Skip to content

Skip to table of contents

ਪਾਇਨੀਅਰਿੰਗ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਕਰਦੀ ਹੈ

ਪਾਇਨੀਅਰਿੰਗ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਕਰਦੀ ਹੈ

“ਸਾਡੇ ਪਰਮੇਸ਼ੁਰ ਦਾ ਭਜਨ ਗਾਉਣਾ ਤਾਂ ਭਲਾ ਹੈ।”​—ਜ਼ਬੂ. 147:1.

1, 2. (ੳ) ਆਪਣੇ ਕਿਸੇ ਅਜ਼ੀਜ਼ ਬਾਰੇ ਸੋਚਣ ਤੇ ਗੱਲ ਕਰਨ ਨਾਲ ਸਾਡੇ ਉਸ ਨਾਲ ਰਿਸ਼ਤੇ ’ਤੇ ਕਿਵੇਂ ਅਸਰ ਪੈਂਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?

ਜਦ ਅਸੀਂ ਆਪਣੇ ਕਿਸੇ ਅਜ਼ੀਜ਼ ਬਾਰੇ ਸੋਚਦੇ ਹਾਂ ਤੇ ਗੱਲ ਕਰਦੇ ਹਾਂ, ਤਾਂ ਉਸ ਨਾਲ ਸਾਡਾ ਰਿਸ਼ਤਾ ਹੋਰ ਵੀ ਗੂੜ੍ਹਾ ਹੁੰਦਾ ਹੈ। ਇਹ ਗੱਲ ਯਹੋਵਾਹ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਬਾਰੇ ਵੀ ਸੱਚ ਹੈ। ਇਕ ਚਰਵਾਹੇ ਵਜੋਂ ਦਾਊਦ ਨੇ ਕਈ ਰਾਤਾਂ ਤਾਰਿਆਂ ਭਰੇ ਆਸਮਾਨ ਦੇਖੇ ਤੇ ਸੋਚਿਆ ਕਿ ਸਿਰਜਣਹਾਰ ਕਿੰਨਾ ਬੇਮਿਸਾਲ ਹੈ। ਉਸ ਨੇ ਕਿਹਾ: “ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਰ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ, ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇਂ, ਅਤੇ ਆਦਮੀ ਜਾਇਆ ਕੀ, ਜੋ ਤੂੰ ਉਸ ਦੀ ਸੁੱਧ ਲਵੇਂ?” (ਜ਼ਬੂ. 8:3, 4) ਨਾਲੇ ਜਦ ਪੌਲੁਸ ਰਸੂਲ ਨੇ ਇਹ ਸੋਚਿਆ ਕਿ ਯਹੋਵਾਹ ਚੁਣੇ ਹੋਏ ਮਸੀਹੀਆਂ ਲਈ ਆਪਣਾ ਮਕਸਦ ਕਿੰਨੇ ਸ਼ਾਨਦਾਰ ਤਰੀਕੇ ਨਾਲ ਪੂਰਾ ਕਰ ਰਿਹਾ ਸੀ, ਤਾਂ ਉਸ ਨੇ ਹੈਰਾਨੀ ਨਾਲ ਕਿਹਾ: “ਵਾਹ! ਪਰਮੇਸ਼ੁਰ ਦੀਆਂ ਬਰਕਤਾਂ, ਬੁੱਧ ਅਤੇ ਗਿਆਨ ਕਿੰਨਾ ਵਿਸ਼ਾਲ ਹੈ!”​—ਰੋਮੀ. 11:17-26, 33.

2 ਪ੍ਰਚਾਰ ਵਿਚ ਅਸੀਂ ਯਹੋਵਾਹ ਬਾਰੇ ਸੋਚਦੇ ਤੇ ਉਸ ਬਾਰੇ ਗੱਲ ਕਰਦੇ ਹਾਂ। ਇੱਦਾਂ ਸਾਡਾ ਉਸ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ। ਕਈ ਪਾਇਨੀਅਰਾਂ ਨੇ ਦੇਖਿਆ ਹੈ ਕਿ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾਉਣ ਨਾਲ ਉਨ੍ਹਾਂ ਦਾ ਪਰਮੇਸ਼ੁਰ ਲਈ ਪਿਆਰ ਹੋਰ ਵੀ ਗਹਿਰਾ ਹੋਇਆ ਹੈ। ਭਾਵੇਂ ਤੁਸੀਂ ਪਾਇਨੀਅਰ ਹੋ ਜਾਂ ਪਾਇਨੀਅਰ ਬਣਨਾ ਚਾਹੁੰਦੇ ਹੋ, ਤਾਂ ਇਨ੍ਹਾਂ ਸਵਾਲਾਂ ’ਤੇ ਗੌਰ ਕਰੋ: ਪਾਇਨੀਅਰਿੰਗ ਕਰਨ ਨਾਲ ਤੁਹਾਡਾ ਯਹੋਵਾਹ ਨਾਲ ਰਿਸ਼ਤਾ ਕਿਵੇਂ ਮਜ਼ਬੂਤ ਹੋ ਸਕਦਾ ਹੈ? ਜੇ ਤੁਸੀਂ ਪਾਇਨੀਅਰ ਹੋ, ਤਾਂ ਤੁਸੀਂ ਆਪਣੀ ਪਾਇਨੀਅਰਿੰਗ ਕਿਵੇਂ ਜਾਰੀ ਰੱਖ ਸਕਦੇ ਹੋ? ਜੇ ਤੁਸੀਂ ਪਾਇਨੀਅਰ ਨਹੀਂ ਹੋ, ਤਾਂ ਤੁਸੀਂ ਪਾਇਨੀਅਰ ਬਣਨ ਲਈ ਆਪਣੀ ਜ਼ਿੰਦਗੀ ਵਿਚ ਕਿਹੜੀਆਂ ਤਬਦੀਲੀਆਂ ਕਰ ਸਕਦੇ ਹੋ? ਆਓ ਆਪਾਂ ਦੇਖੀਏ ਕਿ ਪਾਇਨੀਅਰਿੰਗ ਕਰਨ ਨਾਲ ਸਾਡਾ ਪਰਮੇਸ਼ੁਰ ਨਾਲ ਰਿਸ਼ਤਾ ਕਿਵੇਂ ਗੂੜ੍ਹਾ ਹੋ ਸਕਦਾ ਹੈ।

ਪਾਇਨੀਅਰਿੰਗ ਤੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ

3. ਦੂਜਿਆਂ ਨੂੰ ਪਰਮੇਸ਼ੁਰ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਦੱਸਣ ਨਾਲ ਸਾਡੇ ’ਤੇ ਕੀ ਅਸਰ ਹੁੰਦਾ ਹੈ?

3 ਦੂਜਿਆਂ ਨੂੰ ਪਰਮੇਸ਼ੁਰ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਦੱਸਣ ਨਾਲ ਅਸੀਂ ਯਹੋਵਾਹ ਦੇ ਨੇੜੇ ਆਉਂਦੇ ਹਾਂ। ਘਰ-ਘਰ ਪ੍ਰਚਾਰ ਕਰਦਿਆਂ ਤੁਸੀਂ ਆਪਣੀ ਕਿਹੜੀ ਮਨਪਸੰਦ ਆਇਤ ਵਰਤਦੇ ਹੋ? ਸ਼ਾਇਦ ਤੁਸੀਂ ਜ਼ਬੂਰਾਂ ਦੀ ਪੋਥੀ 37:10, 11; ਦਾਨੀਏਲ 2:44; ਯੂਹੰਨਾ 5:28, 29; ਜਾਂ ਪ੍ਰਕਾਸ਼ ਦੀ ਕਿਤਾਬ 21:3, 4 ਵਰਤੋ। ਹਰ ਵਾਰ ਇਨ੍ਹਾਂ ਵਾਅਦਿਆਂ ’ਤੇ ਚਰਚਾ ਕਰਨ ਨਾਲ ਸਾਨੂੰ ਯਾਦ ਆਉਂਦਾ ਹੈ ਕਿ ਪਰਮੇਸ਼ੁਰ ਦਰਿਆ-ਦਿਲ ਹੈ ਅਤੇ ਸਾਨੂੰ “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਉਸ ਕੋਲੋਂ ਮਿਲਦੀ ਹੈ। ਇਸ ਤਰ੍ਹਾਂ ਅਸੀਂ ਉਸ ਦੇ ਹੋਰ ਕਰੀਬ ਜਾਂਦੇ ਹਾਂ।​—ਯਾਕੂ. 1:17.

4. ਜਦੋਂ ਅਸੀਂ ਪ੍ਰਚਾਰ ਵਿਚ ਲੋਕਾਂ ਨੂੰ ਮਿਲਦੇ ਹਾਂ, ਤਾਂ ਸਾਡੀ ਯਹੋਵਾਹ ਦੀ ਭਲਾਈ ਲਈ ਕਦਰ ਕਿਉਂ ਵਧਦੀ ਹੈ?

4 ਜਦ ਅਸੀਂ ਦੁਖੀ ਤੇ ਲਾਚਾਰ ਲੋਕਾਂ ਨੂੰ ਦੇਖਦੇ ਹਾਂ, ਤਾਂ ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹੁੰਦੇ ਹਾਂ ਕਿ ਉਸ ਨੇ ਸਾਨੂੰ ਸੱਚਾਈ ਦਾ ਗਿਆਨ ਦਿੱਤਾ ਹੈ। ਦੁਨੀਆਂ ਦੇ ਲੋਕਾਂ ਕੋਲ ਸੱਚੀ ਖ਼ੁਸ਼ੀ ਪਾਉਣ ਦਾ ਕੋਈ ਰਾਹ ਨਹੀਂ ਹੈ। ਜ਼ਿਆਦਾਤਰ ਲੋਕਾਂ ਨੂੰ ਆਪਣੇ ਆਉਣ ਵਾਲੇ ਕੱਲ੍ਹ ਦਾ ਫ਼ਿਕਰ ਹੈ ਤੇ ਉਨ੍ਹਾਂ ਕੋਲ ਉਮੀਦ ਦੀ ਕੋਈ ਕਿਰਨ ਨਹੀਂ ਹੈ। ਉਹ ਜ਼ਿੰਦਗੀ ਦੇ ਸਵਾਲਾਂ ਦੀ ਤਲਾਸ਼ ਵਿਚ ਹਨ। ਇੱਥੋਂ ਤਕ ਕਿ ਰੱਬ ਨੂੰ ਮੰਨਣ ਵਾਲੇ ਲੋਕਾਂ ਕੋਲ ਵੀ ਬਾਈਬਲ ਦਾ ਬਹੁਤ ਘੱਟ ਗਿਆਨ ਹੈ। ਉਨ੍ਹਾਂ ਦੀ ਹਾਲਤ ਨੀਨਵਾਹ ਦੇ ਲੋਕਾਂ ਵਰਗੀ ਹੈ। (ਯੂਨਾਹ 4:11 ਪੜ੍ਹੋ।) ਜਿੰਨਾ ਜ਼ਿਆਦਾ ਅਸੀਂ ਪ੍ਰਚਾਰ ਵਿਚ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਉੱਨਾ ਜ਼ਿਆਦਾ ਅਸੀਂ ਮਹਿਸੂਸ ਕਰਦੇ ਹਾਂ ਕਿ ਯਹੋਵਾਹ ਸਾਡੀ ਕਿੰਨੀ ਦੇਖ-ਭਾਲ ਕਰਦਾ ਹੈ। (ਯਸਾ. 65:13) ਨਾਲੇ ਸਾਨੂੰ ਯਾਦ ਆਉਂਦਾ ਹੈ ਕਿ ਯਹੋਵਾਹ ਸਿਰਫ਼ ਸਾਡੀਆਂ ਹੀ ਲੋੜਾਂ ਪੂਰੀਆਂ ਨਹੀਂ ਕਰਦਾ, ਸਗੋਂ ਉਹ ਹਰ ਕਿਸੇ ਨੂੰ ਦਿਲਾਸਾ ਤੇ ਉਮੀਦ ਦੀ ਕਿਰਨ ਪਾਉਣ ਦਾ ਮੌਕਾ ਦਿੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿੰਨਾ ਭਲਾ ਹੈ।​—ਪ੍ਰਕਾ. 22:17.

5. ਦੂਜਿਆਂ ਨੂੰ ਸੱਚਾਈ ਸਿਖਾਉਣ ਨਾਲ ਅਸੀਂ ਆਪਣੀਆਂ ਮੁਸ਼ਕਲਾਂ ਬਾਰੇ ਕਿਹੋ ਜਿਹਾ ਮਹਿਸੂਸ ਕਰਦੇ ਹਾਂ?

5 ਜਦ ਅਸੀਂ ਦੂਜਿਆਂ ਨੂੰ ਸੱਚਾਈ ਸਿਖਾਉਂਦੇ ਹਾਂ, ਤਾਂ ਸਾਡਾ ਧਿਆਨ ਆਪਣੀਆਂ ਮੁਸ਼ਕਲਾਂ ’ਤੇ ਨਹੀਂ ਜਾਂਦਾ। ਗੌਰ ਕਰੋ ਕਿ ਜਦ ਟ੍ਰਿਸ਼ਾ ਨਾਂ ਦੀ ਇਕ ਰੈਗੂਲਰ ਪਾਇਨੀਅਰ ਭੈਣ ਦੇ ਮਾਪਿਆਂ ਦਾ ਤਲਾਕ ਹੋਇਆ, ਤਾਂ ਉਸ ’ਤੇ ਕੀ ਬੀਤੀ। ਉਹ ਕਹਿੰਦੀ ਹੈ: “ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਸੀ।” ਇਕ ਦਿਨ ਉਹ ਬਹੁਤ ਉਦਾਸ ਹੋਣ ਕਰਕੇ ਘਰੇ ਰਹਿਣਾ ਚਾਹੁੰਦੀ ਸੀ, ਪਰ ਫਿਰ ਵੀ ਉਹ ਪ੍ਰਚਾਰ ਵਿਚ ਗਈ। ਉਹ ਤਿੰਨ ਬੱਚਿਆਂ ਨਾਲ ਸਟੱਡੀ ਕਰਦੀ ਸੀ ਜਿਨ੍ਹਾਂ ਦੇ ਘਰ ਦੀ ਹਾਲਤ ਬਹੁਤ ਖ਼ਰਾਬ ਸੀ। ਬੱਚਿਆਂ ਦਾ ਪਿਤਾ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਸੀ ਅਤੇ ਉਨ੍ਹਾਂ ਦੇ ਵੱਡੇ ਭਰਾ ਨੇ ਉਨ੍ਹਾਂ ਨਾਲ ਬੜਾ ਮਾੜਾ ਸਲੂਕ ਕੀਤਾ ਸੀ। ਟ੍ਰਿਸ਼ਾ ਕਹਿੰਦੀ ਹੈ: “ਉਨ੍ਹਾਂ ਦੀਆਂ ਸਮੱਸਿਆਵਾਂ ਸਾਮ੍ਹਣੇ ਮੇਰਾ ਦੁੱਖ ਤਾਂ ਕੁਝ ਵੀ ਨਹੀਂ ਸੀ। ਬਾਈਬਲ ਵਿੱਚੋਂ ਗੱਲਾਂ ਸਿੱਖ ਕੇ ਬੱਚਿਆਂ ਦੀਆਂ ਅੱਖਾਂ ਵਿਚ ਚਮਕ ਆ ਜਾਂਦੀ ਸੀ ਤੇ ਉਹ ਖ਼ੁਸ਼ੀ ਨਾਲ ਖਿੜ-ਖਿੜ ਹੱਸਦੇ ਸਨ। ਖ਼ਾਸ ਕਰਕੇ ਮੇਰੇ ਲਈ ਉਸ ਦਿਨ ਉਹ ਬੱਚੇ ਯਹੋਵਾਹ ਵੱਲੋਂ ਇਕ ਤੋਹਫ਼ਾ ਸਾਬਤ ਹੋਏ।”

6, 7. (ੳ) ਦੂਜਿਆਂ ਨੂੰ ਬਾਈਬਲ ਸੱਚਾਈ ਸਿਖਾ ਕੇ ਸਾਡੀ ਨਿਹਚਾ ਹੋਰ ਵੀ ਕਿਵੇਂ ਪੱਕੀ ਹੁੰਦੀ ਹੈ? (ਅ) ਸਟੱਡੀਆਂ ਨੂੰ ਬਾਈਬਲ ਦੇ ਅਸੂਲ ਲਾਗੂ ਕਰਦਿਆਂ ਦੇਖ ਕੇ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ?

6 ਦੂਜਿਆਂ ਨੂੰ ਬਾਈਬਲ ਦੀ ਸੱਚਾਈ ਸਿਖਾਉਣ ਨਾਲ ਸਾਡੀ ਨਿਹਚਾ ਹੋਰ ਵੀ ਪੱਕੀ ਹੁੰਦੀ ਹੈ। ਪੌਲੁਸ ਰਸੂਲ ਦੇ ਜ਼ਮਾਨੇ ਵਿਚ ਕੁਝ ਯਹੂਦੀ ਜੋ ਗੱਲਾਂ ਦੂਜਿਆਂ ਨੂੰ ਸਿਖਾਉਂਦੇ ਸਨ ਉਹ ਆਪ ਉਨ੍ਹਾਂ ਮੁਤਾਬਕ ਨਹੀਂ ਚੱਲਦੇ ਸਨ। ਪੌਲੁਸ ਨੇ ਉਨ੍ਹਾਂ ਬਾਰੇ ਕਿਹਾ: ‘ਤੁਸੀਂ ਇਹ ਸਭ ਕੁਝ ਹੋਰਾਂ ਨੂੰ ਤਾਂ ਸਿਖਾਉਂਦੇ ਹੋ, ਪਰ ਕੀ ਤੁਸੀਂ ਆਪ ਨੂੰ ਸਿਖਾਉਂਦੇ ਹੋ?’ (ਰੋਮੀ. 2:21) ਪਾਇਨੀਅਰਾਂ ਬਾਰੇ ਕੀ? ਉਨ੍ਹਾਂ ਕੋਲ ਦੂਜਿਆਂ ਨੂੰ ਸੱਚਾਈ ਸਿਖਾਉਣ ਅਤੇ ਬਾਈਬਲ ਸਟੱਡੀਆਂ ਕਰਾਉਣ ਦੇ ਕਈ ਮੌਕੇ ਹੁੰਦੇ ਹਨ। ਦੂਜਿਆਂ ਨੂੰ ਸਿਖਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਪ ਇਹ ਗੱਲਾਂ ਸਿੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਹਰ ਸਟੱਡੀ ਲਈ ਤਿਆਰੀ ਅਤੇ ਲੋਕਾਂ ਦੇ ਸਵਾਲਾਂ ਬਾਰੇ ਰਿਸਰਚ ਕਰਨੀ ਚਾਹੀਦੀ ਹੈ। ਜਨੀਨ ਨਾਂ ਦੀ ਇਕ ਪਾਇਨੀਅਰ ਭੈਣ ਦੱਸਦੀ ਹੈ: “ਹਰ ਵਾਰ ਦੂਜਿਆਂ ਨੂੰ ਸੱਚਾਈ ਸਿਖਾਉਣ ਨਾਲ ਉਹ ਗੱਲਾਂ ਮੇਰੇ ਦਿਲ-ਦਿਮਾਗ਼ ’ਤੇ ਗਹਿਰੀ ਛਾਪ ਛੱਡਦੀਆਂ ਹਨ। ਇਸ ਕਾਰਨ ਮੇਰੀ ਨਿਹਚਾ ਲਗਾਤਾਰ ਹੋਰ ਵੀ ਪੱਕੀ ਹੁੰਦੀ ਜਾਂਦੀ ਹੈ।”

7 ਜਦ ਅਸੀਂ ਸਟੱਡੀਆਂ ਨੂੰ ਆਪਣੀ ਜ਼ਿੰਦਗੀ ਵਿਚ ਬਾਈਬਲ ਦੇ ਅਸੂਲ ਲਾਗੂ ਕਰਦਿਆਂ ਦੇਖਦੇ ਹਾਂ, ਤਾਂ ਪਰਮੇਸ਼ੁਰ ਦੀ ਬੁੱਧ ਲਈ ਸਾਡੀ ਕਦਰ ਹੋਰ ਵੀ ਵਧ ਜਾਂਦੀ ਹੈ। (ਯਸਾ. 48:17, 18) ਇਹ ਦੇਖ ਕੇ ਸਾਡਾ ਇਰਾਦਾ ਹੋਰ ਵੀ ਪੱਕਾ ਹੁੰਦਾ ਹੈ ਕਿ ਅਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਦੇ ਰਹਾਂਗੇ। ਆਦ੍ਰੀਆਨਾ ਨਾਂ ਦੀ ਇਕ ਹੋਰ ਪਾਇਨੀਅਰ ਭੈਣ ਕਹਿੰਦੀ ਹੈ: “ਜਦ ਲੋਕ ਆਪਣੀ ਸਮਝ ’ਤੇ ਇਤਬਾਰ ਕਰਦੇ ਹਨ, ਤਾਂ ਉਹ ਮੁਸੀਬਤਾਂ ਵਿਚ ਫਸ ਜਾਂਦੇ ਹਨ। ਪਰ ਜਦ ਉਹ ਯਹੋਵਾਹ ਦੀ ਬੁੱਧ ’ਤੇ ਭਰੋਸਾ ਕਰਨ ਲੱਗਦੇ ਹਨ, ਤਾਂ ਉਨ੍ਹਾਂ ਨੂੰ ਕਈ ਫ਼ਾਇਦੇ ਮਿਲਦੇ ਹਨ।” ਇਸੇ ਤਰ੍ਹਾਂ ਫਿਲ਼ ਨਾਂ ਦਾ ਇਕ ਪਾਇਨੀਅਰ ਭਰਾ ਕਹਿੰਦਾ ਹੈ: “ਮੈਂ ਇਹ ਦੇਖ ਕੇ ਬਹੁਤ ਹੈਰਾਨ ਹੁੰਦਾ ਹਾਂ ਕਿ ਯਹੋਵਾਹ ਦੀ ਮਦਦ ਨਾਲ ਲੋਕ ਖ਼ੁਦ ਵਿਚ ਉਹ ਤਬਦੀਲੀਆਂ ਕਰ ਪਾਏ ਹਨ ਜੋ ਉਹ ਆਪਣੀ ਤਾਕਤ ਨਾਲ ਨਹੀਂ ਕਰ ਪਾਏ।”

8. ਪ੍ਰਚਾਰ ਵਿਚ ਭੈਣਾਂ-ਭਰਾਵਾਂ ਨਾਲ ਕੰਮ ਕਰ ਕੇ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ?

8 ਪ੍ਰਚਾਰ ਵਿਚ ਭੈਣਾਂ-ਭਰਾਵਾਂ ਨਾਲ ਕੰਮ ਕਰ ਕੇ ਸਾਡਾ ਹੌਸਲਾ ਵਧਦਾ ਹੈ। (ਕਹਾ. 13:20) ਪ੍ਰਚਾਰ ਕਰਦਿਆਂ ਪਾਇਨੀਅਰ ਦੂਜੇ ਭੈਣਾਂ-ਭਰਾਵਾਂ ਨਾਲ ਕਾਫ਼ੀ ਸਮਾਂ ਬਿਤਾਉਂਦੇ ਹਨ। ਇੱਦਾਂ ਉਨ੍ਹਾਂ ਨੂੰ ਇਕ-ਦੂਜੇ ਦੀ ਨਿਹਚਾ ਤੋਂ ਹੌਸਲਾ ਮਿਲਦਾ ਹੈ। (ਰੋਮੀ. 1:12; ਕਹਾਉਤਾਂ 27:17 ਪੜ੍ਹੋ।) ਲੀਸਾ ਨਾਂ ਇਕ ਪਾਇਨੀਅਰ ਭੈਣ ਦੱਸਦੀ ਹੈ: “ਮੇਰੀ ਨੌਕਰੀ ਦੀ ਥਾਂ ’ਤੇ ਲੋਕ ਇਕ-ਦੂਜੇ ਤੋਂ ਜਲ਼ਦੇ ਹਨ ਅਤੇ ਉਨ੍ਹਾਂ ਵਿਚ ਇਕ-ਦੂਜੇ ਤੋਂ ਅੱਗੇ ਵਧਣ ਦੀ ਦੌੜ ਲੱਗੀ ਹੋਈ ਹੈ, ਭਾਵੇਂ ਇਸ ਵਾਸਤੇ ਉਨ੍ਹਾਂ ਨੂੰ ਕਿਸੇ ਵੀ ਹੱਦ ਤਕ ਕਿਉਂ ਨਾ ਜਾਣਾ ਪਵੇ। ਰੋਜ਼ ਮੈਨੂੰ ਲੋਕਾਂ ਦੀਆਂ ਚੁਗ਼ਲੀਆਂ ਤੇ ਗੰਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ। ਮਸੀਹੀ ਹੋਣ ਕਾਰਨ ਕਈ ਵਾਰ ਮੇਰਾ ਮਜ਼ਾਕ ਉਡਾਇਆ ਜਾਂਦਾ ਹੈ। ਪਰ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਕੇ ਮੇਰੀ ਹੌਸਲਾ-ਅਫ਼ਜ਼ਾਈ ਹੁੰਦੀ ਹੈ। ਭਾਵੇਂ ਪ੍ਰਚਾਰ ਕਰਨ ਤੋਂ ਬਾਅਦ ਮੈਂ ਸ਼ਾਮ ਨੂੰ ਕਿੰਨੀ ਹੀ ਥੱਕੀ-ਟੁੱਟੀ ਕਿਉਂ ਨਾ ਹੋਵਾਂ, ਮੈਂ ਤਰੋ-ਤਾਜ਼ਾ ਮਹਿਸੂਸ ਕਰਦੀ ਹਾਂ।”

9. ਇਕੱਠੇ ਪਾਇਨੀਅਰਿੰਗ ਕਰਨ ਨਾਲ ਪਤੀ-ਪਤਨੀ ਦੇ ਰਿਸ਼ਤੇ ਉੱਤੇ ਕੀ ਅਸਰ ਪੈਂਦਾ ਹੈ?

9 ਆਪਣੇ ਜੀਵਨ-ਸਾਥੀ ਨਾਲ ਪਾਇਨੀਅਰਿੰਗ ਕਰ ਕੇ ਵਿਆਹ ਦਾ ਬੰਧਨ ਮਜ਼ਬੂਤ ਹੁੰਦਾ ਹੈ। (ਉਪ. 4:12) ਮੈਡਲਿਨ ਨਾਂ ਦੀ ਇਕ ਭੈਣ ਆਪਣੇ ਪਤੀ ਨਾਲ ਪਾਇਨੀਅਰਿੰਗ ਕਰਦੀ ਹੈ। ਉਹ ਕਹਿੰਦੀ ਹੈ: “ਅਕਸਰ ਮੈਂ ਤੇ ਮੇਰੇ ਪਤੀ ਇਸ ਬਾਰੇ ਗੱਲ ਕਰਦੇ ਹਾਂ ਕਿ ਪ੍ਰਚਾਰ ਵਿਚ ਸਾਡਾ ਦਿਨ ਕਿਹੋ ਜਿਹਾ ਰਿਹਾ ਜਾਂ ਅਸੀਂ ਆਪਣੀ ਬਾਈਬਲ ਰੀਡਿੰਗ ਤੋਂ ਸਿੱਖੀਆਂ ਗੱਲਾਂ ਨੂੰ ਪ੍ਰਚਾਰ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ। ਹਰ ਸਾਲ ਇਕੱਠੇ ਪਾਇਨੀਅਰਿੰਗ ਕਰਨ ਨਾਲ ਅਸੀਂ ਇਕ-ਦੂਜੇ ਦੇ ਹੋਰ ਕਰੀਬ ਆਏ ਹਾਂ।” ਇਸੇ ਤਰ੍ਹਾਂ ਟ੍ਰਿਸ਼ਾ ਕਹਿੰਦੀ ਹੈ ਕਿ ‘ਅਸੀਂ ਉਨ੍ਹਾਂ ਚੀਜ਼ਾਂ ਨੂੰ ਖ਼ਰੀਦਣ ਬਾਰੇ ਗੱਲ ਨਹੀਂ ਕਰਦੇ ਜੋ ਸਾਡੀ ਪਹੁੰਚ ਤੋਂ ਬਾਹਰ ਹਨ। ਇੱਦਾਂ ਅਸੀਂ ਪੈਸੇ ਨੂੰ ਲੈ ਕੇ ਲੜਦੇ-ਝਗੜਦੇ ਨਹੀਂ। ਨਾਲੇ ਇਕੱਠੇ ਰਿਟਰਨ ਵਿਜ਼ਿਟਾਂ ਤੇ ਬਾਈਬਲ ਸਟੱਡੀਆਂ ਕਰਾਉਣ ਨਾਲ ਸਾਡਾ ਵਿਆਹ ਦਾ ਬੰਧਨ ਹੋਰ ਵੀ ਮਜ਼ਬੂਤ ਹੋਇਆ ਹੈ।’

ਪੂਰੇ ਸਮੇਂ ਦੀ ਸੇਵਾ ਕਰਨ ਨਾਲ ਖ਼ੁਸ਼ੀਆਂ ਹੀ ਖ਼ੁਸ਼ੀਆਂ ਮਿਲਦੀਆਂ ਹਨ (ਪੈਰਾ 9 ਦੇਖੋ)

10. ਜਦ ਅਸੀਂ ਰਾਜ ਨੂੰ ਪਹਿਲ ਦਿੰਦੇ ਹਾਂ ਅਤੇ ਪਰਮੇਸ਼ੁਰ ਦੇ ਸਾਥ ਨੂੰ ਮਹਿਸੂਸ ਕਰਦੇ ਹਾਂ, ਤਾਂ ਯਹੋਵਾਹ ਨਾਲ ਸਾਡੇ ਰਿਸ਼ਤੇ ’ਤੇ ਕੀ ਅਸਰ ਪੈਂਦਾ ਹੈ?

10 ਜਦ ਅਸੀਂ ਦੇਖਦੇ ਹਾਂ ਕਿ ਯਹੋਵਾਹ ਸਾਡਾ ਸਾਥ ਦਿੰਦਾ ਹੈ, ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਅਸੀਂ ਉਸ ਦੇ ਰਾਜ ਨੂੰ ਪਹਿਲ ਦਿੰਦੇ ਹਾਂ, ਤਾਂ ਯਹੋਵਾਹ ’ਤੇ ਸਾਡਾ ਭਰੋਸਾ ਹੋਰ ਵੀ ਵਧਦਾ ਹੈ। ਇਹ ਸੱਚ ਹੈ ਕਿ ਸਾਰੇ ਵਫ਼ਾਦਾਰ ਮਸੀਹੀ ਯਹੋਵਾਹ ’ਤੇ ਭਰੋਸਾ ਰੱਖਦੇ ਹਨ। ਪਰ ਪਾਇਨੀਅਰਾਂ ਨੇ ਦੇਖਿਆ ਹੈ ਕਿ ਸਿਰਫ਼ ਯਹੋਵਾਹ ’ਤੇ ਭਰੋਸਾ ਰੱਖਣ ਨਾਲ ਉਹ ਆਪਣੀ ਪਾਇਨੀਅਰਿੰਗ ਜਾਰੀ ਰੱਖ ਪਾਏ ਹਨ। (ਮੱਤੀ 6:30-34 ਪੜ੍ਹੋ।) ਜ਼ਰਾ ਕਰਟ ਤੇ ਉਸ ਦੀ ਪਤਨੀ ਦੀ ਮਿਸਾਲ ਲਓ। ਉਹ ਦੋਵੇਂ ਪਾਇਨੀਅਰ ਹਨ ਤੇ ਕਰਟ ਸਮੇਂ-ਸਮੇਂ ’ਤੇ ਸਰਕਟ ਓਵਰਸੀਅਰ ਦਾ ਕੰਮ ਕਰਦਾ ਹੈ। ਇਕ ਵਾਰ ਉਨ੍ਹਾਂ ਨੂੰ ਇਕ ਮੰਡਲੀ ਵਿਚ ਜਾਣ ਲਈ ਕਿਹਾ ਗਿਆ ਜੋ ਉਨ੍ਹਾਂ ਦੇ ਘਰ ਤੋਂ ਢਾਈ ਘੰਟੇ ਦੂਰ ਸੀ। ਉਹ ਉੱਥੇ ਜਾਣ ਲਈ ਰਾਜ਼ੀ ਹੋ ਗਏ। ਪਰ ਉਨ੍ਹਾਂ ਦੀ ਕਾਰ ਵਿਚ ਸਿਰਫ਼ ਮੰਡਲੀ ਤਕ ਜਾਣ ਲਈ ਤੇਲ ਸੀ, ਵਾਪਸ ਆਉਣ ਲਈ ਨਹੀਂ। ਨਾਲੇ ਤਨਖ਼ਾਹ ਮਿਲਣ ਨੂੰ ਅਜੇ ਇਕ ਹਫ਼ਤਾ ਰਹਿੰਦਾ ਸੀ। ਭਰਾ ਕਹਿੰਦਾ ਹੈ: “ਮੈਂ ਸੋਚਣ ਲੱਗਾ ਕਿ ਪਤਾ ਨਹੀਂ ਮੈਂ ਸਹੀ ਫ਼ੈਸਲਾ ਲਿਆ ਹੈ ਜਾਂ ਨਹੀਂ।” ਪ੍ਰਾਰਥਨਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਲੱਗਾ ਕਿ ਉਹ ਮੰਡਲੀ ਨੂੰ ਜ਼ਰੂਰ ਜਾਣਗੇ ਕਿਉਂਕਿ ਉਨ੍ਹਾਂ ਨੂੰ ਯਕੀਨ ਸੀ ਕਿ ਪਰਮੇਸ਼ੁਰ ਉਨ੍ਹਾਂ ਦੀ ਹਰ ਲੋੜ ਪੂਰੀ ਕਰੇਗਾ। ਜਦ ਉਹ ਜਾਣ ਹੀ ਵਾਲੇ ਸਨ, ਤਾਂ ਇਕ ਭੈਣ ਨੇ ਉਨ੍ਹਾਂ ਨੂੰ ਫ਼ੋਨ ’ਤੇ ਕਿਹਾ, ‘ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦੀ ਹਾਂ।’ ਉਸ ਨੇ ਉਨ੍ਹਾਂ ਨੂੰ ਉੱਨੇ ਹੀ ਪੈਸੇ ਦਿੱਤੇ ਜਿੰਨੇ ਉਨ੍ਹਾਂ ਨੂੰ ਸਫ਼ਰ ਲਈ ਚਾਹੀਦੇ ਸਨ। ਕਰਟ ਕਹਿੰਦਾ ਹੈ: “ਜਦ ਤੁਸੀਂ ਵਾਰ-ਵਾਰ ਇੱਦਾਂ ਦੀਆਂ ਗੱਲਾਂ ਹੁੰਦੀਆਂ ਦੇਖਦੇ ਹੋ, ਤਾਂ ਤੁਸੀਂ ਦੇਖ ਸਕਦੇ ਹੋ ਕਿ ਯਹੋਵਾਹ ਤੁਹਾਡਾ ਹਰ ਕਦਮ ’ਤੇ ਸਾਥ ਦੇ ਰਿਹਾ ਹੈ।”

11. ਪਾਇਨੀਅਰਾਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

11 ਪਾਇਨੀਅਰਾਂ ਨੇ ਮਹਿਸੂਸ ਕੀਤਾ ਹੈ ਕਿ ਯਹੋਵਾਹ ਦੀ ਸੇਵਾ ਜੀ-ਜਾਨ ਨਾਲ ਕਰਨ ਅਤੇ ਉਸ ਦੇ ਹੋਰ ਨੇੜੇ ਜਾਣ ਨਾਲ ਯਹੋਵਾਹ ਉਨ੍ਹਾਂ ’ਤੇ ਬਰਕਤਾਂ ਦੀ ਬਾਰਸ਼ ਕਰਦਾ ਹੈ। (ਬਿਵ. 28:2) ਇਹ ਸੱਚ ਹੈ ਕਿ ਪਾਇਨੀਅਰਿੰਗ ਕਰਨੀ ਸੌਖੀ ਨਹੀਂ ਹੈ ਕਿਉਂਕਿ ਅਸੀਂ ਸਾਰੇ ਆਪਣੀਆਂ ਕਮੀਆਂ-ਕਮਜ਼ੋਰੀਆਂ ਤੇ ਬੁਰੇ ਲੋਕਾਂ ਕਾਰਨ ਦੁੱਖ ਸਹਿੰਦੇ ਹਾਂ। ਮੁਸ਼ਕਲਾਂ ਕਾਰਨ ਕਦੇ-ਕਦੇ ਪਾਇਨੀਅਰਾਂ ਨੂੰ ਆਪਣੀ ਸੇਵਾ ਕੁਝ ਸਮੇਂ ਲਈ ਛੱਡਣੀ ਪੈਂਦੀ ਹੈ। ਪਰ ਜੇ ਉਹ ਧਿਆਨ ਦੇਣ, ਤਾਂ ਉਹ ਇਨ੍ਹਾਂ ਮੁਸ਼ਕਲਾਂ ਨੂੰ ਹੱਲ ਕਰ ਸਕਦੇ ਹਨ ਜਾਂ ਇਨ੍ਹਾਂ ਵਿਚ ਪੈਣ ਤੋਂ ਬਚ ਸਕਦੇ ਹਨ। ਸੋ ਕਿਹੜੀ ਗੱਲ ਪਾਇਨੀਅਰਾਂ ਦੀ ਮਦਦ ਕਰ ਸਕਦੀ ਹੈ ਤਾਂਕਿ ਉਹ ਆਪਣੀ ਸੇਵਾ ਵਿਚ ਲੱਗੇ ਰਹਿਣ?

ਪਾਇਨੀਅਰਿੰਗ ਕਿਵੇਂ ਜਾਰੀ ਰੱਖੀਏ?

12, 13. (ੳ) ਜੇ ਇਕ ਪਾਇਨੀਅਰ ਨੂੰ ਆਪਣੇ ਘੰਟੇ ਪੂਰੇ ਕਰਨ ਵਿਚ ਦਿੱਕਤ ਆ ਰਹੀ ਹੈ, ਤਾਂ ਉਸ ਨੂੰ ਕੀ ਕਰਨ ਦੀ ਲੋੜ ਹੈ? (ਅ) ਰੋਜ਼ ਬਾਈਬਲ ਪੜ੍ਹਨ, ਬਾਈਬਲ ਦੀ ਸਟੱਡੀ ਅਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢਣਾ ਕਿਉਂ ਜ਼ਰੂਰੀ ਹੈ?

12 ਜ਼ਿਆਦਾਤਰ ਪਾਇਨੀਅਰ ਬਿਜ਼ੀ ਹੁੰਦੇ ਹਨ ਜਿਸ ਕਰਕੇ ਉਨ੍ਹਾਂ ਲਈ ਹਰ ਕੰਮ ਸਮੇਂ ਸਿਰ ਕਰਨਾ ਔਖਾ ਹੋ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਸਮਾਂ ਕੱਢਣ ਦੀ ਲੋੜ ਹੈ ਤਾਂਕਿ ਉਹ ਹਰ ਕੰਮ ਸਲੀਕੇ ਤੇ ਸਹੀ ਢੰਗ ਨਾਲ ਕਰ ਸਕਣ। (1 ਕੁਰਿੰ. 14:33, 40) ਜੇ ਇਕ ਪਾਇਨੀਅਰ ਨੂੰ ਆਪਣੇ ਘੰਟੇ ਪੂਰੇ ਕਰਨ ਵਿਚ ਦਿੱਕਤ ਆ ਰਹੀ ਹੈ, ਤਾਂ ਉਸ ਨੂੰ ਦੇਖਣਾ ਚਾਹੀਦਾ ਹੈ ਕਿ ਉਹ ਆਪਣੇ ਟਾਈਮ ਨਾਲ ਕੀ ਕਰ ਰਿਹਾ ਹੈ। (ਅਫ਼. 5:15, 16) ਉਹ ਸ਼ਾਇਦ ਖ਼ੁਦ ਨੂੰ ਪੁੱਛੇ: ‘ਕੀ ਮੈਂ ਮਨੋਰੰਜਨ ਵਿਚ ਕਿਤੇ ਜ਼ਿਆਦਾ ਸਮਾਂ ਤਾਂ ਨਹੀਂ ਲਾ ਰਿਹਾ? ਕੀ ਮੈਂ ਜ਼ਰੂਰੀ ਕੰਮ ਪਹਿਲਾਂ ਕਰਦਾ ਹਾਂ? ਕੀ ਮੈਂ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਸਕਦਾ ਹਾਂ?’ ਸਾਡਾ ਸਮਾਂ ਸੌਖਿਆਂ ਹੀ ਇੱਧਰ-ਉੱਧਰ ਦੇ ਕੰਮਾਂ ਵਿਚ ਬਰਬਾਦ ਹੋ ਸਕਦਾ ਹੈ। ਇਸ ਲਈ ਸਮੇਂ-ਸਮੇਂ ’ਤੇ ਪਾਇਨੀਅਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਉਹ ਆਪਣਾ ਸਮਾਂ ਕਿਵੇਂ ਵਰਤਦੇ ਹਨ।

13 ਇਕ ਪਾਇਨੀਅਰ ਲਈ ਬਹੁਤ ਜ਼ਰੂਰੀ ਹੈ ਕਿ ਉਹ ਰੋਜ਼ ਬਾਈਬਲ ਪੜ੍ਹਨ, ਬਾਈਬਲ ਦੀ ਸਟੱਡੀ ਅਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢੇ। ਉਸ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਫਾਲਤੂ ਕੰਮਾਂ ਵਿਚ ਸਮਾਂ ਲਾਉਣ ਦੀ ਬਜਾਇ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਵੇ। (ਫ਼ਿਲਿ. 1:10) ਫ਼ਰਜ਼ ਕਰੋ ਕਿ ਇਕ ਪਾਇਨੀਅਰ ਪ੍ਰਚਾਰ ’ਤੇ ਪੂਰਾ ਦਿਨ ਲਾ ਕੇ ਘਰ ਵਾਪਸ ਆਉਂਦਾ ਹੈ। ਉਹ ਸ਼ਾਮ ਨੂੰ ਮੀਟਿੰਗ ਦੀ ਤਿਆਰੀ ਕਰਨੀ ਚਾਹੁੰਦਾ ਹੈ। ਪਰ ਪਹਿਲਾਂ ਉਹ ਆਪਣੀਆਂ ਚਿੱਠੀਆਂ ਪੜ੍ਹਦਾ ਹੈ, ਫਿਰ ਉਹ ਕੰਪਿਊਟਰ ਸਾਮ੍ਹਣੇ ਬੈਠ ਕੇ ਈ-ਮੇਲ ਪੜ੍ਹਨ ਲੱਗ ਜਾਂਦਾ ਹੈ ਅਤੇ ਇਸ ਤੋਂ ਬਾਅਦ ਉਹ ਇੰਟਰਨੈੱਟ ’ਤੇ ਸ਼ੋਪਿੰਗ ਕਰਨ ਲੱਗ ਪੈਂਦਾ ਹੈ। ਅਚਾਨਕ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਦੋ ਘੰਟੇ ਬੀਤ ਗਏ ਹਨ ਅਤੇ ਅਜੇ ਉਸ ਨੇ ਮੀਟਿੰਗ ਦੀ ਤਿਆਰੀ ਸ਼ੁਰੂ ਵੀ ਨਹੀਂ ਕੀਤੀ। ਪਰ ਇੱਦਾਂ ਕਿਉਂ ਹੋਇਆ? ਜ਼ਰਾ ਇਕ ਦੌੜਾਕ ਬਾਰੇ ਸੋਚੋ। ਇਕ ਦੌੜਾਕ ਨੂੰ ਖੇਡਾਂ ਵਿਚ ਆਪਣਾ ਕੈਰੀਅਰ ਬਣਾਉਣ ਲਈ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਪੈਂਦਾ ਹੈ। ਇਸੇ ਤਰ੍ਹਾਂ, ਜੇ ਇਕ ਪਾਇਨੀਅਰ ਆਪਣੀ ਸੇਵਾ ਵਿਚ ਲੱਗਾ ਰਹਿਣਾ ਚਾਹੁੰਦਾ ਹੈ, ਤਾਂ ਉਸ ਨੂੰ ਬਾਈਬਲ ਦੀ ਸਟੱਡੀ ਕਰਦੇ ਰਹਿਣ ਦੀ ਲੋੜ ਹੈ।​—1 ਤਿਮੋ. 4:16.

14, 15. (ੳ) ਪਾਇਨੀਅਰਾਂ ਨੂੰ ਆਪਣੀ ਜ਼ਿੰਦਗੀ ਸਾਦੀ ਕਿਉਂ ਰੱਖਣੀ ਚਾਹੀਦੀ ਹੈ? (ਅ) ਜੇ ਇਕ ਪਾਇਨੀਅਰ ਮੁਸ਼ਕਲਾਂ ਦਾ ਸਾਮ੍ਹਣਾ ਕਰਦਾ ਹੈ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ?

14 ਕਾਫ਼ੀ ਸਾਲਾਂ ਤੋਂ ਪਾਇਨੀਅਰਿੰਗ ਕਰਨ ਵਾਲੇ ਭੈਣ-ਭਰਾ ਆਪਣੀ ਜ਼ਿੰਦਗੀ ਸਾਦੀ ਰੱਖਦੇ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਅੱਖ ਇਕ ਨਿਸ਼ਾਨੇ ’ਤੇ ਟਿਕਾਈ ਰੱਖਣ। (ਮੱਤੀ 6:22) ਉਸ ਨੇ ਵੀ ਆਪਣੀ ਜ਼ਿੰਦਗੀ ਸਾਦੀ ਰੱਖੀ ਸੀ ਤਾਂਕਿ ਉਹ ਬਿਨਾਂ ਧਿਆਨ ਭਟਕੇ ਆਪਣੀ ਸੇਵਕਾਈ ਪੂਰੀ ਕਰ ਸਕੇ। ਉਸ ਨੇ ਕਿਹਾ: “ਲੂੰਬੜੀਆਂ ਕੋਲ ਘੁਰਨੇ ਹਨ ਤੇ ਆਕਾਸ਼ ਦੇ ਪੰਛੀਆਂ ਕੋਲ ਆਲ੍ਹਣੇ, ਪਰ ਮਨੁੱਖ ਦੇ ਪੁੱਤਰ ਕੋਲ ਤਾਂ ਆਪਣਾ ਸਿਰ ਰੱਖਣ ਲਈ ਵੀ ਕੋਈ ਜਗ੍ਹਾ ਨਹੀਂ ਹੈ।” (ਮੱਤੀ 8:20) ਯਿਸੂ ਦੀ ਮਿਸਾਲ ਤੋਂ ਸਿੱਖਦੇ ਹੋਏ ਪਾਇਨੀਅਰ ਇਹ ਗੱਲ ਯਾਦ ਰੱਖਦੇ ਹਨ ਕਿ ਉਨ੍ਹਾਂ ਕੋਲ ਜਿੰਨੀਆਂ ਜ਼ਿਆਦਾ ਚੀਜ਼ਾਂ ਹੋਣਗੀਆਂ ਉੱਨੀ ਹੀ ਜ਼ਿਆਦਾ ਉਨ੍ਹਾਂ ਨੂੰ ਸਾਂਭ-ਸੰਭਾਲ ਤੇ ਮੁਰੰਮਤ ਕਰਨੀ ਪਵੇਗੀ।

15 ਪਾਇਨੀਅਰ ਜਾਣਦੇ ਹਨ ਕਿ ਉਨ੍ਹਾਂ ਨੂੰ ਸੇਵਾ ਕਰਨ ਦਾ ਖ਼ਾਸ ਸਨਮਾਨ ਆਪਣੀ ਕਾਬਲੀਅਤ ਕਰਕੇ ਨਹੀਂ, ਸਗੋਂ ਯਹੋਵਾਹ ਦੀ ਅਪਾਰ ਕਿਰਪਾ ਕਰਕੇ ਮਿਲਿਆ ਹੈ। ਇਸ ਲਈ ਉਹ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਨਹੀਂ ਸਮਝਦੇ। ਇਸ ਦੀ ਬਜਾਇ ਹਰ ਪਾਇਨੀਅਰ ਨੂੰ ਆਪਣੀ ਸੇਵਾ ਜਾਰੀ ਰੱਖਣ ਲਈ ਯਹੋਵਾਹ ’ਤੇ ਭਰੋਸਾ ਰੱਖਣਾ ਚਾਹੀਦਾ ਹੈ। (ਫ਼ਿਲਿ. 4:13) ਮੁਸ਼ਕਲਾਂ ਤਾਂ ਆਉਣੀਆਂ ਹੀ ਹਨ। (ਜ਼ਬੂ. 34:19) ਪਰ ਇਨ੍ਹਾਂ ਦਾ ਸਾਮ੍ਹਣਾ ਕਰਦੇ ਵੇਲੇ ਇਕਦਮ ਪਾਇਨੀਅਰਿੰਗ ਛੱਡਣ ਦੀ ਬਜਾਇ ਯਹੋਵਾਹ ਤੋਂ ਅਗਵਾਈ ਲਓ। ਆਪਣੇ ਆਪ ਨੂੰ ਉਸ ਦੇ ਹੱਥਾਂ ਵਿਚ ਸੌਂਪ ਦਿਓ ਤੇ ਉਹ ਤੁਹਾਨੂੰ ਸੰਭਾਲੇਗਾ। (ਜ਼ਬੂਰਾਂ ਦੀ ਪੋਥੀ 55:22 ਪੜ੍ਹੋ।) ਜਦ ਤੁਸੀਂ ਦੇਖੋਗੇ ਕਿ ਯਹੋਵਾਹ ਤੁਹਾਡੀ ਕਿਵੇਂ ਪਰਵਾਹ ਕਰਦਾ ਹੈ, ਤਾਂ ਤੁਸੀਂ ਆਪਣੇ ਸਵਰਗੀ ਪਿਤਾ ਦੇ ਹੋਰ ਵੀ ਨੇੜੇ ਜਾਓਗੇ।​—ਯਸਾ. 41:10.

ਕੀ ਤੁਸੀਂ ਪਾਇਨੀਅਰ ਬਣ ਸਕਦੇ ਹੋ?

16. ਜੇ ਤੁਸੀਂ ਪਾਇਨੀਅਰ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

16 ਜੇ ਤੁਸੀਂ ਪਾਇਨੀਅਰ ਬਣ ਕੇ ਬਰਕਤਾਂ ਦਾ ਆਨੰਦ ਮਾਣਨਾ ਚਾਹੁੰਦੇ ਹੋ, ਤਾਂ ਆਪਣੀ ਖ਼ਾਹਸ਼ ਯਹੋਵਾਹ ਨੂੰ ਦੱਸੋ। (1 ਯੂਹੰ. 5:14, 15) ਉਨ੍ਹਾਂ ਨਾਲ ਗੱਲ ਕਰੋ ਜੋ ਪਾਇਨੀਅਰਿੰਗ ਕਰ ਰਹੇ ਹਨ ਅਤੇ ਅਜਿਹੇ ਟੀਚੇ ਰੱਖੋ ਜੋ ਪਾਇਨੀਅਰ ਬਣਨ ਵਿਚ ਤੁਹਾਡੀ ਮਦਦ ਕਰਨਗੇ। ਕੀਥ ਤੇ ਐਰਿਕਾ ਨੇ ਵੀ ਕੁਝ ਇੱਦਾਂ ਕੀਤਾ। ਉਹ ਪੂਰੇ ਸਮੇਂ ਦੀ ਨੌਕਰੀ ਕਰਦੇ ਸਨ। ਆਪਣੀ ਉਮਰ ਦੇ ਦੂਜੇ ਜੋੜਿਆਂ ਵਾਂਗ ਉਨ੍ਹਾਂ ਨੇ ਵੀ ਵਿਆਹ ਤੋਂ ਬਾਅਦ ਜਲਦੀ ਹੀ ਘਰ ਅਤੇ ਕਾਰ ਖ਼ਰੀਦ ਲਈ। ਉਹ ਕਹਿੰਦੇ ਹਨ: “ਅਸੀਂ ਸੋਚਿਆ ਕਿ ਇਹ ਚੀਜ਼ਾਂ ਖ਼ਰੀਦਣ ਤੋਂ ਬਾਅਦ ਅਸੀਂ ਖ਼ੁਸ਼ ਰਹਾਂਗੇ, ਪਰ ਇੱਦਾਂ ਹੋਇਆ ਨਹੀਂ।” ਜਦ ਕੀਥ ਦੀ ਨੌਕਰੀ ਚਲੀ ਗਈ, ਤਾਂ ਉਸ ਨੇ ਔਗਜ਼ੀਲਰੀ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਉਹ ਕਹਿੰਦਾ ਹੈ: “ਪਾਇਨੀਅਰਿੰਗ ਕਰ ਕੇ ਮੈਨੂੰ ਮਹਿਸੂਸ ਹੋਇਆ ਕਿ ਪ੍ਰਚਾਰ ਕਰਨ ਨਾਲ ਕਿੰਨੀ ਖ਼ੁਸ਼ੀ ਮਿਲਦੀ ਹੈ।” ਉਨ੍ਹਾਂ ਦੀ ਦੋਸਤੀ ਇਕ ਪਾਇਨੀਅਰ ਜੋੜੇ ਨਾਲ ਹੋਈ। ਉਨ੍ਹਾਂ ਦੀ ਮਿਸਾਲ ਤੋਂ ਕੀਥ ਤੇ ਐਰਿਕਾ ਨੇ ਦੇਖਿਆ ਕਿ ਸਾਦੀ ਜ਼ਿੰਦਗੀ ਜੀਣ ਤੇ ਪਾਇਨੀਅਰਿੰਗ ਕਰਨ ਨਾਲ ਦਿਲੋਂ ਖ਼ੁਸ਼ੀ ਮਿਲਦੀ ਹੈ। ਉਨ੍ਹਾਂ ਦੋਵਾਂ ਨੇ ਕੀ ਕੀਤਾ? ਉਨ੍ਹਾਂ ਨੇ ਆਪਣੇ ਟੀਚਿਆਂ ਦੀ ਇਕ ਲਿਸਟ ਬਣਾ ਕੇ ਫਰਿੱਜ ’ਤੇ ਲਾ ਦਿੱਤੀ। ਫਿਰ ਉਹ ਆਪਣੇ ਇਕ-ਇਕ ਟੀਚੇ ਨੂੰ ਪੂਰਾ ਕਰਨ ਵਿਚ ਮਿਹਨਤ ਕਰਦੇ ਗਏ। ਕੁਝ ਸਮੇਂ ਬਾਅਦ ਉਹ ਪਾਇਨੀਅਰ ਬਣ ਗਏ।

17. ਤੁਹਾਨੂੰ ਇਸ ਬਾਰੇ ਧਿਆਨ ਨਾਲ ਕਿਉਂ ਸੋਚਣਾ ਚਾਹੀਦਾ ਹੈ ਕਿ ਤੁਸੀਂ ਪਾਇਨੀਅਰ ਬਣ ਸਕਦੇ ਹੋ ਜਾਂ ਨਹੀਂ?

17 ਕੀ ਤੁਸੀਂ ਪਾਇਨੀਅਰ ਬਣ ਸਕਦੇ ਹੋ? ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਜੇ ਪਾਇਨੀਅਰਿੰਗ ਨਹੀਂ ਕਰ ਸਕਦੇ, ਤਾਂ ਵਧ-ਚੜ੍ਹ ਕੇ ਪ੍ਰਚਾਰ ਕਰੋ ਤਾਂਕਿ ਤੁਸੀਂ ਯਹੋਵਾਹ ਦੇ ਹੋਰ ਨੇੜੇ ਜਾ ਸਕੋ। ਯਹੋਵਾਹ ਨੂੰ ਪ੍ਰਾਰਥਨਾ ਕਰਨ ਅਤੇ ਧਿਆਨ ਨਾਲ ਆਪਣੇ ਹਾਲਾਤਾਂ ਬਾਰੇ ਸੋਚਣ ਨਾਲ ਸ਼ਾਇਦ ਤੁਹਾਨੂੰ ਲੱਗੇ ਕਿ ਪਾਇਨੀਅਰ ਬਣਨ ਲਈ ਤੁਸੀਂ ਆਪਣੀ ਜ਼ਿੰਦਗੀ ਵਿਚ ਫੇਰ-ਬਦਲ ਕਰ ਸਕਦੇ ਹੋ। ਇੱਦਾਂ ਕਰਨ ਲਈ ਭਾਵੇਂ ਤੁਹਾਨੂੰ ਜੋ ਵੀ ਕੁਰਬਾਨੀਆਂ ਕਰਨੀਆਂ ਪੈਣ, ਉਨ੍ਹਾਂ ਤੋਂ ਕਿਤੇ ਵਧ ਕੇ ਤੁਹਾਨੂੰ ਬਰਕਤਾਂ ਮਿਲਣਗੀਆਂ। ਆਪਣੀਆਂ ਖ਼ਾਹਸ਼ਾਂ ਪੂਰੀਆਂ ਕਰਨ ਦੀ ਬਜਾਇ ਜੇ ਤੁਸੀਂ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿਓਗੇ ਅਤੇ ਦੂਜਿਆਂ ਦੀ ਮਦਦ ਕਰੋਗੇ, ਤਾਂ ਤੁਹਾਡੀ ਖ਼ੁਸ਼ੀ ਦੁਗਣੀ ਹੋ ਜਾਵੇਗੀ। (ਮੱਤੀ 6:33) ਇਸ ਤੋਂ ਵਧ ਕੇ ਤੁਹਾਡੇ ਕੋਲ ਯਹੋਵਾਹ ਬਾਰੇ ਸੋਚਣ ਤੇ ਉਸ ਬਾਰੇ ਗੱਲ ਕਰਨ ਦੇ ਹੋਰ ਮੌਕੇ ਹੋਣਗੇ ਜਿਸ ਨਾਲ ਯਹੋਵਾਹ ਲਈ ਤੁਹਾਡਾ ਪਿਆਰ ਵਧੇਗਾ ਤੇ ਤੁਸੀਂ ਉਸ ਦੇ ਦਿਲ ਨੂੰ ਖ਼ੁਸ਼ ਕਰ ਸਕੋਗੇ।