Skip to content

Skip to table of contents

ਯੁਗਾਂ-ਯੁਗਾਂ ਦੇ ਰਾਜੇ ਯਹੋਵਾਹ ਦੀ ਭਗਤੀ ਕਰੋ

ਯੁਗਾਂ-ਯੁਗਾਂ ਦੇ ਰਾਜੇ ਯਹੋਵਾਹ ਦੀ ਭਗਤੀ ਕਰੋ

‘ਯੁਗਾਂ-ਯੁਗਾਂ ਦੇ ਰਾਜੇ ਦਾ ਆਦਰ ਤੇ ਉਸ ਦੀ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ।’1 ਤਿਮੋ. 1:17.

1, 2. (ੳ) “ਯੁਗਾਂ-ਯੁਗਾਂ ਦਾ ਰਾਜਾ” ਕੌਣ ਹੈ ਅਤੇ ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਯਹੋਵਾਹ ਦੇ ਰਾਜ ਕਰਨ ਦਾ ਤਰੀਕਾ ਸਾਨੂੰ ਉਸ ਵੱਲ ਕਿਉਂ ਖਿੱਚਦਾ ਹੈ?

ਰਾਜਾ ਸੋਬੁਜ਼ਾ ਦੂਜੇ ਨੇ ਸਵਾਜ਼ੀਲੈਂਡ ’ਤੇ ਤਕਰੀਬਨ 61 ਸਾਲਾਂ ਤਕ ਰਾਜ ਕੀਤਾ। ਸ਼ਾਇਦ ਸਾਨੂੰ ਇਹ ਕਮਾਲ ਦੀ ਗੱਲ ਲੱਗੇ, ਪਰ ਆਪਣੀ ਛੋਟੀ ਜ਼ਿੰਦਗੀ ਕਾਰਨ ਜ਼ਿਆਦਾਤਰ ਇਨਸਾਨ ਸਿਰਫ਼ ਥੋੜ੍ਹੇ ਸਮੇਂ ਲਈ ਰਾਜ ਕਰ ਪਾਉਂਦੇ ਹਨ। ਇਸ ਦੇ ਉਲਟ ਬਾਈਬਲ ਸਾਨੂੰ ਇਕ ਅਜਿਹੇ ਰਾਜੇ ਬਾਰੇ ਦੱਸਦੀ ਹੈ ਜੋ “ਯੁਗਾਂ-ਯੁਗਾਂ ਦਾ ਰਾਜਾ” ਹੈ। (1 ਤਿਮੋ. 1:17) ਜ਼ਬੂਰਾਂ ਦੀ ਪੋਥੀ ਵਿਚ ਸਾਨੂੰ ਇਸ ਸਰਬਸ਼ਕਤੀਮਾਨ ਰਾਜੇ ਦਾ ਨਾਂ ਦੱਸਿਆ ਗਿਆ ਹੈ: “ਯਹੋਵਾਹ ਜੁੱਗੋ ਜੁੱਗ ਪਾਤਸ਼ਾਹ ਹੈ।”ਜ਼ਬੂ. 10:16.

2 ਇਨਸਾਨਾਂ ਤੋਂ ਉਲਟ ਪਰਮੇਸ਼ੁਰ ਸਦੀਆਂ ਤੋਂ ਰਾਜ ਕਰਦਾ ਆਇਆ ਹੈ। ਪਰ ਖ਼ਾਸ ਕਰਕੇ ਯਹੋਵਾਹ ਦੇ ਰਾਜ ਕਰਨ ਦਾ ਤਰੀਕਾ ਸਾਨੂੰ ਉਸ ਵੱਲ ਖਿੱਚਦਾ ਹੈ। ਇਜ਼ਰਾਈਲ ਦੇ ਇਕ ਰਾਜੇ ਨੇ 40 ਸਾਲਾਂ ਤਕ ਰਾਜ ਕੀਤਾ ਤੇ ਉਸ ਨੇ ਪਰਮੇਸ਼ੁਰ ਦੀ ਸ਼ਾਨ ਵਿਚ ਇਹ ਲਫ਼ਜ਼ ਕਹੇ: “ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਦਯਾ ਨਾਲ ਭਰਪੂਰ। ਯਹੋਵਾਹ ਨੇ ਆਪਣੀ ਰਾਜ ਗੱਦੀ ਸੁਰਗ ਵਿੱਚ ਕਾਇਮ ਕੀਤੀ ਹੈ, ਅਤੇ ਉਹ ਦੀ ਪਾਤਸ਼ਾਹੀ ਦਾ ਹੁਕਮ ਸਭਨਾਂ ਉੱਤੇ ਹੈ।” (ਜ਼ਬੂ. 103:8, 19) ਯਹੋਵਾਹ ਸਿਰਫ਼ ਸਾਡਾ ਰਾਜਾ ਹੀ ਨਹੀਂ, ਸਗੋਂ ਸਾਡਾ ਸਵਰਗੀ ਪਿਤਾ ਵੀ ਹੈ ਜੋ ਸਾਨੂੰ ਬਹੁਤ ਪਿਆਰ ਕਰਦਾ ਹੈ। ਸੋ ਦੋ ਸਵਾਲ ਖੜ੍ਹੇ ਹੁੰਦੇ ਹਨ: ਯਹੋਵਾਹ ਆਪਣੇ ਸੇਵਕਾਂ ਨਾਲ ਇਕ ਪਿਤਾ ਵਾਂਗ ਕਿਵੇਂ ਪੇਸ਼ ਆਇਆ ਹੈ? ਅਦਨ ਵਿਚ ਹੋਈ ਬਗਾਵਤ ਤੋਂ ਬਾਅਦ ਵੀ ਯਹੋਵਾਹ ਨੇ ਕਿਵੇਂ ਦਿਖਾਇਆ ਕਿ ਰਾਜ ਦੀ ਵਾਗਡੋਰ ਹਮੇਸ਼ਾ ਉਸ ਦੇ ਹੱਥਾਂ ਵਿਚ ਰਹੀ ਹੈ?  ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਤੋਂ ਬਾਅਦ ਅਸੀਂ ਯਹੋਵਾਹ ਦੇ ਹੋਰ ਕਰੀਬ ਆਵਾਂਗੇ ਅਤੇ ਪੂਰੇ ਦਿਲ ਨਾਲ ਉਸ ਦੀ ਭਗਤੀ ਕਰਨੀ ਚਾਹਾਂਗੇ।

ਯੁਗਾਂ-ਯੁਗਾਂ ਦੇ ਰਾਜੇ ਨੇ ਸਵਰਗ ਅਤੇ ਧਰਤੀ ’ਤੇ ਆਪਣਾ ਪਰਿਵਾਰ ਬਣਾਇਆ

3. ਯਹੋਵਾਹ ਦੇ ਸਵਰਗੀ ਪਰਿਵਾਰ ਦਾ ਪਹਿਲਾ ਮੈਂਬਰ ਕੌਣ ਸੀ ਅਤੇ ਪਰਮੇਸ਼ੁਰ ਨੇ ਹੋਰ ਕਿਹੜੇ “ਪੁੱਤ੍ਰ” ਬਣਾਏ?

3 ਯਹੋਵਾਹ ਦਾ ਦਿਲ ਕਿੰਨਾ ਖ਼ੁਸ਼ ਹੋਇਆ ਹੋਣਾ ਜਦ ਉਸ ਨੇ ਆਪਣੇ ਇਕਲੌਤੇ ਬੇਟੇ ਨੂੰ ਬਣਾਇਆ! ਪਰਮੇਸ਼ੁਰ ਨੇ ਉਸ ਨੂੰ ਕਦੇ ਨੀਵਾਂ ਮਹਿਸੂਸ ਨਹੀਂ ਕਰਾਇਆ, ਸਗੋਂ ਇਕ ਪਿਤਾ ਵਾਂਗ ਉਸ ਨਾਲ ਬੇਹੱਦ ਪਿਆਰ ਕੀਤਾ। ਪਰਮੇਸ਼ੁਰ ਨੇ ਆਪਣੇ ਜੇਠੇ ਪੁੱਤਰ ਨਾਲ ਮਿਲ ਕੇ ਹੋਰ ਲੱਖਾਂ-ਕਰੋੜਾਂ ਦੂਤ ਬਣਾਏ। ਜ਼ਰਾ ਸੋਚੋ ਕਿ ਉਨ੍ਹਾਂ ਨੂੰ ਇਕੱਠੇ ਕੰਮ ਕਰ ਕੇ ਕਿੰਨਾ ਮਜ਼ਾ ਆਇਆ ਹੋਣਾ। (ਕੁਲੁ. 1:15-17) ਸਵਰਗ ਵਿਚ ਸਾਰੇ ਦੂਤ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ‘ਸੇਵਾ ਕਰਦਿਆਂ ਉਸ ਦੀ ਮਰਜ਼ੀ ਪੂਰੀ ਕਰਦੇ ਹਨ’ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ “ਪੁੱਤ੍ਰ” ਕਹਿ ਕੇ ਕਿੰਨਾ ਵੱਡਾ ਮਾਣ ਬਖ਼ਸ਼ਿਆ ਹੈ! ਇਹ ਦੂਤ ਸਵਰਗ ਵਿਚ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਹਨ।ਜ਼ਬੂ. 103:20-22; ਅੱਯੂ. 38:7.

4. ਇਨਸਾਨ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਕਿਵੇਂ ਬਣੇ?

4 ਪੂਰਾ ਬ੍ਰਹਿਮੰਡ ਬਣਾਉਣ ਤੋਂ ਬਾਅਦ ਯਹੋਵਾਹ ਨੇ ਇਨਸਾਨਾਂ ਨੂੰ ਬਣਾਇਆ ਤਾਂਕਿ ਉਹ ਉਸ ਦੇ ਵੱਡੇ ਪਰਿਵਾਰ ਦਾ ਹਿੱਸਾ ਬਣ ਸਕਣ। ਕਿਵੇਂ? ਪਹਿਲਾਂ ਯਹੋਵਾਹ ਨੇ ਇਨਸਾਨਾਂ ਦੇ ਰਹਿਣ ਲਈ ਖੂਬਸੂਰਤ ਧਰਤੀ ਬਣਾਈ। ਫਿਰ ਉਸ ਨੇ ਪਹਿਲੇ ਇਨਸਾਨ ਆਦਮ ਨੂੰ ਆਪਣੇ ਸਰੂਪ ’ਤੇ ਬਣਾ ਕੇ ਇਸ ਧਰਤੀ ਨੂੰ ਚਾਰ ਚੰਨ ਲਾ ਦਿੱਤੇ। (ਉਤ. 1:26-28) ਸਿਰਜਣਹਾਰ ਵਜੋਂ ਯਹੋਵਾਹ ਦਾ ਇਹ ਹੱਕ ਬਣਦਾ ਸੀ ਕਿ ਆਦਮ ਉਸ ਦਾ ਕਹਿਣਾ ਮੰਨੇ। ਨਾਲੇ ਪਿਤਾ ਹੋਣ ਦੇ ਨਾਤੇ ਯਹੋਵਾਹ ਨੇ ਬੜੇ ਪਿਆਰ ਨਾਲ ਹਿਦਾਇਤਾਂ ਦਿੱਤੀਆਂ। ਇਸ ਦੇ ਨਾਲ-ਨਾਲ ਉਸ ਨੇ ਇਨਸਾਨਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਕਿਉਂਕਿ ਉਸ ਦੇ ਹੁਕਮ ਉਨ੍ਹਾਂ ਲਈ ਬੋਝ ਨਹੀਂ ਸਨ।ਉਤਪਤ 2:15-17 ਪੜ੍ਹੋ।

5. ਧਰਤੀ ਨੂੰ ਇਨਸਾਨਾਂ ਨਾਲ ਭਰਨ ਲਈ ਯਹੋਵਾਹ ਨੇ ਕੀ ਕੀਤਾ?

5 ਇਨਸਾਨੀ ਰਾਜਿਆਂ ਤੋਂ ਉਲਟ ਯਹੋਵਾਹ ਆਪਣੇ ਸੇਵਕਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਦਾ ਹੈ। ਉਹ ਉਨ੍ਹਾਂ ’ਤੇ ਭਰੋਸਾ ਰੱਖਦੇ ਹੋਏ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੰਦਾ ਹੈ। ਮਿਸਾਲ ਲਈ, ਉਸ ਨੇ ਆਦਮ ਨੂੰ ਜਾਨਵਰਾਂ ਉੱਤੇ ਅਧਿਕਾਰ ਦਿੱਤਾ ਅਤੇ ਉਨ੍ਹਾਂ ਦੇ ਨਾਂ ਰੱਖਣ ਦੀ ਜ਼ਿੰਮੇਵਾਰੀ ਵੀ ਦਿੱਤੀ। ਇਹ ਕੰਮ ਭਾਵੇਂ ਔਖਾ ਸੀ, ਪਰ ਇਸ ਨੂੰ ਕਰ ਕੇ ਆਦਮ ਨੂੰ ਬੜਾ ਮਜ਼ਾ ਆਇਆ ਹੋਣਾ। (ਉਤ. 1:26; 2:19, 20) ਪਰਮੇਸ਼ੁਰ ਨੇ ਧਰਤੀ ਨੂੰ ਇਨਸਾਨਾਂ ਨਾਲ ਭਰਨ ਲਈ ਹਰੇਕ ਨੂੰ ਆਪਣੇ ਹੱਥੀਂ ਨਹੀਂ ਬਣਾਇਆ। ਇਸ ਦੀ ਬਜਾਇ ਉਸ ਨੇ ਆਦਮ ਲਈ ਹੱਵਾਹ ਨੂੰ ਇਕ ਜੀਵਨ ਸਾਥੀ ਵਜੋਂ ਬਣਾਇਆ ਤਾਂਕਿ ਉਹ ਮਿਲ ਕੇ ਔਲਾਦ ਪੈਦਾ ਕਰਨ ਅਤੇ ਧਰਤੀ ਨੂੰ ਭਰ ਦੇਣ। (ਉਤ. 2:21, 22) ਫਿਰ ਇਨਸਾਨਾਂ ਨੇ ਹੌਲੀ-ਹੌਲੀ ਪੂਰੀ ਧਰਤੀ ਨੂੰ ਸੋਹਣਾ ਬਣਾਉਣਾ ਸੀ। ਇਸ ਤੋਂ ਬਾਅਦ ਸਾਰੇ ਦੂਤਾਂ ਤੇ ਇਨਸਾਨਾਂ ਨੇ ਇਕ ਪਰਿਵਾਰ ਵਜੋਂ ਮਿਲ ਕੇ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦੀ ਭਗਤੀ ਕਰਦੇ ਰਹਿਣਾ ਸੀ। ਵਾਹ, ਕਿੰਨੀ ਹੀ ਸ਼ਾਨਦਾਰ ਉਮੀਦ! ਹਾਂ, ਯਹੋਵਾਹ ਪਿਤਾ ਨੇ ਇਨਸਾਨਾਂ ਨਾਲ ਕਿੰਨਾ ਪਿਆਰ ਕੀਤਾ।

ਬਾਗ਼ੀ ਪੁੱਤਰਾਂ ਨੇ ਪਰਮੇਸ਼ੁਰ ਦੀ ਹਕੂਮਤ ਠੁਕਰਾਈ

6. (ੳ) ਪਰਮੇਸ਼ੁਰ ਦੇ ਪਰਿਵਾਰ ਵਿਚ ਬਗਾਵਤ ਕਿਵੇਂ ਸ਼ੁਰੂ ਹੋਈ? (ਅ) ਬਗਾਵਤ ਤੋਂ ਬਾਅਦ ਯਹੋਵਾਹ ਨੇ ਕਿਵੇਂ ਦਿਖਾਇਆ ਕਿ ਹਕੂਮਤ ਉਸ ਦੇ ਹੱਥਾਂ ਵਿਚ ਸੀ?

6 ਅਫ਼ਸੋਸ ਦੀ ਗੱਲ ਹੈ ਕਿ ਆਦਮ ਤੇ ਹੱਵਾਹ ਨੇ ਯਹੋਵਾਹ ਨੂੰ ਆਪਣਾ ਮਾਲਕ ਮੰਨਣ ਤੋਂ ਇਨਕਾਰ ਕੀਤਾ ਅਤੇ ਉਹ ਇਕ ਦੁਸ਼ਟ ਦੂਤ ਯਾਨੀ ਸ਼ੈਤਾਨ ਦੇ ਮਗਰ ਲੱਗ ਗਏ ਜਿਸ ਨੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ ਸੀ। (ਉਤ. 3:1-6) ਪਰਮੇਸ਼ੁਰ ਦੀ ਰਹਿਨੁਮਾਈ ਠੁਕਰਾ ਕੇ ਆਦਮ, ਹੱਵਾਹ ਅਤੇ ਉਨ੍ਹਾਂ ਦੀ ਔਲਾਦ ਨੂੰ ਦੁੱਖ-ਤਕਲੀਫ਼ ਝੱਲਣੇ ਪਏ ਤੇ ਮੌਤ ਦਾ ਮੂੰਹ ਦੇਖਣਾ ਪਿਆ। (ਉਤ. 3:16-19; ਰੋਮੀ. 5:12) ਹੁਣ ਧਰਤੀ ’ਤੇ ਕੋਈ ਵੀ ਇਨਸਾਨ ਪਰਮੇਸ਼ੁਰ ਦਾ ਵਫ਼ਾਦਾਰ ਨਹੀਂ ਰਿਹਾ। ਕੀ ਇਸ ਦਾ ਇਹ ਮਤਲਬ ਸੀ ਕਿ ਧਰਤੀ ਯਹੋਵਾਹ ਦੇ ਹੱਥ-ਵਸ ਨਾ ਰਹੀ ਅਤੇ ਉਸ ਨੇ ਇਨਸਾਨਾਂ ’ਤੇ ਰਾਜ ਕਰਨਾ ਛੱਡ ਦਿੱਤਾ? ਬਿਲਕੁਲ ਨਹੀਂ! ਉਸ ਨੇ ਆਪਣਾ ਅਧਿਕਾਰ ਤੇ ਤਾਕਤ ਵਰਤਦੇ ਹੋਏ ਆਦਮ ਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਕੇ ਇਸ ਦੇ ਮੋਹਰੇ ਕਰੂਬੀ ਖੜ੍ਹੇ ਕੀਤੇ ਤਾਂਕਿ ਉਹ ਬਾਗ਼ ਵਿਚ ਵਾਪਸ ਨਾ ਆ ਸਕਣ। (ਉਤ. 3:23, 24) ਨਾਲੇ ਪਿਤਾ ਹੋਣ ਦੇ ਨਾਤੇ ਯਹੋਵਾਹ ਆਪਣਾ ਪਿਆਰ ਜ਼ਾਹਰ ਕਰਨ ਤੋਂ ਪਿੱਛੇ ਨਾ ਹਟਿਆ ਕਿਉਂਕਿ ਉਸ ਨੇ ਵਾਅਦਾ ਕੀਤਾ ਕਿ ਉਹ ਆਪਣੇ ਮਕਸਦ ਮੁਤਾਬਕ ਵਫ਼ਾਦਾਰ ਦੂਤਾਂ ਤੇ ਇਨਸਾਨਾਂ ਨੂੰ ਦੁਬਾਰਾ ਇਕ ਪਰਿਵਾਰ ਵਜੋਂ ਜ਼ਰੂਰ ਇਕੱਠਾ ਕਰੇਗਾ। ਉਸ ਨੇ ਇਹ ਵੀ ਵਾਅਦਾ ਕੀਤਾ ਕਿ ਆਦਮ ਦੀ ਔਲਾਦ ਵਿੱਚੋਂ ਇਕ ਜਣਾ ਸ਼ੈਤਾਨ  ਨੂੰ ਖ਼ਤਮ ਕਰੇਗਾ ਅਤੇ ਪਾਪ ਦੇ ਅਸਰਾਂ ਨੂੰ ਮਿਟਾ ਦੇਵੇਗਾ।ਉਤਪਤ 3:15 ਪੜ੍ਹੋ।

7, 8. (ੳ) ਨੂਹ ਦੇ ਦਿਨਾਂ ਵਿਚ ਧਰਤੀ ’ਤੇ ਹਾਲਾਤ ਕਿਸ ਹੱਦ ਤਕ ਵਿਗੜ ਗਏ ਸਨ? (ਅ) ਯਹੋਵਾਹ ਨੇ ਧਰਤੀ ਤੋਂ ਬੁਰਾਈ ਖ਼ਤਮ ਕਰਨ ਲਈ ਅਤੇ ਇਨਸਾਨਾਂ ਨੂੰ ਬਚਾਉਣ ਲਈ ਕੀ ਕੀਤਾ?

7 ਆਉਣ ਵਾਲੀਆਂ ਸਦੀਆਂ ਦੌਰਾਨ ਕੁਝ ਇਨਸਾਨਾਂ ਨੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਮਿਸਾਲ ਲਈ, ਹਾਬਲ ਤੇ ਹਨੋਕ ਪਰਮੇਸ਼ੁਰ ਦੇ ਵਫ਼ਾਦਾਰ ਰਹੇ। ਪਰ ਜ਼ਿਆਦਾਤਰ ਇਨਸਾਨਾਂ ਨੇ ਯਹੋਵਾਹ ਨੂੰ ਆਪਣਾ ਪਿਤਾ ਤੇ ਰਾਜਾ ਮੰਨਣ ਤੋਂ ਇਨਕਾਰ ਕੀਤਾ। ਗੌਰ ਕਰੋ ਕਿ ਨੂਹ ਦੇ ਦਿਨਾਂ ਵਿਚ ਧਰਤੀ “ਜ਼ੁਲਮ ਨਾਲ ਭਰੀ ਹੋਈ ਸੀ।” (ਉਤ. 6:11) ਕੀ ਇਸ ਦਾ ਇਹ ਮਤਲਬ ਸੀ ਕਿ ਇਨਸਾਨਾਂ ਉੱਤੇ ਯਹੋਵਾਹ ਦਾ ਅਧਿਕਾਰ ਖ਼ਤਮ ਹੋ ਗਿਆ ਸੀ?

8 ਬਾਈਬਲ ਦੱਸਦੀ ਹੈ ਕਿ ਯਹੋਵਾਹ ਨੇ ਨੂਹ ਨੂੰ ਇਕ ਬਹੁਤ ਵੱਡੀ ਕਿਸ਼ਤੀ ਬਣਾਉਣ ਲਈ ਖ਼ਾਸ ਹਿਦਾਇਤਾਂ ਦਿੱਤੀਆਂ ਤਾਂਕਿ ਉਹ ਤੇ ਉਹ ਦਾ ਪਰਿਵਾਰ ਬਚਾਇਆ ਜਾ ਸਕੇ। ਨਾਲੇ ਪਰਮੇਸ਼ੁਰ ਨੇ ਲੋਕਾਂ ਨੂੰ ਆਪਣੇ ਪਿਆਰ ਦਾ ਸਬੂਤ ਦੇਣ ਲਈ ਨੂਹ ਨੂੰ “ਧਾਰਮਿਕਤਾ ਦੇ ਪ੍ਰਚਾਰਕ” ਵਜੋਂ ਉਨ੍ਹਾਂ ਕੋਲ ਘੱਲਿਆ। (2 ਪਤ. 2:5) ਨੂਹ ਨੇ ਲੋਕਾਂ ਨੂੰ ਖ਼ਬਰਦਾਰ ਕੀਤਾ ਕਿ ਉਹ ਤੋਬਾ ਕਰਨ ਕਿਉਂਕਿ ਉਨ੍ਹਾਂ ’ਤੇ ਬਹੁਤ ਵੱਡਾ ਕਹਿਰ ਆਉਣ ਵਾਲਾ ਸੀ, ਪਰ ਲੋਕਾਂ ਦੇ ਕੰਨਾਂ ’ਤੇ ਜੂੰ ਤਕ ਨਾ ਸਰਕੀ। ਨੂਹ ਅਤੇ ਉਸ ਦੇ ਪਰਿਵਾਰ ਨੂੰ ਕਈ ਸਾਲਾਂ ਤਕ ਅਜਿਹੀ ਦੁਨੀਆਂ ਵਿਚ ਰਹਿਣਾ ਪਿਆ ਜਿੱਥੇ ਜ਼ੁਲਮ ਤੇ ਬਦਚਲਣੀ ਦਾ ਬੋਲਬਾਲਾ ਸੀ। ਪਰ ਯਹੋਵਾਹ ਨੇ ਇਕ ਪਿਤਾ ਵਾਂਗ ਉਨ੍ਹਾਂ ਅੱਠ ਜਣਿਆਂ ਦੀ ਹਿਫਾਜ਼ਤ ਤੇ ਅਗਵਾਈ ਕੀਤੀ। ਦੁਨੀਆਂ ’ਤੇ ਜਲ-ਪਰਲੋ ਲਿਆ ਕੇ ਯਹੋਵਾਹ ਨੇ ਬੁਰੇ ਇਨਸਾਨਾਂ ਨੂੰ ਖ਼ਤਮ ਕੀਤਾ ਤੇ ਦੁਸ਼ਟ ਦੂਤਾਂ ਨੂੰ ਸਜ਼ਾ ਦਿੱਤੀ। ਜੀ ਹਾਂ, ਯਹੋਵਾਹ ਨੇ ਦਿਖਾਇਆ ਕਿ ਉਹੀ ਸਾਰੇ ਜਹਾਨ ਦਾ ਮਾਲਕ ਸੀ।ਉਤ. 7:17-24.

ਰਾਜ ਦੀ ਵਾਗਡੋਰ ਹਮੇਸ਼ਾ ਯਹੋਵਾਹ ਦੇ ਹੱਥਾਂ ਵਿਚ ਰਹੀ ਹੈ (ਪੈਰੇ 6, 8, 10, 12, 17 ਦੇਖੋ)

ਜਲ-ਪਰਲੋ ਤੋਂ ਬਾਅਦ ਯਹੋਵਾਹ ਦੀ ਹਕੂਮਤ

9. ਜਲ-ਪਰਲੋ ਤੋਂ ਬਾਅਦ ਯਹੋਵਾਹ ਨੇ ਇਨਸਾਨਾਂ ਨੂੰ ਕਿਹੜਾ ਮੌਕਾ ਦਿੱਤਾ?

9 ਜਦ ਨੂਹ ਤੇ ਉਸ ਦੇ ਪਰਿਵਾਰ ਨੇ ਕਿਸ਼ਤੀ ਤੋਂ ਬਾਹਰ ਆ ਕੇ ਧਰਤੀ ’ਤੇ ਆਪਣੇ ਪਹਿਲੇ ਕਦਮ ਰੱਖੇ ਅਤੇ ਤਾਜ਼ੀ ਹਵਾ ਵਿਚ ਸੁੱਖ ਦਾ ਸਾਹ ਲਿਆ, ਤਾਂ ਉਹ ਯਹੋਵਾਹ ਦੇ ਕਿੰਨੇ ਅਹਿਸਾਨਮੰਦ ਹੋਏ ਹੋਣੇ ਕਿ ਉਸ ਨੇ ਉਨ੍ਹਾਂ ਦੀ ਦੇਖ-ਭਾਲ ਤੇ ਹਿਫਾਜ਼ਤ ਕੀਤੀ। ਸਭ ਤੋਂ ਪਹਿਲਾਂ ਨੂਹ ਨੇ ਯਹੋਵਾਹ ਦੀ ਭਗਤੀ ਕਰਨ ਲਈ ਇਕ ਵੇਦੀ ਬਣਾ ਕੇ ਬਲ਼ੀਆਂ ਚੜ੍ਹਾਈਆਂ। ਪਰਮੇਸ਼ੁਰ ਨੇ ਨੂਹ ਤੇ ਉਸ ਦੇ ਪਰਿਵਾਰ ਨੂੰ ਬਰਕਤ ਦਿੰਦੇ ਹੋਏ ਕਿਹਾ ਕਿ “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।” (ਉਤ. 8:20–9:1) ਹੁਣ ਇਨਸਾਨਾਂ ਨੂੰ ਦੁਬਾਰਾ ਮੌਕਾ ਮਿਲਿਆ ਕਿ ਉਹ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਤੇ ਧਰਤੀ ਨੂੰ ਭਰ ਦੇਣ।

10. (ੳ) ਜਲ-ਪਰਲੋ ਤੋਂ ਬਾਅਦ ਯਹੋਵਾਹ ਖ਼ਿਲਾਫ਼ ਬਗਾਵਤ ਕਿੱਥੇ ਤੇ ਕਿਵੇਂ ਸ਼ੁਰੂ ਹੋਈ? (ਅ) ਯਹੋਵਾਹ ਨੇ ਆਪਣੀ ਇੱਛਾ ਪੂਰੀ ਕਰਨ ਲਈ ਕਿਹੜਾ ਕਦਮ ਚੁੱਕਿਆ?

10 ਪਰ ਜਲ-ਪਰਲੋ ਦੇ ਪਾਣੀ ਨੇ ਇਨਸਾਨਾਂ ਦੇ ਪਾਪ ਨਹੀਂ ਧੋਤੇ। ਉਨ੍ਹਾਂ ਨੂੰ ਅਜੇ ਵੀ ਸ਼ੈਤਾਨ ਤੇ ਦੁਸ਼ਟ ਦੂਤਾਂ ਦੇ ਬੁਰੇ ਅਸਰਾਂ ਦਾ ਸਾਮ੍ਹਣਾ ਕਰਨਾ ਪੈਣਾ ਸੀ। ਮਿਸਾਲ ਲਈ, ਜਲ-ਪਰਲੋ ਤੋਂ ਥੋੜ੍ਹੇ ਹੀ ਸਮੇਂ ਬਾਅਦ ਯਹੋਵਾਹ ਦੀ ਹਕੂਮਤ ਖ਼ਿਲਾਫ਼ ਬਗਾਵਤ ਦੀ ਚਿੰਗਾਰੀ ਫਿਰ ਭੜਕ ਉੱਠੀ। ਨੂਹ ਦੇ ਪੜਪੋਤੇ ਨਿਮਰੋਦ ਨੇ ਯਹੋਵਾਹ ਦੀ ਹਕੂਮਤ ਖ਼ਿਲਾਫ਼ ਸਿਰ ਚੁੱਕਿਆ। ਉਹ “ਯਹੋਵਾਹ ਦੇ ਅੱਗੇ ਇੱਕ ਬਲਵੰਤ ਸ਼ਿਕਾਰੀ ਸੀ।” ਉਸ ਨੇ ਵੱਡੇ-ਵੱਡੇ ਸ਼ਹਿਰ ਬਣਾਏ ਜਿਵੇਂ ਕਿ ਬਾਬਲ ਅਤੇ ਆਪਣੇ ਆਪ ਨੂੰ ‘ਸ਼ਿਨਾਰ ਦੇ ਦੇਸ’ ਦਾ ਰਾਜਾ ਐਲਾਨ ਕਰ ਦਿੱਤਾ। (ਉਤ. 10:8-12) ਯਹੋਵਾਹ ਦਾ ਮਕਸਦ ਸੀ ਕਿ ਪੂਰੀ ਧਰਤੀ ਇਨਸਾਨਾਂ ਨਾਲ ਭਰ ਜਾਵੇ, ਪਰ ਨਿਮਰੋਦ ਇਸ ਮਕਸਦ ਦੇ ਉਲਟ ਚਾਲਾਂ ਘੜ ਰਿਹਾ ਸੀ। ਯੁਗਾਂ-ਯੁਗਾਂ ਦੇ ਰਾਜੇ ਨੇ ਇਸ ਬਗਾਵਤ ਖ਼ਿਲਾਫ਼ ਕਿਹੜਾ ਕਦਮ ਚੁੱਕਿਆ? ਪਰਮੇਸ਼ੁਰ ਨੇ ਲੋਕਾਂ ਦੀ ਬੋਲੀ ਉਲਟ-ਪੁਲਟ ਕਰ ਕੇ ਨਿਮਰੋਦ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਇਸ ਕਰਕੇ ਨਿਮਰੋਦ ਦੇ ਲੋਕ ਉਲਝਣ ਵਿਚ ਪੈ ਗਏ ਤੇ ‘ਸਾਰੀ ਧਰਤੀ ਉੱਤੇ ਖਿੰਡ’ ਗਏ। ਇਸ ਤਰ੍ਹਾਂ ਇਨਸਾਨਾਂ ਦੇ ਰਾਜ ਕਰਨ ਦਾ ਗ਼ਲਤ ਤਰੀਕਾ ਤੇ ਉਨ੍ਹਾਂ ਦੀਆਂ ਝੂਠੀਆਂ ਸਿੱਖਿਆਵਾਂ ਪੂਰੀ ਧਰਤੀ ਵਿਚ ਫੈਲ ਗਈਆਂ।ਉਤ. 11:1-9.

11. ਯਹੋਵਾਹ ਨੇ ਆਪਣੇ ਦੋਸਤ ਅਬਰਾਹਾਮ ਨੂੰ ਆਪਣੀ ਵਫ਼ਾਦਾਰੀ ਦਾ ਸਬੂਤ ਕਿਵੇਂ ਦਿੱਤਾ?

11 ਹਾਲਾਂਕਿ ਜਲ-ਪਰਲੋ ਤੋਂ ਬਾਅਦ ਜ਼ਿਆਦਾਤਰ ਲੋਕ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਦੇ ਸਨ, ਫਿਰ ਵੀ ਕੁਝ ਵਫ਼ਾਦਾਰ ਇਨਸਾਨਾਂ ਨੇ ਯਹੋਵਾਹ ਦੀ ਭਗਤੀ ਕੀਤੀ। ਮਿਸਾਲ ਲਈ, ਅਬਰਾਹਾਮ ਨੇ ਪਰਮੇਸ਼ੁਰ ਦਾ ਕਹਿਣਾ ਮੰਨਦੇ ਹੋਏ ਊਰ ਵਿਚ ਆਪਣੀ ਸੁੱਖ-ਆਰਾਮ ਦੀ ਜ਼ਿੰਦਗੀ ਪਿੱਛੇ ਛੱਡ ਕੇ ਸਾਲਾਂ ਤਾਈਂ ਤੰਬੂਆਂ ਵਿਚ ਉਮਰ ਬਿਤਾਈ। (ਉਤ. 11:31; ਇਬ. 11:8, 9) ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦਿਆਂ ਉਸ ਦਾ ਵਾਹ ਕਈ ਵਾਰ ਰਾਜਿਆਂ ਨਾਲ ਪਿਆ। ਭਾਵੇਂ ਇਹ ਰਾਜੇ ਮਜ਼ਬੂਤ ਕੰਧਾਂ ਵਾਲੇ ਸ਼ਹਿਰਾਂ ਵਿਚ ਰਹਿੰਦੇ ਸਨ, ਪਰ ਅਬਰਾਹਾਮ ਨੇ ਇਨ੍ਹਾਂ ਤੋਂ ਸੁਰੱਖਿਆ ਲਈ ਮਦਦ ਨਹੀਂ ਮੰਗੀ। ਇਸ ਦੀ ਬਜਾਇ ਯਹੋਵਾਹ ਨੇ ਅਬਰਾਹਾਮ ਤੇ ਉਸ ਦੇ ਪਰਿਵਾਰ ਦੀ ਹਿਫਾਜ਼ਤ ਕੀਤੀ।  ਜ਼ਬੂਰਾਂ ਦੇ ਲਿਖਾਰੀ ਨੇ ਦੱਸਿਆ ਕਿ ਯਹੋਵਾਹ ਪਿਤਾ ਨੇ ਉਨ੍ਹਾਂ ਦੀ ਰੱਖਿਆ ਇਸ ਤਰ੍ਹਾਂ ਕੀਤੀ ਕਿ “[ਪਰਮੇਸ਼ੁਰ] ਨੇ ਕਿਸੇ ਨੂੰ ਉਨ੍ਹਾਂ ਉੱਤੇ ਅਨ੍ਹੇਰ ਨਾ ਕਰਨ ਦਿੱਤਾ, ਅਤੇ ਉਨ੍ਹਾਂ ਦੇ ਕਾਰਨ ਰਾਜਿਆਂ ਨੂੰ ਝਿੜਕਿਆ।” (ਜ਼ਬੂ. 105:13, 14) ਯਹੋਵਾਹ ਇਕ ਵਫ਼ਾਦਾਰ ਦੋਸਤ ਸੀ, ਇਸ ਲਈ ਉਸ ਨੇ ਅਬਰਾਹਾਮ ਨਾਲ ਵਾਅਦਾ ਕੀਤਾ: “ਤੈਥੋਂ ਰਾਜੇ ਨਿੱਕਲਣਗੇ।”ਉਤ. 17:6; ਯਾਕੂ. 2:23.

12. ਯਹੋਵਾਹ ਨੇ ਮਿਸਰੀਆਂ ਨੂੰ ਕਿਵੇਂ ਦਿਖਾਇਆ ਕਿ ਉਹੀ ਪੂਰੇ ਜਹਾਨ ਦਾ ਮਾਲਕ ਸੀ ਅਤੇ ਉਸ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ?

12 ਪਰਮੇਸ਼ੁਰ ਨੇ ਅਬਰਾਹਾਮ ਦੇ ਬੇਟੇ ਇਸਹਾਕ ਤੇ ਉਸ ਦੇ ਪੋਤੇ ਯਾਕੂਬ ਨਾਲ ਵੀ ਵਾਅਦਾ ਕੀਤਾ ਕਿ ਉਹ ਉਨ੍ਹਾਂ ਨੂੰ ਬਰਕਤਾਂ ਦੇਵੇਗਾ ਅਤੇ ਉਨ੍ਹਾਂ ਦੇ ਖ਼ਾਨਦਾਨ ਵਿੱਚੋਂ ਰਾਜੇ ਆਉਣਗੇ। (ਉਤ. 26:3-5; 35:11) ਪਰ ਇਹ ਗੱਲ ਪੂਰੀ ਹੋਣ ਤੋਂ ਪਹਿਲਾਂ ਯਾਕੂਬ ਦੀ ਔਲਾਦ ਮਿਸਰ ਵਿਚ ਗ਼ੁਲਾਮ ਬਣ ਗਈ। ਕੀ ਇਸ ਦਾ ਇਹ ਮਤਲਬ ਸੀ ਕਿ ਯਹੋਵਾਹ ਆਪਣਾ ਵਾਅਦਾ ਨਹੀਂ ਨਿਭਾ ਸਕੇਗਾ ਜਾਂ ਉਸ ਨੇ ਧਰਤੀ ’ਤੇ ਰਾਜ ਕਰਨਾ ਛੱਡ ਦਿੱਤਾ ਸੀ? ਹਰਗਿਜ਼ ਨਹੀਂ! ਯਹੋਵਾਹ ਨੇ ਸਹੀ ਸਮੇਂ ’ਤੇ ਆਪਣੀ ਤਾਕਤ ਦਾ ਸਬੂਤ ਦੇ ਕੇ ਦਿਖਾਇਆ ਕਿ ਉਸ ਕੋਲ ਮਿਸਰ ਦੇ ਜ਼ਿੱਦੀ ਰਾਜੇ ਫ਼ਿਰਊਨ ਨਾਲੋਂ ਜ਼ਿਆਦਾ ਅਧਿਕਾਰ ਸੀ। ਇਜ਼ਰਾਈਲੀਆਂ ਨੇ ਯਹੋਵਾਹ ’ਤੇ ਨਿਹਚਾ ਕੀਤੀ ਤੇ ਉਸ ਨੇ ਉਨ੍ਹਾਂ ਨੂੰ ਲਾਲ ਸਮੁੰਦਰ ਪਾਰ ਕਰਾ ਕੇ ਸ਼ਾਨਦਾਰ ਤਰੀਕੇ ਨਾਲ ਬਚਾਇਆ। ਜੀ ਹਾਂ, ਯਹੋਵਾਹ ਨੇ ਦਿਖਾਇਆ ਕਿ ਉਹੀ ਪੂਰੇ ਜਹਾਨ ਦਾ ਮਾਲਕ ਸੀ। ਨਾਲੇ ਇਕ ਪਿਆਰੇ ਪਿਤਾ ਵਾਂਗ ਯਹੋਵਾਹ ਨੇ ਆਪਣੇ ਸ਼ਕਤੀਸ਼ਾਲੀ ਹੱਥਾਂ ਨਾਲ ਆਪਣੇ ਲੋਕਾਂ ਨੂੰ ਬਚਾਇਆ।ਕੂਚ 14:13, 14 ਪੜ੍ਹੋ।

ਯਹੋਵਾਹ ਇਜ਼ਰਾਈਲ ਦਾ ਰਾਜਾ ਬਣਿਆ

13, 14. (ੳ) ਆਪਣੇ ਗੀਤ ਵਿਚ ਇਜ਼ਰਾਈਲੀਆਂ ਨੇ ਯਹੋਵਾਹ ਦੇ ਰਾਜ ਬਾਰੇ ਕੀ ਕਿਹਾ? (ਅ) ਪਰਮੇਸ਼ੁਰ ਨੇ ਦਾਊਦ ਨਾਲ ਕੀ ਵਾਅਦਾ ਕੀਤਾ?

13 ਮਿਸਰ ਦੀ ਗ਼ੁਲਾਮੀ ਵਿੱਚੋਂ ਛੁਡਾਏ ਜਾਣ ਤੋਂ ਫ਼ੌਰਨ ਬਾਅਦ ਇਜ਼ਰਾਈਲੀਆਂ ਨੇ ਜਿੱਤ ਦੀ ਖ਼ੁਸ਼ੀ ਵਿਚ ਇਕ ਗੀਤ ਗਾਇਆ ਜੋ ਕੂਚ ਦੇ 15ਵੇਂ ਅਧਿਆਇ ਵਿਚ ਦਰਜ ਹੈ। ਯਹੋਵਾਹ ਦੀ ਵਡਿਆਈ ਕਰਦਿਆਂ ਆਇਤ 18 ਵਿਚ ਉਨ੍ਹਾਂ ਨੇ ਕਿਹਾ: “ਯਹੋਵਾਹ ਸਦਾ ਤੀਕ ਰਾਜ ਕਰਦਾ ਰਹੇਗਾ।” ਹਾਂ, ਯਹੋਵਾਹ ਹੁਣ ਇਸ ਨਵੀਂ ਕੌਮ ਦਾ ਰਾਜਾ ਬਣ ਗਿਆ ਸੀ। (ਬਿਵ. 33:5) ਇਜ਼ਰਾਈਲੀਆਂ ਨੂੰ ਇਹ ਮਾਣ ਕਰਨਾ ਚਾਹੀਦਾ ਸੀ ਕਿ ਯਹੋਵਾਹ ਉਨ੍ਹਾਂ ਦਾ ਰਾਜਾ ਸੀ। ਪਰ ਮਿਸਰ ਛੱਡਣ ਤੋਂ ਤਕਰੀਬਨ 400 ਸਾਲ ਬਾਅਦ ਉਨ੍ਹਾਂ ਨੇ ਪਰਮੇਸ਼ੁਰ ਤੋਂ ਮੰਗ ਕੀਤੀ ਕਿ ਆਲੇ-ਦੁਆਲੇ ਦੀਆਂ ਕੌਮਾਂ ਵਾਂਗ ਇਕ ਇਨਸਾਨ ਉਨ੍ਹਾਂ ’ਤੇ ਰਾਜ ਕਰੇ। (1 ਸਮੂ. 8:5) ਭਾਵੇਂ ਪਰਮੇਸ਼ੁਰ ਨੇ ਉਨ੍ਹਾਂ ਦੀ ਗੱਲ ਮੰਨ ਲਈ, ਫਿਰ ਵੀ ਯਹੋਵਾਹ ਹੀ ਉਨ੍ਹਾਂ ਦਾ ਰਾਜਾ ਸੀ। ਇਹ ਗੱਲ ਇਜ਼ਰਾਈਲ ਦੇ ਦੂਸਰੇ ਰਾਜੇ ਦਾਊਦ ਦੀ ਬਾਦਸ਼ਾਹੀ ਦੌਰਾਨ ਸਾਫ਼ ਨਜ਼ਰ ਆਈ।

14 ਜਦ ਦਾਊਦ ਇਕਰਾਰ ਦਾ ਸੰਦੂਕ ਯਰੂਸ਼ਲਮ ਲਿਆਇਆ, ਤਾਂ ਇਸ ਖ਼ੁਸ਼ੀ ਵਾਲੇ ਮੌਕੇ ’ਤੇ ਲੇਵੀਆਂ ਨੇ  ਪਰਮੇਸ਼ੁਰ ਦੀ ਮਹਿਮਾ ਕਰਦਿਆਂ ਇਹ ਖ਼ਾਸ ਗੱਲ ਕਹੀ: “ਕੌਮਾਂ ਵਿਚ ਐਲਾਨ ਕਰੋ: ‘ਯਹੋਵਾਹ ਰਾਜਾ ਬਣ ਗਿਆ ਹੈ!’” (1 ਇਤ. 16:31, NW) ਪਰ ਯਹੋਵਾਹ ਤਾਂ ਯੁਗਾਂ-ਯੁਗਾਂ ਦਾ ਰਾਜਾ ਹੈ, ਫਿਰ ਉਸ ਸਮੇਂ ਉਹ ਰਾਜਾ ਕਿਵੇਂ ਬਣਿਆ? ਯਹੋਵਾਹ ਉਦੋਂ ਰਾਜਾ ਬਣਦਾ ਹੈ ਜਦੋਂ ਉਹ ਰਾਜੇ ਵਜੋਂ ਆਪਣਾ ਅਧਿਕਾਰ ਵਰਤਦਾ ਹੈ ਜਾਂ ਕਿਸੇ ਹੋਰ ਨੂੰ ਇਕ ਖ਼ਾਸ ਸਮੇਂ ’ਤੇ ਉਸ ਵੱਲੋਂ ਰਾਜ ਕਰਨ ਦਾ ਹੱਕ ਦਿੰਦਾ ਹੈ। ਸਾਡੇ ਲਈ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਯਹੋਵਾਹ ਕਿਸ ਮਾਅਨੇ ਵਿਚ ਰਾਜਾ ਬਣਦਾ ਹੈ। ਦਾਊਦ ਦੀ ਮੌਤ ਤੋਂ ਪਹਿਲਾਂ ਯਹੋਵਾਹ ਨੇ ਉਸ ਨਾਲ ਵਾਅਦਾ ਕੀਤਾ ਕਿ ਉਸ ਦਾ ਰਾਜ ਹਮੇਸ਼ਾ ਲਈ ਕਾਇਮ ਰਹੇਗਾ: “ਤੇਰੇ ਪਿੱਛੋਂ ਤੇਰੀ ਸੰਤਾਨ ਨੂੰ ਜੋ ਤੇਰੇ ਤੁਖਮ ਤੋਂ ਹੋਵੇਗੀ ਖਲ੍ਹਿਆਰਾਂਗਾ ਅਤੇ ਉਹ ਦੇ ਰਾਜ ਨੂੰ ਪੱਕਾ ਕਰਾਂਗਾ।” (2 ਸਮੂ. 7:12, 13) ਇਹ ਗੱਲ 1,000 ਤੋਂ ਵੀ ਜ਼ਿਆਦਾ ਸਾਲਾਂ ਬਾਅਦ ਪੂਰੀ ਹੋਈ ਜਦੋਂ ਦਾਊਦ ਦੀ ਪੀੜ੍ਹੀ ਵਿੱਚੋਂ ਵਾਅਦਾ ਕੀਤੀ ਹੋਈ “ਸੰਤਾਨ” ਪੈਦਾ ਹੋਈ। ਇਹ ਕੌਣ ਸੀ ਅਤੇ ਉਹ ਰਾਜਾ ਕਦੋਂ ਬਣਿਆ?

ਯਹੋਵਾਹ ਨੇ ਇਕ ਨਵਾਂ ਰਾਜਾ ਚੁਣਿਆ

15, 16. ਯਿਸੂ ਨੂੰ ਰਾਜੇ ਵਜੋਂ ਕਦੋਂ ਚੁਣਿਆ ਗਿਆ ਸੀ ਅਤੇ ਧਰਤੀ ਉੱਤੇ ਰਹਿੰਦਿਆਂ ਉਸ ਨੇ ਆਪਣੇ ਰਾਜ ਲਈ ਕਿਹੜਾ ਇੰਤਜ਼ਾਮ ਕੀਤਾ?

15 ਸਾਲ 29 ਈਸਵੀ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ‘ਸਵਰਗ ਦਾ ਰਾਜ ਨੇੜੇ ਆ ਗਿਆ ਸੀ।’ (ਮੱਤੀ 3:2) ਜਦ ਯੂਹੰਨਾ ਨੇ ਯਿਸੂ ਨੂੰ ਬਪਤਿਸਮਾ ਦਿੱਤਾ, ਤਾਂ ਯਹੋਵਾਹ ਨੇ ਯਿਸੂ ਨੂੰ ਵਾਅਦਾ ਕੀਤੇ ਹੋਏ ਮਸੀਹ ਅਤੇ ਆਉਣ ਵਾਲੇ ਸਮੇਂ ਵਿਚ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਚੁਣਿਆ। ਯਹੋਵਾਹ ਨੇ ਯਿਸੂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਕਿਹਾ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।”ਮੱਤੀ 3:17.

16 ਯਿਸੂ ਨੇ ਆਪਣੀ ਪੂਰੀ ਸੇਵਕਾਈ ਦੌਰਾਨ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰ ਕੇ ਆਪਣੇ ਪਿਤਾ ਦੀ ਮਹਿਮਾ ਕੀਤੀ। (ਯੂਹੰ. 17:4; ਲੂਕਾ 4:43) ਉਸ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਕਿ ਪਰਮੇਸ਼ੁਰ ਦਾ ਰਾਜ ਆਵੇ। (ਮੱਤੀ 6:10) ਇਸ ਰਾਜ ਦੇ ਚੁਣੇ ਹੋਏ ਰਾਜੇ ਵਜੋਂ ਯਿਸੂ ਆਪਣੇ ਵਿਰੋਧੀਆਂ ਨੂੰ ਕਹਿ ਸਕਿਆ: “ਪਰਮੇਸ਼ੁਰ ਦਾ ਰਾਜ ਤੁਹਾਡੇ ਵਿਚਕਾਰ ਹੈ।” (ਲੂਕਾ 17:21) ਫਿਰ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ‘ਰਾਜ ਦੇਣ ਦਾ ਇਕਰਾਰ’ ਕੀਤਾ। ਇਸ ਦਾ ਮਤਲਬ ਸੀ ਕਿ ਯਿਸੂ ਦੇ ਕੁਝ ਵਫ਼ਾਦਾਰ ਚੇਲਿਆਂ ਨੇ ਪਰਮੇਸ਼ੁਰ ਦੇ ਰਾਜ ਵਿਚ ਉਸ ਨਾਲ ਹਕੂਮਤ ਕਰਨੀ ਸੀ।ਲੂਕਾ 22:28-30 ਪੜ੍ਹੋ।

17. ਪਹਿਲੀ ਸਦੀ ਵਿਚ ਯਿਸੂ ਨੇ ਕਿਨ੍ਹਾਂ ਉੱਤੇ ਰਾਜ ਕਰਨਾ ਸ਼ੁਰੂ ਕੀਤਾ, ਪਰ ਉਸ ਨੂੰ ਕਿਸ ਗੱਲ ਦਾ ਇੰਤਜ਼ਾਰ ਕਰਨਾ ਪਿਆ?

17 ਕੀ ਯਿਸੂ ਪਹਿਲੀ ਸਦੀ ਵਿਚ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਿਆ? ਨਹੀਂ, ਕਿਉਂਕਿ ਅਗਲੇ ਹੀ ਦਿਨ ਉਸ ਨੂੰ ਜਾਨੋਂ ਮਾਰ ਦਿੱਤਾ ਗਿਆ ਅਤੇ ਉਸ ਦੇ ਚੇਲੇ ਉਸ ਨੂੰ ਛੱਡ ਕੇ ਭੱਜ ਗਏ। (ਯੂਹੰ. 16:32) ਫਿਰ ਵੀ ਹਮੇਸ਼ਾ ਵਾਂਗ ਸਭ ਕੁਝ ਯਹੋਵਾਹ ਦੇ ਹੱਥ-ਵਸ ਸੀ ਕਿਉਂਕਿ ਉਸ ਨੇ ਤੀਜੇ ਦਿਨ ਆਪਣੇ ਬੇਟੇ ਨੂੰ ਦੁਬਾਰਾ ਜੀਉਂਦਾ ਕੀਤਾ। ਇੰਨਾ ਹੀ ਨਹੀਂ, ਸਗੋਂ ਪੰਤੇਕੁਸਤ 33 ਈਸਵੀ ਦੇ ਦਿਨ ਯਿਸੂ ਨੂੰ ਮਸੀਹੀ ਮੰਡਲੀ ਯਾਨੀ ਆਪਣੇ ਚੁਣੇ ਹੋਏ ਚੇਲਿਆਂ ਦਾ ਰਾਜਾ ਬਣਾਇਆ ਗਿਆ। (ਕੁਲੁ. 1:13) ਪਰ ਵਾਅਦਾ ਕੀਤੀ ਹੋਈ ਸੰਤਾਨ ਵਜੋਂ ਯਿਸੂ ਨੂੰ ਪੂਰੀ ਧਰਤੀ ਉੱਤੇ ਰਾਜਾ ਬਣਨ ਲਈ ਅਜੇ ਇੰਤਜ਼ਾਰ ਕਰਨਾ ਪੈਣਾ ਸੀ। ਯਹੋਵਾਹ ਨੇ ਆਪਣੇ ਬੇਟੇ ਨੂੰ ਕਿਹਾ: “ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੀਕੁਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ।”ਜ਼ਬੂ. 110:1.

ਯੁਗਾਂ-ਯੁਗਾਂ ਦੇ ਰਾਜੇ ਦੀ ਬੰਦਗੀ ਕਰੋ

18, 19. ਸਾਡੀ ਦਿਲੀ ਤਮੰਨਾ ਕੀ ਹੈ ਅਤੇ ਅਸੀਂ ਅਗਲੇ ਲੇਖ ਵਿਚ ਕੀ ਸਿੱਖਾਂਗੇ?

18 ਸਦੀਆਂ ਤੋਂ ਦੁਸ਼ਟ ਦੂਤ ਅਤੇ ਇਨਸਾਨ ਯਹੋਵਾਹ ਦੀ ਹਕੂਮਤ ਖ਼ਿਲਾਫ਼ ਬਗਾਵਤ ਕਰਦੇ ਆਏ ਹਨ। ਪਰ ਯਹੋਵਾਹ ਨੇ ਕਦੀ ਵੀ ਰਾਜ ਕਰਨਾ ਨਹੀਂ ਛੱਡਿਆ, ਸਗੋਂ ਰਾਜ ਦੀ ਵਾਗਡੋਰ ਹਮੇਸ਼ਾ ਉਸ ਦੇ ਹੱਥਾਂ ਵਿਚ ਰਹੀ ਹੈ। ਨਾਲੇ ਇਕ ਪਿਤਾ ਵਾਂਗ ਉਸ ਨੇ ਨੂਹ, ਅਬਰਾਹਾਮ ਤੇ ਦਾਊਦ ਵਰਗੇ ਆਪਣੇ ਵਫ਼ਾਦਾਰ ਸੇਵਕਾਂ ਦੀ ਬੜੇ ਪਿਆਰ ਨਾਲ ਦੇਖ-ਭਾਲ ਤੇ ਹਿਫਾਜ਼ਤ ਕੀਤੀ ਹੈ। ਕੀ ਇਹ ਜਾਣ ਕੇ ਤੁਸੀਂ ਆਪਣੇ ਰਾਜੇ ਦਾ ਕਹਿਣਾ ਨਹੀਂ ਮੰਨਣਾ ਚਾਹੋਗੇ ਅਤੇ ਉਸ ਦੇ ਹੋਰ ਕਰੀਬ ਨਹੀਂ ਆਉਣਾ ਚਾਹੋਗੇ?

19 ਤਾਂ ਫਿਰ ਕੁਝ ਸਵਾਲ ਖੜ੍ਹੇ ਹੁੰਦੇ ਹਨ: ਯਹੋਵਾਹ ਸਾਡੇ ਜ਼ਮਾਨੇ ਵਿਚ ਰਾਜਾ ਕਿਵੇਂ ਬਣਿਆ ਹੈ? ਅਸੀਂ ਯਹੋਵਾਹ ਦੇ ਰਾਜ ਦਾ ਪੱਖ ਕਿਵੇਂ ਲੈ ਸਕਦੇ ਹਾਂ? ਅਸੀਂ ਮੁਕੰਮਲ ਧੀਆਂ-ਪੁੱਤ ਬਣ ਕੇ ਯਹੋਵਾਹ ਦੇ ਵੱਡੇ ਪਰਿਵਾਰ ਦੇ ਮੈਂਬਰ ਕਿਵੇਂ ਬਣ ਸਕਦੇ ਹਾਂ? ਜਦ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਆਵੇ, ਤਾਂ ਇਸ ਦਾ ਕੀ ਮਤਲਬ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।