Skip to content

Skip to table of contents

ਦੋ ਚੀਜ਼ਾਂ ਦੀ ਤੁਲਨਾ ਕਰਨ ਦੇ ਫ਼ਾਇਦੇ

ਦੋ ਚੀਜ਼ਾਂ ਦੀ ਤੁਲਨਾ ਕਰਨ ਦੇ ਫ਼ਾਇਦੇ

ਕੀ ਇਹ ਸੱਚ ਨਹੀਂ ਕਿ ਯਿਸੂ ਦੁਨੀਆਂ ਦਾ ਸਭ ਤੋਂ ਮਹਾਨ ਸਿੱਖਿਅਕ ਸੀ? ਤੁਸੀਂ ਵੀ ਸ਼ਾਇਦ ਉਸ ਵਾਂਗ ਸਵਾਲ ਪੁੱਛ ਕੇ ਜਾਂ ਮਿਸਾਲਾਂ ਦੇ ਕੇ ਲੋਕਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਹੋ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਯਿਸੂ ਅਕਸਰ ਦੋ ਚੀਜ਼ਾਂ ਦੀ ਤੁਲਨਾ ਕਰ ਕੇ ਵੀ ਸਿਖਾਉਂਦਾ ਹੁੰਦਾ ਸੀ?

ਤੁਸੀਂ ਦੇਖਿਆ ਹੋਣਾ ਕਿ ਅੱਜ ਵੀ ਕਈ ਲੋਕ ਗੱਲ ਕਰਦਿਆਂ ਅਕਸਰ ਇਹ ਤਰੀਕਾ ਵਰਤਦੇ ਹਨ। ਹੋ ਸਕਦਾ ਹੈ ਕਿ ਤੁਸੀਂ ਵੀ ਇਹ ਤਰੀਕਾ ਵਰਤਿਆ ਹੋਵੇ। ਸ਼ਾਇਦ ਤੁਸੀਂ ਕਿਹਾ ਹੋਵੇ, “ਉਸ ਨੇ ਕਿਹਾ ਕਿ ਸਾਰੇ ਅੰਬ ਪੱਕੇ ਹੋਏ ਹਨ, ਪਰ ਇਹ ਵਾਲੇ ਅਜੇ ਕੱਚੇ ਹਨ” ਜਾਂ “ਬਚਪਨ ਵਿਚ ਉਹ ਬੜੇ ਸ਼ਰਮੀਲੇ ਸੁਭਾਅ ਦੀ ਸੀ, ਪਰ ਹੁਣ ਸਾਰਿਆਂ ਨਾਲ ਖੁੱਲ੍ਹ ਕੇ ਗੱਲ ਕਰਦੀ ਹੈ।”

ਇਨ੍ਹਾਂ ਮਿਸਾਲਾਂ ਵਿਚ ਦੋ ਚੀਜ਼ਾਂ ਜਾਂ ਗੱਲਾਂ ਦੀ ਤੁਲਨਾ ਕਿਵੇਂ ਕੀਤੀ ਗਈ ਹੈ? ਪਹਿਲਾਂ ਇਕ ਖ਼ਿਆਲ ਜਾਂ ਹਕੀਕਤ ਦੱਸੀ ਗਈ ਹੈ ਤੇ ਫਿਰ ਪਰ, ਸਗੋਂ, ਇਸ ਦੀ ਬਜਾਇ ਜਾਂ ਦੂਜੇ ਪਾਸੇ ਵਰਗੇ ਸ਼ਬਦ ਵਰਤ ਕੇ ਉਸ ਗੱਲ ਦੀ ਤੁਲਨਾ ਕਿਸੇ ਹੋਰ ਚੀਜ਼ ਨਾਲ ਕੀਤੀ ਗਈ ਹੈ। ਜਾਂ ਕਦੇ-ਕਦੇ ਕੋਈ ਗੱਲ ਕਹਿਣ ਤੋਂ ਬਾਅਦ ਤੁਸੀਂ ਉਸ ਗੱਲ ’ਤੇ ਜ਼ੋਰ ਦੇਣ ਲਈ ਹੋਰ ਜਾਣਕਾਰੀ ਦਿੰਦੇ ਹੋ। ਆਮ ਕਰਕੇ ਲੋਕ ਇੱਦਾਂ ਹੀ ਗੱਲਾਂ ਕਰਦੇ ਹਨ ਤਾਂਕਿ ਦੂਜਿਆਂ ਨੂੰ ਉਨ੍ਹਾਂ ਦੀ ਗੱਲ ਸਮਝ ਆ ਜਾਵੇ।

ਕੁਝ ਭਾਸ਼ਾਵਾਂ ਜਾਂ ਸਭਿਆਚਾਰਾਂ ਵਿਚ ਲੋਕ ਸ਼ਾਇਦ ਦੋ ਚੀਜ਼ਾਂ ਦੀ ਤੁਲਨਾ ਕਰ ਕੇ ਗੱਲ ਨਾ ਕਰਨ, ਫਿਰ ਵੀ ਅਸੀਂ ਇਸ ਤਰੀਕੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਕਿਉਂ? ਕਿਉਂਕਿ ਪਰਮੇਸ਼ੁਰ ਦੇ ਬਚਨ ਵਿਚ ਇਹ ਤਰੀਕਾ ਕਾਫ਼ੀ ਵਾਰ ਵਰਤਿਆ ਗਿਆ ਹੈ। ਨਾਲੇ ਯਿਸੂ ਅਕਸਰ ਦੋ ਚੀਜ਼ਾਂ ਦੀ ਤੁਲਨਾ ਕਰਦਾ ਹੁੰਦਾ ਸੀ। ਮਿਸਾਲ ਲਈ, ਉਸ ਦੀਆਂ ਇਹ ਗੱਲਾਂ ਯਾਦ ਕਰੋ: “ਲੋਕ ਦੀਵਾ ਬਾਲ ਕੇ ਟੋਕਰੀ ਹੇਠਾਂ ਨਹੀਂ ਰੱਖਦੇ, ਪਰ ਉਸ ਨੂੰ ਉੱਚੀ ਜਗ੍ਹਾ ਰੱਖਦੇ ਹਨ।” “ਮੈਂ [ਮੂਸਾ ਦੇ ਕਾਨੂੰਨ] ਨੂੰ ਰੱਦ ਕਰਨ ਨਹੀਂ, ਸਗੋਂ ਪੂਰਾ ਕਰਨ ਆਇਆ ਹਾਂ।” “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਤੂੰ ਹਰਾਮਕਾਰੀ ਨਾ ਕਰ।’ ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ, ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ।” “ਇਹ ਕਿਹਾ ਗਿਆ ਸੀ: ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।’ ਪਰ, ਮੈਂ ਤੁਹਾਨੂੰ ਕਹਿੰਦਾ ਹਾਂ: ਦੁਸ਼ਟ ਇਨਸਾਨ ਦਾ ਵਿਰੋਧ ਨਾ ਕਰ, ਪਰ ਜੇ ਕੋਈ ਤੇਰੀ ਸੱਜੀ ਗੱਲ੍ਹ ’ਤੇ ਥੱਪੜ ਮਾਰਦਾ ਹੈ, ਤਾਂ ਦੂਜੀ ਵੀ ਉਸ ਵੱਲ ਕਰ ਦੇ।”​—ਮੱਤੀ 5:15, 17, 27, 28, 38, 39.

ਬਾਈਬਲ ਦੀਆਂ ਹੋਰ ਕਿਤਾਬਾਂ ਵਿਚ ਵੀ ਤੁਲਨਾ ਕਰਨ ਦਾ ਇਹ ਤਰੀਕਾ ਵਰਤਿਆ ਗਿਆ ਹੈ ਕਿਉਂਕਿ ਇਸ ਤਰੀਕੇ ਨਾਲ ਤੁਸੀਂ ਕਿਸੇ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਜਾਂ ਤੁਸੀਂ ਕੋਈ ਕੰਮ ਵਧੀਆ ਢੰਗ ਨਾਲ ਕਰਨਾ ਸਿੱਖ ਸਕਦੇ ਹੋ। ਜੇ ਤੁਹਾਡੇ ਬੱਚੇ ਹਨ, ਤਾਂ ਤੁਸੀਂ ਇਸ ਆਇਤ ਬਾਰੇ ਸੋਚੋ: “ਪਿਤਾਓ, ਆਪਣੇ ਬੱਚਿਆਂ ਨੂੰ ਨਾ ਖਿਝਾਓ, ਸਗੋਂ ਯਹੋਵਾਹ ਦੀ ਤਾੜਨਾ ਅਤੇ ਸਿੱਖਿਆ ਦਿੰਦੇ ਹੋਏ ਉਨ੍ਹਾਂ ਦੀ ਪਰਵਰਿਸ਼ ਕਰੋ।” (ਅਫ਼. 6:4) ਜੇ ਪੌਲੁਸ ਚਾਹੁੰਦਾ, ਤਾਂ ਉਹ ਸਿੱਧਾ ਕਹਿ ਸਕਦਾ ਸੀ ਕਿ ਮਾਪੇ ਬੱਚਿਆਂ ਨੂੰ ਪਰਮੇਸ਼ੁਰ ਦੀ ਸਿੱਖਿਆ ਦੇਣ, ਪਰ ਉਸ ਨੇ ਕਿਹਾ: ‘ਉਨ੍ਹਾਂ ਨੂੰ ਨਾ ਖਿਝਾਓ, ਸਗੋਂ ਯਹੋਵਾਹ ਦੀ ਤਾੜਨਾ ਦਿੰਦੇ ਹੋਏ ਉਨ੍ਹਾਂ ਦੀ ਪਰਵਰਿਸ਼ ਕਰੋ।’ ਹਾਲਾਂਕਿ ਤੁਲਨਾ ਕੀਤੇ ਬਗੈਰ ਵੀ ਪੌਲੁਸ ਦੀ ਇਹ ਗੱਲ ਸੱਚ ਸੀ, ਪਰ ਤੁਲਨਾ ਕਰਨ ਨਾਲ ਮਾਪਿਆਂ ਨੂੰ ਉਸ ਦੀ ਗੱਲ ਹੋਰ ਵੀ ਚੰਗੀ ਤਰ੍ਹਾਂ ਸਮਝ ਆਉਂਦੀ ਹੈ।

ਅਫ਼ਸੀਆਂ ਦੇ ਇਸੇ ਅਧਿਆਇ ਵਿਚ ਪੌਲੁਸ ਨੇ ਲਿਖਿਆ: “ਸਾਡੀ ਲੜਾਈ ਇਨਸਾਨਾਂ ਨਾਲ ਨਹੀਂ, ਸਗੋਂ . . . ਸ਼ਕਤੀਸ਼ਾਲੀ ਦੁਸ਼ਟ ਦੂਤਾਂ ਨਾਲ ਹੈ ਜੋ ਸਵਰਗੀ ਥਾਵਾਂ ਵਿਚ ਹਨ।” (ਅਫ਼. 6:12) ਪੌਲੁਸ ਨੇ ਸਮਝਾਇਆ ਕਿ ਇਹ ਲੜਾਈ ਆਮ ਇਨਸਾਨਾਂ ਨਾਲ ਨਹੀਂ, ਸਗੋਂ ਦੁਸ਼ਟ ਦੂਤਾਂ ਨਾਲ ਹੈ। ਇੱਦਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਲੜਾਈ ਜਿੱਤਣ ਲਈ ਸਾਨੂੰ ਜੱਦੋ-ਜਹਿਦ ਕਰਨ ਦੀ ਲੋੜ ਹੈ।

ਬਾਈਬਲ ਵਿਚ ਤੁਲਨਾ ਕੀਤੀਆਂ ਗੱਲਾਂ ਤੋਂ ਫ਼ਾਇਦਾ ਉਠਾਓ

ਅਫ਼ਸੀਆਂ ਦੀ ਕਿਤਾਬ ਦੀਆਂ ਹੋਰ ਆਇਤਾਂ ਵਿਚ ਵੀ ਪੌਲੁਸ ਦੋ ਚੀਜ਼ਾਂ ਦੀ ਤੁਲਨਾ ਕਰਨ ਦਾ ਤਰੀਕਾ ਵਰਤਦਾ ਹੈ। ਇਨ੍ਹਾਂ ਆਇਤਾਂ ਉੱਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਪੌਲੁਸ ਦੀਆਂ ਗੱਲਾਂ ਚੰਗੀ ਤਰ੍ਹਾਂ ਸਮਝਣ ਅਤੇ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਵਿਚ ਮਦਦ ਮਿਲ ਸਕਦੀ ਹੈ।

ਇਸ ਲੇਖ ਵਿਚ ਇਕ ਚਾਰਟ ਦਿੱਤਾ ਗਿਆ ਹੈ ਜਿਸ ਵਿਚ ਅਫ਼ਸੀਆਂ ਦੇ ਚੌਥੇ ਤੇ ਪੰਜਵੇਂ ਅਧਿਆਇ ਦੀਆਂ ਕੁਝ ਆਇਤਾਂ ਦਿੱਤੀਆਂ ਗਈਆਂ ਹਨ। ਹਰ ਆਇਤ ਵਿਚ ਦੋ ਚੀਜ਼ਾਂ ਦੀ ਤੁਲਨਾ ਕੀਤੀ ਗਈ ਹੈ। ਤੁਹਾਨੂੰ ਇਹ ਚਾਰਟ ਪੜ੍ਹ ਕੇ ਮਜ਼ਾ ਆਵੇਗਾ। ਹਰ ਆਇਤ ਨੂੰ ਪੜ੍ਹ ਕੇ ਆਪਣੀ ਜ਼ਿੰਦਗੀ ਬਾਰੇ ਸੋਚੋ ਅਤੇ ਖ਼ੁਦ ਨੂੰ ਪੁੱਛੋ: ‘ਮੇਰਾ ਸੁਭਾਅ ਕਿਹੋ ਜਿਹਾ ਹੈ? ਮੈਂ ਇਨ੍ਹਾਂ ਹਾਲਾਤਾਂ ਵਿਚ ਕੀ ਕਰਦਾ ਹਾਂ? ਦੂਜਿਆਂ ਦੀ ਨਜ਼ਰ ਵਿਚ ਹਰ ਆਇਤ ਦਾ ਕਿਹੜਾ ਹਿੱਸਾ ਮੇਰੇ ’ਤੇ ਢੁਕਦਾ ਹੈ? ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਕਿਉਂ ਨਾ ਇੱਦਾਂ ਕਰਨ ਦੀ ਕੋਸ਼ਿਸ਼ ਕਰੋ। ਫਿਰ ਹੀ ਤੁਹਾਨੂੰ ਫ਼ਾਇਦਾ ਹੋਵੇਗਾ।

ਜੇ ਤੁਸੀਂ ਚਾਹੋ, ਤਾਂ ਆਪਣੀ ਪਰਿਵਾਰਕ ਸਟੱਡੀ ਵਿਚ ਇਹ ਚਾਰਟ ਵਰਤ ਸਕਦੇ ਹੋ। ਪਹਿਲਾਂ ਪੂਰਾ ਪਰਿਵਾਰ ਮਿਲ ਕੇ ਚਾਰਟ ਪੜ੍ਹ ਸਕਦਾ ਹੈ। ਫਿਰ ਇਕ ਜਣਾ ਆਇਤ ਦਾ ਪਹਿਲਾ ਹਿੱਸਾ ਪੜ੍ਹ ਸਕਦਾ ਹੈ ਅਤੇ ਬਾਕੀ ਮੈਂਬਰ ਆਇਤ ਦੇ ਦੂਸਰੇ ਹਿੱਸੇ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇੱਦਾਂ ਚਾਰਟ ’ਤੇ ਚਰਚਾ ਕਰ ਕੇ ਪਰਿਵਾਰ ਵਿਚ ਸਾਰਿਆਂ ਨੂੰ ਮਜ਼ਾ ਆਵੇਗਾ ਅਤੇ ਤੁਸੀਂ ਹੋਰ ਵੀ ਚੰਗੀ ਤਰ੍ਹਾਂ ਪਰਮੇਸ਼ੁਰ ਦੀ ਸਲਾਹ ਲਾਗੂ ਕਰ ਸਕੋਗੇ। ਫਿਰ ਨਿਆਣੇ-ਸਿਆਣੇ ਸਾਰੇ ਸਿੱਖਣਗੇ ਕਿ ਉਨ੍ਹਾਂ ਨੂੰ ਘਰ ਵਿਚ ਅਤੇ ਘਰੋਂ ਬਾਹਰ ਬਾਈਬਲ ਦੇ ਅਸੂਲਾਂ ਮੁਤਾਬਕ ਕਿਵੇਂ ਚੱਲਣਾ ਚਾਹੀਦਾ ਹੈ।

ਕੀ ਤੁਹਾਨੂੰ ਆਇਤ ਦਾ ਦੂਸਰਾ ਹਿੱਸਾ ਯਾਦ ਹੈ?

ਜਿੰਨਾ ਜ਼ਿਆਦਾ ਤੁਸੀਂ ਦੋ ਚੀਜ਼ਾਂ ਦੀ ਤੁਲਨਾ ਕਰਨੀ ਸਿੱਖੋਗੇ, ਉੱਨਾ ਜ਼ਿਆਦਾ ਤੁਸੀਂ ਦੇਖੋਗੇ ਕਿ ਬਾਈਬਲ ਵਿਚ ਇਹ ਤਰੀਕਾ ਕਿੰਨੀ ਵਾਰੀ ਵਰਤਿਆ ਗਿਆ ਹੈ। ਫਿਰ ਸ਼ਾਇਦ ਤੁਸੀਂ ਵੀ ਪ੍ਰਚਾਰ ਕਰਦਿਆਂ ਜਾਂ ਦੂਜਿਆਂ ਨੂੰ ਸਿਖਾਉਂਦਿਆਂ ਇਹ ਤਰੀਕਾ ਵਰਤਣਾ ਚਾਹੋ। ਮਿਸਾਲ ਲਈ, ਤੁਸੀਂ ਪ੍ਰਚਾਰ ਵਿਚ ਕਿਸੇ ਨੂੰ ਕਹਿ ਸਕਦੇ ਹੋ: “ਕਈ ਲੋਕ ਕਹਿੰਦੇ ਹਨ ਕਿ ਹਰ ਇਨਸਾਨ ਵਿਚ ਅਮਰ ਆਤਮਾ ਹੈ, ਪਰ ਦੇਖੋ ਕਿ ਪਰਮੇਸ਼ੁਰ ਦਾ ਬਚਨ ਕੀ ਕਹਿੰਦਾ ਹੈ।” ਜਾਂ ਕਿਸੇ ਨੂੰ ਬਾਈਬਲ ਸਟੱਡੀ ਕਰਾਉਂਦਿਆਂ ਤੁਸੀਂ ਪੁੱਛ ਸਕਦੇ ਹੋ: “ਕਈ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਤੇ ਯਿਸੂ ਇੱਕੋ ਹੀ ਹਨ, ਪਰ ਅਸੀਂ ਬਾਈਬਲ ਤੋਂ ਕੀ ਸਿੱਖਿਆ ਹੈ? ਨਾਲੇ ਤੁਸੀਂ ਇਸ ਬਾਰੇ ਕੀ ਮੰਨਦੇ ਹੋ?”

ਬਾਈਬਲ ਵਿਚ ਕਈ ਵਾਰ ਚੀਜ਼ਾਂ ਦੀ ਤੁਲਨਾ ਕੀਤੀ ਗਈ ਹੈ ਅਤੇ ਅਸੀਂ ਇਸ ਤਰੀਕੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਇਹ ਗੱਲਾਂ ਸੱਚਾਈ ਦੇ ਰਾਹ ’ਤੇ ਚੱਲਣ ਵਿਚ ਸਾਡੀ ਮਦਦ ਕਰਦੀਆਂ ਹਨ। ਨਾਲੇ ਇਸ ਤਰੀਕੇ ਨੂੰ ਵਰਤ ਕੇ ਅਸੀਂ ਬਾਈਬਲ ਤੋਂ ਸੱਚਾਈ ਸਿੱਖਣ ਵਿਚ ਦੂਜਿਆਂ ਦੀ ਵੀ ਮਦਦ ਕਰ ਸਕਦੇ ਹਾਂ।