮੈਂ ਚਾਹੁੰਦੀ ਹਾਂ ਕਿ ਉਹ ਮੇਰੇ ਨਾਲ ਬੈਠ ਕੇ ਗੱਲਬਾਤ ਕਰਨ ਤੇ ਮੈਨੂੰ ਸਮਝਣ ਦੀ ਕੋਸ਼ਿਸ਼ ਕਰਨ।” ਇਕ ਪਤੀ ਨੇ ਲਿਖਿਆ: “ਜਦ ਸਾਡਾ ਨਵਾਂ-ਨਵਾਂ ਵਿਆਹ ਹੋਇਆ ਸੀ, ਤਾਂ ਮੈਂ ਝੱਟ ਹੀ ਆਪਣੀ ਪਤਨੀ ਦੀਆਂ ਮੁਸ਼ਕਲਾਂ ਦਾ ਹੱਲ ਕੱਢ ਦਿੰਦਾ ਸੀ। ਪਰ ਫਿਰ ਮੈਨੂੰ ਸਮਝ ਆਈ ਕਿ ਉਹ ਸਿਰਫ਼ ਇਹੀ ਚਾਹੁੰਦੀ ਸੀ ਕਿ ਮੈਂ ਉਸ ਦੀ ਗੱਲ ਸੁਣਾਂ।” (ਕਹਾ. 18:13; ਯਾਕੂ. 1:19) ਇਕ ਸਮਝਦਾਰ ਪਤੀ ਆਪਣੀ ਪਤਨੀ ਦੇ ਜਜ਼ਬਾਤਾਂ ਦਾ ਖ਼ਿਆਲ ਰੱਖ ਕੇ ਗੱਲ ਕਰਦਾ ਹੈ। ਇਸ ਦੇ ਨਾਲ-ਨਾਲ ਉਹ ਉਸ ਦੇ ਵਿਚਾਰਾਂ ਤੇ ਜਜ਼ਬਾਤਾਂ ਦੀ ਕਦਰ ਕਰਦਾ ਹੈ। (1 ਪਤ. 3:7) ਪਤਨੀ ਵੀ ਆਪਣੇ ਪਤੀ ਦੇ ਨਜ਼ਰੀਏ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਜਦ ਪਤੀ-ਪਤਨੀ ਇਕ-ਦੂਜੇ ਨੂੰ ਸਮਝਣ, ਇਕ-ਦੂਜੇ ਦੀ ਕਦਰ ਕਰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਦੇ ਰਿਸ਼ਤੇ ਨੂੰ ਚਾਰ ਚੰਨ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਉਹ ਮਿਲ ਕੇ ਚੰਗੇ ਫ਼ੈਸਲੇ ਕਰ ਸਕਦੇ ਹਨ।

6, 7. (ੳ) ਉਪਦੇਸ਼ਕ ਦੀ ਪੋਥੀ 3:7 ਮੁਤਾਬਕ ਜੀਵਨ ਸਾਥੀ ਸਮਝਦਾਰੀ ਕਿਵੇਂ ਦਿਖਾ ਸਕਦੇ ਹਨ? (ਅ) ਇਕ ਸਮਝਦਾਰ ਪਤਨੀ ਕੀ ਕਰ ਸਕਦੀ ਹੈ ਤੇ ਇਕ ਪਤੀ ਨੂੰ ਕੀ ਕਰਨਾ ਚਾਹੀਦਾ ਹੈ?

6 ਸਮਝਦਾਰ ਜੀਵਨ ਸਾਥੀ ਇਹ ਵੀ ਜਾਣਦੇ ਹਨ ਕਿ “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪ. 3:1, 7) ਇਕ ਭੈਣ, ਜਿਸ ਦੇ ਵਿਆਹ ਨੂੰ ਦਸ ਸਾਲ ਹੋ ਗਏ ਹਨ, ਨੇ ਕਿਹਾ: “ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਮੈਂ ਆਪਣੇ ਪਤੀ ਨਾਲ ਕਦੋਂ ਗੱਲ ਕਰ ਸਕਦੀ ਹਾਂ। ਜੇ ਮੇਰੇ ਪਤੀ ਆਪਣੇ ਕੰਮ ਵਿਚ ਰੁੱਝੇ ਹੋਏ ਹਨ ਜਾਂ ਉਨ੍ਹਾਂ ਦੇ ਸਿਰ ’ਤੇ ਜ਼ਿੰਮੇਵਾਰੀਆਂ ਦਾ ਬੋਝ ਹੈ, ਤਾਂ ਮੈਂ ਉਨ੍ਹਾਂ ਨਾਲ ਗੱਲ ਕਰਨ ਲਈ ਸਹੀ ਸਮੇਂ ਦਾ ਇੰਤਜ਼ਾਰ ਕਰਦੀ ਹਾਂ। ਫਿਰ ਸਾਡੀ ਗੱਲਬਾਤ ਚੰਗੀ ਤਰ੍ਹਾਂ ਹੋ ਪਾਉਂਦੀ ਹੈ।” ਸਮਝਦਾਰ ਪਤਨੀਆਂ ਜਾਣਦੀਆਂ ਹਨ ਕਿ ਜਦ ਉਹ ਪਿਆਰ ਨਾਲ ਤੇ “ਟਿਕਾਣੇ ਸਿਰ” ਗੱਲ ਕਰਦੀਆਂ ਹਨ, ਤਾਂ ਉਨ੍ਹਾਂ ਦੇ ਪਤੀ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀ ਗੱਲ ਸੁਣਦੇ ਹਨ।​—ਕਹਾਉਤਾਂ 25:11 ਪੜ੍ਹੋ।

ਛੋਟੀਆਂ-ਛੋਟੀਆਂ ਚੀਜ਼ਾਂ ਪਿਆਰ ਨੂੰ ਵਧਾਉਂਦੀਆਂ ਹਨ

7 ਇਕ ਪਤੀ ਨੂੰ ਆਪਣੀ ਪਤਨੀ ਦੀ ਸਿਰਫ਼ ਸੁਣਨੀ ਹੀ ਨਹੀਂ ਚਾਹੀਦੀ, ਸਗੋਂ ਉਸ ਨੂੰ ਆਪਣੇ ਦਿਲ ਦੀਆਂ ਗੱਲਾਂ ਵੀ ਦੱਸਣੀਆਂ ਚਾਹੀਦੀਆਂ ਹਨ। ਇਕ ਬਜ਼ੁਰਗ ਦੇ ਵਿਆਹ ਨੂੰ 27 ਸਾਲ ਹੋ ਗਏ ਹਨ। ਉਸ ਨੇ ਕਿਹਾ: “ਮੇਰੇ ਲਈ ਆਪਣੇ ਦਿਲ ਦੀ ਗੱਲ ਕਹਿਣੀ ਸੌਖੀ ਨਹੀਂ ਹੈ।” ਇਕ ਭਰਾ, ਜਿਸ ਦੇ ਵਿਆਹ ਨੂੰ 24 ਸਾਲ ਹੋ ਗਏ ਹਨ, ਦੱਸਦਾ ਹੈ: “ਮੈਂ ਅਕਸਰ ਗੱਲਾਂ ਨੂੰ ਆਪਣੇ ਦਿਲ ਵਿਚ ਹੀ ਰੱਖਦਾ ਹਾਂ ਇਹ ਸੋਚਦੇ ਹੋਏ ਕਿ ਮਸਲਾ ਆਪੇ ਹੀ ਸੁਲਝ ਜਾਵੇਗਾ। ਪਰ ਮੈਨੂੰ ਪਤਾ ਲੱਗਾ ਹੈ ਕਿ ਆਪਣੇ ਜਜ਼ਬਾਤ ਜ਼ਾਹਰ ਕਰਨੇ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ। ਜਦ ਮੇਰੇ ਲਈ ਗੱਲ ਕਰਨੀ ਔਖੀ ਹੁੰਦੀ ਹੈ, ਤਾਂ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਸਹੀ ਲਫ਼ਜ਼ ਕਹਿਣ ਵਿਚ ਮੇਰੀ ਮਦਦ ਕਰੇ ਤੇ ਮੈਂ ਸਹੀ ਢੰਗ ਨਾਲ ਆਪਣੀ ਗੱਲ ਕਹਿ ਸਕਾਂ। ਫਿਰ ਮੈਂ ਲੰਬਾ ਸਾਹ ਲੈ ਕੇ ਗੱਲ ਕਰਨੀ ਸ਼ੁਰੂ ਕਰਦਾ ਹਾਂ।” ਇਹ ਵੀ ਜ਼ਰੂਰੀ ਹੈ ਕਿ ਪਤੀ-ਪਤਨੀ ਸਹੀ ਮਾਹੌਲ ਦੇਖ ਕੇ ਗੱਲਬਾਤ ਕਰਨ। ਸ਼ਾਇਦ ਉਹ ਇਕੱਠੇ ਬਾਈਬਲ ਜਾਂ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਕਿਤਾਬ ਪੜ੍ਹਦੇ ਹੋਏ ਗੱਲਬਾਤ ਕਰ ਸਕਦੇ ਹਨ।

8. ਪਤੀ-ਪਤਨੀ ਕਿਹੜੀਆਂ ਗੱਲਾਂ ਕਰਕੇ ਆਪਣੇ ਵਿਚ ਤਬਦੀਲੀਆਂ ਕਰਨੀਆਂ ਚਾਹੁਣਗੇ?

8 ਜੇ ਪਤੀ-ਪਤਨੀ ਨੂੰ ਦਿਲ ਖੋਲ੍ਹ ਕੇ ਗੱਲਬਾਤ ਕਰਨੀ ਔਖੀ ਲੱਗਦੀ ਹੈ, ਤਾਂ ਉਹ ਮਦਦ ਲਈ ਯਹੋਵਾਹ ਨੂੰ ਇਕੱਠੇ ਪ੍ਰਾਰਥਨਾ ਕਰ ਸਕਦੇ ਹਨ। ਜਦ ਇਕ ਜੋੜਾ ਯਹੋਵਾਹ ਨੂੰ ਪਿਆਰ ਕਰਦਾ ਹੈ, ਉਸ ਤੋਂ ਪਵਿੱਤਰ ਸ਼ਕਤੀ ਮੰਗਦਾ ਹੈ ਅਤੇ ਆਪਣੇ ਵਿਆਹ ਦੇ ਬੰਧਨ ਨੂੰ ਪਵਿੱਤਰ ਸਮਝਦਾ ਹੈ, ਤਾਂ ਉਹ ਆਪਣੇ ਵਿਚ ਤਬਦੀਲੀਆਂ ਕਰਨਾ ਚਾਹੇਗਾ। 26 ਸਾਲਾਂ ਤੋਂ ਵਿਆਹੀ ਇਕ ਭੈਣ ਨੇ ਲਿਖਿਆ: “ਮੈਂ ਤੇ ਮੇਰੇ ਪਤੀ ਸ਼ਾਦੀ ਬਾਰੇ ਯਹੋਵਾਹ ਦਾ ਨਜ਼ਰੀਆ ਰੱਖਦੇ ਹਾਂ। ਇਸ ਲਈ ਅਸੀਂ ਇਕ-ਦੂਜੇ ਤੋਂ ਜੁਦਾ ਹੋਣ ਬਾਰੇ ਕਦੇ ਸੋਚ ਵੀ ਨਹੀਂ ਸਕਦੇ। ਨਾਲੇ ਅਸੀਂ ਮੁਸ਼ਕਲਾਂ ਨੂੰ ਇਕੱਠੇ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ।” ਇੱਦਾਂ ਦੀ ਵਫ਼ਾਦਾਰੀ ਦੇਖ ਕੇ ਪਰਮੇਸ਼ੁਰ ਖ਼ੁਸ਼ ਹੁੰਦਾ ਹੈ ਤੇ ਆਪਣੇ ਸੇਵਕਾਂ ਦੀ ਝੋਲ਼ੀ ਬਰਕਤਾਂ ਨਾਲ ਭਰ ਦਿੰਦਾ ਹੈ।​—ਜ਼ਬੂ. 127:1.

ਇਕ-ਦੂਜੇ ਨੂੰ ਪਿਆਰ ਕਰੋ

9, 10. ਪਤੀ-ਪਤਨੀ ਆਪਣੇ ਪਿਆਰ ਦੇ ਬੰਧਨ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਨ?

9 ਵਿਆਹੁਤਾ ਜ਼ਿੰਦਗੀ ਵਿਚ ਪਿਆਰ ਹੋਣਾ ਸਭ ਤੋਂ ਜ਼ਰੂਰੀ ਹੈ ਤੇ ਇਹ ਪਤੀ-ਪਤਨੀ ਨੂੰ “ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।” (ਕੁਲੁ. 3:14) ਜਦ ਜੀਵਨ ਸਾਥੀ ਦੁੱਖ-ਸੁੱਖ ਵਿਚ ਇਕ-ਦੂਜੇ ਦਾ ਸਾਥ ਨਿਭਾਉਂਦੇ ਹਨ, ਤਾਂ ਉਹ ਇਕ-ਦੂਜੇ ਦੇ ਹੋਰ ਕਰੀਬ ਹੁੰਦੇ ਹਨ ਤੇ ਇਕੱਠੇ ਸਮਾਂ ਬਿਤਾਉਣਾ ਚਾਹੁੰਦੇ ਹਨ। ਪਤੀ-ਪਤਨੀ ਦਾ ਆਪਸੀ ਰਿਸ਼ਤਾ ਇਸ ਕਰਕੇ ਨਹੀਂ ਵਧਦਾ-ਫੁੱਲਦਾ ਕਿਉਂਕਿ ਉਹ ਇਕ-ਦੂਜੇ ਨੂੰ ਮਹਿੰਗੇ-ਮਹਿੰਗੇ ਤੋਹਫ਼ੇ ਦਿੰਦੇ ਹਨ, ਸਗੋਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਵਧਦਾ ਹੈ। ਮਿਸਾਲ ਲਈ, ਗਲੇ ਲੱਗਣਾ, ਤਾਰੀਫ਼ ਕਰਨੀ, ਕੋਈ ਛੋਟਾ ਜਿਹਾ ਇਸ਼ਾਰਾ ਕਰਨਾ, ਇਕ ਮੁਸਕਰਾਹਟ ਜਾਂ ਇਹ ਪੁੱਛਣਾ, ‘ਤੁਸੀਂ ਠੀਕ ਹੋ?’ ਇੱਦਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਪਤੀ-ਪਤਨੀ ਲਈ ਮਾਅਨੇ ਰੱਖਦੀਆਂ ਹਨ। ਇਕ ਜੋੜੇ ਦੇ ਵਿਆਹ ਨੂੰ 19 ਸਾਲ ਹੋ ਗਏ ਹਨ ਤੇ ਉਹ ਰੋਜ਼ ਇਕ-ਦੂਜੇ ਦਾ ਹਾਲ ਪੁੱਛਣ ਲਈ ਫ਼ੋਨ ਕਰਦੇ ਜਾਂ ਐੱਸ.ਐੱਮ.ਐੱਸ. ਭੇਜਦੇ ਹਨ।

10 ਜਦ ਪਤੀ-ਪਤਨੀ ਇਕ-ਦੂਜੇ ਨੂੰ ਪਿਆਰ ਕਰਦੇ ਹਨ, ਤਾਂ ਉਹ ਇਕ-ਦੂਜੇ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰਦੇ ਹਨ। (ਫ਼ਿਲਿ. 2:4) ਫਿਰ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਉਨ੍ਹਾਂ ਦਾ ਪਿਆਰ ਦਿਨ-ਬਦਿਨ ਤੇ ਸਾਲ-ਦਰ-ਸਾਲ ਗੂੜ੍ਹਾ ਹੁੰਦਾ ਜਾਂਦਾ ਹੈ। ਜੇ ਤੁਸੀਂ ਵਿਆਹੇ ਹੋ, ਤਾਂ ਆਪਣੇ ਆਪ ਤੋਂ ਪੁੱਛੋ: ‘ਮੈਂ ਆਪਣੇ ਸਾਥੀ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹਾਂ? ਕੀ ਮੈਂ ਉਸ ਦੇ ਵਿਚਾਰਾਂ ਤੇ ਜਜ਼ਬਾਤਾਂ ਨੂੰ ਸਮਝਦਾ ਹਾਂ? ਮੈਂ ਆਪਣੇ ਸਾਥੀ ਬਾਰੇ ਕਿੰਨਾ ਕੁ ਸੋਚਦਾ ਹਾਂ? ਕੀ ਮੈਂ ਆਪਣੇ ਸਾਥੀ ਦੇ ਉਨ੍ਹਾਂ ਗੁਣਾਂ ਬਾਰੇ ਸੋਚਦਾ ਹਾਂ ਜਿਨ੍ਹਾਂ ਕਰਕੇ ਮੈਨੂੰ ਪਹਿਲਾਂ ਉਸ ਨਾਲ ਪਿਆਰ ਹੋ ਗਿਆ ਸੀ?’

ਇਕ-ਦੂਜੇ ਦੀ ਇੱਜ਼ਤ ਕਰੋ

11. ਪਤੀ-ਪਤਨੀ ਨੂੰ ਇਕ-ਦੂਜੇ ਦੀ ਇੱਜ਼ਤ ਕਿਉਂ ਕਰਨੀ ਚਾਹੀਦੀ ਹੈ? ਮਿਸਾਲ ਦਿਓ।

11 ਸੁਖੀ ਵਿਆਹ ਦੇ ਰਸਤੇ ਵਿਚ ਵੀ ਮੁਸ਼ਕਲਾਂ ਆਉਂਦੀਆਂ ਹਨ ਅਤੇ ਜ਼ਰੂਰੀ ਨਹੀਂ ਕਿ ਤੁਹਾਡੀ ਦੋਹਾਂ ਦੀ ਸੋਚ ਇੱਕੋ ਜਿਹੀ ਹੋਵੇ। ਅਬਰਾਹਾਮ ਤੇ ਸਾਰਾਹ ਵੀ ਹਰ ਗੱਲ ਵਿਚ ਸਹਿਮਤ ਨਹੀਂ ਹੁੰਦੇ ਸਨ। (ਉਤ. 21:9-11) ਫਿਰ ਵੀ ਉਨ੍ਹਾਂ ਵਿਚ ਕਦੇ ਦੂਰੀਆਂ ਪੈਦਾ ਨਹੀਂ ਹੋਈਆਂ। ਕਿਉਂ? ਕਿਉਂਕਿ ਉਹ ਦੋਵੇਂ ਇਕ-ਦੂਜੇ ਦੀ ਇੱਜ਼ਤ ਕਰਦੇ ਸਨ। ਅਬਰਾਹਾਮ ਸਾਰਾਹ ਨਾਲ ਸਲੀਕੇ ਨਾਲ ਪੇਸ਼ ਆਉਂਦਾ ਸੀ। (ਉਤ. 12:11, 13) ਸਾਰਾਹ ਅਬਰਾਹਾਮ ਦਾ ਕਹਿਣਾ ਮੰਨਦੀ ਸੀ ਤੇ ਉਸ ਨੂੰ ਦਿਲ ਹੀ ਦਿਲ ਵਿਚ “ਸਵਾਮੀ” ਕਹਿੰਦੀ ਸੀ। (ਉਤ. 18:12) ਜੇ ਪਤੀ-ਪਤਨੀ ਇਕ-ਦੂਜੇ ਦੀ ਇੱਜ਼ਤ ਨਹੀਂ ਕਰਦੇ, ਤਾਂ ਇਹ ਉਨ੍ਹਾਂ ਦੀਆਂ ਗੱਲਾਂ ਜਾਂ ਉਨ੍ਹਾਂ ਦੇ ਗੱਲ ਕਰਨ ਦੇ ਲਹਿਜੇ ਤੋਂ ਜ਼ਾਹਰ ਹੋ ਜਾਂਦਾ ਹੈ। (ਕਹਾ. 12:18) ਜੇ ਉਹ ਆਪਣੇ ਤੌਰ-ਤਰੀਕੇ ਨਹੀਂ ਬਦਲਦੇ, ਤਾਂ ਉਨ੍ਹਾਂ ਦਾ ਵਿਆਹ ਟੁੱਟਣ ਦੀ ਨੌਬਤ ਤਕ ਆ ਸਕਦਾ ਹੈ।​—ਯਾਕੂਬ 3:7-10, 17, 18 ਪੜ੍ਹੋ।

12. ਨਵੇਂ ਵਿਆਹੇ ਜੋੜਿਆਂ ਨੂੰ ਖ਼ਾਸ ਕਰਕੇ ਪਿਆਰ ਤੇ ਆਦਰ ਨਾਲ ਗੱਲ ਕਰਨ ਦੀ ਕਿਉਂ ਲੋੜ ਹੈ?

12 ਜਿਨ੍ਹਾਂ ਦਾ ਨਵਾਂ-ਨਵਾਂ ਵਿਆਹ ਹੋਇਆ ਹੈ ਉਨ੍ਹਾਂ ਨੂੰ ਖ਼ਾਸ ਕਰਕੇ ਪਿਆਰ ਤੇ ਆਦਰ ਨਾਲ ਗੱਲ ਕਰਨ ਦੀ ਲੋੜ ਹੈ, ਫਿਰ ਹੀ ਘਰ ਵਿਚ ਵਧੀਆ ਮਾਹੌਲ ਪੈਦਾ ਹੋਵੇਗਾ। ਇਕ ਪਤੀ ਨੇ ਕਿਹਾ: “ਸ਼ੁਰੂ-ਸ਼ੁਰੂ ਵਿਚ ਅਸੀਂ ਇਕ-ਦੂਜੇ ਦੇ ਜਜ਼ਬਾਤਾਂ, ਆਦਤਾਂ ਅਤੇ ਲੋੜਾਂ ਨੂੰ ਚੰਗੀ ਤਰ੍ਹਾਂ ਨਹੀਂ ਸੀ ਸਮਝਦੇ। ਇਸ ਕਰਕੇ ਕਈ ਵਾਰ ਤਣਾਅ ਪੈਦਾ ਹੋ ਜਾਂਦਾ ਸੀ। ਫਿਰ ਵੀ ਅਸੀਂ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾ ਸਕੇ ਕਿਉਂਕਿ ਅਸੀਂ ਆਪਣੀ ਗੱਲ ’ਤੇ ਅੜੇ ਨਹੀਂ ਰਹੇ ਤੇ ਨਾ ਹੀ ਅਸੀਂ ਹੱਸਣਾ ਭੁੱਲੇ। ਅਸੀਂ ਨਿਮਰ ਬਣੇ, ਇਕ-ਦੂਜੇ ਦੀਆਂ ਗੱਲਾਂ ਦਾ ਗੁੱਸਾ ਨਹੀਂ ਕੀਤਾ ਅਤੇ ਯਹੋਵਾਹ ’ਤੇ ਭਰੋਸਾ ਰੱਖਿਆ।” ਸਾਡੇ ਸਾਰਿਆਂ ਲਈ ਕਿੰਨੀ ਹੀ ਵਧੀਆ ਮਿਸਾਲ!

ਨਿਮਰ ਬਣੋ

13. ਪਤੀ-ਪਤਨੀ ਲਈ ਨਿਮਰਤਾ ਦਿਖਾਉਣੀ ਕਿਉਂ ਜ਼ਰੂਰੀ ਹੈ?

13 ਦਿਲ ਖੋਲ੍ਹ ਕੇ ਗੱਲਬਾਤ ਕਰਨ ਨਾਲ ਜ਼ਿੰਦਗੀ ਦਾ ਸਫ਼ਰ ਸੁਹਾਵਣਾ ਬਣਦਾ ਹੈ। ਨਿਮਰ ਬਣ ਕੇ ਅਸੀਂ ਸਫ਼ਰ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਪਾਰ ਕਰ ਸਕਦੇ ਹਾਂ। (1 ਪਤ. 3:8) ਇਕ ਭਰਾ, ਜੋ 11 ਸਾਲਾਂ ਤੋਂ ਸ਼ਾਦੀ-ਸ਼ੁਦਾ ਹੈ, ਕਹਿੰਦਾ ਹੈ: “ਇਕ ਨਿਮਰ ਇਨਸਾਨ ਮਾਫ਼ੀ ਮੰਗਣ ਤੋਂ ਪਿੱਛੇ ਨਹੀਂ ਹਟਦਾ ਕਿਉਂਕਿ ਉਹ ਜਾਣਦਾ ਹੈ ਕਿ ਇੱਦਾਂ ਮਸਲਾ ਛੇਤੀ ਸੁਲਝ ਜਾਂਦਾ ਹੈ।” ਇਕ ਬਜ਼ੁਰਗ, ਜੋ 20 ਸਾਲਾਂ ਤੋਂ ਆਪਣੀ ਪਤਨੀ ਨਾਲ ਸੁਖੀ ਜ਼ਿੰਦਗੀ ਬਿਤਾ ਰਿਹਾ ਹੈ, ਕਹਿੰਦਾ ਹੈ: “ਕਦੇ-ਕਦੇ ਪਿਆਰ ਜਤਾਉਣ ਨਾਲੋਂ ਮਾਫ਼ੀ ਮੰਗਣੀ ਜ਼ਿਆਦਾ ਜ਼ਰੂਰੀ ਹੁੰਦੀ ਹੈ।” ਉਸ ਨੇ ਅੱਗੇ ਕਿਹਾ: “ਜਦ ਅਸੀਂ ਇਕੱਠੇ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਸਾਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੁੰਦਾ ਹੈ ਕਿ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ ਤੇ ਯਹੋਵਾਹ ਇਨ੍ਹਾਂ ਨੂੰ ਮਾਫ਼ ਕਰ ਕੇ ਸਾਡੇ ’ਤੇ ਕਿੰਨੀ ਦਇਆ ਕਰਦਾ ਹੈ। ਇਸ ਬਾਰੇ ਸੋਚ ਕੇ ਅਸੀਂ ਖ਼ੁਦ ਅਤੇ ਮਸਲੇ ਬਾਰੇ ਸਹੀ ਨਜ਼ਰੀਆ ਰੱਖ ਸਕਦੇ ਹਾਂ।”

ਦਿਲ ਖੋਲ੍ਹ ਕੇ ਗੱਲਬਾਤ ਕਰੋ

14. ਘਮੰਡ ਦਾ ਪਤੀ-ਪਤਨੀ ਦੇ ਰਿਸ਼ਤੇ ’ਤੇ ਕੀ ਅਸਰ ਪੈ ਸਕਦਾ ਹੈ?

14 ਘਮੰਡ ਪਤੀ-ਪਤਨੀ ਦੇ ਰਿਸ਼ਤੇ ਵਿਚ ਦਰਾੜ ਪਾ ਸਕਦਾ ਹੈ ਜਿਸ ਕਰਕੇ ਉਹ ਦਿਲ ਖੋਲ੍ਹ ਕੇ ਗੱਲ ਨਹੀਂ ਕਰ ਸਕਣਗੇ। ਇਕ ਘਮੰਡੀ ਇਨਸਾਨ ਨਾ ਤਾਂ ਮਾਫ਼ੀ ਮੰਗਣੀ ਚਾਹੁੰਦਾ ਹੈ ਤੇ ਨਾ ਹੀ ਉਸ ਕੋਲ ਦੂਜਿਆਂ ਤੋਂ ਮਾਫ਼ੀ ਮੰਗਣ ਦੀ ਹਿੰਮਤ ਹੁੰਦੀ ਹੈ। ਉਹ ਬਹਾਨੇ ਬਣਾਉਂਦਾ ਹੈ ਅਤੇ ਦੂਜਿਆਂ ਵਿਚ ਨੁਕਸ ਕੱਢਦਾ ਹੈ। ਜਦ ਉਹ ਗੁੱਸੇ ਹੁੰਦਾ ਹੈ, ਤਾਂ ਉਹ ਸੁਲ੍ਹਾ ਕਰਨ ਦੀ ਬਜਾਇ ਦੂਜਿਆਂ ਨੂੰ ਟੁੱਟ ਕੇ ਪੈਂਦਾ ਹੈ ਜਾਂ ਚੁੱਪ ਵੱਟ ਲੈਂਦਾ ਹੈ। (ਉਪ. 7:9) ਜੀ ਹਾਂ, ਘਮੰਡ ਪਤੀ-ਪਤਨੀ ਦੇ ਰਿਸ਼ਤੇ ਵਿਚ ਜ਼ਹਿਰ ਭਰ ਸਕਦਾ ਹੈ। ਯਾਦ ਰੱਖੋ ਕਿ “ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ, ਪਰ ਨਿਮਰ ਲੋਕਾਂ ’ਤੇ ਅਪਾਰ ਕਿਰਪਾ ਕਰਦਾ ਹੈ।”​—ਯਾਕੂ. 4:6.

15. ਸਮਝਾਓ ਕਿ ਅਣਬਣ ਹੋ ਜਾਣ ਤੇ ਪਤੀ-ਪਤਨੀ ਅਫ਼ਸੀਆਂ 4:26, 27 ਦੀ ਸਲਾਹ ਕਿਵੇਂ ਲਾਗੂ ਕਰ ਸਕਦੇ ਹਨ।

15 ਜਦ ਪਤੀ-ਪਤਨੀ ਵਿਚ ਅਣਬਣ ਹੋ ਜਾਂਦੀ ਹੈ, ਤਾਂ ਉਨ੍ਹਾਂ ਨੂੰ ਘਮੰਡੀ ਬਣਨ ਦੀ ਬਜਾਇ ਮੁਸ਼ਕਲ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੌਲੁਸ ਨੇ ਮਸੀਹੀਆਂ ਨੂੰ ਕਿਹਾ: “ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਥੁੱਕ ਦਿਓ, ਸ਼ੈਤਾਨ ਨੂੰ ਮੌਕਾ ਨਾ ਦਿਓ।” (ਅਫ਼. 4:26, 27) ਜਦ ਪਤੀ-ਪਤਨੀ ਬਾਈਬਲ ਦੀ ਇਹ ਸਲਾਹ ਨਹੀਂ ਮੰਨਦੇ, ਤਾਂ ਇਸ ਦਾ ਕੀ ਅੰਜਾਮ ਹੋ ਸਕਦਾ ਹੈ? ਇਕ ਭੈਣ ਨੇ ਦੱਸਿਆ: “ਸਮੇਂ-ਸਮੇਂ ਤੇ ਮੈਂ ਅਤੇ ਮੇਰੇ ਪਤੀ ਨੇ ਇਹ ਸਲਾਹ ਲਾਗੂ ਨਹੀਂ ਕੀਤੀ ਜਿਸ ਕਰਕੇ ਮੇਰੀ ਰਾਤਾਂ ਦੀ ਨੀਂਦ ਹਰਾਮ ਹੋ ਗਈ!” ਕਿੰਨਾ ਚੰਗਾ ਹੋਵੇ ਜੇ ਪਤੀ-ਪਤਨੀ ਜਲਦ ਤੋਂ ਜਲਦ ਸੁਲ੍ਹਾ ਕਰ ਲੈਣ। ਹੋ ਸਕਦਾ ਹੈ ਕਿ ਗੁੱਸਾ ਠੰਢਾ ਹੋਣ ਲਈ ਤੁਹਾਨੂੰ ਇਕ-ਦੂਜੇ ਨੂੰ ਸਮਾਂ ਦੇਣਾ ਪਵੇ। ਇਹ ਵੀ ਜ਼ਰੂਰੀ ਹੈ ਕਿ ਤੁਸੀਂ ਨਿਮਰ ਬਣਨ ਵਿਚ ਯਹੋਵਾਹ ਕੋਲੋਂ ਮਦਦ ਲਈ ਪ੍ਰਾਰਥਨਾ ਕਰੋ। ਇੱਦਾਂ ਤੁਸੀਂ ਸਿਰਫ਼ ਆਪਣੇ ਬਾਰੇ ਹੀ ਨਹੀਂ ਸੋਚੋਗੇ, ਸਗੋਂ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋਗੇ। ਨਹੀਂ ਤਾਂ ਰਾਈ ਦਾ ਪਹਾੜ ਬਣ ਜਾਵੇਗਾ।​—ਕੁਲੁੱਸੀਆਂ 3:12, 13 ਪੜ੍ਹੋ।

16. ਨਿਮਰਤਾ ਕਰਕੇ ਵਿਆਹੁਤਾ ਸਾਥੀ ਇਕ-ਦੂਜੇ ਬਾਰੇ ਕਿੱਦਾਂ ਮਹਿਸੂਸ ਕਰਨਗੇ?

16 ਨਿਮਰਤਾ ਕਰਕੇ ਕੋਈ ਆਪਣੇ ਸਾਥੀ ਦੀਆਂ ਕਮੀਆਂ ਵੱਲ ਨਹੀਂ, ਸਗੋਂ ਉਸ ਦੀਆਂ ਖੂਬੀਆਂ ਵੱਲ ਧਿਆਨ ਦੇਵੇਗਾ। ਮਿਸਾਲ ਲਈ, ਇਕ ਪਤਨੀ ਵਿਚ ਸ਼ਾਇਦ ਹੁਨਰ ਹੋਣ ਜਿਨ੍ਹਾਂ ਨੂੰ ਉਹ ਆਪਣੇ ਪਰਿਵਾਰ ਦੇ ਫ਼ਾਇਦੇ ਲਈ ਵਰਤਦੀ ਹੈ। ਜੇ ਉਸ ਦਾ ਪਤੀ ਨਿਮਰ ਹੈ, ਤਾਂ ਉਹ ਆਪਣੀ ਪਤਨੀ ਨੂੰ ਨੀਵਾਂ ਦਿਖਾ ਕੇ ਆਪਣੀ ਮਰਦਾਨਗੀ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਇਸ ਦੇ ਉਲਟ ਉਹ ਉਸ ਦੀਆਂ ਕਾਬਲੀਅਤਾਂ ਦੀ ਕਦਰ ਕਰੇਗਾ ਅਤੇ ਆਪਣੇ ਪਿਆਰ ਦਾ ਸਬੂਤ ਦੇਵੇਗਾ। (ਕਹਾ. 31:10, 28; ਅਫ਼. 5:28, 29) ਨਾਲੇ ਇਕ ਪਤਨੀ ਆਪਣੀ ਕਾਬਲੀਅਤ ’ਤੇ ਸ਼ੇਖ਼ੀ ਨਹੀਂ ਮਾਰੇਗੀ ਤੇ ਆਪਣੇ ਘਰਵਾਲੇ ਨੂੰ ਨੀਵਾਂ ਨਹੀਂ ਦਿਖਾਵੇਗੀ। ਆਖ਼ਰਕਾਰ ਉਹ ਦੋਵੇਂ “ਇਕ ਸਰੀਰ” ਹਨ ਸੋ ਜੇ ਇਕ ਨੂੰ ਸੱਟ ਲੱਗਦੀ ਹੈ, ਤਾਂ ਦੂਜੇ ਨੂੰ ਵੀ ਦੁੱਖ ਹੁੰਦਾ ਹੈ।​—ਮੱਤੀ 19:4, 5.

17. ਆਪਣੀ ਵਿਆਹੁਤਾ ਜ਼ਿੰਦਗੀ ਸੁਖੀ ਬਣਾਉਣ ਤੇ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

17 ਕੋਈ ਸ਼ੱਕ ਨਹੀਂ ਕਿ ਤੁਸੀਂ ਵੀ ਇਹੀ ਚਾਹੁੰਦੇ ਹੋ ਕਿ ਤੁਹਾਡਾ ਰਿਸ਼ਤਾ ਅਬਰਾਹਾਮ ਤੇ ਸਾਰਾਹ ਜਾਂ ਇਸਹਾਕ ਤੇ ਰਿਬਕਾਹ ਵਾਂਗ ਸੁਖੀ ਹੋਵੇ ਜਿਸ ਨਾਲ ਯਹੋਵਾਹ ਦੀ ਵਡਿਆਈ ਹੋਵੇ। ਤਾਂ ਫਿਰ, ਵਿਆਹ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਅਪਣਾਓ। ਉਸ ਦੇ ਬਚਨ ਤੋਂ ਸਮਝ ਅਤੇ ਬੁੱਧ ਲਓ। ਇਕ-ਦੂਜੇ ਲਈ ਸੱਚਾ ਪਿਆਰ ਦਿਖਾਓ ਅਤੇ ਆਪਣੇ ਸਾਥੀ ਦੀਆਂ ਖੂਬੀਆਂ ਬਾਰੇ ਸੋਚੋ। (ਸਰੇ. 8:6) ਨਿਮਰ ਬਣਨ ਦੀ ਪੂਰੀ ਕੋਸ਼ਿਸ਼ ਕਰੋ। ਆਪਣੇ ਜੀਵਨ ਸਾਥੀ ਨਾਲ ਆਦਰ ਨਾਲ ਪੇਸ਼ ਆਓ। ਜੇ ਤੁਸੀਂ ਇਹ ਸਭ ਕੁਝ ਕਰੋਗੇ, ਤਾਂ ਤੁਹਾਡੀ ਵਿਆਹੁਤਾ ਜ਼ਿੰਦਗੀ ਖ਼ੁਸ਼ਹਾਲ ਹੋਵੇਗੀ ਤੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰੇਗੀ। (ਕਹਾ. 27:11) ਫਿਰ ਤੁਸੀਂ 27 ਸਾਲਾਂ ਤੋਂ ਵਿਆਹੇ ਇਸ ਪਤੀ ਦੀ ਗੱਲ ਨਾਲ ਸਹਿਮਤ ਹੋਵੋਗੇ, ਜਿਸ ਨੇ ਲਿਖਿਆ: “ਮੈਂ ਤਾਂ ਆਪਣੀ ਪਤਨੀ ਤੋਂ ਬਿਨਾਂ ਜੀਉਣ ਬਾਰੇ ਸੋਚ ਵੀ ਨਹੀਂ ਸਕਦਾ। ਦਿਨ-ਬਦਿਨ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਜਾ ਰਿਹਾ ਹੈ ਕਿਉਂਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਤੇ ਰੋਜ਼ ਦਿਲ ਖੋਲ੍ਹ ਕੇ ਇਕ-ਦੂਜੇ ਨਾਲ ਗੱਲ ਕਰਦੇ ਹਾਂ।”