Skip to content

Skip to table of contents

ਇਤਿਹਾਸ ਦੇ ਪੰਨਿਆਂ ਤੋਂ

ਰਾਜਾ ਬਹੁਤ ਖ਼ੁਸ਼ ਹੋਇਆ!

ਰਾਜਾ ਬਹੁਤ ਖ਼ੁਸ਼ ਹੋਇਆ!

ਅਗਸਤ 1936 ਦੀ ਗੱਲ ਹੈ। ਸਵਾਜ਼ੀਲੈਂਡ ਵਿਚ ਰੌਬਰਟ ਅਤੇ ਜੋਰਜ ਨਿਜ਼ਬੱਟ ਰਾਜਾ ਸੋਬੁਜ਼ਾ ਦੂਜੇ ਨੂੰ ਮਿਲਣ ਗਏ। ਪਹਿਲਾਂ ਉਨ੍ਹਾਂ ਨੇ ਲਾਊਡਸਪੀਕਰ ਵਾਲੀ ਕਾਰ ਤੋਂ ਸੰਗੀਤ ਸੁਣਾਇਆ ਤੇ ਫਿਰ ਭਰਾ ਰਦਰਫ਼ਰਡ ਦੇ ਕੁਝ ਭਾਸ਼ਣ। ਰਾਜਾ ਭਾਸ਼ਣ ਸੁਣ ਕੇ ਬਹੁਤ ਖ਼ੁਸ਼ ਹੋਇਆ। ਜੋਰਜ ਦੱਸਦਾ ਹੈ, “ਉਹ ਤਵੇ ਵਾਲੀ ਮਸ਼ੀਨ, ਰਿਕਾਰਡ ਅਤੇ ਲਾਊਡਸਪੀਕਰ ਖ਼ਰੀਦਣਾ ਚਾਹੁੰਦਾ ਸੀ ਤੇ ਸਾਨੂੰ ਪਤਾ ਨਾ ਲੱਗੇ ਕਿ ਅਸੀਂ ਨਾਂਹ ਕਿਵੇਂ ਕਰੀਏ!” ਭਰਾ ਕੀ ਕਹਿ ਸਕਦੇ ਸਨ?

ਰੌਬਰਟ ਨੇ ਮਾਫ਼ੀ ਮੰਗਦਿਆਂ ਕਿਹਾ ਕਿ ਇਹ ਚੀਜ਼ਾਂ ਵੇਚਣ ਲਈ ਨਹੀਂ ਸਨ। ਉਸ ਨੇ ਅੱਗੇ ਸਮਝਾਇਆ ਕਿ ਇਹ ਸਾਰਾ ਕੁਝ ਕਿਸੇ ਹੋਰ ਦੀ ਅਮਾਨਤ ਸੀ। ਰਾਜਾ ਜਾਣਨਾ ਚਾਹੁੰਦਾ ਸੀ ਕਿ ਇਹ ਕਿਸ ਦੀ ਅਮਾਨਤ ਸੀ।

ਰੌਬਰਟ ਨੇ ਜਵਾਬ ਦਿੱਤਾ: “ਇਹ ਕਿਸੇ ਹੋਰ ਰਾਜੇ ਦਾ ਸਾਮਾਨ ਹੈ।” ਫਿਰ ਸੋਬੁਜ਼ਾ ਰਾਜੇ ਨੇ ਪੁੱਛਿਆ ਕਿ ਉਹ ਰਾਜਾ ਕੌਣ ਹੈ। ਰੌਬਰਟ ਨੇ ਕਿਹਾ: “ਉਹ ਯਿਸੂ ਮਸੀਹ ਹੈ ਜੋ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੈ।”

ਸੋਬੁਜ਼ਾ ਰਾਜੇ ਨੇ ਆਦਰ ਨਾਲ ਕਿਹਾ: “ਅੱਛਾ, ਉਹ ਤਾਂ ਬਹੁਤ ਵੱਡਾ ਰਾਜਾ ਹੈ। ਮੈਂ ਅਜਿਹੀ ਕੋਈ ਚੀਜ਼ ਨਹੀਂ ਲੈਣੀ ਚਾਹੁੰਦਾ ਜੋ ਉਸ ਦੀ ਅਮਾਨਤ ਹੈ।”

ਰੌਬਰਟ ਨੇ ਲਿਖਿਆ: ‘ਮੈਂ ਰਾਜਾ ਸੋਬੁਜ਼ਾ ਦੇ ਸੁਭਾਅ ਤੋਂ ਬਹੁਤ ਹੈਰਾਨ ਹੋਇਆ। ਉਹ ਚੰਗੀ ਤਰ੍ਹਾਂ ਅੰਗ੍ਰੇਜ਼ੀ ਬੋਲਦਾ ਸੀ, ਪਰ ਉਸ ਵਿਚ ਕੋਈ ਆਕੜ ਜਾਂ ਹੰਕਾਰ ਨਹੀਂ ਸੀ। ਉਹ ਸਿੱਧੀ ਗੱਲ ਕਰਦਾ ਸੀ ਤੇ ਉਸ ਨਾਲ ਗੱਲਬਾਤ ਕਰਨੀ ਸੌਖੀ ਸੀ। ਮੈਂ ਉਸ ਦੇ ਦਫ਼ਤਰ ਵਿਚ 45 ਮਿੰਟਾਂ ਲਈ ਬੈਠਾ ਰਿਹਾ। ਇਸ ਦੌਰਾਨ ਜੋਰਜ ਬਾਹਰ ਸੰਗੀਤ ਸੁਣਾਉਂਦਾ ਰਿਹਾ।’

ਰੌਬਰਟ ਨੇ ਅੱਗੇ ਇਕ ਦਿਲਚਸਪ ਤਜਰਬੇ ਬਾਰੇ ਦੱਸਿਆ: ‘ਬਾਅਦ ਵਿਚ ਉਸੇ ਦਿਨ ਅਸੀਂ ਸਵਾਜ਼ੀ ਨੈਸ਼ਨਲ ਸਕੂਲ ਗਏ ਜਿੱਥੇ ਅਸੀਂ ਪ੍ਰਿੰਸੀਪਲ ਨਾਲ ਸੱਚਾਈ ਬਾਰੇ ਗੱਲ ਕੀਤੀ। ਉਸ ਨੇ ਬੜੇ ਧਿਆਨ ਨਾਲ ਸਾਡੀ ਗੱਲ ਸੁਣੀ। ਜਦ ਅਸੀਂ ਕਿਹਾ ਕਿ ਸਾਡੇ ਕੋਲ ਕੁਝ ਰਿਕਾਰਡਿੰਗਜ਼ ਹਨ ਜੋ ਅਸੀਂ ਸਾਰਿਆਂ ਨੂੰ ਸੁਣਾਉਣਾ ਚਾਹੁੰਦੇ ਹਾਂ, ਤਾਂ ਉਹ ਬਹੁਤ ਖ਼ੁਸ਼ ਹੋਇਆ। ਉਸ ਨੇ ਲਗਭਗ 100 ਵਿਦਿਆਰਥੀਆਂ ਨੂੰ ਇਕੱਠਾ ਕਰ ਕੇ ਬਾਹਰ ਘਾਹ ’ਤੇ ਬਿਠਾ ਦਿੱਤਾ ਤਾਂਕਿ ਉਹ ਭਾਸ਼ਣ ਸੁਣ ਸਕਣ। ਸਾਨੂੰ ਦੱਸਿਆ ਗਿਆ ਕਿ ਸਕੂਲ ਵਿਚ ਮੁੰਡਿਆਂ ਨੂੰ ਖੇਤੀਬਾੜੀ, ਬਾਗ਼ਬਾਨੀ, ਤਰਖਾਣ ਦਾ ਕੰਮ, ਰਾਜਗੀਰੀ, ਅੰਗ੍ਰੇਜ਼ੀ ਤੇ ਹਿਸਾਬ ਸਿਖਾਇਆ ਜਾਂਦਾ ਸੀ। ਕੁੜੀਆਂ ਨੂੰ ਨਰਸਿੰਗ, ਘਰ ਦੇ ਕੰਮ ਤੇ ਹੋਰ ਕੰਮ-ਕਾਜ ਸਿਖਾਏ ਜਾਂਦੇ ਸਨ। ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਰਾਜਾ ਸੋਬੁਜ਼ਾ ਦੀ ਦਾਦੀ ਨੇ ਇਹ ਸਕੂਲ ਖੋਲ੍ਹਿਆ ਸੀ।’

1936 ਵਿਚ ਸਵਾਜ਼ੀਲੈਂਡ ਵਿਚ ਹਾਈ ਸਕੂਲ ਦੇ ਵਿਦਿਆਰਥੀ ਜਿਨ੍ਹਾਂ ਨੇ ਪਬਲਿਕ ਭਾਸ਼ਣ ਸੁਣਿਆ ਸੀ

1933 ਤੋਂ ਰਾਜਾ ਸੋਬੁਜ਼ਾ ਉਨ੍ਹਾਂ ਪਾਇਨੀਅਰਾਂ ਦੀ ਗੱਲ ਸੁਣਦਾ ਸੀ ਜੋ ਉਸ ਨੂੰ ਮਿਲਣ ਆਉਂਦੇ ਸਨ। ਇਕ ਵਾਰ ਉਸ ਨੇ ਆਪਣੇ 100 ਬਾਡੀਗਾਰਡਾਂ ਨੂੰ ਇਕੱਠਾ ਕੀਤਾ ਤਾਂਕਿ ਉਹ ਵੀ ਰਾਜ ਦਾ ਸੰਦੇਸ਼ ਸੁਣ ਸਕਣ। ਉਹ ਹਰ ਮਹੀਨੇ ਸਾਡੇ ਰਸਾਲੇ ਮੰਗਵਾਉਣ ਲਈ ਰਾਜ਼ੀ ਹੋ ਗਿਆ ਤੇ ਉਸ ਨੇ ਭਰਾਵਾਂ ਤੋਂ ਹੋਰ ਕਿਤਾਬਾਂ ਵੀ ਲਈਆਂ। ਇਸ ਰਾਜੇ ਕੋਲ ਸੰਗਠਨ ਦੇ ਤਕਰੀਬਨ ਸਾਰੇ ਪ੍ਰਕਾਸ਼ਨ ਸਨ। ਇਸ ਤੋਂ ਇਲਾਵਾ, ਜਦ ਦੂਜੇ ਵਿਸ਼ਵ ਯੁੱਧ ਦੌਰਾਨ ਸਵਾਜ਼ੀਲੈਂਡ ’ਤੇ ਰਾਜ ਕਰ ਰਹੀ ਬ੍ਰਿਟਿਸ਼ ਸਰਕਾਰ ਨੇ ਸਾਡੇ ਪ੍ਰਕਾਸ਼ਨਾਂ ’ਤੇ ਪਾਬੰਦੀ ਲਾਈ, ਤਾਂ ਉਸ ਨੇ ਇਹ ਸਾਰੇ ਪ੍ਰਕਾਸ਼ਨ ਸੰਭਾਲ ਕੇ ਰੱਖੇ।

ਕਈ ਸਾਲਾਂ ਤਕ ਲੋਬਾਂਬਾ ਵਿਚ ਰਾਜਾ ਸੋਬੁਜ਼ਾ ਦੂਜਾ ਯਹੋਵਾਹ ਦੇ ਗਵਾਹਾਂ ਨੂੰ ਮਿਲਦਾ ਰਿਹਾ ਤੇ ਕਦੀ-ਕਦਾਈਂ ਉਹ ਪਾਦਰੀਆਂ ਨੂੰ ਵੀ ਬਾਈਬਲ ਤੋਂ ਭਾਸ਼ਣ ਸੁਣਨ ਲਈ ਬੁਲਾਉਂਦਾ ਸੀ। ਇਕ ਵਾਰ ਭਰਾ ਹੇਲਵੀ ਮਸ਼ਾਜ਼ੀ ਮੱਤੀ ਦੇ 23ਵੇਂ ਅਧਿਆਇ ’ਤੇ ਚਰਚਾ ਕਰ ਰਿਹਾ ਸੀ, ਪਰ ਪਾਦਰੀਆਂ ਨੇ ਗੁੱਸੇ ਹੋ ਕੇ ਉਸ ਨੂੰ ਰੋਕਣ ਅਤੇ ਜ਼ਬਰਦਸਤੀ ਬਿਠਾਉਣ ਦੀ ਕੋਸ਼ਿਸ਼ ਕੀਤੀ। ਪਰ ਰਾਜੇ ਨੇ ਹੁਕਮ ਦਿੱਤਾ ਕਿ ਭਰਾ ਮਸ਼ਾਜ਼ੀ ਆਪਣੀ ਗੱਲਬਾਤ ਜਾਰੀ ਰੱਖੇ। ਨਾਲੇ ਉਸ ਨੇ ਸਾਰਿਆਂ ਨੂੰ ਕਿਹਾ ਕਿ ਉਹ ਉਸ ਦੇ ਭਾਸ਼ਣ ਵਿਚ ਦੱਸੇ ਬਾਈਬਲ ਦੇ ਸਾਰੇ ਹਵਾਲਿਆਂ ਨੂੰ ਲਿਖ ਲੈਣ!

ਇਕ ਹੋਰ ਮੌਕੇ ਤੇ ਜਦ ਇਕ ਪਾਇਨੀਅਰ ਭਰਾ ਭਾਸ਼ਣ ਦੇ ਰਿਹਾ ਸੀ, ਤਾਂ ਚਾਰ ਪਾਦਰੀ ਉਸ ਦੀ ਗੱਲ ਸੁਣ ਕੇ ਕਹਿਣ ਲੱਗੇ: “ਅਸੀਂ ਹੁਣ ਪਾਦਰੀ ਨਹੀਂ, ਸਗੋਂ ਯਹੋਵਾਹ ਦੇ ਗਵਾਹ ਹਾਂ।” ਫਿਰ ਉਨ੍ਹਾਂ ਨੇ ਭਰਾ ਤੋਂ ਉਹ ਕਿਤਾਬਾਂ ਮੰਗੀਆਂ ਜੋ ਰਾਜੇ ਕੋਲ ਵੀ ਸਨ।

1930 ਦੇ ਦਹਾਕੇ ਤੋਂ ਲੈ ਕੇ 1982 ਵਿਚ ਉਸ ਦੀ ਮੌਤ ਹੋਣ ਤਕ ਰਾਜਾ ਸੋਬੁਜ਼ਾ ਯਹੋਵਾਹ ਦੇ ਗਵਾਹਾਂ ਦਾ ਆਦਰ ਕਰਦਾ ਰਿਹਾ। ਭਾਵੇਂ ਕਿ ਗਵਾਹ ਕੁਝ ਸਵਾਜ਼ੀ ਰੀਤੀ-ਰਿਵਾਜਾਂ ਨੂੰ ਨਹੀਂ ਮੰਨਦੇ ਸਨ, ਫਿਰ ਵੀ ਰਾਜੇ ਨੇ ਉਨ੍ਹਾਂ ’ਤੇ ਜ਼ੁਲਮ ਨਹੀਂ ਹੋਣ ਦਿੱਤੇ। ਇਸ ਲਈ ਗਵਾਹ ਉਸ ਦੇ ਬਹੁਤ ਧੰਨਵਾਦੀ ਸਨ ਤੇ ਉਸ ਦੀ ਮੌਤ ’ਤੇ ਉਨ੍ਹਾਂ ਨੇ ਬਹੁਤ ਸੋਗ ਮਨਾਇਆ।

2013 ਦੇ ਸ਼ੁਰੂ ਵਿਚ ਸਵਾਜ਼ੀਲੈਂਡ ਵਿਚ ਤਕਰੀਬਨ 3,000 ਪ੍ਰਚਾਰਕ ਸਨ। ਉਸ ਦੇਸ਼ ਦੀ ਆਬਾਦੀ 10 ਲੱਖ ਤੋਂ ਜ਼ਿਆਦਾ ਹੋਣ ਕਰਕੇ ਹਰ ਗਵਾਹ ਦੇ ਪਿੱਛੇ 384 ਲੋਕ ਸਨ। 90 ਮੰਡਲੀਆਂ ਵਿਚ 260 ਤੋਂ ਜ਼ਿਆਦਾ ਪਾਇਨੀਅਰ ਸੇਵਾ ਕਰ ਰਹੇ ਸਨ ਅਤੇ 2012 ਵਿਚ ਮੈਮੋਰੀਅਲ ਵਿਚ 7,496 ਲੋਕ ਆਏ। ਇਸ ਤੋਂ ਪਤਾ ਲੱਗਦਾ ਹੈ ਕਿ ਉੱਥੇ ਬਹੁਤ ਵਾਧਾ ਹੋ ਸਕਦਾ ਹੈ। 1930 ਦੇ ਦਹਾਕੇ ਵਿਚ ਸਵਾਜ਼ੀਲੈਂਡ ਜਾ ਕੇ ਭਰਾਵਾਂ ਨੇ ਪ੍ਰਚਾਰ ਦੇ ਕੰਮ ਦੀ ਚੰਗੀ ਨੀਂਹ ਰੱਖੀ।—ਦੱਖਣੀ ਅਫ਼ਰੀਕਾ ਵਿਚ ਸਾਡੇ ਇਤਿਹਾਸਕ ਰਿਕਾਰਡ ਤੋਂ।