Skip to content

Skip to table of contents

ਅੱਜ ਸੱਤ ਚਰਵਾਹੇ ਤੇ ਅੱਠ ਰਾਜਕੁਮਾਰ ਕੌਣ ਹਨ?

ਅੱਜ ਸੱਤ ਚਰਵਾਹੇ ਤੇ ਅੱਠ ਰਾਜਕੁਮਾਰ ਕੌਣ ਹਨ?

“ਅਸੀਂ ਓਹਨਾਂ ਦੇ ਵਿਰੁੱਧ ਸੱਤ ਅਯਾਲੀ [“ਚਰਵਾਹੇ,” NW], ਅਤੇ ਆਦਮੀਆਂ ਦੇ ਰਾਜ-ਕੁਮਾਰ ਅੱਠ ਕਾਇਮ ਕਰਾਂਗੇ।”​—ਮੀਕਾ. 5:5.

1. ਇਜ਼ਰਾਈਲ ਤੇ ਸੀਰੀਆ ਦੇ ਰਾਜੇ ਨੇ ਆਪਣੇ ਮਕਸਦ ਵਿਚ ਕਾਮਯਾਬ ਕਿਉਂ ਨਹੀਂ ਸੀ ਹੋਣਾ?

ਤਕਰੀਬਨ 762-759 ਈਸਵੀ ਪੂਰਵ ਵਿਚਕਾਰ ਇਜ਼ਰਾਈਲ ਅਤੇ ਸੀਰੀਆ ਦੇ ਰਾਜਿਆਂ ਨੇ ਮਿਲ ਕੇ ਯਹੂਦਾਹ ਦੇ ਰਾਜ ਖ਼ਿਲਾਫ਼ ਜੰਗ ਸ਼ੁਰੂ ਕੀਤੀ ਤਾਂਕਿ ਉਹ ਯਰੂਸ਼ਲਮ ’ਤੇ ਕਬਜ਼ਾ ਕਰ ਸਕਣ। ਉਹ ਰਾਜਾ ਆਹਾਜ਼ ਨੂੰ ਗੱਦੀ ਤੋਂ ਹਟਾ ਕੇ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਰਾਜਾ ਬਣਾਉਣਾ ਚਾਹੁੰਦੇ ਸਨ ਜੋ ਸ਼ਾਇਦ ਰਾਜਾ ਦਾਊਦ ਦੇ ਖ਼ਾਨਦਾਨ ਵਿੱਚੋਂ ਨਹੀਂ ਸੀ। (ਯਸਾ. 7:5, 6) ਪਰ ਇਜ਼ਰਾਈਲ ਦੇ ਰਾਜੇ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਹ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋਵੇਗਾ। ਕਿਉਂ? ਕਿਉਂਕਿ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਦਾਊਦ ਦੇ ਖ਼ਾਨਦਾਨ ਵਿੱਚੋਂ ਕੋਈ ਹਮੇਸ਼ਾ-ਹਮੇਸ਼ਾ ਲਈ ਰਾਜੇ ਵਜੋਂ ਰਾਜ ਕਰੇਗਾ। ਜੀ ਹਾਂ, ਪਰਮੇਸ਼ੁਰ ਦੇ ਮੂੰਹੋਂ ਨਿਕਲੀ ਹਰ ਗੱਲ ਪੂਰੀ ਹੋ ਕੇ ਰਹਿੰਦੀ ਹੈ।​—ਯਹੋ. 23:14; 2 ਸਮੂ. 7:16.

2-4. ਸਮਝਾਓ ਕਿ ਯਸਾਯਾਹ 7:14, 16 ਦੀ ਭਵਿੱਖਬਾਣੀ ਯਸਾਯਾਹ ਤੇ ਯਿਸੂ ਦੇ ਜ਼ਮਾਨੇ ਵਿਚ ਕਿਵੇਂ ਪੂਰੀ ਹੋਈ।

2 ਪਹਿਲਾਂ-ਪਹਿਲਾਂ ਲੱਗਦਾ ਸੀ ਕਿ ਇਜ਼ਰਾਈਲ ਤੇ ਸੀਰੀਆ ਜੰਗ ਜਿੱਤ ਜਾਣਗੇ। ਮਿਸਾਲ ਲਈ, ਇੱਕੋ ਹੀ ਲੜਾਈ ਵਿਚ ਆਹਾਜ਼ ਦੇ 1,20,000 ਫ਼ੌਜੀ ਮਾਰੇ ਗਏ ਅਤੇ ਉਸ ਦਾ ਆਪਣਾ ਬੇਟਾ ਮਆਸੀਯਾਹ ਵੀ ਮਾਰਿਆ ਗਿਆ! (2 ਇਤ. 28:6, 7) ਪਰ ਯਹੋਵਾਹ ਇਹ ਸਭ ਕੁਝ ਦੇਖ ਰਿਹਾ ਸੀ। ਉਹ ਦਾਊਦ ਨਾਲ ਕੀਤਾ ਆਪਣਾ ਵਾਅਦਾ ਨਹੀਂ ਭੁੱਲਿਆ। ਇਸ ਲਈ ਉਸ ਨੇ ਯਸਾਯਾਹ ਨਬੀ ਦੇ ਜ਼ਰੀਏ ਇਕ ਸੁਨੇਹਾ ਭੇਜਿਆ ਜਿਸ ਨਾਲ ਯਹੂਦਾਹ ਦੇ ਲੋਕਾਂ ਦਾ ਹੌਸਲਾ ਵਧਿਆ।

3 ਯਸਾਯਾਹ ਨੇ ਕਿਹਾ: “ਵੇਖੋ, ਇੱਕ ਕੁਆਰੀ ਗਰਭਵੰਤੀ ਹੋਵੇਗੀ ਅਤੇ ਪੁੱਤ੍ਰ ਜਣੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖੇਗੀ। . . . ਇਸ ਤੋਂ ਪਹਿਲਾਂ ਕਿ ਉਹ ਮੁੰਡਾ ਬਦੀ ਨੂੰ ਰੱਦਣਾ ਅਤੇ ਨੇਕੀ ਨੂੰ ਚੁਣਨਾ ਜਾਣੇ, ਉਹ ਜਮੀਨ ਛੱਡੀ ਜਾਵੇਗੀ ਜਿਹ ਦੇ ਦੋਹਾਂ ਰਾਜਿਆਂ [ਸੀਰੀਆ ਤੇ ਇਜ਼ਰਾਈਲ] ਤੋਂ ਤੂੰ ਘਾਬਰਦਾ ਹੈਂ।” (ਯਸਾ. 7:14, 16) ਸਾਨੂੰ ਪਤਾ ਹੈ ਕਿ ਇਸ ਭਵਿੱਖਬਾਣੀ ਦਾ ਪਹਿਲਾ ਹਿੱਸਾ ਮਸੀਹ ਦੇ ਜਨਮ ’ਤੇ ਲਾਗੂ ਹੁੰਦਾ ਹੈ। (ਮੱਤੀ 1:23) ਪਰ ਯਿਸੂ ਦੇ ਜ਼ਮਾਨੇ ਵਿਚ ਸੀਰੀਆ ਤੇ ਇਜ਼ਰਾਈਲ ਦੇ ਰਾਜਿਆਂ ਨੇ ਯਹੂਦਾਹ ’ਤੇ ਹਮਲਾ ਨਹੀਂ ਸੀ ਕੀਤਾ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇੰਮਾਨੂਏਲ ਬਾਰੇ ਭਵਿੱਖਬਾਣੀ ਪਹਿਲਾਂ ਯਸਾਯਾਹ ਦੇ ਸਮੇਂ ਵਿਚ ਪੂਰੀ ਹੋਈ ਸੀ। ਕਿਵੇਂ?

4 ਯਸਾਯਾਹ ਦੇ ਭਵਿੱਖਬਾਣੀ ਕਰਨ ਤੋਂ ਥੋੜ੍ਹੇ ਹੀ ਸਮੇਂ ਬਾਅਦ ਉਸ ਦੀ ਪਤਨੀ ਗਰਭਵਤੀ ਹੋਈ ਅਤੇ ਉਸ ਦੇ ਇਕ ਬੇਟਾ ਹੋਇਆ ਜਿਸ ਦਾ ਨਾਂ ਮਹੇਰ-ਸ਼ਲਾਲ-ਹਾਸ਼-ਬਜ਼ ਰੱਖਿਆ ਗਿਆ। ਹੋ ਸਕਦਾ ਹੈ ਕਿ ਇਹੀ ਬੱਚਾ ਉਹ “ਇੰਮਾਨੂਏਲ” ਸੀ ਜਿਸ ਬਾਰੇ ਯਸਾਯਾਹ ਨੇ ਪਹਿਲਾਂ ਹੀ ਦੱਸਿਆ ਸੀ। * ਬਾਈਬਲ ਦੇ ਜ਼ਮਾਨੇ ਵਿਚ ਜਦ ਕੋਈ ਬੱਚਾ ਪੈਦਾ ਹੁੰਦਾ ਸੀ, ਤਾਂ ਸ਼ਾਇਦ ਕਿਸੇ ਖ਼ਾਸ ਮੌਕੇ ਦੀ ਯਾਦ ਵਿਚ ਉਸ ਬੱਚੇ ਨੂੰ ਇਕ ਨਾਂ ਦਿੱਤਾ ਜਾਂਦਾ ਸੀ। ਪਰ ਹੋ ਸਕਦਾ ਹੈ ਕਿ ਬਾਅਦ ਵਿਚ ਬੱਚੇ ਦੇ ਮਾਪੇ ਜਾਂ ਰਿਸ਼ਤੇਦਾਰ ਉਸ ਨੂੰ ਕਿਸੇ ਹੋਰ ਨਾਂ ਤੋਂ ਬੁਲਾਉਂਦੇ ਸਨ। (2 ਸਮੂ. 12:24, 25) ਸਾਡੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਯਿਸੂ ਨੂੰ ਕਦੇ ਵੀ ਇੰਮਾਨੂਏਲ ਨਾਂ ਤੋਂ ਬੁਲਾਇਆ ਗਿਆ ਸੀ।​—ਯਸਾਯਾਹ 7:14; 8:3, 4 ਪੜ੍ਹੋ।

5. ਰਾਜਾ ਆਹਾਜ਼ ਨੇ ਕਿਹੜੀ ਬੇਵਕੂਫ਼ੀ ਕੀਤੀ?

5 ਇਜ਼ਰਾਈਲ ਅਤੇ ਸੀਰੀਆ ਦੀਆਂ ਨਜ਼ਰਾਂ ਯਹੂਦਾਹ ਦੇ ਰਾਜ ’ਤੇ ਸਨ, ਪਰ ਅੱਸ਼ੂਰੀ ਕੌਮ ਇਨ੍ਹਾਂ ਸਾਰੇ ਇਲਾਕਿਆਂ ਨੂੰ ਹਥਿਆਉਣਾ ਚਾਹੁੰਦੀ ਸੀ। ਇਹ ਜ਼ਾਲਮ ਕੌਮ ਦਿਨ-ਬ-ਦਿਨ ਤਾਕਤਵਰ ਹੁੰਦੀ ਜਾ ਰਹੀ ਸੀ। ਯਹੂਦਾਹ ’ਤੇ ਹਮਲਾ ਕਰਨ ਤੋਂ ਪਹਿਲਾਂ ਯਸਾਯਾਹ 8:3, 4 ਮੁਤਾਬਕ ਅੱਸ਼ੂਰ ਨੇ “ਦੰਮਿਸਕ ਦਾ ਮਾਲ” ਅਤੇ “ਸਾਮਰਿਯਾ ਦੀ ਲੁੱਟ” ਲੈ ਲੈਣੀ ਸੀ ਯਾਨੀ ਅੱਸ਼ੂਰ ਨੇ ਸੀਰੀਆ ਅਤੇ ਇਜ਼ਰਾਈਲ ਨੂੰ ਜਿੱਤ ਲੈਣਾ ਸੀ। ਯਸਾਯਾਹ ਦੀ ਭਵਿੱਖਬਾਣੀ ਮੁਤਾਬਕ ਯਹੂਦਾਹ ਉੱਤੇ ਸੀਰੀਆ ਅਤੇ ਇਜ਼ਰਾਈਲ ਦਾ ਹਮਲਾ ਕਾਮਯਾਬ ਨਹੀਂ ਸੀ ਹੋਣਾ। ਪਰ ਰਾਜਾ ਆਹਾਜ਼ ਇਸ ਭਵਿੱਖਬਾਣੀ ’ਤੇ ਭਰੋਸਾ ਕਰਨ ਦੀ ਬਜਾਇ ਬੇਵਕੂਫ਼ੀ ਕਰਦਿਆਂ ਅੱਸ਼ੂਰੀਆਂ ਨਾਲ ਜਾ ਰਲ਼ਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਅੱਸ਼ੂਰੀਆਂ ਨੇ ਬਾਅਦ ਵਿਚ ਯਹੂਦਾਹ ’ਤੇ ਬਹੁਤ ਜ਼ੁਲਮ ਢਾਏ। (2 ਰਾਜ. 16:7-10) ਆਹਾਜ਼ ਨੂੰ ਆਪਣੇ ਲੋਕਾਂ ਦੀ ਹਿਫਾਜ਼ਤ ਕਰਨੀ ਚਾਹੀਦੀ ਸੀ, ਪਰ ਉਹ ਕਿੰਨਾ ਨਿਕੰਮਾ ਚਰਵਾਹਾ ਨਿਕਲਿਆ! ਸੋ ਆਪਣੇ ਆਪ ਨੂੰ ਪੁੱਛੋ: ‘ਕੀ ਮੈਂ ਜ਼ਰੂਰੀ ਫ਼ੈਸਲੇ ਕਰਦੇ ਵੇਲੇ ਪਰਮੇਸ਼ੁਰ ’ਤੇ ਭਰੋਸਾ ਰੱਖਦਾ ਹਾਂ ਜਾਂ ਇਨਸਾਨਾਂ ’ਤੇ?’​—ਕਹਾ. 3:5, 6.

ਇਕ ਨਵੇਂ ਚਰਵਾਹੇ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ

6. ਹਿਜ਼ਕੀਯਾਹ ਤੇ ਆਹਾਜ਼ ਵਿਚ ਕੀ ਫ਼ਰਕ ਸੀ?

6 ਆਹਾਜ਼ ਦੀ ਮੌਤ 746 ਈਸਵੀ ਪੂਰਵ ਵਿਚ ਹੋਈ ਅਤੇ ਉਸ ਦੀ ਜਗ੍ਹਾ ਉਸ ਦਾ ਬੇਟਾ ਹਿਜ਼ਕੀਯਾਹ ਗੱਦੀ ’ਤੇ ਬੈਠਾ। ਪਰ ਹੁਣ ਹਾਲਾਤ ਵੱਖਰੇ ਸਨ ਕਿਉਂਕਿ ਯਹੂਦਾਹ ਦੇ ਲੋਕ ਕੰਗਾਲ ਹੋ ਗਏ ਸਨ ਅਤੇ ਉਨ੍ਹਾਂ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ ਸੀ। ਰਾਜਾ ਬਣਨ ਤੋਂ ਬਾਅਦ ਹਿਜ਼ਕੀਯਾਹ ਨੇ ਸਭ ਤੋਂ ਪਹਿਲਾਂ ਕੀ ਕੀਤਾ? ਕੀ ਉਹ ਯਹੂਦਾਹ ਦੇ ਰਾਜ ਨੂੰ ਦੁਬਾਰਾ ਤੋਂ ਅਮੀਰ ਬਣਾਉਣ ਵਿਚ ਲੱਗ ਪਿਆ? ਨਹੀਂ। ਉਸ ਨੇ ਸਭ ਤੋਂ ਪਹਿਲਾਂ ਸੱਚੀ ਭਗਤੀ ਦੁਬਾਰਾ ਕਾਇਮ ਕੀਤੀ ਅਤੇ ਲੋਕਾਂ ਦੀ ਮਦਦ ਕੀਤੀ ਕਿ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ। ਹਿਜ਼ਕੀਯਾਹ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਉਹ ਆਪਣੀ ਕੌਮ ਲਈ ਵਧੀਆ ਚਰਵਾਹਾ ਸਾਬਤ ਹੋਇਆ। ਧਿਆਨ ਦਿਓ ਜਦ ਉਸ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਉਸ ਤੋਂ ਕੀ ਚਾਹੁੰਦਾ ਸੀ, ਤਾਂ ਉਸ ਨੇ ਝੱਟ ਪਰਮੇਸ਼ੁਰ ਦਾ ਕਹਿਣਾ ਮੰਨਿਆ। ਸਾਡੇ ਲਈ ਕਿੰਨੀ ਹੀ ਵਧੀਆ ਮਿਸਾਲ!—2 ਇਤ. 29:1-19.

7. ਲੇਵੀਆਂ ਲਈ ਨਵੇਂ ਰਾਜੇ ਦਾ ਸਾਥ ਕਿਉਂ ਜ਼ਰੂਰੀ ਸੀ?

7 ਲੇਵੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਸੱਚੀ ਭਗਤੀ ਦੁਬਾਰਾ ਕਾਇਮ ਕਰਨ ਵਿਚ ਹੱਥ ਵਟਾਉਣ। ਇਸ ਲਈ ਹਿਜ਼ਕੀਯਾਹ ਨੇ ਲੇਵੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਆਪਣੇ ਸਾਥ ਦਾ ਯਕੀਨ ਦਿਵਾਇਆ। ਜ਼ਰਾ ਸੋਚੋ ਕਿ ਉਸ ਸਮੇਂ ਵਫ਼ਾਦਾਰ ਲੇਵੀਆਂ ਨੇ ਖ਼ੁਸ਼ੀ ਦੇ ਹੰਝੂ ਵਹਾਏ ਹੋਣੇ ਜਦ ਰਾਜੇ ਨੇ ਉਨ੍ਹਾਂ ਨੂੰ ਕਿਹਾ: ‘ਯਹੋਵਾਹ ਨੇ ਤੁਹਾਨੂੰ ਚੁਣ ਲਿਆ ਹੈ ਕਿ ਤੁਸੀਂ ਉਹ ਦੇ ਸਨਮੁਖ ਖਲੋਵੋ ਅਤੇ ਉਹ ਦੀ ਸੇਵਾ ਕਰੋ।’ (2 ਇਤ. 29:11) ਜੀ ਹਾਂ, ਉਨ੍ਹਾਂ ਨੂੰ ਸੱਚੀ ਭਗਤੀ ਦੁਬਾਰਾ ਕਾਇਮ ਕਰਨ ਦਾ ਸਾਫ਼-ਸਾਫ਼ ਹੁਕਮ ਮਿਲਿਆ!

8. ਹਿਜ਼ਕੀਯਾਹ ਨੇ ਯਹੋਵਾਹ ਦੀ ਭਗਤੀ ਦੁਬਾਰਾ ਸ਼ੁਰੂ ਕਰਨ ਲਈ ਹੋਰ ਕੀ ਕੀਤਾ ਅਤੇ ਇਸ ਦਾ ਲੋਕਾਂ ’ਤੇ ਕੀ ਅਸਰ ਪਿਆ?

8 ਹਿਜ਼ਕੀਯਾਹ ਨੇ ਯਹੂਦਾਹ ਤੇ ਇਜ਼ਰਾਈਲ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪਸਾਹ ਦਾ ਤਿਉਹਾਰ ਜ਼ੋਰਾਂ-ਸ਼ੋਰਾਂ ਨਾਲ ਮਨਾਉਣ। ਇਸ ਤਿਉਹਾਰ ਤੋਂ ਬਾਅਦ ਲੋਕਾਂ ਨੇ ਸੱਤ ਦਿਨਾਂ ਲਈ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਇਆ। ਲੋਕਾਂ ਨੂੰ ਇੰਨਾ ਮਜ਼ਾ ਆਇਆ ਕਿ ਉਹ ਸੱਤ ਹੋਰ ਦਿਨਾਂ ਤਕ ਤਿਉਹਾਰ ਮਨਾਉਂਦੇ ਰਹੇ। ਬਾਈਬਲ ਕਹਿੰਦੀ ਹੈ: “ਯਰੂਸ਼ਲਮ ਵਿੱਚ ਵੱਡੀ ਖੁਸ਼ੀ ਹੋਈ ਕਿਉਂ ਜੋ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਪੁੱਤ੍ਰ ਸੁਲੇਮਾਨ ਦੇ ਦਿਨਾਂ ਤੋਂ ਯਰੂਸ਼ਲਮ ਵਿੱਚ ਅਜੇਹਾ ਨਹੀਂ ਹੋਇਆ ਸੀ।” (2 ਇਤ. 30:25, 26) ਇਸ ਤਿਉਹਾਰ ਨੇ ਲੋਕਾਂ ਦਾ ਕਿੰਨਾ ਹੌਸਲਾ ਵਧਾਇਆ ਹੋਣਾ। ਅਸੀਂ 2 ਇਤਹਾਸ 31:1 ਵਿਚ ਪੜ੍ਹਦੇ ਹਾਂ: ‘ਜਦ ਏਹ ਸਭ ਕੁੱਝ ਹੋ ਚੁੱਕਿਆ ਤਾਂ, ਉਨ੍ਹਾਂ ਨੇ ਥੰਮ੍ਹਾਂ ਨੂੰ ਟੋਟੇ ਟੋਟੇ ਕੀਤਾ ਅਤੇ ਟੁੰਡਾਂ ਨੂੰ ਵੱਢ ਸੁੱਟਿਆ ਅਤੇ ਉੱਚੇ ਅਸਥਾਨਾਂ ਅਤੇ ਜਗਵੇਦੀਆਂ ਨੂੰ ਢਾਹ ਦਿੱਤਾ।’ ਜੀ ਹਾਂ, ਯਹੂਦਾਹ ਦੇ ਲੋਕ ਯਹੋਵਾਹ ਵੱਲ ਵਾਪਸ ਮੁੜੇ। ਇੱਦਾਂ ਉਨ੍ਹਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲੀ।

ਰਾਜੇ ਨੇ ਯਹੋਵਾਹ ’ਤੇ ਭਰੋਸਾ ਕੀਤਾ

9. (ੳ) ਇਜ਼ਰਾਈਲ ਦੀਆਂ ਉਮੀਦਾਂ ’ਤੇ ਪਾਣੀ ਕਿਵੇਂ ਫਿਰਿਆ? (ਅ) ਕੀ ਸ਼ੁਰੂ-ਸ਼ੁਰੂ ਵਿਚ ਸਨਹੇਰੀਬ ਯਹੂਦਾਹ ’ਤੇ ਆਪਣੇ ਹਮਲੇ ਵਿਚ ਕਾਮਯਾਬ ਹੋਇਆ?

9 ਯਸਾਯਾਹ ਦੀ ਭਵਿੱਖਬਾਣੀ ਉਦੋਂ ਸੱਚ ਸਾਬਤ ਹੋਈ ਜਦ ਅੱਸ਼ੂਰੀਆਂ ਨੇ ਇਜ਼ਰਾਈਲ ਰਾਜ ’ਤੇ ਕਬਜ਼ਾ ਕਰ ਲਿਆ ਅਤੇ ਉਹ ਲੋਕਾਂ ਨੂੰ ਕੈਦੀ ਬਣਾ ਕੇ ਕਿਤੇ ਹੋਰ ਲੈ ਗਏ। ਇੱਦਾਂ ਇਜ਼ਰਾਈਲ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਕਿਵੇਂ? ਕਿਉਂਕਿ ਉਹ ਯਹੂਦਾਹ ਲਈ ਅਜਿਹਾ ਰਾਜਾ ਚੁਣਨਾ ਚਾਹੁੰਦੇ ਸਨ ਜੋ ਦਾਊਦ ਦੇ ਖ਼ਾਨਦਾਨ ਵਿੱਚੋਂ ਨਾ ਹੋਵੇ। ਅੱਸ਼ੂਰ ਕੌਮ ਦੇ ਹੋਰ ਕੀ ਇਰਾਦੇ ਸਨ? ਅੱਸ਼ੂਰੀਆਂ ਦਾ ਅਗਲਾ ਨਿਸ਼ਾਨਾ ਯਹੂਦਾਹ ਕੌਮ ਸੀ। ਬਾਈਬਲ ਦੱਸਦੀ ਹੈ: “ਹਿਜ਼ਕੀਯਾਹ ਪਾਤਸ਼ਾਹ ਦੇ ਚੌਧਵੇਂ ਵਰਹੇ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਚੜ੍ਹਾਈ ਕੀਤੀ ਅਰ ਉਨ੍ਹਾਂ ਨੂੰ ਲੈ ਲਿਆ।” ਸਨਹੇਰੀਬ ਨੇ ਯਹੂਦਾਹ ਦੇ 46 ਸ਼ਹਿਰ ਕਬਜ਼ੇ ਵਿਚ ਕਰ ਲਏ। ਅੱਸ਼ੂਰੀਆਂ ਦੀ ਫ਼ੌਜ ਯਹੂਦਾਹ ਦੇ ਸ਼ਹਿਰਾਂ ਉੱਤੇ ਤੇਜ਼ੀ ਨਾਲ ਕਬਜ਼ਾ ਕਰ ਰਹੀ ਸੀ। ਜ਼ਰਾ ਸੋਚੋ ਕਿ ਜੇ ਤੁਸੀਂ ਯਰੂਸ਼ਲਮ ਵਿਚ ਹੁੰਦੇ ਅਤੇ ਤੁਹਾਨੂੰ ਪਤਾ ਲੱਗਦਾ ਕਿ ਉਨ੍ਹਾਂ ਦੇ ਤੇਜ਼ ਕਦਮ ਤੁਹਾਡੇ ਵੱਲ ਵਧ ਰਹੇ ਸਨ, ਤਾਂ ਤੁਸੀਂ ਕਿੱਦਾਂ ਮਹਿਸੂਸ ਕਰਦੇ!​—2 ਰਾਜ. 18:13.

10. ਮੀਕਾਹ 5:5, 6 ਦੇ ਸ਼ਬਦਾਂ ਤੋਂ ਹਿਜ਼ਕੀਯਾਹ ਨੂੰ ਹੌਸਲਾ ਕਿਵੇਂ ਮਿਲਿਆ ਹੋਣਾ?

10 ਹਿਜ਼ਕੀਯਾਹ ਇਸ ਖ਼ਤਰੇ ਤੋਂ ਵਾਕਫ਼ ਸੀ, ਪਰ ਉਸ ਨੇ ਕਾਹਲੀ ਵਿਚ ਕੋਈ ਕਦਮ ਨਹੀਂ ਚੁੱਕਿਆ। ਆਪਣੇ ਬੇਵਫ਼ਾ ਪਿਤਾ ਆਹਾਜ਼ ਵਾਂਗ ਕਿਸੇ ਹੋਰ ਕੌਮ ਤੋਂ ਮਦਦ ਮੰਗਣ ਦੀ ਬਜਾਇ ਹਿਜ਼ਕੀਯਾਹ ਨੇ ਯਹੋਵਾਹ ’ਤੇ ਭਰੋਸਾ ਰੱਖਿਆ। (2 ਇਤ. 28:20, 21) ਮੀਕਾਹ ਨਬੀ ਹਿਜ਼ਕੀਯਾਹ ਦੇ ਸਮੇਂ ਵਿਚ ਰਹਿੰਦਾ ਸੀ, ਸੋ ਸ਼ਾਇਦ ਉਸ ਨੂੰ ਅੱਸ਼ੂਰ ਬਾਰੇ ਮੀਕਾਹ ਦੀ ਕੀਤੀ ਇਸ ਭਵਿੱਖਬਾਣੀ ਦਾ ਪਤਾ ਸੀ: “ਜਦ ਅੱਸ਼ੂਰੀ ਸਾਡੇ ਦੇਸ ਵਿੱਚ ਆਉਣਗੇ, . . . ਤਦ ਅਸੀਂ ਓਹਨਾਂ ਦੇ ਵਿਰੁੱਧ ਸੱਤ ਅਯਾਲੀ, ਅਤੇ ਆਦਮੀਆਂ ਦੇ ਰਾਜ-ਕੁਮਾਰ ਅੱਠ ਕਾਇਮ ਕਰਾਂਗੇ। ਓਹ ਅੱਸ਼ੂਰ ਦੇ ਦੇਸ ਨੂੰ ਤਲਵਾਰ ਨਾਲ ਵਿਰਾਨ ਕਰ ਸੁੱਟਣਗੇ।” (ਮੀਕਾ. 5:5, 6) ਯਹੋਵਾਹ ਦੇ ਇਨ੍ਹਾਂ ਸ਼ਬਦਾਂ ਨੇ ਹਿਜ਼ਕੀਯਾਹ ਵਿਚ ਨਵੀਂ ਜਾਨ ਪਾ ਦਿੱਤੀ ਹੋਣੀ। ਇਹ ਭਵਿੱਖਬਾਣੀ ਦੱਸਦੀ ਹੈ ਕਿ ਅੱਸ਼ੂਰ ਦੀ ਜ਼ਾਲਮ ਫ਼ੌਜ ਨੂੰ ਹਰਾਉਣ ਲਈ ਯਹੋਵਾਹ ਇਕ ਅਜਿਹੀ ਫ਼ੌਜ ਖੜ੍ਹੀ ਕਰੇਗਾ ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਾ ਹੋਵੇ।

11. ਸੱਤ ਚਰਵਾਹਿਆਂ ਅਤੇ ਅੱਠ ਰਾਜਕੁਮਾਰਾਂ ਦੀ ਭਵਿੱਖਬਾਣੀ ਖ਼ਾਸ ਕਰਕੇ ਕਦੋਂ ਪੂਰੀ ਹੋਵੇਗੀ?

11 ਸੱਤ ਚਰਵਾਹਿਆਂ ਅਤੇ ਅੱਠ ਰਾਜਕੁਮਾਰਾਂ ਦੀ ਭਵਿੱਖਬਾਣੀ ਖ਼ਾਸ ਕਰਕੇ ਯਿਸੂ ਦੇ ਜਨਮ ਤੋਂ ਕਈ ਸਦੀਆਂ ਬਾਅਦ ਪੂਰੀ ਹੋਣੀ ਸੀ ਜਿਸ ਨੇ ‘ਇਸਰਾਏਲ ਵਿੱਚ ਹਾਕਮ ਹੋਣਾ ਸੀ ਅਤੇ ਜਿਹ ਦਾ ਨਿੱਕਲਣਾ ਪਰਾਚੀਨ ਸਮੇਂ ਤੋਂ ਸੀ।’ (ਮੀਕਾਹ 5:1, 2 ਪੜ੍ਹੋ।) ਦਰਅਸਲ ਇਹ ਭਵਿੱਖਬਾਣੀ ਆਉਣ ਵਾਲੇ ਸਮੇਂ ਵਿਚ ਪੂਰੀ ਹੋਵੇਗੀ ਜਦ “ਅੱਸ਼ੂਰੀ” ਯਾਨੀ ਇਕ ਦੁਸ਼ਮਣ ਯਹੋਵਾਹ ਦੇ ਲੋਕਾਂ ’ਤੇ ਹਮਲਾ ਕਰੇਗਾ। ਯਹੋਵਾਹ ਇਸ ਦੁਸ਼ਮਣ ਨੂੰ ਹਰਾਉਣ ਲਈ ਇਕ ਅਜਿਹੀ ਫ਼ੌਜ ਖੜ੍ਹੀ ਕਰੇਗਾ ਜਿਸ ਦਾ ਆਗੂ ਉਸ ਦਾ ਬੇਟਾ ਹੋਵੇਗਾ। ਇਹ ਫ਼ੌਜ ਕਿਹੜੀ ਹੋਵੇਗੀ? ਅਸੀਂ ਇਸ ਲੇਖ ਵਿਚ ਇਸ ਦਾ ਜਵਾਬ ਜਾਣਾਂਗੇ। ਪਰ ਆਓ ਅਸੀਂ ਪਹਿਲਾਂ ਇਹ ਦੇਖੀਏ ਕਿ ਜਦ ਅੱਸ਼ੂਰੀਆਂ ਨੇ ਹਮਲਾ ਕੀਤਾ, ਤਾਂ ਹਿਜ਼ਕੀਯਾਹ ਨੇ ਕੀ ਕੀਤਾ ਅਤੇ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।

ਹਿਜ਼ਕੀਯਾਹ ਨੇ ਸਮਝਦਾਰੀ ਨਾਲ ਕਦਮ ਚੁੱਕੇ

12. ਹਿਜ਼ਕੀਯਾਹ ਤੇ ਉਸ ਦੇ ਸਾਥੀਆਂ ਨੇ ਪਰਮੇਸ਼ੁਰ ਦੇ ਲੋਕਾਂ ਦੀ ਹਿਫਾਜ਼ਤ ਕਰਨ ਲਈ ਕਿਹੜੇ ਕਦਮ ਚੁੱਕੇ?

12 ਯਹੋਵਾਹ ਹਮੇਸ਼ਾ ਸਾਡੇ ਲਈ ਉਹ ਕਰਨ ਲਈ ਤਿਆਰ ਹੈ ਜੋ ਅਸੀਂ ਆਪ ਨਹੀਂ ਕਰ ਸਕਦੇ, ਪਰ ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਵੱਲੋਂ ਜੋ ਕਰ ਸਕਦੇ ਹਾਂ, ਉਹ ਜ਼ਰੂਰ ਕਰੀਏ। ਇਸੇ ਤਰ੍ਹਾਂ ਹਿਜ਼ਕੀਯਾਹ ਨੇ “ਆਪਣਿਆਂ ਸਰਦਾਰਾਂ ਅਤੇ ਸੂਰ ਬੀਰਾਂ ਨਾਲ ਸਲਾਹ ਕੀਤੀ,” ਅਤੇ ਉਨ੍ਹਾਂ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਉਹ ‘ਸ਼ਹਿਰੋਂ ਬਾਹਰ ਪਾਣੀ ਦੇ ਸੋਮਿਆਂ ਨੂੰ ਬੰਦ ਕਰ ਦੇਣ।’ ਫਿਰ ਉਸ ਨੇ “ਹਿੰਮਤ ਕੀਤੀ ਅਤੇ ਸਾਰੀ ਕੰਧ ਨੂੰ ਜਿਹੜੀ ਟੁੱਟੀ ਹੋਈ ਸੀ ਬਣਾਇਆ ਅਤੇ ਬੁਰਜਾਂ ਨੂੰ ਉੱਚਾ ਕੀਤਾ ਅਤੇ ਉਸ ਦੇ ਬਾਹਰਲੀ ਵੱਲ ਇੱਕ ਹੋਰ ਕੰਧ ਬਣਾਈ . . . ਅਤੇ ਬਹੁਤ ਸਾਰੇ ਸ਼ਸਤਰ ਅਤੇ ਢਾਲਾਂ ਬਣਾਈਆਂ।” (2 ਇਤ. 32:3-5) ਉਸ ਸਮੇਂ ਯਹੋਵਾਹ ਨੇ ਹਿਜ਼ਕੀਯਾਹ, ਉਸ ਦੇ ਸਰਦਾਰਾਂ ਅਤੇ ਵਫ਼ਾਦਾਰ ਨਬੀਆਂ ਰਾਹੀਂ ਆਪਣੇ ਲੋਕਾਂ ਦੀ ਹਿਫਾਜ਼ਤ ਤੇ ਅਗਵਾਈ ਕੀਤੀ।

13. ਲੋਕਾਂ ਨੂੰ ਤਿਆਰ ਕਰਨ ਲਈ ਹਿਜ਼ਕੀਯਾਹ ਨੇ ਕਿਹੜਾ ਸਭ ਤੋਂ ਜ਼ਰੂਰੀ ਕਦਮ ਚੁੱਕਿਆ? ਸਮਝਾਓ।

13 ਹਿਜ਼ਕੀਯਾਹ ਨੇ ਸ਼ਹਿਰੋਂ ਬਾਹਰ ਪਾਣੀ ਦੇ ਸੋਮਿਆਂ ਨੂੰ ਬੰਦ ਕਰਨ ਅਤੇ ਸ਼ਹਿਰ ਦੀਆਂ ਕੰਧਾਂ ਨੂੰ ਮਜ਼ਬੂਤ ਕਰਨ ਨਾਲੋਂ ਵੀ ਜ਼ਿਆਦਾ ਜ਼ਰੂਰੀ ਇਕ ਹੋਰ ਕੰਮ ਕੀਤਾ। ਇਸ ਵਧੀਆ ਚਰਵਾਹੇ ਨੂੰ ਆਪਣੇ ਲੋਕਾਂ ਦਾ ਬਹੁਤ ਫ਼ਿਕਰ ਸੀ। ਇਸ ਲਈ ਉਸ ਨੇ ਲੋਕਾਂ ਨੂੰ ਇਕੱਠੇ ਕਰ ਕੇ ਇਨ੍ਹਾਂ ਲਫ਼ਜ਼ਾਂ ਨਾਲ ਉਨ੍ਹਾਂ ਦੀ ਹਿੰਮਤ ਵਧਾਈ: ‘ਅੱਸ਼ੂਰ ਦੇ ਪਾਤਸ਼ਾਹ ਤੋਂ ਨਾ ਡਰੋ ਅਤੇ ਨਾ ਘਾਬਰੋ ਕਿਉਂ ਜੋ ਸਾਡੇ ਨਾਲ ਦਾ ਉਨ੍ਹਾਂ ਨਾਲੋਂ ਵੱਡਾ ਹੈ। ਉਹ ਦੇ ਨਾਲ ਜੀਵ ਦਾ ਹੱਥ ਹੈ ਪਰ ਸਾਡੇ ਨਾਲ ਯਹੋਵਾਹ ਸਾਡਾ ਪਰਮੇਸ਼ੁਰ ਹੈ ਜੋ ਸਾਡੀ ਸਹਾਇਤਾ ਕਰਦਾ ਅਤੇ ਸਾਡੀਆਂ ਲੜਾਈਆਂ ਲੜਦਾ ਹੈ।’ ਹਿਜ਼ਕੀਯਾਹ ਨੇ ਲੋਕਾਂ ਨੂੰ ਯਾਦ ਕਰਾਇਆ ਕਿ ਯਹੋਵਾਹ ਉਨ੍ਹਾਂ ਵੱਲੋਂ ਲੜੇਗਾ। ਇਹ ਸੁਣ ਕੇ “ਲੋਕਾਂ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੀਆਂ ਗੱਲਾਂ ਉੱਤੇ ਭਰੋਸਾ ਕੀਤਾ।” ਗੌਰ ਕਰੋ ਕਿ “ਹਿਜ਼ਕੀਯਾਹ ਦੀਆਂ ਗੱਲਾਂ” ਨਾਲ ਲੋਕਾਂ ਦੇ ਹੌਸਲੇ ਬੁਲੰਦ ਹੋਏ ਅਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਈ। ਇੱਦਾਂ ਹਿਜ਼ਕੀਯਾਹ, ਉਸ ਦੇ ਸਰਦਾਰ, ਸੂਰਬੀਰ, ਮੀਕਾਹ ਤੇ ਯਸਾਯਾਹ ਨਬੀ ਵਧੀਆ ਚਰਵਾਹੇ ਸਾਬਤ ਹੋਏ। ਵਾਕਈ ਯਹੋਵਾਹ ਨੇ ਆਪਣੇ ਨਬੀ ਰਾਹੀਂ ਕੀਤਾ ਵਾਅਦਾ ਹਕੀਕਤ ਵਿਚ ਬਦਲ ਕੇ ਦਿਖਾਇਆ।​—2 ਇਤ. 32:7, 8; ਮੀਕਾਹ 5:5, 6 ਪੜ੍ਹੋ।

ਹਿਜ਼ਕੀਯਾਹ ਦੀਆਂ ਗੱਲਾਂ ਨਾਲ ਲੋਕਾਂ ਦੇ ਹੌਸਲੇ ਬੁਲੰਦ ਹੋਏ (ਪੈਰੇ 12, 13 ਦੇਖੋ)

14. ਰਬਸ਼ਾਕੇਹ ਨੇ ਕੀ ਕਿਹਾ ਅਤੇ ਲੋਕਾਂ ਨੇ ਕੀ ਕੀਤਾ?

14 ਅੱਸ਼ੂਰ ਦੇ ਰਾਜੇ ਅਤੇ ਉਸ ਦੀ ਫ਼ੌਜ ਨੇ ਯਰੂਸ਼ਲਮ ਦੇ ਦੱਖਣੀ-ਪੱਛਮੀ ਲਕੀਸ਼ ਵੱਲ ਡੇਰਾ ਲਾਇਆ। ਉੱਥੋਂ ਉਸ ਨੇ ਤਿੰਨ ਰਾਜਦੂਤ ਘੱਲੇ ਤੇ ਯਰੂਸ਼ਲਮ ਦੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਹਾਰ ਮੰਨ ਲੈਣ। ਰਾਜੇ ਦੇ ਖ਼ਾਸ ਰਾਜਦੂਤ ਰਬਸ਼ਾਕੇਹ ਨੇ ਲੋਕਾਂ ਦਾ ਹੌਸਲਾ ਢਾਹੁਣ ਲਈ ਕਈ ਤਰ੍ਹਾਂ ਦੀਆਂ ਚਾਲਾਂ ਵਰਤੀਆਂ। ਪਹਿਲਾਂ, ਉਸ ਨੇ ਲੋਕਾਂ ਨੂੰ ਉਨ੍ਹਾਂ ਦੀ ਇਬਰਾਨੀ ਭਾਸ਼ਾ ਵਿਚ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਹਿਜ਼ਕੀਯਾਹ ਦਾ ਨਹੀਂ, ਸਗੋਂ ਅੱਸ਼ੂਰੀਆਂ ਦਾ ਕਹਿਣਾ ਮੰਨਣ। ਫਿਰ ਉਸ ਨੇ ਝੂਠਾ ਵਾਅਦਾ ਕੀਤਾ ਕਿ ਅੱਸ਼ੂਰੀ ਉਨ੍ਹਾਂ ਨੂੰ ਇਕ ਅਜਿਹੇ ਵਧੀਆ ਦੇਸ਼ ਲੈ ਜਾਣਗੇ ਜਿੱਥੇ ਉਹ ਸੁੱਖ-ਆਰਾਮ ਦੀ ਜ਼ਿੰਦਗੀ ਗੁਜ਼ਾਰ ਸਕਣਗੇ। (2 ਰਾਜਿਆਂ 18:31, 32 ਪੜ੍ਹੋ।) ਨਾਲੇ ਰਬਸ਼ਾਕੇਹ ਨੇ ਦਾਅਵਾ ਕੀਤਾ ਕਿ ਜਿੱਦਾਂ ਦੂਜੀਆਂ ਕੌਮਾਂ ਦੇ ਦੇਵੀ-ਦੇਵਤੇ ਆਪਣੇ ਭਗਤਾਂ ਨੂੰ ਨਹੀਂ ਬਚਾ ਸਕੇ, ਉੱਦਾਂ ਹੀ ਯਹੋਵਾਹ ਯਹੂਦੀਆਂ ਨੂੰ ਅੱਸ਼ੂਰੀਆਂ ਦੇ ਹੱਥੋਂ ਨਹੀਂ ਬਚਾ ਸਕੇਗਾ। ਲੋਕਾਂ ਨੇ ਉਸ ਦੀਆਂ ਝੂਠੀਆਂ ਗੱਲਾਂ ਦਾ ਕੋਈ ਜਵਾਬ ਨਾ ਦੇ ਕੇ ਅਕਲਮੰਦੀ ਦਿਖਾਈ। ਅੱਜ ਯਹੋਵਾਹ ਦੇ ਲੋਕ ਵੀ ਯਹੂਦੀਆਂ ਦੀ ਮਿਸਾਲ ’ਤੇ ਚੱਲਦੇ ਹਨ।​—2 ਰਾਜਿਆਂ 18:35, 36 ਪੜ੍ਹੋ।

15. ਯਰੂਸ਼ਲਮ ਦੇ ਲੋਕਾਂ ਨੂੰ ਕੀ ਕਰਨ ਦੀ ਲੋੜ ਸੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਕਿਵੇਂ ਬਚਾਇਆ?

15 ਹਾਲਾਂਕਿ ਹਿਜ਼ਕੀਯਾਹ ਬਹੁਤ ਪਰੇਸ਼ਾਨ ਸੀ, ਪਰ ਕਿਸੇ ਹੋਰ ਕੌਮ ਤੋਂ ਮਦਦ ਮੰਗਣ ਦੀ ਬਜਾਇ ਉਸ ਨੇ ਯਹੋਵਾਹ ਦੇ ਨਬੀ ਯਸਾਯਾਹ ਨੂੰ ਬੁਲਾਇਆ। ਯਸਾਯਾਹ ਨੇ ਉਸ ਨੂੰ ਕਿਹਾ: “ਅੱਸ਼ੂਰ ਦੇ ਪਾਤਸ਼ਾਹ ਦੇ ਵਿਖੇ ਯਹੋਵਾਹ ਐਉਂ ਫਰਮਾਉਂਦਾ ਹੈ ਕਿ ਉਹ ਨਾ ਤਾਂ ਏਸ ਸ਼ਹਿਰ ਕੋਲ ਆਵੇਗਾ, ਨਾ ਉੱਥੇ ਬਾਣ ਚਲਾਵੇਗਾ।” (2 ਰਾਜ. 19:32) ਯਰੂਸ਼ਲਮ ਦੇ ਲੋਕਾਂ ਨੂੰ ਸਿਰਫ਼ ਦਲੇਰ ਬਣਨ ਦੀ ਲੋੜ ਸੀ ਕਿਉਂਕਿ ਯਹੋਵਾਹ ਨੇ ਉਨ੍ਹਾਂ ਵੱਲੋਂ ਲੜਨਾ ਸੀ ਅਤੇ ਉਹ ਉਨ੍ਹਾਂ ਲਈ ਲੜਿਆ ਵੀ! “ਐਉਂ ਹੋਇਆ ਭਈ ਉੱਸੇ ਰਾਤ ਯਹੋਵਾਹ ਦੇ ਦੂਤ ਨੇ ਨਿੱਕਲ ਕੇ ਅੱਸ਼ੂਰੀਆਂ ਦੇ ਡੇਰੇ ਵਿੱਚ ਇੱਕ ਲੱਖ ਪਚਾਸੀ ਹਜ਼ਾਰ ਮਾਰ ਛੱਡੇ।” (2 ਰਾਜ. 19:35) ਯਰੂਸ਼ਲਮ ਦੇ ਲੋਕਾਂ ਦਾ ਬਚਾਅ ਹਿਜ਼ਕੀਯਾਹ ਦੀਆਂ ਕੋਸ਼ਿਸ਼ਾਂ ਨਾਲ ਨਹੀਂ, ਸਗੋਂ ਯਹੋਵਾਹ ਕਾਰਨ ਹੋਇਆ।

ਸਾਡੇ ਲਈ ਸਬਕ

16. ਅੱਜ ਯਰੂਸ਼ਲਮ ਦੇ ਲੋਕ, “ਅੱਸ਼ੂਰੀ” ਅਤੇ ਸੱਤ ਚਰਵਾਹੇ ਤੇ ਅੱਠ ਰਾਜਕੁਮਾਰ ਕੌਣ ਹਨ?

16 ਸੱਤ ਚਰਵਾਹਿਆਂ ਅਤੇ ਅੱਠ ਰਾਜਕੁਮਾਰਾਂ ਦੀ ਭਵਿੱਖਬਾਣੀ ਖ਼ਾਸ ਕਰਕੇ ਸਾਡੇ ਜ਼ਮਾਨੇ ਵਿਚ ਪੂਰੀ ਹੁੰਦੀ ਹੈ। ਪੁਰਾਣੇ ਸਮੇਂ ਵਿਚ ਅੱਸ਼ੂਰੀਆਂ ਨੇ ਯਰੂਸ਼ਲਮ ਦੇ ਲੋਕਾਂ ’ਤੇ ਹਮਲਾ ਕੀਤਾ ਸੀ। ਆਉਣ ਵਾਲੇ ਸਮੇਂ ਵਿਚ ਵੀ “ਅੱਸ਼ੂਰੀ” ਯਾਨੀ ਇਕ ਦੁਸ਼ਮਣ ਯਹੋਵਾਹ ਦੇ ਲੋਕਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗਾ। ਬਾਈਬਲ ਇਸ ਹਮਲੇ ਤੋਂ ਇਲਾਵਾ ‘ਮਾਗੋਗ ਦੇ ਗੋਗ,’ ‘ਉੱਤਰ ਦੇ ਰਾਜੇ’ ਅਤੇ ‘ਧਰਤੀ ਦੇ ਰਾਜਿਆਂ’ ਦੇ ਹਮਲਿਆਂ ਬਾਰੇ ਵੀ ਦੱਸਦੀ ਹੈ। (ਹਿਜ਼. 38:2, 10-13; ਦਾਨੀ. 11:40, 44, 45; ਪ੍ਰਕਾ. 17:14; 19:19) ਕੀ ਇਹ ਸਾਰੇ ਵੱਖੋ-ਵੱਖਰੇ ਹਮਲੇ ਹਨ? ਸਾਨੂੰ ਪੱਕਾ ਪਤਾ ਨਹੀਂ। ਹੋ ਸਕਦਾ ਹੈ ਕਿ ਬਾਈਬਲ ਵੱਖੋ-ਵੱਖਰੇ ਨਾਂ ਵਰਤ ਕੇ ਇੱਕੋ ਹੀ ਹਮਲੇ ਦਾ ਜ਼ਿਕਰ ਕਰ ਰਹੀ ਹੋਵੇ। ਮੀਕਾਹ ਦੀ ਭਵਿੱਖਬਾਣੀ ਮੁਤਾਬਕ ਯਹੋਵਾਹ ਨੇ “ਅੱਸ਼ੂਰੀ” ਯਾਨੀ ਇਸ ਜ਼ਾਲਮ ਦੁਸ਼ਮਣ ਦਾ ਸਾਮ੍ਹਣਾ ਕਰਨ ਲਈ ਕਿਹੜੀ ਫ਼ੌਜ ਖੜ੍ਹੀ ਕਰਨੀ ਸੀ? ਇਕ ਅਜਿਹੀ ਫ਼ੌਜ ਜਿਸ ਦੀ ਕਦੇ ਕਿਸੇ ਨੇ ਉਮੀਦ ਵੀ ਨਾ ਕੀਤੀ ਹੋਵੇ। ਇਹ ਫ਼ੌਜ ‘ਸੱਤ ਚਰਵਾਹੇ’ ਅਤੇ ‘ਅੱਠ ਰਾਜਕੁਮਾਰਾਂ’ ਤੋਂ ਬਣੀ ਹੋਵੇਗੀ। (ਮੀਕਾ. 5:5) ਇਹ ਕੌਣ ਹਨ? ਮੰਡਲੀ ਦੇ ਬਜ਼ੁਰਗ। (1 ਪਤ. 5:2) ਅੱਜ ਯਹੋਵਾਹ ਬਹੁਤ ਸਾਰੇ ਵਫ਼ਾਦਾਰ ਬਜ਼ੁਰਗਾਂ ਨੂੰ ਵਰਤ ਰਿਹਾ ਹੈ ਜੋ ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰਦੇ ਹਨ। ਬਜ਼ੁਰਗ ਪਰਮੇਸ਼ੁਰ ਦੇ ਲੋਕਾਂ ਨੂੰ ਤਕੜਾ ਕਰਦੇ ਹਨ ਤਾਂਕਿ ਉਹ ਭਵਿੱਖ ਵਿਚ ਹੋਣ ਵਾਲੇ “ਅੱਸ਼ੂਰੀ” ਦੇ ਹਮਲੇ ਲਈ ਤਿਆਰ ਹੋ ਸਕਣ। * ਮੀਕਾਹ ਦੀ ਭਵਿੱਖਬਾਣੀ ਕਹਿੰਦੀ ਹੈ ਕਿ “ਓਹ ਅੱਸ਼ੂਰ ਦੇ ਦੇਸ ਨੂੰ ਤਲਵਾਰ ਨਾਲ ਵਿਰਾਨ ਕਰ ਸੁੱਟਣਗੇ।” (ਮੀਕਾ. 5:6) ਬਜ਼ੁਰਗਾਂ ਦੇ ‘ਲੜਾਈ ਦੇ ਹਥਿਆਰਾਂ’ ਵਿੱਚੋਂ “ਪਵਿੱਤਰ ਸ਼ਕਤੀ ਦੀ ਤਲਵਾਰ ਯਾਨੀ ਪਰਮੇਸ਼ੁਰ ਦਾ ਬਚਨ” ਸ਼ਾਮਲ ਹੈ।​—2 ਕੁਰਿੰ. 10:4; ਅਫ਼. 6:17.

17. ਬਜ਼ੁਰਗ ਕਿਹੜੇ ਚਾਰ ਸਬਕ ਸਿੱਖ ਸਕਦੇ ਹਨ?

17 ਬਜ਼ੁਰਗੋ, ਤੁਸੀਂ ਇਸ ਸਾਰੀ ਜਾਣਕਾਰੀ ਤੋਂ ਇਹ ਜ਼ਰੂਰੀ ਸਬਕ ਸਿੱਖ ਸਕਦੇ ਹੋ: (1) ਭਵਿੱਖ ਵਿਚ ਹੋਣ ਵਾਲੇ ਇਸ “ਅੱਸ਼ੂਰੀ” ਹਮਲੇ ਦੀ ਤਿਆਰੀ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਪਰਮੇਸ਼ੁਰ ਵਿਚ ਆਪਣੀ ਨਿਹਚਾ ਮਜ਼ਬੂਤ ਕਰਨ ਦੇ ਨਾਲ-ਨਾਲ ਭੈਣਾਂ-ਭਰਾਵਾਂ ਦੀ ਵੀ ਨਿਹਚਾ ਤਕੜੀ ਕਰੋ। (2) ਇਸ ਹਮਲੇ ਦੌਰਾਨ ਤੁਸੀਂ ਪੂਰਾ ਭਰੋਸਾ ਰੱਖਿਓ ਕਿ ਯਹੋਵਾਹ ਆਪਣੇ ਲੋਕਾਂ ਨੂੰ ਜ਼ਰੂਰ ਬਚਾਵੇਗਾ। (3) ਉਸ ਵੇਲੇ ਯਹੋਵਾਹ ਦੇ ਸੰਗਠਨ ਤੋਂ ਮਿਲਣ ਵਾਲੀਆਂ ਹਿਦਾਇਤਾਂ ਸ਼ਾਇਦ ਤੁਹਾਨੂੰ ਅਜੀਬ ਲੱਗਣ। ਪਰ ਜੇ ਅਸੀਂ ਉਨ੍ਹਾਂ ਹਿਦਾਇਤਾਂ ਨਾਲ ਸਹਿਮਤ ਨਾ ਵੀ ਹੋਈਏ, ਤਾਂ ਵੀ ਸਾਨੂੰ ਉਨ੍ਹਾਂ ਨੂੰ ਮੰਨਣ ਲਈ ਤਿਆਰ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਮੁਤਾਬਕ ਚੱਲ ਕੇ ਸਾਡੀ ਜ਼ਿੰਦਗੀ ਬਚਾਈ ਜਾਵੇਗੀ। (4) ਜੇ ਅੱਜ ਕੋਈ ਇਸ ਦੁਨੀਆਂ ਦੀ ਪੜ੍ਹਾਈ-ਲਿਖਾਈ, ਧਨ-ਦੌਲਤ ਜਾਂ ਕਿਸੇ ਸੰਸਥਾ ਉੱਤੇ ਭਰੋਸਾ ਰੱਖਦਾ ਹੈ, ਤਾਂ ਉਸ ਨੂੰ ਇਕਦਮ ਆਪਣੀ ਸੋਚ ਬਦਲਣ ਦੀ ਜ਼ਰੂਰਤ ਹੈ। ਬਜ਼ੁਰਗੋ, ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਰਹੋ ਜਿਨ੍ਹਾਂ ਦੀ ਨਿਹਚਾ ਸ਼ਾਇਦ ਕਮਜ਼ੋਰ ਹੁੰਦੀ ਜਾ ਰਹੀ ਹੈ।

18. ਇਸ ਘਟਨਾ ਉੱਤੇ ਸੋਚ-ਵਿਚਾਰ ਕਰਨ ਨਾਲ ਭਵਿੱਖ ਵਿਚ ਸਾਡੀ ਕਿਵੇਂ ਮਦਦ ਹੋ ਸਕਦੀ ਹੈ?

18 ਜਿੱਦਾਂ ਹਿਜ਼ਕੀਯਾਹ ਦੇ ਸਮੇਂ ਵਿਚ ਲੱਗਦਾ ਸੀ ਕਿ ਯਰੂਸ਼ਲਮ ਦੇ ਲੋਕ ਉਸ ਹਮਲੇ ਤੋਂ ਬਚ ਨਹੀਂ ਸਕਣਗੇ, ਉੱਦਾਂ ਹੀ ਆਉਣ ਵਾਲੇ ਸਮੇਂ ਵਿਚ ਲੱਗੇਗਾ ਕਿ ਪਰਮੇਸ਼ੁਰ ਦੇ ਲੋਕ ਲਾਚਾਰ ਤੇ ਬੇਸਹਾਰਾ ਹਨ। ਉਸ ਵੇਲੇ ਹਿਜ਼ਕੀਯਾਹ ਦੇ ਇਹ ਸ਼ਬਦ ਯਾਦ ਕਰ ਕੇ ਸਾਨੂੰ ਬੜੀ ਤਸੱਲੀ ਮਿਲੇਗੀ ਕਿ ਸਾਡੇ ਦੁਸ਼ਮਣਾਂ ਨਾਲ “ਜੀਵ ਦਾ ਹੱਥ ਹੈ ਪਰ ਸਾਡੇ ਨਾਲ ਯਹੋਵਾਹ ਸਾਡਾ ਪਰਮੇਸ਼ੁਰ ਹੈ ਜੋ ਸਾਡੀ ਸਹਾਇਤਾ ਕਰਦਾ ਅਤੇ ਸਾਡੀਆਂ ਲੜਾਈਆਂ ਲੜਦਾ ਹੈ”!​—2 ਇਤ. 32:8.

^ ਪੇਰਗ੍ਰੈਫ 4 ਯਸਾਯਾਹ 7:14 ਵਿਚ ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਕੁਆਰੀ” ਕੀਤਾ ਗਿਆ ਹੈ ਉਸ ਦਾ ਮਤਲਬ ਵਿਆਹੀ ਤੀਵੀਂ ਵੀ ਹੋ ਸਕਦਾ ਹੈ। ਇਸ ਕਰਕੇ ਇਹ ਸ਼ਬਦ ਯਸਾਯਾਹ ਦੀ ਪਤਨੀ ਤੇ ਕੁਆਰੀ ਯਹੂਦਣ ਮਰੀਅਮ ਦੋਹਾਂ ’ਤੇ ਲਾਗੂ ਹੋ ਸਕਦਾ ਹੈ।

^ ਪੇਰਗ੍ਰੈਫ 16 ਬਾਈਬਲ ਵਿਚ ਨੰਬਰ ਸੱਤ ਅਕਸਰ ਮੁਕੰਮਲਤਾ ਨੂੰ ਦਰਸਾਉਂਦਾ ਹੈ। ਨੰਬਰ ਅੱਠ (ਜੋ ਨੰਬਰ ਸੱਤ ਤੋਂ ਜ਼ਿਆਦਾ ਹੈ) ਉਸ ਚੀਜ਼ ਨੂੰ ਦਰਸਾਉਂਦਾ ਹੈ ਜਿਸ ਦੀ ਬਹੁਤ ਜ਼ਿਆਦਾ ਭਰਮਾਰ ਹੋਵੇ।