Skip to content

Skip to table of contents

ਸਹੀ ਨਜ਼ਰੀਆ ਕਿਵੇਂ ਬਣਾਈ ਰੱਖੀਏ

ਸਹੀ ਨਜ਼ਰੀਆ ਕਿਵੇਂ ਬਣਾਈ ਰੱਖੀਏ

‘ਜੇ ਇਕ ਆਦਮੀ ਢੇਰ ਵਰਿਹਾਂ ਤਾਈਂ ਜੀਉਂਦਾ ਰਹੇ, ਤਾਂ ਉਹ ਉਨ੍ਹਾਂ ਸਭਨਾਂ ਵਿੱਚ ਅਨੰਦ ਰਹੇ।’—ਉਪ. 11:8.

1. ਯਹੋਵਾਹ ਨੇ ਸਾਨੂੰ ਕਿਹੜੀਆਂ ਬਰਕਤਾਂ ਦਿੱਤੀਆਂ ਹਨ?

ਯਹੋਵਾਹ ਸਾਨੂੰ ਬਹੁਤ ਸਾਰੀਆਂ ਬਰਕਤਾਂ ਦਿੰਦਾ ਹੈ ਕਿਉਂਕਿ ਉਹ ਸਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ। ਮਿਸਾਲ ਲਈ, ਉਸ ਨੇ ਸਾਨੂੰ ਤੋਹਫ਼ੇ ਵਜੋਂ ਜ਼ਿੰਦਗੀ ਬਖ਼ਸ਼ੀ ਹੈ ਅਤੇ ਉਸ ਨੇ ਸਾਨੂੰ ਆਪਣੇ ਵੱਲ ਖਿੱਚਿਆ ਹੈ ਤਾਂਕਿ ਅਸੀਂ ਪੂਰੇ ਜੀ-ਜਾਨ ਨਾਲ ਉਸ ਦੀ ਵਡਿਆਈ ਅਤੇ ਭਗਤੀ ਕਰੀਏ। (ਜ਼ਬੂ. 144:15; ਯੂਹੰ. 6:44) ਯਹੋਵਾਹ ਸਾਨੂੰ ਆਪਣੇ ਪਿਆਰ ਦਾ ਅਹਿਸਾਸ ਕਰਾਉਂਦਾ ਹੈ ਅਤੇ ਉਹ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਉਸ ਦੀ ਸੇਵਾ ਵਿਚ ਲੱਗੇ ਰਹੀਏ। (ਯਿਰ. 31:3; 2 ਕੁਰਿੰ. 4:16) ਨਾਲੇ ਮੰਡਲੀ ਦੇ ਸ਼ਾਂਤ ਮਾਹੌਲ ਵਿਚ ਸਾਨੂੰ ਪਰਮੇਸ਼ੁਰ ਦਾ ਬੇਸ਼ੁਮਾਰ ਗਿਆਨ ਅਤੇ ਭੈਣਾਂ-ਭਰਾਵਾਂ ਤੋਂ ਪਿਆਰ ਮਿਲਦਾ ਹੈ। ਇਸ ਤੋਂ ਇਲਾਵਾ ਪਰਮੇਸ਼ੁਰ ਨੇ ਸਾਨੂੰ ਭਵਿੱਖ ਲਈ ਇਕ ਸ਼ਾਨਦਾਰ ਉਮੀਦ ਦਿੱਤੀ ਹੈ।

2. ਪਰਮੇਸ਼ੁਰ ਦੇ ਕੁਝ ਵਫ਼ਾਦਾਰ ਸੇਵਕ ਆਪਣੇ ਬਾਰੇ ਕਿਵੇਂ ਮਹਿਸੂਸ ਕਰਦੇ ਹਨ?

2 ਇਨ੍ਹਾਂ ਸਾਰੇ ਕਾਰਨਾਂ ਕਰਕੇ ਸਾਨੂੰ ਖ਼ੁਸ਼ੀ ਮਿਲਦੀ ਹੈ, ਪਰ ਫਿਰ ਵੀ ਪਰਮੇਸ਼ੁਰ ਦੇ ਕੁਝ ਵਫ਼ਾਦਾਰ ਸੇਵਕ ਖ਼ੁਦ ਨੂੰ ਨਿਕੰਮਾ ਮਹਿਸੂਸ ਕਰਦੇ ਹਨ। ਉਹ ਸ਼ਾਇਦ ਸੋਚਣ ਕਿ ਯਹੋਵਾਹ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਸੇਵਾ ਦੀ ਕੋਈ ਕਦਰ ਨਹੀਂ ਕਰਦਾ। ਜਿਹੜੇ ਭੈਣ-ਭਰਾ ਹਮੇਸ਼ਾ ਆਪਣੇ ਬਾਰੇ ਇੱਦਾਂ ਮਹਿਸੂਸ ਕਰਦੇ ਹਨ, ਉਨ੍ਹਾਂ ਲਈ “ਢੇਰ ਵਰਿਹਾਂ” ਤਕ ਜ਼ਿੰਦਗੀ ਦਾ ਆਨੰਦ ਮਾਣਨ ਦੀ ਗੱਲ ਇਕ ਸੁਪਨਾ ਬਣ ਕੇ ਰਹਿ ਜਾਂਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਹਨੇਰਾ ਛਾਇਆ ਹੋਇਆ ਹੈ।ਉਪ. 11:8.

3. ਕੁਝ ਭੈਣ-ਭਰਾ ਮਾਯੂਸ ਕਿਉਂ ਮਹਿਸੂਸ ਕਰਦੇ ਹਨ?

3 ਬੀਮਾਰੀ, ਬੁਢਾਪੇ ਜਾਂ ਕਿਸੇ ਹੋਰ ਮੁਸੀਬਤ ਕਾਰਨ ਅਜਿਹੇ ਭੈਣ-ਭਰਾ ਮਾਯੂਸ ਹੋ ਸਕਦੇ ਹਨ। (ਜ਼ਬੂ. 71:9; ਕਹਾ. 13:12; ਉਪ. 7:7) ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਧੋਖੇਬਾਜ਼ ਦਿਲ ਸਾਨੂੰ ਦੋਸ਼ੀ ਠਹਿਰਾ ਸਕਦਾ ਹੈ ਭਾਵੇਂ ਕਿ ਪਰਮੇਸ਼ੁਰ ਸਾਡੇ ਤੋਂ ਖ਼ੁਸ਼ ਹੋਵੇ। (ਯਿਰ. 17:9; 1 ਯੂਹੰ. 3:20) ਯਾਦ ਰੱਖੋ ਕਿ ਸ਼ੈਤਾਨ ਪਰਮੇਸ਼ੁਰ ਦੇ ਸੇਵਕਾਂ  ’ਤੇ ਝੂਠੇ ਇਲਜ਼ਾਮ ਲਗਾਉਂਦਾ ਹੈ। ਜਿਨ੍ਹਾਂ ਲੋਕਾਂ ਦੀ ਸੋਚ ਸ਼ੈਤਾਨ ਵਰਗੀ ਹੈ, ਉਹ ਸ਼ਾਇਦ ਸਾਡੇ ਮਨਾਂ ਵਿਚ ਪਰਮੇਸ਼ੁਰ ਖ਼ਿਲਾਫ਼ ਜ਼ਹਿਰ ਭਰਨ। ਉਹ ਸ਼ਾਇਦ ਅਲੀਫ਼ਜ਼ ਵਰਗਾ ਬੁਰਾ ਰਵੱਈਆ ਦਿਖਾਉਣ ਅਤੇ ਸਾਨੂੰ ਕਹਿਣ ਕਿ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੇਕਾਰ ਹਾਂ। ਇਹ ਗੱਲ ਅੱਯੂਬ ਦੇ ਦਿਨਾਂ ਵਿਚ ਵੀ ਝੂਠ ਸੀ ਅਤੇ ਅੱਜ ਵੀ ਸਰਾਸਰ ਝੂਠ ਹੈ।ਅੱਯੂ. 4:18, 19.

4. ਅਸੀਂ ਇਸ ਲੇਖ ਵਿਚ ਕੀ ਸਿੱਖਾਂਗੇ?

4 ਯਹੋਵਾਹ ਸਾਨੂੰ ਬਾਈਬਲ ਰਾਹੀਂ ਅਹਿਸਾਸ ਕਰਾਉਂਦਾ ਹੈ ਕਿ ਉਹ ਉਨ੍ਹਾਂ ਨਾਲ ਹੈ ਜੋ ਹਨੇਰੀ ਵਾਦੀ ਵਿੱਚੋਂ ਲੰਘਦੇ ਹਨ। (ਜ਼ਬੂ. 23:4) ਮਿਸਾਲ ਲਈ, ਉਹ ਆਪਣੇ ਬਚਨ ਦੇ ਜ਼ਰੀਏ ਸਾਡਾ ਸਾਥ ਦਿੰਦਾ ਹੈ। ਬਾਈਬਲ ਵਿਚ ਇੰਨੀ ਤਾਕਤ ਹੈ ਕਿ ਇਹ “ਕਿਲਿਆਂ ਵਰਗੇ ਮਜ਼ਬੂਤ ਵਿਚਾਰਾਂ ਨੂੰ ਢਾਹ” ਸਕਦੀ ਹੈ ਅਤੇ ਗ਼ਲਤ ਸੋਚ ਬਦਲਣ ਵਿਚ ਸਾਡੀ ਮਦਦ ਕਰ ਸਕਦੀ ਹੈ। (2 ਕੁਰਿੰ. 10:4, 5) ਸੋ ਆਓ ਆਪਾਂ ਸਿੱਖੀਏ ਕਿ ਬਾਈਬਲ ਦੀ ਮਦਦ ਨਾਲ ਅਸੀਂ ਸਹੀ ਨਜ਼ਰੀਆ ਅਪਣਾ ਕੇ ਇਸ ਨੂੰ ਕਿਵੇਂ ਬਣਾਈ ਰੱਖ ਸਕਦੇ ਹਾਂ। ਇਹ ਲੇਖ ਨਾ ਸਿਰਫ਼ ਤੁਹਾਡੀ ਮਦਦ ਕਰੇਗਾ, ਸਗੋਂ ਸ਼ਾਇਦ ਤੁਸੀਂ ਇਸ ਨਾਲ ਦੂਜਿਆਂ ਦੀ ਵੀ ਹੌਸਲਾ-ਅਫ਼ਜ਼ਾਈ ਕਰ ਸਕੋਗੇ।

ਬਾਈਬਲ ਦੀ ਮਦਦ ਨਾਲ ਸਹੀ ਨਜ਼ਰੀਆ ਅਪਣਾਓ

5. ਸਹੀ ਨਜ਼ਰੀਆ ਅਪਣਾਉਣ ਲਈ ਅਸੀਂ ਖ਼ੁਦ ਨੂੰ ਕਿਵੇਂ ਪਰਖ ਸਕਦੇ ਹਾਂ?

5 ਪੌਲੁਸ ਰਸੂਲ ਸਮਝਾਉਂਦਾ ਹੈ ਕਿ ਅਸੀਂ ਆਪਣੇ ਬਾਰੇ ਸਹੀ ਨਜ਼ਰੀਆ ਕਿਵੇਂ ਅਪਣਾ ਸਕਦੇ ਹਾਂ। ਉਸ ਨੇ ਕੁਰਿੰਥੁਸ ਦੀ ਮੰਡਲੀ ਨੂੰ ਸਲਾਹ ਦਿੱਤੀ: “ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ।” (2 ਕੁਰਿੰ. 13:5) “ਮਸੀਹੀ ਰਾਹ” ਕੀ ਹੈ? ਇਹ ਬਾਈਬਲ ਵਿਚ ਪਾਈਆਂ ਜਾਂਦੀਆਂ ਸਾਰੀਆਂ ਮਸੀਹੀ ਸਿੱਖਿਆਵਾਂ ਹਨ। ਜੇ ਸਾਡੀਆਂ ਗੱਲਾਂ ਅਤੇ ਸਾਡੇ ਕੰਮ ਬਾਈਬਲ ਦੀਆਂ ਸਿੱਖਿਆਵਾਂ ਨਾਲ ਮੇਲ ਖਾਂਦੇ ਹਨ, ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ “ਮਸੀਹੀ ਰਾਹ ਉੱਤੇ ਚੱਲ ਰਹੇ” ਹਾਂ। ਅਸੀਂ ਆਪਣੀ ਮਰਜ਼ੀ ਨਾਲ ਇਹ ਫ਼ੈਸਲਾ ਨਹੀਂ ਕਰ ਸਕਦੇ ਕਿ ਅਸੀਂ ਕਿਹੜੀਆਂ ਗੱਲਾਂ ਮੰਨਾਂਗੇ ਤੇ ਕਿਹੜੀਆਂ ਨਹੀਂ। ਸਾਨੂੰ ਬਾਈਬਲ ਦੀਆਂ ਸਾਰੀਆਂ ਮਸੀਹੀ ਸਿੱਖਿਆਵਾਂ ਮੁਤਾਬਕ ਚੱਲਣ ਦੀ ਲੋੜ ਹੈ।ਯਾਕੂ. 2:10, 11.

6. ਸਾਨੂੰ ਆਪਣੇ ਆਪ ਨੂੰ ਕਿਉਂ ਪਰਖਣਾ ਚਾਹੀਦਾ ਕਿ ਅਸੀਂ ‘ਮਸੀਹੀ ਰਾਹ ਉੱਤੇ ਚੱਲ ਰਹੇ ਹਾਂ ਜਾਂ ਨਹੀਂ’? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

6 ਸ਼ਾਇਦ ਤੁਸੀਂ ਆਪਣੇ ਆਪ ਨੂੰ ਪਰਖਣ ਤੋਂ ਹਿਚਕਿਚਾਓ ਕਿਉਂਕਿ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਆਪਣੇ ਵਿਚ ਕਮੀਆਂ ਨਜ਼ਰ ਆਉਣਗੀਆਂ। ਪਰ ਤੁਹਾਡੇ ਆਪਣੇ ਨਜ਼ਰੀਏ ਨਾਲੋਂ ਯਹੋਵਾਹ ਦਾ ਨਜ਼ਰੀਆ ਜ਼ਿਆਦਾ ਅਹਿਮੀਅਤ ਰੱਖਦਾ ਹੈ ਕਿਉਂਕਿ ਉਸ ਦੇ ਖ਼ਿਆਲ ਸਾਡੇ ਖ਼ਿਆਲਾਂ ਨਾਲੋਂ ਕਿਤੇ ਉੱਚੇ ਹਨ। (ਯਸਾ. 55:8, 9) ਪਰਮੇਸ਼ੁਰ ਆਪਣੇ ਸੇਵਕਾਂ ਨੂੰ ਕਸੂਰਵਾਰ ਠਹਿਰਾਉਣ ਲਈ ਨਹੀਂ, ਸਗੋਂ ਉਨ੍ਹਾਂ ਦੀਆਂ ਖੂਬੀਆਂ ਨੂੰ ਜਾਣਨ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਜਾਂਚਦਾ ਹੈ। ਤੁਸੀਂ ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਆਪਣੇ ਆਪ ਨੂੰ ਪਰਖ ਸਕਦੇ ਹੋ ਕਿ “ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ।” ਫਿਰ ਤੁਸੀਂ ਖ਼ੁਦ ਨੂੰ ਉਸ ਤਰ੍ਹਾਂ ਦੇਖ ਸਕੋਗੇ ਜਿਸ ਤਰ੍ਹਾਂ ਪਰਮੇਸ਼ੁਰ ਤੁਹਾਨੂੰ ਦੇਖਦਾ ਹੈ। ਇੱਦਾਂ ਤੁਸੀਂ ਆਪਣੇ ਮਨ ਵਿੱਚੋਂ ਇਹ ਖ਼ਿਆਲ ਕੱਢ ਸਕੋਗੇ ਕਿ ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੇਕਾਰ ਹੋ। ਜੀ ਹਾਂ, ਬਾਈਬਲ ਤੋਂ ਇਹ ਜਾਣ ਕੇ ਤੁਹਾਨੂੰ ਤਸੱਲੀ ਮਿਲੇਗੀ ਕਿ ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹੋ। ਫਿਰ ਤੁਹਾਨੂੰ ਇੱਦਾਂ ਲੱਗੇਗਾ ਜਿੱਦਾਂ ਪਰਦੇ ਖੋਲ੍ਹਦਿਆਂ ਹੀ ਸੂਰਜ ਦੀਆਂ ਕਿਰਨਾਂ ਹਨੇਰੇ ਕਮਰੇ ਨੂੰ ਰੌਸ਼ਨੀ ਨਾਲ ਭਰ ਦਿੰਦੀਆਂ ਹਨ।

7. ਅਸੀਂ ਬਾਈਬਲ ਵਿਚ ਵਫ਼ਾਦਾਰ ਲੋਕਾਂ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ?

7 ਤੁਸੀਂ ਆਪਣੇ ਆਪ ਨੂੰ ਪਰਖਣ ਲਈ ਬਾਈਬਲ ਵਿਚ ਵਫ਼ਾਦਾਰ ਲੋਕਾਂ ਦੀਆਂ ਮਿਸਾਲਾਂ ’ਤੇ ਸੋਚ-ਵਿਚਾਰ ਕਰ ਸਕਦੇ ਹੋ। ਉਨ੍ਹਾਂ ਦੇ ਜਜ਼ਬਾਤਾਂ ਤੇ ਹਾਲਾਤਾਂ ਦੀ ਤੁਲਨਾ ਆਪਣੇ ਨਾਲ ਕਰੋ ਅਤੇ ਸੋਚੋ ਕਿ ਜੇ ਤੁਸੀਂ ਉਨ੍ਹਾਂ ਦੀ ਥਾਂ ਹੁੰਦੇ, ਤਾਂ ਤੁਸੀਂ ਕੀ ਕਰਦੇ। ਆਓ ਆਪਾਂ ਤਿੰਨ ਮਿਸਾਲਾਂ ’ਤੇ ਗੌਰ ਕਰੀਏ ਅਤੇ ਜਾਣੀਏ ਕਿ ਅਸੀਂ ‘ਮਸੀਹੀ ਰਾਹ ਉੱਤੇ ਚੱਲ ਰਹੇ ਹਾਂ ਜਾਂ ਨਹੀਂ।’ ਇੱਦਾਂ ਕਰਨ ਨਾਲ ਅਸੀਂ ਆਪਣੇ ਬਾਰੇ ਸਹੀ ਨਜ਼ਰੀਆ ਅਪਣਾ ਸਕਾਂਗੇ।

ਗ਼ਰੀਬ ਵਿਧਵਾ ਦੀ ਮਿਸਾਲ

8, 9. (ੳ) ਇਸ ਗ਼ਰੀਬ ਵਿਧਵਾ ਦੇ ਹਾਲਾਤ ਕਿਹੋ ਜਿਹੇ ਸਨ? (ਅ) ਉਸ ਨੇ ਆਪਣੇ ਦਾਨ ਬਾਰੇ ਸ਼ਾਇਦ ਕਿਵੇਂ ਮਹਿਸੂਸ ਕੀਤਾ ਹੋਣਾ?

8 ਜਦ ਯਿਸੂ ਇਕ ਵਾਰ ਯਰੂਸ਼ਲਮ ਦੇ ਮੰਦਰ ਵਿਚ ਸੀ, ਤਾਂ ਉਸ ਨੇ ਇਕ ਗ਼ਰੀਬ ਵਿਧਵਾ ਨੂੰ ਦੇਖਿਆ। ਇਸ ਵਿਧਵਾ ਤੋਂ ਅਸੀਂ ਸਿੱਖਦੇ ਹਾਂ ਕਿ ਅਸੀਂ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਸਹੀ ਨਜ਼ਰੀਆ ਕਿਵੇਂ ਬਣਾਈ ਰੱਖ ਸਕਦੇ ਹਾਂ। (ਲੂਕਾ 21:1-4 ਪੜ੍ਹੋ।) ਗੌਰ ਕਰੋ ਕਿ ਇਕ ਤਾਂ ਉਸ ਨੂੰ ਆਪਣੇ ਪਤੀ ਦੀ ਮੌਤ ਦਾ ਗਮ ਸਹਿਣਾ ਪਿਆ ਸੀ। ਦੂਜਾ, ਉਸ ਸਮੇਂ ਦੇ ਧਾਰਮਿਕ ਆਗੂ ਬੜੇ ਲਾਲਚੀ ਤੇ ਬੇਰਹਿਮ ਸਨ। ਉਹ ਮਦਦ ਕਰਨ ਦੀ ਬਜਾਇ ਅਜਿਹੀਆਂ “ਵਿਧਵਾਵਾਂ ਦੇ ਘਰ ਹੜੱਪ ਜਾਂਦੇ” ਸਨ। (ਲੂਕਾ 20:47) ਇਹ ਵਿਧਵਾ ਇੰਨੀ ਗ਼ਰੀਬ ਸੀ ਕਿ ਉਹ ਮੰਦਰ ਵਿਚ ਸਿਰਫ਼  ਦੋ ਸਿੱਕੇ ਦਾਨ ਕਰ ਸਕਦੀ ਸੀ। ਇੰਨੇ ਥੋੜ੍ਹੇ ਪੈਸੇ ਤਾਂ ਇਕ ਮਜ਼ਦੂਰ ਕੁਝ ਹੀ ਮਿੰਟਾਂ ਵਿਚ ਕਮਾ ਸਕਦਾ ਸੀ।

9 ਜ਼ਰਾ ਸੋਚੋ ਕਿ ਜਦ ਇਹ ਵਿਧਵਾ ਆਪਣੇ ਹੱਥਾਂ ਵਿਚ ਸਿਰਫ਼ ਦੋ ਸਿੱਕੇ ਲੈ ਕੇ ਮੰਦਰ ਦੇ ਵਿਹੜੇ ਵਿਚ ਆਈ, ਤਾਂ ਉਸ ਨੇ ਕਿਵੇਂ ਮਹਿਸੂਸ ਕੀਤਾ ਹੋਣਾ। ਕੀ ਉਸ ਨੇ ਇਹ ਸੋਚਿਆ ਕਿ ਜਦ ਉਸ ਦਾ ਪਤੀ ਜੀਉਂਦਾ ਸੀ, ਤਾਂ ਉਹ ਸ਼ਾਇਦ ਜ਼ਿਆਦਾ ਪੈਸੇ ਦਾਨ ਕਰ ਸਕਦੀ ਸੀ, ਪਰ ਹੁਣ ਉਸ ਦਾ ਦਾਨ ਕਿੰਨਾ ਥੋੜ੍ਹਾ ਸੀ? ਕੀ ਉਸ ਨੇ ਮੰਦਰ ਵਿਚ ਦੂਜਿਆਂ ਨੂੰ ਜ਼ਿਆਦਾ ਪੈਸੇ ਦਾਨ ਕਰਦਿਆਂ ਦੇਖ ਕੇ ਖ਼ੁਦ ਨੂੰ ਨੀਵਾਂ ਮਹਿਸੂਸ ਕੀਤਾ? ਕੀ ਉਸ ਨੇ ਇਹ ਸੋਚਿਆ ਕਿ ਉਸ ਦੇ ਦੋ ਸਿੱਕੇ ਦਾਨ ਕਰਨ ਨਾਲ ਕੀ ਹੋ ਜਾਣਾ? ਜੇ ਉਸ ਨੇ ਇੱਦਾਂ ਸੋਚਿਆ ਵੀ ਸੀ, ਤਾਂ ਵੀ ਉਸ ਨੇ ਆਪਣੇ ਹਾਲਾਤਾਂ ਮੁਤਾਬਕ ਯਹੋਵਾਹ ਦੀ ਭਗਤੀ ਪੂਰੀ ਵਾਹ ਲਾ ਕੇ ਕੀਤੀ।

10. ਯਿਸੂ ਨੇ ਕਿਵੇਂ ਦਿਖਾਇਆ ਕਿ ਇਹ ਵਿਧਵਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਸੀ?

10 ਯਿਸੂ ਨੇ ਕਿਹਾ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਇਹ ਵਿਧਵਾ ਅਤੇ ਉਸ ਦਾ ਦਾਨ ਬਹੁਤ ਮਾਅਨੇ ਰੱਖਦਾ ਸੀ। ਉਸ ਨੇ ਸਮਝਾਇਆ ਕਿ ਇਸ ਵਿਧਵਾ ਨੇ ਅਮੀਰ ਲੋਕਾਂ ਨਾਲੋਂ ਜ਼ਿਆਦਾ ਪੈਸੇ ਪਾਏ ਸਨ। ਭਾਵੇਂ ਕਿ ਉਸ ਦਿਨ ਬਹੁਤ ਸਾਰੇ ਲੋਕਾਂ ਨੇ ਦਾਨ ਦਿੱਤਾ, ਪਰ ਯਿਸੂ ਨੇ ਸਿਰਫ਼ ਇਸ ਵਿਧਵਾ ਦੀ ਤਾਰੀਫ਼ ਕੀਤੀ। ਦਾਨ ਇਕੱਠੇ ਕਰਨ ਵਾਲਿਆਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਹੋਣਾ ਕਿ ਯਹੋਵਾਹ ਇਸ ਵਿਧਵਾ ਅਤੇ ਉਸ ਦੇ ਦੋ ਸਿੱਕਿਆਂ ਨੂੰ ਕਿੰਨਾ ਅਨਮੋਲ ਸਮਝਦਾ ਸੀ। ਫਿਰ ਵੀ ਇਸ ਵਿਧਵਾ ਦੇ ਆਪਣੇ ਨਜ਼ਰੀਏ ਜਾਂ ਦੂਜੇ ਲੋਕਾਂ ਦੇ ਵਿਚਾਰਾਂ ਨਾਲੋਂ ਯਹੋਵਾਹ ਦਾ ਨਜ਼ਰੀਆ ਜ਼ਿਆਦਾ ਮਾਅਨੇ ਰੱਖਦਾ ਸੀ। ਕੀ ਤੁਸੀਂ ਇਸ ਮਿਸਾਲ ਦੀ ਮਦਦ ਨਾਲ ਆਪਣੀ ਨਿਹਚਾ ਪਰਖ ਸਕਦੇ ਹੋ?

ਤੁਸੀਂ ਗ਼ਰੀਬ ਵਿਧਵਾ ਦੀ ਮਿਸਾਲ ਤੋਂ ਕੀ ਸਬਕ ਸਿੱਖਦੇ ਹੋ? (ਪੈਰੇ 8-10 ਦੇਖੋ)

11. ਤੁਸੀਂ ਇਸ ਵਿਧਵਾ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ?

11 ਤੁਹਾਡੇ ਹਾਲਾਤਾਂ ਦਾ ਇਸ ਗੱਲ ’ਤੇ ਅਸਰ ਪੈਂਦਾ ਹੈ ਕਿ ਤੁਸੀਂ ਯਹੋਵਾਹ ਦੀ ਸੇਵਾ ਕਿੰਨੀ ਕੁ ਕਰ ਸਕਦੇ ਹੋ। ਕਈ ਭੈਣ-ਭਰਾ ਵਧਦੀ ਉਮਰ ਜਾਂ ਮਾੜੀ ਸਿਹਤ ਕਰਕੇ ਪ੍ਰਚਾਰ ਵਿਚ ਉੱਨਾ ਸਮਾਂ ਨਹੀਂ ਬਿਤਾ ਪਾਉਂਦੇ ਜਿੰਨਾ ਉਹ ਚਾਹੁੰਦੇ ਹਨ। ਕੀ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ‘ਮੈਨੂੰ ਪ੍ਰਚਾਰ ਵਿਚ ਬਿਤਾਇਆ ਸਮਾਂ ਰਿਪੋਰਟ ਕਰਨ ਦੀ ਕੀ ਲੋੜ ਹੈ?’ ਜੇ ਤੁਸੀਂ ਜਵਾਨ ਹੋ ਜਾਂ ਤੁਹਾਡੀ ਸਿਹਤ ਚੰਗੀ ਹੈ, ਤਾਂ ਵੀ ਸ਼ਾਇਦ ਤੁਹਾਨੂੰ ਲੱਗੇ ਕਿ ਪਰਮੇਸ਼ੁਰ ਦੇ ਲੋਕ ਉਸ ਦੀ ਸੇਵਾ ਵਿਚ ਜਿੰਨੇ ਘੰਟੇ ਬਿਤਾਉਂਦੇ ਹਨ, ਉਸ ਦੇ ਸਾਮ੍ਹਣੇ ਤੁਹਾਡੇ ਘੰਟੇ ਤਾਂ ਕੁਝ ਵੀ ਨਹੀਂ। ਫਿਰ ਵੀ ਅਸੀਂ ਇਸ ਵਿਧਵਾ ਤੋਂ ਸਿੱਖਦੇ ਹਾਂ ਕਿ ਜਦ ਅਸੀਂ ਯਹੋਵਾਹ ਦੀ ਸੇਵਾ ਵਿਚ ਕੋਈ ਵੀ ਛੋਟੇ ਤੋਂ ਛੋਟਾ ਕੰਮ ਕਰਦੇ ਹਾਂ, ਤਾਂ ਉਹ ਬੜੇ ਧਿਆਨ ਨਾਲ ਦੇਖਦਾ ਹੈ ਅਤੇ ਇਸ ਨੂੰ ਦਿਲ ਵਿਚ ਸੰਭਾਲ ਕੇ ਰੱਖਦਾ ਹੈ, ਖ਼ਾਸ ਕਰਕੇ ਜਦ ਕੋਈ ਮਾੜੇ ਹਾਲਾਤਾਂ ਵਿਚ ਉਸ ਦੀ ਸੇਵਾ ਕਰਦਾ ਹੈ। ਜ਼ਰਾ ਸੋਚੋ ਕਿ ਪਿਛਲੇ ਸਾਲ ਤੁਸੀਂ ਯਹੋਵਾਹ ਦੀ ਸੇਵਾ ਵਿਚ ਕਿੰਨਾ ਸਮਾਂ  ਬਿਤਾਇਆ। ਕੀ ਤੁਹਾਨੂੰ ਕੋਈ ਅਜਿਹਾ ਮੌਕਾ ਯਾਦ ਹੈ ਜਦੋਂ ਯਹੋਵਾਹ ਲਈ ਤੁਹਾਨੂੰ ਕੋਈ ਵੱਡੀ ਕੁਰਬਾਨੀ ਕਰਨੀ ਪਈ? ਜੇ ਹਾਂ, ਤਾਂ ਯਕੀਨ ਰੱਖੋ ਕਿ ਯਹੋਵਾਹ ਉਸ ਕੁਰਬਾਨੀ ਦੀ ਬਹੁਤ ਕਦਰ ਕਰਦਾ ਹੈ। ਜਦ ਤੁਸੀਂ ਇਸ ਵਿਧਵਾ ਦੀ ਤਰ੍ਹਾਂ ਆਪਣੀ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਦੇ ਹੋ, ਤਾਂ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ “ਮਸੀਹੀ ਰਾਹ” ’ਤੇ ਚੱਲ ਰਹੇ ਹੋ।

“ਮੇਰੀ ਜਾਨ ਕੱਢ ਲੈ”

12-14. (ੳ) ਏਲੀਯਾਹ ਦੀ ਗ਼ਲਤ ਸੋਚ ਦਾ ਉਸ ’ਤੇ ਕੀ ਅਸਰ ਹੋਇਆ? (ਅ) ਏਲੀਯਾਹ ਨਿਕੰਮਾ ਕਿਉਂ ਮਹਿਸੂਸ ਕਰਦਾ ਸੀ?

12 ਏਲੀਯਾਹ ਨਬੀ ਦੀ ਨਿਹਚਾ ਪੱਕੀ ਸੀ ਅਤੇ ਉਹ ਯਹੋਵਾਹ ਦਾ ਵਫ਼ਾਦਾਰ ਸੇਵਕ ਸੀ। ਪਰ ਇਕ ਸਮੇਂ ’ਤੇ ਉਹ ਇੰਨਾ ਮਾਯੂਸ ਹੋ ਗਿਆ ਕਿ ਉਸ ਨੇ ਆਪਣੇ ਲਈ ਮੌਤ ਮੰਗਦਿਆਂ ਕਿਹਾ: “ਹੇ ਯਹੋਵਾਹ, ਹੁਣ ਇੰਨਾ ਹੀ ਬਹੁਤ ਹੈ ਮੇਰੀ ਜਾਨ ਕੱਢ ਲੈ।” (1 ਰਾਜ. 19:4) ਜਿਨ੍ਹਾਂ ਨੇ ਕਦੀ ਖ਼ੁਦ ਨੂੰ ਇੰਨਾ ਉਦਾਸ ਮਹਿਸੂਸ ਨਹੀਂ ਕੀਤਾ, ਉਹ ਸ਼ਾਇਦ ਸੋਚਣ ਕਿ ਏਲੀਯਾਹ ਨੇ ਪ੍ਰਾਰਥਨਾ ਵਿਚ ‘ਮੂਰਖਾਂ ਵਰਗੀਆਂ’ ਗੱਲਾਂ ਕਹੀਆਂ। (ਅੱਯੂ. 6:3, ERV) ਪਰ ਉਸ ਨੇ ਇਹ ਗੱਲਾਂ ਐਵੇਂ ਨਹੀਂ, ਸਗੋਂ ਦਿਲੋਂ ਕਹੀਆਂ ਸਨ। ਗੌਰ ਕਰੋ ਕਿ ਯਹੋਵਾਹ ਨੇ ਏਲੀਯਾਹ ਦੀਆਂ ਗੱਲਾਂ ’ਤੇ ਗੁੱਸੇ ਹੋਣ ਦੀ ਬਜਾਇ ਉਸ ਦੀ ਮਦਦ ਕੀਤੀ।

13 ਪਰ ਏਲੀਯਾਹ ਇੰਨਾ ਉਦਾਸ ਕਿਉਂ ਸੀ? ਇਸ ਸਮੇਂ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਨੇ ਇਕ ਚਮਤਕਾਰ ਕੀਤਾ ਸੀ ਜਿਸ ਤੋਂ ਪਤਾ ਲੱਗਿਆ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ਇਸ ਚਮਤਕਾਰ ਤੋਂ ਬਾਅਦ ਬਆਲ ਦੇ 450 ਨਬੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। (1 ਰਾਜ. 18:37-40) ਏਲੀਯਾਹ ਨੂੰ ਉਮੀਦ ਸੀ ਕਿ ਇਹ ਚਮਤਕਾਰ ਦੇਖਣ ਤੋਂ ਬਾਅਦ ਪਰਮੇਸ਼ੁਰ ਦੇ ਲੋਕ ਸੱਚੀ ਭਗਤੀ ਵੱਲ ਮੁੜ ਆਉਣਗੇ, ਪਰ ਇੱਦਾਂ ਹੋਇਆ ਨਹੀਂ। ਨਾਲੇ ਦੁਸ਼ਟ ਰਾਣੀ ਈਜ਼ਬਲ ਨੇ ਏਲੀਯਾਹ ਨੂੰ ਸੁਨੇਹਾ ਭੇਜਿਆ ਕਿ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਸਕੀਮਾਂ ਘੜ ਰਹੀ ਹੈ। ਡਰ ਦੇ ਮਾਰੇ ਆਪਣੀ ਜਾਨ ਬਚਾਉਣ ਲਈ ਏਲੀਯਾਹ ਯਹੂਦਾਹ ਪਾਰ ਕਰ ਕੇ ਦੱਖਣ ਵੱਲ ਉਜਾੜ ਵਿਚ ਚਲਾ ਗਿਆ।1 ਰਾਜ. 19:2-4.

14 ਉਜਾੜ ਵਿਚ ਇਕੱਲਿਆਂ ਏਲੀਯਾਹ ਸੋਚਣ ਲੱਗਾ ਕਿ ਉਸ ਦੇ ਨਬੀ ਵਜੋਂ ਇੰਨੀ ਮਿਹਨਤ ਕਰਨ ਦੇ ਬਾਵਜੂਦ ਉਸ ਨੂੰ ਕੋਈ ਫਲ ਨਹੀਂ ਮਿਲਿਆ। ਉਸ ਨੇ ਯਹੋਵਾਹ ਨੂੰ ਕਿਹਾ ਕਿ ਉਹ ਉਸ ਨੂੰ ਮੌਤ ਦੇ ਦੇਵੇ। ਕਿਉਂ? ਕਿਉਂਕਿ ਉਸ ਨੂੰ ਲੱਗਾ ਕਿ ਉਹ ਕਬਰ ਵਿਚ ਪਏ ਆਪਣੇ ਪਿਉ-ਦਾਦਿਆਂ ਵਾਂਗ ਕਿਸੇ ਕੰਮ ਦੇ ਲਾਇਕ ਨਹੀਂ ਸੀ। ਉਸ ਨੇ ਖ਼ੁਦ ਨੂੰ ਆਪਣੇ ਬਣਾਏ ਹੋਏ ਅਸੂਲਾਂ ਮੁਤਾਬਕ ਪਰਖਿਆ ਅਤੇ ਉਸ ਨੂੰ ਲੱਗਾ ਕਿ ਉਹ ਯਹੋਵਾਹ ਜਾਂ ਕਿਸੇ ਹੋਰ ਦੇ ਕੰਮ ਨਹੀਂ ਆ ਸਕਦਾ ਸੀ।

15. ਪਰਮੇਸ਼ੁਰ ਨੇ ਏਲੀਯਾਹ ਨੂੰ ਆਪਣੇ ਪਿਆਰ ਦਾ ਅਹਿਸਾਸ ਕਿਵੇਂ ਕਰਾਇਆ?

15 ਪਰ ਏਲੀਯਾਹ ਬਾਰੇ ਸਰਬਸ਼ਕਤੀਮਾਨ ਪਰਮੇਸ਼ੁਰ ਦਾ ਨਜ਼ਰੀਆ ਕੁਝ ਹੋਰ ਸੀ। ਯਹੋਵਾਹ ਉਸ ਨੂੰ ਅਜੇ ਵੀ ਪਿਆਰ ਕਰਦਾ ਸੀ ਅਤੇ ਉਸ ਨੇ ਏਲੀਯਾਹ ਨੂੰ ਇਸ ਗੱਲ ਦਾ ਯਕੀਨ ਕਈ ਤਰੀਕਿਆਂ ਨਾਲ ਦਿਵਾਇਆ। ਪਹਿਲਾਂ, ਪਰਮੇਸ਼ੁਰ ਨੇ ਏਲੀਯਾਹ ਨੂੰ ਹੌਸਲਾ ਦੇਣ ਲਈ ਇਕ ਦੂਤ ਘੱਲਿਆ। ਫਿਰ ਯਹੋਵਾਹ ਨੇ ਉਸ ਨੂੰ ਜੀਉਂਦਾ ਰੱਖਣ ਲਈ ਰੋਟੀ-ਪਾਣੀ ਵੀ ਦਿੱਤਾ ਜਿਸ ਕਰਕੇ ਉਹ ਹੋਰੇਬ ਪਰਬਤ ਨੂੰ ਜਾਂਦਿਆਂ 40 ਦਿਨਾਂ ਦਾ ਸਫ਼ਰ ਪੂਰਾ ਕਰ ਸਕਿਆ। ਨਾਲੇ ਏਲੀਯਾਹ ਨੂੰ ਲੱਗਾ ਕਿ ਇਜ਼ਰਾਈਲ ਵਿਚ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਵਿੱਚੋਂ ਸਿਰਫ਼ ਉਹੀ ਰਹਿ ਗਿਆ ਸੀ, ਪਰ ਪਰਮੇਸ਼ੁਰ ਨੇ ਪਿਆਰ ਨਾਲ ਉਸ ਦੀ ਇਹ ਗ਼ਲਤ ਸੋਚ ਸੁਧਾਰੀ। ਗੌਰ ਕਰੋ ਕਿ ਪਰਮੇਸ਼ੁਰ ਨੇ ਏਲੀਯਾਹ ਨੂੰ ਨਵੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਿਨ੍ਹਾਂ ਨੂੰ ਉਸ ਨੇ ਕਬੂਲ ਕੀਤਾ। ਯਹੋਵਾਹ ਦੀ ਦੇਖ-ਭਾਲ ਨਾਲ ਏਲੀਯਾਹ ਦੀ ਜਾਨ ਵਿਚ ਜਾਨ ਆ ਗਈ। ਪਰਮੇਸ਼ੁਰ ਤੋਂ ਹੌਸਲਾ ਪਾ ਕੇ ਉਹ ਦੁਬਾਰਾ ਨਬੀ ਵਜੋਂ ਸੇਵਾ ਕਰਨ ਲੱਗਾ।1 ਰਾਜ. 19:5-8, 15-19.

16. ਪਰਮੇਸ਼ੁਰ ਨੇ ਕਿਹੜੇ ਤਰੀਕਿਆਂ ਨਾਲ ਤੁਹਾਨੂੰ ਸਹਾਰਾ ਦਿੱਤਾ ਹੈ?

16 ਏਲੀਯਾਹ ਬਾਰੇ ਪੜ੍ਹ ਕੇ ਤੁਹਾਨੂੰ ਯਕੀਨ ਹੋਵੇਗਾ ਕਿ ਤੁਸੀਂ ਵਾਕਈ ਮਸੀਹੀ ਰਾਹ ’ਤੇ ਚੱਲ ਰਹੇ ਹੋ ਅਤੇ ਉਸ ਦੀ ਮਿਸਾਲ ਤੋਂ ਤੁਹਾਨੂੰ ਸਹੀ ਨਜ਼ਰੀਆ ਅਪਣਾਉਣ ਵਿਚ ਮਦਦ ਮਿਲ ਸਕਦੀ ਹੈ। ਕਿਵੇਂ? ਪਹਿਲੀ ਗੱਲ, ਜ਼ਰਾ ਸੋਚੋ ਕਿ ਯਹੋਵਾਹ ਨੇ ਕਿਹੜੇ ਤਰੀਕਿਆਂ ਨਾਲ ਤੁਹਾਨੂੰ ਸਹਾਰਾ ਦਿੱਤਾ ਹੈ। ਕੀ ਕਿਸੇ ਬਜ਼ੁਰਗ ਜਾਂ ਸਮਝਦਾਰ ਭੈਣ-ਭਰਾ ਨੇ ਲੋੜ ਪੈਣ ਤੇ ਤੁਹਾਡੀ ਮਦਦ ਕੀਤੀ ਹੈ? (ਗਲਾ. 6:2) ਕੀ ਬਾਈਬਲ, ਮੀਟਿੰਗਾਂ ਜਾਂ ਪ੍ਰਕਾਸ਼ਨਾਂ ਰਾਹੀਂ ਤੁਹਾਨੂੰ ਇਹ ਦਿਲਾਸਾ ਮਿਲਿਆ ਹੈ ਕਿ ਯਹੋਵਾਹ ਨੂੰ ਤੁਹਾਡਾ ਬਹੁਤ ਫ਼ਿਕਰ ਹੈ? ਜਦ ਅਗਲੀ ਵਾਰ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਮਦਦ ਮਿਲਦੀ ਹੈ, ਤਾਂ ਯਾਦ ਰੱਖੋ ਕਿ ਅਸਲ ਵਿਚ ਤੁਹਾਡੀ ਕਿਸ ਨੇ ਮਦਦ ਕੀਤੀ ਹੈ ਅਤੇ ਪ੍ਰਾਰਥਨਾ ਵਿਚ ਪਰਮੇਸ਼ੁਰ ਦਾ ਦਿਲੋਂ ਸ਼ੁਕਰੀਆ ਅਦਾ ਕਰਨਾ ਨਾ ਭੁੱਲੋ।ਜ਼ਬੂ. 121:1, 2.

17. ਯਹੋਵਾਹ ਆਪਣੇ ਸੇਵਕਾਂ ਦੀ ਕਿਹੜੀ ਗੱਲ ਵੱਲ ਧਿਆਨ ਦਿੰਦਾ ਹੈ?

17 ਦੂਜੀ ਗੱਲ, ਯਾਦ ਰੱਖੋ ਕਿ ਸਾਡੀ ਗ਼ਲਤ ਸੋਚ ਸਾਨੂੰ  ਗੁਮਰਾਹ ਕਰ ਸਕਦੀ ਹੈ। ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਪਰਮੇਸ਼ੁਰ ਸਾਡੇ ਬਾਰੇ ਕੀ ਸੋਚਦਾ ਹੈ। (ਰੋਮੀਆਂ 14:4 ਪੜ੍ਹੋ।) ਯਹੋਵਾਹ ਲਈ ਸਾਡੀ ਵਫ਼ਾਦਾਰੀ ਅਤੇ ਭਗਤੀ ਸਭ ਤੋਂ ਜ਼ਿਆਦਾ ਮਾਅਨੇ ਰੱਖਦੀ ਹੈ। ਉਹ ਇਹ ਨਹੀਂ ਮਾਪਦਾ ਕਿ ਅਸੀਂ ਉਸ ਦੀ ਸੇਵਾ ਵਿਚ ਕਿੰਨਾ ਕੁਝ ਕਰਦੇ ਹਾਂ। ਏਲੀਯਾਹ ਵਾਂਗ ਸ਼ਾਇਦ ਤੁਹਾਨੂੰ ਇਸ ਗੱਲ ਦਾ ਅਹਿਸਾਸ ਵੀ ਨਾ ਹੋਵੇ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਕਿੰਨੀ ਮਿਹਨਤ ਕੀਤੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਇਹ ਪਤਾ ਵੀ ਨਾ ਹੋਵੇ ਕਿ ਤੁਹਾਡੀ ਮਿਸਾਲ ਨੇ ਮੰਡਲੀ ਦੇ ਭੈਣਾਂ-ਭਰਾਵਾਂ ਦਾ ਕਿੰਨਾ ਹੌਸਲਾ ਵਧਾਇਆ ਹੈ। ਜਾਂ ਸ਼ਾਇਦ ਤੁਹਾਡੇ ਪ੍ਰਚਾਰ ਕਰਨ ਨਾਲ ਤੁਹਾਡੇ ਇਲਾਕੇ ਦੇ ਲੋਕ ਸੱਚਾਈ ਸੁਣ ਸਕੇ ਹਨ।

18. ਯਹੋਵਾਹ ਤੋਂ ਮਿਲੀਆਂ ਜ਼ਿੰਮੇਵਾਰੀਆਂ ਕਿਸ ਗੱਲ ਦਾ ਸਬੂਤ ਹਨ?

18 ਤੀਜੀ ਗੱਲ, ਯਕੀਨ ਰੱਖੋ ਕਿ ਯਹੋਵਾਹ ਤੋਂ ਮਿਲੀ ਹਰ ਜ਼ਿੰਮੇਵਾਰੀ ਇਸ ਗੱਲ ਦਾ ਸਬੂਤ ਹੈ ਕਿ ਉਹ ਤੁਹਾਡੇ ਨਾਲ ਹੈ। (ਯਿਰ. 20:11) ਏਲੀਯਾਹ ਵਾਂਗ ਸ਼ਾਇਦ ਤੁਸੀਂ ਹੌਸਲਾ ਹਾਰ ਬੈਠੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਪ੍ਰਚਾਰ ਵਿਚ ਕੋਈ ਤੁਹਾਡੀ ਨਹੀਂ ਸੁਣਦਾ ਜਾਂ ਯਹੋਵਾਹ ਦੀ ਸੇਵਾ ਵਿਚ ਰੱਖੇ ਕੁਝ ਟੀਚੇ ਹਾਸਲ ਕਰਨੇ ਤੁਹਾਡੀ ਪਹੁੰਚ ਤੋਂ ਬਾਹਰ ਹਨ। ਪਰ ਫਿਰ ਵੀ ਤੁਹਾਡੇ ਲਈ ਇਹ ਕਿੰਨਾ ਵੱਡਾ ਸਨਮਾਨ ਹੈ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਦੇ ਹੋ। ਇਸ ਲਈ ਹਰ ਹਾਲ ਵਿਚ ਵਫ਼ਾਦਾਰ ਰਹੋ। ਫਿਰ ਯਿਸੂ ਦੇ ਕਹੇ ਮੁਤਾਬਕ ਤੁਸੀਂ “ਆਪਣੇ ਮਾਲਕ ਦੀ ਖ਼ੁਸ਼ੀ ਵਿਚ ਸ਼ਾਮਲ” ਹੋ ਸਕੋਗੇ।ਮੱਤੀ 25:23.

“ਮੁਸੀਬਤ ਦੇ ਮਾਰੇ ਹੋਏ ਦੀ ਪ੍ਰਾਰਥਨਾ”

19. ਜ਼ਬੂਰ 102 ਦਾ ਲਿਖਾਰੀ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਸੀ?

19 ਜ਼ਬੂਰ 102 ਦੇ ਲਿਖਾਰੀ ਦਾ ਮਨ ਬੜਾ ਬੇਚੈਨ ਤੇ ਪਰੇਸ਼ਾਨ ਸੀ। ਉਹ ‘ਮੁਸੀਬਤ ਦਾ ਮਾਰਿਆ’ ਕਿਸੇ ਸਰੀਰਕ ਦੁੱਖ-ਤਕਲੀਫ਼ ਜਾਂ ਗਮ ਨੂੰ ਸਹਿ ਰਿਹਾ ਸੀ ਅਤੇ ਉਸ ਕੋਲ ਮੁਸੀਬਤਾਂ ਨੂੰ ਸਹਿਣ ਦੀ ਤਾਕਤ ਨਾ ਰਹੀ। (ਜ਼ਬੂ. 102, ਸਿਰਲੇਖ) ਉਸ ਦੇ ਗਮਗੀਨ ਲਫ਼ਜ਼ਾਂ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਦਰਦ, ਇਕੱਲਾਪਣ ਅਤੇ ਆਪਣੀਆਂ ਪਰੇਸ਼ਾਨੀਆਂ ਵਿਚ ਡੁੱਬਿਆ ਹੋਇਆ ਸੀ। (ਜ਼ਬੂ. 102:3, 4, 6, 11) ਉਸ ਨੂੰ ਲੱਗਾ ਕਿ ਯਹੋਵਾਹ ਉਸ ਨੂੰ ਆਪਣੇ ਤੋਂ ਦੂਰ ਸੁੱਟ ਦੇਣਾ ਚਾਹੁੰਦਾ ਸੀ।ਜ਼ਬੂ. 102:10.

20. ਪ੍ਰਾਰਥਨਾ ਰਾਹੀਂ ਤੁਹਾਨੂੰ ਆਪਣੀ ਉਦਾਸੀ ’ਤੇ ਕਾਬੂ ਪਾਉਣ ਵਿਚ ਮਦਦ ਕਿਵੇਂ ਮਿਲ ਸਕਦੀ ਹੈ?

20 ਅਜਿਹੀਆਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਦੇ ਬਾਵਜੂਦ ਜ਼ਬੂਰਾਂ ਦਾ ਲਿਖਾਰੀ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਮਹਿਮਾ ਕਰ ਸਕਦਾ ਸੀ। (ਜ਼ਬੂਰਾਂ ਦੀ ਪੋਥੀ 102:19-21 ਪੜ੍ਹੋ।) ਜ਼ਬੂਰ 102 ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਪੱਕੀ ਨਿਹਚਾ ਰੱਖਣ ਵਾਲਿਆਂ ਦਾ ਵੀ ਦਿਲ ਦੁਖੀ ਹੋ ਸਕਦਾ ਹੈ ਜਿਸ ਕਰਕੇ ਉਹ ਆਪਣੀਆਂ ਪਰੇਸ਼ਾਨੀਆਂ ਤੋਂ ਇਲਾਵਾ ਸ਼ਾਇਦ ਕਿਸੇ ਹੋਰ ਚੀਜ਼ ਬਾਰੇ ਨਾ ਸੋਚ ਸਕਣ। ਜ਼ਬੂਰਾਂ ਦੇ ਲਿਖਾਰੀ ਨੇ ਸੋਚਿਆ ਕਿ ਉਹ ‘ਉਸ ਚਿੜੀ ਵਰਗਾ ਸੀ ਜਿਹੜੀ ਛੱਤ ਉੱਤੇ ਵੱਖਰੀ ਰਹਿੰਦੀ ਹੈ।’ ਹਾਂ, ਉਸ ਨੂੰ ਲੱਗਾ ਕਿ ਉਹ ਮੁਸ਼ਕਲਾਂ ਨਾਲ ਘਿਰਿਆ ਹੋਇਆ ਹੈ। (ਜ਼ਬੂ. 102:7) ਜੇ ਤੁਸੀਂ ਕਦੇ ਇੱਦਾਂ ਮਹਿਸੂਸ ਕਰਦੇ ਹੋ, ਤਾਂ ਜ਼ਬੂਰਾਂ ਦੇ ਲਿਖਾਰੀ ਵਾਂਗ ਯਹੋਵਾਹ ਅੱਗੇ ਆਪਣਾ ਦਿਲ ਡੋਲ੍ਹ ਦਿਓ। ਪ੍ਰਾਰਥਨਾ ਰਾਹੀਂ ਤੁਹਾਨੂੰ ਆਪਣੀ ਉਦਾਸੀ ’ਤੇ ਕਾਬੂ ਪਾਉਣ ਵਿਚ ਮਦਦ ਮਿਲੇਗੀ। ਯਹੋਵਾਹ ਵਾਅਦਾ ਕਰਦਾ ਹੈ ਕਿ ਉਹ “ਲਾਚਾਰ ਦੀ ਪ੍ਰਾਰਥਨਾ” ਸੁਣੇਗਾ ਅਤੇ “ਉਨ੍ਹਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ” ਜਾਣੇਗਾ। (ਜ਼ਬੂ. 102:17) ਇਸ ਵਾਅਦੇ ’ਤੇ ਪੂਰਾ ਭਰੋਸਾ ਰੱਖੋ।

21. ਅਸੀਂ ਸਹੀ ਨਜ਼ਰੀਆ ਕਿਵੇਂ ਅਪਣਾ ਸਕਦੇ ਹਾਂ?

21 ਜ਼ਬੂਰ 102 ਪੜ੍ਹ ਕੇ ਅਸੀਂ ਇਹ ਵੀ ਸਿੱਖਦੇ ਹਾਂ ਕਿ ਅਸੀਂ ਸਹੀ ਨਜ਼ਰੀਆ ਕਿਵੇਂ ਅਪਣਾ ਸਕਦੇ ਹਾਂ। ਜੇ ਅਸੀਂ ਆਪਣਾ ਧਿਆਨ ਜ਼ਬੂਰਾਂ ਦੇ ਲਿਖਾਰੀ ਵਾਂਗ ਯਹੋਵਾਹ ਨਾਲ ਆਪਣੇ ਰਿਸ਼ਤੇ ਉੱਤੇ ਲਾਵਾਂਗੇ, ਤਾਂ ਅਸੀਂ ਸਹੀ ਨਜ਼ਰੀਆ ਰੱਖ ਪਾਵਾਂਗੇ। (ਜ਼ਬੂ. 102:12, 27) ਉਸ ਨੂੰ ਇਹ ਜਾਣ ਕੇ ਕਿੰਨੀ ਤਸੱਲੀ ਮਿਲੀ ਕਿ ਯਹੋਵਾਹ ਅਜ਼ਮਾਇਸ਼ਾਂ ਦੌਰਾਨ ਹਮੇਸ਼ਾ ਆਪਣੇ ਲੋਕਾਂ ਨੂੰ ਸੰਭਾਲਦਾ ਹੈ। ਤਾਂ ਫਿਰ ਜੇ ਤੁਸੀਂ ਕਿਸੇ ਮਾਯੂਸੀ ਕਾਰਨ ਕੁਝ ਸਮੇਂ ਲਈ ਪਰਮੇਸ਼ੁਰ ਦੀ ਸੇਵਾ ਵਿਚ ਉੱਨਾ ਨਹੀਂ ਕਰ ਪਾਉਂਦੇ ਜਿੰਨਾ ਤੁਸੀਂ ਕਰਨਾ ਚਾਹੁੰਦੇ ਹੋ, ਤਾਂ ਇਸ ਬਾਰੇ ਪ੍ਰਾਰਥਨਾ ਕਰੋ। ਪਰਮੇਸ਼ੁਰ ਨੂੰ ਸਿਰਫ਼ ਇਹ ਬੇਨਤੀ ਨਾ ਕਰੋ ਕਿ ਉਹ ਤੁਹਾਨੂੰ ਦੁੱਖ-ਤਕਲੀਫ਼ਾਂ ਤੋਂ ਰਾਹਤ ਦੇਵੇ, ਸਗੋਂ ਇਹ ਦੁਆ ਕਰੋ ਕਿ ‘ਯਹੋਵਾਹ ਦੇ ਨਾਮ ਦੀ ਉਸਤਤ ਦਾ ਪਰਚਾਰ’ ਹੋਵੇ।ਜ਼ਬੂ. 102:20, 21.

22. ਅਸੀਂ ਯਹੋਵਾਹ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ?

22 ਜੀ ਹਾਂ, ਬਾਈਬਲ ਸਾਡੀ ਇਹ ਜਾਣਨ ਵਿਚ ਮਦਦ ਕਰੇਗੀ ਕਿ ਅਸੀਂ ਮਸੀਹੀ ਰਾਹ ’ਤੇ ਚੱਲ ਰਹੇ ਹਾਂ ਅਤੇ ਯਹੋਵਾਹ ਸਾਨੂੰ ਦਿਲੋਂ ਪਿਆਰ ਕਰਦਾ ਹੈ। ਇਹ ਸੱਚ ਹੈ ਕਿ ਇਸ ਬੁਰੀ ਦੁਨੀਆਂ ਵਿਚ ਰਹਿੰਦਿਆਂ ਅਸੀਂ ਆਪਣੇ ਦਿਲ-ਦਿਮਾਗ਼ ਵਿੱਚੋਂ ਸਾਰੇ ਗ਼ਲਤ ਜਾਂ ਨਿਰਾਸ਼ ਕਰਨ ਵਾਲੇ ਖ਼ਿਆਲ ਕੱਢ ਨਹੀਂ ਸਕਦੇ। ਪਰ ਅਸੀਂ ਸਾਰੇ ਯਹੋਵਾਹ ਨੂੰ ਦਿਲੋਂ ਖ਼ੁਸ਼ ਕਰ ਸਕਦੇ ਹਾਂ ਅਤੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਵਿਚ ਲੱਗੇ ਰਹਿ ਕੇ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਹਾਂ।ਮੱਤੀ 24:13.