Skip to content

Skip to table of contents

ਸਹੀ ਫ਼ੈਸਲੇ ਕਰ ਕੇ ਆਪਣੀ ਵਿਰਾਸਤ ਸੰਭਾਲੋ

ਸਹੀ ਫ਼ੈਸਲੇ ਕਰ ਕੇ ਆਪਣੀ ਵਿਰਾਸਤ ਸੰਭਾਲੋ

“ਬੁਰਾਈ ਨਾਲ ਨਫ਼ਰਤ ਕਰੋ, ਪਰ ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ ਰੱਖੋ।”—ਰੋਮੀ. 12:9.

1, 2. (ੳ) ਤੁਸੀਂ ਪਰਮੇਸ਼ੁਰ ਦੀ ਭਗਤੀ ਕਰਨ ਦਾ ਫ਼ੈਸਲਾ ਕਿਵੇਂ ਕੀਤਾ ਸੀ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਦੇਖਾਂਗੇ?

ਲੱਖਾਂ ਹੀ ਲੋਕਾਂ ਨੇ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਅਤੇ ਯਿਸੂ ਦੇ ਪਿੱਛੇ-ਪਿੱਛੇ ਚੱਲਣ ਦਾ ਫ਼ੈਸਲਾ ਕੀਤਾ ਹੈ। (ਮੱਤੀ 16:24; 1 ਪਤ. 2:21) ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪਣੀ ਕੋਈ ਮਾਮੂਲੀ ਗੱਲ ਨਹੀਂ ਹੈ। ਅਸੀਂ ਇਹ ਫ਼ੈਸਲਾ ਪਰਮੇਸ਼ੁਰ ਦੇ ਬਚਨ ਦੀ ਧਿਆਨ ਨਾਲ ਸਟੱਡੀ ਕਰ ਕੇ ਕੀਤਾ ਸੀ। ਸਟੱਡੀ ਕਰਨ ਨਾਲ ਸਾਡੀ ਨਿਹਚਾ ਯਹੋਵਾਹ ਦੇ ਵਾਅਦਿਆਂ ’ਤੇ ਪੱਕੀ ਹੋਈ ਹੈ। ਸਾਨੂੰ ਯਕੀਨ ਹੈ ਕਿ ਯਹੋਵਾਹ ਉਨ੍ਹਾਂ ਨਾਲ ਕੀਤੇ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ ਜੋ ‘ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ ਸਿੱਖਦੇ ਰਹਿਣਗੇ।’​—ਯੂਹੰ. 17:3; ਰੋਮੀ. 12:2.

2 ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਰਹੇ, ਤਾਂ ਸਾਨੂੰ ਉਹ ਫ਼ੈਸਲੇ ਕਰਨੇ ਚਾਹੀਦੇ ਹਨ ਜਿਨ੍ਹਾਂ ਤੋਂ ਸਾਡੇ ਸਵਰਗੀ ਪਿਤਾ ਨੂੰ ਖ਼ੁਸ਼ੀ ਹੋਵੇ। ਇਹ ਲੇਖ ਸਾਨੂੰ ਇਨ੍ਹਾਂ ਅਹਿਮ ਸਵਾਲਾਂ ਦੇ ਜਵਾਬ ਦੇਵੇਗਾ: ਯਹੋਵਾਹ ਨੇ ਸਾਨੂੰ ਕਿਹੜੀ ਵਿਰਾਸਤ ਦੇਣ ਦਾ ਵਾਅਦਾ ਕੀਤਾ ਹੈ? ਸਾਨੂੰ ਇਸ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ? ਇਸ ਨੂੰ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਸਹੀ ਫ਼ੈਸਲੇ ਕਰਨ ਵਿਚ ਸਾਡੀ ਕਿਵੇਂ ਮਦਦ ਹੋ ਸਕਦੀ ਹੈ?

ਯਹੋਵਾਹ ਵੱਲੋਂ ਮਿਲੀ ਵਿਰਾਸਤ

3. ਚੁਣੇ ਹੋਏ ਮਸੀਹੀਆਂ ਤੇ “ਹੋਰ ਭੇਡਾਂ” ਨੂੰ ਵਿਰਾਸਤ ਵਿਚ ਕੀ ਇਨਾਮ ਮਿਲੇਗਾ?

3 ਚੁਣੇ ਹੋਏ ਮਸੀਹੀ “ਅਵਿਨਾਸ਼ੀ, ਪਵਿੱਤਰ ਅਤੇ ਕਦੀ ਨਾ ਖ਼ਤਮ ਹੋਣ ਵਾਲਾ ਜੀਵਨ” ਪਾਉਣ ਦਾ ਇੰਤਜ਼ਾਰ ਕਰਦੇ ਹਨ ਜਦੋਂ ਉਹ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। (1 ਪਤ. 1:3, 4) ਇਸ ਇਨਾਮ ਨੂੰ ਵਿਰਾਸਤ ਵਿਚ ਪਾਉਣ ਲਈ ਉਨ੍ਹਾਂ ਨੂੰ “ਦੁਬਾਰਾ ਜਨਮ” ਲੈਣ ਦੀ ਲੋੜ ਹੈ। (ਯੂਹੰ. 3:1-3) “ਹੋਰ ਭੇਡਾਂ” ਬਾਰੇ ਕੀ ਜੋ ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ? (ਯੂਹੰ. 10:16) ਉਨ੍ਹਾਂ ਨੂੰ ਇਸ ਸੋਹਣੀ ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਜਿੱਥੇ ਕੋਈ ਦੁੱਖ-ਦਰਦ, ਮੌਤ ਤੇ ਸੋਗ ਨਹੀਂ ਹੋਵੇਗਾ। ਆਦਮ ਤੇ ਹੱਵਾਹ ਇਸ ਜ਼ਿੰਦਗੀ ਤੋਂ ਹੱਥ ਧੋ ਬੈਠੇ ਸਨ। (ਪ੍ਰਕਾ. 21:1-4) ਯਿਸੂ ਨੇ ਆਪਣੇ ਨਾਲ ਸੂਲ਼ੀ ’ਤੇ ਟੰਗੇ ਅਪਰਾਧੀ ਨੂੰ ਕਿਹਾ: “ਮੈਂ ਅੱਜ ਤੈਨੂੰ ਸੱਚ ਕਹਿੰਦਾ ਹਾਂ, ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ।”​—ਲੂਕਾ 23:43.

4. ਅੱਜ ਸਾਨੂੰ ਯਹੋਵਾਹ ਵੱਲੋਂ ਕਿਹੜੀਆਂ ਬਰਕਤਾਂ ਮਿਲੀਆਂ ਹਨ?

4 ਅੱਜ ਵੀ ਸਾਨੂੰ ਯਹੋਵਾਹ ਵੱਲੋਂ ਕਈ ਬਰਕਤਾਂ ਮਿਲਦੀਆਂ ਹਨ। “ਯਿਸੂ ਮਸੀਹ ਦੁਆਰਾ ਦਿੱਤੀ ਰਿਹਾਈ ਦੀ ਕੀਮਤ” ਉੱਤੇ ਨਿਹਚਾ ਕਰ ਕੇ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਤੇ ਸਾਡਾ ਯਹੋਵਾਹ ਨਾਲ ਕਰੀਬੀ ਰਿਸ਼ਤਾ ਹੈ। (ਰੋਮੀ. 3:23-25) ਸਾਨੂੰ ਬਾਈਬਲ ਵਿੱਚੋਂ ਯਹੋਵਾਹ ਦੇ ਵਾਅਦਿਆਂ ਬਾਰੇ ਸਹੀ ਸਮਝ ਮਿਲੀ ਹੈ। ਨਾਲੇ ਅਸੀਂ ਪੂਰੀ ਦੁਨੀਆਂ ਵਿਚ ਆਪਣੇ ਭੈਣਾਂ-ਭਰਾਵਾਂ ਨਾਲ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਹਾਂ ਜਿਸ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ। ਸਾਨੂੰ ਯਹੋਵਾਹ ਦੇ ਗਵਾਹ ਹੋਣ ’ਤੇ ਬੜਾ ਨਾਜ਼ ਹੈ। ਇਸੇ ਲਈ ਅਸੀਂ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਚਾਹੁੰਦੇ ਹਾਂ।

5. ਸ਼ੈਤਾਨ ਕੀ ਕਰਨ ’ਤੇ ਤੁਲਿਆ ਹੋਇਆ ਹੈ ਅਤੇ ਕਿਹੜੀ ਗੱਲ ਸਾਨੂੰ ਉਸ ਦਾ ਮੁਕਾਬਲਾ ਕਰਨ ਵਿਚ ਮਦਦ ਕਰੇਗੀ?

5 ਯਹੋਵਾਹ ਵੱਲੋਂ ਮਿਲੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਸ਼ੈਤਾਨ ਦੀਆਂ ਚਾਲਾਂ ਤੋਂ ਖ਼ਬਰਦਾਰ ਰਹੀਏ। ਉਸ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਪਰਮੇਸ਼ੁਰ ਦੇ ਲੋਕ ਗ਼ਲਤ ਫ਼ੈਸਲੇ ਕਰਨ ਤਾਂਕਿ ਉਹ ਆਪਣੀ ਵਿਰਾਸਤ ਨੂੰ ਗੁਆ ਬੈਠਣ। (ਗਿਣ. 25:1-3, 9) ਉਹ ਜਾਣਦਾ ਹੈ ਕਿ ਉਸ ਦਾ ਅੰਤ ਨੇੜੇ ਹੈ, ਇਸ ਲਈ ਉਹ ਸਾਨੂੰ ਗੁਮਰਾਹ ਕਰਨ ’ਤੇ ਤੁਲਿਆ ਹੋਇਆ ਹੈ। (ਪ੍ਰਕਾਸ਼ ਦੀ ਕਿਤਾਬ 12:12, 17 ਪੜ੍ਹੋ।) ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ‘ਸ਼ੈਤਾਨ ਦੀਆਂ ਚਾਲਾਂ ਦਾ ਡਟ ਕੇ ਮੁਕਾਬਲਾ ਕਰੀਏ,’ ਤਾਂ ਸਾਨੂੰ ਆਪਣੀ ਵਿਰਾਸਤ ਨੂੰ ਅਨਮੋਲ ਸਮਝਦੇ ਰਹਿਣਾ ਚਾਹੀਦਾ ਹੈ। (ਅਫ਼. 6:11) ਇਸ ਲਈ ਆਓ ਆਪਾਂ ਇਸਹਾਕ ਦੇ ਪੁੱਤਰ ਏਸਾਓ ਦੀ ਮਿਸਾਲ ਤੋਂ ਸਬਕ ਸਿੱਖੀਏ।

ਏਸਾਓ ਵਰਗੇ ਨਾ ਬਣੋ

6, 7. ਏਸਾਓ ਕੌਣ ਸੀ ਅਤੇ ਉਸ ਨੂੰ ਕਿਹੜੀ ਬਰਕਤ ਮਿਲਣੀ ਸੀ?

6 ਤਕਰੀਬਨ 4,000 ਸਾਲ ਪਹਿਲਾਂ ਏਸਾਓ ਅਤੇ ਉਸ ਦੇ ਜੁੜਵਾਂ ਭਰਾ ਯਾਕੂਬ ਦਾ ਜਨਮ ਇਸਹਾਕ ਤੇ ਰਿਬਕਾਹ ਦੇ ਘਰ ਹੋਇਆ। ਵੱਡੇ ਹੁੰਦਿਆਂ ਇਨ੍ਹਾਂ ਦੋਵਾਂ ਦੇ ਸੁਭਾਅ ਅਤੇ ਕੰਮ-ਕਾਰ ਵੱਖੋ-ਵੱਖਰੇ ਸਨ। “ਏਸਾਓ ਸਿਆਣਾ ਸ਼ਿਕਾਰੀ ਸੀ ਅਰ ਰੜ ਵਿੱਚ ਰਹਿਣ ਵਾਲਾ ਸੀ ਅਰ ਯਾਕੂਬ ਭੋਲਾ ਭਾਲਾ ਅਰ ਤੰਬੂਆਂ ਵਿੱਚ ਟਿਕਣ ਵਾਲਾ ਸੀ।” (ਉਤ. 25:27) ਯਾਕੂਬ ਨੂੰ ਭੋਲਾ ਭਾਲਾ ਇਸ ਲਈ ਕਿਹਾ ਗਿਆ ਹੈ ਕਿਉਂਕਿ ਉਹ ਦਿਲ ਦਾ ਸਾਫ਼ ਤੇ ਯਹੋਵਾਹ ਦਾ ਵਫ਼ਾਦਾਰ ਸੀ।

7 ਜਦੋਂ ਏਸਾਓ ਤੇ ਯਾਕੂਬ 15 ਸਾਲਾਂ ਦੇ ਸਨ, ਤਾਂ ਉਨ੍ਹਾਂ ਦੇ ਦਾਦੇ ਅਬਰਾਹਾਮ ਦੀ ਮੌਤ ਹੋ ਗਈ। ਪਰ ਯਹੋਵਾਹ ਅਬਰਾਹਾਮ ਨਾਲ ਕੀਤਾ ਆਪਣਾ ਵਾਅਦਾ ਕਦੇ ਨਹੀਂ ਭੁੱਲਿਆ। ਬਾਅਦ ਵਿਚ ਯਹੋਵਾਹ ਨੇ ਇਸਹਾਕ ਨੂੰ ਆਪਣਾ ਵਾਅਦਾ ਯਾਦ ਕਰਾਇਆ ਤੇ ਦੱਸਿਆ ਕਿ ਅਬਰਾਹਾਮ ਦੀ ਅੰਸ ਦੇ ਜ਼ਰੀਏ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤਾਂ ਪਾਉਣਗੀਆਂ। (ਉਤਪਤ 26:3-5 ਪੜ੍ਹੋ।) ਇਸ ਵਾਅਦੇ ਤੋਂ ਪਤਾ ਲੱਗਦਾ ਹੈ ਕਿ ਉਤਪਤ 3:15 ਵਿਚ ਜ਼ਿਕਰ “ਸੰਤਾਨ” ਯਾਨੀ ਮਸੀਹ ਨੇ ਅਬਰਾਹਾਮ ਦੀ ਪੀੜ੍ਹੀ ਵਿੱਚੋਂ ਆਉਣਾ ਸੀ। ਇਸ ਵਾਅਦੇ ਦਾ ਕਾਨੂੰਨੀ ਹੱਕਦਾਰ ਇਸਹਾਕ ਦਾ ਜੇਠਾ ਪੁੱਤਰ ਏਸਾਓ ਸੀ। ਵਾਹ, ਕਿੰਨੀ ਹੀ ਵੱਡੀ ਬਰਕਤ! ਕੀ ਉਸ ਨੇ ਇਸ ਦੀ ਕਦਰ ਕੀਤੀ?

ਆਪਣੀ ਵਿਰਾਸਤ ਨੂੰ ਦਾਅ ’ਤੇ ਨਾ ਲਾਓ

8, 9. (ੳ) ਏਸਾਓ ਨੇ ਆਪਣੇ ਜੇਠੇ ਹੋਣ ਦੇ ਹੱਕ ਬਾਰੇ ਕਿਹੜਾ ਫ਼ੈਸਲਾ ਕੀਤਾ? (ਅ) ਕਈ ਸਾਲਾਂ ਬਾਅਦ ਏਸਾਓ ਨੂੰ ਕੀ ਅਹਿਸਾਸ ਹੋਇਆ ਤੇ ਉਸ ਨੇ ਕੀ ਕੀਤਾ?

8 ਇਕ ਦਿਨ ਜਦੋਂ ਏਸਾਓ ਸ਼ਿਕਾਰ ਕਰ ਕੇ ਵਾਪਸ ਆਇਆ, ਤਾਂ ਉਸ ਨੇ ਯਾਕੂਬ ਨੂੰ ‘ਦਾਲ ਪਕਾਉਂਦੇ’ ਦੇਖਿਆ। ਏਸਾਓ ਨੇ ਕਿਹਾ: “ਏਸੇ ਲਾਲ ਦਾਲ ਵਿੱਚੋਂ ਮੈਨੂੰ ਵੀ ਖਾਣ ਨੂੰ ਦਿਹ ਕਿਉਂਜੋ ਮੈਂ ਥੱਕਿਆ ਹੋਇਆ ਹਾਂ।” ਯਾਕੂਬ ਨੇ ਜਵਾਬ ਦਿੱਤਾ: “ਤੂੰ ਅੱਜ ਆਪਣੇ ਜੇਠੇ ਹੋਣ ਦੇ ਹੱਕ ਨੂੰ ਮੇਰੇ ਕੋਲ ਬੇਚ ਦਿਹ।” ਏਸਾਓ ਨੇ ਕੀ ਫ਼ੈਸਲਾ ਕੀਤਾ? ਉਸ ਨੇ ਬਿਨਾਂ ਸੋਚੇ-ਸਮਝੇ ਕਿਹਾ: “ਏਹ ਜੇਠਾ ਹੋਣਾ ਮੇਰੇ ਕਿਸ ਕੰਮ ਦਾ ਹੈ?” ਜੀ ਹਾਂ, ਏਸਾਓ ਨੇ ਥੋੜ੍ਹੀ ਜਿਹੀ ਦਾਲ ਦੇ ਬਦਲੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ! ਇਸ ਗੱਲ ਨੂੰ ਪੱਕਾ ਕਰਨ ਲਈ ਯਾਕੂਬ ਨੇ ਫਿਰ ਕਿਹਾ: “ਤੂੰ ਅੱਜ ਮੇਰੇ ਕੋਲ ਸੌਂਹ ਖਾਹ।” ਕਿੰਨੀ ਹੈਰਾਨੀ ਦੀ ਗੱਲ ਹੈ ਕਿ ਏਸਾਓ ਨੇ ਆਪਣੇ ਜੇਠੇ ਹੋਣ ਦਾ ਹੱਕ ਝੱਟ ਹੀ ਯਾਕੂਬ ਨੂੰ ਦੇ ਦਿੱਤਾ। ਇਸ ਤੋਂ ਬਾਅਦ “ਯਾਕੂਬ ਨੇ ਏਸਾਓ ਨੂੰ ਰੋਟੀ ਅਰ ਦਾਲ ਦਿੱਤੀ ਅਰ ਉਸ ਨੇ ਖਾਧਾ ਪੀਤਾ ਅਤੇ ਉੱਠਕੇ ਆਪਣੇ ਰਾਹ ਪਿਆ। ਐਉਂ ਏਸਾਓ ਨੇ ਆਪਣੇ ਜੇਠੇ ਹੋਣ ਦੇ ਹੱਕ ਨੂੰ ਤੁੱਛ ਜਾਣਿਆ।”​—ਉਤ. 25:29-34.

9 ਕਈ ਸਾਲਾਂ ਬਾਅਦ ਜਦੋਂ ਇਸਹਾਕ ਦੀ ਮੌਤ ਹੋਣ ਵਾਲੀ ਸੀ, ਤਾਂ ਰਿਬਕਾਹ ਨੇ ਇੰਤਜ਼ਾਮ ਕੀਤਾ ਕਿ ਏਸਾਓ ਦੇ ਬਦਲੇ ਯਾਕੂਬ ਨੂੰ ਹੀ ਜੇਠੇ ਹੋਣ ਦੀਆਂ ਬਰਕਤਾਂ ਮਿਲਣ। ਜਦੋਂ ਏਸਾਓ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ, ਤਾਂ ਉਸ ਨੇ ਰੋ-ਰੋ ਕੇ ਇਸਹਾਕ ਨੂੰ ਕਿਹਾ: “ਮੇਰੇ ਪਿਤਾ ਮੈਨੂੰ, ਹਾਂ, ਮੈਨੂੰ ਵੀ ਬਰਕਤ ਦਿਓ। . . . ਕੀ ਤੁਸਾਂ ਮੇਰੇ ਲਈ ਕੋਈ ਬਰਕਤ ਨਹੀਂ ਰੱਖ ਛੱਡੀ?” ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਇਸਹਾਕ ਨੇ ਕਿਹਾ ਕਿ ਉਹ ਪਹਿਲਾਂ ਹੀ ਯਾਕੂਬ ਨੂੰ ਬਰਕਤ ਦੇ ਚੁੱਕਾ ਸੀ। ਇਹ ਸੁਣ ਕੇ ‘ਏਸਾਓ ਨੇ ਉੱਚੀ ਉੱਚੀ ਭੁੱਭਾਂ ਮਾਰੀਆਂ ਅਰ ਰੋਇਆ।’​—ਉਤ. 27:30-38.

10. ਯਹੋਵਾਹ ਦਾ ਏਸਾਓ ਅਤੇ ਯਾਕੂਬ ਬਾਰੇ ਕੀ ਨਜ਼ਰੀਆ ਸੀ ਤੇ ਕਿਉਂ?

10 ਬਾਈਬਲ ਤੋਂ ਏਸਾਓ ਦੇ ਰਵੱਈਏ ਬਾਰੇ ਕੀ ਪਤਾ ਲੱਗਦਾ ਹੈ? ਉਸ ਨੇ ਦਿਖਾਇਆ ਕਿ ਪਰਮੇਸ਼ੁਰ ਦੀ ਬਰਕਤ ਪਾਉਣ ਨਾਲੋਂ ਉਸ ਲਈ ਆਪਣੇ ਸਰੀਰ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ ਜ਼ਿਆਦਾ ਜ਼ਰੂਰੀ ਸਨ। ਉਸ ਨੇ ਆਪਣੇ ਜੇਠੇ ਹੋਣ ਦੇ ਹੱਕ ਦੀ ਕੋਈ ਕਦਰ ਨਹੀਂ ਕੀਤੀ ਤੇ ਉਸ ਦੇ ਦਿਲ ਵਿਚ ਪਰਮੇਸ਼ੁਰ ਲਈ ਕੋਈ ਪਿਆਰ ਨਹੀਂ ਸੀ। ਨਾਲੇ ਉਸ ਨੇ ਇਹ ਵੀ ਨਹੀਂ ਸੋਚਿਆ ਕਿ ਇਸ ਫ਼ੈਸਲੇ ਦਾ ਉਸ ਦੇ ਬੱਚਿਆਂ ’ਤੇ ਕੀ ਅਸਰ ਪਵੇਗਾ। ਇਸ ਤੋਂ ਉਲਟ ਯਾਕੂਬ ਨੇ ਆਪਣੀ ਵਿਰਾਸਤ ਦੀ ਦਿਲੋਂ ਕਦਰ ਕੀਤੀ। ਮਿਸਾਲ ਲਈ, ਯਾਕੂਬ ਨੇ ਵਿਆਹ ਬਾਰੇ ਵੀ ਆਪਣੇ ਮਾਪਿਆਂ ਦੀ ਸਲਾਹ ਮੰਨੀ। (ਉਤ. 27:46–28:3) ਹਾਲਾਂਕਿ ਇੱਦਾਂ ਕਰਨ ਲਈ ਉਸ ਨੂੰ ਧੀਰਜ ਰੱਖਣਾ ਪਿਆ ਅਤੇ ਕੁਰਬਾਨੀਆਂ ਕਰਨੀਆਂ ਪਈਆਂ, ਪਰ ਅਖ਼ੀਰ ਵਿਚ ਉਸ ਨੂੰ ਯਹੋਵਾਹ ਨੇ ਬਰਕਤ ਦਿੱਤੀ ਤੇ ਮਸੀਹ ਉਸ ਦੀ ਪੀੜ੍ਹੀ ਵਿੱਚੋਂ ਆਇਆ। ਇਨ੍ਹਾਂ ਦੋਵਾਂ ਭਰਾਵਾਂ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਸੀ? ਪਰਮੇਸ਼ੁਰ ਨੇ ਮਲਾਕੀ ਨਬੀ ਰਾਹੀਂ ਲਿਖਵਾਇਆ: “ਮੈਂ ਯਾਕੂਬ ਨੂੰ ਪਿਆਰ ਕੀਤਾ ਪਰ ਏਸਾਓ ਨਾਲ ਵੈਰ ਰੱਖਿਆ।”​—ਮਲਾ. 1:2, 3.

11. (ੳ) ਏਸਾਓ ਦੇ ਰਵੱਈਏ ਤੋਂ ਮਸੀਹੀ ਕੀ ਸਬਕ ਸਿੱਖਦੇ ਹਨ? (ਅ) ਪੌਲੁਸ ਨੇ ਏਸਾਓ ਬਾਰੇ ਗੱਲ ਕਰਦੇ ਹੋਏ ਹਰਾਮਕਾਰੀ ਦਾ ਜ਼ਿਕਰ ਕਿਉਂ ਕੀਤਾ ਸੀ?

11 ਏਸਾਓ ਦੇ ਰਵੱਈਏ ਤੋਂ ਮਸੀਹੀ ਕੀ ਸਬਕ ਸਿੱਖਦੇ ਹਨ? ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ: “ਤੁਹਾਡੇ ਵਿਚ ਕੋਈ ਹਰਾਮਕਾਰ ਜਾਂ ਅਜਿਹਾ ਕੋਈ ਇਨਸਾਨ ਨਾ ਹੋਵੇ ਜਿਹੜਾ ਏਸਾਓ ਵਾਂਗ ਪਵਿੱਤਰ ਚੀਜ਼ਾਂ ਦੀ ਕਦਰ ਨਾ ਕਰਦਾ ਹੋਵੇ। ਏਸਾਓ ਨੇ ਇਕ ਡੰਗ ਦੀ ਰੋਟੀ ਦੇ ਵੱਟੇ ਆਪਣਾ ਜੇਠੇ ਹੋਣ ਦਾ ਹੱਕ ਵੇਚ ਦਿੱਤਾ ਸੀ।” (ਇਬ. 12:16) ਇਹ ਗੱਲ ਅੱਜ ਸਾਡੇ ’ਤੇ ਵੀ ਲਾਗੂ ਹੁੰਦੀ ਹੈ। ਸਾਨੂੰ ਪਵਿੱਤਰ ਚੀਜ਼ਾਂ ਦੀ ਕਦਰ ਕਰਦੇ ਰਹਿਣਾ ਚਾਹੀਦਾ ਹੈ ਤਾਂਕਿ ਸਾਡੇ ਸਰੀਰ ਦੀਆਂ ਇੱਛਾਵਾਂ ਸਾਡੇ ਉੱਤੇ ਹਾਵੀ ਨਾ ਹੋਣ ਅਤੇ ਇੱਦਾਂ ਨਾ ਹੋਵੇ ਕਿ ਅਸੀਂ ਆਪਣੀ ਵਿਰਾਸਤ ਗੁਆ ਬੈਠੀਏ। ਪਰ ਪੌਲੁਸ ਨੇ ਏਸਾਓ ਬਾਰੇ ਗੱਲ ਕਰਦੇ ਹੋਏ ਹਰਾਮਕਾਰੀ ਦਾ ਜ਼ਿਕਰ ਕਿਉਂ ਕੀਤਾ ਸੀ? ਕਿਉਂਕਿ ਜੇ ਕੋਈ ਏਸਾਓ ਵਾਂਗ ਆਪਣੀਆਂ ਗ਼ਲਤ ਇੱਛਾਵਾਂ ਮੁਤਾਬਕ ਚੱਲਦਾ ਹੈ, ਤਾਂ ਉਹ ਪਵਿੱਤਰ ਚੀਜ਼ਾਂ ਦੀ ਕਦਰ ਨਾ ਕਰਦਿਆਂ ਸ਼ਾਇਦ ਹਰਾਮਕਾਰੀ ਵਰਗਾ ਗੰਭੀਰ ਪਾਪ ਕਰ ਬੈਠੇ।

ਆਪਣਾ ਦਿਲ ਤਿਆਰ ਕਰੋ

12. (ੳ) ਸ਼ੈਤਾਨ ਸਾਨੂੰ ਆਪਣੇ ਜਾਲ਼ ਵਿਚ ਫਸਾਉਣ ਦੀ ਕੋਸ਼ਿਸ਼ ਕਿਵੇਂ ਕਰਦਾ ਹੈ? (ਅ) ਪਰੀਖਿਆਵਾਂ ਦੌਰਾਨ ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਸਾਡੀ ਮਦਦ ਕਰ ਸਕਦੀਆਂ ਹਨ?

12 ਯਹੋਵਾਹ ਦੇ ਸੇਵਕਾਂ ਵਜੋਂ ਅਸੀਂ ਉਨ੍ਹਾਂ ਹਾਲਾਤਾਂ ਤੋਂ ਦੂਰ ਰਹਿੰਦੇ ਹਾਂ ਜਿਨ੍ਹਾਂ ਕਰਕੇ ਅਸੀਂ ਗ਼ਲਤ ਕੰਮਾਂ ਵਿਚ ਪੈ ਸਕਦੇ ਹਾਂ। ਅਸੀਂ ਯਹੋਵਾਹ ਕੋਲੋਂ ਪ੍ਰਾਰਥਨਾ ਵਿਚ ਮਦਦ ਮੰਗ ਸਕਦੇ ਹਾਂ ਕਿ ਉਹ ਸਾਨੂੰ ਪਰੀਖਿਆ ਦੌਰਾਨ ਡਿਗਣ ਨਾ ਦੇਵੇ। (ਮੱਤੀ 6:13) ਅਸੀਂ ਇਸ ਬੁਰੀ ਦੁਨੀਆਂ ਵਿਚ ਵਫ਼ਾਦਾਰ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਪਰ ਸ਼ੈਤਾਨ ਯਹੋਵਾਹ ਨਾਲ ਸਾਡਾ ਰਿਸ਼ਤਾ ਤੋੜਨ ’ਤੇ ਤੁਲਿਆ ਹੋਇਆ ਹੈ। (ਅਫ਼. 6:12) ਉਹ ਇਸ ਦੁਨੀਆਂ ਦਾ ਈਸ਼ਵਰ ਹੈ ਅਤੇ ਸਾਡੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾਉਣਾ ਚੰਗੀ ਤਰ੍ਹਾਂ ਜਾਣਦਾ ਹੈ। ਉਹ ਸਾਨੂੰ ਲਾਲਚ ਦੇ ਕੇ ਆਪਣੇ ਜਾਲ਼ ਵਿਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ। (1 ਕੁਰਿੰ. 10:8, 13) ਮੰਨ ਲਓ ਕਿ ਤੁਹਾਨੂੰ ਗ਼ਲਤ ਕੰਮ ਕਰਨ ਦਾ ਮੌਕਾ ਮਿਲੇ, ਤਾਂ ਤੁਸੀਂ ਕੀ ਕਰੋਗੇ? ਕੀ ਤੁਸੀਂ ਏਸਾਓ ਵਾਂਗ ਜਲਦਬਾਜ਼ੀ ਨਾਲ ਗ਼ਲਤੀ ਕਰ ਬੈਠੋਗੇ? ਜਾਂ ਕੀ ਤੁਸੀਂ ਯਾਕੂਬ ਦੇ ਪੁੱਤਰ ਯੂਸੁਫ਼ ਵਾਂਗ ਗ਼ਲਤ ਕੰਮ ਕਰਨ ਤੋਂ ਪਿੱਛੇ ਹਟ ਜਾਓਗੇ ਜਿਸ ਨੂੰ ਪੋਟੀਫ਼ਰ ਦੀ ਪਤਨੀ ਨੇ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ?​—ਉਤਪਤ 39:10-12 ਪੜ੍ਹੋ।

13. (ੳ) ਅੱਜ ਕਈ ਭੈਣਾਂ-ਭਰਾਵਾਂ ਨੇ ਯੂਸੁਫ਼ ਦੀ ਰੀਸ ਕਿਵੇਂ ਕੀਤੀ ਹੈ ਤੇ ਕਈਆਂ ਨੇ ਏਸਾਓ ਦੀ? (ਅ) ਸਾਨੂੰ ਕੀ ਕਰਨ ਦੀ ਲੋੜ ਹੈ ਤਾਂਕਿ ਅਸੀਂ ਏਸਾਓ ਵਰਗੇ ਨਾ ਬਣੀਏ?

13 ਸਾਡੇ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਪਰੀਖਿਆਵਾਂ ਦੌਰਾਨ ਇਹ ਫ਼ੈਸਲਾ ਕਰਨਾ ਪਿਆ ਹੈ ਕਿ ਉਹ ਏਸਾਓ ਦੀ ਰੀਸ ਕਰਨਗੇ ਜਾਂ ਯੂਸੁਫ਼ ਦੀ। ਜ਼ਿਆਦਾਤਰ ਭੈਣ-ਭਰਾਵਾਂ ਨੇ ਸਹੀ ਕੰਮ ਕਰ ਕੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕੀਤਾ ਹੈ। (ਕਹਾ. 27:11) ਪਰ ਅਫ਼ਸੋਸ ਦੀ ਗੱਲ ਹੈ ਕਿ ਕੁਝ ਭੈਣਾਂ-ਭਰਾਵਾਂ ਨੇ ਏਸਾਓ ਵਾਂਗ ਗ਼ਲਤ ਫ਼ੈਸਲੇ ਕੀਤੇ ਅਤੇ ਯਹੋਵਾਹ ਵੱਲੋਂ ਮਿਲੀ ਵਿਰਾਸਤ ਨੂੰ ਦਾਅ ’ਤੇ ਲਾ ਦਿੱਤਾ। ਇਸੇ ਕਰਕੇ ਹਰ ਸਾਲ ਕਈਆਂ ਨੂੰ ਹਰਾਮਕਾਰੀ ਕਰਕੇ ਸਖ਼ਤ ਤਾੜਨਾ ਮਿਲਦੀ ਹੈ ਜਾਂ ਉਨ੍ਹਾਂ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਇਸ ਲਈ ਕਿੰਨਾ ਜ਼ਰੂਰੀ ਹੈ ਕਿ ਕਿਸੇ ਵੀ ਪਰੀਖਿਆ ਵਿਚ ਪੈਣ ਤੋਂ ਪਹਿਲਾਂ ਅਸੀਂ ਆਪਣੇ ਦਿਲ ਨੂੰ ਤਿਆਰ ਕਰੀਏ ਤਾਂਕਿ ਅਸੀਂ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਸਕੀਏ! (ਜ਼ਬੂ. 78:8) ਆਪਣੇ ਦਿਲ ਨੂੰ ਤਿਆਰ ਕਰਨ ਲਈ ਅਸੀਂ ਘੱਟੋ-ਘੱਟ ਦੋ ਕਦਮ ਚੁੱਕ ਸਕਦੇ ਹਾਂ ਤਾਂਕਿ ਅਸੀਂ ਪਰੀਖਿਆਵਾਂ ਦੌਰਾਨ ਵਫ਼ਾਦਾਰ ਰਹਿ ਸਕੀਏ ਤੇ ਸਹੀ ਫ਼ੈਸਲੇ ਕਰ ਸਕੀਏ।

ਸੋਚੋ ਤੇ ਪੱਕਾ ਇਰਾਦਾ ਕਰੋ

ਬਾਈਬਲ ਦੀ ਸਟੱਡੀ ਕਰ ਕੇ ਅਸੀਂ ਪਰੀਖਿਆਵਾਂ ਦਾ ਡਟ ਕੇ ਮੁਕਾਬਲਾ ਕਰ ਸਕਾਂਗੇ

14. ਕਿਨ੍ਹਾਂ ਸਵਾਲਾਂ ਬਾਰੇ ਸੋਚ ਕੇ ਅਸੀਂ “ਬੁਰਾਈ ਨਾਲ ਨਫ਼ਰਤ” ਤੇ “ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ” ਰੱਖ ਸਕਾਂਗੇ?

14 ਪਹਿਲਾ ਕਦਮ ਇਹ ਹੈ ਕਿ ਅਸੀਂ ਆਪਣੇ ਕੰਮਾਂ ਦੇ ਅੰਜਾਮ ਬਾਰੇ ਧਿਆਨ ਨਾਲ ਸੋਚੀਏ। ਅਸੀਂ ਜਿੰਨਾ ਜ਼ਿਆਦਾ ਯਹੋਵਾਹ ਨੂੰ ਪਿਆਰ ਕਰਦੇ ਹਾਂ, ਉੱਨਾ ਜ਼ਿਆਦਾ ਅਸੀਂ ਉਸ ਵੱਲੋਂ ਮਿਲੀਆਂ ਬਰਕਤਾਂ ਦੀ ਕਦਰ ਕਰਾਂਗੇ। ਜਦੋਂ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਉਸ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ। ਇਸ ਦੀ ਬਜਾਇ ਅਸੀਂ ਉਸ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਪਾਪ ਕਰਨ ਤੋਂ ਪਹਿਲਾਂ ਸਾਨੂੰ ਚੰਗੀ ਤਰ੍ਹਾਂ ਇਸ ਦੇ ਅੰਜਾਮਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਇਸ ਦਾ ਸਾਡੇ ’ਤੇ ਅਤੇ ਦੂਜਿਆਂ ’ਤੇ ਕੀ ਅਸਰ ਪਵੇਗਾ। ਤਾਂ ਫਿਰ ਖ਼ੁਦ ਨੂੰ ਪੁੱਛੋ: ‘ਇਸ ਦਾ ਯਹੋਵਾਹ ਨਾਲ ਮੇਰੇ ਰਿਸ਼ਤੇ ’ਤੇ ਕੀ ਅਸਰ ਪਵੇਗਾ? ਮੇਰੇ ਪਰਿਵਾਰ ’ਤੇ ਕੀ ਬੀਤੇਗੀ? ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਕਿੱਦਾਂ ਲੱਗੇਗਾ? ਕੀ ਮੈਂ ਕਿਸੇ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਖੜ੍ਹੀ ਕਰਾਂਗਾ?’ (ਫ਼ਿਲਿ. 1:10) ਇਹ ਵੀ ਪੁੱਛੋ: ‘ਕੀ ਮੈਂ ਕੁਝ ਪਲਾਂ ਦੇ ਮਜ਼ੇ ਦੀ ਭਾਰੀ ਕੀਮਤ ਚੁਕਾਉਣ ਲਈ ਤਿਆਰ ਹਾਂ? ਕੀ ਮੈਂ ਏਸਾਓ ਵਾਂਗ ਬਣਨਾ ਚਾਹੁੰਦਾ ਹਾਂ ਜਿਸ ਨੇ ਰੋ-ਰੋ ਕੇ ਆਪਣੇ ਪਾਪ ਦੀ ਸਜ਼ਾ ਭੁਗਤੀ ਸੀ?’ (ਇਬ. 12:17) ਇਨ੍ਹਾਂ ਸਵਾਲਾਂ ਬਾਰੇ ਸੋਚ ਕੇ ਅਸੀਂ “ਬੁਰਾਈ ਨਾਲ ਨਫ਼ਰਤ” ਤੇ “ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ” ਰੱਖ ਸਕਾਂਗੇ। (ਰੋਮੀ. 12:9) ਜਦੋਂ ਅਸੀਂ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਹਾਂ, ਤਾਂ ਅਸੀਂ ਉਸ ਵੱਲੋਂ ਮਿਲੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਦੀ ਹਰ ਕੋਸ਼ਿਸ਼ ਕਰਾਂਗੇ।​—ਜ਼ਬੂ. 73:28.

15. ਪਰੀਖਿਆਵਾਂ ਦੌਰਾਨ ਵਫ਼ਾਦਾਰ ਰਹਿਣ ਲਈ ਤੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ?

15 ਦੂਜਾ ਕਦਮ ਇਹ ਹੈ ਕਿ ਅਸੀਂ ਸਹੀ ਕੰਮ ਕਰਨ ਦਾ ਪੱਕਾ ਇਰਾਦਾ ਕਰੀਏ। ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਬਣਾਈ ਰੱਖਣ ਤੇ ਪਰੀਖਿਆਵਾਂ ਦੌਰਾਨ ਵਫ਼ਾਦਾਰ ਰਹਿਣ ਲਈ ਉਸ ਨੇ ਸਾਡੇ ਲਈ ਬਹੁਤ ਸਾਰੇ ਇੰਤਜ਼ਾਮ ਕੀਤੇ ਹਨ ਜਿਵੇਂ ਕਿ ਬਾਈਬਲ ਸਟੱਡੀ, ਮੀਟਿੰਗਾਂ, ਪ੍ਰਚਾਰ ਤੇ ਪ੍ਰਾਰਥਨਾ। (1 ਕੁਰਿੰ. 15:58) ਜਦੋਂ ਅਸੀਂ ਯਹੋਵਾਹ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕਰਦੇ ਹਾਂ ਅਤੇ ਪ੍ਰਚਾਰ ਵਿਚ ਮਿਹਨਤ ਕਰਦੇ ਹਾਂ, ਤਾਂ ਸਾਡਾ ਇਰਾਦਾ ਹੋਰ ਵੀ ਪੱਕਾ ਹੁੰਦਾ ਹੈ ਕਿ ਅਸੀਂ ਪਰੀਖਿਆਵਾਂ ਦਾ ਡਟ ਕੇ ਮੁਕਾਬਲਾ ਕਰੀਏ। (1 ਤਿਮੋਥਿਉਸ 6:12, 19 ਪੜ੍ਹੋ।) ਜੇ ਅਸੀਂ ਸਹੀ ਕੰਮ ਕਰਨੇ ਚਾਹੁੰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੀ ਸੇਵਾ ਵਿਚ ਪੂਰੀ ਵਾਹ ਲਾਉਣੀ ਚਾਹੀਦੀ ਹੈ। (ਗਲਾ. 6:7) ਇਸ ਬਾਰੇ ਕਹਾਉਤਾਂ ਦੀ ਕਿਤਾਬ ਦੇ ਦੂਜੇ ਅਧਿਆਇ ਵਿਚ ਦੱਸਿਆ ਗਿਆ ਹੈ।

‘ਉਹ ਦੀ ਭਾਲ ਕਰਦੇ ਰਹੋ’

16, 17. ਸਹੀ ਫ਼ੈਸਲੇ ਕਰਨ ਵਿਚ ਸਾਡੀ ਕਿਵੇਂ ਮਦਦ ਹੋ ਸਕਦੀ ਹੈ?

16 ਕਹਾਉਤਾਂ ਦੀ ਕਿਤਾਬ ਦਾ ਦੂਜਾ ਅਧਿਆਇ ਦੱਸਦਾ ਹੈ ਕਿ ਅਸੀਂ ਬੁੱਧ ਤੋਂ ਇਲਾਵਾ ਸੋਚਣ-ਸਮਝਣ ਦੀ ਕਾਬਲੀਅਤ ਕਿਵੇਂ ਹਾਸਲ ਕਰ ਸਕਦੇ ਹਾਂ। ਬੁੱਧ ਤੇ ਸੋਚਣ-ਸਮਝਣ ਦੀ ਕਾਬਲੀਅਤ ਨਾਲ ਅਸੀਂ ਸਹੀ ਤੇ ਗ਼ਲਤ ਵਿਚ ਫ਼ਰਕ ਦੇਖ ਸਕਾਂਗੇ ਅਤੇ ਗ਼ਲਤ ਕੰਮ ਕਰਨ ਦੀ ਬਜਾਇ ਆਪਣੀਆਂ ਗ਼ਲਤ ਇੱਛਾਵਾਂ ’ਤੇ ਕਾਬੂ ਪਾ ਸਕਾਂਗੇ। ਪਰ ਇੱਦਾਂ ਤਾਂ ਹੀ ਹੋਵੇਗਾ ਜੇ ਅਸੀਂ ਆਪਣੇ ਵੱਲੋਂ ਪੂਰੀ ਮਿਹਨਤ ਕਰਾਂਗੇ। ਬਾਈਬਲ ਦੱਸਦੀ ਹੈ: “ਹੇ ਮੇਰੇ ਪੁੱਤ੍ਰ, ਜੇ ਤੂੰ ਮੇਰੇ ਆਖੇ ਲੱਗੇਂ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇਂ, ਭਈ ਬੁੱਧ ਵੱਲ ਕੰਨ ਲਾਵੇਂ, ਅਤੇ ਸਮਝ ਉੱਤੇ ਚਿੱਤ ਲਾਵੇਂ,—ਹਾਂ, ਜੇ ਤੂੰ ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ, ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ, ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਿਨੱਕਲਦੀ ਹੈ।”​—ਕਹਾ. 2:1-6.

17 ਕਹਾਉਤਾਂ ਵਿਚ ਦਿੱਤੀ ਸਲਾਹ ਨੂੰ ਮੰਨ ਕੇ ਅਸੀਂ ਸਹੀ ਫ਼ੈਸਲੇ ਕਰ ਪਾਵਾਂਗੇ। ਜੇ ਅਸੀਂ ਪਰਮੇਸ਼ੁਰ ਦੀ ਸਲਾਹ ਮੁਤਾਬਕ ਖ਼ੁਦ ਵਿਚ ਤਬਦੀਲੀਆਂ ਕਰੀਏ, ਅਗਵਾਈ ਲਈ ਉਸ ਨੂੰ ਦਿਲੋਂ ਪ੍ਰਾਰਥਨਾ ਕਰੀਏ ਅਤੇ ਪਰਮੇਸ਼ੁਰ ਦੇ ਗਿਆਨ ਦੀ ਗੁਪਤ ਖ਼ਜ਼ਾਨੇ ਵਾਂਗ ਖੋਜ ਕਰਦੇ ਰਹੀਏ, ਤਾਂ ਅਸੀਂ ਪਰੀਖਿਆਵਾਂ ਦਾ ਡਟ ਕੇ ਮੁਕਾਬਲਾ ਕਰ ਸਕਾਂਗੇ।

18. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ ਤੇ ਕਿਉਂ?

18 ਯਹੋਵਾਹ ਉਨ੍ਹਾਂ ਨੂੰ ਗਿਆਨ, ਸਮਝ ਤੇ ਬੁੱਧ ਦਿੰਦਾ ਹੈ ਜੋ ਇਸ ਦੀ ਬੜੀ ਮਿਹਨਤ ਨਾਲ ਭਾਲ ਕਰਦੇ ਹਨ। ਜਿੰਨਾ ਜ਼ਿਆਦਾ ਅਸੀਂ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਾਂਗੇ ਉੱਨਾ ਹੀ ਪੱਕਾ ਯਹੋਵਾਹ ਨਾਲ ਸਾਡਾ ਰਿਸ਼ਤਾ ਹੋਵੇਗਾ। ਇਹ ਰਿਸ਼ਤਾ ਪਰੀਖਿਆਵਾਂ ਦੌਰਾਨ ਸਾਡੀ ਮਦਦ ਕਰੇਗਾ। ਜੇ ਅਸੀਂ ਯਹੋਵਾਹ ਦੇ ਨੇੜੇ ਰਹਾਂਗੇ, ਤਾਂ ਅਸੀਂ ਉਸ ਨੂੰ ਕਦੇ ਨਾਰਾਜ਼ ਨਹੀਂ ਕਰਨਾ ਚਾਹਾਂਗੇ ਤੇ ਗ਼ਲਤ ਕੰਮ ਕਰਨ ਤੋਂ ਦੂਰ ਰਹਾਂਗੇ। (ਜ਼ਬੂ. 25:14; ਯਾਕੂ. 4:8) ਆਓ ਆਪਾਂ ਯਹੋਵਾਹ ਨਾਲ ਆਪਣਾ ਰਿਸ਼ਤਾ ਪੱਕਾ ਕਰੀਏ ਤੇ ਉਸ ਦੀ ਬੁੱਧ ਮੁਤਾਬਕ ਚੱਲੀਏ। ਫਿਰ ਅਸੀਂ ਅਜਿਹੇ ਫ਼ੈਸਲੇ ਕਰਾਂਗੇ ਜਿਨ੍ਹਾਂ ਨਾਲ ਯਹੋਵਾਹ ਦਾ ਦਿਲ ਖ਼ੁਸ਼ ਹੋਵੇਗਾ ਤੇ ਅਸੀਂ ਉਸ ਵੱਲੋਂ ਮਿਲੀ ਵਿਰਾਸਤ ਨੂੰ ਸੰਭਾਲ ਸਕਾਂਗੇ।