Skip to content

Skip to table of contents

‘ਦੇਖੋ! ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ’

‘ਦੇਖੋ! ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ’

“ਦੇਖੋ! ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।”​—ਮੱਤੀ 28:20.

1. (ੳ) ਥੋੜ੍ਹੇ ਸ਼ਬਦਾਂ ਵਿਚ ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ ਦੱਸੋ। (ਅ) ਯਿਸੂ ਨੇ ਇਸ ਮਿਸਾਲ ਦਾ ਕੀ ਮਤਲਬ ਸਮਝਾਇਆ ਸੀ?

ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਇਕ ਮਿਸਾਲ ਦਿੱਤੀ। ਉਸ ਨੇ ਕਿਹਾ ਕਿ ਇਕ ਕਿਸਾਨ ਆਪਣੇ ਖੇਤ ਵਿਚ ਕਣਕ ਬੀਜਦਾ ਹੈ ਅਤੇ ਉਸ ਦਾ ਦੁਸ਼ਮਣ ਆ ਕੇ ਉਸ ਖੇਤ ਵਿਚ ਜੰਗਲੀ ਬੂਟੀ ਬੀਜ ਜਾਂਦਾ ਹੈ। ਜੰਗਲੀ ਬੂਟੀ ਕਣਕ ਨਾਲੋਂ ਜ਼ਿਆਦਾ ਵਧ ਜਾਂਦੀ ਹੈ, ਪਰ ਕਿਸਾਨ ਆਪਣੇ ਨੌਕਰਾਂ ਨੂੰ ਕਹਿੰਦਾ ਹੈ: “ਦੋਵਾਂ ਨੂੰ ਵਾਢੀ ਤਕ ਵਧਣ ਦਿਓ।” ਵਾਢੀ ਦੇ ਸਮੇਂ ਜੰਗਲੀ ਬੂਟੀ ਪੁੱਟ ਕੇ ਸਾੜ ਦਿੱਤੀ ਜਾਂਦੀ ਹੈ ਤੇ ਕਣਕ ਇਕੱਠੀ ਕੀਤੀ ਜਾਂਦੀ ਹੈ। ਯਿਸੂ ਨੇ ਖ਼ੁਦ ਇਸ ਮਿਸਾਲ ਦਾ ਮਤਲਬ ਸਮਝਾਇਆ। (ਮੱਤੀ 13:24-30, 37-43 ਪੜ੍ਹੋ।) ਇਸ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ? (“ਕਣਕ ਅਤੇ ਜੰਗਲੀ ਬੂਟੀ” ਨਾਂ ਦਾ ਚਾਰਟ ਦੇਖੋ।)

2. (ੳ) ਇਸ ਮਿਸਾਲ ਤੋਂ ਸਾਨੂੰ ਕੀ ਪਤਾ ਲੱਗਦਾ ਹੈ? (ਅ) ਅਸੀਂ ਇਸ ਮਿਸਾਲ ਦੀ ਕਿਹੜੀ ਗੱਲ ਉੱਤੇ ਗੌਰ ਕਰਾਂਗੇ?

2 ਇਸ ਮਿਸਾਲ ਰਾਹੀਂ ਯਿਸੂ ਨੇ ਸਮਝਾਇਆ ਕਿ ਉਹ ਕਿਵੇਂ ਅਤੇ ਕਦੋਂ ਮਨੁੱਖਜਾਤੀ ਵਿੱਚੋਂ ਕਣਕ ਵਰਗੇ ਲੋਕ ਯਾਨੀ ਚੁਣੇ ਹੋਏ ਮਸੀਹੀ ਇਕੱਠੇ ਕਰੇਗਾ ਜੋ ਉਸ ਨਾਲ ਰਾਜ ਕਰਨਗੇ। ਪੰਤੇਕੁਸਤ 33 ਈਸਵੀ ਵਿਚ ਬੀ ਬੀਜਣਾ ਸ਼ੁਰੂ ਕੀਤਾ ਗਿਆ। ਚੁਣੇ ਹੋਏ ਮਸੀਹੀਆਂ ਨੂੰ ਇਕੱਠੇ ਕਰਨ ਦਾ ਕੰਮ ਉਦੋਂ ਖ਼ਤਮ ਹੋਵੇਗਾ ਜਦ ਦੁਨੀਆਂ ਦੇ ਅੰਤ ਵੇਲੇ ਧਰਤੀ ’ਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ’ਤੇ ਆਖ਼ਰੀ ਮੁਹਰ ਲੱਗੇਗੀ ਅਤੇ ਫਿਰ ਉਨ੍ਹਾਂ ਨੂੰ ਸਵਰਗ ਲਿਜਾਇਆ ਜਾਵੇਗਾ। (ਮੱਤੀ 24:31; ਪ੍ਰਕਾ. 7:1-4) ਠੀਕ ਜਿਵੇਂ ਪਹਾੜ ’ਤੇ ਖੜ੍ਹਾ ਕੋਈ ਇਨਸਾਨ ਆਲੇ-ਦੁਆਲੇ ਦਾ ਸਾਰਾ ਇਲਾਕਾ ਦੇਖ ਸਕਦਾ ਹੈ, ਤਿਵੇਂ ਇਸ ਮਿਸਾਲ ਨੇ ਸਾਨੂੰ ਲਗਭਗ 2,000 ਸਾਲਾਂ ਦੌਰਾਨ ਵਾਪਰਨ ਵਾਲੀਆਂ ਘਟਨਾਵਾਂ ਦੀ ਝਲਕ ਦਿੱਤੀ। ਅਸੀਂ ਇਸ ਤੋਂ ਪਰਮੇਸ਼ੁਰ ਦੇ ਰਾਜ ਬਾਰੇ ਕੀ ਸਿੱਖਦੇ ਹਾਂ? ਇਸ ਮਿਸਾਲ ਵਿਚ ਬੀ ਬੀਜਣ, ਵਧਣ ਤੇ ਵਾਢੀ ਬਾਰੇ ਗੱਲ ਕੀਤੀ ਗਈ ਹੈ। ਇਸ ਲੇਖ ਵਿਚ ਅਸੀਂ ਖ਼ਾਸ ਕਰਕੇ ਵਾਢੀ ਦੇ ਸਮੇਂ ਉੱਤੇ ਗੌਰ ਕਰਾਂਗੇ। *

ਯਿਸੂ ਆਪਣੇ ਚੇਲਿਆਂ ਨਾਲ ਰਿਹਾ

3. (ੳ) ਪਹਿਲੀ ਸਦੀ ਤੋਂ ਬਾਅਦ ਕੀ ਨਜ਼ਰ ਆਉਣ ਲੱਗਾ? (ਅ) ਮੱਤੀ 13:28 ਮੁਤਾਬਕ ਕਿਨ੍ਹਾਂ ਨੇ ਕਿਹੜਾ ਸਵਾਲ ਪੁੱਛਿਆ ਸੀ? (ਨੋਟ ਵੀ ਦੇਖੋ।)

3 ਦੂਜੀ ਸਦੀ ਦੇ ਸ਼ੁਰੂ ਹੁੰਦਿਆਂ ‘ਖੇਤ ਵਿਚ ਜੰਗਲੀ ਬੂਟੀ ਦਿਸ ਪਈ’ ਜਦ ਝੂਠੇ ਮਸੀਹੀ ਦੁਨੀਆਂ ਵਿਚ ਸਾਫ਼ ਨਜ਼ਰ ਆਉਣ ਲੱਗੇ। (ਮੱਤੀ 13:26) ਚੌਥੀ ਸਦੀ ਤਕ ਝੂਠੇ ਮਸੀਹੀਆਂ ਦੀ ਗਿਣਤੀ ਚੁਣੇ ਹੋਏ ਮਸੀਹੀਆਂ ਨਾਲੋਂ ਕਿਤੇ ਜ਼ਿਆਦਾ ਹੋ ਗਈ ਸੀ। ਯਾਦ ਕਰੋ ਕਿ ਮਿਸਾਲ ਵਿਚ ਨੌਕਰਾਂ ਨੇ ਮਾਲਕ ਨੂੰ ਜੰਗਲੀ ਬੂਟੀ ਨੂੰ ਪੁੱਟ ਸੁੱਟਣ ਬਾਰੇ ਪੁੱਛਿਆ ਸੀ। * (ਮੱਤੀ 13:28) ਮਾਲਕ ਨੇ ਕੀ ਜਵਾਬ ਦਿੱਤਾ ਸੀ?

4. (ੳ) ਕਣਕ ਅਤੇ ਜੰਗਲੀ ਬੂਟੀ ਬਾਰੇ ਯਿਸੂ ਦੇ ਜਵਾਬ ਤੋਂ ਕੀ ਪਤਾ ਲੱਗਦਾ ਹੈ? (ਅ) ਕਣਕ ਵਰਗੇ ਮਸੀਹੀ ਕਦੋਂ ਪਛਾਣੇ ਜਾਣ ਲੱਗੇ?

4 ਕਣਕ ਅਤੇ ਜੰਗਲੀ ਬੂਟੀ ਬਾਰੇ ਯਿਸੂ ਨੇ ਕਿਹਾ: “ਦੋਵਾਂ ਨੂੰ ਵਾਢੀ ਤਕ ਵਧਣ ਦਿਓ।” ਇਸ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਤੋਂ ਲੈ ਕੇ ਅੱਜ ਤਕ ਧਰਤੀ ਉੱਤੇ ਹਮੇਸ਼ਾ ਕਣਕ ਵਰਗੇ ਚੁਣੇ ਹੋਏ ਮਸੀਹੀ ਰਹੇ ਹਨ। ਇਹ ਗੱਲ ਸੱਚ ਹੈ ਕਿਉਂਕਿ ਯਿਸੂ ਨੇ ਬਾਅਦ ਵਿਚ ਆਪਣੇ ਚੇਲਿਆਂ ਨੂੰ ਕਿਹਾ ਸੀ: “ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।” (ਮੱਤੀ 28:20) ਸੋ ਯਿਸੂ ਆਖ਼ਰੀ ਦਿਨਾਂ ਤਕ ਚੁਣੇ ਹੋਏ ਮਸੀਹੀਆਂ ਦੀ ਰਾਖੀ ਕਰਦਾ ਰਹੇਗਾ। ਪਰ ਜੰਗਲੀ ਬੂਟੀ ਦੇ ਵਧਣ ਕਰਕੇ ਸਾਨੂੰ ਪੱਕਾ ਪਤਾ ਨਹੀਂ ਕਿ ਪਿਛਲੀਆਂ ਸਦੀਆਂ ਦੌਰਾਨ ਸੱਚੇ ਮਸੀਹੀ ਕੌਣ ਸਨ। ਪਰ ਵਾਢੀ ਦਾ ਸਮਾਂ ਸ਼ੁਰੂ ਹੋਣ ਤੋਂ 30 ਕੁ ਸਾਲ ਪਹਿਲਾਂ ਕਣਕ ਵਰਗੇ ਮਸੀਹੀਆਂ ਨੂੰ ਪਛਾਣਨਾ ਸੌਖਾ ਹੋ ਗਿਆ। ਕਿਵੇਂ?

ਸੰਦੇਸ਼ ਦੇਣ ਵਾਲਾ ‘ਰਾਹ ਤਿਆਰ ਕਰਦਾ ਹੈ’

5. ਮਲਾਕੀ ਦੀ ਭਵਿੱਖਬਾਣੀ ਪਹਿਲੀ ਸਦੀ ਵਿਚ ਕਿਵੇਂ ਪੂਰੀ ਹੋਈ ਸੀ?

5 ਯਿਸੂ ਨੇ ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ ਪਹਿਲੀ ਸਦੀ ਵਿਚ ਦਿੱਤੀ ਸੀ। ਪਰ ਇਸ ਤੋਂ ਕਈ ਸਦੀਆਂ ਪਹਿਲਾਂ ਯਹੋਵਾਹ ਨੇ ਆਪਣੇ ਨਬੀ ਮਲਾਕੀ ਨੂੰ ਇਸ ਮਿਸਾਲ ਨਾਲ ਮਿਲਦੀਆਂ-ਜੁਲਦੀਆਂ ਗੱਲਾਂ ਲਿਖਣ ਲਈ ਕਿਹਾ ਸੀ। (ਮਲਾਕੀ 3:1-4 ਪੜ੍ਹੋ।) ਉਹ ਸੰਦੇਸ਼ ਦੇਣ ਵਾਲਾ ਕੌਣ ਸੀ ਜਿਸ ਨੇ ਰਾਹ ਤਿਆਰ ਕੀਤਾ? ਯੂਹੰਨਾ ਬਪਤਿਸਮਾ ਦੇਣ ਵਾਲਾ। (ਮੱਤੀ 11:10, 11) ਜਦ 29 ਈਸਵੀ ਵਿਚ ਯੂਹੰਨਾ ਨੇ ਸੰਦੇਸ਼ ਦੇਣ ਦਾ ਕੰਮ ਸ਼ੁਰੂ ਕੀਤਾ, ਤਾਂ ਇਜ਼ਰਾਈਲ ਕੌਮ ਦੇ ਨਿਆਂ ਦਾ ਸਮਾਂ ਨੇੜੇ ਆ ਗਿਆ ਸੀ। ਉਸ ਤੋਂ ਬਾਅਦ “ਨੇਮ ਦਾ ਦੂਤ” ਯਿਸੂ ਆਇਆ ਸੀ। ਯਿਸੂ ਨੇ ਦੋ ਵਾਰ ਮੰਦਰ ਨੂੰ ਸਾਫ਼ ਕੀਤਾ ਸੀ, ਪਹਿਲਾਂ ਆਪਣੀ ਸੇਵਕਾਈ ਦੇ ਸ਼ੁਰੂ ਵਿਚ ਤੇ ਫਿਰ ਆਪਣੀ ਸੇਵਕਾਈ ਦੇ ਅਖ਼ੀਰ ਵਿਚ। (ਮੱਤੀ 21:12, 13; ਯੂਹੰ. 2:14-17) ਇਸ ਲਈ ਉਸ ਨੇ ਇਹ ਕੰਮ ਕੁਝ ਸਮੇਂ ਦੌਰਾਨ ਕੀਤਾ ਸੀ।

6. (ੳ) ਮਲਾਕੀ ਦੀ ਭਵਿੱਖਬਾਣੀ ਵੱਡੇ ਪੈਮਾਨੇ ਤੇ ਕਿਵੇਂ ਪੂਰੀ ਹੁੰਦੀ ਹੈ? (ਅ) ਯਿਸੂ ਮੰਦਰ ਦੀ ਜਾਂਚ ਕਦੋਂ ਕਰਨ ਆਇਆ ਸੀ? (ਨੋਟ ਵੀ ਦੇਖੋ।)

6 ਮਲਾਕੀ ਦੀ ਭਵਿੱਖਬਾਣੀ ਵੱਡੇ ਪੈਮਾਨੇ ਤੇ ਕਿਵੇਂ ਪੂਰੀ ਹੁੰਦੀ ਹੈ? ਭਰਾ ਰਸਲ ਅਤੇ ਉਸ ਦੇ ਸਾਥੀਆਂ ਨੇ 1914 ਤਕ ਕੁਝ ਸਾਲ ਯੂਹੰਨਾ ਬਪਤਿਸਮਾ ਦੇਣ ਵਾਲੇ ਵਰਗਾ ਕੰਮ ਕੀਤਾ ਸੀ। ਉਨ੍ਹਾਂ ਨੇ ਬਾਈਬਲ ਦੀਆਂ ਸਹੀ ਸਿੱਖਿਆਵਾਂ ਦੇਣ ਦਾ ਕੰਮ ਕੀਤਾ। ਮਿਸਾਲ ਲਈ, ਬਾਈਬਲ ਸਟੂਡੈਂਟਸ ਨੇ ਯਿਸੂ ਦੀ ਕੁਰਬਾਨੀ ਦਾ ਸਹੀ ਅਰਥ ਸਮਝਾਇਆ, ਨਰਕ ਦੀ ਸਿੱਖਿਆ ਨੂੰ ਝੂਠਾ ਸਾਬਤ ਕੀਤਾ ਅਤੇ ਦੱਸਿਆ ਕਿ ਗ਼ੈਰ-ਯਹੂਦੀ ਕੌਮਾਂ ਦਾ ਸਮਾਂ ਖ਼ਤਮ ਹੋਣ ਵਾਲਾ ਸੀ। ਪਰ ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਮਸੀਹ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਸਨ। ਸੋ ਇਸ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਸੀ: ਇਨ੍ਹਾਂ ਵਿੱਚੋਂ ਕਣਕ ਵਰਗੇ ਸੱਚੇ ਮਸੀਹੀ ਕੌਣ ਸਨ? ਇਸ ਦਾ ਜਵਾਬ ਦੇਣ ਲਈ ਯਿਸੂ 1914 ਵਿਚ ਮੰਦਰ ਦੀ ਜਾਂਚ ਕਰਨ ਆਇਆ। ਉਹ ਇਹ ਦੇਖਣ ਆਇਆ ਕਿ ਪਰਮੇਸ਼ੁਰ ਦੀ ਭਗਤੀ ਕੌਣ ਸਹੀ ਤਰੀਕੇ ਨਾਲ ਕਰ ਰਹੇ ਸਨ। ਉਸ ਨੇ ਮਸੀਹੀਆਂ ਨੂੰ ਪਰਖਣ ਤੇ ਸ਼ੁੱਧ ਕਰਨ ਦਾ ਕੰਮ 1914 ਤੋਂ ਲੈ ਕੇ 1919 ਦੇ ਸ਼ੁਰੂ ਤਕ ਕੀਤਾ ਸੀ। *

ਪਰਖਣ ਤੇ ਸ਼ੁੱਧ ਕਰਨ ਦਾ ਸਮਾਂ

7. ਜਦ ਯਿਸੂ ਨੇ 1914 ਵਿਚ ਜਾਂਚ ਕਰਨੀ ਸ਼ੁਰੂ ਕੀਤੀ, ਤਾਂ ਉਸ ਨੇ ਕੀ ਦੇਖਿਆ?

7 ਜਦ ਯਿਸੂ ਨੇ ਜਾਂਚ ਕਰਨੀ ਸ਼ੁਰੂ ਕੀਤੀ, ਤਾਂ ਉਸ ਨੇ ਕੀ ਦੇਖਿਆ? ਬਾਈਬਲ ਸਟੂਡੈਂਟਸ ਦਾ ਇਕ ਛੋਟਾ ਜਿਹਾ ਗਰੁੱਪ 30 ਤੋਂ ਜ਼ਿਆਦਾ ਸਾਲਾਂ ਤੋਂ ਜੋਸ਼ ਨਾਲ ਪ੍ਰਚਾਰ ਕਰਨ ਵਿਚ ਆਪਣੀ ਤਾਕਤ ਤੇ ਪੈਸਾ ਲਾ ਰਿਹਾ ਸੀ। * ਯਿਸੂ ਤੇ ਦੂਤਾਂ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੋਈ ਹੋਣੀ ਕਿ ਕਣਕ ਵਰਗੇ ਕੁਝ ਮਸੀਹੀ ਸ਼ੈਤਾਨ ਦੀ ਜੰਗਲੀ ਬੂਟੀ ਥੱਲੇ ਦੱਬੇ ਨਹੀਂ ਗਏ! ਫਿਰ ਵੀ ‘ਲੇਵੀਆਂ ਨੂੰ’ ਯਾਨੀ ਚੁਣੇ ਹੋਏ ਮਸੀਹੀਆਂ ਨੂੰ ‘ਸਾਫ਼ ਕਰਨ’ ਦੀ ਲੋੜ ਸੀ। (ਮਲਾ. 3:2, 3; 1 ਪਤ. 4:17) ਪਰ ਕਿਉਂ?

8. ਸਾਲ 1914 ਤੋਂ ਬਾਅਦ ਕੀ ਹੋਇਆ ਸੀ?

8 ਸਾਲ 1914 ਦੇ ਅਖ਼ੀਰ ਵਿਚ ਕੁਝ ਬਾਈਬਲ ਸਟੂਡੈਂਟਸ ਨਿਰਾਸ਼ ਸਨ ਕਿਉਂਕਿ ਉਨ੍ਹਾਂ ਨੂੰ ਸਵਰਗ ਨਹੀਂ ਲਿਜਾਇਆ ਗਿਆ ਸੀ। ਫਿਰ 1915 ਤੇ 1916 ਦੌਰਾਨ ਸੰਗਠਨ ਦੇ ਬਾਹਰੋਂ ਵਿਰੋਧ ਕਰਕੇ ਪ੍ਰਚਾਰ ਦਾ ਕੰਮ ਧੀਮਾ ਪੈ ਰਿਹਾ ਸੀ। ਇਸ ਤੋਂ ਵੀ ਬੁਰੀ ਗੱਲ ਇਹ ਸੀ ਕਿ ਅਕਤੂਬਰ 1916 ਵਿਚ ਭਰਾ ਰਸਲ ਦੀ ਮੌਤ ਤੋਂ ਬਾਅਦ ਸੰਗਠਨ ਦੇ ਅੰਦਰੋਂ ਵਿਰੋਧ ਖੜ੍ਹਾ ਹੋਇਆ। ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੇ ਸੱਤਾਂ ਡਾਇਰੈਕਟਰਾਂ ਵਿੱਚੋਂ ਚਾਰ ਜਣੇ ਇਸ ਫ਼ੈਸਲੇ ਦੇ ਖ਼ਿਲਾਫ਼ ਸਨ ਕਿ ਭਰਾ ਰਦਰਫ਼ਰਡ ਨੂੰ ਅਗਵਾਈ ਕਰਨ ਲਈ ਚੁਣਿਆ ਗਿਆ ਸੀ। ਉਨ੍ਹਾਂ ਨੇ ਭਰਾਵਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅਗਸਤ 1917 ਵਿਚ ਉਹ ਬੈਥਲ ਛੱਡ ਕੇ ਚਲੇ ਗਏ। ਇਸ ਤਰ੍ਹਾਂ ਸੰਗਠਨ ਨੂੰ ਸਾਫ਼ ਕੀਤਾ ਗਿਆ। ਨਾਲੇ ਕੁਝ ਬਾਈਬਲ ਸਟੂਡੈਂਟਸ ਨੇ ਇਨਸਾਨਾਂ ਦੇ ਡਰ ਦੇ ਮਾਰੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ। ਫਿਰ ਵੀ ਜ਼ਿਆਦਾਤਰ ਭਰਾਵਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਯਿਸੂ ਵੱਲੋਂ ਸ਼ੁੱਧ ਕੀਤੇ ਜਾਣ ਦੀ ਲੋੜ ਸੀ ਅਤੇ ਉਨ੍ਹਾਂ ਨੇ ਆਪਣੇ ਵਿਚ ਤਬਦੀਲੀਆਂ ਕੀਤੀਆਂ। ਇਸ ਲਈ ਯਿਸੂ ਨੇ ਉਨ੍ਹਾਂ ਦਾ ਨਿਆਂ ਸੱਚੇ ਮਸੀਹੀਆਂ ਵਜੋਂ ਕੀਤਾ। ਪਰ ਉਸ ਨੇ ਸਾਰੇ ਝੂਠੇ ਮਸੀਹੀਆਂ ਨੂੰ ਰੱਦ ਕੀਤਾ, ਉਨ੍ਹਾਂ ਨੂੰ ਵੀ ਜੋ ਈਸਾਈ-ਜਗਤ ਦੇ ਚਰਚਾਂ ਵਿਚ ਸਨ। (ਮਲਾ. 3:5; 2 ਤਿਮੋ. 2:19) ਅੱਗੇ ਕੀ ਹੋਇਆ? ਆਓ ਆਪਾਂ ਪਤਾ ਕਰਨ ਲਈ ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ ਬਾਰੇ ਹੋਰ ਗੱਲ ਕਰੀਏ।

ਵਾਢੀ ਦੇ ਸ਼ੁਰੂ ਹੋਣ ਤੋਂ ਬਾਅਦ ਕੀ ਹੁੰਦਾ ਹੈ?

9, 10. (ੳ) ਅਸੀਂ ਵਾਢੀ ਦੇ ਸਮੇਂ ਬਾਰੇ ਕੀ ਦੇਖਾਂਗੇ? (ਅ) ਵਾਢੀ ਦੇ ਸਮੇਂ ਵਿਚ ਸਭ ਤੋਂ ਪਹਿਲਾਂ ਕੀ ਹੋਇਆ ਸੀ?

9 ਯਿਸੂ ਨੇ ਕਿਹਾ: “ਵਾਢੀ ਦਾ ਸਮਾਂ ਯੁਗ ਦਾ ਆਖ਼ਰੀ ਸਮਾਂ ਹੈ।” (ਮੱਤੀ 13:39) ਵਾਢੀ ਦਾ ਸਮਾਂ 1914 ਵਿਚ ਸ਼ੁਰੂ ਹੋਇਆ ਸੀ। ਹੁਣ ਅਸੀਂ ਪੰਜ ਗੱਲਾਂ ਦੇਖਾਂਗੇ ਜੋ ਯਿਸੂ ਦੀ ਭਵਿੱਖਬਾਣੀ ਮੁਤਾਬਕ ਉਸ ਸਮੇਂ ਦੌਰਾਨ ਪੂਰੀਆਂ ਹੋਈਆਂ।

10 ਪਹਿਲੀ ਗੱਲ, ਜੰਗਲੀ ਬੂਟੀ ਪੁੱਟੀ ਗਈ। ਯਿਸੂ ਨੇ ਕਿਹਾ: “ਵਾਢੀ ਦੇ ਸਮੇਂ ਮੈਂ ਵਾਢਿਆਂ ਨੂੰ ਕਹਾਂਗਾ ਕਿ ਪਹਿਲਾਂ ਜੰਗਲੀ ਬੂਟੀ ਪੁੱਟ ਕੇ ਇਨ੍ਹਾਂ ਦੀਆਂ ਭਰੀਆਂ ਬੰਨ੍ਹੋ।” ਸਾਲ 1914 ਤੋਂ ਬਾਅਦ ਦੂਤਾਂ ਨੇ ਜੰਗਲੀ ਬੂਟੀ ਨੂੰ “ਪੁੱਟ ਕੇ” ਕਣਕ ਤੋਂ ਜੁਦਾ ਕੀਤਾ। ਕਹਿਣ ਦਾ ਮਤਲਬ ਕਿ ਝੂਠੇ ਮਸੀਹੀਆਂ ਨੂੰ ‘ਰਾਜ ਦੇ ਪੁੱਤਰਾਂ’ ਯਾਨੀ ਚੁਣੇ ਹੋਏ ਮਸੀਹੀਆਂ ਤੋਂ ਜੁਦਾ ਕੀਤਾ ਗਿਆ।​—ਮੱਤੀ 13:30, 38, 41.

11. ਅੱਜ ਤਕ ਸੱਚੇ ਤੇ ਝੂਠੇ ਮਸੀਹੀਆਂ ਵਿਚ ਕਿਹੜਾ ਫ਼ਰਕ ਦੇਖਿਆ ਜਾ ਸਕਦਾ ਹੈ?

11 ਜਿੱਦਾਂ-ਜਿੱਦਾਂ ਜੰਗਲੀ ਬੂਟੀ ਪੁੱਟੀ ਗਈ, ਉੱਦਾਂ-ਉੱਦਾਂ ਝੂਠੇ ਤੇ ਸੱਚੇ ਮਸੀਹੀਆਂ ਵਿਚ ਫ਼ਰਕ ਸਾਫ਼ ਨਜ਼ਰ ਆਉਣ ਲੱਗ ਪਿਆ। (ਪ੍ਰਕਾ. 18:1, 4) ਸਾਲ 1919 ਤਕ ਇਹ ਗੱਲ ਪਤਾ ਲੱਗ ਗਈ ਕਿ ਮਹਾਂ ਬਾਬਲ ਢਹਿ-ਢੇਰੀ ਹੋ ਚੁੱਕਾ ਸੀ। ਝੂਠੇ ਤੇ ਸੱਚੇ ਮਸੀਹੀਆਂ ਵਿਚ ਖ਼ਾਸ ਕਰਕੇ ਕਿਹੜਾ ਫ਼ਰਕ ਸੀ? ਸੱਚੇ ਮਸੀਹੀ ਪ੍ਰਚਾਰ ਕਰ ਰਹੇ ਸਨ। ਬਾਈਬਲ ਸਟੂਡੈਂਟਸ ਦੀ ਅਗਵਾਈ ਕਰਨ ਵਾਲੇ ਭਰਾਵਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਹਰ ਮਸੀਹੀ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ। ਮਿਸਾਲ ਲਈ, 1919 ਵਿਚ ਇਹ ਕੰਮ ਕਿਨ੍ਹਾਂ ਨੂੰ ਸੌਂਪਿਆ ਗਿਆ ਹੈ (ਅੰਗ੍ਰੇਜ਼ੀ) ਨਾਂ ਦੀ ਇਕ ਛੋਟੀ ਕਿਤਾਬ ਛਾਪੀ ਗਈ ਜਿਸ ਵਿਚ ਸਾਰੇ ਚੁਣੇ ਹੋਏ ਮਸੀਹੀਆਂ ਨੂੰ ਘਰ-ਘਰ ਪ੍ਰਚਾਰ ਕਰਨ ਲਈ ਕਿਹਾ ਗਿਆ ਸੀ। ਇਸ ਵਿਚ ਲਿਖਿਆ ਸੀ: “ਭਾਵੇਂ ਕਿ ਇਹ ਕੰਮ ਬਹੁਤ ਵੱਡਾ ਲੱਗਦਾ ਹੈ, ਪਰ ਅਸੀਂ ਪ੍ਰਭੂ ਦੀ ਤਾਕਤ ਨਾਲ ਇਹ ਕੰਮ ਪੂਰਾ ਕਰ ਪਾਵਾਂਗੇ। ਸਾਨੂੰ ਸਾਰਿਆਂ ਨੂੰ ਇਸ ਕੰਮ ਵਿਚ ਹਿੱਸਾ ਲੈਣ ਦਾ ਸਨਮਾਨ ਦਿੱਤਾ ਗਿਆ ਹੈ।” ਇਸ ਦਾ ਨਤੀਜਾ ਕੀ ਨਿਕਲਿਆ? 1922 ਦੇ ਵਾਚ ਟਾਵਰ (ਅੰਗ੍ਰੇਜ਼ੀ) ਮੁਤਾਬਕ ਉਸ ਸਮੇਂ ਤੋਂ ਬਾਈਬਲ ਸਟੂਡੈਂਟਸ ਨੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨਾ ਸ਼ੁਰੂ ਕੀਤਾ। ਥੋੜ੍ਹੇ ਹੀ ਸਮੇਂ ਵਿਚ ਉਹ ਵਫ਼ਾਦਾਰ ਮਸੀਹੀ ਘਰ-ਘਰ ਪ੍ਰਚਾਰ ਕਰਨ ਲਈ ਜਾਣੇ ਜਾਣ ਲੱਗੇ ਤੇ ਅੱਜ ਵੀ ਜਾਣੇ ਜਾਂਦੇ ਹਨ।

12. ਚੁਣੇ ਹੋਏ ਮਸੀਹੀਆਂ ਨੂੰ ਕਦੋਂ ਤੋਂ ਇਕੱਠਾ ਕੀਤਾ ਜਾ ਰਿਹਾ ਹੈ?

12 ਦੂਜੀ ਗੱਲ, ਕਣਕ ਇਕੱਠੀ ਕਰਨੀ। ਯਿਸੂ ਨੇ ਦੂਤਾਂ ਨੂੰ ਹੁਕਮ ਦਿੱਤਾ: “ਕਣਕ ਵੱਢ ਕੇ ਮੇਰੀ ਕੋਠੀ ਵਿਚ ਰੱਖ ਦਿਓ।” (ਮੱਤੀ 13:30) ਸਾਲ 1919 ਤੋਂ ਚੁਣੇ ਹੋਏ ਮਸੀਹੀਆਂ ਨੂੰ ਸ਼ੁੱਧ ਕੀਤੀ ਗਈ ਮਸੀਹੀ ਮੰਡਲੀ ਵਿਚ ਇਕੱਠਾ ਕੀਤਾ ਗਿਆ ਹੈ। ਜਿਹੜੇ ਚੁਣੇ ਹੋਏ ਮਸੀਹੀ ਦੁਨੀਆਂ ਦੇ ਅੰਤ ਵੇਲੇ ਧਰਤੀ ’ਤੇ ਹੋਣਗੇ, ਉਨ੍ਹਾਂ ਨੂੰ ਉਦੋਂ ਇਕੱਠਾ ਕੀਤਾ ਜਾਵੇਗਾ ਜਦ ਉਨ੍ਹਾਂ ਨੂੰ ਸਵਰਗ ਵਿਚ ਇਨਾਮ ਮਿਲੇਗਾ।​—ਦਾਨੀ. 7:18, 22, 27.

13. ਪ੍ਰਕਾਸ਼ ਦੀ ਕਿਤਾਬ 18:7 ਤੋਂ ਸਾਨੂੰ ਈਸਾਈ ਧਰਮ ਤੇ ਬਾਕੀ ਧਰਮਾਂ ਦੇ ਰਵੱਈਏ ਬਾਰੇ ਕੀ ਪਤਾ ਲੱਗਦਾ ਹੈ?

13 ਤੀਜੀ ਗੱਲ, ਰੋਣਾ-ਪਿੱਟਣਾ। ਜਦ ਦੂਤ ਜੰਗਲੀ ਬੂਟੀ ਦੀਆਂ ਭਰੀਆਂ ਬੰਨ੍ਹ ਲੈਣਗੇ, ਤਾਂ ਇਸ ਤੋਂ ਬਾਅਦ ਕੀ ਹੋਵੇਗਾ? ਜੰਗਲੀ ਬੂਟੀ ਬਾਰੇ ਗੱਲ ਕਰਦਿਆਂ ਯਿਸੂ ਨੇ ਕਿਹਾ: “ਉੱਥੇ ਉਹ ਆਪਣੀ ਮਾੜੀ ਹਾਲਤ ’ਤੇ ਰੋਣ-ਪਿੱਟਣਗੇ।” (ਮੱਤੀ 13:42) ਕੀ ਇਹ ਗੱਲ ਅੱਜ ਪੂਰੀ ਹੋ ਰਹੀ ਹੈ? ਨਹੀਂ। ਬਾਈਬਲ ਵਿਚ ਈਸਾਈ ਧਰਮ ਤੇ ਬਾਕੀ ਧਰਮਾਂ ਨੂੰ ਕੰਜਰੀ ਕਿਹਾ ਗਿਆ ਹੈ। ਅੱਜ ਉਹ ਆਪਣੇ ਬਾਰੇ ਕਹਿੰਦੀ ਹੈ: “ਮੈਂ ਤਾਂ ਰਾਣੀ ਬਣ ਕੇ ਰਾਜ ਕਰਦੀ ਹਾਂ ਅਤੇ ਮੈਂ ਵਿਧਵਾ ਨਹੀਂ ਹਾਂ ਅਤੇ ਮੈਨੂੰ ਕਦੇ ਸੋਗ ਨਹੀਂ ਮਨਾਉਣਾ ਪਵੇਗਾ।” (ਪ੍ਰਕਾ. 18:7) ਵਾਕਈ, ਈਸਾਈ ਧਰਮ ਨੂੰ ਲੱਗਦਾ ਹੈ ਕਿ ਲੋਕ ਉਸ ਦੇ ਕੰਟ੍ਰੋਲ ਵਿਚ ਹਨ ਅਤੇ ਉਹ ਸੋਚਦਾ ਹੈ ਕਿ ਉਹ ਸਿਆਸੀ ਲੀਡਰਾਂ ’ਤੇ ‘ਰਾਜ ਕਰਦਾ’ ਹੈ। ਇਸ ਲਈ ਜਿਹੜੇ ਲੋਕਾਂ ਨੂੰ ਜੰਗਲੀ ਬੂਟੀ ਕਿਹਾ ਗਿਆ ਹੈ, ਉਹ ਇਸ ਵੇਲੇ ਰੋਂਦੇ-ਪਿੱਟਦੇ ਨਹੀਂ, ਸਗੋਂ ਸ਼ੇਖ਼ੀਆਂ ਮਾਰਦੇ ਹਨ। ਪਰ ਇਹ ਸਭ ਬਦਲਣ ਵਾਲਾ ਹੈ।

ਸਿਆਸੀ ਲੀਡਰਾਂ ਨਾਲ ਈਸਾਈ ਧਰਮ ਦਾ ਰਿਸ਼ਤਾ ਜਲਦੀ ਖ਼ਤਮ ਹੋ ਜਾਵੇਗਾ (ਪੈਰਾ 13 ਦੇਖੋ)

14. (ੳ) ਝੂਠੇ ਮਸੀਹੀ ਕਦੋਂ ਅਤੇ ਕਿਉਂ ਆਪਣੇ ਦੰਦ ਪੀਹਣਗੇ? (ਅ) ਮੱਤੀ 13:42 ਬਾਰੇ ਸਾਡੀ ਨਵੀਂ ਸਮਝ ਜ਼ਬੂਰ 112:10 ਦੀ ਗੱਲ ਨਾਲ ਕਿਵੇਂ ਮੇਲ ਖਾਂਦੀ ਹੈ? (ਨੋਟ ਦੇਖੋ।)

14 ਮਹਾਂਕਸ਼ਟ ਦੌਰਾਨ ਝੂਠੇ ਧਰਮਾਂ ਦੇ ਖ਼ਾਤਮੇ ਤੋਂ ਬਾਅਦ ਜਿਹੜੇ ਲੋਕ ਇਨ੍ਹਾਂ ਧਰਮਾਂ ਨੂੰ ਮੰਨਦੇ ਹੁੰਦੇ ਸਨ ਉਹ ਲੁਕਣ ਦੀ ਕੋਸ਼ਿਸ਼ ਕਰਨਗੇ, ਪਰ ਉਨ੍ਹਾਂ ਨੂੰ ਲੁਕਣ ਦੀ ਕੋਈ ਜਗ੍ਹਾ ਨਹੀਂ ਲੱਭੇਗੀ। (ਲੂਕਾ 23:30; ਪ੍ਰਕਾ. 6:15-17) ਜਦ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਨਾਸ਼ ਤੋਂ ਬਚਣ ਦਾ ਕੋਈ ਚਾਰਾ ਨਹੀਂ ਹੈ, ਤਾਂ ਉਹ ਰੋਣਗੇ ਤੇ ਗੁੱਸੇ ਵਿਚ ਆਪਣੇ ਦੰਦ ਪੀਹਣਗੇ। ਮਹਾਂਕਸ਼ਟ ਬਾਰੇ ਆਪਣੀ ਭਵਿੱਖਬਾਣੀ ਵਿਚ ਯਿਸੂ ਕਹਿੰਦਾ ਹੈ ਕਿ ਉਸ ਵੇਲੇ ਉਹ ਦੁੱਖ ਦੇ ਮਾਰੇ ‘ਆਪਣੀ ਛਾਤੀ ਪਿੱਟਣਗੇ।’ *​—ਮੱਤੀ 24:30; ਪ੍ਰਕਾ. 1:7.

15. ਜੰਗਲੀ ਬੂਟੀ ਨਾਲ ਕੀ ਹੋਵੇਗਾ ਅਤੇ ਇਹ ਕਦੋਂ ਹੋਵੇਗਾ?

15 ਚੌਥੀ ਗੱਲ, ਭੱਠੀ ਵਿਚ ਸੁੱਟਣਾ। ਜੰਗਲੀ ਬੂਟੀ ਦੀਆਂ ਭਰੀਆਂ ਨਾਲ ਕੀ ਹੋਵੇਗਾ? ਦੂਤ “ਉਨ੍ਹਾਂ ਨੂੰ ਬਲ਼ਦੀ ਭੱਠੀ ਵਿਚ ਸੁੱਟ ਦੇਣਗੇ।” (ਮੱਤੀ 13:42) ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਸ਼ ਕੀਤਾ ਜਾਵੇਗਾ। ਜੀ ਹਾਂ, ਜਿਹੜੇ ਲੋਕ ਝੂਠੇ ਧਰਮਾਂ ਨੂੰ ਮੰਨਦੇ ਹੁੰਦੇ ਸਨ, ਉਨ੍ਹਾਂ ਨੂੰ ਆਰਮਾਗੇਡਨ ਦੀ ਲੜਾਈ ਵਿਚ ਖ਼ਤਮ ਕੀਤਾ ਜਾਵੇਗਾ।​—ਮਲਾ. 4:1.

16, 17. (ੳ) ਯਿਸੂ ਨੇ ਕਣਕ ਤੇ ਜੰਗਲੀ ਬੂਟੀ ਦੀ ਮਿਸਾਲ ਵਿਚ ਕਿਹੜੀ ਆਖ਼ਰੀ ਘਟਨਾ ਦਾ ਜ਼ਿਕਰ ਕੀਤਾ ਸੀ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਇਹ ਘਟਨਾ ਭਵਿੱਖ ਵਿਚ ਵਾਪਰੇਗੀ?

16 ਪੰਜਵੀਂ ਗੱਲ, ਚਮਕਣਾ। ਯਿਸੂ ਨੇ ਆਪਣੀ ਭਵਿੱਖਬਾਣੀ ਦੇ ਅਖ਼ੀਰ ਵਿਚ ਕਿਹਾ: “ਉਸ ਵੇਲੇ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿਚ ਸੂਰਜ ਵਾਂਗ ਚਮਕਣਗੇ।” (ਮੱਤੀ 13:43) ਇਹ ਗੱਲ ਕਦੋਂ ਅਤੇ ਕਿੱਥੇ ਪੂਰੀ ਹੋਵੇਗੀ? ਇਹ ਅਜੇ ਭਵਿੱਖ ਵਿਚ ਪੂਰੀ ਹੋਣੀ ਹੈ। ਇੱਥੇ ਯਿਸੂ ਪ੍ਰਚਾਰ ਦੇ ਕੰਮ ਬਾਰੇ ਗੱਲ ਨਹੀਂ ਕਰ ਰਿਹਾ ਸੀ ਜੋ ਅੱਜ ਧਰਤੀ ’ਤੇ ਹੋ ਰਿਹਾ ਹੈ, ਸਗੋਂ ਭਵਿੱਖ ਵਿਚ ਸਵਰਗ ਵਿਚ ਹੋਣ ਵਾਲੀ ਘਟਨਾ ਬਾਰੇ ਗੱਲ ਕਰ ਰਿਹਾ ਸੀ। * ਇਸ ਤਰ੍ਹਾਂ ਕਹਿਣ ਦੇ ਦੋ ਕਾਰਨ ਹਨ।

17 ਧਿਆਨ ਦਿਓ ਕਿ ਇਹ ਸਭ ਕੁਝ ਕਦੋਂ ਹੁੰਦਾ ਹੈ। ਯਿਸੂ ਨੇ ਕਿਹਾ: ‘ਉਸ ਵੇਲੇ ਧਰਮੀ ਲੋਕ ਚਮਕਣਗੇ।’ ਲੱਗਦਾ ਹੈ ਕਿ “ਉਸ ਵੇਲੇ” ਕਹਿ ਕੇ ਯਿਸੂ ਉਸੇ ਸਮੇਂ ਦੀ ਗੱਲ ਕਰ ਰਿਹਾ ਸੀ ਜਦ ‘ਜੰਗਲੀ ਬੂਟੀ ਨੂੰ ਬਲ਼ਦੀ ਭੱਠੀ ਵਿਚ ਸੁੱਟ ਦਿੱਤਾ ਜਾਣਾ’ ਸੀ। ਇਹ ਮਹਾਂਕਸ਼ਟ ਦੇ ਅਖ਼ੀਰ ਵਿਚ ਹੋਵੇਗਾ। ਇਸ ਲਈ ਚੁਣੇ ਹੋਏ ਮਸੀਹੀ ਵੀ ਉਸੇ ਸਮੇਂ ‘ਚਮਕਣਗੇ।’ ਫਿਰ ਧਿਆਨ ਦਿਓ ਕਿ ਇਹ ਸਭ ਕੁਝ ਕਿੱਥੇ ਹੁੰਦਾ ਹੈ। ਯਿਸੂ ਨੇ ਕਿਹਾ ਸੀ ਕਿ ਧਰਮੀ ਲੋਕ ‘ਰਾਜ ਵਿਚ ਚਮਕਣਗੇ।’ ਇਸ ਦਾ ਕੀ ਮਤਲਬ ਹੈ? ਜਿਹੜੇ ਵੀ ਵਫ਼ਾਦਾਰ ਚੁਣੇ ਹੋਏ ਮਸੀਹੀ ਮਹਾਂਕਸ਼ਟ ਦੇ ਸ਼ੁਰੂ ਹੋਣ ਤੋਂ ਬਾਅਦ ਧਰਤੀ ਉੱਤੇ ਹੋਣਗੇ, ਉਨ੍ਹਾਂ ’ਤੇ ਆਖ਼ਰੀ ਮੁਹਰ ਲੱਗ ਚੁੱਕੀ ਹੋਵੇਗੀ। ਫਿਰ ਯਿਸੂ ਦੀ ਭਵਿੱਖਬਾਣੀ ਮੁਤਾਬਕ ਉਨ੍ਹਾਂ ਨੂੰ ਸਵਰਗ ਲਿਜਾਇਆ ਜਾਵੇਗਾ। (ਮੱਤੀ 24:31) ਉੱਥੇ ਉਹ ‘ਆਪਣੇ ਪਿਤਾ ਦੇ ਰਾਜ ਵਿਚ ਚਮਕਣਗੇ।’ ਆਰਮਾਗੇਡਨ ਦੀ ਲੜਾਈ ਤੋਂ ਕੁਝ ਸਮੇਂ ਬਾਅਦ “ਲੇਲੇ ਦਾ ਵਿਆਹ” ਹੋਵੇਗਾ ਤੇ ਸਾਰੇ ਚੁਣੇ ਹੋਏ ਮਸੀਹੀ ਯਿਸੂ ਦੀ ਲਾੜੀ ਬਣਨਗੇ।​—ਪ੍ਰਕਾ. 19:6-9.

ਸਾਡੇ ਲਈ ਫ਼ਾਇਦੇ

18, 19. ਕਣਕ ਅਤੇ ਜੰਗਲੀ ਬੂਟੀ ਬਾਰੇ ਯਿਸੂ ਦੀ ਮਿਸਾਲ ਸਮਝਣ ਦੇ ਸਾਨੂੰ ਕੀ ਫ਼ਾਇਦੇ ਹਨ?

18 ਇਸ ਮਿਸਾਲ ਉੱਤੇ ਗੌਰ ਕਰਨ ਦੇ ਸਾਨੂੰ ਕੀ ਫ਼ਾਇਦੇ ਹਨ? ਆਓ ਆਪਾਂ ਤਿੰਨ ਫ਼ਾਇਦੇ ਦੇਖੀਏ। ਪਹਿਲਾ, ਸਾਡੀ ਸਮਝ ਵਧਦੀ ਹੈ। ਇਸ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਅਜੇ ਤਕ ਬੁਰੇ ਲੋਕਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ ਹੈ। ਉਸ ਨੇ ‘ਉਨ੍ਹਾਂ ਲੋਕਾਂ ਨੂੰ ਬਰਦਾਸ਼ਤ ਕੀਤਾ ਜਿਨ੍ਹਾਂ ਉੱਤੇ ਉਸ ਦਾ ਕ੍ਰੋਧ ਭੜਕੇਗਾ’ ਤਾਂਕਿ ਉਹ ਚੁਣੇ ਹੋਏ ਮਸੀਹੀਆਂ ਨੂੰ ਤਿਆਰ ਕਰੇ ਜੋ “ਦਇਆ ਦੇ ਭਾਂਡਿਆਂ ਵਰਗੇ ਹਨ।” * (ਰੋਮੀ. 9:22-24) ਦੂਜਾ, ਯਹੋਵਾਹ ਉੱਤੇ ਸਾਡਾ ਭਰੋਸਾ ਵਧਦਾ ਹੈ। ਜਿਉਂ-ਜਿਉਂ ਅੰਤ ਨੇੜੇ ਆਉਂਦਾ ਜਾਂਦਾ ਹੈ, ਸਾਡੇ ਦੁਸ਼ਮਣ ਸਾਡੇ ਨਾਲ ਹੋਰ ਵੀ ਲੜਨਗੇ, ਪਰ “ਜਿੱਤ ਨਾ ਸੱਕਣਗੇ।” (ਯਿਰਮਿਯਾਹ 1:19 ਪੜ੍ਹੋ।) ਠੀਕ ਜਿਵੇਂ ਯਹੋਵਾਹ ਨੇ ਸਦੀਆਂ ਦੌਰਾਨ ਚੁਣੇ ਹੋਏ ਮਸੀਹੀਆਂ ਦੀ ਰਾਖੀ ਕੀਤੀ ਸੀ, ਸੋ ਅੱਜ ਵੀ ਸਾਡਾ ਸਵਰਗੀ ਪਿਤਾ ਯਹੋਵਾਹ ਯਿਸੂ ਅਤੇ ਦੂਤਾਂ ਰਾਹੀਂ “ਹਰ ਵੇਲੇ” ਸਾਡੇ ਨਾਲ ਰਹੇਗਾ।​—ਮੱਤੀ 28:20.

19 ਤੀਜਾ, ਇਸ ਮਿਸਾਲ ਦੀ ਮਦਦ ਨਾਲ ਅਸੀਂ ਜਾਣ ਸਕਦੇ ਹਾਂ ਕਿ ਕਣਕ ਵਰਗੇ ਮਸੀਹੀ ਕੌਣ ਹਨ। ਇਹ ਜਾਣਨਾ ਕਿਉਂ ਜ਼ਰੂਰੀ ਹੈ? ਤਾਂਕਿ ਸਾਨੂੰ ਆਖ਼ਰੀ ਦਿਨਾਂ ਬਾਰੇ ਯਿਸੂ ਦੀ ਭਵਿੱਖਬਾਣੀ ਵਿਚ ਇਕ ਹੋਰ ਸਵਾਲ ਦਾ ਜਵਾਬ ਮਿਲ ਸਕੇ। ਉਸ ਨੇ ਪੁੱਛਿਆ: “ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ?” (ਮੱਤੀ 24:45) ਅਗਲੇ ਦੋ ਲੇਖਾਂ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ।

 

^ ਪੇਰਗ੍ਰੈਫ 2 ਪੈਰਾ 2: ਅਸੀਂ ਚਾਹੁੰਦੇ ਹਾਂ ਕਿ ਇਸ ਮਿਸਾਲ ਦੀਆਂ ਹੋਰ ਗੱਲਾਂ ਨੂੰ ਯਾਦ ਕਰਨ ਲਈ ਤੁਸੀਂ ਪਹਿਰਾਬੁਰਜ, 15 ਮਾਰਚ 2010 ਵਿਚ ‘ਧਰਮੀ ਲੋਕ ਸੂਰਜ ਵਾਂਙੁ ਚਮਕਣਗੇ’ ਨਾਂ ਦਾ ਲੇਖ ਪੜ੍ਹੋ।

^ ਪੇਰਗ੍ਰੈਫ 3 ਪੈਰਾ 3: ਇਹ ਨੌਕਰ ਚੁਣੇ ਹੋਏ ਮਸੀਹੀ ਨਹੀਂ, ਸਗੋਂ ਦੂਤ ਹਨ ਕਿਉਂਕਿ ਯਿਸੂ ਦੇ ਰਸੂਲਾਂ ਦੀ ਮੌਤ ਹੋ ਚੁੱਕੀ ਸੀ ਅਤੇ ਧਰਤੀ ਉੱਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਨੂੰ ਕਣਕ ਨਾਲ ਦਰਸਾਇਆ ਗਿਆ ਸੀ। ਨਾਲੇ ਇਸ ਮਿਸਾਲ ਵਿਚ ਯਿਸੂ ਨੇ ਖ਼ੁਦ ਕਿਹਾ ਸੀ ਕਿ ਜੰਗਲੀ ਬੂਟੀ ਪੁੱਟਣ ਵਾਲੇ ਦੂਤ ਹਨ।​—ਮੱਤੀ 13:39.

^ ਪੇਰਗ੍ਰੈਫ 6 ਪੈਰਾ 6: ਇਹ ਸਾਡੀ ਸਮਝ ਵਿਚ ਤਬਦੀਲੀ ਹੈ। ਪਹਿਲਾਂ ਅਸੀਂ ਸੋਚਦੇ ਸੀ ਕਿ ਯਿਸੂ 1918 ਵਿਚ ਮੰਦਰ ਦੀ ਜਾਂਚ ਕਰਨ ਆਇਆ ਸੀ।

^ ਪੇਰਗ੍ਰੈਫ 7 ਪੈਰਾ 7: ਬਾਈਬਲ ਸਟੂਡੈਂਟਸ ਨੇ 1910 ਤੋਂ ਲੈ ਕੇ 1914 ਤਕ ਤਕਰੀਬਨ 40 ਲੱਖ ਕਿਤਾਬਾਂ ਅਤੇ 20 ਕਰੋੜ ਤੋਂ ਜ਼ਿਆਦਾ ਟ੍ਰੈਕਟ ਅਤੇ ਛੋਟੀਆਂ ਕਿਤਾਬਾਂ ਵੰਡੀਆਂ ਸਨ।

^ ਪੇਰਗ੍ਰੈਫ 14 ਪੈਰਾ 14: ਇਹ ਮੱਤੀ 13:42 ਬਾਰੇ ਸਾਡੀ ਸਮਝ ਵਿਚ ਤਬਦੀਲੀ ਹੈ। ਪਹਿਲਾਂ ਸਾਡੇ ਪ੍ਰਕਾਸ਼ਨਾਂ ਵਿਚ ਕਿਹਾ ਗਿਆ ਸੀ ਕਿ ਝੂਠੇ ਮਸੀਹੀ ਸਾਲਾਂ ਤੋਂ ‘ਰੋਂਦੇ-ਪਿੱਟਦੇ’ ਅਤੇ ਦੰਦ ਪੀਂਹਦੇ ਆਏ ਹਨ ਕਿਉਂਕਿ ‘ਰਾਜ ਦੇ ਪੁੱਤਰਾਂ’ ਨੇ ਉਨ੍ਹਾਂ ਦਾ ‘ਸ਼ੈਤਾਨ ਦੇ ਪੁੱਤਰਾਂ’ ਵਜੋਂ ਪਰਦਾਫ਼ਾਸ਼ ਕੀਤਾ। (ਮੱਤੀ 13:38) ਪਰ ਧਿਆਨ ਦਿਓ ਕਿ ਬਾਈਬਲ ਵਿਚ ਦੰਦ ਪੀਹਣ ਦੀ ਗੱਲ ਨਾਸ਼ ਨਾਲ ਜੋੜੀ ਜਾਂਦੀ ਹੈ।​—ਜ਼ਬੂ. 112:10.

^ ਪੇਰਗ੍ਰੈਫ 16 ਪੈਰਾ 16: ਦਾਨੀਏਲ 12:3 ਵਿਚ ਲਿਖਿਆ ਹੈ: “ਓਹ ਜਿਹੜੇ ਬੁੱਧਵਾਨ ਹਨ [ਚੁਣੇ ਹੋਏ ਮਸੀਹੀ] ਅੰਬਰ ਦੇ ਪਰਕਾਸ਼ ਵਾਂਗਰ ਚਮਕਣਗੇ।” ਧਰਤੀ ਉੱਤੇ ਰਹਿੰਦੇ ਹੋਏ ਉਹ ਪ੍ਰਚਾਰ ਕਰ ਕੇ ਚਮਕਦੇ ਹਨ। ਪਰ ਮੱਤੀ 13:43 ਵਿਚ ਉਸ ਸਮੇਂ ਦੀ ਗੱਲ ਕੀਤੀ ਗਈ ਹੈ ਜਦ ਉਹ ਸਵਰਗੀ ਰਾਜ ਵਿਚ ਚਮਕਣਗੇ। ਪਹਿਲਾਂ ਅਸੀਂ ਸੋਚਦੇ ਸੀ ਕਿ ਇਹ ਦੋਵੇਂ ਆਇਤਾਂ ਪ੍ਰਚਾਰ ਦੇ ਕੰਮ ਬਾਰੇ ਹਨ।