Skip to content

Skip to table of contents

ਕੀ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਿਆ ਹੈ?

ਕੀ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਿਆ ਹੈ?

“ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ।”​—ਰੋਮੀ. 12:2.

1, 2. ਸਾਡੀ ਪਰਵਰਿਸ਼ ਅਤੇ ਸਾਡੇ ਮਾਹੌਲ ਦਾ ਸਾਡੇ ’ਤੇ ਕੀ ਅਸਰ ਪੈਂਦਾ ਹੈ?

ਸਾਡੇ ਸਾਰਿਆਂ ਉੱਤੇ ਸਾਡੀ ਪਰਵਰਿਸ਼, ਸਾਡੇ ਮਾਹੌਲ, ਸਭਿਆਚਾਰ ਤੇ ਸਮਾਜ ਦਾ ਕਾਫ਼ੀ ਅਸਰ ਪੈਂਦਾ ਹੈ। ਨਾਲੇ ਅਕਸਰ ਅਸੀਂ ਲੋਕਾਂ ਮੁਤਾਬਕ ਫ਼ੈਸਲੇ ਕਰਦੇ ਹਾਂ ਕਿ ਸਾਡੇ ਕੱਪੜੇ, ਤੌਰ-ਤਰੀਕੇ ਤੇ ਖਾਣਾ-ਪੀਣਾ ਕਿਹੋ ਜਿਹਾ ਹੋਵੇਗਾ।

2 ਪਰ ਜ਼ਿੰਦਗੀ ਵਿਚ ਕੱਪੜੇ ਤੇ ਖਾਣ-ਪੀਣ ਦੀਆਂ ਚੀਜ਼ਾਂ ਨਾਲੋਂ ਹੋਰ ਕਈ ਚੀਜ਼ਾਂ ਮਾਅਨੇ ਰੱਖਦੀਆਂ ਹਨ। ਮਿਸਾਲ ਲਈ, ਸਾਨੂੰ ਬਚਪਨ ਤੋਂ ਸਹੀ ਅਤੇ ਗ਼ਲਤ ਵਿਚ ਫ਼ਰਕ ਕਰਨਾ ਸਿਖਾਇਆ ਜਾਂਦਾ ਹੈ। ਪਰ ਸਹੀ-ਗ਼ਲਤ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਸਾਡੀ ਜ਼ਮੀਰ ਦਾ ਵੀ ਸਾਡੇ ਫ਼ੈਸਲਿਆਂ ’ਤੇ ਅਸਰ ਪੈਂਦਾ ਹੈ। ਬਾਈਬਲ ਦੱਸਦੀ ਹੈ ਕਿ ‘ਦੁਨੀਆਂ ਦੇ ਲੋਕਾਂ ਕੋਲ ਪਰਮੇਸ਼ੁਰ ਦਾ ਕਾਨੂੰਨ ਨਹੀਂ ਹੈ। ਇਹ ਕਾਨੂੰਨ ਨਾ ਹੁੰਦੇ ਹੋਏ ਵੀ ਉਹ ਆਪਣੇ ਆਪ ਇਸ ਕਾਨੂੰਨ ਅਨੁਸਾਰ ਚੱਲਦੇ ਹਨ।’ (ਰੋਮੀ. 2:14) ਪਰ ਕੀ ਇਸ ਦਾ ਇਹ ਮਤਲਬ ਹੈ ਕਿ ਜੇ ਕਿਸੇ ਗੱਲ ਬਾਰੇ ਪਰਮੇਸ਼ੁਰ ਨੇ ਕੋਈ ਕਾਨੂੰਨ ਨਹੀਂ ਦਿੱਤਾ ਹੈ, ਤਾਂ ਫਿਰ ਅਸੀਂ ਉਹ ਕਰ ਸਕਦੇ ਹਾਂ ਜੋ ਸਾਨੂੰ ਬਚਪਨ ਤੋਂ ਸਿਖਾਇਆ ਗਿਆ ਹੈ ਜਾਂ ਜੋ ਸਾਡੇ ਇਲਾਕੇ ਵਿਚ ਲੋਕ ਆਮ ਤੌਰ ਤੇ ਕਰਦੇ ਹਨ?

3. ਕਿਹੜੇ ਦੋ ਕਾਰਨਾਂ ਕਰਕੇ ਮਸੀਹੀ ਦੁਨੀਆਂ ਦੀ ਸੋਚ ਮੁਤਾਬਕ ਨਹੀਂ ਚੱਲਦੇ?

3 ਪਰ ਦੋ ਕਾਰਨਾਂ ਕਰਕੇ ਮਸੀਹੀ ਆਪਣੀ ਮਨ-ਮਰਜ਼ੀ ਨਹੀਂ ਕਰ ਸਕਦੇ। ਪਹਿਲਾ, ਬਾਈਬਲ ਸਾਨੂੰ ਯਾਦ ਕਰਾਉਂਦੀ ਹੈ: “ਇੱਕ ਅਜਿਹਾ ਰਾਹ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।” (ਕਹਾ. 16:25) ਨਾਮੁਕੰਮਲ ਹੋਣ ਕਰਕੇ ਅਸੀਂ ਆਪ ਫ਼ੈਸਲਾ ਨਹੀਂ ਕਰ ਸਕਦੇ ਕਿ ਸਾਡੇ ਲਈ ਕੀ ਸਹੀ ਅਤੇ ਕੀ ਗ਼ਲਤ ਹੈ। (ਕਹਾ. 28:26; ਯਿਰ. 10:23) ਦੂਜਾ, ਬਾਈਬਲ ਮੁਤਾਬਕ ਦੁਨੀਆਂ ਦੀ ਸੋਚ ਤੇ ਤੌਰ-ਤਰੀਕੇ ਸ਼ੈਤਾਨ ਦੇ ਕੰਟ੍ਰੋਲ ਵਿਚ ਹਨ ਕਿਉਂਕਿ ਉਹੀ ‘ਇਸ ਦੁਨੀਆਂ ਦਾ ਈਸ਼ਵਰ’ ਹੈ। (2 ਕੁਰਿੰ. 4:4; 1 ਯੂਹੰ. 5:19) ਇਸ ਲਈ ਜੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਤੇ ਉਸ ਵੱਲੋਂ ਬਰਕਤਾਂ ਪਾਉਣੀਆਂ ਚਾਹੁੰਦੇ ਹਾਂ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਰੋਮੀਆਂ 12:2 (ਪੜ੍ਹੋ।) ਦੀ ਸਲਾਹ ਮੰਨੀਏ।

4. ਇਸ ਲੇਖ ਵਿਚ ਅਸੀਂ ਕੀ ਸਿੱਖਾਂਗੇ?

4 ਇਸ ਲੇਖ ਵਿਚ ਅਸੀਂ ਰੋਮੀਆਂ 12:2 ਤੋਂ ਤਿੰਨ ਖ਼ਾਸ ਗੱਲਾਂ ਸਿੱਖਾਂਗੇ। (1) ਸਾਨੂੰ ਆਪਣੇ ਆਪ ਨੂੰ “ਪੂਰੀ ਤਰ੍ਹਾਂ ਬਦਲਣ” ਦੀ ਕਿਉਂ ਲੋੜ ਹੈ? (2) ਇੱਦਾਂ ਕਰਨ ਵਿਚ ਕੀ ਸ਼ਾਮਲ ਹੈ? ਅਤੇ (3) ਅਸੀਂ ਖ਼ੁਦ ਨੂੰ ਕਿਵੇਂ ਬਦਲ ਸਕਦੇ ਹਾਂ?

ਆਪਣੇ ਆਪ ਨੂੰ ਪੂਰੀ ਤਰ੍ਹਾਂ ਕਿਉਂ ਬਦਲੀਏ?

5. ਰੋਮੀਆਂ 12:2 ਵਿਚ ਪੌਲੁਸ ਦੀ ਸਲਾਹ ਕਿਨ੍ਹਾਂ ਲਈ ਸੀ?

5 ਪੌਲੁਸ ਰਸੂਲ ਨੇ 56 ਈਸਵੀ ਵਿਚ ਰੋਮੀਆਂ ਨੂੰ ਜੋ ਚਿੱਠੀ ਲਿਖੀ ਸੀ ਉਹ ਦੁਨੀਆਂ ਦੇ ਲੋਕਾਂ ਲਈ ਨਹੀਂ, ਸਗੋਂ ਚੁਣੇ ਹੋਏ ਮਸੀਹੀਆਂ ਲਈ ਸੀ। (ਰੋਮੀ. 1:7) ਉਸ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ “ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ।” ਰੋਮ ਵਿਚ ਰਹਿੰਦੇ ਮਸੀਹੀਆਂ ਨੂੰ ਧਿਆਨ ਰੱਖਣ ਦੀ ਲੋੜ ਸੀ ਕਿ ਉਨ੍ਹਾਂ ’ਤੇ “ਦੁਨੀਆਂ ਦੇ ਲੋਕਾਂ” ਦੀ ਸੋਚ, ਉਨ੍ਹਾਂ ਦੇ ਰੀਤਾਂ-ਰਿਵਾਜਾਂ, ਚਾਲ-ਚਲਣ ਤੇ ਕੱਪੜਿਆਂ ਦਾ ਅਸਰ ਨਾ ਪਵੇ। ਪੌਲੁਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਸੀ ਕਿ ਉਹ ‘ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦੇਣ’ ਜਿਸ ਤੋਂ ਪਤਾ ਲੱਗਦਾ ਹੈ ਕਿ ਕੁਝ ਮਸੀਹੀਆਂ ’ਤੇ ਅਜੇ ਵੀ ਰੋਮ ਦੇ ਲੋਕਾਂ ਦੀ ਸੋਚ ਹਾਵੀ ਹੋ ਰਹੀ ਸੀ। ਕਿਵੇਂ?

6, 7. ਪੌਲੁਸ ਦੇ ਜ਼ਮਾਨੇ ਵਿਚ ਮਸੀਹੀਆਂ ਲਈ ਰੋਮ ਵਿਚ ਰਹਿਣਾ ਕਿਉਂ ਮੁਸ਼ਕਲ ਸੀ?

6 ਜਦ ਲੋਕ ਰੋਮ ਦੀ ਸੈਰ ਕਰਨ ਜਾਂਦੇ ਹਨ, ਤਾਂ ਉਹ ਪੁਰਾਣੇ ਜ਼ਮਾਨੇ ਦੇ ਮੰਦਰਾਂ, ਸਮਾਧਾਂ, ਅਖਾੜਿਆਂ ਤੇ ਥੀਏਟਰਾਂ ਦੇ ਖੰਡਰ ਦੇਖਦੇ ਹਨ। ਇਨ੍ਹਾਂ ਵਿੱਚੋਂ ਕੁਝ ਇਮਾਰਤਾਂ ਪਹਿਲੀ ਸਦੀ ਦੀਆਂ ਹਨ ਜਿਨ੍ਹਾਂ ਤੋਂ ਸਾਨੂੰ ਰੋਮ ਦੇ ਲੋਕਾਂ ਦੀ ਰਹਿਣੀ-ਬਹਿਣੀ ਤੇ ਉਨ੍ਹਾਂ ਦੇ ਭਗਤੀ ਕਰਨ ਦੇ ਤਰੀਕਿਆਂ ਦਾ ਪਤਾ ਲੱਗਦਾ ਹੈ। ਇਤਿਹਾਸ ਦੀਆਂ ਕਿਤਾਬਾਂ ਤੋਂ ਸਾਨੂੰ ਰੋਮ ਵਿਚ ਹੁੰਦੇ ਤਲਵਾਰਬਾਜ਼ੀ ਦੇ ਮੁਕਾਬਲੇ, ਰਥ-ਦੌੜਾਂ, ਗੀਤ-ਸੰਗੀਤ ਤੇ ਨਾਟਕਾਂ ਬਾਰੇ ਪਤਾ ਲੱਗਦਾ ਹੈ ਜੋ ਕਦੇ-ਕਦੇ ਗੰਦੇ ਹੁੰਦੇ ਸਨ। ਰੋਮ ਵਪਾਰ ਲਈ ਵੀ ਕਾਫ਼ੀ ਮਸ਼ਹੂਰ ਸੀ ਅਤੇ ਲੋਕ ਇੱਥੇ ਬਹੁਤ ਪੈਸਾ ਕਮਾ ਸਕਦੇ ਸਨ।​—ਰੋਮੀ. 6:21; 1 ਪਤ. 4:3, 4.

7 ਹਾਲਾਂਕਿ ਰੋਮ ਵਿਚ ਕਈ ਮੰਦਰ ਸਨ ਤੇ ਲੋਕ ਬਹੁਤ ਸਾਰੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ, ਪਰ ਉਨ੍ਹਾਂ ਨੂੰ ਇਨ੍ਹਾਂ ਦੇਵਤਿਆਂ ਨਾਲ ਕੋਈ ਲਗਾਅ ਨਹੀਂ ਸੀ। ਉਨ੍ਹਾਂ ਦੀ ਭਗਤੀ ਵਿਚ ਜ਼ਿਆਦਾਤਰ ਜੰਮਣ-ਮਰਨ ਤੇ ਵਿਆਹ ਦੇ ਰੀਤਾਂ-ਰਿਵਾਜਾਂ ਨੂੰ ਨਿਭਾਉਣਾ ਜ਼ਰੂਰੀ ਸੀ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਮਸੀਹੀਆਂ ਲਈ ਅਜਿਹੇ ਮਾਹੌਲ ਵਿਚ ਰਹਿਣਾ ਕਿੰਨਾ ਮੁਸ਼ਕਲ ਸੀ। ਉਨ੍ਹਾਂ ਵਿੱਚੋਂ ਕਈ ਭੈਣ-ਭਰਾ ਪਹਿਲਾਂ ਇਨ੍ਹਾਂ ਗੱਲਾਂ ਨੂੰ ਮੰਨਦੇ ਸਨ, ਪਰ ਮਸੀਹੀ ਬਣਨ ਲਈ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਬਦਲਣੀ ਪਈ ਸੀ। ਇੰਨਾ ਹੀ ਨਹੀਂ, ਸਗੋਂ ਬਪਤਿਸਮਾ ਲੈਣ ਤੋਂ ਬਾਅਦ ਵੀ ਉਨ੍ਹਾਂ ਨੂੰ ਤਬਦੀਲੀਆਂ ਕਰਦੇ ਰਹਿਣ ਦੀ ਲੋੜ ਸੀ।

8. ਮਸੀਹੀਆਂ ਨੂੰ ਅੱਜ ਦੁਨੀਆਂ ਤੋਂ ਕੀ ਖ਼ਤਰਾ ਹੈ?

8 ਇਸੇ ਤਰ੍ਹਾਂ ਅੱਜ ਦੀ ਦੁਨੀਆਂ ਵੀ ਮਸੀਹੀਆਂ ਲਈ ਖ਼ਤਰੇ ਤੋਂ ਖਾਲੀ ਨਹੀਂ। ਕਿਉਂ? ਕਿਉਂਕਿ ਦੁਨੀਆਂ ਦੀ ਸੋਚ ਹਰ ਪਾਸੇ ਹਵਾ ਵਾਂਗ ਫੈਲੀ ਹੋਈ ਹੈ। (ਅਫ਼ਸੀਆਂ 2:2, 3; 1 ਯੂਹੰਨਾ 2:16 ਪੜ੍ਹੋ।) ਇਹ ਸੋਚ ਸਾਡੇ ’ਤੇ ਵੀ ਹਾਵੀ ਹੋ ਸਕਦੀ ਹੈ ਕਿਉਂਕਿ ਰੋਜ਼ ਸਾਡਾ ਵਾਹ ਅਜਿਹੇ ਲੋਕਾਂ ਨਾਲ ਪੈਂਦਾ ਹੈ ਜਿਨ੍ਹਾਂ ਦੀਆਂ ਇੱਛਾਵਾਂ, ਖ਼ਿਆਲ, ਕਦਰਾਂ-ਕੀਮਤਾਂ ਤੇ ਅਸੂਲ ਪਰਮੇਸ਼ੁਰ ਦੀ ਮਰਜ਼ੀ ਖ਼ਿਲਾਫ਼ ਹਨ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਬਾਈਬਲ ਦੀ ਸਲਾਹ ਮੰਨਦੇ ਹੋਏ ‘ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦੇਈਏ’ ਅਤੇ ‘ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲੀਏ।’ ਤਾਂ ਫਿਰ ਸਾਨੂੰ ਕੀ ਕਰਨ ਦੀ ਲੋੜ ਹੈ?

ਕਿਹੜੀਆਂ ਤਬਦੀਲੀਆਂ ਕਰਨੀਆਂ ਜ਼ਰੂਰੀ ਹਨ?

9. ਬਪਤਿਸਮਾ ਲੈਣ ਤੋਂ ਪਹਿਲਾਂ ਕਈਆਂ ਨੂੰ ਕਿਹੜੀਆਂ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ?

9 ਜਦ ਕੋਈ ਬਾਈਬਲ ਦੀ ਸਟੱਡੀ ਕਰ ਕੇ ਇਸ ਦੀਆਂ ਸਿੱਖਿਆਵਾਂ ਮੁਤਾਬਕ ਚੱਲਣਾ ਸ਼ੁਰੂ ਕਰਦਾ ਹੈ, ਤਾਂ ਉਹ ਹੌਲੀ-ਹੌਲੀ ਯਹੋਵਾਹ ਦੇ ਨੇੜੇ ਆਉਂਦਾ ਹੈ। ਇਸ ਗਿਆਨ ਅਨੁਸਾਰ ਉਹ ਝੂਠੇ ਰੀਤਾਂ-ਰਿਵਾਜਾਂ ਨੂੰ ਛੱਡ ਦਿੰਦਾ ਹੈ ਤੇ ਖ਼ੁਦ ਵਿਚ ਤਬਦੀਲੀਆਂ ਕਰਦਾ ਹੈ। ਉਹ ਯਿਸੂ ਦੇ ਗੁਣਾਂ ਦੀ ਰੀਸ ਕਰਦੇ ਹੋਏ ਨਵੇਂ ਸੁਭਾਅ ਨੂੰ ਅਪਣਾਉਣ ਲਈ ਸਖ਼ਤ ਮਿਹਨਤ ਕਰਦਾ ਹੈ। (ਅਫ਼. 4:22-24) ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦ ਹਰ ਸਾਲ ਲੱਖਾਂ ਹੀ ਲੋਕ ਅਜਿਹੀਆਂ ਤਬਦੀਲੀਆਂ ਕਰਦੇ ਹਨ ਤੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸੌਂਪ ਕੇ ਬਪਤਿਸਮਾ ਲੈਂਦੇ ਹਨ। ਇਹ ਦੇਖ ਕੇ ਯਹੋਵਾਹ ਦਾ ਦਿਲ ਵੀ ਬਹੁਤ ਖ਼ੁਸ਼ ਹੁੰਦਾ ਹੈ। (ਕਹਾ. 27:11) ਪਰ ਕੀ ਅਜਿਹੀਆਂ ਤਬਦੀਲੀਆਂ ਕਰਨੀਆਂ ਕਾਫ਼ੀ ਹਨ?

ਕਈਆਂ ਨੂੰ ਸ਼ੈਤਾਨ ਦੀ ਦੁਨੀਆਂ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ (ਪੈਰਾ 9 ਦੇਖੋ)

10. ਸੁਧਾਰ ਕਰਨ ਤੇ ਪੂਰੀ ਤਰ੍ਹਾਂ ਬਦਲਣ ਵਿਚ ਕੀ ਫ਼ਰਕ ਹੈ?

10 ਤਬਦੀਲੀਆਂ ਕਰਨ ਦਾ ਸਿਰਫ਼ ਇਹ ਮਤਲਬ ਨਹੀਂ ਕਿ ਅਸੀਂ ਸੱਚਾਈ ਵਿਚ ਤਰੱਕੀ ਕਰੀਏ ਜਾਂ ਆਪਣੇ ਆਪ ਨੂੰ ਸੁਧਾਰੀਏ। ਫ਼ਰਜ਼ ਕਰੋ ਕਿ ਇਕ ਸਾਬਣ ਬਣਾਉਣ ਵਾਲੀ ਕੰਪਨੀ ਕਹਿੰਦੀ ਹੈ ਕਿ ਉਨ੍ਹਾਂ ਨੇ ਸਾਬਣ ਨੂੰ ਹੋਰ ਵਧੀਆ ਬਣਾਇਆ ਹੈ। ਸ਼ਾਇਦ ਉਨ੍ਹਾਂ ਨੇ ਇਸ ਦਾ ਰੰਗ ਜਾਂ ਪੈਕਟ ਬਦਲ ਦਿੱਤਾ ਹੋਵੇ। ਪਰ ਸਾਬਣ ਹਾਲੇ ਵੀ ਉਹੀ ਹੈ, ਬਦਲਿਆ ਨਹੀਂ। ਬਾਈਬਲ ਦੇ ਸ਼ਬਦਾਂ ਦੀ ਇਕ ਡਿਕਸ਼ਨਰੀ ਮੁਤਾਬਕ ਰੋਮੀਆਂ 12:2 ਵਿਚ “ਬਦਲਣ” ਦਾ ਮਤਲਬ ਸਿਰਫ਼ ਇੰਨਾ ਹੀ ਨਹੀਂ ਕਿ ਅਸੀਂ ਦੁਨੀਆਂ ਦੇ ਲੋਕਾਂ ਵਰਗੇ ਕੰਮ ਕਰਨੇ ਛੱਡ ਦੇਈਏ, ਸਗੋਂ ਇਹ ਕਿ ਸਾਨੂੰ ਪਵਿੱਤਰ ਸ਼ਕਤੀ ਦੀ ਮਦਦ ਨਾਲ ਆਪਣੀ ਸੋਚ ਪੂਰੀ ਤਰ੍ਹਾਂ ਬਦਲਣ ਦੀ ਲੋੜ ਹੈ। ਸੋ ਇਕ ਮਸੀਹੀ ਸਿਰਫ਼ ਆਪਣੀਆਂ ਗ਼ਲਤ ਆਦਤਾਂ, ਗੰਦੀ ਬੋਲੀ ਅਤੇ ਬੁਰਾ ਚਾਲ-ਚਲਣ ਛੱਡ ਕੇ ਹੀ ਪੂਰੀ ਤਰ੍ਹਾਂ ਬਦਲ ਨਹੀਂ ਜਾਂਦਾ। ਕੀ ਇਹ ਸੱਚ ਨਹੀਂ ਕਿ ਦੁਨੀਆਂ ਦੇ ਕੁਝ ਲੋਕ ਵੀ ਇਨ੍ਹਾਂ ਬੁਰੇ ਕੰਮਾਂ ਤੋਂ ਪਰੇ ਰਹਿਣ ਦੀ ਕੋਸ਼ਿਸ਼ ਕਰਦੇ ਹਨ? ਤਾਂ ਫਿਰ ਮਸੀਹੀਆਂ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੇ ਵਿਚ ਕਿਹੜੀਆਂ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ?

11. ਪੌਲੁਸ ਨੇ ਮਸੀਹੀਆਂ ਨੂੰ ਪੂਰੀ ਤਰ੍ਹਾਂ ਬਦਲਣ ਬਾਰੇ ਕਿਹੜੀ ਸਲਾਹ ਦਿੱਤੀ?

11 ਪੌਲੁਸ ਨੇ ਲਿਖਿਆ: “ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ।” ਬਾਈਬਲ ਮੁਤਾਬਕ ਇਸ ਵਿਚ ਸਾਡਾ ਸੁਭਾਅ ਤੇ ਸਾਡੀ ਸੋਚਣ-ਸਮਝਣ ਦੀ ਕਾਬਲੀਅਤ ਵੀ ਸ਼ਾਮਲ ਹੈ। ਇਸੇ ਚਿੱਠੀ ਵਿਚ ਪੌਲੁਸ ਨੇ ਉਨ੍ਹਾਂ ਲੋਕਾਂ ਦਾ ਵੀ ਜ਼ਿਕਰ ਕੀਤਾ ਜੋ ਆਪਣੇ “ਮਨ ਦੀ ਭ੍ਰਿਸ਼ਟ ਹਾਲਤ” ਕਰਕੇ “ਕੁਧਰਮ, ਦੁਸ਼ਟਤਾ, ਲੋਭ ਤੇ ਬੁਰਾਈ ਨਾਲ ਭਰੇ ਹੋਏ ਸਨ” ਤੇ “ਈਰਖਾ, ਕਤਲ, ਲੜਾਈ-ਝਗੜੇ ਤੇ ਧੋਖਾ” ਦੇਣ ਵਰਗੇ ਬੁਰੇ ਕੰਮ ਕਰਦੇ ਸਨ। (ਰੋਮੀ. 1:28-31) ਸੋ ਅਸੀਂ ਸਮਝ ਸਕਦੇ ਹਾਂ ਕਿ ਪੌਲੁਸ ਨੇ ਅਜਿਹੇ ਮਾਹੌਲ ਵਿਚ ਰਹਿੰਦੇ ਮਸੀਹੀਆਂ ਨੂੰ “ਪੂਰੀ ਤਰ੍ਹਾਂ ਬਦਲਣ” ਦੇ ਨਾਲ-ਨਾਲ ‘ਆਪਣੀ ਸੋਚ ਨੂੰ ਬਦਲਣ’ ਦੀ ਤਾਕੀਦ ਕਿਉਂ ਕੀਤੀ।

‘ਤੁਸੀਂ ਹਰ ਤਰ੍ਹਾਂ ਦਾ ਵੈਰ, ਗੁੱਸਾ, ਕ੍ਰੋਧ, ਚੀਕ-ਚਿਹਾੜਾ ਤੇ ਗਾਲ਼ੀ-ਗਲੋਚ ਕਰਨੋਂ ਹਟ ਜਾਓ।’​—ਅਫ਼. 4:31

12. ਅੱਜ ਲੋਕਾਂ ਦੀ ਸੋਚ ਕਿਹੋ ਜਿਹੀ ਹੈ ਤੇ ਇਸ ਤੋਂ ਮਸੀਹੀਆਂ ਨੂੰ ਕੀ ਖ਼ਤਰਾ ਹੋ ਸਕਦਾ ਹੈ?

12 ਜਿਨ੍ਹਾਂ ਲੋਕਾਂ ਦਾ ਜ਼ਿਕਰ ਪੌਲੁਸ ਨੇ ਕੀਤਾ ਸੀ, ਉੱਦਾਂ ਦੇ ਲੋਕ ਅੱਜ ਸਾਡੇ ਆਲੇ-ਦੁਆਲੇ ਵੀ ਰਹਿੰਦੇ ਹਨ। ਉਹ ਸੋਚਦੇ ਹਨ ਕਿ ਅਸੂਲਾਂ ਮੁਤਾਬਕ ਚੱਲਣ ਵਾਲੇ ਲੋਕ ਪੁਰਾਣੇ ਖ਼ਿਆਲਾਂ ਦੇ ਹਨ ਅਤੇ ਕਿਸੇ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਆਪਣੇ ਅਸੂਲ ਉਨ੍ਹਾਂ ’ਤੇ ਥੋਪੇ। ਕਈ ਟੀਚਰ ਤੇ ਮਾਪੇ ਬੱਚਿਆਂ ਨੂੰ ਆਪਣੀ ਮਨ-ਮਰਜ਼ੀ ਕਰਨ ਦੀ ਖੁੱਲ੍ਹੀ ਛੁੱਟੀ ਦਿੰਦੇ ਹਨ। ਉਹ ਉਨ੍ਹਾਂ ਨੂੰ ਇਹ ਵੀ ਸਿਖਾਉਂਦੇ ਹਨ ਕਿ ਉਹ ਆਪ ਸਹੀ-ਗ਼ਲਤ ਦਾ ਫ਼ੈਸਲਾ ਕਰ ਸਕਦੇ ਹਨ। ਅਜਿਹੇ ਲੋਕ ਮੰਨਦੇ ਹਨ ਕਿ ਸਹੀ ਤੇ ਗ਼ਲਤ ਵਿਚ ਫ਼ਰਕ ਨਹੀਂ ਜਾਣਿਆ ਜਾ ਸਕਦਾ। ਨਾਲੇ ਰੱਬ ਨੂੰ ਮੰਨਣ ਵਾਲੇ ਕਈ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਸ ਦੇ ਹੁਕਮਾਂ ਮੁਤਾਬਕ ਚੱਲਣ ਦੀ ਕੋਈ ਲੋੜ ਨਹੀਂ ਹੈ। (ਜ਼ਬੂ. 14:1) ਪਰ ਅਜਿਹੀ ਸੋਚ ਮਸੀਹੀਆਂ ਲਈ ਖ਼ਤਰਾ ਸਾਬਤ ਹੋ ਸਕਦੀ ਹੈ। ਜੇ ਅਸੀਂ ਚੌਕਸ ਨਹੀਂ ਰਹਿੰਦੇ, ਤਾਂ ਸ਼ਾਇਦ ਅਸੀਂ ਵੀ ਪਰਮੇਸ਼ੁਰ ਦੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਮੰਨਣਾ ਛੱਡ ਦੇਈਏ ਅਤੇ ਉਸ ਵੱਲੋਂ ਕੀਤੇ ਗਏ ਇੰਤਜ਼ਾਮਾਂ ਵਿਚ ਨੁਕਸ ਕੱਢਣ ਲੱਗ ਪਈਏ। ਜਾਂ ਸ਼ਾਇਦ ਅਸੀਂ ਮਨੋਰੰਜਨ, ਇੰਟਰਨੈੱਟ ਅਤੇ ਹੋਰ ਪੜ੍ਹਾਈ-ਲਿਖਾਈ ਕਰਨ ਬਾਰੇ ਬਾਈਬਲ ਦੀ ਸਲਾਹ ਨਾਲ ਸਹਿਮਤ ਨਾ ਹੋਈਏ।

13. ਸਾਨੂੰ ਆਪਣੀ ਜਾਂਚ ਕਿਉਂ ਕਰਨੀ ਚਾਹੀਦੀ ਹੈ?

13 ਜੇ ਅਸੀਂ ਦੁਨੀਆਂ ਦੇ ਲੋਕਾਂ ਦੀ ਨਕਲ ਨਹੀਂ ਕਰਨੀ ਚਾਹੁੰਦੇ ਯਾਨੀ ਉਨ੍ਹਾਂ ਦੀ ਸੋਚ ਮੁਤਾਬਕ ਨਹੀਂ ਢਲ਼ਣਾ ਚਾਹੁੰਦੇ, ਤਾਂ ਜ਼ਰੂਰੀ ਹੈ ਕਿ ਅਸੀਂ ਖ਼ੁਦ ਦੀ ਜਾਂਚ ਕਰੀਏ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। ਸਾਨੂੰ ਆਪਣੇ ਸੁਭਾਅ, ਜਜ਼ਬਾਤਾਂ, ਟੀਚਿਆਂ ਅਤੇ ਕਦਰਾਂ-ਕੀਮਤਾਂ ਦੀ ਜਾਂਚ ਕਰਨ ਦੀ ਲੋੜ ਹੈ। ਹੋ ਸਕਦਾ ਹੈ ਕਿ ਦੂਜੇ ਸਾਨੂੰ ਕਹਿਣ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਚੰਗੀ ਤਰ੍ਹਾਂ ਕਰ ਰਹੇ ਹਾਂ, ਪਰ ਉਹ ਇਹ ਨਹੀਂ ਜਾਣਦੇ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ। ਸਿਰਫ਼ ਅਸੀਂ ਜਾਣਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਬਾਈਬਲ ਦੇ ਅਸੂਲਾਂ ਮੁਤਾਬਕ ਕਿੰਨਾ ਬਦਲਿਆ ਹੈ ਅਤੇ ਖ਼ੁਦ ਵਿਚ ਤਬਦੀਲੀਆਂ ਕਰਦੇ ਜਾ ਰਹੇ ਹਾਂ ਜਾਂ ਨਹੀਂ।​—ਯਾਕੂਬ 1:23-25 ਪੜ੍ਹੋ।

ਆਪਣੇ ਆਪ ਨੂੰ ਪੂਰੀ ਤਰ੍ਹਾਂ ਕਿਵੇਂ ਬਦਲੀਏ?

14. ਖ਼ੁਦ ਨੂੰ ਬਦਲਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

14 ਪੂਰੀ ਤਰ੍ਹਾਂ ਬਦਲਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਅੰਦਰੋਂ ਬਦਲੀਏ। ਤਬਦੀਲੀਆਂ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਜਦ ਅਸੀਂ ਬਾਈਬਲ ਦੀ ਸਟੱਡੀ ਕਰਦੇ ਹਾਂ, ਤਾਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ। ਬਾਈਬਲ ਦੀ ਕੋਈ ਸਲਾਹ ਪੜ੍ਹਨ ’ਤੇ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ? ਇਸ ਨੂੰ ਪੜ੍ਹ ਕੇ ਅਸੀਂ ਆਪਣੇ ਦਿਲ ਦੀ ਹਾਲਤ ਜਾਣ ਸਕਾਂਗੇ ਤੇ ਫਿਰ ‘ਪਰਮੇਸ਼ੁਰ ਦੀ ਪੂਰੀ ਇੱਛਾ’ ਮੁਤਾਬਕ ਆਪਣੇ ਵਿਚ ਤਬਦੀਲੀਆਂ ਕਰ ਸਕਾਂਗੇ।​—ਰੋਮੀ. 12:2; ਇਬ. 4:12.

15. ਯਹੋਵਾਹ ਕਿੱਦਾਂ ਦੀਆਂ ਤਬਦੀਲੀਆਂ ਕਰਨ ਵਿਚ ਸਾਡੀ ਮਦਦ ਕਰਦਾ ਹੈ?

15 ਯਸਾਯਾਹ 64:8 ਪੜ੍ਹੋ। ਇਸ ਆਇਤ ਵਿਚ ਦਿੱਤੀ ਘੁਮਿਆਰ ਦੀ ਮਿਸਾਲ ਤੋਂ ਅਸੀਂ ਇਕ ਜ਼ਰੂਰੀ ਗੱਲ ਸਿੱਖਦੇ ਹਾਂ। ਸਾਡਾ ਘੁਮਿਆਰ ਯਹੋਵਾਹ ਮਿੱਟੀ ਯਾਨੀ ਸਾਨੂੰ ਕਿਵੇਂ ਢਾਲ਼ਦਾ ਹੈ? ਉਹ ਸਾਨੂੰ ਬਾਹਰੋਂ ਨਹੀਂ ਬਦਲਦਾ ਤਾਂਕਿ ਅਸੀਂ ਹੋਰ ਸੋਹਣੇ ਬਣ ਜਾਈਏ। ਇਸ ਦੀ ਬਜਾਇ ਉਹ ਸਾਡੇ ਅੰਦਰ ਦੇ ਇਨਸਾਨ ਨੂੰ ਬਦਲਦਾ ਹੈ। ਜੇ ਅਸੀਂ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣਾਂਗੇ, ਤਾਂ ਉਹ ਪੂਰੀ ਤਰ੍ਹਾਂ ਬਦਲਣ ਵਿਚ ਸਾਡੀ ਮਦਦ ਕਰੇਗਾ ਤਾਂਕਿ ਅਸੀਂ ਆਪਣਾ ਰਵੱਈਆ ਤੇ ਆਪਣੀ ਸੋਚ ਬਦਲ ਸਕੀਏ। ਦੁਨੀਆਂ ਦੇ ਬੁਰੇ ਅਸਰਾਂ ਤੋਂ ਬਚਣ ਲਈ ਸਾਨੂੰ ਇਸੇ ਤਰ੍ਹਾਂ ਦੀਆਂ ਤਬਦੀਲੀਆਂ ਕਰਨ ਦੀ ਲੋੜ ਹੈ। ਪਰ ਯਹੋਵਾਹ ਸਾਨੂੰ ਕਿਵੇਂ ਢਾਲ਼ਦਾ ਹੈ?

16, 17. (ੳ) ਸਮਝਾਓ ਕਿ ਕੋਈ ਸੋਹਣਾ ਭਾਂਡਾ ਬਣਾਉਣ ਲਈ ਘੁਮਿਆਰ ਮਿੱਟੀ ਨਾਲ ਕੀ ਕਰਦਾ ਹੈ। (ਅ) ਪਰਮੇਸ਼ੁਰ ਦਾ ਬਚਨ ਸਾਡੀ ਕਿਵੇਂ ਮਦਦ ਕਰਦਾ ਹੈ ਤਾਂਕਿ ਅਸੀਂ ਅਜਿਹੇ ਭਾਂਡੇ ਬਣੀਏ ਜੋ ਯਹੋਵਾਹ ਦੇ ਕੰਮ ਆ ਸਕਣ?

16 ਕੋਈ ਸੋਹਣਾ ਭਾਂਡਾ ਬਣਾਉਣ ਲਈ ਘੁਮਿਆਰ ਵਧੀਆ ਤੋਂ ਵਧੀਆ ਮਿੱਟੀ ਵਰਤਦਾ ਹੈ। ਪਰ ਭਾਂਡਾ ਬਣਾਉਣ ਤੋਂ ਪਹਿਲਾਂ ਉਸ ਨੂੰ ਦੋ ਚੀਜ਼ਾਂ ਕਰਨ ਦੀ ਜ਼ਰੂਰਤ ਹੈ। ਪਹਿਲਾਂ, ਉਸ ਨੂੰ ਮਿੱਟੀ ਸਾਫ਼ ਕਰਨ ਦੀ ਲੋੜ ਹੈ। ਫਿਰ ਉਸ ਨੂੰ ਸਹੀ ਹਿਸਾਬ ਨਾਲ ਪਾਣੀ ਪਾਉਣ ਦੀ ਲੋੜ ਹੈ ਤਾਂਕਿ ਭਾਂਡੇ ਨੂੰ ਅਜਿਹੇ ਤਰੀਕੇ ਨਾਲ ਢਾਲ਼ਿਆ ਜਾ ਸਕੇ ਕਿ ਇਹ ਟੁੱਟੇ ਨਾ।

17 ਧਿਆਨ ਦਿਓ ਕਿ ਘੁਮਿਆਰ ਪਾਣੀ ਨਾਲ ਮਿੱਟੀ ਸਿਰਫ਼ ਸਾਫ਼ ਹੀ ਨਹੀਂ ਕਰਦਾ, ਸਗੋਂ ਇਸ ਨਾਲ ਮਿੱਟੀ ਨੂੰ ਢਾਲ਼ਦਾ ਵੀ ਹੈ। ਇੱਦਾਂ ਉਹ ਕਿਸੇ ਵੀ ਤਰ੍ਹਾਂ ਦਾ ਭਾਂਡਾ ਬਣਾ ਸਕਦਾ ਹੈ, ਭਾਵੇਂ ਉਹ ਨਾਜ਼ੁਕ ਭਾਂਡਾ ਹੀ ਕਿਉਂ ਨਾ ਹੋਵੇ। ਜਿੱਦਾਂ ਪਾਣੀ ਲਾ ਕੇ ਮਿੱਟੀ ਨੂੰ ਕੋਈ ਵੀ ਆਕਾਰ ਦਿੱਤਾ ਜਾ ਸਕਦਾ ਹੈ, ਉੱਦਾਂ ਹੀ ਪਰਮੇਸ਼ੁਰ ਦਾ ਬਚਨ ਸਾਨੂੰ ਬਦਲਦਾ ਹੈ। ਜਦ ਅਸੀਂ ਪਰਮੇਸ਼ੁਰ ਬਾਰੇ ਸਿੱਖਣਾ ਸ਼ੁਰੂ ਕੀਤਾ ਸੀ, ਤਾਂ ਬਾਈਬਲ ਨੇ ਸਾਡੀ ਮਦਦ ਕੀਤੀ ਕਿ ਅਸੀਂ ਦੁਨੀਆਂ ਦੇ ਲੋਕਾਂ ਵਾਂਗ ਸੋਚਣਾ ਛੱਡ ਕੇ, ਪਰਮੇਸ਼ੁਰ ਵਾਂਗ ਸੋਚਣਾ ਸ਼ੁਰੂ ਕਰੀਏ। ਫਿਰ ਪਰਮੇਸ਼ੁਰ ਨੇ ਸਾਨੂੰ ਇਕ ਅਜਿਹਾ ਭਾਂਡਾ ਬਣਾਇਆ ਜੋ ਉਸ ਦੇ ਕੰਮ ਆ ਸਕੇ। (ਅਫ਼. 5:26) ਜ਼ਰਾ ਸੋਚੋ ਸਾਨੂੰ ਕਿੰਨੀ ਵਾਰ ਯਾਦ ਕਰਾਇਆ ਜਾਂਦਾ ਹੈ ਕਿ ਸਾਨੂੰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ ਅਤੇ ਸਾਰੀਆਂ ਮੀਟਿੰਗਾਂ ਨੂੰ ਜਾਣਾ ਚਾਹੀਦਾ ਹੈ। ਸਾਨੂੰ ਅਜਿਹੀ ਹੱਲਾਸ਼ੇਰੀ ਕਿਉਂ ਦਿੱਤੀ ਜਾਂਦੀ ਹੈ? ਕਿਉਂਕਿ ਇੱਦਾਂ ਅਸੀਂ ਦਿਖਾਉਂਦੇ ਹਾਂ ਕਿ ਯਹੋਵਾਹ ਸਾਨੂੰ ਢਾਲ਼ਦਾ ਰਹੇ।​—ਜ਼ਬੂ. 1:2; ਰਸੂ. 17:11; ਇਬ. 10:24, 25.

ਪੂਰੀ ਤਰ੍ਹਾਂ ਬਦਲਣ ਨਾਲ ਤੁਸੀਂ ਹੁਣ ਮੁਸ਼ਕਲਾਂ ਨੂੰ ਸ਼ਾਂਤੀ ਨਾਲ ਸੁਲਝਾ ਸਕਦੇ ਹੋ (ਪੈਰਾ 18 ਦੇਖੋ)

18. (ੳ) ਜੇ ਅਸੀਂ ਬਦਲਣਾ ਚਾਹੁੰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ’ਤੇ ਸੋਚ-ਵਿਚਾਰ ਕਿਉਂ ਕਰਨਾ ਚਾਹੀਦਾ ਹੈ? (ਅ) ਇੱਦਾਂ ਕਰਨ ਵਿਚ ਕਿਹੜੇ ਸਵਾਲ ਸਾਡੀ ਮਦਦ ਕਰਨਗੇ?

18 ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਦਾ ਬਚਨ ਸਾਨੂੰ ਬਦਲੇ, ਤਾਂ ਇਸ ਨੂੰ ਪੜ੍ਹਨਾ ਹੀ ਕਾਫ਼ੀ ਨਹੀਂ ਹੈ। ਬਹੁਤ ਸਾਰੇ ਲੋਕ ਬਾਈਬਲ ਪੜ੍ਹਦੇ ਹਨ ਤੇ ਇਸ ਦੀਆਂ ਗੱਲਾਂ ਤੋਂ ਵਾਕਫ਼ ਹਨ। ਸ਼ਾਇਦ ਤੁਸੀਂ ਪ੍ਰਚਾਰ ਵਿਚ ਅਜਿਹੇ ਲੋਕਾਂ ਨੂੰ ਮਿਲੇ ਹੋਵੋ। ਕਈਆਂ ਨੂੰ ਤਾਂ ਬਾਈਬਲ ਦੀਆਂ ਗੱਲਾਂ ਮੂੰਹ-ਜ਼ਬਾਨੀ ਰਟੀਆਂ ਹੁੰਦੀਆਂ ਹਨ। ਫਿਰ ਵੀ ਬਾਈਬਲ ਦੀਆਂ ਗੱਲਾਂ ਦਾ ਉਨ੍ਹਾਂ ਦੀ ਸੋਚ ਅਤੇ ਜ਼ਿੰਦਗੀ ’ਤੇ ਕੋਈ ਅਸਰ ਨਹੀਂ ਹੁੰਦਾ। ਕਿਉਂ? ਕਿਉਂਕਿ ਪਰਮੇਸ਼ੁਰ ਦਾ ਬਚਨ ਸਿਰਫ਼ ਕਿਸੇ ਨੂੰ ਤਾਹੀਓਂ ਬਦਲ ਸਕਦਾ ਹੈ ਜੇ ਉਹ ਇਸ ਦੀਆਂ ਗੱਲਾਂ ਨੂੰ ਆਪਣੇ ਦਿਲ ਦੇ ਧੁਰ ਅੰਦਰ ਤਕ ਅਸਰ ਹੋਣ ਦੇਵੇ। ਇਸ ਲਈ ਸਾਨੂੰ ਸਿੱਖੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਖ਼ੁਦ ਨੂੰ ਪੁੱਛੋ: ‘ਕੀ ਮੈਨੂੰ ਪੱਕਾ ਯਕੀਨ ਹੈ ਕਿ ਇਹੀ ਸੱਚਾਈ ਹੈ? ਕੀ ਮੈਂ ਇਹ ਨਹੀਂ ਦੇਖਿਆ ਕਿ ਇਨ੍ਹਾਂ ਗੱਲਾਂ ਨੂੰ ਲਾਗੂ ਕਰ ਕੇ ਹਮੇਸ਼ਾ ਮੇਰਾ ਹੀ ਭਲਾ ਹੋਇਆ ਹੈ? ਕੀ ਇੱਦਾਂ ਤਾਂ ਨਹੀਂ ਕਿ ਮੈਂ ਇਹ ਗੱਲਾਂ ਦੂਜਿਆਂ ਨੂੰ ਤਾਂ ਸਿਖਾਉਂਦਾ ਹਾਂ, ਪਰ ਆਪਣੀ ਜ਼ਿੰਦਗੀ ਵਿਚ ਲਾਗੂ ਨਹੀਂ ਕਰਦਾ? ਕੀ ਮੈਨੂੰ ਲੱਗਦਾ ਹੈ ਕਿ ਯਹੋਵਾਹ ਮੇਰੇ ਨਾਲ ਗੱਲ ਕਰ ਰਿਹਾ ਹੈ?’ ਜੇ ਅਸੀਂ ਇਨ੍ਹਾਂ ਸਵਾਲਾਂ ਬਾਰੇ ਸੋਚਾਂਗੇ, ਤਾਂ ਅਸੀਂ ਯਹੋਵਾਹ ਦੇ ਨੇੜੇ ਜਾਵਾਂਗੇ। ਜਦ ਸਿੱਖੀਆਂ ਗੱਲਾਂ ਸਾਡੇ ਦਿਲ ਤਕ ਪਹੁੰਚਣਗੀਆਂ, ਤਾਂ ਅਸੀਂ ਆਪਣੇ ਆਪ ਨੂੰ ਬਦਲਾਂਗੇ ਤੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰ ਸਕਾਂਗੇ।​—ਕਹਾ. 4:23; ਲੂਕਾ 6:45.

19, 20. ਬਾਈਬਲ ਦੀ ਸਲਾਹ ਮੁਤਾਬਕ ਚੱਲਣ ਨਾਲ ਸਾਨੂੰ ਕੀ ਫ਼ਾਇਦਾ ਹੋਵੇਗਾ?

19 ਰੋਜ਼ ਬਾਈਬਲ ਪੜ੍ਹਨ ਅਤੇ ਇਸ ’ਤੇ ਸੋਚ-ਵਿਚਾਰ ਕਰਨ ਨਾਲ ਅਸੀਂ ਪੌਲੁਸ ਦੇ ਇਨ੍ਹਾਂ ਸ਼ਬਦਾਂ ਮੁਤਾਬਕ ਚੱਲਦੇ ਰਹਿ ਸਕਾਂਗੇ: ‘ਤੁਸੀਂ ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਪੁਰਾਣੇ ਕੱਪੜੇ ਵਾਂਗ ਲਾਹ ਕੇ ਸੁੱਟ ਦਿਓ ਅਤੇ ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ ਯਾਨੀ ਸਹੀ ਗਿਆਨ ਲੈ ਕੇ ਆਪਣੇ ਸੁਭਾਅ ਨੂੰ ਨਵਾਂ ਬਣਾਉਂਦੇ ਰਹੋ।’ (ਕੁਲੁ. 3:9, 10) ਜੇ ਅਸੀਂ ਬਾਈਬਲ ਦੀਆਂ ਗੱਲਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿਚ ਲਾਗੂ ਕਰਾਂਗੇ, ਤਾਂ ਫਿਰ ਅਸੀਂ ਨਵਾਂ ਸੁਭਾਅ ਪਹਿਨਾਂਗੇ ਤੇ ਸ਼ੈਤਾਨ ਦੀਆਂ ਚਾਲਾਂ ਤੋਂ ਬਚ ਸਕਾਂਗੇ।

20 ਪਤਰਸ ਰਸੂਲ ਸਾਨੂੰ ਯਾਦ ਕਰਾਉਂਦਾ ਹੈ: “ਆਗਿਆਕਾਰ ਬੱਚਿਆਂ ਵਾਂਗ ਆਪਣੇ ਆਪ ਨੂੰ ਉਨ੍ਹਾਂ ਪੁਰਾਣੀਆਂ ਇੱਛਾਵਾਂ ਮੁਤਾਬਕ ਢਾਲਣਾ ਛੱਡ ਦਿਓ।” ਉਸ ਨੇ ਅੱਗੇ ਕਿਹਾ: ‘ਤੁਸੀਂ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ।’ (1 ਪਤ. 1:14, 15) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਜਦ ਅਸੀਂ ਪੂਰੀ ਵਾਹ ਲਾ ਕੇ ਆਪਣੀ ਸੋਚ ਤੇ ਆਪਣਾ ਸੁਭਾਅ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਬਰਕਤਾਂ ਬਖ਼ਸ਼ਦਾ ਹੈ।