Skip to content

Skip to table of contents

 ਇਤਿਹਾਸ ਦੇ ਪੰਨਿਆਂ ਤੋਂ

ਨਿਹਚਾ ਤਕੜੀ ਕਰਨ ਵਾਲੀ 100 ਸਾਲ ਪੁਰਾਣੀ ਫ਼ਿਲਮ

ਨਿਹਚਾ ਤਕੜੀ ਕਰਨ ਵਾਲੀ 100 ਸਾਲ ਪੁਰਾਣੀ ਫ਼ਿਲਮ

‘ਇੱਦਾਂ ਨਹੀਂ ਲੱਗਦਾ ਸੀ ਕਿ ਅਸੀਂ ਭਰਾ ਰਸਲ ਨੂੰ ਫ਼ਿਲਮ ਵਿਚ ਦੇਖ ਰਹੇ ਸੀ, ਸਗੋਂ ਸਾਨੂੰ ਲੱਗਾ ਕਿ ਭਰਾ ਰਸਲ ਸੱਚ-ਮੁੱਚ ਸਾਡੇ ਸਾਮ੍ਹਣੇ ਖੜ੍ਹੇ ਸਨ।’—1914 ਵਿਚ “ਫੋਟੋ-ਡਰਾਮਾ” ਦੇਖਣ ਵਾਲੇ ਦੀ ਕਹੀ ਗੱਲ।

“ਸ੍ਰਿਸ਼ਟੀ ਦਾ ਫੋਟੋ-ਡਰਾਮਾ” ਪਹਿਲੀ ਵਾਰ 1914 ਵਿਚ ਦਿਖਾਇਆ ਗਿਆ ਸੀ। ਹੁਣ ਇਸ ਫ਼ਿਲਮ ਬਣੀ ਨੂੰ ਪੂਰੇ 100 ਸਾਲ ਹੋ ਚੁੱਕੇ ਹਨ। ਇਹ ਡਰਾਮਾ ਲੋਕਾਂ ਦੀ ਨਿਹਚਾ ਪੱਕੀ ਕਰਨ ਲਈ ਤਿਆਰ ਕੀਤਾ ਗਿਆ ਸੀ ਤਾਂਕਿ ਉਨ੍ਹਾਂ ਨੂੰ ਯਕੀਨ ਹੋਵੇ ਕਿ ਬਾਈਬਲ ਹੀ ਪਰਮੇਸ਼ੁਰ ਦਾ ਬਚਨ ਹੈ। ਉਸ ਸਮੇਂ ਵਿਕਾਸਵਾਦ ਦੀ ਸਿੱਖਿਆ, ਸ਼ੱਕ ਕਰਨ ਦੇ ਫ਼ਲਸਫ਼ਿਆਂ ਅਤੇ ਬਾਈਬਲ ਵਿਚ ਨੁਕਸ ਕੱਢਣ ਦਾ ਬੋਲਬਾਲਾ ਸੀ ਜਿਸ ਕਰਕੇ ਪਰਮੇਸ਼ੁਰ ਵਿਚ ਲੋਕਾਂ ਦੀ ਨਿਹਚਾ ਕਮਜ਼ੋਰ ਹੋ ਚੁੱਕੀ ਸੀ। ਪਰ ਇਸ “ਫੋਟੋ-ਡਰਾਮਾ” ਨੇ ਸਾਬਤ ਕੀਤਾ ਕਿ ਯਹੋਵਾਹ ਹੀ ਇਸ ਦੁਨੀਆਂ ਦਾ ਸਿਰਜਣਹਾਰ ਹੈ।

ਉਸ ਸਮੇਂ ਚਾਰਲਸ ਟੀ. ਰਸਲ ਬਾਈਬਲ ਸਟੂਡੈਂਟਸ ਦੀ ਅਗਵਾਈ ਕਰ ਰਿਹਾ ਸੀ। ਉਹ ਹਮੇਸ਼ਾ ਪ੍ਰਚਾਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਲੱਭਦਾ ਹੁੰਦਾ ਸੀ ਤਾਂਕਿ ਸਾਰੇ ਲੋਕਾਂ ਤਕ ਬਾਈਬਲ ਦੀ ਸੱਚਾਈ ਜਲਦੀ ਤੋਂ ਜਲਦੀ ਪਹੁੰਚ ਸਕੇ। ਭਾਵੇਂ ਕਿ ਬਾਈਬਲ ਸਟੂਡੈਂਟਸ 30 ਤੋਂ ਜ਼ਿਆਦਾ ਸਾਲਾਂ ਤੋਂ ਪ੍ਰਕਾਸ਼ਨ ਛਾਪ ਕੇ ਸੱਚਾਈ ਦਾ ਸੰਦੇਸ਼ ਫੈਲਾ ਰਹੇ ਸਨ, ਪਰ ਉਨ੍ਹਾਂ ਨੂੰ ਲੱਗਦਾ ਸੀ ਕਿ ਫ਼ਿਲਮਾਂ ਰਾਹੀਂ ਸਿਖਾਉਣ ਨਾਲ ਲੋਕਾਂ ’ਤੇ ਜ਼ਿਆਦਾ ਅਸਰ ਪੈ ਸਕਦਾ ਸੀ।

ਫ਼ਿਲਮਾਂ ਰਾਹੀਂ ਖ਼ੁਸ਼ ਖ਼ਬਰੀ ਫੈਲਾਈ ਗਈ

1890 ਦੇ ਦਹਾਕੇ ਵਿਚ ਮੂਕ ਫ਼ਿਲਮਾਂ ਬਣਨੀਆਂ ਸ਼ੁਰੂ ਹੋਈਆਂ। ਸਾਲ 1903 ਵਿਚ ਨਿਊਯਾਰਕ ਸਿਟੀ ਦੇ ਇਕ ਚਰਚ ਵਿਚ ਧਾਰਮਿਕ ਫ਼ਿਲਮ ਦਿਖਾਈ ਗਈ ਸੀ। ਸੋ ਜਦ ਭਰਾ ਰਸਲ ਨੇ 1912 ਵਿਚ “ਫੋਟੋ-ਡਰਾਮਾ” ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ, ਤਾਂ ਉਸ ਸਮੇਂ ਫ਼ਿਲਮ ­ਇੰਡਸਟ੍ਰੀ ਅਜੇ ਸ਼ੁਰੂ ਹੀ ਹੋਈ ਸੀ। ਭਰਾ ਰਸਲ ਨੂੰ ਲੱਗਿਆ ਕਿ ਜਿੰਨਾ ਅਸਰ ਲੋਕਾਂ ’ਤੇ ਬਾਈਬਲ ਦੀ ਸੱਚਾਈ ਦਾ ਕਿਤਾਬਾਂ ਪੜ੍ਹਨ ਨਾਲ ਹੋ ਸਕਦਾ ਸੀ, ਉਸ ਤੋਂ ਕਿਤੇ ਵਧ ਕੇ ਫ਼ਿਲਮਾਂ ਦੇਖਣ ਨਾਲ ਹੋਣਾ ਸੀ।

ਇਹ “ਫੋਟੋ-ਡਰਾਮਾ” ਅੱਠ ਘੰਟੇ ਲੰਬਾ ਹੁੰਦਾ ਸੀ ਤੇ ਅਕਸਰ ਚਾਰ ਹਿੱਸਿਆਂ ਵਿਚ ਪੇਸ਼ ਕੀਤਾ ਜਾਂਦਾ ਸੀ। ਇਸ ਵਿਚ ਬਾਈਬਲ ਬਾਰੇ 96 ਛੋਟੇ-ਛੋਟੇ ਭਾਸ਼ਣ ਹੁੰਦੇ ਸਨ ਜਿਨ੍ਹਾਂ ਨੂੰ ਉਸ ਸਮੇਂ ਦੀ ਇਕ ਮੰਨੀ-ਪ੍ਰਮੰਨੀ ਹਸਤੀ ਨੇ ਆਵਾਜ਼ ਦਿੱਤੀ ਸੀ। ਫ਼ਿਲਮ ਦੇ ਵੱਖ-ਵੱਖ ਸੀਨਾਂ ਵਿਚ ­ਕਲਾਸਿਕ ਮਿਊਜ਼ਿਕ ਵਜਾਇਆ ਜਾਂਦਾ ਸੀ। ਨਾਲੇ ਪਰਦੇ ਪਿੱਛੇ ਕੁਝ ਬੰਦੇ ਐਨ ਸਹੀ ਸਮੇਂ ’ਤੇ ਫੋਨੋਗ੍ਰਾਫਾਂ ਉੱਤੇ ਸੰਗੀਤ ਤੇ ਭਾਸ਼ਣ ਦੀ ਰਿਕਾਰਡਿੰਗ ­ਚਲਾਉਂਦੇ ਸਨ। ਜ਼ਰਾ ਸੋਚੋ ਕਿ ਰੰਗਦਾਰ ਸਲਾਈਡਾਂ, ਰਿਕਾਰਡਿੰਗਾਂ ਅਤੇ ਬਾਈਬਲ ਦੀਆਂ ਮਸ਼ਹੂਰ ਕਹਾਣੀਆਂ ਦੀਆਂ ਫ਼ਿਲਮਾਂ ਨੂੰ ਇੱਕੋ ਸਮੇਂ ’ਤੇ ਚਲਾਉਣਾ ਕੋਈ ਆਸਾਨ ਕੰਮ ਨਹੀਂ ਸੀ।

“ਇਸ ਫ਼ਿਲਮ ਵਿਚ ਬ੍ਰਹਿਮੰਡ ਦੀ ਸ੍ਰਿਸ਼ਟੀ ਤੋਂ ਲੈ ਕੇ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅੰਤ ਤਕ ਦਾ ਸਮਾਂ ਦਿਖਾਇਆ ਗਿਆ ਸੀ।”—ਐੱਫ. ਸਟੂਅਰਟ ਬਾਰਨਜ਼ ਜੋ 1914 ਵਿਚ 14 ਸਾਲਾਂ ਦਾ ਸੀ

ਫ਼ਿਲਮ ਦੇ ਜ਼ਿਆਦਾਤਰ ਹਿੱਸੇ ਅਤੇ ਕੱਚ ਦੀਆਂ ਸਲਾਈਡਾਂ ਵੱਖ-ਵੱਖ ਸਟੂਡੀਓ ਤੋਂ ਖ਼ਰੀਦੀਆਂ ਗਈਆਂ ਸਨ। ਫ਼ਿਲਾਡੈਲਫ਼ੀਆ, ਨਿਊਯਾਰਕ, ਪੈਰਿਸ ਤੇ ਲੰਡਨ ਵਿਚ ਕਲਾਕਾਰਾਂ ਨੇ ਫ਼ਿਲਮਾਂ ਅਤੇ ਕੱਚ ਦੀਆਂ ­ਸਲਾਈਡਾਂ ਦੇ ਇਕ-ਇਕ ਫ਼ਰੇਮ ਨੂੰ ਹੱਥਾਂ ਨਾਲ ਪੇਂਟ ਕੀਤਾ। ਬੈਥਲ ਦੇ ਆਰਟ ­ਡਿਪਾਰਟਮੈਂਟ ਦੇ ਕਈ ਭੈਣਾਂ-ਭਰਾਵਾਂ ਨੇ ਵੀ ਕਾਫ਼ੀ ਸਲਾਈਡਾਂ ਪੇਂਟ  ਕੀਤੀਆਂ। ਜਦ ਸਲਾਈਡਾਂ ਟੁੱਟ ਜਾਂਦੀਆਂ ਸਨ, ਤਾਂ ਉਹ ਬੜੀ ਮਿਹਨਤ ਨਾਲ ਨਵੀਆਂ ਬਣਾਉਂਦੇ ਸਨ। ਕੰਪਨੀਆਂ ਤੋਂ ਫ਼ਿਲਮਾਂ ਖ਼ਰੀਦਣ ਤੋਂ ਇਲਾਵਾ ਨਿਊਯਾਰਕ ਵਿਚ ਬੈਥਲ ਪਰਿਵਾਰ ਦੇ ਮੈਂਬਰਾਂ ਨੇ ਵੀ ਇਸ ਫ਼ਿਲਮ ਵਿਚ ਕੁਝ ਰੋਲ ਅਦਾ ਕੀਤੇ ਜਿਵੇਂ ਕਿ ਅਬਰਾਹਾਮ, ਇਸਹਾਕ ਅਤੇ ਉਹ ਦੂਤ ਜਿਸ ਨੇ ਅਬਰਾਹਾਮ ਨੂੰ ਆਪਣੇ ਬੇਟੇ ਦੀ ਕੁਰਬਾਨੀ ਦੇਣ ਤੋਂ ਰੋਕਿਆ ਸੀ।ਉਤ. 22:9-12.

ਪਰਦੇ ਪਿੱਛੇ ਕੁਝ ਬੰਦਿਆਂ ਨੇ ਦੋ ਮੀਲ ਲੰਬੀ ਫ਼ਿਲਮ ਦੀ ਰੀਲ, 26 ਫੋਨੋਗ੍ਰਾਫਾਂ ਅਤੇ ਤਕਰੀਬਨ 500 ਕੱਚ ਦੀਆਂ ਸਲਾਈਡਾਂ ਨੂੰ ਐਨ ਸਹੀ ਸਮੇਂ ’ਤੇ ਚਲਾਇਆ

ਭਰਾ ਰਸਲ ਦੇ ਇਕ ਸਾਥੀ ਨੇ ਰਿਪੋਰਟਰਾਂ ਨੂੰ ਕਿਹਾ ਕਿ ਇਹ ਸੱਚ ਹੈ ਕਿ ‘ਪਹਿਲਾਂ ਵੀ ਧਰਮ ਦਾ ਪ੍ਰਚਾਰ ਕੀਤਾ ਗਿਆ ਹੈ, ਪਰ ਇਸ ਫ਼ਿਲਮ ਦਾ ਲੋਕਾਂ ’ਤੇ ਇੰਨਾ ਜ਼ਿਆਦਾ ਅਸਰ ਹੋਵੇਗਾ ਕਿ ਹਜ਼ਾਰਾਂ ਹੀ ਲੋਕਾਂ ਦੀ ਬਾਈਬਲ ਵਿਚ ਦਿਲਚਸਪੀ ਵਧੇਗੀ।’ ਸੱਚਾਈ ਲਈ ਪਿਆਸੇ ਲੋਕਾਂ ਦੀ ਮਦਦ ਕਰਨ ਲਈ ਇਹ ਨਵਾਂ ਤਰੀਕਾ ਸੀ। ਕੀ ਚਰਚ ਦੇ ਆਗੂ ਇਸ ਤੋਂ ਖ਼ੁਸ਼ ਸਨ? ਬਿਲਕੁਲ ਨਹੀਂ। ਜ਼ਿਆਦਾਤਰ ਪਾਦਰੀਆਂ ਨੇ ਇਸ ਫੋਟੋ-ਡਰਾਮੇ ਦੀ ਨਿੰਦਿਆ ਕੀਤੀ ਅਤੇ ਕਈਆਂ ਨੇ ਤਾਂ ਚਲਾਕੀ ਨਾਲ ਜਾਂ ਸ਼ਰੇਆਮ ਅਜਿਹੀਆਂ ਚਾਲਾਂ ਘੜੀਆਂ ਕਿ ਲੋਕ ਇਹ ਫ਼ਿਲਮ ਨਾ ਦੇਖ ਸਕਣ। ਇਕ ਜਗ੍ਹਾ ’ਤੇ ਤਾਂ ਕੁਝ ਪਾਦਰੀਆਂ ਨੇ ਬਿਜਲੀ ਹੀ ਬੰਦ ਕਰਵਾ ਦਿੱਤੀ!

ਨੇੜਲੀਆਂ ਮੰਡਲੀਆਂ ਤੋਂ ਭੈਣਾਂ ਥੀਏਟਰ ਵਿਚ ਕੰਮ ਕਰਦੀਆਂ ਸਨ ਤੇ ਉਨ੍ਹਾਂ ਨੇ ਸਨਾਰੀਓ ਨਾਂ ਦੀਆਂ ਲੱਖਾਂ ਛੋਟੀਆਂ ਕਿਤਾਬਾਂ ਵੰਡੀਆਂ। ਇਸ ਵਿਚ “ਫੋਟੋ-ਡਰਾਮਾ” ਦੀਆਂ ਤਸਵੀਰਾਂ ਛਾਪੀਆਂ ਗਈਆਂ ਸਨ

ਲੋਕਾਂ ਨੂੰ “ਪੈਕਸ” (ਸ਼ਾਂਤੀ) ਨਾਂ ਦੇ ਬਿੱਲੇ ਵੀ ਦਿੱਤੇ ਗਏ ਜਿਨ੍ਹਾਂ ਉੱਤੇ ਛੋਟੇ ਯਿਸੂ ਦੀ ਤਸਵੀਰ ਸੀ। ਇਸ ਨੂੰ ਪਹਿਨਣ ਵਾਲੇ ਨੂੰ ਯਾਦ ਆਉਂਦਾ ਸੀ ਕਿ ਉਸ ਨੂੰ ‘ਸ਼ਾਂਤੀ ਪਸੰਦ ਇਨਸਾਨ’ ਹੋਣਾ ਚਾਹੀਦਾ ਹੈ

ਇਸ ਦੇ ਬਾਵਜੂਦ “ਫੋਟੋ-ਡਰਾਮਾ” ਦੇਖਣ ਲਈ ਥੀਏਟਰ ਖਚਾਖਚ ਭਰੇ ਹੁੰਦੇ ਸਨ ਅਤੇ ਇਸ ਨੂੰ ਦੇਖਣ ਲਈ ਕੋਈ ਪੈਸਾ ਨਹੀਂ ਸੀ ਲਿਆ ਜਾਂਦਾ। ਕਦੀ-ਕਦੀ ਇੱਕੋ ਹੀ ਦਿਨ ਵਿਚ ਅਮਰੀਕਾ ਦੇ 80 ਸ਼ਹਿਰਾਂ ਵਿਚ ਇਹ “ਫੋਟੋ-ਡਰਾਮਾ” ਦਿਖਾਇਆ ਜਾਂਦਾ ਸੀ। ਲੋਕ ਪਹਿਲੀ ਵਾਰ ਅਜਿਹੀ ਫ਼ਿਲਮ ਦੇਖ ਕੇ ਦੰਗ ਰਹਿ ਗਏ ਜਿਸ ਵਿਚ ਤਸਵੀਰਾਂ ਹੀ ਨਹੀਂ, ਸਗੋਂ ਕਿਰਦਾਰ ਬੋਲ ਵੀ ਰਹੇ ਸਨ। ਇਸ ਫ਼ਿਲਮ ਵਿਚ ਖ਼ਾਸ ਤਰ੍ਹਾਂ ਦੀ ਫੋਟੋਗ੍ਰਾਫੀ ਨਾਲ ਲੋਕਾਂ ਨੇ ਇਕ ਚੂਚੇ ਨੂੰ ਆਂਡੇ ਵਿੱਚੋਂ ਨਿਕਲਦੇ ਅਤੇ ਇਕ ਫੁੱਲ ਨੂੰ ਖਿੜਦੇ ਹੋਏ ਦੇਖਿਆ। ਉਸ ਸਮੇਂ ਦੁਨੀਆਂ ਵਿਚ ਸਾਇੰਸ ਬਾਰੇ ਜਿੰਨੀ ਜਾਣਕਾਰੀ ਸੀ, ਉਸ ਨਾਲ ਫ਼ਿਲਮ ਵਿਚ ਸਮਝਾਇਆ ਗਿਆ ਕਿ ਸ੍ਰਿਸ਼ਟੀ ਤੋਂ ਸਾਨੂੰ ਯਹੋਵਾਹ ਦੀ ਬੇਮਿਸਾਲ ਬੁੱਧ ਦਾ ਸਬੂਤ ਮਿਲਦਾ ਹੈ। ਜਿੱਦਾਂ ਸ਼ੁਰੂ ਵਿਚ ਦੱਸਿਆ ਗਿਆ ਸੀ, ਜਦੋਂ ਇਕ ਜਣੇ ਨੇ ਭਰਾ ਰਸਲ ਨੂੰ ਫ਼ਿਲਮ ਵਿਚ ਦੇਖਿਆ, ਤਾਂ ਉਸ ਨੇ ਕਿਹਾ ਕਿ ‘ਸਾਨੂੰ ਲੱਗਾ ਕਿ ਭਰਾ ਰਸਲ ਸੱਚ-ਮੁੱਚ ਸਾਡੇ ਸਾਮ੍ਹਣੇ ਖੜ੍ਹੇ ਸਨ।’

ਬਾਈਬਲ ਸਿਖਾਉਣ ਦਾ ਇਕ ਸ਼ਾਨਦਾਰ ਤਰੀਕਾ

ਪਹਿਲੀ ਵਾਰ “ਫੋਟੋ-ਡਰਾਮਾ” 11 ਜਨਵਰੀ 1914 ਵਿਚ ਨਿਊਯਾਰਕ ਸਿਟੀ ਦੇ ਇਸ ਵਧੀਆ ਥੀਏਟਰ ਵਿਚ ਦਿਖਾਇਆ ਗਿਆ। ਉਸ ਸਮੇਂ ਇਹ ਥੀਏਟਰ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਐਸੋਸੀਏਸ਼ਨ ਦਾ ਸੀ ਜਿੱਥੇ ਭੈਣ-ਭਰਾ ਕੰਮ ਕਰਦੇ ਸਨ

ਫ਼ਿਲਮਾਂ ਦੇ ਇਤਿਹਾਸਕਾਰ ਤੇ ਲੇਖਕ ਟਿਮ ਡਰਕਸ ਨੇ ਕਿਹਾ ਕਿ “ਫੋਟੋ-ਡਰਾਮਾ” ‘ਪਹਿਲੀ ਅਜਿਹੀ ਫ਼ਿਲਮ ਸੀ ਜਿਸ ਵਿਚ ਆਵਾਜ਼ ਸੁਣਾਈ ਦੇਣ ਦੇ ਨਾਲ-ਨਾਲ ਚੱਲਦੇ-ਫਿਰਦੇ ਕਿਰਦਾਰ ਤੇ ਰੰਗਦਾਰ ­ਸਲਾਈਡਾਂ ਇੱਕੋ ਸਮੇਂ ’ਤੇ ਨਜ਼ਰ ਆਉਂਦੀਆਂ ਸਨ।’ “ਫੋਟੋ-ਡਰਾਮਾ” ਤੋਂ ਪਹਿਲਾਂ ਵੀ ਫ਼ਿਲਮਾਂ ਵਿਚ ਅਜਿਹੀਆਂ ਤਕਨੀਕਾਂ ਵਰਤੀਆਂ ਗਈਆਂ ਸਨ, ਪਰ ਇਹ ਸਾਰੀਆਂ ਤਕਨੀਕਾਂ ਇੱਕੋ ਫ਼ਿਲਮ ਵਿਚ ਨਹੀਂ ਵਰਤੀਆਂ ਗਈਆਂ ਸਨ। ਨਾਲੇ ਬਾਈਬਲ ਬਾਰੇ ਪਹਿਲਾਂ ਕੋਈ ਅਜਿਹੀ ਫ਼ਿਲਮ ਨਹੀਂ ਬਣਾਈ ਗਈ ਸੀ। ਪਹਿਲੇ ਹੀ ਸਾਲ ਵਿਚ ਉੱਤਰੀ ਅਮਰੀਕਾ, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਤਕਰੀਬਨ 90 ਲੱਖ ਲੋਕਾਂ ਨੇ ਇਹ ਫ਼ਿਲਮ ਦੇਖੀ। ਇਸ ਤੋਂ ਪਹਿਲਾਂ ਜਿੰਨੀਆਂ ਵੀ ਫ਼ਿਲਮਾਂ ਆਈਆਂ ਸਨ, ਉਨ੍ਹਾਂ ਸਾਰੀਆਂ ਵਿੱਚੋਂ ਸਭ ਤੋਂ ਜ਼ਿਆਦਾ ਲੋਕਾਂ ਨੇ “ਫੋਟੋ-ਡਰਾਮਾ” ਦੇਖਿਆ।

“ਫੋਟੋ-ਡਰਾਮਾ” ਪਹਿਲੀ ਵਾਰ 11 ਜਨਵਰੀ 1914 ਨੂੰ ਨਿਊਯਾਰਕ ਸਿਟੀ ਵਿਚ ਦਿਖਾਇਆ ਗਿਆ ਸੀ। ਇਸ ਤੋਂ ਸੱਤ ਹੀ ਮਹੀਨਿਆਂ ਬਾਅਦ ਜਦ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ, ਤਾਂ ਪੂਰੀ ਦੁਨੀਆਂ ਵਿਚ ਹਲਚਲ ਫੈਲ ਗਈ। ਇਸ ਦੇ ਬਾਵਜੂਦ ਦੁਨੀਆਂ ਭਰ ਵਿਚ ਲੱਖਾਂ ਹੀ ਲੋਕ “ਫੋਟੋ-ਡਰਾਮਾ” ਦੇਖਣ ਲਈ ਥੀਏਟਰਾਂ ਵਿਚ ਇਕੱਠੇ ਹੁੰਦੇ ਰਹੇ। ਇਸ ਫ਼ਿਲਮ ਵਿਚ ਨਵੀਂ ਦੁਨੀਆਂ ਦੇ ਸੋਹਣੇ ਨਜ਼ਾਰਿਆਂ ਨੂੰ ਦੇਖ ਕੇ ਲੋਕਾਂ ਨੂੰ ਬਹੁਤ ਦਿਲਾਸਾ ਮਿਲਿਆ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਦਾ ਰਾਜ ਕਿਹੜੀਆਂ ਬਰਕਤਾਂ ਲਿਆਵੇਗਾ। ਵਾਕਈ, 1914 ਵਿਚ ਅਜਿਹੀ ਫ਼ਿਲਮ ਬਣਾਉਣੀ ਕਮਾਲ ਦੀ ਗੱਲ ਸੀ!

ਸਾਰੇ ਉੱਤਰੀ ਅਮਰੀਕਾ ਵਿਚ ਟੀਮਾਂ ਨੇ “ਫੋਟੋ-ਡਰਾਮਾ” ਦੇ ਵੱਖੋ-ਵੱਖਰੇ 20 ਸੈੱਟ ਵਰਤੇ