Skip to content

Skip to table of contents

ਯਹੋਵਾਹ ਦਾ ਕਹਿਣਾ ਮੰਨੋ ਤੇ ਉਸ ’ਤੇ ਭਰੋਸਾ ਰੱਖੋ

ਯਹੋਵਾਹ ਦਾ ਕਹਿਣਾ ਮੰਨੋ ਤੇ ਉਸ ’ਤੇ ਭਰੋਸਾ ਰੱਖੋ

“ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ।”​—ਜ਼ਬੂ. 19:7.

1. ਪਰਮੇਸ਼ੁਰ ਦੇ ਲੋਕ ਵਾਰ-ਵਾਰ ਕਿਨ੍ਹਾਂ ਵਿਸ਼ਿਆਂ ’ਤੇ ਚਰਚਾ ਕਰਦੇ ਹਨ ਅਤੇ ਇੱਦਾਂ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

ਤੁਸੀਂ ਪਹਿਰਾਬੁਰਜ ਦੇ ਕਿਸੇ ਲੇਖ ਦੀ ਤਿਆਰੀ ਕਰਦਿਆਂ ਸ਼ਾਇਦ ਇਹ ਕਿਹਾ ਹੋਵੇ, ‘ਇਹ ਗੱਲਾਂ ਤਾਂ ਅਸੀਂ ਪਹਿਲਾਂ ਵੀ ਪੜ੍ਹੀਆਂ ਹਨ।’ ਜੇ ਤੁਸੀਂ ਕੁਝ ਸਮੇਂ ਤੋਂ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਜਾਣ ਲੱਗੇ ਹੋ, ਤਾਂ ਤੁਸੀਂ ਦੇਖਿਆ ਹੋਣਾ ਕਿ ਕੁਝ ਵਿਸ਼ਿਆਂ ’ਤੇ ਵਾਰ-ਵਾਰ ਚਰਚਾ ਕੀਤੀ ਜਾਂਦੀ ਹੈ। ਜਿਵੇਂ ਕਿ ਪਰਮੇਸ਼ੁਰ ਦਾ ਰਾਜ, ਯਿਸੂ ਦੀ ਕੁਰਬਾਨੀ, ਪ੍ਰਚਾਰ ਤੇ ਚੇਲੇ ਬਣਾਉਣ ਦਾ ਕੰਮ ਅਤੇ ਪਿਆਰ ਤੇ ਨਿਹਚਾ ਵਰਗੇ ਗੁਣ। ਇਨ੍ਹਾਂ ਗੱਲਾਂ ’ਤੇ ਵਾਰ-ਵਾਰ ਚਰਚਾ ਕਰ ਕੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਅਸੀਂ ‘ਬਚਨ ਉੱਤੇ ਚੱਲਣ ਵਾਲੇ ਬਣਦੇ ਹਾਂ, ਨਾ ਕਿ ਸਿਰਫ਼ ਸੁਣਨ ਵਾਲੇ।’​—ਯਾਕੂ. 1:22.

2. (ੳ) ਬਾਈਬਲ ਵਿਚ ਅਕਸਰ ਪਰਮੇਸ਼ੁਰ ਦੀ ਸਾਖੀ ਦਾ ਕੀ ਮਤਲਬ ਹੈ? (ਅ) ਪਰਮੇਸ਼ੁਰ ਦੇ ਕਾਨੂੰਨ ਇਨਸਾਨਾਂ ਦੇ ਹੁਕਮਾਂ ਤੋਂ ਕਿਵੇਂ ਵੱਖਰੇ ਹਨ?

2 ਬਾਈਬਲ ਵਿਚ ਅਕਸਰ “ਸਾਖੀ” ਸ਼ਬਦ ਦਾ ਇਬਰਾਨੀ ਵਿਚ ਮਤਲਬ ਹੈ ਕਾਨੂੰਨ, ਹੁਕਮ ਅਤੇ ਫ਼ਰਮਾਨ ਜੋ ਪਰਮੇਸ਼ੁਰ ਆਪਣੇ ਲੋਕਾਂ ਨੂੰ ਵਾਰ-ਵਾਰ ਚੇਤੇ ਕਰਾਉਂਦਾ ਹੈ। ਇਨਸਾਨਾਂ ਦੇ ਕਾਨੂੰਨਾਂ ਨੂੰ ਅਕਸਰ ਬਦਲਣ ਦੀ ਲੋੜ ਪੈਂਦੀ ਹੈ, ਪਰ ਯਹੋਵਾਹ ਦੇ ਕਾਨੂੰਨ ਤੇ ਫ਼ਰਮਾਨ ਹਮੇਸ਼ਾ ਭਰੋਸੇਯੋਗ ਹਨ। ਇਹ ਸੱਚ ਹੈ ਕਿ ਪਰਮੇਸ਼ੁਰ ਨੇ ਪੁਰਾਣੇ ਜ਼ਮਾਨੇ ਵਿਚ ਆਪਣੇ ਲੋਕਾਂ ਨੂੰ ਕੁਝ ਹੁਕਮ ਦਿੱਤੇ ਸਨ ਜੋ ਅੱਜ ਸਾਡੇ ’ਤੇ ਲਾਗੂ ਨਹੀਂ ਹੁੰਦੇ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਹੁਕਮ ਗ਼ਲਤ ਸਨ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਤੇਰੀਆਂ ਸਾਖੀਆਂ ਸਦਾ ਤੀਕ ਧਰਮ ਦੀਆਂ ਹਨ।”​—ਜ਼ਬੂ. 119:144.

3, 4. (ੳ) ਯਹੋਵਾਹ ਦੇ ਹੁਕਮਾਂ ਵਿਚ ਕੀ ਕੁਝ ਸ਼ਾਮਲ ਹੈ? (ਅ) ਪਰਮੇਸ਼ੁਰ ਦੀਆਂ ਹਿਦਾਇਤਾਂ ਮੰਨ ਕੇ ਇਜ਼ਰਾਈਲੀਆਂ ਨੂੰ ਕੀ ਫ਼ਾਇਦਾ ਹੋਣਾ ਸੀ?

3 ਤੁਸੀਂ ਸ਼ਾਇਦ ਨੋਟ ਕੀਤਾ ਹੋਣਾ ਕਿ ਕਦੇ-ਕਦੇ ਯਹੋਵਾਹ ਦੇ ਹੁਕਮਾਂ ਵਿਚ ਚੇਤਾਵਨੀਆਂ ਵੀ ਸ਼ਾਮਲ ਹੁੰਦੀਆਂ ਹਨ। ਇਜ਼ਰਾਈਲੀ ਕੌਮ ਨੂੰ ਵਾਰ-ਵਾਰ ਪਰਮੇਸ਼ੁਰ ਦੇ ਨਬੀਆਂ ਤੋਂ ਚੇਤਾਵਨੀਆਂ ਮਿਲਦੀਆਂ ਸਨ। ਮਿਸਾਲ ਲਈ, ਇਜ਼ਰਾਈਲੀਆਂ ਦੇ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਮੂਸਾ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ: “ਚੌਕਸ ਰਹੋ ਮਤੇ ਤੁਹਾਡੇ ਮਨ ਵਿੱਚ ਭੁਲੇਖਾ ਲੱਗ ਜਾਵੇ ਅਤੇ ਤੁਸੀਂ ਕੁਰਾਹੇ ਪੈ ਕੇ ਦੂਜੇ ਦੇਵਤਿਆਂ ਦੀ ਪੂਜਾ ਕਰੋ ਅਤੇ ਓਹਨਾਂ ਦੇ ਅੱਗੇ ਮੱਥਾ ਟੇਕੋ। ਤਾਂ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕ ਉੱਠੇ।” (ਬਿਵ. 11:16, 17) ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਕਈ ਵਾਰ ਜ਼ਰੂਰੀ ਗੱਲਾਂ ਯਾਦ ਕਰਾਈਆਂ।

4 ਕਈ ਮੌਕਿਆਂ ’ਤੇ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਕਿ ਉਹ ਉਸ ਦਾ ਡਰ ਰੱਖਣ, ਉਸ ਦਾ ਕਹਿਣਾ ਮੰਨਣ ਤੇ ਉਸ ਦੇ ਨਾਂ ਨੂੰ ਪਵਿੱਤਰ ਕਰਨ। (ਬਿਵ. 4:29-31; 5:28, 29) ਜੇ ਉਹ ਇਨ੍ਹਾਂ ਹਿਦਾਇਤਾਂ ਨੂੰ ਮੰਨਦੇ, ਤਾਂ ਉਨ੍ਹਾਂ ਨੂੰ ਕਈ ਬਰਕਤਾਂ ਮਿਲਣੀਆਂ ਸਨ।​—ਲੇਵੀ. 26:3-6; ਬਿਵ. 28:1-4.

ਕੀ ਇਜ਼ਰਾਈਲੀਆਂ ਨੇ ਪਰਮੇਸ਼ੁਰ ਦੀਆਂ ਹਿਦਾਇਤਾਂ ਮੰਨੀਆਂ?

5. ਯਹੋਵਾਹ ਪਰਮੇਸ਼ੁਰ ਰਾਜਾ ਹਿਜ਼ਕੀਯਾਹ ਦੀ ਵੱਲੋਂ ਕਿਉਂ ਲੜਿਆ?

5 ਇਜ਼ਰਾਈਲੀਆਂ ਦੇ ਪੂਰੇ ਇਤਿਹਾਸ ਦੌਰਾਨ ਪਰਮੇਸ਼ੁਰ ਨੇ ਆਪਣਾ ਵਾਅਦਾ ਨਿਭਾਇਆ। ਮਿਸਾਲ ਲਈ, ਜਦ ਅੱਸ਼ੂਰੀਆਂ ਦੇ ਰਾਜੇ ਸਨਹੇਰੀਬ ਨੇ ਯਹੂਦਾ ’ਤੇ ਹਮਲਾ ਕੀਤਾ ਅਤੇ ਰਾਜਾ ਹਿਜ਼ਕੀਯਾਹ ਨੂੰ ਰਾਜ-ਗੱਦੀ ਤੋਂ ਲਾਹੁਣ ਦੀ ਧਮਕੀ ਦਿੱਤੀ, ਤਾਂ ਯਹੋਵਾਹ ਨੇ ਆਪਣੇ ਲੋਕਾਂ ਦੀ ਮਦਦ ਲਈ ਇਕ ਫ਼ਰਿਸ਼ਤਾ ਘੱਲਿਆ। ਇੱਕੋ ਹੀ ਰਾਤ ਵਿਚ ਪਰਮੇਸ਼ੁਰ ਦੇ ਫ਼ਰਿਸ਼ਤੇ ਨੇ ਅੱਸ਼ੂਰੀ ਫ਼ੌਜ ਦੇ “ਸਾਰੇ ਸੂਰਬੀਰਾਂ ਨੂੰ ਅਤੇ ਅਫ਼ਸਰਾਂ ਨੂੰ” ਮਾਰ ਮੁਕਾਇਆ। ਇਸ ਤਰ੍ਹਾਂ ਰਾਜਾ ਸਨਹੇਰੀਬ ਨੂੰ ਸ਼ਰਮਿੰਦਾ ਹੋ ਕੇ ਆਪਣੇ ਦੇਸ਼ ਵਾਪਸ ਮੁੜਨਾ ਪਿਆ। (2 ਇਤ. 32:21; 2 ਰਾਜ. 19:35) ਯਹੋਵਾਹ ਪਰਮੇਸ਼ੁਰ ਰਾਜਾ ਹਿਜ਼ਕੀਯਾਹ ਦੀ ਵੱਲੋਂ ਕਿਉਂ ਲੜਿਆ? ਕਿਉਂਕਿ “ਉਹ ਯਹੋਵਾਹ ਦੇ ਨਾਲ ਚਿੰਬੜਿਆ ਰਿਹਾ ਅਰ ਉਹ ਦੇ ਪਿੱਛੇ ਤੁਰਨੋਂ ਨਾ ਹਟਿਆ ਪਰ ਉਹ ਦੇ ਹੁਕਮਾਂ ਨੂੰ ਮੰਨਦਾ ਰਿਹਾ।”​—2 ਰਾਜ. 18:1, 5, 6.

ਯੋਸੀਯਾਹ ਨੇ ਯਹੋਵਾਹ ਦੇ ਹੁਕਮਾਂ ’ਤੇ ਚੱਲ ਕੇ ਸੱਚੀ ਭਗਤੀ ਕਾਇਮ ਕੀਤੀ (ਪੈਰਾ 6 ਦੇਖੋ)

6. ਰਾਜਾ ਯੋਸੀਯਾਹ ਨੇ ਯਹੋਵਾਹ ’ਤੇ ਭਰੋਸਾ ਕਿਵੇਂ ਦਿਖਾਇਆ?

6 ਰਾਜਾ ਯੋਸੀਯਾਹ ਨੇ ਵੀ ਪਰਮੇਸ਼ੁਰ ਦੇ ਹੁਕਮ ਮੰਨੇ। ਉਸ ਨੇ ਅੱਠ ਸਾਲਾਂ ਦੀ ਛੋਟੀ ਜਿਹੀ ਉਮਰ ਵਿਚ “ਉਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ . . . ਅਤੇ ਸੱਜੇ ਖੱਬੇ ਨਾ ਮੁੜਿਆ।” (2 ਇਤ. 34:1, 2) ਉਸ ਨੇ ਇਜ਼ਰਾਈਲ ਵਿੱਚੋਂ ਮੂਰਤੀ-ਪੂਜਾ ਦਾ ਨਾਮੋ-ਨਿਸ਼ਾਨ ਮਿਟਾ ਕੇ ਯਹੋਵਾਹ ਦੀ ਸੱਚੀ ਭਗਤੀ ਕਾਇਮ ਕੀਤੀ ਅਤੇ ਉਸ ਨੇ ਦਿਖਾਇਆ ਕਿ ਉਸ ਨੂੰ ਯਹੋਵਾਹ ’ਤੇ ਭਰੋਸਾ ਸੀ। ਇੱਦਾਂ ਨਾ ਸਿਰਫ਼ ਯੋਸੀਯਾਹ ਨੂੰ, ਸਗੋਂ ਸਾਰੀ ਇਜ਼ਰਾਈਲੀ ਕੌਮ ਨੂੰ ਬਰਕਤਾਂ ਮਿਲੀਆਂ।​—2 ਇਤਹਾਸ 34:31-33 ਪੜ੍ਹੋ।

7. ਜਦ ਇਜ਼ਰਾਈਲੀਆਂ ਨੇ ਯਹੋਵਾਹ ਦੇ ਹੁਕਮ ਨਹੀਂ ਮੰਨੇ, ਤਾਂ ਉਨ੍ਹਾਂ ਨਾਲ ਕੀ ਹੋਇਆ?

7 ਪਰ ਦੁੱਖ ਦੀ ਗੱਲ ਹੈ ਕਿ ਪਰਮੇਸ਼ੁਰ ਦੇ ਲੋਕਾਂ ਨੇ ਹਮੇਸ਼ਾ ਉਸ ’ਤੇ ਭਰੋਸਾ ਨਹੀਂ ਕੀਤਾ। ਉਨ੍ਹਾਂ ਨੇ ਸਦੀਆਂ ਦੌਰਾਨ ਕਈ ਵਾਰ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਜਦ ਉਨ੍ਹਾਂ ਦੀ ਨਿਹਚਾ ਕਮਜ਼ੋਰ ਹੋ ਜਾਂਦੀ ਸੀ, ਤਾਂ ਅਕਸਰ ਦੂਜੀਆਂ ਕੌਮਾਂ ਦੇ ਲੋਕ ਉਨ੍ਹਾਂ ਨੂੰ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲਈ ਆਪਣੇ ਮਗਰ ਲਾ ਲੈਂਦੇ ਸਨ। (ਅਫ਼. 4:13, 14) ਪਰਮੇਸ਼ੁਰ ਨੇ ਪਹਿਲਾਂ ਤੋਂ ਹੀ ਚੇਤਾਵਨੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਉਸ ’ਤੇ ਭਰੋਸਾ ਨਾ ਕੀਤਾ ਅਤੇ ਉਸ ਦੇ ਹੁਕਮ ਨਾ ਮੰਨੇ, ਤਾਂ ਉਨ੍ਹਾਂ ਨੂੰ ਬੁਰੇ ਅੰਜਾਮ ਭੁਗਤਣੇ ਪੈਣੇ ਸਨ।​—ਲੇਵੀ. 26:23-25; ਯਿਰ. 5:23-25.

8. ਅਸੀਂ ਇਜ਼ਰਾਈਲੀਆਂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

8 ਅਸੀਂ ਇਜ਼ਰਾਈਲੀਆਂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਉਨ੍ਹਾਂ ਵਾਂਗ ਅੱਜ ਪਰਮੇਸ਼ੁਰ ਦੇ ਸੇਵਕਾਂ ਨੂੰ ਵੀ ਸਲਾਹ ਅਤੇ ਤਾੜਨਾ ਮਿਲਦੀ ਹੈ। (2 ਪਤ. 1:12) ਜਦ ਅਸੀਂ ਬਾਈਬਲ ਪੜ੍ਹਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੇ ਹੁਕਮ ਯਾਦ ਕਰਾਏ ਜਾਂਦੇ ਹਨ। ਯਹੋਵਾਹ ਨੇ ਸਾਨੂੰ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ ਕਿ ਅਸੀਂ ਉਸ ਦਾ ਕਹਿਣਾ ਮੰਨਾਂਗੇ ਜਾਂ ਆਪਣੀ ਮਨਮਰਜ਼ੀ ਕਰਾਂਗੇ। (ਕਹਾ. 14:12) ਆਓ ਆਪਾਂ ਕੁਝ ਕਾਰਨਾਂ ’ਤੇ ਗੌਰ ਕਰੀਏ ਕਿ ਸਾਨੂੰ ਯਹੋਵਾਹ ’ਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ ਤੇ ਉਸ ਦੇ ਹੁਕਮ ਮੰਨਣ ਵਿਚ ਸਾਡੀ ਹੀ ਭਲਾਈ ਕਿਉਂ ਹੈ।

ਪਰਮੇਸ਼ੁਰ ਦਾ ਕਹਿਣਾ ਮੰਨੋ ਤੇ ਜ਼ਿੰਦਗੀ ਪਾਓ

9. ਉਜਾੜ ਵਿਚ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਵੇਂ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਨਾਲ ਸੀ?

9 ਜਦ ਇਜ਼ਰਾਈਲੀ 40 ਸਾਲਾਂ ਲਈ ਖ਼ਤਰਨਾਕ ਉਜਾੜ ਵਿਚ ਸਨ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਪਹਿਲਾਂ ਹੀ ਨਹੀਂ ਦੱਸਿਆ ਸੀ ਕਿ ਉਹ ਕਿਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਦੀ ਅਗਵਾਈ, ਹਿਫਾਜ਼ਤ ਅਤੇ ਦੇਖ-ਭਾਲ ਕਰੇਗਾ। ਫਿਰ ਵੀ ਉਸ ਨੇ ਵਾਰ-ਵਾਰ ਦਿਖਾਇਆ ਕਿ ਇਜ਼ਰਾਈਲੀ ਉਸ ’ਤੇ ਭਰੋਸਾ ਰੱਖ ਸਕਦੇ ਸਨ। ਦਿਨ ਵੇਲੇ ਬੱਦਲ ਦਾ ਥੰਮ੍ਹ ਤੇ ਰਾਤ ਵੇਲੇ ਅੱਗ ਦਾ ਥੰਮ੍ਹ ਦੇਖ ਕੇ ਉਨ੍ਹਾਂ ਨੂੰ ਯਾਦ ਆਉਂਦਾ ਸੀ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ ਅਤੇ ਔਖੇ ਸਫ਼ਰ ਵਿਚ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਇੱਦਾਂ ਉਨ੍ਹਾਂ ਕੋਲ ਪਰਮੇਸ਼ੁਰ ਦੇ ਹੁਕਮਾਂ ’ਤੇ ਚੱਲਣ ਦੇ ਬਹੁਤ ਸਾਰੇ ਕਾਰਨ ਸਨ। (ਬਿਵ. 1:19; ਕੂਚ 40:36-38) ਪਰਮੇਸ਼ੁਰ ਨੇ ਉਨ੍ਹਾਂ ਦੀ ਹਰ ਲੋੜ ਪੂਰੀ ਕੀਤੀ। ਨਾ ਤਾਂ ‘ਉਨ੍ਹਾਂ ਦੇ ਕੱਪੜੇ ਪੁਰਾਨੇ ਹੋਏ ਤੇ ਨਾ ਹੀ ਉਨ੍ਹਾਂ ਦੇ ਪੈਰ ਸੁੱਜੇ।’ ਜੀ ਹਾਂ, ‘ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ੍ਹ ਨਾ ਹੋਈ।’​—ਨਹ. 9:19-21.

10. ਅੱਜ ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਿਵੇਂ ਕਰਦਾ ਹੈ?

10 ਅੱਜ ਪਰਮੇਸ਼ੁਰ ਦੇ ਲੋਕ ਨਵੀਂ ਦੁਨੀਆਂ ਵਿਚ ਕਦਮ ਰੱਖਣ ਵਾਲੇ ਹਨ। ਕੀ ਸਾਨੂੰ ਭਰੋਸਾ ਹੈ ਕਿ ਯਹੋਵਾਹ ਸਾਡੀ ਵੀ ਹਰ ਲੋੜ ਪੂਰੀ ਕਰੇਗਾ ਤਾਂਕਿ ਅਸੀਂ ਆਉਣ ਵਾਲੇ “ਮਹਾਂਕਸ਼ਟ” ਵਿੱਚੋਂ ਬਚ ਸਕੀਏ? (ਮੱਤੀ 24:21, 22; ਜ਼ਬੂ. 119:40, 41) ਇਹ ਸੱਚ ਹੈ ਕਿ ਅੱਜ ਯਹੋਵਾਹ ਬੱਦਲ ਜਾਂ ਅੱਗ ਦੇ ਥੰਮ੍ਹ ਜ਼ਰੀਏ ਸਾਡੀ ਅਗਵਾਈ ਨਹੀਂ ਕਰਦਾ ਤਾਂਕਿ ਅਸੀਂ ਨਵੀਂ ਦੁਨੀਆਂ ਵਿਚ ਜਾ ਸਕੀਏ। ਪਰ ਉਹ ਆਪਣੇ ਸੰਗਠਨ ਰਾਹੀਂ ਸਾਡੀ ਅਗਵਾਈ ਕਰਦਾ ਹੈ। ਮਿਸਾਲ ਲਈ, ਸਾਨੂੰ ਵਾਰ-ਵਾਰ ਸਲਾਹ ਦਿੱਤੀ ਜਾਂਦੀ ਹੈ ਕਿ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਅਸੀਂ ਰੋਜ਼ ਬਾਈਬਲ ਪੜ੍ਹੀਏ, ਪਰਿਵਾਰਕ ਸਟੱਡੀ ਕਰੀਏ ਅਤੇ ਲਗਾਤਾਰ ਮੀਟਿੰਗਾਂ ਵਿਚ ਜਾਈਏ ਤੇ ਪ੍ਰਚਾਰ ਕਰੀਏ। ਇਨ੍ਹਾਂ ਸਲਾਹਾਂ ਨੂੰ ਮੰਨਣ ਲਈ ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕੀਤੀਆਂ ਹਨ? ਇਨ੍ਹਾਂ ਮੁਤਾਬਕ ਚੱਲ ਕੇ ਸਾਡੀ ਨਿਹਚਾ ਮਜ਼ਬੂਤ ਹੋਵੇਗੀ ਤੇ ਅਸੀਂ ਨਵੀਂ ਦੁਨੀਆਂ ਵਿਚ ਕਦਮ ਰੱਖ ਸਕਾਂਗੇ।

ਯਹੋਵਾਹ ਦੀਆਂ ਹਿਦਾਇਤਾਂ ਮੰਨ ਕੇ ਅਸੀਂ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਦੇ ਹਾਂ ਤਾਂਕਿ ਸਾਰੇ ਸੌਖਿਆਂ ਹੀ ਅੰਦਰ-ਬਾਹਰ ਜਾ ਸਕਣ (ਪੈਰਾ 11 ਦੇਖੋ)

11. ਕਿਨ੍ਹਾਂ ਤਰੀਕਿਆਂ ਰਾਹੀਂ ਪਰਮੇਸ਼ੁਰ ਦਿਖਾਉਂਦਾ ਹੈ ਕਿ ਉਸ ਨੂੰ ਸਾਡਾ ਫ਼ਿਕਰ ਹੈ?

11 ਪਰਮੇਸ਼ੁਰ ਦਾ ਸੰਗਠਨ ਸਾਡੀ ਅਗਵਾਈ ਕਰਦਾ ਹੈ ਜਿਸ ਰਾਹੀਂ ਸਾਨੂੰ ਜ਼ਿੰਦਗੀ ਦੇ ਫ਼ੈਸਲੇ ਲੈਣ ਵਿਚ ਮਦਦ ਮਿਲਦੀ ਹੈ। ਮਿਸਾਲ ਲਈ, ਸਾਨੂੰ ਸਲਾਹ ਦਿੱਤੀ ਗਈ ਹੈ ਕਿ ਅਸੀਂ ਪੈਸੇ ਤੇ ਚੀਜ਼ਾਂ ਬਾਰੇ ਸਹੀ ਨਜ਼ਰੀਆ ਰੱਖੀਏ ਅਤੇ ਚਿੰਤਾ ਤੋਂ ਬਚਣ ਲਈ ਆਪਣੀ ਜ਼ਿੰਦਗੀ ਸਾਦੀ ਰੱਖੀਏ। ਸਾਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਸਾਡਾ ਪਹਿਰਾਵਾ ਕਿਹੋ ਜਿਹਾ ਹੋਣਾ ਚਾਹੀਦਾ ਹੈ, ਸਾਨੂੰ ਕਿੱਦਾਂ ਦਾ ਮਨੋਰੰਜਨ ਕਰਨਾ ਚਾਹੀਦਾ ਹੈ ਅਤੇ ਕਿੰਨੀ ਕੁ ਪੜ੍ਹਾਈ-ਲਿਖਾਈ ਕਰਨੀ ਚਾਹੀਦੀ ਹੈ। ਜ਼ਰਾ ਸੋਚੋ ਕਿ ਸਾਨੂੰ ਕਈ ਵਾਰ ਚੇਤੇ ਕਰਾਇਆ ਗਿਆ ਹੈ ਕਿ ਸਾਨੂੰ ਆਪਣੇ ਘਰਾਂ, ਕਾਰਾਂ-ਗੱਡੀਆਂ ਤੇ ਕਿੰਗਡਮ ਹਾਲਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। ਨਾਲੇ ਸਾਨੂੰ ਅਚਾਨਕ ਆਉਣ ਵਾਲੀ ਕਿਸੇ ਐਮਰਜੈਂਸੀ ਲਈ ਕਿੱਦਾਂ ਤਿਆਰ ਰਹਿਣਾ ਚਾਹੀਦਾ ਹੈ। ਅਜਿਹੀਆਂ ਸਲਾਹਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਸਾਡਾ ਕਿੰਨਾ ਫ਼ਿਕਰ ਹੈ।

ਵਫ਼ਾਦਾਰ ਰਹਿਣ ਲਈ ਪਹਿਲੀ ਸਦੀ ਦੇ ਮਸੀਹੀਆਂ ਨੂੰ ਵਾਰ-ਵਾਰ ਸਲਾਹ ਮਿਲੀ

12. (ੳ) ਯਿਸੂ ਨੇ ਵਾਰ-ਵਾਰ ਆਪਣੇ ਚੇਲਿਆਂ ਨੂੰ ਕਿਹੜੀ ਸਲਾਹ ਦਿੱਤੀ? (ਅ) ਪਤਰਸ ਯਿਸੂ ਦੀ ਕਿਹੜੀ ਗੱਲ ਨਹੀਂ ਭੁੱਲਿਆ ਤੇ ਇਸ ਦਾ ਸਾਡੇ ’ਤੇ ਕੀ ਅਸਰ ਹੋਣਾ ਚਾਹੀਦਾ ਹੈ?

12 ਪਹਿਲੀ ਸਦੀ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਵਾਰ-ਵਾਰ ਸਲਾਹਾਂ ਮਿਲਦੀਆਂ ਸਨ। ਕਈ ਮੌਕਿਆਂ ’ਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਨਿਮਰ ਬਣਨ ਦੀ ਸਲਾਹ ਦਿੱਤੀ। ਉਸ ਨੇ ਸਿਰਫ਼ ਆਪਣੇ ਸ਼ਬਦਾਂ ਰਾਹੀਂ ਨਹੀਂ, ਸਗੋਂ ਨਿਮਰ ਬਣ ਕੇ ਉਨ੍ਹਾਂ ਲਈ ਇਕ ਮਿਸਾਲ ਕਾਇਮ ਕੀਤੀ। ਧਰਤੀ ’ਤੇ ਆਪਣੀ ਆਖ਼ਰੀ ਰਾਤ ਵੇਲੇ ਯਿਸੂ ਨੇ ਪਸਾਹ ਦਾ ਤਿਉਹਾਰ ਆਪਣੇ ਚੇਲਿਆਂ ਨਾਲ ਮਨਾਇਆ। ਜਦ ਰਸੂਲ ਖਾਣਾ ਖਾ ਰਹੇ ਸਨ, ਤਾਂ ਯਿਸੂ ਖਾਂਦਾ-ਖਾਂਦਾ ਉੱਠਿਆ ਅਤੇ ਉਸ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ। ਅਕਸਰ ਇਹ ਕੰਮ ਘਰ ਦਾ ਨੌਕਰ ਕਰਦਾ ਹੁੰਦਾ ਸੀ। (ਯੂਹੰ. 13:1-17) ਯਿਸੂ ਦੀ ਮਿਸਾਲ ਨੂੰ ਉਸ ਦੇ ਚੇਲੇ ਕਦੀ ਨਹੀਂ ਭੁੱਲੇ। ਉਸ ਆਖ਼ਰੀ ਰਾਤ ਨੂੰ ਪਤਰਸ ਰਸੂਲ ਵੀ ਉੱਥੇ ਸੀ ਤੇ ਕੁਝ 30 ਸਾਲਾਂ ਬਾਅਦ ਉਸ ਨੇ ਭੈਣਾਂ-ਭਰਾਵਾਂ ਨੂੰ ਨਿਮਰ ਬਣਨ ਦੀ ਸਲਾਹ ਦਿੱਤੀ। (1 ਪਤ. 5:5) ਯਿਸੂ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਇਕ-ਦੂਜੇ ਨਾਲ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ ਹੈ।​—ਫ਼ਿਲਿ. 2:5-8.

13. ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਸਮਝਾਇਆ?

13 ਯਿਸੂ ਨੇ ਕਈ ਵਾਰ ਆਪਣੇ ਚੇਲਿਆਂ ਨੂੰ ਨਿਹਚਾ ਪੱਕੀ ਕਰਨ ਬਾਰੇ ਵੀ ਸਮਝਾਇਆ। ਇਕ ਵਾਰ ਉਸ ਦੇ ਚੇਲੇ ਇਕ ਮੁੰਡੇ ਵਿੱਚੋਂ ਦੁਸ਼ਟ ਦੂਤ ਨਹੀਂ ਕੱਢ ਸਕੇ। ਉਨ੍ਹਾਂ ਨੇ ਯਿਸੂ ਨੂੰ ਪੁੱਛਿਆ: “ਅਸੀਂ ਉਸ ਵਿੱਚੋਂ ਦੁਸ਼ਟ ਦੂਤ ਨੂੰ ਕਿਉਂ ਨਹੀਂ ਕੱਢ ਸਕੇ?” ਯਿਸੂ ਨੇ ਜਵਾਬ ਦਿੱਤਾ: ‘ਤੁਹਾਡੀ ਘੱਟ ਨਿਹਚਾ ਕਰਕੇ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਜੇ ਤੁਹਾਡੇ ਵਿਚ ਰਾਈ ਦੇ ਦਾਣੇ ਜਿੰਨੀ ਵੀ ਨਿਹਚਾ ਹੋਵੇ, ਤਾਂ ਤੁਹਾਡੇ ਲਈ ਕੁਝ ਵੀ ਕਰਨਾ ਨਾਮੁਮਕਿਨ ਨਹੀਂ ਹੋਵੇਗਾ।’ (ਮੱਤੀ 17:14-20) ਯਿਸੂ ਨੇ ਆਪਣੀ ਸੇਵਕਾਈ ਦੌਰਾਨ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਨਿਹਚਾ ਰੱਖਣੀ ਕਿੰਨੀ ਜ਼ਰੂਰੀ ਹੈ। (ਮੱਤੀ 21:18-22 ਪੜ੍ਹੋ।) ਕੀ ਅਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਲਈ ਸਾਰੇ ਸੰਮੇਲਨਾਂ, ਅਸੈਂਬਲੀਆਂ ਅਤੇ ਮੀਟਿੰਗਾਂ ’ਤੇ ਜਾਂਦੇ ਹਾਂ? ਇਨ੍ਹਾਂ ਮੌਕਿਆਂ ’ਤੇ ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਮਿਲ ਕੇ ਸਿਰਫ਼ ਖ਼ੁਸ਼ੀ ਹੀ ਨਹੀਂ ਹੁੰਦੀ, ਸਗੋਂ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਯਹੋਵਾਹ ’ਤੇ ਪੂਰਾ ਭਰੋਸਾ ਹੈ।

14. ਸਾਨੂੰ ਇਕ-ਦੂਜੇ ਨੂੰ ਪਿਆਰ ਕਿਉਂ ਕਰਨਾ ਚਾਹੀਦਾ ਹੈ?

14 ਬਾਈਬਲ ਦੀਆਂ ਯੂਨਾਨੀ ਲਿਖਤਾਂ ਵਿਚ ਸਾਨੂੰ ਵਾਰ-ਵਾਰ ਇਹ ਸਲਾਹ ਦਿੱਤੀ ਗਈ ਹੈ ਕਿ ਅਸੀਂ ਇਕ-ਦੂਜੇ ਨੂੰ ਪਿਆਰ ਕਰੀਏ। ਯਿਸੂ ਨੇ ਕਿਹਾ ਸੀ ਕਿ ਦੂਸਰਾ ਸਭ ਤੋਂ ਵੱਡਾ ਹੁਕਮ ਇਹ ਹੈ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਮੱਤੀ 22:39) ਇਸੇ ਤਰ੍ਹਾਂ ਯਿਸੂ ਦੇ ਭਰਾ ਯਾਕੂਬ ਨੇ ਪਿਆਰ ਨੂੰ “ਉੱਤਮ ਕਾਨੂੰਨ” ਕਿਹਾ। (ਯਾਕੂ. 2:8) ਯੂਹੰਨਾ ਰਸੂਲ ਨੇ ਲਿਖਿਆ: “ਪਿਆਰਿਓ, ਮੈਂ ਤੁਹਾਨੂੰ ਆਪਣੀ ਚਿੱਠੀ ਵਿਚ ਕੋਈ ਨਵਾਂ ਹੁਕਮ ਨਹੀਂ ਦੇ ਰਿਹਾ, ਸਗੋਂ ਪੁਰਾਣਾ ਹੁਕਮ ਦੇ ਰਿਹਾ ਹਾਂ ਜਿਹੜਾ ਤੁਸੀਂ ਸ਼ੁਰੂ ਤੋਂ ਸੁਣਦੇ ਆਏ ਹੋ।” (1 ਯੂਹੰ. 2:7, 8) ਜਦ ਯੂਹੰਨਾ ਨੇ ‘ਪੁਰਾਣੇ’ ਹੁਕਮ ਬਾਰੇ ਗੱਲ ਕੀਤੀ, ਤਾਂ ਉਸ ਦੇ ਕਹਿਣ ਦਾ ਕੀ ਮਤਲਬ ਸੀ? ਉਹ ਇਕ-ਦੂਜੇ ਨੂੰ ਪਿਆਰ ਕਰਨ ਦਾ ਹੁਕਮ ਦੋਹਰਾ ਰਿਹਾ ਸੀ। ਇਹ ਹੁਕਮ “ਪੁਰਾਣਾ” ਇਸ ਲਈ ਸੀ ਕਿ ਯਿਸੂ ਨੇ ਇਹ ਹੁਕਮ “ਸ਼ੁਰੂ ਤੋਂ” ਯਾਨੀ ਕਈ ਸਾਲ ਪਹਿਲਾਂ ਦਿੱਤਾ ਸੀ। ਪਰ ਇਹ ਹੁਕਮ “ਨਵਾਂ” ਵੀ ਸੀ ਕਿਉਂਕਿ ਚੇਲਿਆਂ ਨੇ ਨਵੇਂ ਹਾਲਾਤਾਂ ਵਿਚ ਇਕ-ਦੂਜੇ ਲਈ ਪਿਆਰ ਦਿਖਾਉਣਾ ਸੀ। ਅੱਜ ਸਾਨੂੰ ਵੀ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਹਨ ਕਿ ਅਸੀਂ ਦੁਨੀਆਂ ਦੇ ਲੋਕਾਂ ਵਾਂਗ ਖ਼ੁਦਗਰਜ਼ ਨਾ ਬਣੀਏ, ਸਗੋਂ ਇਕ-ਦੂਜੇ ਲਈ ਕੁਰਬਾਨੀਆਂ ਕਰਨ ਲਈ ਤਿਆਰ ਰਹੀਏ। ਕੀ ਅਸੀਂ ਅਜਿਹੀਆਂ ਚੇਤਾਵਨੀਆਂ ਲਈ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਨਹੀਂ ਹਾਂ?

15. ਧਰਤੀ ’ਤੇ ਯਿਸੂ ਕਿਹੜਾ ਖ਼ਾਸ ਕੰਮ ਕਰਨ ਆਇਆ ਸੀ?

15 ਯਿਸੂ ਨੂੰ ਲੋਕਾਂ ਦਾ ਬਹੁਤ ਫ਼ਿਕਰ ਸੀ। ਇਸ ਦਾ ਸਬੂਤ ਸਾਨੂੰ ਇਸ ਗੱਲ ਤੋਂ ਮਿਲਦਾ ਹੈ ਕਿ ਉਸ ਨੇ ਬੀਮਾਰਾਂ ਨੂੰ ਠੀਕ ਕੀਤਾ ਤੇ ਮਰੇ ਹੋਇਆਂ ਨੂੰ ਜੀਉਂਦਾ ਕੀਤਾ। ਪਰ ਯਿਸੂ ਧਰਤੀ ਉੱਤੇ ਸਿਰਫ਼ ਲੋਕਾਂ ਨੂੰ ਠੀਕ ਕਰਨ ਨਹੀਂ, ਸਗੋਂ ਉਨ੍ਹਾਂ ਨੂੰ ਪ੍ਰਚਾਰ ਤੇ ਸਿੱਖਿਆ ਦੇਣ ਆਇਆ ਸੀ। ਇਸ ਸਿੱਖਿਆ ਦਾ ਲੋਕਾਂ ਨੂੰ ਹਮੇਸ਼ਾ ਲਈ ਫ਼ਾਇਦਾ ਹੋਣਾ ਸੀ। ਉਹ ਕਿਵੇਂ? ਅਸੀਂ ਜਾਣਦੇ ਹਾਂ ਕਿ ਪਹਿਲੀ ਸਦੀ ਵਿਚ ਯਿਸੂ ਨੇ ਜਿਨ੍ਹਾਂ ਬੀਮਾਰਾਂ ਨੂੰ ਠੀਕ ਕੀਤਾ ਤੇ ਜਿਨ੍ਹਾਂ ਨੂੰ ਦੁਬਾਰਾ ਜ਼ਿੰਦਾ ਕੀਤਾ, ਉਹ ਇਕ ਦਿਨ ਬੁੱਢੇ ਹੋ ਕੇ ਮਰ ਗਏ। ਪਰ ਜਿਨ੍ਹਾਂ ਨੇ ਉਸ ਦਾ ਸੰਦੇਸ਼ ਕਬੂਲ ਕੀਤਾ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਮਿਲਿਆ।​—ਯੂਹੰ. 11:25, 26.

16. ਪ੍ਰਚਾਰ ਤੇ ਚੇਲੇ ਬਣਾਉਣ ਦਾ ਕੰਮ ਕਿਸ ਹੱਦ ਤਕ ਕੀਤਾ ਜਾ ਰਿਹਾ ਹੈ?

16 ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ: “ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।” (ਮੱਤੀ 28:19) ਪਹਿਲੀ ਸਦੀ ਵਿਚ ਉਸ ਦੇ ਚੇਲਿਆਂ ਨੇ ਪ੍ਰਚਾਰ ਦਾ ਕੰਮ ਜਾਰੀ ਰੱਖਿਆ ਜੋ ਉਸ ਨੇ ਸ਼ੁਰੂ ਕੀਤਾ ਸੀ। ਅੱਜ ਅਸੀਂ ਇਹ ਕੰਮ ਦੁਨੀਆਂ ਦੇ ਕੋਨੇ-ਕੋਨੇ ਵਿਚ ਕਰਦੇ ਹਾਂ। 70 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਪੂਰੇ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਬਾਰੇ 230 ਤੋਂ ਵੀ ਜ਼ਿਆਦਾ ਦੇਸ਼ਾਂ ਵਿਚ ਪ੍ਰਚਾਰ ਕਰ ਰਹੇ ਹਨ ਅਤੇ ਲੱਖਾਂ ਹੀ ਲੋਕਾਂ ਨਾਲ ਬਾਈਬਲ ਦੀ ਸਟੱਡੀ ਕਰਦੇ ਹਨ। ਇਹ ਪ੍ਰਚਾਰ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਆਖ਼ਰੀ ਦਿਨਾਂ ਵਿਚ ਰਹਿ ਰਹੇ ਹਾਂ।

ਯਹੋਵਾਹ ’ਤੇ ਭਰੋਸਾ ਰੱਖੋ

17. ਪੌਲੁਸ ਤੇ ਪਤਰਸ ਨੇ ਕਿਹੜੀ ਸਲਾਹ ਦਿੱਤੀ?

17 ਪਹਿਲੀ ਸਦੀ ਦੇ ਮਸੀਹੀਆਂ ਨੂੰ ਵਾਰ-ਵਾਰ ਸਲਾਹਾਂ ਮਿਲੀਆਂ ਤਾਂਕਿ ਉਹ ਨਿਹਚਾ ਵਿਚ ਪੱਕੇ ਰਹਿਣ। ਜ਼ਰਾ ਸੋਚੋ ਕਿ ਤਿਮੋਥਿਉਸ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ ਜਦੋਂ ਪੌਲੁਸ ਰਸੂਲ, ਜੋ ਰੋਮ ਦੀ ਜੇਲ੍ਹ ਵਿਚ ਸੀ, ਨੇ ਉਸ ਨੂੰ ਕਿਹਾ: “ਮੇਰੇ ਤੋਂ ਸੁਣੀਆਂ ਸਹੀ ਸਿੱਖਿਆਵਾਂ ਦੇ ਨਮੂਨੇ ਉੱਤੇ ਨਿਹਚਾ ਅਤੇ ਪਿਆਰ ਨਾਲ ਚੱਲਦਾ ਰਹਿ।” (2 ਤਿਮੋ. 1:13) ਨਾਲੇ ਪਤਰਸ ਰਸੂਲ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਹ ਧੀਰਜ, ਇਕ-ਦੂਜੇ ਲਈ ਪਿਆਰ ਤੇ ਸੰਜਮ ਵਰਗੇ ਗੁਣ ਪੈਦਾ ਕਰਨ। ਫਿਰ ਅੱਗੇ ਉਸ ਨੇ ਕਿਹਾ: “ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖੀਆਂ ਹਨ, ਉਹ ਗੱਲਾਂ ਮੈਂ ਤੁਹਾਨੂੰ ਚੇਤੇ ਕਰਾਉਣ ਲਈ ਹਮੇਸ਼ਾ ਤਿਆਰ ਰਹਾਂਗਾ, ਭਾਵੇਂ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਜਾਣਦੇ ਹੋ ਅਤੇ ਸੱਚਾਈ ਸਿੱਖ ਕੇ ਇਸ ਵਿਚ ਪੱਕੇ ਹੋ ਗਏ ਹੋ।”​—2 ਪਤ. 1:5-8, 12.

18. ਪਹਿਲੀ ਸਦੀ ਦੇ ਮਸੀਹੀਆਂ ਦਾ ਸਲਾਹ ਬਾਰੇ ਕੀ ਨਜ਼ਰੀਆ ਸੀ?

18 ਹਾਂ, ਪੌਲੁਸ ਤੇ ਪਤਰਸ ਨੇ ਆਪਣੀਆਂ ਚਿੱਠੀਆਂ ਵਿਚ “ਪਵਿੱਤਰ ਨਬੀਆਂ ਦੁਆਰਾ ਪਹਿਲਾਂ ਕਹੀਆਂ ਗਈਆਂ ਗੱਲਾਂ ਨੂੰ” ਦੁਹਰਾਇਆ। (2 ਪਤ. 3:2) ਕੀ ਪਹਿਲੀ ਸਦੀ ਦੇ ਭਰਾਵਾਂ ਨੇ ਇਨ੍ਹਾਂ ਗੱਲਾਂ ਦਾ ਗੁੱਸਾ ਕੀਤਾ? ਨਹੀਂ। ਉਹ ਜਾਣਦੇ ਸਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਇਹ ਸਲਾਹ ਇਸ ਲਈ ਦੇ ਰਿਹਾ ਸੀ ਕਿਉਂਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਸੀ ਅਤੇ ਵਫ਼ਾਦਾਰ ਰਹਿਣ ਵਿਚ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ।​—2 ਪਤ. 3:18.

19, 20. ਸਾਨੂੰ ਯਹੋਵਾਹ ’ਤੇ ਭਰੋਸਾ ਰੱਖਦੇ ਹੋਏ ਉਸ ਦੇ ਹੁਕਮ ਕਿਉਂ ਮੰਨਣੇ ਚਾਹੀਦੇ ਹਨ ਅਤੇ ਇੱਦਾਂ ਕਰਨ ਨਾਲ ਕੀ ਫ਼ਾਇਦਾ ਹੋਵੇਗਾ?

19 ਅੱਜ ਬਾਈਬਲ ਦੇ ਜ਼ਰੀਏ ਯਹੋਵਾਹ ਸਾਨੂੰ ਹਿਦਾਇਤਾਂ ਦਿੰਦਾ ਹੈ ਅਤੇ ਉਸ ਦੇ ਬਚਨ ਦੀ ਸਲਾਹ ਕਦੀ ਗ਼ਲਤ ਨਹੀਂ ਹੋ ਸਕਦੀ। (ਯਹੋਸ਼ੁਆ 23:14 ਪੜ੍ਹੋ।) ਇਸ ਲਈ ਸਾਨੂੰ ਪਰਮੇਸ਼ੁਰ ’ਤੇ ਪੂਰਾ ਭਰੋਸਾ ਰੱਖਣ ਦੀ ਲੋੜ ਹੈ। ਬਾਈਬਲ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਹਜ਼ਾਰਾਂ ਸਾਲਾਂ ਦੌਰਾਨ ਪਰਮੇਸ਼ੁਰ ਇਨਸਾਨਾਂ ਨਾਲ ਕਿਵੇਂ ਪੇਸ਼ ਆਇਆ। ਇਸ ਵਿਚ ਲਿਖੀਆਂ ਗੱਲਾਂ ਸਾਡੀ ਭਲਾਈ ਵਾਸਤੇ ਹਨ। (ਰੋਮੀ. 15:4; 1 ਕੁਰਿੰ. 10:11) ਜਦ ਅਸੀਂ ਇਸ ਦੀਆਂ ਭਵਿੱਖਬਾਣੀਆਂ ਪੜ੍ਹਦੇ ਹਾਂ, ਤਾਂ ਸਾਨੂੰ ਯਾਦ ਆਉਂਦਾ ਹੈ ਕਿ ਜੋ ਗੱਲਾਂ ਪਹਿਲਾਂ ਲਿਖੀਆਂ ਗਈਆਂ ਸਨ ਉਹ ਅਸੀਂ ਅੱਜ ਪੂਰੀਆਂ ਹੁੰਦੀਆਂ ਦੇਖ ਰਹੇ ਹਾਂ। ਮਿਸਾਲ ਲਈ, ਜਿੱਦਾਂ ਪਹਿਲਾਂ ਹੀ ਬਾਈਬਲ ਵਿਚ ਦੱਸਿਆ ਗਿਆ ਸੀ ਇਨ੍ਹਾਂ “ਆਖਰੀ ਦਿਨਾਂ” ਵਿਚ ਲੱਖਾਂ ਹੀ ਲੋਕ ਯਹੋਵਾਹ ਦੇ ਭਗਤ ਬਣੇ ਹਨ। (ਯਸਾ. 2:2, 3) ਨਾਲੇ ਬਾਈਬਲ ਦੀ ਭਵਿੱਖਬਾਣੀ ਮੁਤਾਬਕ ਇਸ ਦੁਨੀਆਂ ਦੇ ਹਾਲਾਤ ਦਿਨ-ਬਦਿਨ ਵਿਗੜਦੇ ਜਾ ਰਹੇ ਹਨ ਅਤੇ ਪੂਰੀ ਦੁਨੀਆਂ ਵਿਚ ਹੋ ਰਿਹਾ ਪ੍ਰਚਾਰ ਇਸ ਗੱਲ ਦੀ ਨਿਸ਼ਾਨੀ ਹੈ ਕਿ ਯਿਸੂ ਦੀ ਭਵਿੱਖਬਾਣੀ ਪੂਰੀ ਹੋ ਰਹੀ ਹੈ।​—ਮੱਤੀ 24:14.

20 ਸਦੀਆਂ ਦੌਰਾਨ ਸਾਡੇ ਸਿਰਜਣਹਾਰ ਨੇ ਸਬੂਤ ਦਿੱਤਾ ਹੈ ਕਿ ਅਸੀਂ ਉਸ ’ਤੇ ਪੂਰਾ ਭਰੋਸਾ ਰੱਖ ਸਕਦੇ ਹਾਂ। ਕੀ ਤੁਸੀਂ ਯਹੋਵਾਹ ’ਤੇ ਭਰੋਸਾ ਰੱਖਦੇ ਹੋਏ ਉਸ ਦੀਆਂ ਸਲਾਹਾਂ ਮੁਤਾਬਕ ਚੱਲਦੇ ਹੋ? ਇੱਦਾਂ ਕਰਨਾ ਬਹੁਤ ਜ਼ਰੂਰੀ ਹੈ। ਰੌਜ਼ਲਿਨ ਨਾਂ ਦੀ ਇਕ ਭੈਣ ਕਹਿੰਦੀ ਹੈ: “ਜਦ ਮੈਂ ਯਹੋਵਾਹ ’ਤੇ ਪੂਰਾ-ਪੂਰਾ ਭਰੋਸਾ ਰੱਖਣਾ ਸਿੱਖਿਆ, ਤਾਂ ਮੈਂ ਦੇਖਿਆ ਕਿ ਉਸ ਨੇ ਹਰ ਕਦਮ ’ਤੇ ਮੇਰਾ ਸਾਥ ਦਿੱਤਾ ਤੇ ਮੈਨੂੰ ਤਾਕਤ ਬਖ਼ਸ਼ੀ।” ਜੇ ਅਸੀਂ ਵੀ ਯਹੋਵਾਹ ਦੇ ਹੁਕਮਾਂ ’ਤੇ ਚੱਲਦੇ ਰਹਾਂਗੇ, ਤਾਂ ਅਸੀਂ ਬਰਕਤਾਂ ਪਾਵਾਂਗੇ।