Skip to content

Skip to table of contents

ਯਹੋਵਾਹ ‘ਰੋਜ ਮੇਰਾ ਭਾਰ ਚੁੱਕ ਲੈਂਦਾ ਹੈ’

ਯਹੋਵਾਹ ‘ਰੋਜ ਮੇਰਾ ਭਾਰ ਚੁੱਕ ਲੈਂਦਾ ਹੈ’

ਖ਼ਰਾਬ ਸਿਹਤ ਹੋਣ ਕਰਕੇ ਦੂਜਿਆਂ ਨੂੰ ਲੱਗ ਸਕਦਾ ਸੀ ਕਿ ਮੇਰੇ ਲਈ ਜੀਣਾ ਮੁਸ਼ਕਲ ਹੋਵੇਗਾ, ਪਰ ਯਹੋਵਾਹ ਪਰਮੇਸ਼ੁਰ ਨੇ ਮੈਨੂੰ ਪੂਰੀ ਤਰ੍ਹਾਂ ਸੰਭਾਲਿਆ ਹੈ। ਮੈਨੂੰ ਖ਼ਾਸ ਕਰਕੇ ਇਸ ਗੱਲ ਦੀ ਖ਼ੁਸ਼ੀ ਹੈ ਕਿ ਮੈਂ 20 ਸਾਲਾਂ ਤੋਂ ਵੀ ਜ਼ਿਆਦਾ ਇਕ ਪਾਇਨੀਅਰ ਵਜੋਂ ਯਹੋਵਾਹ ਦੀ ਸੇਵਾ ਕਰ ਸਕੀ ਹਾਂ।

ਮੈਂ 1956 ਵਿਚ ਪੈਦਾ ਹੋਈ ਅਤੇ ਮੈਨੂੰ ਜਨਮ ਤੋਂ ਹੀ ਸਪਾਈਨਾ ਬਿਫ਼ਿਡਾ (ਰੀੜ੍ਹ ਦੀ ਬੀਮਾਰੀ) ਹੈ ਜਿਸ ਕਰਕੇ ਮੇਰੇ ਲਈ ਤੁਰਨਾ-ਫਿਰਨਾ ਬਹੁਤ ਮੁਸ਼ਕਲ ਹੈ ਅਤੇ ਮੈਨੂੰ ਸਿਹਤ ਦੀਆਂ ਕਈ ਹੋਰ ਗੰਭੀਰ ਸਮੱਸਿਆਵਾਂ ਹਨ।

ਮੇਰੇ ਜਨਮ ਤੋਂ ਕੁਝ ਸਮੇਂ ਪਹਿਲਾਂ ਯਹੋਵਾਹ ਦੇ ਗਵਾਹ, ਜੋ ਮਿਸ਼ਨਰੀ ਸਨ, ਸਾਡੇ ਘਰ ਆਏ ਅਤੇ ਉਨ੍ਹਾਂ ਨੇ ਮੇਰੇ ਮਾਪਿਆਂ ਨਾਲ ਬਾਈਬਲ ਦੀ ਸਟੱਡੀ ਕੀਤੀ। ਬਚਪਨ ਵਿਚ ਮੇਰਾ ਪਰਿਵਾਰ ਉਸਾਕੋਸ, ਨਮੀਬੀਆ ਵਿਚ ਰਹਿੰਦਾ ਸੀ। ਇੱਥੇ ਯਹੋਵਾਹ ਦੇ ਗਵਾਹ ਬਹੁਤ ਥੋੜ੍ਹੇ ਸਨ ਅਤੇ ਇਕ-ਦੂਜੇ ਤੋਂ ਕਾਫ਼ੀ ਦੂਰ-ਦੂਰ ਜਗ੍ਹਾ ’ਤੇ ਰਹਿੰਦੇ ਸਨ। ਇਸ ਲਈ ਸਾਡਾ ਪਰਿਵਾਰ ਮਿਲ ਕੇ ਉਹ ਪ੍ਰਕਾਸ਼ਨ ਪੜ੍ਹ ਲੈਂਦਾ ਸੀ ਜੋ ਮੀਟਿੰਗਾਂ ਵਿਚ ਪੜ੍ਹੇ ਜਾਣੇ ਸਨ। ਸਰੀਰ ਵਿਚ ਨੁਕਸ ਹੋਣ ਕਰਕੇ ਮੈਂ ਪਿਸ਼ਾਬ ਨਹੀਂ ਕਰ ਸਕਦੀ ਸੀ। ਇਸ ਕਰਕੇ ਸੱਤ ਸਾਲਾਂ ਦੀ ਉਮਰ ਵਿਚ ਮੇਰਾ ਇਕ ਓਪਰੇਸ਼ਨ ਹੋਇਆ। ਫਿਰ ਜਦੋਂ ਮੈਂ 14 ਸਾਲਾਂ ਦੀ ਸੀ, ਤਾਂ ਮੈਨੂੰ ਮਿਰਗੀ ਦੀ ਬੀਮਾਰੀ ਹੋ ਗਈ। ਮੈਂ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੀ ਕਿਉਂਕਿ ਹਾਈ ਸਕੂਲ ਸਾਡੇ ਘਰ ਤੋਂ ਬਹੁਤ ਦੂਰ ਸੀ ਤੇ ਮੇਰੇ ਮਾਪਿਆਂ ਨੂੰ ਮੇਰੀ ਖ਼ਾਸ ਦੇਖ-ਭਾਲ ਕਰਨੀ ਪੈਂਦੀ ਸੀ।

ਇਸ ਦੇ ਬਾਵਜੂਦ ਮੈਂ ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਨ ਦਾ ਫ਼ੈਸਲਾ ਕੀਤਾ। ਉਸ ਸਮੇਂ ਮੇਰੀ ਆਪਣੀ ਭਾਸ਼ਾ ਅਫ਼ਰੀਕਾਨਜ਼ ਵਿਚ ਸਾਡੇ ਬਹੁਤੇ ਪ੍ਰਕਾਸ਼ਨ ਨਹੀਂ ਸਨ। ਇਸ ਲਈ ਮੈਂ ਇਨ੍ਹਾਂ ਦੀ ਸਟੱਡੀ ਕਰਨ ਲਈ ਅੰਗ੍ਰੇਜ਼ੀ ਸਿੱਖੀ। ਮੈਂ ਪਬਲੀਸ਼ਰ ਬਣੀ ਤੇ 19 ਸਾਲਾਂ ਦੀ ਉਮਰ ਵਿਚ ਮੇਰਾ ਬਪਤਿਸਮਾ ਹੋਇਆ। ਅਗਲੇ ਚਾਰ ਸਾਲਾਂ ਦੌਰਾਨ ਮੇਰੀ ਸਿਹਤ ਹੋਰ ਵਿਗੜਦੀ ਗਈ ਜਿਸ ਕਰਕੇ ਮੈਂ ਉਦਾਸ ਰਹਿਣ ਲੱਗ ਪਈ। ਨਾਲੇ ਸਾਡੇ ਗੁਆਂਢੀ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ, ਉਨ੍ਹਾਂ ਦੇ ਡਰ ਕਾਰਨ ਮੈਂ ਜੋਸ਼ ਨਾਲ ਪ੍ਰਚਾਰ ਨਹੀਂ ਕਰ ਸਕੀ।

ਜਦੋਂ ਮੈਂ 20-22 ਸਾਲਾਂ ਦੀ ਸੀ, ਤਾਂ ਅਸੀਂ ਨਮੀਬੀਆ ਤੋਂ ਦੱਖਣੀ ਅਫ਼ਰੀਕਾ ਚਲੇ ਗਏ। ਇੱਥੇ ਮੀਟਿੰਗਾਂ ਵਿਚ ਜਾ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ। ਪਰ ਮੈਨੂੰ ਇਕ ਹੋਰ ਓਪਰੇਸ਼ਨ ਕਰਵਾਉਣਾ ਪਿਆ। ਇਸ ਵਾਰ ਮੇਰੇ ਢਿੱਡ ਵਿਚ ਵੱਡੀ ਅੰਤੜੀ ਦੀ ਸਰਜਰੀ ਹੋਈ।

ਕੁਝ ਸਮੇਂ ਬਾਅਦ ਸਾਡੀ ਮੰਡਲੀ ਵਿਚ ਇਕ ਸਰਕਟ ਓਵਰਸੀਅਰ ਨੇ ਪਾਇਨੀਅਰਿੰਗ ਬਾਰੇ ਭਾਸ਼ਣ ਦਿੱਤਾ। ਉਸ ਦੀਆਂ ਗੱਲਾਂ ਨੇ ਮੇਰੇ ਦਿਲ ਨੂੰ ਛੋਹਿਆ। ਮੈਂ ਜਾਣਦੀ ਸੀ ਕਿ ਮੇਰੀ ਸਿਹਤ ਠੀਕ ਨਹੀਂ ਸੀ ਅਤੇ ਪਾਇਨੀਅਰਿੰਗ ਕਰਨੀ ਮੇਰੇ ਲਈ ਮੁਸ਼ਕਲ ਹੋ ਸਕਦੀ ਸੀ, ਫਿਰ ਵੀ ਮੈਂ ਦੇਖਿਆ ਕਿ ਯਹੋਵਾਹ ਨੇ ਹਰ ਮੁਸ਼ਕਲ ਦੌਰਾਨ ਮੈਨੂੰ ਸਹਾਰਾ ਦਿੱਤਾ ਸੀ। ਸੋ ਮੈਂ ਰੈਗੂਲਰ ਪਾਇਨੀਅਰਿੰਗ ਦਾ ਫ਼ਾਰਮ ਭਰ ਦਿੱਤਾ। ਪਰ ਮੇਰੀ ਮਾੜੀ ਸਿਹਤ ਕਰਕੇ ਬਜ਼ੁਰਗ ਮੈਨੂੰ ਪਾਇਨੀਅਰ ਬਣਾਉਣ ਤੋਂ ਹਿਚਕਿਚਾਉਂਦੇ ਸਨ।

ਇਸ ਦੇ ਬਾਵਜੂਦ ਮੈਂ ਪੂਰੀ ਵਾਹ ਲਾ ਕੇ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ। ਆਪਣੀ ਮੰਮੀ ਤੇ ਦੂਜਿਆਂ ਦੀ ਮਦਦ ਨਾਲ ਮੈਂ ਛੇ ਮਹੀਨਿਆਂ ਤਕ ਉੱਨੇ ਘੰਟੇ ਕੀਤੇ ਜਿੰਨੇ ਪਾਇਨੀਅਰ ਕਰਦੇ ਹਨ। ਇੱਦਾਂ ਮੈਂ ਦਿਖਾਇਆ ਕਿ ਮਾੜੀ ਸਿਹਤ ਦੇ ਬਾਵਜੂਦ ਪਾਇਨੀਅਰਿੰਗ ਕਰਨ ਦਾ ਮੇਰਾ ਇਰਾਦਾ ਪੱਕਾ ਸੀ। ਮੈਂ ਫਿਰ ਤੋਂ ਫ਼ਾਰਮ ਭਰ ਦਿੱਤਾ ਅਤੇ ਇਸ ਵਾਰ ਮੇਰੀ ਅਰਜ਼ੀ ਮਨਜ਼ੂਰ ਹੋ ਗਈ ਤੇ 1 ਸਤੰਬਰ 1988 ਨੂੰ ਮੈਂ ਰੈਗੂਲਰ ਪਾਇਨੀਅਰ ਬਣੀ।

ਪਾਇਨੀਅਰਿੰਗ ਕਰਦਿਆਂ ਮੈਂ ਦੇਖਿਆ ਹੈ ਕਿ ਯਹੋਵਾਹ ਨੇ ਹਰ ਕਦਮ ’ਤੇ ਮੇਰਾ ਸਾਥ ਦਿੱਤਾ ਹੈ। ਦੂਜਿਆਂ ਨੂੰ ਬਾਈਬਲ ਦੀ ਸੱਚਾਈ ਸਿਖਾ ਕੇ ਮੈਨੂੰ ਬਹੁਤ ਫ਼ਾਇਦਾ ਹੋਇਆ ਹੈ। ਹੁਣ ਮੈਂ ਆਪਣੇ ਬਾਰੇ ਘੱਟ ਸੋਚਦੀ ਹਾਂ ਅਤੇ ਯਹੋਵਾਹ ਨਾਲ ਮੇਰਾ ਰਿਸ਼ਤਾ ਗੂੜ੍ਹਾ ਹੋਇਆ ਹੈ। ਨਾਲੇ ਦੂਜਿਆਂ ਨੂੰ ਯਹੋਵਾਹ ਦੇ ਗਵਾਹ ਬਣਨ ਵਿਚ ਮਦਦ ਦੇ ਕੇ ਮੈਨੂੰ ਬੇਹੱਦ ਖ਼ੁਸ਼ੀ ਹੋਈ ਹੈ।

ਅਜੇ ਵੀ ਮੇਰੀ ਸਿਹਤ ਠੀਕ ਨਹੀਂ ਰਹਿੰਦੀ। ਪਰ ਯਹੋਵਾਹ ‘ਰੋਜ ਮੇਰਾ ਭਾਰ ਚੁੱਕ ਲੈਂਦਾ ਹੈ।’ (ਜ਼ਬੂ. 68:19) ਉਸ ਦੀ ਮਦਦ ਨਾਲ ਮੈਂ ਸਿਰਫ਼ ਜੀ ਹੀ ਨਹੀਂ ਰਹੀ, ਸਗੋਂ ਮੈਂ ਜ਼ਿੰਦਗੀ ਦਾ ਮਜ਼ਾ ਉਠਾ ਰਹੀ ਹਾਂ!