Skip to content

Skip to table of contents

ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣੋ!

ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣੋ!

“ਤੂੰ ਆਪਣੀ ਸਲਾਹ ਨਾਲ ਮੇਰੀ ਅਗਵਾਈ ਕਰੇਂਗਾ, ਅਤੇ ਅੰਤ ਵਿਚ ਮੈਨੂੰ ਆਦਰ ਨਾਲ ਸਵੀਕਾਰ ਕਰੇਂਗਾ।”​—ਭਜਨ 73:24, CL.

1, 2. (ੳ) ਯਹੋਵਾਹ ਨਾਲ ਆਪਣਾ ਰਿਸ਼ਤਾ ਪੱਕਾ ਕਰਨ ਲਈ ਕੀ ਕਰਨਾ ਜ਼ਰੂਰੀ ਹੈ? (ਅ) ਬਾਈਬਲ ਵਿਚ ਉਨ੍ਹਾਂ ਬਾਰੇ ਪੜ੍ਹ ਕੇ ਸਾਨੂੰ ਕੀ ਫ਼ਾਇਦਾ ਹੋਵੇਗਾ ਜਿਨ੍ਹਾਂ ਨੂੰ ਯਹੋਵਾਹ ਨੇ ਤਾੜਨਾ ਦਿੱਤੀ ਸੀ?

“ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, ਮੈਂ ਪ੍ਰਭੁ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ।” (ਜ਼ਬੂ. 73:28) ਇਹ ਗੱਲ ਕਹਿ ਕੇ ਜ਼ਬੂਰਾਂ ਦੇ ਲਿਖਾਰੀ ਨੇ ਦਿਖਾਇਆ ਕਿ ਉਸ ਨੂੰ ਯਹੋਵਾਹ ’ਤੇ ਪੂਰਾ ਭਰੋਸਾ ਸੀ। ਪਰ ਉਸ ਨੇ ਇਹ ਗੱਲ ਕਿਉਂ ਕਹੀ ਸੀ? ਜਦ ਉਸ ਨੇ ਦੇਖਿਆ ਕਿ ਬੁਰੇ ਲੋਕ ਸੁਖੀ ਜ਼ਿੰਦਗੀ ਜੀ ਰਹੇ ਸਨ, ਤਾਂ ਉਸ ਦਾ ਮਨ ਬਹੁਤ ਦੁਖੀ ਹੋਇਆ। ਉਸ ਨੇ ਕਿਹਾ: “ਸੱਚ ਮੁੱਚ ਮੈਂ ਅਵਿਰਥਾ ਆਪਣੇ ਦਿਲ ਨੂੰ ਸ਼ੁੱਧ ਕੀਤਾ ਹੈ, ਅਤੇ ਨਿਰਮਲਤਾਈ ਵਿੱਚ ਆਪਣੇ ਹੱਥ ਧੋਤੇ ਹਨ।” (ਜ਼ਬੂ. 73:2, 3, 13, 21) ਪਰ ਜਦ ਉਹ “ਪਰਮੇਸ਼ੁਰ ਦੇ ਪਵਿੱਤਰ ਅਸਥਾਨ” ਵਿਚ ਗਿਆ, ਤਾਂ ਉਸ ਦੀ ਸੋਚਣੀ ਸੁਧਾਰੀ ਗਈ ਤੇ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਹੋਰ ਮਜ਼ਬੂਤ ਹੋਇਆ। (ਜ਼ਬੂ. 73:16-18) ਪਰਮੇਸ਼ੁਰ ਦੇ ਇਸ ਭਗਤ ਨੇ ਇਕ ਅਹਿਮ ਸਬਕ ਸਿੱਖਿਆ: ਯਹੋਵਾਹ ਨਾਲ ਆਪਣਾ ਰਿਸ਼ਤਾ ਪੱਕਾ ਕਰਨ ਲਈ ਜ਼ਰੂਰੀ ਹੈ ਕਿ ਉਹ ਪਰਮੇਸ਼ੁਰ ਦੇ ਲੋਕਾਂ ਨਾਲ ਮਿਲ ਕੇ ਉਸ ਦੀ ਭਗਤੀ ਕਰੇ ਅਤੇ ਉਸ ਦੀ ਸਲਾਹ ਮੰਨੇ।​—ਜ਼ਬੂ. 73:24.

2 ਅਸੀਂ ਵੀ ਚਾਹੁੰਦੇ ਹਾਂ ਕਿ ਜੀਉਂਦੇ ਤੇ ਸੱਚੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਪੱਕਾ ਹੋਵੇ। ਇਸ ਲਈ ਅਹਿਮ ਹੈ ਕਿ ਅਸੀਂ ਉਸ ਦੀ ਸਲਾਹ ਜਾਂ ਅਨੁਸ਼ਾਸਨ ਕਬੂਲ ਕਰ ਕੇ ਅਜਿਹੇ ਇਨਸਾਨ ਬਣੀਏ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਲੋਕਾਂ ਅਤੇ ਕੌਮਾਂ ’ਤੇ ਦਇਆ ਕੀਤੀ ਤੇ ਉਨ੍ਹਾਂ ਨੂੰ ਉਸ ਦੀ ਤਾੜਨਾ ਕਬੂਲ ਕਰਨ ਦਾ ਮੌਕਾ ਦਿੱਤਾ। ਇਹ ਗੱਲਾਂ ਬਾਈਬਲ ਵਿਚ “ਸਾਨੂੰ ਸਿੱਖਿਆ ਦੇਣ ਲਈ” ਅਤੇ “ਸਾਨੂੰ ਚੇਤਾਵਨੀ ਦੇਣ ਲਈ ਲਿਖੀਆਂ ਗਈਆਂ ਸਨ ਜਿਨ੍ਹਾਂ ਉੱਤੇ ਯੁਗਾਂ ਦੇ ਅੰਤ ਆ ਗਏ ਹਨ।” (ਰੋਮੀ. 15:4; 1 ਕੁਰਿੰ. 10:11) ਬਾਈਬਲ ਵਿੱਚੋਂ ਇਹ ਗੱਲਾਂ ਧਿਆਨ ਨਾਲ ਪੜ੍ਹ ਕੇ ਅਸੀਂ ਦੇਖ ਸਕਾਂਗੇ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ ਤੇ ਉਸ ਦੇ ਹੱਥਾਂ ਵਿਚ ਢਲ਼ਣ ਦੇ ਸਾਨੂੰ ਕੀ ਫ਼ਾਇਦੇ ਹਨ।

ਯਹੋਵਾਹ ਆਪਣਾ ਅਧਿਕਾਰ ਇਕ ਘੁਮਿਆਰ ਵਾਂਗ ਵਰਤਦਾ ਹੈ

3. ਯਸਾਯਾਹ 64:8 ਅਤੇ ਯਿਰਮਿਯਾਹ 18:1-6 ਵਿਚ ਕਿਵੇਂ ਦਿਖਾਇਆ ਗਿਆ ਹੈ ਕਿ ਲੋਕਾਂ ’ਤੇ ਯਹੋਵਾਹ ਦਾ ਅਧਿਕਾਰ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

3 ਬਾਈਬਲ ਕਹਿੰਦੀ ਹੈ ਕਿ ਯਹੋਵਾਹ ਇਕ ਘੁਮਿਆਰ ਵਾਂਗ ਹੈ ਕਿਉਂਕਿ ਉਹ ਲੋਕਾਂ ਅਤੇ ਕੌਮਾਂ ਉੱਤੇ ਅਧਿਕਾਰ ਰੱਖਦਾ ਹੈ। ਯਸਾਯਾਹ 64:8 ਵਿਚ ਲਿਖਿਆ ਹੈ: “ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸੱਭੇ ਤੇਰੀ ਦਸਤਕਾਰੀ ਹਾਂ।” ਇਕ ਘੁਮਿਆਰ ਨੂੰ ਮਿੱਟੀ ਉੱਤੇ ਪੂਰਾ ਅਧਿਕਾਰ ਹੁੰਦਾ ਹੈ ਕਿ ਉਹ ਉਸ ਨੂੰ ਕਿਸ ਤਰ੍ਹਾਂ ਦੀ ਸ਼ਕਲ ਦੇਵੇਗਾ। ਇਸ ਲਈ ਮਿੱਟੀ ਇਹ ਨਹੀਂ ਕਹਿ ਸਕਦੀ: ‘ਤੂੰ ਮੈਨੂੰ ਇੱਦਾਂ ਕਿਉਂ ਬਣਾਇਆ ਹੈ?’ ਇਸੇ ਤਰ੍ਹਾਂ ਇਨਸਾਨ ਦਾ ਪਰਮੇਸ਼ੁਰ ਨੂੰ ਦੱਸਣ ਦਾ ਕੋਈ ਹੱਕ ਨਹੀਂ ਕਿ ਉਹ ਉਸ ਨੂੰ ਕਿਵੇਂ ਢਾਲ਼ੇ।​—ਯਿਰਮਿਯਾਹ 18:1-6 ਪੜ੍ਹੋ।

4. ਕੀ ਯਹੋਵਾਹ ਲੋਕਾਂ ਜਾਂ ਕੌਮਾਂ ਨੂੰ ਉਸ ਦਾ ਕਹਿਣਾ ਮੰਨਣ ਲਈ ਮਜਬੂਰ ਕਰਦਾ ਹੈ? ਸਮਝਾਓ।

4 ਯਹੋਵਾਹ ਨੇ ਇਜ਼ਰਾਈਲ ਕੌਮ ਨੂੰ ਉਸ ਤਰ੍ਹਾਂ ਢਾਲ਼ਿਆ ਜਿਵੇਂ ਇਕ ਘੁਮਿਆਰ ਮਿੱਟੀ ਨੂੰ ਢਾਲ਼ਦਾ ਹੈ। ਪਰ ਯਹੋਵਾਹ ਤੇ ਇਕ ਘੁਮਿਆਰ ਵਿਚ ਕੀ ਫ਼ਰਕ ਹੈ? ਇਕ ਘੁਮਿਆਰ ਆਪਣੀ ਮਰਜ਼ੀ ਨਾਲ ਕਿਸੇ ਵੀ ਤਰ੍ਹਾਂ ਦਾ ਭਾਂਡਾ ਬਣਾ ਸਕਦਾ ਹੈ। ਪਰ ਯਹੋਵਾਹ ਨੇ ਲੋਕਾਂ ਅਤੇ ਕੌਮਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ। ਉਹ ਕੁਝ ਲੋਕਾਂ ਨੂੰ ਚੰਗੇ ਤੇ ਦੂਜਿਆਂ ਨੂੰ ਬੁਰੇ ਨਹੀਂ ਬਣਾਉਂਦਾ। ਨਾਲੇ ਉਹ ਆਪਣਾ ਅਧਿਕਾਰ ਵਰਤ ਕੇ ਕਿਸੇ ਨੂੰ ਉਸ ਦਾ ਕਹਿਣਾ ਮੰਨਣ ਲਈ ਮਜਬੂਰ ਨਹੀਂ ਕਰਦਾ। ਇਸ ਦੀ ਬਜਾਇ ਇਨਸਾਨਾਂ ਨੂੰ ਖ਼ੁਦ ਫ਼ੈਸਲਾ ਕਰਨਾ ਪੈਂਦਾ ਹੈ ਕਿ ਉਹ ਆਪਣੇ ਕਰਤਾਰ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣਨਗੇ ਜਾਂ ਨਹੀਂ।​—ਯਿਰਮਿਯਾਹ 18:7-10 ਪੜ੍ਹੋ।

5. ਯਹੋਵਾਹ ਉਦੋਂ ਆਪਣਾ ਅਧਿਕਾਰ ਕਿਵੇਂ ਵਰਤਦਾ ਹੈ ਜਦੋਂ ਲੋਕ ਉਸ ਦੇ ਹੱਥਾਂ ਵਿਚ ਢਲ਼ਣ ਤੋਂ ਇਨਕਾਰ ਕਰਦੇ ਹਨ?

5 ਯਹੋਵਾਹ ਉਦੋਂ ਆਪਣਾ ਅਧਿਕਾਰ ਕਿਵੇਂ ਵਰਤਦਾ ਹੈ ਜਦੋਂ ਆਕੜਬਾਜ਼ ਇਨਸਾਨ ਉਸ ਦੇ ਹੱਥਾਂ ਵਿਚ ਢਲ਼ਣ ਤੋਂ ਇਨਕਾਰ ਕਰਦੇ ਹਨ? ਜੇ ਘੁਮਿਆਰ ਲਈ ਮਿੱਟੀ ਤੋਂ ਇਕ ਤਰ੍ਹਾਂ ਦਾ ਭਾਂਡਾ ਬਣਾਉਣਾ ਮੁਸ਼ਕਲ ਹੁੰਦਾ ਹੈ, ਤਾਂ ਉਹ ਕੀ ਕਰਦਾ ਹੈ? ਉਹ ਜਾਂ ਤਾਂ ਮਿੱਟੀ ਤੋਂ ਕੋਈ ਹੋਰ ਭਾਂਡਾ ਬਣਾ ਲੈਂਦਾ ਹੈ ਜਾਂ ਉਸ ਨੂੰ ਸੁੱਟ ਦਿੰਦਾ ਹੈ! ਜਦ ਮਿੱਟੀ ਕਿਸੇ ਕੰਮ ਦੀ ਨਹੀਂ ਹੁੰਦੀ, ਤਾਂ ਆਮ ਕਰਕੇ ਕਸੂਰ ਘੁਮਿਆਰ ਦਾ ਹੁੰਦਾ ਹੈ। ਪਰ ਇਹ ਯਹੋਵਾਹ ਬਾਰੇ ਨਹੀਂ ਕਿਹਾ ਜਾ ਸਕਦਾ। (ਬਿਵ. 32:4) ਜਦ ਕੋਈ ਇਨਸਾਨ ਖ਼ੁਦ ਨੂੰ ਯਹੋਵਾਹ ਦੇ ਕਹਿਣੇ ਮੁਤਾਬਕ ਨਹੀਂ ਬਦਲਦਾ, ਤਾਂ ਕਸੂਰ ਹਮੇਸ਼ਾ ਉਸ ਇਨਸਾਨ ਦਾ ਹੁੰਦਾ ਹੈ। ਯਹੋਵਾਹ ਸਿਰਫ਼ ਉਨ੍ਹਾਂ ਲੋਕਾਂ ਨੂੰ ਢਾਲ਼ਦਾ ਹੈ ਜੋ ਉਸ ਦੇ ਹੱਥਾਂ ਵਿਚ ਨਰਮ ਮਿੱਟੀ ਵਾਂਗ ਢਲ਼ਣ ਲਈ ਤਿਆਰ ਹਨ। ਜਦ ਉਹ ਯਹੋਵਾਹ ਦਾ ਕਹਿਣਾ ਮੰਨਦੇ ਹਨ, ਤਾਂ ਉਹ ਉਸ ਦੇ ਕੰਮ ਆ ਸਕਦੇ ਹਨ। ਮਿਸਾਲ ਲਈ, ਚੁਣੇ ਹੋਏ ਮਸੀਹੀ “ਦਇਆ ਦੇ ਭਾਂਡਿਆਂ ਵਰਗੇ ਹਨ” ਜੋ “ਆਦਰ ਦੇ ਕੰਮ ਲਈ” ਬਣਾਏ ਗਏ ਹਨ। ਦੂਜੇ ਪਾਸੇ, ਜਿਹੜੇ ਲੋਕ ਜ਼ਿੱਦੀ ਬਣ ਕੇ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ ਉਹ “ਉਨ੍ਹਾਂ ਭਾਂਡਿਆਂ ਵਰਗੇ ਹਨ ਜਿਨ੍ਹਾਂ ਉੱਤੇ ਉਸ ਦਾ ਕ੍ਰੋਧ ਭੜਕੇਗਾ ਅਤੇ ਜਿਹੜੇ ਨਾਸ਼ ਹੋਣ ਦੇ ਲਾਇਕ ਹਨ।”​—ਰੋਮੀ. 9:19-23.

6, 7. ਤਾੜਨਾ ਮਿਲਣ ਤੇ ਰਾਜਾ ਦਾਊਦ ਤੇ ਰਾਜਾ ਸ਼ਾਊਲ ਨੇ ਕੀ ਕੀਤਾ ਸੀ?

 6 ਯਹੋਵਾਹ ਲੋਕਾਂ ਨੂੰ ਕਿੱਦਾਂ ਢਾਲ਼ਦਾ ਹੈ? ਇਕ ਤਰੀਕਾ ਹੈ ਕਿ ਉਹ ਉਨ੍ਹਾਂ ਨੂੰ ਸਲਾਹ ਜਾਂ ਅਨੁਸ਼ਾਸਨ ਦਿੰਦਾ ਹੈ। ਇਸ ਦੀ ਮਿਸਾਲ ਇਜ਼ਰਾਈਲ ਦੇ ਪਹਿਲੇ ਦੋ ਰਾਜਿਆਂ, ਸ਼ਾਊਲ ਤੇ ਦਾਊਦ, ਤੋਂ ਦੇਖੀ ਜਾ ਸਕਦੀ ਹੈ। ਜਦ ਰਾਜਾ ਦਾਊਦ ਨੇ ਬਥ-ਸ਼ਬਾ ਨਾਲ ਹਰਾਮਕਾਰੀ ਕੀਤੀ ਸੀ, ਤਾਂ ਉਸ ਲਈ ਤੇ ਹੋਰਨਾਂ ਲਈ ਇਸ ਦਾ ਅੰਜਾਮ ਬਹੁਤ ਬੁਰਾ ਨਿਕਲਿਆ। ਭਾਵੇਂ ਦਾਊਦ ਰਾਜਾ ਸੀ, ਫਿਰ ਵੀ ਯਹੋਵਾਹ ਉਸ ਨੂੰ ਸਖ਼ਤ ਤਾੜਨਾ ਦੇਣ ਤੋਂ ਪਿੱਛੇ ਨਹੀਂ ਹਟਿਆ ਤੇ ਉਸ ਨੇ ਨਾਥਾਨ ਨਬੀ ਨੂੰ ਦਾਊਦ ਕੋਲ ਭੇਜਿਆ। (2 ਸਮੂ. 12:1-12) ਤਾੜਨਾ ਸੁਣ ਕੇ ਦਾਊਦ ਨੂੰ ਕਿੱਦਾਂ ਲੱਗਾ? ਉਸ ਦਾ ਦਿਲ ਚੀਰਿਆ ਗਿਆ ਅਤੇ ਉਸ ਨੇ ਤੋਬਾ ਕੀਤੀ। ਇਸ ਕਰਕੇ ਪਰਮੇਸ਼ੁਰ ਨੇ ਉਸ ’ਤੇ ਰਹਿਮ ਕੀਤਾ।​—2 ਸਮੂਏਲ 12:13 ਪੜ੍ਹੋ।

 7 ਹੁਣ ਜ਼ਰਾ ਰਾਜਾ ਸ਼ਾਊਲ ਬਾਰੇ ਸੋਚੋ। ਯਹੋਵਾਹ ਨੇ ਸਮੂਏਲ ਨਬੀ ਰਾਹੀਂ ਸ਼ਾਊਲ ਨੂੰ ਸਾਫ਼ ਹੁਕਮ ਦਿੱਤਾ ਸੀ ਕਿ ਉਹ ਸਾਰੇ ਅਮਾਲੇਕੀਆਂ ਅਤੇ ਉਨ੍ਹਾਂ ਦੇ ਜਾਨਵਰਾਂ ਨੂੰ ਖ਼ਤਮ ਕਰ ਦੇਵੇ। ਪਰ ਸ਼ਾਊਲ ਨੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਉਸ ਨੇ ਰਾਜਾ ਅਗਾਗ ਦੀ ਜਾਨ ਬਖ਼ਸ਼ੀ ਅਤੇ ਚੰਗੇ-ਚੰਗੇ ਜਾਨਵਰਾਂ ਨੂੰ ਵੀ ਬਚਾ ਕੇ ਰੱਖਿਆ। ਕਿਉਂ? ਕਿਉਂਕਿ ਉਹ ਚਾਹੁੰਦਾ ਸੀ ਕਿ ਲੋਕ ਉਸ ਦੀ ਵਾਹ-ਵਾਹ ਕਰਨ। (1 ਸਮੂ. 15:1-3, 7-9, 12) ਜਦ ਸ਼ਾਊਲ ਨੂੰ ਤਾੜਨਾ ਮਿਲੀ, ਤਾਂ ਉਸ ਨੂੰ ਆਪਣਾ ਦਿਲ ਨਰਮ ਕਰ ਕੇ ਤਾੜਨਾ ਕਬੂਲ ਕਰ ਲੈਣੀ ਚਾਹੀਦੀ ਸੀ। ਪਰ ਉਸ ਨੇ ਖ਼ੁਦ ਨੂੰ ਯਹੋਵਾਹ ਦੇ ਹੱਥਾਂ ਵਿਚ ਸੌਂਪਣ ਦੀ ਬਜਾਇ ਬਹਾਨੇ ਬਣਾਏ। ਉਸ ਨੇ ਆਪਣੇ ਗ਼ਲਤ ਕੰਮਾਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਅਤੇ ਸਮੂਏਲ ਰਾਹੀਂ ਦਿੱਤੀ ਯਹੋਵਾਹ ਦੀ ਸਲਾਹ ਨੂੰ ਐਵੇਂ ਸਮਝਿਆ। ਉਸ ਨੇ ਕਿਹਾ ਕਿ ਇਹ ਜਾਨਵਰ ਯਹੋਵਾਹ ਨੂੰ ਚੜ੍ਹਾਏ ਜਾ ਸਕਦੇ ਸਨ। ਯਹੋਵਾਹ ਨੇ ਸ਼ਾਊਲ ਨੂੰ ਰਾਜੇ ਵਜੋਂ ਠੁਕਰਾ ਦਿੱਤਾ। ਯਹੋਵਾਹ ਨਾਲ ਉਸ ਦਾ ਰਿਸ਼ਤਾ ਟੁੱਟ ਗਿਆ ਤੇ ਉਸ ਨੇ ਦੁਬਾਰਾ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਕਦੀ ਨਹੀਂ ਜੋੜਿਆ।​—1 ਸਮੂਏਲ 15:13-15, 20-23 ਪੜ੍ਹੋ।

ਸ਼ਾਊਲ ਨੇ ਬਹਾਨੇ ਬਣਾਏ ਤੇ ਸਲਾਹ ਨੂੰ ਐਵੇਂ ਸਮਝਿਆ। ਉਹ ਸਖ਼ਤ ਮਿੱਟੀ ਵਾਂਗ ਸੀ। ( ਪੈਰਾ 7 ਦੇਖੋ)

ਦਾਊਦ ਦਾ ਦਿਲ ਚੀਰਿਆ ਗਿਆ ਤੇ ਉਸ ਨੇ ਸਲਾਹ ਕਬੂਲ ਕੀਤੀ। ਉਹ ਨਰਮ ਮਿੱਟੀ ਵਾਂਗ ਸੀ। ਤੁਸੀਂ ਕਿਸ ਵਾਂਗ ਹੋ?

( ਪੈਰਾ 6 ਦੇਖੋ)

ਪਰਮੇਸ਼ੁਰ ਪੱਖਪਾਤ ਨਹੀਂ ਕਰਦਾ

8. ਅਸੀਂ ਇਜ਼ਰਾਈਲ ਕੌਮ ਤੋਂ ਕੀ ਸਿੱਖਦੇ ਹਾਂ?

8 ਯਹੋਵਾਹ ਨਾ ਸਿਰਫ਼ ਲੋਕਾਂ, ਸਗੋਂ ਕੌਮਾਂ ਨੂੰ ਵੀ ਉਸ ਦਾ ਕਹਿਣਾ ਮੰਨਣ ਦਾ ਮੌਕਾ ਦਿੰਦਾ ਹੈ। ਸਾਲ 1513 ਈਸਵੀ ਪੂਰਵ ਵਿਚ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾ ਕੇ ਉਨ੍ਹਾਂ ਨਾਲ ਖ਼ਾਸ ਰਿਸ਼ਤਾ ਜੋੜਿਆ। ਇਜ਼ਰਾਈਲ ਉਸ ਦੀ ਚੁਣੀ ਹੋਈ ਕੌਮ ਸੀ ਤੇ ਪਰਮੇਸ਼ੁਰ ਉਨ੍ਹਾਂ ਨੂੰ ਨਰਮ ਮਿੱਟੀ ਵਾਂਗ ਢਾਲ਼ਣਾ ਚਾਹੁੰਦਾ ਸੀ। ਪਰ ਲੋਕਾਂ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਸਨ। ਉਨ੍ਹਾਂ ਨੇ ਆਲੇ-ਦੁਆਲੇ ਦੀਆਂ ਕੌਮਾਂ ਦੇ ਦੇਵੀ-ਦੇਵਤਿਆਂ ਦੀ ਪੂਜਾ ਵੀ ਕੀਤੀ। ਯਹੋਵਾਹ ਨੇ ਵਾਰ-ਵਾਰ ਉਨ੍ਹਾਂ ਕੋਲ ਆਪਣੇ ਨਬੀ ਭੇਜੇ ਤਾਂਕਿ ਲੋਕ ਆਪਣੇ ਬੁਰੇ ਰਾਹਾਂ ਤੋਂ ਮੁੜਨ, ਪਰ ਇਜ਼ਰਾਈਲੀਆਂ ਨੇ ਉਸ ਦੀ ਇਕ ਨਾ ਸੁਣੀ। (ਯਿਰ. 35:12-15) ਉਨ੍ਹਾਂ ਦੇ ਜ਼ਿੱਦੀ ਸੁਭਾਅ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਸਖ਼ਤ ਤਾੜਨਾ ਦਿੱਤੀ। ਪਰ ਅਫ਼ਸੋਸ ਦੀ ਗੱਲ ਹੈ ਕਿ ਉਹ ਅਜਿਹੇ ਭਾਂਡੇ ਸਾਬਤ ਹੋਏ ਜੋ ਨਾਸ਼ ਕਰਨ ਦੇ ਲਾਇਕ ਸਨ! ਇਸ ਲਈ ਅੱਸ਼ੂਰੀਆਂ ਨੇ ਇਜ਼ਰਾਈਲ ਦੇ ਉੱਤਰੀ ਰਾਜ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਤੇ ਬਾਅਦ ਵਿਚ ਯਹੂਦਾਹ ਦੇ ਦੱਖਣੀ ਰਾਜ ਨੂੰ ਬਾਬਲੀਆਂ ਦੇ ਹੱਥੋਂ ਸਜ਼ਾ ਭੁਗਤਣੀ ਪਈ। ਅਸੀਂ ਇਸ ਤੋਂ ਵੱਡਾ ਸਬਕ ਸਿੱਖਦੇ ਹਾਂ। ਯਹੋਵਾਹ ਸਾਨੂੰ ਤਦ ਹੀ ਢਾਲ਼ ਸਕਦਾ ਹੈ ਜੇ ਅਸੀਂ ਉਸ ਦੇ ਹੱਥਾਂ ਵਿਚ ਨਰਮ ਮਿੱਟੀ ਬਣੀਏ।

9, 10. ਨੀਨਵਾਹ ਦੇ ਲੋਕਾਂ ਨੇ ਚੇਤਾਵਨੀ ਮਿਲਣ ਤੇ ਕੀ ਕੀਤਾ ਸੀ?

9 ਆਓ ਆਪਾਂ ਅੱਸ਼ੂਰ ਦੇ ਨੀਨਵਾਹ ਸ਼ਹਿਰ ਦੇ ਲੋਕਾਂ ਦੀ ਮਿਸਾਲ ਦੇਖੀਏ। ਯਹੋਵਾਹ ਨੇ ਉਨ੍ਹਾਂ ਨੂੰ ਉਸ ਦਾ ਕਹਿਣਾ ਮੰਨਣ ਦਾ ਮੌਕਾ ਦਿੱਤਾ ਸੀ। ਉਸ ਨੇ ਯੂਨਾਹ ਨਬੀ ਨੂੰ ਕਿਹਾ: “ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਦੇ ਵਿਰੁੱਧ ਪੁਕਾਰ ਕਿਉਂ ਜੋ ਓਹਨਾਂ ਦੀ ਬੁਰਿਆਈ ਮੇਰੇ ਸਨਮੁਖ ਉਤਾਹਾਂ ਆਈ ਹੈ!” ਉਨ੍ਹਾਂ ਦੀ ਬੁਰਾਈ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਨਾਸ਼ ਕਰਨ ਦਾ ਫ਼ੈਸਲਾ ਕੀਤਾ।​—ਯੂਨਾ. 1:1, 2; 3:1-4.

10 ਪਰ ਜਦ ਯੂਨਾਹ ਨੇ ਯਹੋਵਾਹ ਵੱਲੋਂ ਚੇਤਾਵਨੀ ਦਿੱਤੀ, “ਤਦ ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਉੱਤੇ ਪਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ ਅਤੇ ਵੱਡਿਆਂ ਤੋਂ ਲੈ ਕੇ ਿਨੱਕਿਆਂ ਤੋੜੀ ਓਹਨਾਂ ਨੇ ਤੱਪੜ ਪਾ ਲਏ।” ਉਨ੍ਹਾਂ ਦਾ ਰਾਜਾ “ਆਪਣੀ ਰਾਜ ਗੱਦੀ ਤੋਂ ਉੱਠਿਆ, ਆਪਣਾ ਸ਼ਾਹੀ ਜੁੱਬਾ ਲਾਹ ਸੁੱਟਿਆ ਅਤੇ ਤੱਪੜ ਪਾ ਕੇ ਰਾਖ ਵਿੱਚ ਬੈਠ ਗਿਆ।” ਨੀਨਵਾਹ ਦੇ ਲੋਕਾਂ ਨੇ ਯਹੋਵਾਹ ਦਾ ਕਹਿਣਾ ਮੰਨਿਆ ਤੇ ਆਪਣੇ ਬੁਰੇ ਕੰਮਾਂ ਤੋਂ ਤੋਬਾ ਕੀਤੀ। ਨਤੀਜੇ ਵਜੋਂ ਯਹੋਵਾਹ ਨੇ ਉਨ੍ਹਾਂ ਨੂੰ ਨਾਸ਼ ਨਹੀਂ ਕੀਤਾ।​—ਯੂਨਾ. 3:5-10.

11. ਇਜ਼ਰਾਈਲ ਤੇ ਨੀਨਵਾਹ ਦੇ ਲੋਕਾਂ ਨਾਲ ਪੇਸ਼ ਆਉਣ ਵਿਚ ਯਹੋਵਾਹ ਦਾ ਕਿਹੜਾ ਗੁਣ ਨਜ਼ਰ ਆਉਂਦਾ ਹੈ?

11 ਭਾਵੇਂ ਇਜ਼ਰਾਈਲ ਯਹੋਵਾਹ ਦੀ ਚੁਣੀ ਹੋਈ ਕੌਮ ਸੀ, ਫਿਰ ਵੀ ਉਸ ਨੇ ਉਨ੍ਹਾਂ ਨੂੰ ਤਾੜਨਾ ਦਿੱਤੀ। ਦੂਜੇ ਪਾਸੇ, ਨੀਨਵਾਹ ਦੇ ਲੋਕਾਂ ਦਾ ਯਹੋਵਾਹ ਨਾਲ ਕੋਈ ਰਿਸ਼ਤਾ ਨਹੀਂ ਸੀ, ਪਰ ਫਿਰ ਵੀ ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਰਾਹ ਬਦਲਣ ਦਾ ਮੌਕਾ ਦਿੱਤਾ। ਜਦ ਉਹ ਉਸ ਦੇ ਹੱਥਾਂ ਵਿਚ ਨਰਮ ਮਿੱਟੀ ਸਾਬਤ ਹੋਏ, ਤਾਂ ਯਹੋਵਾਹ ਨੇ ਉਨ੍ਹਾਂ ’ਤੇ ਦਇਆ ਕੀਤੀ। ਇਹ ਦੋ ਮਿਸਾਲਾਂ ਸਾਫ਼ ਦਿਖਾਉਂਦੀਆਂ ਹਨ ਕਿ ਸਾਡਾ ਪਰਮੇਸ਼ੁਰ ਯਹੋਵਾਹ “ਕਿਸੇ ਦਾ ਪੱਖ ਨਹੀਂ ਕਰਦਾ।”​—ਬਿਵ. 10:17.

ਯਹੋਵਾਹ ਆਪਣੀ ਗੱਲ ’ਤੇ ਅੜਿਆ ਨਹੀਂ ਰਹਿੰਦਾ

12, 13. (ੳ) ਯਹੋਵਾਹ ਲੋਕਾਂ ਬਾਰੇ ਆਪਣੇ ਫ਼ੈਸਲੇ ਕਦੋਂ ਬਦਲਣ ਲਈ ਤਿਆਰ ਹੁੰਦਾ ਹੈ? (ਅ) ਇਸ ਦਾ ਕੀ ਮਤਲਬ ਹੈ ਕਿ ਯਹੋਵਾਹ ਸ਼ਾਊਲ ਅਤੇ ਨੀਨਵਾਹ ਦੇ ਲੋਕਾਂ ਦੇ ਮਾਮਲੇ ਵਿਚ “ਪਛਤਾਇਆ” ਸੀ?

12 ਜਦ ਲੋਕ ਆਪਣੇ ਬੁਰੇ ਰਾਹਾਂ ਤੋਂ ਮੁੜ ਜਾਂਦੇ ਹਨ, ਤਾਂ ਯਹੋਵਾਹ ਅੜਬ ਹੋਣ ਦੀ ਬਜਾਇ ਆਪਣੇ ਫ਼ੈਸਲੇ ਬਦਲ ਲੈਂਦਾ ਹੈ। ਮਿਸਾਲ ਲਈ, ਇਜ਼ਰਾਈਲ ਦੇ ਪਹਿਲੇ ਰਾਜੇ ਬਾਰੇ ਬਾਈਬਲ ਕਹਿੰਦੀ ਹੈ ਕਿ ਯਹੋਵਾਹ ਨੂੰ ‘ਗਰੰਜ ਹੋਇਆ ਕਿ ਉਸ ਨੇ ਸ਼ਾਊਲ ਨੂੰ ਪਾਤਸ਼ਾਹ ਠਹਿਰਾਇਆ ਸੀ।’ (1 ਸਮੂ. 15:11) ਜਦ ਨੀਨਵਾਹ ਦੇ ਲੋਕਾਂ ਨੇ ਤੋਬਾ ਕਰ ਕੇ ਆਪਣੇ ਬੁਰੇ ਰਾਹ ਛੱਡੇ, ਤਾਂ ਬਾਈਬਲ ਕਹਿੰਦੀ ਹੈ: “ਤਦ ਪਰਮੇਸ਼ੁਰ ਉਸ ਬੁਰਿਆਈ ਤੋਂ ਪਛਤਾਇਆ ਜੋ ਉਸ ਆਖਿਆ ਸੀ ਕਿ ਉਹ ਓਹਨਾਂ ਨਾਲ ਕਰੇਗਾ ਅਤੇ ਉਸ ਨੇ ਉਹ ਨਹੀਂ ਕੀਤੀ।”​—ਯੂਨਾ. 3:10.

13 ਜਦ ਬਾਈਬਲ ਯਹੋਵਾਹ ਬਾਰੇ ਕਹਿੰਦੀ ਹੈ ਕਿ ਉਸ ਨੂੰ ‘ਗਰੰਜ ਹੋਇਆ’ ਜਾਂ ਉਹ “ਪਛਤਾਇਆ,” ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਕਿਸੇ ਪ੍ਰਤੀ ਆਪਣਾ ਰਵੱਈਆ ਬਦਲ ਲਿਆ ਜਾਂ ਉਸ ਨੇ ਆਪਣਾ ਫ਼ੈਸਲਾ ਬਦਲ ਲਿਆ। ਮਿਸਾਲ ਲਈ, ਪਹਿਲਾਂ ਯਹੋਵਾਹ ਸ਼ਾਊਲ ਤੋਂ ਖ਼ੁਸ਼ ਸੀ, ਪਰ ਜਦ ਸ਼ਾਊਲ ਨੇ ਉਸ ਦਾ ਕਹਿਣਾ ਨਹੀਂ ਮੰਨਿਆ, ਤਾਂ ਯਹੋਵਾਹ ਨੇ ਉਸ ਨੂੰ ਠੁਕਰਾ ਦਿੱਤਾ। ਇਹ ਇਸ ਲਈ ਨਹੀਂ ਸੀ ਕਿ ਯਹੋਵਾਹ ਨੇ ਸ਼ਾਊਲ ਨੂੰ ਰਾਜਾ ਬਣਾ ਕੇ ਕੋਈ ਗ਼ਲਤੀ ਕੀਤੀ ਸੀ, ਸਗੋਂ ਇਸ ਲਈ ਸੀ ਕਿ ਸ਼ਾਊਲ ਪਰਮੇਸ਼ੁਰ ਦੇ ਕਹਿਣੇ ਵਿਚ ਨਹੀਂ ਰਿਹਾ। ਯਹੋਵਾਹ ਪਰਮੇਸ਼ੁਰ ਨੀਨਵਾਹ ਦੇ ਲੋਕਾਂ ਕਰਕੇ ਵੀ ਪਛਤਾਇਆ, ਮਤਲਬ ਉਸ ਨੇ ਉਨ੍ਹਾਂ ਬਾਰੇ ਆਪਣਾ ਮਨ ਬਦਲਿਆ। ਸਾਨੂੰ ਇਸ ਗੱਲ ਤੋਂ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਆਪਣੀ ਗੱਲ ’ਤੇ ਅੜਿਆ ਨਹੀਂ ਰਹਿੰਦਾ, ਉਹ ਮਿਹਰਬਾਨ ਤੇ ਦਇਆਵਾਨ ਹੈ। ਉਹ ਉਨ੍ਹਾਂ ਲੋਕਾਂ ਬਾਰੇ ਆਪਣਾ ਮਨ ਬਦਲਣ ਲਈ ਤਿਆਰ ਹੈ ਜੋ ਗ਼ਲਤ ਕੰਮ ਛੱਡ ਕੇ ਸਹੀ ਕੰਮ ਕਰਨ ਲੱਗਦੇ ਹਨ!

ਯਹੋਵਾਹ ਦੀ ਤਾੜਨਾ ਨੂੰ ਨਾ ਠੁਕਰਾਓ

14. (ੳ) ਅੱਜ ਯਹੋਵਾਹ ਸਾਨੂੰ ਅਨੁਸ਼ਾਸਨ ਕਿਵੇਂ ਦਿੰਦਾ ਹੈ? (ਅ) ਅਨੁਸ਼ਾਸਨ ਮਿਲਣ ਤੇ ਸਾਡਾ ਕੀ ਰਵੱਈਆ ਹੋਣਾ ਚਾਹੀਦਾ ਹੈ?

14 ਅੱਜ ਯਹੋਵਾਹ ਖ਼ਾਸ ਕਰਕੇ ਆਪਣੇ ਬਚਨ ਅਤੇ ਆਪਣੇ ਸੰਗਠਨ ਰਾਹੀਂ ਸਾਨੂੰ ਅਨੁਸ਼ਾਸਨ ਦਿੰਦਾ ਹੈ। (2 ਤਿਮੋ. 3:16, 17) ਕੀ ਸਾਨੂੰ ਇਨ੍ਹਾਂ ਰਾਹੀਂ ਮਿਲੀ ਕੋਈ ਵੀ ਸਲਾਹ ਜਾਂ ਤਾੜਨਾ ਕਬੂਲ ਨਹੀਂ ਕਰ ਲੈਣੀ ਚਾਹੀਦੀ? ਭਾਵੇਂ ਸਾਨੂੰ ਬਪਤਿਸਮਾ ਲਏ ਨੂੰ ਕਈ ਸਾਲ ਹੋ ਗਏ ਹਨ ਜਾਂ ਯਹੋਵਾਹ ਦੀ ਸੇਵਾ ਵਿਚ ਸਾਨੂੰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਮਿਲੀਆਂ ਹਨ, ਫਿਰ ਵੀ ਸਾਨੂੰ ਯਹੋਵਾਹ ਦੀ ਸਲਾਹ ਮੰਨਦੇ ਰਹਿਣਾ ਚਾਹੀਦਾ ਹੈ ਤਾਂਕਿ ਅਸੀਂ ਅਜਿਹਾ ਭਾਂਡਾ ਬਣੀਏ ਜੋ ਉਸ ਦੇ ਕੰਮ ਆਵੇ।

15, 16. (ੳ) ਤਾੜਨਾ ਮਿਲਣ ਅਤੇ ਮੰਡਲੀ ਵਿਚ ਜ਼ਿੰਮੇਵਾਰੀਆਂ ਹੱਥੋਂ ਨਿਕਲ ਜਾਣ ਤੇ ਸ਼ਾਇਦ ਕਿਸੇ ਨੂੰ ਕਿੱਦਾਂ ਲੱਗੇ? ਮਿਸਾਲ ਦਿਓ। (ਅ) ਤਾੜਨਾ ਮਿਲਣ ਤੋਂ ਬਾਅਦ ਕੋਈ ਆਪਣੀ ਨਿਰਾਸ਼ਾ ’ਤੇ ਕਾਬੂ ਕਿਵੇਂ ਪਾ ਸਕਦਾ ਹੈ?

15 ਹੋ ਸਕਦਾ ਹੈ ਕਿ ਅਨੁਸ਼ਾਸਨ ਦੇਣ ਲਈ ਯਹੋਵਾਹ ਸਾਨੂੰ ਸਿੱਖਿਆ ਦੇਵੇ ਜਾਂ ਸਾਡੀ ਸੋਚਣੀ ਸੁਧਾਰੇ। ਪਰ ਇਹ ਵੀ ਹੋ ਸਕਦਾ ਹੈ ਕਿ ਸਾਨੂੰ ਇਸ ਲਈ ਤਾੜਨਾ ਮਿਲੇ ਕਿਉਂਕਿ ਅਸੀਂ ਕੋਈ ਗ਼ਲਤੀ ਕੀਤੀ ਹੈ। ਨਤੀਜੇ ਵਜੋਂ ਮੰਡਲੀ ਵਿਚ ਮਿਲੇ ਸਨਮਾਨ ਸ਼ਾਇਦ ਸਾਡੇ ਹੱਥੋਂ ਨਿਕਲ ਜਾਣ। ਡੈਿਨੱਸ * ਦੀ ਮਿਸਾਲ ਲੈ ਲਓ ਜੋ ਮੰਡਲੀ ਵਿਚ ਬਜ਼ੁਰਗ ਸੀ। ਬਿਜ਼ਨਿਸ ਦੇ ਮਾਮਲੇ ਵਿਚ ਉਸ ਨੇ ਗ਼ਲਤ ਫ਼ੈਸਲੇ ਕੀਤੇ ਜਿਨ੍ਹਾਂ ਕਰਕੇ ਉਹ ਗ਼ਲਤ ਕੰਮਾਂ ਵਿਚ ਪੈ ਗਿਆ। ਉਸ ਨੂੰ ਬਜ਼ੁਰਗਾਂ ਨੇ ਸਖ਼ਤ ਤਾੜਨਾ ਦਿੱਤੀ। ਡੈਿਨੱਸ ਨੂੰ ਕਿੱਦਾਂ ਲੱਗਾ ਜਦ ਮੰਡਲੀ ਵਿਚ ਇਹ ਦੱਸਿਆ ਗਿਆ ਕਿ ਉਹ ਹੁਣ ਬਜ਼ੁਰਗ ਨਹੀਂ ਰਿਹਾ? ਉਹ ਦੱਸਦਾ ਹੈ: “ਮੈਨੂੰ ਲੱਗਾ ਕਿ ਮੈਂ ਕਿਸੇ ਕੰਮ ਦਾ ਨਹੀਂ। ਪਿਛਲੇ 30 ਸਾਲਾਂ ਤੋਂ ਮੇਰੇ ਕੋਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਨ। ਮੈਂ ਰੈਗੂਲਰ ਪਾਇਨੀਅਰ ਸੀ, ਬੈਥਲ ਵਿਚ ਕੰਮ ਕੀਤਾ ਸੀ, ਇਕ ਸਹਾਇਕ ਸੇਵਕ ਬਣਿਆ ਸੀ ਤੇ ਫਿਰ ਬਜ਼ੁਰਗ। ਨਾਲੇ ਮੈਂ ਹੁਣੇ-ਹੁਣੇ ਜ਼ਿਲ੍ਹਾ ਸੰਮੇਲਨ ਵਿਚ ਪਹਿਲੀ ਵਾਰ ਭਾਸ਼ਣ ਦਿੱਤਾ ਸੀ। ਪਰ ਅਚਾਨਕ ਇਹ ਸਭ ਕੁਝ ਮੇਰੇ ਹੱਥੋਂ ਨਿਕਲ ਗਿਆ। ਮੈਨੂੰ ਖ਼ੁਦ ’ਤੇ ਬਹੁਤ ਸ਼ਰਮ ਆਈ ਅਤੇ ਮੈਂ ਸੋਚਿਆ ਕਿ ਯਹੋਵਾਹ ਦੇ ਸੰਗਠਨ ਵਿਚ ਮੇਰੇ ਲਈ ਕੋਈ ਜਗ੍ਹਾ ਨਹੀਂ ਸੀ।”

16 ਡੈਿਨੱਸ ਨੂੰ ਤਾੜਨਾ ਕਬੂਲ ਕਰ ਕੇ ਆਪਣਾ ਗ਼ਲਤ ਰਾਹ ਛੱਡਣ ਦੀ ਲੋੜ ਸੀ। ਪਰ ਉਸ ਨੇ ਆਪਣੀ ਨਿਰਾਸ਼ਾ ਉੱਤੇ ਕਾਬੂ ਕਿਵੇਂ ਪਾਇਆ? ਉਹ ਕਹਿੰਦਾ ਹੈ: ‘ਮੈਂ ਬਾਈਬਲ ਸਟੱਡੀ ਕਰਨੀ, ਪ੍ਰਚਾਰ ਕਰਨਾ ਤੇ ਮੀਟਿੰਗਾਂ ਵਿਚ ਜਾਣਾ ਨਹੀਂ ਛੱਡਿਆ। ਮੈਨੂੰ ਭੈਣਾਂ-ਭਰਾਵਾਂ ਤੇ ਸਾਡੇ ਪ੍ਰਕਾਸ਼ਨਾਂ ਤੋਂ ਵੀ ਕਾਫ਼ੀ ਹੌਸਲਾ ਮਿਲਿਆ। ਇਕ ਲੇਖ ਨੇ ਮੇਰੀ ਖ਼ਾਸ ਮਦਦ ਕੀਤੀ। ਉਹ 15 ਅਗਸਤ 2009 ਦੇ ਪਹਿਰਾਬੁਰਜ ਵਿੱਚੋਂ ਸੀ, “ਕੀ ਤੁਹਾਡੇ ਕੋਲ ਪਹਿਲਾਂ ਜ਼ਿੰਮੇਵਾਰੀਆਂ ਸਨ? ਕੀ ਤੁਸੀਂ ਫਿਰ ਤੋਂ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਕਰ ਸਕਦੇ ਹੋ?” ਮੈਨੂੰ ਲੱਗਾ ਕਿ ਇਹ ਲੇਖ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਸੀ ਜਿਵੇਂ ਯਹੋਵਾਹ ਨੇ ਖ਼ੁਦ ਮੈਨੂੰ ਇਕ ਚਿੱਠੀ ਲਿਖ ਕੇ ਭੇਜੀ ਹੋਵੇ। ਇਸ ਵਿਚ ਮੈਨੂੰ ਇਹ ਸਲਾਹ ਵਧੀਆ ਲੱਗੀ: “ਜਦ ਤਕ ਤੁਹਾਡੇ ਕੋਲ ਮੰਡਲੀ ਵਿਚ ਵਾਧੂ ਜ਼ਿੰਮੇਵਾਰੀਆਂ ਨਹੀਂ ਹਨ, ਤਦ ਤਕ ਯਹੋਵਾਹ ਨਾਲ ਰਿਸ਼ਤਾ ਪੱਕਾ ਕਰਨ ’ਤੇ ਧਿਆਨ ਦਿਓ।”’ ਡੈਿਨੱਸ ਨੂੰ ਤਾੜਨਾ ਮਿਲਣ ਦਾ ਕੀ ਫ਼ਾਇਦਾ ਹੋਇਆ? ਹੁਣ ਕੁਝ ਸਾਲਾਂ ਬਾਅਦ ਉਹ ਕਹਿੰਦਾ ਹੈ: “ਯਹੋਵਾਹ ਨੇ ਮੈਨੂੰ ਸਹਾਇਕ ਸੇਵਕ ਬਣਨ ਦਾ ਸਨਮਾਨ ਦੁਬਾਰਾ ਦਿੱਤਾ ਹੈ।”

17. ਮੰਡਲੀ ਵਿੱਚੋਂ ਗ਼ਲਤੀ ਕਰਨ ਵਾਲੇ ਨੂੰ ਛੇਕੇ ਜਾਣ ਦਾ ਕੀ ਫ਼ਾਇਦਾ ਹੁੰਦਾ ਹੈ? ਮਿਸਾਲ ਦਿਓ।

17 ਮੰਡਲੀ ਵਿੱਚੋਂ ਕਿਸੇ ਨੂੰ ਛੇਕਣਾ ਵੀ ਯਹੋਵਾਹ ਵੱਲੋਂ ਇਕ ਕਿਸਮ ਦੀ ਤਾੜਨਾ ਹੈ। ਇਸ ਨਾਲ ਮੰਡਲੀ ਦੀ ਬੁਰੇ ਅਸਰਾਂ ਤੋਂ ਰਾਖੀ ਹੁੰਦੀ ਹੈ ਤੇ ਗ਼ਲਤੀ ਕਰਨ ਵਾਲੇ ਨੂੰ ਤੋਬਾ ਕਰਨ ਦਾ ਮੌਕਾ ਮਿਲਦਾ ਹੈ। (1 ਕੁਰਿੰ. 5:6, 7, 11) ਰੌਬਰਟ ਦੀ ਮਿਸਾਲ ਲੈ ਲਓ। ਉਸ ਨੂੰ ਮੰਡਲੀ ਵਿੱਚੋਂ ਛੇਕੇ ਗਏ ਨੂੰ ਤਕਰੀਬਨ 16 ਸਾਲ ਹੋ ਗਏ ਸਨ। ਇਸ ਸਮੇਂ ਦੌਰਾਨ ਉਸ ਦੇ ਮਾਪਿਆਂ ਅਤੇ ਚਾਰ ਭਰਾਵਾਂ ਨੇ ਬਾਈਬਲ ਦੀ ਸਲਾਹ ਮੰਨਦੇ ਹੋਏ ਉਸ ਨਾਲ ਕੋਈ ਮੇਲ-ਜੋਲ ਨਹੀਂ ਰੱਖਿਆ। ਹੁਣ ਰੌਬਰਟ ਕੁਝ ਸਾਲਾਂ ਤੋਂ ਮੰਡਲੀ ਵਿਚ ਵਾਪਸ ਆ ਕੇ ਯਹੋਵਾਹ ਦੀ ਸੇਵਾ ਕਰ ਰਿਹਾ ਹੈ। ਜਦ ਉਸ ਨੂੰ ਪੁੱਛਿਆ ਗਿਆ ਕਿ ਉਹ ਦੁਬਾਰਾ ਯਹੋਵਾਹ ਨਾਲ ਆਪਣਾ ਰਿਸ਼ਤਾ ਕਿਉਂ ਜੋੜਨਾ ਚਾਹੁੰਦਾ ਸੀ, ਤਾਂ ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਦੀ ਮਿਸਾਲ ਦਾ ਉਸ ’ਤੇ ਵੱਡਾ ਅਸਰ ਪਿਆ। ਉਹ ਕਹਿੰਦਾ ਹੈ: “ਜੇ ਮੇਰੇ ਪਰਿਵਾਰ ਨੇ ਮੇਰੇ ਨਾਲ ਥੋੜ੍ਹਾ-ਬਹੁਤਾ ਵੀ ਮੇਲ-ਜੋਲ ਰੱਖਿਆ ਹੁੰਦਾ, ਤਾਂ ਮੈਂ ਇਸ ਵਿਚ ਹੀ ਖ਼ੁਸ਼ ਹੋ ਜਾਣਾ ਸੀ। ਪਰ ਮੇਰਾ ਪਰਿਵਾਰ ਮੈਥੋਂ ਬਿਲਕੁਲ ਦੂਰ ਰਿਹਾ ਜਿਸ ਕਰਕੇ ਉਨ੍ਹਾਂ ਨਾਲ ਸਮਾਂ ਗੁਜ਼ਾਰਨ ਦੀ ਮੇਰੀ ਇੱਛਾ ਇੰਨੀ ਵਧ ਗਈ ਕਿ ਮੈਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਦੁਬਾਰਾ ਕਾਇਮ ਕਰਨ ਬਾਰੇ ਸੋਚਿਆ।”

18. ਸਾਨੂੰ ਯਹੋਵਾਹ ਦੇ ਹੱਥਾਂ ਵਿਚ ਕਿਹੋ ਜਿਹੀ ਮਿੱਟੀ ਸਾਬਤ ਹੋਣਾ ਚਾਹੀਦਾ ਹੈ?

18 ਸ਼ਾਇਦ ਸਾਨੂੰ ਇਸ ਤਰ੍ਹਾਂ ਦੀ ਸਖ਼ਤ ਤਾੜਨਾ ਦੀ ਲੋੜ ਨਾ ਪਵੇ, ਪਰ ਅਸੀਂ ਯਹੋਵਾਹ ਦੇ ਹੱਥਾਂ ਵਿਚ ਕਿਹੋ ਜਿਹੀ ਮਿੱਟੀ ਸਾਬਤ ਹੋਵਾਂਗੇ? ਅਨੁਸ਼ਾਸਨ ਮਿਲਣ ਤੇ ਸਾਡਾ ਰਵੱਈਆ ਕਿੱਦਾਂ ਦਾ ਹੋਵੇਗਾ? ਕੀ ਅਸੀਂ ਦਾਊਦ ਵਰਗੇ ਬਣਾਂਗੇ ਜਾਂ ਫਿਰ ਸ਼ਾਊਲ ਵਰਗੇ? ਯਹੋਵਾਹ ਘੁਮਿਆਰ ਹੋਣ ਦੇ ਨਾਲ-ਨਾਲ ਸਾਡਾ ਪਿਤਾ ਵੀ ਹੈ। ਕਦੇ ਨਾ ਭੁੱਲੋ ਕਿ “ਯਹੋਵਾਹ ਓਸੇ ਨੂੰ ਤਾੜਦਾ ਹੈ ਜਿਹ ਦੇ ਨਾਲ ਪਿਆਰ ਕਰਦਾ ਹੈ, ਜਿਵੇਂ ਪਿਉ ਉਸ ਪੁੱਤ੍ਰ ਨੂੰ ਜਿਸ ਤੋਂ ਉਹ ਪਰਸੰਨ ਹੈ।” ਇਸ ਲਈ “ਯਹੋਵਾਹ ਦੀ ਤਾੜ ਨੂੰ ਤੁੱਛ ਨਾ ਜਾਣ, ਅਤੇ ਜਾਂ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈਂ।”​—ਕਹਾ. 3:11, 12.

^ ਪੇਰਗ੍ਰੈਫ 15 ਨਾਂ ਬਦਲੇ ਗਏ ਹਨ।