Skip to content

Skip to table of contents

ਯਹੋਵਾਹ—ਸਾਡਾ ਦਾਤਾ ਅਤੇ ਰਖਵਾਲਾ

ਯਹੋਵਾਹ—ਸਾਡਾ ਦਾਤਾ ਅਤੇ ਰਖਵਾਲਾ

“ਉਸ ਨੇ ਮੈਨੂੰ ਪਿਆਰ ਕੀਤਾ ਹੈ, ਇਸ ਲਈ ਮੈਂ ਉਸ ਦਾ ਬਚਾ ਕਰਾਂਗਾ; ਉਸ ਨੇ ਮੇਰੇ ਨਾਂ ਨੂੰ ਜਾਣਿਆ ਹੈ, ਇਸ ਲਈ ਮੈਂ ਉਸ ਦੀ ਰਖਿਆ ਕਰਾਂਗਾ।”ਭਜਨ 91:14, CL.

1, 2. ਸਾਡੇ ਸਾਰਿਆਂ ਦੇ ਪਰਿਵਾਰਕ ਹਾਲਾਤ ਇਕ-ਦੂਜੇ ਤੋਂ ਕਿਵੇਂ ਵੱਖਰੇ ਹਨ ਅਤੇ ਅਸੀਂ ਸਾਰਿਆਂ ਨੇ ਸੱਚਾਈ ਨੂੰ ਕਿਵੇਂ ਵੱਖੋ-ਵੱਖਰੇ ਤਰੀਕਿਆਂ ਨਾਲ ਸਿੱਖਿਆ ਹੈ?

ਯਹੋਵਾਹ ਨੇ ਹੀ ਪਰਿਵਾਰ ਦੀ ਸ਼ੁਰੂਆਤ ਕੀਤੀ ਹੈ। (ਅਫ਼. 3:14, 15) ਪਰ ਸਾਰੇ ਪਰਿਵਾਰ ਇੱਕੋ ਜਿਹੇ ਨਹੀਂ ਹੁੰਦੇ ਅਤੇ ਹਰ ਪਰਿਵਾਰ ਦੇ ਮੈਂਬਰਾਂ ਦੀਆਂ ਆਦਤਾਂ ਅਤੇ ਹਾਲਾਤ ਇਕ-ਦੂਜੇ ਤੋਂ ਵੱਖਰੇ ਹੁੰਦੇ ਹਨ। ਹੋ ਸਕਦਾ ਹੈ ਕਿ ਕਈਆਂ ਦੀ ਪਰਵਰਿਸ਼ ਉਨ੍ਹਾਂ ਦੇ ਮਾਪਿਆਂ ਨੇ ਕੀਤੀ ਹੈ। ਹੋਰਨਾਂ ਦੇ ਮਾਪੇ ਸ਼ਾਇਦ ਕਿਸੇ ਬੀਮਾਰੀ ਜਾਂ ਹਾਦਸੇ ਕਾਰਨ ਗੁਜ਼ਰ ਚੁੱਕੇ ਹਨ। ਪਰ ਕਈ ਤਾਂ ਜਾਣਦੇ ਹੀ ਨਹੀਂ ਕਿ ਉਨ੍ਹਾਂ ਦੇ ਮਾਪੇ ਕੌਣ ਹਨ।

2 ਯਹੋਵਾਹ ਦੇ ਸਾਰੇ ਸੇਵਕ ਵੀ ਉਸ ਦੇ ਵੱਡੇ ਪਰਿਵਾਰ ਦਾ ਹਿੱਸਾ ਹਨ ਅਤੇ ਉਨ੍ਹਾਂ ਨੇ ਸੱਚਾਈ ਵੱਖੋ-ਵੱਖਰੇ ਤਰੀਕਿਆਂ ਨਾਲ ਸਿੱਖੀ ਹੈ। ਸ਼ਾਇਦ ਤੁਹਾਡੇ ਮਾਪੇ ਸੱਚਾਈ ਵਿਚ ਹਨ ਅਤੇ ਉਨ੍ਹਾਂ ਨੇ ਤੁਹਾਨੂੰ ਬਚਪਨ ਤੋਂ ਬਾਈਬਲ ਦੇ ਅਸੂਲ ਸਿਖਾਏ ਹਨ। (ਬਿਵ. 6:6, 7) ਜਾਂ ਸ਼ਾਇਦ ਤੁਸੀਂ ਉਨ੍ਹਾਂ ਹਜ਼ਾਰਾਂ ਭੈਣਾਂ-ਭਰਾਵਾਂ ਵਿੱਚੋਂ ਹੋ ਜਿਨ੍ਹਾਂ ਨੇ ਪ੍ਰਚਾਰ ਰਾਹੀਂ ਸੱਚਾਈ ਸਿੱਖੀ ਹੈ।ਰੋਮੀ. 10:13-15; 1 ਤਿਮੋ. 2:3, 4.

3. ਸਾਡੇ ਸਾਰਿਆਂ ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ?

3 ਭਾਵੇਂ ਕਿ ਸਾਡੇ ਸਾਰਿਆਂ ਦੇ ਪਿਛੋਕੜ ਵੱਖੋ-ਵੱਖਰੇ ਹਨ, ਪਰ ਫਿਰ ਵੀ ਸਾਡੇ ਸਾਰਿਆਂ ਵਿਚ ਕੁਝ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਆਦਮ ਦੀ ਅਣਆਗਿਆਕਾਰੀ ਕਰਕੇ ਸਾਨੂੰ ਪਾਪ ਵਿਰਸੇ ਵਿਚ ਮਿਲਿਆ ਹੈ ਜਿਸ ਕਰਕੇ ਸਾਡੇ ਸਾਰਿਆਂ ਵਿਚ ਕਮੀਆਂ-ਕਮਜ਼ੋਰੀਆਂ ਹਨ ਅਤੇ ਸਾਨੂੰ ਮੌਤ ਦਾ ਸਾਮ੍ਹਣਾ ਕਰਨਾ ਪੈਂਦਾ ਹੈ। (ਰੋਮੀ. 5:12) ਤਾਂ ਵੀ ਅਸੀਂ ਯਹੋਵਾਹ ਨੂੰ “ਪਿਤਾ” ਕਹਿ ਕੇ ਬੁਲਾ ਸਕਦੇ ਹਾਂ ਕਿਉਂਕਿ ਉਸ ਨੂੰ ਸਾਡੀ ਭਗਤੀ ਮਨਜ਼ੂਰ ਹੈ। ਪੁਰਾਣੇ  ਸਮੇਂ ਵਿਚ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਵੀ ਯਸਾਯਾਹ 64:8 ਵਿਚ ਲਿਖੀ ਇਹ ਗੱਲ ਕਹਿ ਸਕੇ: “ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ।” ਨਾਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਇੱਦਾਂ ਪ੍ਰਾਰਥਨਾ ਕਰਨੀ ਸਿਖਾਈ ਕਿ “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।”ਮੱਤੀ 6:9.

4, 5. ਆਪਣੇ ਪਿਤਾ ਯਹੋਵਾਹ ਨਾਲ ਪਿਆਰ ਗੂੜ੍ਹਾ ਕਰਨ ਲਈ ਅਸੀਂ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?

4 ਅਸੀਂ ਨਿਹਚਾ ਨਾਲ ਯਹੋਵਾਹ ਦਾ ਨਾਂ ਲੈਂਦੇ ਹਾਂ ਜਿਸ ਕਰਕੇ ਸਾਡਾ ਸਵਰਗੀ ਪਿਤਾ ਸਾਡੀ ਹਰ ਲੋੜ ਪੂਰੀ ਕਰਦਾ ਹੈ ਅਤੇ ਸਾਡੀ ਹਿਫਾਜ਼ਤ ਕਰਦਾ ਹੈ। ਜ਼ਬੂਰਾਂ ਦੇ ਲਿਖਾਰੀ ਰਾਹੀਂ ਯਹੋਵਾਹ ਕਹਿੰਦਾ ਹੈ: “ਉਸ [ਪਰਮੇਸ਼ੁਰ ਦੇ ਸੇਵਕ] ਨੇ ਮੈਨੂੰ ਪਿਆਰ ਕੀਤਾ ਹੈ, ਇਸ ਲਈ ਮੈਂ ਉਸ ਦਾ ਬਚਾ ਕਰਾਂਗਾ; ਉਸ ਨੇ ਮੇਰੇ ਨਾਂ ਨੂੰ ਜਾਣਿਆ ਹੈ, ਇਸ ਲਈ ਮੈਂ ਉਸ ਦੀ ਰਖਿਆ ਕਰਾਂਗਾ।” (ਭਜਨ 91:14, CL) ਸੱਚ-ਮੁੱਚ ਯਹੋਵਾਹ ਬੜੇ ਪਿਆਰ ਨਾਲ ਆਪਣੇ ਲੋਕਾਂ ਨੂੰ ਦੁਸ਼ਮਣਾਂ ਤੋਂ ਬਚਾਉਂਦਾ ਹੈ ਤਾਂਕਿ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਨਾ ਜਾਵੇ।

5 ਆਪਣੇ ਸਵਰਗੀ ਪਿਤਾ ਨਾਲ ਪਿਆਰ ਗੂੜ੍ਹਾ ਕਰਨ ਲਈ ਅਸੀਂ ਤਿੰਨ ਗੱਲਾਂ ’ਤੇ ਗੌਰ ਕਰਾਂਗੇ: (1) ਸਾਡਾ ਪਿਤਾ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ। (2) ਯਹੋਵਾਹ ਸਾਡਾ ਰਖਵਾਲਾ ਹੈ ਅਤੇ (3) ਪਰਮੇਸ਼ੁਰ ਸਾਡਾ ਜਿਗਰੀ ਦੋਸਤ ਵੀ ਹੈ। ਇਨ੍ਹਾਂ ਗੱਲਾਂ ’ਤੇ ਗੌਰ ਕਰਦਿਆਂ ਸੋਚੋ ਕਿ ਤੁਹਾਡਾ ਰਿਸ਼ਤਾ ਪਰਮੇਸ਼ੁਰ ਨਾਲ ਕਿਹੋ ਜਿਹਾ ਹੈ ਅਤੇ ਸਿੱਖੋ ਕਿ ਤੁਸੀਂ ਆਪਣੇ ਪਿਤਾ ਦੀ ਵਡਿਆਈ ਕਿੱਦਾਂ ਕਰ ਸਕਦੇ ਹੋ। ਨਾਲੇ ਸੋਚੋ ਕਿ ਯਹੋਵਾਹ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਦੇਵੇਗਾ ਜੋ ਉਸ ਦੇ ਨੇੜੇ ਆਉਂਦੇ ਹਨ।ਯਾਕੂ. 4:8.

ਯਹੋਵਾਹ ਸਾਡਾ ਦਾਤਾ ਹੈ

6. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਸਾਨੂੰ “ਹਰ ਚੰਗੀ ਦਾਤ” ਦਿੰਦਾ ਹੈ?

6 ਯਾਕੂਬ ਨੇ ਲਿਖਿਆ: “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ ਉੱਪਰੋਂ, ਯਾਨੀ ਆਕਾਸ਼ ਦੀਆਂ ਜੋਤਾਂ ਦੇ ਸਿਰਜਣਹਾਰ ਤੋਂ ਮਿਲਦੀ ਹੈ।” (ਯਾਕੂ. 1:17) ਸਾਡੀ ਜ਼ਿੰਦਗੀ ਯਹੋਵਾਹ ਵੱਲੋਂ ਇਕ ਕੀਮਤੀ ਤੋਹਫ਼ਾ ਹੈ। (ਜ਼ਬੂ. 36:9) ਜੇ ਅਸੀਂ ਆਪਣੀ ਜ਼ਿੰਦਗੀ ਯਹੋਵਾਹ ਦੀ ਇੱਛਾ ਪੂਰੀ ਕਰਨ ਵਿਚ ਲਾਉਂਦੇ ਹਾਂ, ਤਾਂ ਨਾ ਸਿਰਫ਼ ਸਾਨੂੰ ਹੁਣ ਅਸੀਸਾਂ ਮਿਲਣਗੀਆਂ, ਸਗੋਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਕਹਾ. 10:22; 2 ਪਤ. 3:13) ਪਰ ਇਹ ਕਿੱਦਾਂ ਮੁਮਕਿਨ ਹੋ ਸਕਦਾ ਹੈ ਕਿਉਂਕਿ ਸਾਨੂੰ ਤਾਂ ਆਦਮ ਤੋਂ ਵਿਰਸੇ ਵਿਚ ਪਾਪ ਅਤੇ ਮੌਤ ਮਿਲੀ ਹੈ?

7. ਪਰਮੇਸ਼ੁਰ ਨੇ ਕਿਹੜਾ ਰਸਤਾ ਖੋਲ੍ਹਿਆ ਤਾਂਕਿ ਅਸੀਂ ਉਸ ਨਾਲ ਕਰੀਬੀ ਰਿਸ਼ਤਾ ਜੋੜ ਸਕੀਏ?

7 ਸਾਡਾ ਦਾਤਾ ਯਹੋਵਾਹ ਸਾਡੀ ਹਰ ਜ਼ਰੂਰਤ ਪੂਰੀ ਕਰਦਾ ਹੈ ਜਿਸ ਦਾ ਸ਼ਾਇਦ ਸਾਨੂੰ ਕਦੀ-ਕਦੀ ਅਹਿਸਾਸ ਵੀ ਨਹੀਂ ਹੁੰਦਾ। ਮਿਸਾਲ ਲਈ, ਅਸੀਂ ਸਾਰੇ ਆਦਮ ਦੀ ਔਲਾਦ ਹੋਣ ਕਰਕੇ ਗ਼ਲਤੀਆਂ ਦੇ ਪੁਤਲੇ ਹਾਂ, ਪਰ ਫਿਰ ਵੀ ਯਹੋਵਾਹ ਆਪਣੀ ਅਪਾਰ ਕਿਰਪਾ ਕਾਰਨ ਸਾਨੂੰ ਬਚਾਉਂਦਾ ਹੈ। (ਰੋਮੀ. 3:23) ਉਹ ਸਾਨੂੰ ਇੰਨਾ ਪਿਆਰ ਕਰਦਾ ਹੈ ਕਿ ਉਸ ਨੇ ਸਾਡੇ ਲਈ ਇਕ ਰਸਤਾ ਖੋਲ੍ਹਿਆ ਤਾਂਕਿ ਅਸੀਂ ਉਸ ਨਾਲ ਕਰੀਬੀ ਰਿਸ਼ਤਾ ਜੋੜ ਸਕੀਏ। ਯੂਹੰਨਾ ਰਸੂਲ ਨੇ ਲਿਖਿਆ: “ਸਾਡੇ ਲਈ ਪਰਮੇਸ਼ੁਰ ਦਾ ਪਿਆਰ ਇਸ ਤਰ੍ਹਾਂ ਜ਼ਾਹਰ ਹੋਇਆ ਸੀ ਕਿ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਦੁਨੀਆਂ ਵਿਚ ਘੱਲਿਆ ਤਾਂਕਿ ਉਸ ਰਾਹੀਂ ਸਾਨੂੰ ਜ਼ਿੰਦਗੀ ਮਿਲੇ। ਪਰਮੇਸ਼ੁਰ ਨੇ ਆਪਣਾ ਪਿਆਰ ਇਸ ਕਰਕੇ ਜ਼ਾਹਰ ਨਹੀਂ ਕੀਤਾ ਕਿ ਅਸੀਂ ਉਸ ਨੂੰ ਪਿਆਰ ਕੀਤਾ, ਸਗੋਂ ਉਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਪਾਪਾਂ ਲਈ ਕੁਰਬਾਨੀ ਦੇਣ ਵਾਸਤੇ ਆਪਣੇ ਪੁੱਤਰ ਨੂੰ ਘੱਲਿਆ, ਤਾਂਕਿ ਸਾਡੀ ਉਸ ਨਾਲ ਸੁਲ੍ਹਾ ਹੋ ਸਕੇ।”1 ਯੂਹੰ. 4:9, 10.

8, 9. ਯਹੋਵਾਹ ਅਬਰਾਹਾਮ ਤੇ ਇਸਹਾਕ ਦੇ ਜ਼ਮਾਨੇ ਵਿਚ ਦਾਤਾ ਕਿਵੇਂ ਬਣਿਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

8 ਗੌਰ ਕਰੋ ਕਿ 1893 ਈਸਵੀ ਪੂਰਵ ਵਿਚ ਅਬਰਾਹਾਮ ਦੀ ਜ਼ਿੰਦਗੀ ਵਿਚ ਕਿਹੜੀ ਖ਼ਾਸ ਘਟਨਾ ਵਾਪਰੀ। ਇਸ ਤੋਂ ਪਤਾ ਲੱਗਿਆ ਕਿ ਭਵਿੱਖ ਵਿਚ ਯਹੋਵਾਹ ਨੇ ਆਪਣੇ ਪਿਆਰ ਸਦਕਾ ਵਫ਼ਾਦਾਰ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਕਿਵੇਂ ਦੇਣੀ ਸੀ। ਇਬਰਾਨੀਆਂ 11:17-19 ਵਿਚ ਲਿਖਿਆ ਹੈ: “ਨਿਹਚਾ ਨਾਲ ਅਬਰਾਹਾਮ ਨੇ, ਜਦੋਂ ਪਰਮੇਸ਼ੁਰ ਨੇ ਉਸ ਦੀ ਪਰੀਖਿਆ ਲਈ ਸੀ, ਆਪਣੇ ਵੱਲੋਂ ਤਾਂ ਇਸਹਾਕ ਦੀ ਬਲ਼ੀ ਦੇ ਹੀ ਦਿੱਤੀ ਸੀ; ਅਬਰਾਹਾਮ, ਜਿਸ ਨੇ ਖ਼ੁਸ਼ੀ-ਖ਼ੁਸ਼ੀ ਵਾਅਦਿਆਂ ’ਤੇ ਵਿਸ਼ਵਾਸ ਕੀਤਾ ਸੀ, ਆਪਣੇ ਇੱਕੋ-ਇਕ ਪੁੱਤਰ ਦੀ ਬਲ਼ੀ ਦੇਣ ਲਈ ਤਿਆਰ ਹੋ ਗਿਆ ਸੀ, ਭਾਵੇਂ ਉਸ ਨੂੰ ਇਹ ਕਿਹਾ ਗਿਆ ਸੀ: ‘ਜਿਹੜੇ ਲੋਕ “ਤੇਰੀ ਸੰਤਾਨ” ਕਹਾਏ ਜਾਣਗੇ, ਉਹ ਇਸਹਾਕ ਰਾਹੀਂ ਪੈਦਾ ਹੋਣਗੇ।’ ਪਰ ਉਸ ਨੇ ਮੰਨਿਆ ਕਿ ਪਰਮੇਸ਼ੁਰ ਉਸ ਦੇ ਪੁੱਤਰ ਨੂੰ ਮਰੇ ਹੋਏ ਲੋਕਾਂ ਵਿੱਚੋਂ ਦੁਬਾਰਾ ਜੀਉਂਦਾ ਕਰ ਸਕਦਾ ਸੀ; ਅਤੇ ਇਕ ਤਰੀਕੇ ਨਾਲ ਕਿਹਾ ਜਾ ਸਕਦਾ ਹੈ ਕਿ ਉਸ ਨੂੰ ਆਪਣਾ ਪੁੱਤਰ ਮੌਤ ਦੇ ਮੂੰਹੋਂ ਮਿਲਿਆ, ਜੋ ਕਿ ਆਉਣ ਵਾਲੀਆਂ ਗੱਲਾਂ ਦੀ ਇਕ ਮਿਸਾਲ ਸੀ।” ਜਿੱਦਾਂ ਅਬਰਾਹਾਮ ਆਪਣੇ ਪੁੱਤਰ ਇਸਹਾਕ ਦੀ ਕੁਰਬਾਨੀ ਦੇਣ ਲਈ ਤਿਆਰ ਸੀ, ਉੱਦਾਂ ਹੀ ਯਹੋਵਾਹ ਸਾਰੇ ਲੋਕਾਂ ਲਈ ਖ਼ੁਸ਼ੀ-ਖ਼ੁਸ਼ੀ ਆਪਣੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਦੇਣ ਲਈ ਤਿਆਰ ਸੀ ਤੇ ਉਸ ਨੇ ਦੇ ਵੀ ਦਿੱਤੀ।ਯੂਹੰਨਾ 3:16, 36 ਪੜ੍ਹੋ।

 9 ਇਸਹਾਕ ਨੇ ਪਰਮੇਸ਼ੁਰ ਦਾ ਲੱਖ-ਲੱਖ ਸ਼ੁਕਰ ਕੀਤਾ ਹੋਣਾ ਕਿ ਉਸ ਨੂੰ ਆਪਣੀ ਜਾਨ ਕੁਰਬਾਨ ਨਹੀਂ ਕਰਨੀ ਪਈ! ਉਹ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਉਸ ਦੀ ਥਾਂ ਪਰਮੇਸ਼ੁਰ ਨੇ ਇਕ ਜਾਨਵਰ ਦੀ ਬਲ਼ੀ ਦਾ ਪ੍ਰਬੰਧ ਕੀਤਾ ਜੋ ਨੇੜਲੀ ਝਾੜੀ ਵਿਚ ਫਸਿਆ ਹੋਇਆ ਸੀ। (ਉਤ. 22:10-13) ਅਬਰਾਹਾਮ ਨੇ ਉਸ ਜਗ੍ਹਾ ਦਾ ਨਾਂ “ਯਹੋਵਾਹ ਯਿਰਹ” ਰੱਖਿਆ ਜਿਸ ਦਾ ਇਬਰਾਨੀ ਭਾਸ਼ਾ ਵਿਚ ਮਤਲਬ ਹੈ ਕਿ “ਯਹੋਵਾਹ ਹਰ ਲੋੜ ਪੂਰੀ ਕਰੇਗਾ।”ਉਤ. 22:14.

ਪਰਮੇਸ਼ੁਰ ਨਾਲ ਸੁਲ੍ਹਾ ਕਰਨ ਦਾ ਇੰਤਜ਼ਾਮ

10, 11. ਕਿਨ੍ਹਾਂ ਨੇ ‘ਪਰਮੇਸ਼ੁਰ ਨਾਲ ਸੁਲ੍ਹਾ ਕਰਨ ਦੇ ਕੰਮ’ ਵਿਚ ਅਗਵਾਈ ਕੀਤੀ ਹੈ ਅਤੇ ਕਿਵੇਂ?

10 ਜਦੋਂ ਅਸੀਂ ਇਸ ਗੱਲ ’ਤੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਨੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਕੀ ਕੁਝ ਕੀਤਾ ਹੈ, ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਯਿਸੂ ਦੀ ਕੁਰਬਾਨੀ ਤੋਂ ਬਿਨਾਂ ਅਸੀਂ ਯਹੋਵਾਹ ਨਾਲ ਸੁਲ੍ਹਾ ਨਹੀਂ ਕਰ ਸਕਦੇ ਸੀ। ਪੌਲੁਸ ਨੇ ਇਹ ਗੱਲ ਸਮਝਾਈ: “ਅਸੀਂ ਇਹੀ ਸਿੱਟਾ ਕੱਢਿਆ ਹੈ ਕਿ ਇਕ ਆਦਮੀ ਸਾਰਿਆਂ ਦੀ ਖ਼ਾਤਰ ਮਰਿਆ; ਕਿਉਂਕਿ ਸਾਰੇ ਲੋਕ ਪਹਿਲਾਂ ਹੀ ਮਰ ਚੁੱਕੇ ਸਨ; ਅਤੇ ਉਹ ਸਾਰਿਆਂ ਦੀ ਖ਼ਾਤਰ ਮਰਿਆ ਤਾਂਕਿ ਜਿਹੜੇ ਜੀ ਰਹੇ ਹਨ, ਉਹ ਅੱਗੇ ਤੋਂ ਆਪਣੇ ਲਈ ਨਾ ਜੀਉਣ, ਸਗੋਂ ਉਸ ਲਈ ਜੀਉਣ ਜੋ ਉਨ੍ਹਾਂ ਦੀ ਖ਼ਾਤਰ ਮਰਿਆ ਅਤੇ ਦੁਬਾਰਾ ਜੀਉਂਦਾ ਕੀਤਾ ਗਿਆ ਸੀ।”2 ਕੁਰਿੰ. 5:14, 15.

11 ਪਹਿਲੀ ਸਦੀ ਦੇ ਮਸੀਹੀ ਪਰਮੇਸ਼ੁਰ ਨੂੰ ਪਿਆਰ ਕਰਦੇ ਸਨ ਅਤੇ ਬਹੁਤ ਸ਼ੁਕਰਗੁਜ਼ਾਰ ਸਨ ਕਿ ਉਸ ਨੇ ਉਨ੍ਹਾਂ ਨੂੰ ਆਪਣੀ ਸੇਵਾ ਕਰਨ ਦਾ ਮਾਣ ਬਖ਼ਸ਼ਿਆ ਸੀ। ਇਸ ਲਈ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਲੋਕਾਂ ਦੀ ਪਰਮੇਸ਼ੁਰ ਨਾਲ “ਸੁਲ੍ਹਾ ਕਰਾਉਣ ਦਾ ਕੰਮ” ਕਬੂਲ ਕੀਤਾ। ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਰਾਹੀਂ ਨੇਕਦਿਲ ਲੋਕਾਂ ਲਈ ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਦਾ ਦਰਵਾਜ਼ਾ ਖੁੱਲ੍ਹ ਗਿਆ। ਇੱਦਾਂ ਉਹ ਪਰਮੇਸ਼ੁਰ ਦੇ ਦੋਸਤ ਅਤੇ ਆਖ਼ਰ ਵਿਚ ਸਵਰਗ ਵਿਚ ਉਸ ਦੇ ਬੱਚੇ ਬਣ ਸਕਦੇ ਸਨ। ਅੱਜ ਚੁਣੇ ਹੋਏ ਮਸੀਹੀ ਯਹੋਵਾਹ ਅਤੇ ਮਸੀਹ ਦੇ ਰਾਜਦੂਤਾਂ ਵਜੋਂ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਲਈ ਲੋਕਾਂ ਦੀ ਮਦਦ ਕਰਦੇ ਹਨ। ਉਨ੍ਹਾਂ ਦੇ ਪ੍ਰਚਾਰ ਰਾਹੀਂ ਬਹੁਤ ਸਾਰੇ ਨੇਕਦਿਲ ਲੋਕਾਂ ਲਈ ਯਹੋਵਾਹ ਦੇ ਨੇੜੇ ਆਉਣਾ ਅਤੇ ਉਸ ਦੇ ਸੇਵਕ ਬਣਨਾ ਮੁਮਕਿਨ ਹੋਇਆ ਹੈ।2 ਕੁਰਿੰਥੀਆਂ 5:18-20 ਪੜ੍ਹੋ; ਯੂਹੰ. 6:44; ਰਸੂ. 13:48.

12, 13. ਅਸੀਂ ਯਹੋਵਾਹ ਦੇ ਇੰਤਜ਼ਾਮਾਂ ਲਈ ਕਦਰ ਕਿੱਦਾਂ ਦਿਖਾ ਸਕਦੇ ਹਾਂ?

12 ਹੋਰ ਭੇਡਾਂ ਵੀ ਆਪਣੇ ਦਾਤੇ ਯਹੋਵਾਹ ਦੀਆਂ ਬਹੁਤ ਸ਼ੁਕਰਗੁਜ਼ਾਰ ਹਨ, ਇਸ ਲਈ ਉਹ ਚੁਣੇ ਹੋਇਆਂ ਨਾਲ ਮਿਲ ਕੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੀਆਂ ਹਨ। ਅਸੀਂ ਪ੍ਰਚਾਰ ਵਿਚ ਪਰਮੇਸ਼ੁਰ ਵੱਲੋਂ ਮਿਲਿਆ ਇਕ ਹੋਰ ਸ਼ਾਨਦਾਰ ਤੋਹਫ਼ਾ ਬਾਈਬਲ ਵਰਤਦੇ ਹਾਂ। (2 ਤਿਮੋ. 3:16, 17) ਪਰਮੇਸ਼ੁਰ ਦੇ ਬਚਨ ਨੂੰ ਵਧੀਆ ਢੰਗ ਨਾਲ ਇਸਤੇਮਾਲ ਕਰ ਕੇ ਅਸੀਂ ਦੂਸਰਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦਿੰਦੇ ਹਾਂ। ਯਹੋਵਾਹ ਸਾਨੂੰ ਆਪਣੀ ਪਵਿੱਤਰ ਸ਼ਕਤੀ ਵੀ ਤੋਹਫ਼ੇ ਵਜੋਂ ਦਿੰਦਾ ਹੈ ਜਿਸ ਦੇ ਸਹਾਰੇ ਅਸੀਂ ਪ੍ਰਚਾਰ ਦਾ ਕੰਮ ਪੂਰਾ ਕਰ ਪਾਉਂਦੇ ਹਾਂ। (ਜ਼ਕ. 4:6; ਲੂਕਾ 11:13) ਹਰ ਸਾਲ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ) ਤੋਂ ਸਾਨੂੰ ਸਬੂਤ ਮਿਲਦਾ ਹੈ ਕਿ ਪ੍ਰਚਾਰ ਦਾ ਕੰਮ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ। ਇਹ ਸਾਡੇ ਲਈ ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਇਸ ਕੰਮ ਵਿਚ ਹਿੱਸਾ ਲੈ ਕੇ ਆਪਣੇ ਪਿਤਾ ਅਤੇ ਦਾਤੇ ਯਹੋਵਾਹ ਦੀ ਵਡਿਆਈ ਕਰਦੇ ਹਾਂ!

13 ਸੱਚ-ਮੁੱਚ ਪਰਮੇਸ਼ੁਰ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ। ਤਾਂ ਫਿਰ ਖ਼ੁਦ ਨੂੰ ਪੁੱਛੋ: ‘ਕੀ ਮੈਂ ਜੀ-ਜਾਨ ਨਾਲ ਪ੍ਰਚਾਰ ਕਰ ਕੇ ਦਿਖਾਉਂਦਾ ਹਾਂ ਕਿ ਮੈਂ ਯਹੋਵਾਹ ਦੇ ਸਾਰੇ ਤੋਹਫ਼ਿਆਂ ਲਈ ਉਸ ਦਾ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ? ਮੈਂ ਹੋਰ ਕਿਹੜੇ ਵਧੀਆ ਤਰੀਕਿਆਂ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਦਾ ਹਾਂ?’ ਅਸੀਂ ਰਾਜ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਕੇ ਦਿਖਾ ਸਕਦੇ ਹਾਂ ਕਿ ਸਾਨੂੰ ਪਰਮੇਸ਼ੁਰ ਦੇ ਇੰਤਜ਼ਾਮਾਂ ਦੀ ਕਦਰ ਹੈ। ਇੱਦਾਂ ਕਰਨ ਨਾਲ ਯਹੋਵਾਹ ਸਾਡੀ ਹਰ ਲੋੜ ਪੂਰੀ ਕਰੇਗਾ। (ਮੱਤੀ 6:25-33) ਵਾਕਈ, ਯਹੋਵਾਹ ਬੜੇ ਪਿਆਰ ਨਾਲ ਸਾਡੀ ਦੇਖ-ਭਾਲ ਕਰਦਾ ਹੈ, ਇਸ ਲਈ ਸਾਨੂੰ ਉਸ ਦੀ ਸੇਵਾ ਵਿਚ ਪੂਰੀ ਵਾਹ ਲਾ ਕੇ ਉਸ ਦਾ ਦਿਲ ਖ਼ੁਸ਼ ਕਰਨਾ ਚਾਹੀਦਾ ਹੈ।ਕਹਾ. 27:11.

14. ਯਹੋਵਾਹ ਆਪਣੇ ਲੋਕਾਂ ਦਾ ਛੁਡਾਉਣ ਵਾਲਾ ਕਿੱਦਾਂ ਸਾਬਤ ਹੋਇਆ ਹੈ?

14 ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਮੈਂ ਤਾਂ ਮਸਕੀਨ ਤੇ ਕੰਗਾਲ ਹਾਂ, ਤਾਂ ਵੀ ਯਹੋਵਾਹ ਮੇਰੀ ਚਿੰਤਾ ਕਰਦਾ ਹੈ। ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛੁਡਾਉਣ ਵਾਲਾ ਹੈਂ।” (ਜ਼ਬੂ. 40:17) ਯਹੋਵਾਹ ਨੇ ਵਾਰ-ਵਾਰ ਆਪਣੇ ਲੋਕਾਂ ਨੂੰ ਦੁਸ਼ਮਣਾਂ ਦੇ ਹੱਥੋਂ ਛੁਡਾਇਆ ਹੈ ਤਾਂਕਿ ਉਨ੍ਹਾਂ ਦਾ ਨਾਮੋ-ਨਿਸ਼ਾਨ ਨਾ ਮਿਟ ਜਾਵੇ। ਖ਼ਾਸਕਰ ਉਹ ਆਪਣੇ ਸੇਵਕਾਂ ਦੀ ਉਸ ਵਕਤ ਹਿਫਾਜ਼ਤ ਕਰਦਾ ਹੈ ਜਦ ਉਹ ਡਾਢਾ ਅਤਿਆਚਾਰ ਸਹਿੰਦੇ ਹਨ। ਅਸੀਂ ਯਹੋਵਾਹ ਦੇ ਕਿੰਨੇ ਧੰਨਵਾਦੀ ਹਾਂ ਕਿ ਉਹ ਹਮੇਸ਼ਾ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ ਤਾਂਕਿ ਅਸੀਂ ਔਖੇ ਹਾਲਾਤਾਂ ਵਿਚ ਵਫ਼ਾਦਾਰ ਰਹਿ ਸਕੀਏ!

 ਯਹੋਵਾਹ ਹਿਫਾਜ਼ਤ ਕਰਦਾ ਹੈ

15. ਮਿਸਾਲ ਦੇ ਕੇ ਸਮਝਾਓ ਕਿ ਇਕ ਪਿਤਾ ਨੇ ਆਪਣੇ ਬੱਚੇ ਨੂੰ ਕਿਵੇਂ ਬਚਾਇਆ।

15 ਇਕ ਪਿਆਰ ਕਰਨ ਵਾਲਾ ਪਿਤਾ ਸਿਰਫ਼ ਆਪਣੇ ਬੱਚਿਆਂ ਦੀਆਂ ਲੋੜਾਂ ਹੀ ਪੂਰੀਆਂ ਨਹੀਂ ਕਰਦਾ, ਸਗੋਂ ਉਨ੍ਹਾਂ ਦੀ ਰਾਖੀ ਵੀ ਕਰਦਾ ਹੈ। ਉਹ ਉਨ੍ਹਾਂ ਨੂੰ ਹਰ ਖ਼ਤਰੇ ਤੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਜ਼ਰਾ ਇਕ ਭਰਾ ਦੀ ਮਿਸਾਲ ’ਤੇ ਗੌਰ ਕਰੋ। ਜਦ ਉਹ ਛੋਟਾ ਸੀ, ਤਾਂ ਉਹ ਆਪਣੇ ਪਿਤਾ ਨਾਲ ਪ੍ਰਚਾਰ ਤੋਂ ਘਰ ਵਾਪਸ ਆ ਰਿਹਾ ਸੀ। ਰਸਤੇ ਵਿਚ ਉਨ੍ਹਾਂ ਨੂੰ ਇਕ ਨਦੀ ਪਾਰ ਕਰਨੀ ਪਈ, ਪਰ ਸਵੇਰੇ ਭਾਰੀ ਮੀਂਹ ਪੈਣ ਕਾਰਨ ਨਦੀ ਪਾਣੀ ਨਾਲ ਨੱਕੋ-ਨੱਕ ਭਰੀ ਹੋਈ ਸੀ। ਨਦੀ ਪਾਰ ਕਰਨ ਲਈ ਉਨ੍ਹਾਂ ਨੂੰ ਪਾਣੀ ਵਿਚ ਪਏ ਪੱਥਰਾਂ ਉੱਤੇ ਤੁਰਨਾ ਪਿਆ। ਆਪਣੇ ਪਿਤਾ ਦੇ ਅੱਗੇ-ਅੱਗੇ ਜਾਂਦਿਆਂ ਅਚਾਨਕ ਉਸ ਦਾ ਪੈਰ ਇਕ ਪੱਥਰ ਤੋਂ ਫਿਸਲ ਗਿਆ ਅਤੇ ਉਹ ਵਗਦੇ ਪਾਣੀ ਵਿਚ ਡਿਗ ਗਿਆ। ਪਰ ਉਸ ਦੀ ਜਾਨ ਵਿਚ ਜਾਨ ਆ ਗਈ ਜਦ ਉਸ ਦੇ ਪਿਤਾ ਨੇ ਜਲਦੀ ਨਾਲ ਉਸ ਨੂੰ ਮੋਢੇ ਤੋਂ ਫੜ ਲਿਆ ਅਤੇ ਉਹ ਡੁੱਬਦੇ-ਡੁੱਬਦੇ ਬਚ ਗਿਆ! ਇਸੇ ਤਰ੍ਹਾਂ ਸਾਡਾ ਸਵਰਗੀ ਪਿਤਾ ਸਾਨੂੰ ਇਸ ਬੁਰੀ ਦੁਨੀਆਂ ਅਤੇ ਇਸ ਦੇ ਹਾਕਮ ਸ਼ੈਤਾਨ ਵੱਲੋਂ ਆਉਂਦੀਆਂ ਤੂਫ਼ਾਨ ਵਰਗੀਆਂ ਮੁਸ਼ਕਲਾਂ ਤੋਂ ਬਚਾਉਂਦਾ ਹੈ। ਵਾਕਈ, ਯਹੋਵਾਹ ਦੀ ਤਰ੍ਹਾਂ ਹੋਰ ਕੋਈ ਵੀ ਸਾਡੀ ਰਖਵਾਲੀ ਨਹੀਂ ਕਰ ਸਕਦਾ।ਮੱਤੀ 6:13; 1 ਯੂਹੰ. 5:19.

16, 17. ਅਮਾਲੇਕੀਆਂ ਨਾਲ ਲੜਦੇ ਵੇਲੇ ਯਹੋਵਾਹ ਨੇ ਇਜ਼ਰਾਈਲੀਆਂ ਦੀ ਮਦਦ ਤੇ ਸੁਰੱਖਿਆ ਕਿਵੇਂ ਕੀਤੀ?

16 ਗੌਰ ਕਰੋ ਕਿ ਯਹੋਵਾਹ ਨੇ 1513 ਈਸਵੀ ਪੂਰਵ ਵਿਚ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ। ਉਸ ਨੇ ਇਜ਼ਰਾਈਲੀਆਂ ਨੂੰ ਗ਼ੁਲਾਮੀ ਵਿੱਚੋਂ ਛੁਡਾ ਕੇ ਸਹੀ-ਸਲਾਮਤ ਲਾਲ ਸਾਗਰ ਪਾਰ ਕਰਾਇਆ। ਫਿਰ ਉਹ ਸੀਨਈ ਪਹਾੜ ਵੱਲ ਜਾਂਦਿਆਂ ਰਫ਼ੀਦੀਮ ਨਾਂ ਦੀ ਥਾਂ ਪਹੁੰਚੇ।

17 ਉਸ ਵੇਲੇ ਉਤਪਤ 3:15 ਦੀ ਭਵਿੱਖਬਾਣੀ ਅਜੇ ਪੂਰੀ ਨਹੀਂ ਹੋਈ ਸੀ। ਇਸ ਲਈ ਸ਼ੈਤਾਨ ਅਜਿਹੇ ਮੌਕੇ ਦੀ ਤਲਾਸ਼ ਵਿਚ ਹੋਣਾ ਕਿ ਉਹ ਬੇਸਹਾਰਾ ਨਜ਼ਰ ਆ ਰਹੇ ਇਜ਼ਰਾਈਲੀਆਂ ਨੂੰ ਖ਼ਤਮ ਕਰ ਸਕੇ। ਆਪਣੇ ਇਸ ਮਕਸਦ ਨੂੰ ਅੰਜਾਮ ਦੇਣ ਲਈ ਉਸ ਨੇ ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣਾਂ ਅਮਾਲੇਕੀਆਂ ਨੂੰ ਵਰਤਿਆ। (ਗਿਣ. 24:20) ਪਰ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ? ਉਸ ਨੇ ਚਾਰ ਵਫ਼ਾਦਾਰ ਇਨਸਾਨਾਂ ਯਾਨੀ ਯਹੋਸ਼ੁਆ, ਮੂਸਾ, ਹਾਰੂਨ ਅਤੇ ਹੂਰ ਨੂੰ ਵਰਤਿਆ। ਜਦ ਯਹੋਸ਼ੁਆ ਅਤੇ ਉਸ ਦੇ ਸਾਥੀ ਅਮਾਲੇਕੀਆਂ ਨਾਲ ਲੜ ਰਹੇ ਸਨ, ਤਾਂ ਮੂਸਾ, ਹਾਰੂਨ ਅਤੇ  ਹੂਰ ਨੇੜੇ ਇਕ ਪਹਾੜੀ ਉੱਤੇ ਖੜ੍ਹੇ ਸਨ। ਜਦ ਤਕ ਮੂਸਾ ਆਪਣੇ ਹੱਥ ਉੱਤੇ ਚੁੱਕਦਾ ਸੀ ਤਦ ਤਕ ਯਹੋਵਾਹ ਇਜ਼ਰਾਈਲੀਆਂ ਦੀ ਆਪਣੇ ਦੁਸ਼ਮਣਾਂ ਉੱਤੇ ਜਿੱਤ ਹਾਸਲ ਕਰਨ ਵਿਚ ਮਦਦ ਕਰਦਾ ਸੀ। ਪਰ ਜਦ ਮੂਸਾ ਥੱਕ ਜਾਂਦਾ ਸੀ, ਤਾਂ ਉਦੋਂ ਹਾਰੂਨ ਤੇ ਹੂਰ ਉਸ ਦੇ ਹੱਥਾਂ ਨੂੰ ਸਹਾਰਾ ਦੇ ਕੇ ਖੜ੍ਹੇ ਰੱਖਦੇ ਸਨ। ਸੋ ਯਹੋਵਾਹ ਦੀ ਮਦਦ ਅਤੇ ਸੁਰੱਖਿਆ ਕਰਕੇ “ਯਹੋਸ਼ੁਆ ਨੇ ਅਮਾਲੇਕ ਅਤੇ ਉਸ ਦੇ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ।” (ਕੂਚ 17:8-13) ਫਿਰ ਮੂਸਾ ਨੇ ਉੱਥੇ ਇਕ ਵੇਦੀ ਬਣਾਈ ਅਤੇ ਉਸ ਜਗ੍ਹਾ ਦਾ ਨਾਂ “ਯਹੋਵਾਹ ਨਿੱਸੀ” ਰੱਖਿਆ ਜਿਸ ਦਾ ਇਬਰਾਨੀ ਭਾਸ਼ਾ ਵਿਚ ਮਤਲਬ ਹੈ “ਯਹੋਵਾਹ ਮੇਰਾ ਝੰਡਾ ਹੈ।”ਕੂਚ 17:14, 15 ਪੜ੍ਹੋ।

ਸ਼ੈਤਾਨ ਦੇ ਹਮਲਿਆਂ ਤੋਂ ਹਿਫਾਜ਼ਤ

18, 19. ਸਾਡੇ ਸਮੇਂ ਵਿਚ ਪਰਮੇਸ਼ੁਰ ਨੇ ਆਪਣੇ ਸੇਵਕਾਂ ਦੀ ਕਿਵੇਂ ਰੱਖਿਆ ਕੀਤੀ ਹੈ?

18 ਯਹੋਵਾਹ ਉਨ੍ਹਾਂ ਦੀ ਰਾਖੀ ਕਰਦਾ ਹੈ ਜੋ ਉਸ ਦਾ ਕਹਿਣਾ ਮੰਨਦੇ ਹਨ ਅਤੇ ਉਸ ਨੂੰ ਪਿਆਰ ਕਰਦੇ ਹਨ। ਰਫ਼ੀਦੀਮ ਵਿਚ ਇਜ਼ਰਾਈਲੀਆਂ ਦੀ ਤਰ੍ਹਾਂ ਸਾਨੂੰ ਵੀ ਪਰਮੇਸ਼ੁਰ ’ਤੇ ਪੂਰਾ ਭਰੋਸਾ ਹੈ ਕਿ ਉਹ ਸਾਨੂੰ ਦੁਸ਼ਮਣਾਂ ਅਤੇ ਸ਼ੈਤਾਨ ਦੇ ਹਮਲਿਆਂ ਤੋਂ ਜ਼ਰੂਰ ਬਚਾਵੇਗਾ। ਯਹੋਵਾਹ ਨੇ ਕਈ ਵਾਰ ਆਪਣੇ ਲੋਕਾਂ ਦੀ ਹਿਫਾਜ਼ਤ ਕੀਤੀ ਹੈ ਤਾਂਕਿ ਉਹ ਮਿਟਾਏ ਨਾ ਜਾਣ। ਮਿਸਾਲ ਲਈ, 1930-40 ਦੇ ਦਹਾਕਿਆਂ ਵਿਚ ਜਰਮਨੀ ਅਤੇ ਹੋਰ ਦੇਸ਼ਾਂ ਵਿਚ ਨਾਜ਼ੀਆਂ ਦੇ ਰਾਜ ਅਧੀਨ ਪਰਮੇਸ਼ੁਰ ਦੇ ਲੋਕਾਂ ’ਤੇ ਜ਼ੁਲਮ ਢਾਹੇ ਗਏ ਕਿਉਂਕਿ ਉਨ੍ਹਾਂ ਨੇ ਲੜਾਈਆਂ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਸੀ। ਪਰ ਯਹੋਵਾਹ ਉਨ੍ਹਾਂ ਔਖੇ ਹਾਲਾਤਾਂ ਵਿਚ ਵੀ ਆਪਣੇ ਲੋਕਾਂ ਲਈ ਪਨਾਹਗਾਰ ਸਾਬਤ ਹੋਇਆ। ਅਜਿਹੇ ਭੈਣਾਂ-ਭਰਾਵਾਂ ਦੀਆਂ ਜੀਵਨੀਆਂ ਅਤੇ ਯੀਅਰ ਬੁੱਕ ਵਿਚ ਤਜਰਬਿਆਂ ਨੂੰ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਸਤਾਹਟਾਂ ਦੌਰਾਨ ਵੀ ਆਪਣੇ ਲੋਕਾਂ ਦੀ ਹਿਫਾਜ਼ਤ ਕਰਦਾ ਹੈ। ਇਨ੍ਹਾਂ ’ਤੇ ਸੋਚ-ਵਿਚਾਰ ਕਰਨ ਨਾਲ ਯਹੋਵਾਹ ’ਤੇ ਸਾਡਾ ਭਰੋਸਾ ਵਧੇਗਾ।ਜ਼ਬੂ. 91:2.

ਮੁਸ਼ਕਲ ਹਾਲਾਤਾਂ ਵਿਚ ਵਫ਼ਾਦਾਰ ਰਹਿਣ ਲਈ ਯਹੋਵਾਹ ਸਾਨੂੰ ਭੈਣਾਂ-ਭਰਾਵਾਂ ਦਾ ਸਹਾਰਾ ਦੇ ਸਕਦਾ ਹੈ (ਪੈਰੇ 18-20 ਦੇਖੋ)

19 ਇਸ ਤੋਂ ਇਲਾਵਾ ਸਾਡੀ ਹਿਫਾਜ਼ਤ ਕਰਨ ਲਈ ਯਹੋਵਾਹ ਆਪਣੇ ਸੰਗਠਨ ਅਤੇ ਪ੍ਰਕਾਸ਼ਨਾਂ ਰਾਹੀਂ ਸਾਨੂੰ ਵਾਰ-ਵਾਰ ਜ਼ਰੂਰੀ ਗੱਲਾਂ ਯਾਦ ਕਰਾਉਂਦਾ ਹੈ। ਚਾਹੇ ਕਿ ਇਹ ਦੁਨੀਆਂ ਪੋਰਨੋਗ੍ਰਾਫੀ ਤੇ ਅਯਾਸ਼ੀ ਦੀ ਦਲਦਲ ਵਿਚ ਧੱਸਦੀ ਜਾ ਰਹੀ ਹੈ, ਪਰ ਹਾਲ ਹੀ ਦੇ ਸਮਿਆਂ ਵਿਚ ਯਹੋਵਾਹ ਨੇ ਸਾਨੂੰ ਕਿੰਨੀ ਫ਼ਾਇਦੇਮੰਦ ਸਲਾਹ ਦਿੱਤੀ ਹੈ। ਯਹੋਵਾਹ ਨੂੰ ਸਾਡਾ ਇੰਨਾ ਫ਼ਿਕਰ ਹੈ ਕਿ ਉਸ ਨੇ ਸਾਨੂੰ ਇਨ੍ਹਾਂ ਤੋਂ ਬਚਾਉਣ ਲਈ ਪਹਿਲਾਂ ਤੋਂ ਹੀ ਜ਼ਰੂਰੀ ਹਿਦਾਇਤਾਂ ਦਿੱਤੀਆਂ ਹਨ ਤਾਂਕਿ ਸਾਡਾ ਉਸ ਨਾਲ ਰਿਸ਼ਤਾ ਬਰਕਰਾਰ ਰਹੇ। ਮਿਸਾਲ ਲਈ, ਯਹੋਵਾਹ ਪਿਤਾ ਨੇ ਸਾਨੂੰ ਸੋਸ਼ਲ ਨੈੱਟਵਰਕਿੰਗ ਦੇ ਗ਼ਲਤ ਇਸਤੇਮਾਲ ਅਤੇ ਬੁਰੀ ਸੰਗਤ ਤੋਂ ਪਰੇ ਰਹਿਣ ਦੀ ਸਲਾਹ ਦਿੱਤੀ ਹੈ। *1 ਕੁਰਿੰ. 15:33.

20. ਮੰਡਲੀ ਵਿਚ ਸਾਡੀ ਅਗਵਾਈ ਤੇ ਹਿਫਾਜ਼ਤ ਕਿਵੇਂ ਕੀਤੀ ਜਾਂਦੀ ਹੈ?

20 ਪਰਮੇਸ਼ੁਰ ਦੇ ਹੁਕਮ ਮੰਨ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ‘ਯਹੋਵਾਹ ਵੱਲੋਂ ਸਿਖਾਏ ਹੋਏ’ ਹਾਂ। (ਯਸਾ. 54:13) ਮੰਡਲੀ ਵਿਚ ਅਸੀਂ ਖ਼ੁਦ ਨੂੰ ਮਹਿਫੂਜ਼ ਮਹਿਸੂਸ ਕਰਦੇ ਹਾਂ ਕਿਉਂਕਿ ਸਾਡੀ ਅਗਵਾਈ ਤੇ ਹਿਫਾਜ਼ਤ ਕੀਤੀ ਜਾਂਦੀ ਹੈ। ਨਾਲੇ ਬਜ਼ੁਰਗ ਸਾਡੀ ਮਦਦ ਕਰਨ ਲਈ ਸਾਨੂੰ ਬਾਈਬਲ ਤੋਂ ਸਲਾਹ ਦਿੰਦੇ ਹਨ। (ਗਲਾ. 6:1) ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਜਿਸ ਕਰਕੇ ਉਸ ਨੇ ਸਾਨੂੰ ਇਹ ‘ਆਦਮੀ ਤੋਹਫ਼ਿਆਂ ਵਜੋਂ’ ਦਿੱਤੇ ਹਨ। (ਅਫ਼. 4:7, 8) ਪਰ ਉਦੋਂ ਕੀ ਜਦ ਬਜ਼ੁਰਗ ਸਾਨੂੰ ਤਾੜਨਾ ਦਿੰਦੇ ਹਨ? ਉਸ ਵੇਲੇ ਵੀ ਸਾਨੂੰ ਉਨ੍ਹਾਂ ਦਾ ਦਿਲੋਂ ਕਹਿਣਾ ਮੰਨਣਾ ਚਾਹੀਦਾ ਹੈ। ਇੱਦਾਂ ਕਰਨ ਨਾਲ ਯਹੋਵਾਹ ਸਾਨੂੰ ਅਸੀਸਾਂ ਦੇਵੇਗਾ।ਇਬ. 13:17.

21. (ੳ) ਸਾਨੂੰ ਕੀ ਕਰਨ ਦੀ ਠਾਣ ਲੈਣੀ ਚਾਹੀਦੀ ਹੈ? (ਅ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

21 ਸਾਡਾ ਪਿਤਾ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਾਡੀ ਅਗਵਾਈ ਕਰਦਾ ਹੈ, ਸੋ ਆਓ ਅਸੀਂ ਠਾਣ ਲਈਏ ਕਿ ਅਸੀਂ ਹਮੇਸ਼ਾ ਇਸ ਮੁਤਾਬਕ ਚੱਲਦੇ ਰਹਾਂਗੇ। ਨਾਲੇ ਸਾਨੂੰ ਉਸ ਦੇ ਬੇਟੇ ਯਿਸੂ ਮਸੀਹ ਦੀ ਜ਼ਿੰਦਗੀ ’ਤੇ ਸੋਚ-ਵਿਚਾਰ ਕਰ ਕੇ ਉਸ ਦੀ ਬਿਹਤਰੀਨ ਮਿਸਾਲ ਦੀ ਰੀਸ ਕਰਨੀ ਚਾਹੀਦੀ ਹੈ। ਯਿਸੂ ਤਸੀਹੇ ਦੀ ਸੂਲ਼ੀ ਉੱਤੇ ਮਰਨ ਤਕ ਆਗਿਆਕਾਰ ਰਿਹਾ ਜਿਸ ਕਰਕੇ ਉਸ ਨੂੰ ਬਹੁਤ ਵੱਡਾ ਇਨਾਮ ਮਿਲਿਆ। (ਫ਼ਿਲਿ. 2:5-11) ਯਹੋਵਾਹ ’ਤੇ ਪੂਰੇ ਦਿਲ ਨਾਲ ਭਰੋਸਾ ਰੱਖ ਕੇ ਸਾਨੂੰ ਵੀ ਬਰਕਤਾਂ ਮਿਲਣਗੀਆਂ। (ਕਹਾ. 3:5, 6) ਇਸ ਲਈ ਆਓ ਆਪਾਂ ਆਪਣੇ ਬੇਮਿਸਾਲ ਦਾਤੇ ਅਤੇ ਰਖਵਾਲੇ ਯਹੋਵਾਹ ’ਤੇ ਹਮੇਸ਼ਾ ਭਰੋਸਾ ਰੱਖੀਏ। ਸੱਚ-ਮੁੱਚ, ਉਸ ਦੀ ਸੇਵਾ ਕਰਨੀ ਕਿੰਨੇ ਮਾਣ ਦੀ ਗੱਲ ਹੈ ਜਿਸ ਤੋਂ ਸਾਨੂੰ ਦਿਲੋਂ ਖ਼ੁਸ਼ੀ ਮਿਲਦੀ ਹੈ। ਪਰ ਯਹੋਵਾਹ ਸਾਡਾ ਜਿਗਰੀ ਦੋਸਤ ਕਿਵੇਂ ਹੈ? ਅਗਲੇ ਲੇਖ ਵਿਚ ਇਸ ਸਵਾਲ ਦਾ ਜਵਾਬ ਜਾਣ ਕੇ ਸਾਡਾ ਉਸ ਲਈ ਪਿਆਰ ਹੋਰ ਵੀ ਵਧੇਗਾ।