Skip to content

Skip to table of contents

ਬਜ਼ੁਰਗ ਭੈਣਾਂ-ਭਰਾਵਾਂ ਦਾ ਆਦਰ ਕਰੋ

ਬਜ਼ੁਰਗ ਭੈਣਾਂ-ਭਰਾਵਾਂ ਦਾ ਆਦਰ ਕਰੋ

“ਤੈਂ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ।”ਲੇਵੀ. 19:32.

1. ਇਨਸਾਨ ਅੱਜ ਕਿਹੜੀ ਮਾੜੀ ਹਾਲਤ ਵਿਚ ਹਨ?

ਯਹੋਵਾਹ ਨੇ ਕਦੇ ਨਹੀਂ ਸੀ ਚਾਹਿਆ ਕਿ ਇਨਸਾਨ ਦੁੱਖ ਸਹਿਣ ਅਤੇ ਬੁਢਾਪੇ ਦੇ ਮਾੜੇ ਦਿਨ ਦੇਖਣ, ਸਗੋਂ ਉਸ ਦਾ ਮਕਸਦ ਸੀ ਕਿ ਸਾਰੇ ਇਨਸਾਨ ਬਾਗ਼ ਵਰਗੀ ਸੋਹਣੀ ਧਰਤੀ ’ਤੇ ਹਮੇਸ਼ਾ ਵਾਸਤੇ ਤੰਦਰੁਸਤ ਰਹਿਣ। ਪਰ ਇਸ ਵੇਲੇ “ਸਾਰੀ ਸ੍ਰਿਸ਼ਟੀ ਮਿਲ ਕੇ ਹਉਕੇ ਭਰ ਰਹੀ ਹੈ ਅਤੇ ਹੁਣ ਤਕ ਦੁੱਖ ਝੱਲ ਰਹੀ ਹੈ।” (ਰੋਮੀ. 8:22) ਤੁਹਾਡੇ ਖ਼ਿਆਲ ਵਿਚ ਪਰਮੇਸ਼ੁਰ ਨੂੰ ਕਿੱਦਾਂ ਲੱਗਦਾ ਹੋਣਾ ਜਦੋਂ ਉਹ ਇਨਸਾਨਾਂ ਨੂੰ ਪਾਪ ਦੇ ਬੁਰੇ ਨਤੀਜੇ ਭੁਗਤਦੇ ਦੇਖਦਾ ਹੈ? ਇਸ ਤੋਂ ਇਲਾਵਾ, ਜਿਸ ਵਕਤ ਬਜ਼ੁਰਗਾਂ ਨੂੰ ਸਭ ਤੋਂ ਜ਼ਿਆਦਾ ਮਦਦ ਦੀ ਲੋੜ ਹੁੰਦੀ ਹੈ ਉਸ ਵੇਲੇ ਕਈਆਂ ਨੂੰ ਬੇਸਹਾਰਾ ਛੱਡ ਦਿੱਤਾ ਜਾਂਦਾ ਹੈ।ਜ਼ਬੂ. 39:5; 2 ਤਿਮੋ. 3:3.

2. ਬਜ਼ੁਰਗ ਭੈਣਾਂ-ਭਰਾਵਾਂ ਨੂੰ ਦੇਖ ਕੇ ਅਸੀਂ ਖ਼ੁਸ਼ ਕਿਉਂ ਹੁੰਦੇ ਹਾਂ?

2 ਯਹੋਵਾਹ ਦੇ ਲੋਕ ਮੰਡਲੀਆਂ ਵਿਚ ਬਜ਼ੁਰਗ ਭੈਣਾਂ-ਭਰਾਵਾਂ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦੇ ਹਨ। ਅਸੀਂ ਇਨ੍ਹਾਂ ਸਿਆਣੇ ਭੈਣਾਂ-ਭਰਾਵਾਂ ਤੋਂ ਬਹੁਤ ਕੁਝ ਸਿੱਖਦੇ ਹਾਂ ਅਤੇ ਅਸੀਂ ਉਨ੍ਹਾਂ ਵਰਗੀ ਨਿਹਚਾ ਰੱਖਣੀ ਚਾਹੁੰਦੇ ਹਾਂ। ਸਾਡੇ ਵਿੱਚੋਂ ਕਈ ਜਣੇ ਇਨ੍ਹਾਂ ਬਿਰਧ ਭੈਣਾਂ-ਭਰਾਵਾਂ ਦੇ ਰਿਸ਼ਤੇਦਾਰ ਹਨ। ਅਸੀਂ ਭਾਵੇਂ ਉਨ੍ਹਾਂ ਦੇ ਰਿਸ਼ਤੇਦਾਰ ਹਾਂ ਜਾਂ ਨਹੀਂ, ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਹੋਵੇ। (ਗਲਾ. 6:10; 1 ਪਤ. 1:22) ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਬਜ਼ੁਰਗ ਭੈਣਾਂ-ਭਰਾਵਾਂ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ। ਅਸੀਂ ਇਹ ਵੀ ਜਾਣਾਂਗੇ ਕਿ ਸਾਡੇ ਇਨ੍ਹਾਂ ਪਿਆਰੇ ਭੈਣਾਂ-ਭਰਾਵਾਂ ਪ੍ਰਤੀ ਪਰਿਵਾਰ ਦੇ ਮੈਂਬਰਾਂ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਹਨ।

 “ਮੈਨੂੰ ਦੂਰ ਨਾ ਸੁੱਟ”

3, 4. (ੳ) 71ਵੇਂ ਜ਼ਬੂਰ ਦੇ ਲਿਖਾਰੀ ਨੇ ਯਹੋਵਾਹ ਨੂੰ ਕਿਹੜੀ ਖ਼ਾਸ ਬੇਨਤੀ ਕੀਤੀ ਸੀ? (ਅ) ਮੰਡਲੀ ਦੇ ਬਿਰਧ ਭੈਣ-ਭਰਾ ਪਰਮੇਸ਼ੁਰ ਨੂੰ ਕਿਹੜੀ ਬੇਨਤੀ ਕਰ ਸਕਦੇ ਹਨ?

3 ਜ਼ਬੂਰਾਂ ਦੀ ਪੋਥੀ 71:9 ਦੇ ਲਿਖਾਰੀ ਨੇ ਪਰਮੇਸ਼ੁਰ ਨੂੰ ਬੇਨਤੀ ਕੀਤੀ: “ਬੁਢੇਪੇ ਦੇ ਸਮੇਂ ਮੈਨੂੰ ਦੂਰ ਨਾ ਸੁੱਟ, ਜਾਂ ਮੇਰੇ ਬਲ ਘਟੇ ਤਾਂ ਮੈਨੂੰ ਨਾ ਤਿਆਗ!” ਲੱਗਦਾ ਹੈ ਕਿ 70ਵਾਂ ਜ਼ਬੂਰ ਇਸੇ ਜ਼ਬੂਰ ਦਾ ਹਿੱਸਾ ਹੈ ਕਿਉਂਕਿ ਇਸ ਦੇ ਸਿਰਲੇਖ ਵਿਚ ਦੱਸਿਆ ਹੈ “ਦਾਊਦ ਦਾ।” ਇਸ ਲਈ ਸ਼ਾਇਦ ਦਾਊਦ ਨੇ ਜ਼ਬੂਰ 71:9 ਵਿਚ ਲਿਖੀ ਫ਼ਰਿਆਦ ਕੀਤੀ ਸੀ। ਉਹ ਜਵਾਨੀ ਤੋਂ ਲੈ ਕੇ ਬੁਢਾਪੇ ਤਕ ਪਰਮੇਸ਼ੁਰ ਦੀ ਸੇਵਾ ਕਰਦਾ ਰਿਹਾ ਅਤੇ ਯਹੋਵਾਹ ਨੇ ਉਸ ਨੂੰ ਵੱਡੇ-ਵੱਡੇ ਕੰਮ ਕਰਨ ਲਈ ਵਰਤਿਆ। (1 ਸਮੂ. 17:33-37, 50; 1 ਰਾਜ. 2:1-3, 10) ਉਹ ਬੁਢਾਪੇ ਵਿਚ ਵੀ ਯਹੋਵਾਹ ਨੂੰ ਇਹੀ ਦੁਆ ਕਰਦਾ ਰਿਹਾ ਕਿ ਉਹ ਉਸ ਉੱਤੇ ਮਿਹਰ ਕਰਦਾ ਰਹੇ।ਜ਼ਬੂਰਾਂ ਦੀ ਪੋਥੀ 71:17, 18 ਪੜ੍ਹੋ।

4 ਦਾਊਦ ਵਾਂਗ ਅੱਜ ਕਈ ਭੈਣ-ਭਰਾ ਬੁਢਾਪੇ ਅਤੇ ‘ਮਾੜੇ ਦਿਨਾਂ’ ਦੇ ਬਾਵਜੂਦ ਪੂਰੀ ਵਾਹ ਲਾ ਕੇ ਪਰਮੇਸ਼ੁਰ ਦੀ ਵਡਿਆਈ ਕਰ ਰਹੇ ਹਨ। (ਉਪ. 12:1-7) ਉਨ੍ਹਾਂ ਵਿੱਚੋਂ ਕਈ ਸ਼ਾਇਦ ਅੱਜ ਉੱਨਾ ਪ੍ਰਚਾਰ ਅਤੇ ਜ਼ਿੰਦਗੀ ਦੇ ਹੋਰ ਕੰਮ ਨਹੀਂ ਕਰ ਪਾਉਂਦੇ ਜਿੰਨਾ ਉਹ ਪਹਿਲਾਂ ਕਰਦੇ ਹੁੰਦੇ ਸਨ। ਪਰ ਉਹ ਵੀ ਦਾਊਦ ਵਾਂਗ ਯਹੋਵਾਹ ਨੂੰ ਬੇਨਤੀ ਕਰ ਸਕਦੇ ਹਨ ਕਿ ਉਸ ਦੀ ਮਿਹਰ ਉਨ੍ਹਾਂ ਉੱਤੇ ਰਹੇ ਅਤੇ ਉਹ ਉਨ੍ਹਾਂ ਦੀ ਦੇਖ-ਭਾਲ ਕਰਦਾ ਰਹੇ। ਅਜਿਹੇ ਵਫ਼ਾਦਾਰ ਭੈਣ-ਭਰਾ ਯਕੀਨ ਰੱਖ ਸਕਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਜ਼ਰੂਰ ਸੁਣੇਗਾ। ਅਸੀਂ ਇਹ ਗੱਲ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਯਹੋਵਾਹ ਨੇ ਦਾਊਦ ਦੀਆਂ ਅਜਿਹੀਆਂ ਦੁਆਵਾਂ ਨੂੰ ਬਾਈਬਲ ਵਿਚ ਲਿਖਵਾਇਆ।

5. ਬਜ਼ੁਰਗਾਂ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ?

5 ਬਾਈਬਲ ਸਾਫ਼ ਦੱਸਦੀ ਹੈ ਕਿ ਯਹੋਵਾਹ ਵਫ਼ਾਦਾਰ ਬਜ਼ੁਰਗ ਭੈਣਾਂ-ਭਰਾਵਾਂ ਦੀ ਬਹੁਤ ਕਦਰ ਕਰਦਾ ਹੈ ਤੇ ਚਾਹੁੰਦਾ ਹੈ ਕਿ ਉਸ ਦੇ ਸੇਵਕ ਉਨ੍ਹਾਂ ਦਾ ਆਦਰ ਕਰਨ। (ਜ਼ਬੂ. 22:24-26; ਕਹਾ. 16:31; 20:29) ਲੇਵੀਆਂ 19:32 ਕਹਿੰਦਾ ਹੈ: “ਤੈਂ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ ਅਤੇ ਆਪਣੇ ਪਰਮੇਸ਼ੁਰ ਤੋਂ ਡਰਨਾ। ਮੈਂ ਯਹੋਵਾਹ ਹਾਂ।” ਜਦੋਂ ਇਹ ਲਫ਼ਜ਼ ਲਿਖੇ ਗਏ ਸਨ, ਉਦੋਂ ਮੰਡਲੀ ਵਿਚ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਸਿਆਣਿਆਂ ਦਾ ਆਦਰ ਕਰਨ। ਅੱਜ ਇਹ ਗੱਲ ਸਾਡੇ ’ਤੇ ਵੀ ਲਾਗੂ ਹੁੰਦੀ ਹੈ। ਪਰ ਉਨ੍ਹਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ?

ਪਰਿਵਾਰ ਦੀ ਜ਼ਿੰਮੇਵਾਰੀ

6. ਮਾਪਿਆਂ ਦੀ ਦੇਖ-ਭਾਲ ਕਰਨ ਬਾਰੇ ਯਿਸੂ ਨੇ ਕਿਹੋ ਜਿਹੀ ਮਿਸਾਲ ਕਾਇਮ ਕੀਤੀ ਸੀ?

6 ਪਰਮੇਸ਼ੁਰ ਦਾ ਬਚਨ ਸਾਨੂੰ ਦੱਸਦਾ ਹੈ: “ਆਪਣੇ ਮਾਤਾ-ਪਿਤਾ ਦਾ ਆਦਰ ਕਰ।” (ਕੂਚ 20:12; ਅਫ਼. 6:2) ਯਿਸੂ ਨੇ ਇਸ ਹੁਕਮ ਨੂੰ ਮੰਨਣ ’ਤੇ ਜ਼ੋਰ ਦਿੱਤਾ, ਪਰ ਉਸ ਨੇ ਫ਼ਰੀਸੀਆਂ ਅਤੇ ਗ੍ਰੰਥੀਆਂ ਦੀ ਨਿੰਦਿਆ ਕੀਤੀ ਕਿਉਂਕਿ ਉਹ ਆਪਣੇ ਮਾਪਿਆਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਕੰਨੀ ਕਤਰਾਉਂਦੇ ਸਨ। (ਮਰ. 7:5, 10-13) ਯਿਸੂ ਨੇ ਮਾਪਿਆਂ ਦਾ ਆਦਰ ਕਰਨ ਵਿਚ ਚੰਗੀ ਮਿਸਾਲ ਕਾਇਮ ਕੀਤੀ ਸੀ। ਮਿਸਾਲ ਲਈ, ਉਸ ਨੂੰ ਸੂਲ਼ੀ ਉੱਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਪਲਾਂ ਦੌਰਾਨ ਵੀ ਆਪਣੀ ਮਾਂ ਦਾ ਬਹੁਤ ਫ਼ਿਕਰ ਸੀ ਜੋ ਸ਼ਾਇਦ ਉਸ ਵੇਲੇ ਵਿਧਵਾ ਸੀ। ਇਸ ਲਈ ਉਸ ਨੇ ਆਪਣੀ ਮਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਆਪਣੇ ਪਿਆਰੇ ਚੇਲੇ ਯੂਹੰਨਾ ਨੂੰ ਸੌਂਪੀ ਸੀ।ਯੂਹੰ. 19:26, 27.

7. (ੳ) ਪੌਲੁਸ ਰਸੂਲ ਨੇ ਮਾਪਿਆਂ ਦੀਆਂ ਲੋੜਾਂ ਪੂਰੀਆਂ ਕਰਨ ਬਾਰੇ ਕਿਹੜੇ ਅਸੂਲ ਦਾ ਜ਼ਿਕਰ ਕੀਤਾ ਸੀ? (ਅ) ਪੌਲੁਸ ਨੇ ਹੋਰ ਕੀ ਦੱਸਿਆ ਸੀ?

7 ਪੌਲੁਸ ਰਸੂਲ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖਿਆ ਕਿ ਮਸੀਹੀਆਂ ਨੂੰ ਆਪਣੇ ਘਰ ਦੇ ਜੀਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। (1 ਤਿਮੋਥਿਉਸ 5:4, 8, 16 ਪੜ੍ਹੋ।) ਉਸ ਨੇ ਇਸ ਅਸੂਲ ਦਾ ਉਦੋਂ ਜ਼ਿਕਰ ਕੀਤਾ ਜਦੋਂ ਉਸ ਨੇ ਦੱਸਿਆ ਕਿ ਮੰਡਲੀ ਵਿਚ ਕਿਸ ਨੂੰ ਪੈਸੇ ਪੱਖੋਂ ਮਦਦ ਮਿਲ ਸਕਦੀ ਹੈ ਤੇ ਕਿਸ ਨੂੰ ਨਹੀਂ। ਉਸ ਨੇ ਸਾਫ਼-ਸਾਫ਼ ਦੱਸਿਆ ਕਿ ਬਜ਼ੁਰਗ ਵਿਧਵਾਵਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਬੱਚਿਆਂ, ਦੋਹਤੇ-ਪੋਤਿਆਂ ਤੇ ਹੋਰ ਰਿਸ਼ਤੇਦਾਰਾਂ ਦੀ ਬਣਦੀ ਹੈ। ਇਸ ਤਰ੍ਹਾਂ, ਮੰਡਲੀ ਉੱਤੇ ਬੇਲੋੜੇ ਖ਼ਰਚਿਆਂ ਦਾ ਬੋਝ ਨਹੀਂ ਪੈਣਾ ਸੀ। ਅੱਜ ਵੀ ਮਸੀਹੀ “ਪਰਮੇਸ਼ੁਰ ਦੇ ਕਹੇ ਅਨੁਸਾਰ” ਚੱਲਦਿਆਂ ਆਪਣੇ ਲੋੜਵੰਦ ਰਿਸ਼ਤੇਦਾਰਾਂ ਦੇ ਖ਼ਰਚੇ ਪੂਰੇ ਕਰਦੇ ਹਨ।

8. ਬਾਈਬਲ ਵਿਚ ਬਜ਼ੁਰਗ ਮਾਪਿਆਂ ਦੀ ਦੇਖ-ਭਾਲ ਕਰਨ ਬਾਰੇ ਕੋਈ ਖ਼ਾਸ ਸੁਝਾਅ ਕਿਉਂ ਨਹੀਂ ਦਿੱਤਾ ਗਿਆ?

8 ਮਸੀਹੀਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਦੀਆਂ ਰੋਟੀ, ਕੱਪੜਾ, ਮਕਾਨ ਵਰਗੀਆਂ ਲੋੜਾਂ ਪੂਰੀਆਂ ਕਰਨ। ਇਹ ਸੱਚ ਹੈ ਕਿ ਪੌਲੁਸ ਇੱਥੇ ‘ਨਿਹਚਾ ਰੱਖਣ ਵਾਲੇ ਰਿਸ਼ਤੇਦਾਰਾਂ’ ਦੀ ਗੱਲ ਕਰ ਰਿਹਾ ਸੀ, ਪਰ ਜੇ ਸਾਡੇ ਮਾਪੇ ਸੱਚਾਈ ਵਿਚ ਨਹੀਂ ਵੀ ਹਨ,  ਫਿਰ ਵੀ ਸਾਨੂੰ ਉਨ੍ਹਾਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ। ਹਰ ਪਰਿਵਾਰ ਦੇ ਹਾਲਾਤ ਵੱਖੋ-ਵੱਖਰੇ ਹੋਣ ਕਰਕੇ ਬੱਚੇ ਅਲੱਗ-ਅਲੱਗ ਤਰੀਕਿਆਂ ਨਾਲ ਆਪਣੇ ਮਾਪਿਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਪਰਿਵਾਰ ਦੇ ਹਰ ਮੈਂਬਰ ਦੀਆਂ ਲੋੜਾਂ ਅਤੇ ਉਨ੍ਹਾਂ ਦਾ ਸੁਭਾਅ ਵੱਖੋ-ਵੱਖਰਾ ਹੁੰਦਾ ਹੈ। ਕਈਆਂ ਦੀ ਸਿਹਤ ਚੰਗੀ ਹੁੰਦੀ ਹੈ ਅਤੇ ਕਈਆਂ ਦੀ ਨਹੀਂ। ਕੁਝ ਮਾਪਿਆਂ ਦੇ ਕਈ ਬੱਚੇ ਹੁੰਦੇ ਹਨ ਤੇ ਕਈਆਂ ਦਾ ਇੱਕੋ-ਇਕ। ਕਈ ਦੇਸ਼ਾਂ ਵਿਚ ਬਜ਼ੁਰਗਾਂ ਨੂੰ ਸਰਕਾਰ ਤੋਂ ਮਦਦ ਮਿਲ ਸਕਦੀ ਹੈ, ਪਰ ਹੋਰਨਾਂ ਦੇਸ਼ਾਂ ਵਿਚ ਨਹੀਂ। ਮਾਪਿਆਂ ਦਾ ਇਹ ਆਪਣਾ ਫ਼ੈਸਲਾ ਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਦੀ ਦੇਖ-ਭਾਲ ਚਾਹੁੰਦੇ ਹਨ। ਇਸ ਲਈ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੇ ਫ਼ੈਸਲਿਆਂ ਦੀ ਨੁਕਤਾਚੀਨੀ ਨਾ ਕਰੀਏ ਜੋ ਆਪਣੇ ਬਜ਼ੁਰਗ ਰਿਸ਼ਤੇਦਾਰਾਂ ਦੀ ਦੇਖ-ਭਾਲ ਕਰ ਰਹੇ ਹਨ। ਜਿੱਦਾਂ ਉਸ ਨੇ ਮੂਸਾ ਦੇ ਜ਼ਮਾਨੇ ਵਿਚ ਆਪਣੇ ਲੋਕਾਂ ਦੀ ਦੇਖ-ਭਾਲ ਕੀਤੀ ਸੀ ਉੱਦਾਂ ਉਹ ਅੱਜ ਵੀ ਬਾਈਬਲ ਮੁਤਾਬਕ ਲਏ ਗਏ ਕਿਸੇ ਵੀ ਫ਼ੈਸਲੇ ਉੱਤੇ ਬਰਕਤ ਪਾ ਸਕਦਾ ਹੈ।ਗਿਣ. 11:23.

9-11. (ੳ) ਕੁਝ ਭੈਣਾਂ-ਭਰਾਵਾਂ ਨੂੰ ਕਿਹੜੇ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਪੂਰੇ ਸਮੇਂ ਦੀ ਸੇਵਾ ਕਰ ਰਹੇ ਭੈਣਾਂ-ਭਰਾਵਾਂ ਨੂੰ ਕਾਹਲੀ ਵਿਚ ਆਪਣੀ ਸੇਵਾ ਕਿਉਂ ਨਹੀਂ ਛੱਡਣੀ ਚਾਹੀਦੀ? ਮਿਸਾਲ ਦਿਓ।

9 ਜਦੋਂ ਬੱਚੇ ਮਾਪਿਆਂ ਤੋਂ ਬਹੁਤ ਦੂਰ ਰਹਿੰਦੇ ਹਨ, ਤਾਂ ਉਨ੍ਹਾਂ ਲਈ ਬਿਰਧ ਮਾਪਿਆਂ ਦੀ ਮਦਦ ਕਰਨੀ ਔਖੀ ਹੋ ਸਕਦੀ ਹੈ। ਅਚਾਨਕ ਕੋਈ ਗੰਭੀਰ ਸਮੱਸਿਆ ਖੜ੍ਹੀ ਹੋਣ ਕਾਰਨ ਸ਼ਾਇਦ ਉਨ੍ਹਾਂ ਨੂੰ ਆਪਣੇ ਮੰਮੀ-ਡੈਡੀ ਨੂੰ ਦੇਖਣ ਜਾਣਾ ਪਵੇ। ਹੋ ਸਕਦਾ ਹੈ ਕਿ ਮੰਮੀ ਜਾਂ ਡੈਡੀ ਦੇ ਡਿਗ ਕੇ ਸੱਟ ਲੱਗ ਗਈ ਹੈ ਜਾਂ ਹੱਡੀ ਟੁੱਟ ਗਈ ਹੈ ਜਿਸ ਕਰਕੇ ਉਨ੍ਹਾਂ ਨੂੰ ਸ਼ਾਇਦ ਥੋੜ੍ਹੇ ਜਾਂ ਲੰਬੇ ਸਮੇਂ ਲਈ ਮਦਦ ਦੀ ਲੋੜ ਹੋਵੇ। *

10 ਜਿਹੜੇ ਭੈਣ-ਭਰਾ ਆਪਣੇ ਘਰ ਤੋਂ ਦੂਰ ਕਿਸੇ ਹੋਰ ਜਗ੍ਹਾ ਸੇਵਾ ਕਰਨ ਲਈ ਗਏ ਹੋਏ ਹਨ, ਉਨ੍ਹਾਂ ਲਈ ਕੁਝ ਫ਼ੈਸਲੇ ਕਰਨੇ ਔਖੇ ਹੋ ਸਕਦੇ ਹਨ। ਬੈਥਲ ਵਿਚ ਸੇਵਾ ਕਰਨ ਵਾਲੇ ਭੈਣ-ਭਰਾ, ਮਿਸ਼ਨਰੀ ਅਤੇ ਸਫ਼ਰੀ ਨਿਗਾਹਬਾਨ ਆਪਣੀ ਸੇਵਾ ਨੂੰ ਯਹੋਵਾਹ ਵੱਲੋਂ ਇਕ ਵੱਡੀ ਬਰਕਤ ਸਮਝਦੇ ਹਨ। ਫਿਰ ਵੀ ਜੇ ਉਨ੍ਹਾਂ ਦੇ ਮਾਪੇ ਬੀਮਾਰ ਹੋ ਜਾਣ, ਤਾਂ ਸ਼ਾਇਦ ਉਹ ਸੋਚਣ ਕਿ ‘ਸਾਨੂੰ ਆਪਣੀ ਸੇਵਾ ਛੱਡ ਕੇ ਆਪਣੇ ਮਾਪਿਆਂ ਦੀ ਦੇਖ-ਭਾਲ ਕਰਨ ਲਈ ਘਰ ਵਾਪਸ ਜਾਣਾ ਚਾਹੀਦਾ ਹੈ।’ ਪਰ ਅਕਲਮੰਦੀ ਦੀ ਗੱਲ ਹੋਵੇਗੀ ਕਿ ਉਹ ਪ੍ਰਾਰਥਨਾ ਦੇ ਨਾਲ-ਨਾਲ ਸੋਚ-ਵਿਚਾਰ ਕਰਨ ਕਿ ਉਨ੍ਹਾਂ ਦੇ ਮਾਪੇ ਕੀ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਕਿਹੜੀ ਮਦਦ ਦੀ ਲੋੜ ਹੈ। ਕਿਸੇ ਨੂੰ ਵੀ ਕਾਹਲੀ ਵਿਚ ਯਹੋਵਾਹ ਵੱਲੋਂ ਮਿਲੇ ਸੇਵਾ ਕਰਨ ਦੇ ਸਨਮਾਨ ਨੂੰ ਛੱਡਣਾ ਨਹੀਂ ਚਾਹੀਦਾ। ਕੀ ਉਨ੍ਹਾਂ ਦੇ ਮਾਪਿਆਂ ਦੀ ਸਿਹਤ ਥੋੜ੍ਹੇ ਚਿਰ ਬਾਅਦ ਠੀਕ ਹੋ ਜਾਵੇਗੀ? ਜਾਂ ਕੀ ਉਨ੍ਹਾਂ ਦੇ ਮੰਮੀ-ਡੈਡੀ ਦੀ ਮੰਡਲੀ ਦੇ ਭੈਣ-ਭਰਾ ਖ਼ੁਸ਼ੀ-ਖ਼ੁਸ਼ੀ ਮਦਦ ਕਰਨ ਲਈ ਤਿਆਰ ਹਨ? ਇਨ੍ਹਾਂ ਸਵਾਲਾਂ ’ਤੇ ਸੋਚ-ਵਿਚਾਰ ਕਰ ਕੇ ਉਹ ਸ਼ਾਇਦ ਫ਼ੈਸਲਾ ਕਰਨ ਕਿ ਉਨ੍ਹਾਂ ਨੂੰ ਆਪਣੀ ਸੇਵਾ ਛੱਡਣ ਦੀ ਲੋੜ ਨਹੀਂ।ਕਹਾ. 21:5.

11 ਦੋ ਸਕੇ ਭਰਾਵਾਂ ਦੀ ਮਿਸਾਲ ਉੱਤੇ ਗੌਰ ਕਰੋ ਜੋ ਆਪਣੇ ਘਰ ਤੋਂ ਦੂਰ ਸੇਵਾ ਕਰਦੇ ਸਨ। ਇਕ ਭਰਾ ਦੱਖਣੀ ਅਮਰੀਕਾ ਵਿਚ ਮਿਸ਼ਨਰੀ ਸੇਵਾ ਕਰਦਾ ਸੀ ਤੇ ਦੂਜਾ ਭਰਾ ਬਰੁਕਲਿਨ, ਨਿਊਯਾਰਕ ਦੇ ਵਰਲਡ ਹੈੱਡ-ਕੁਆਰਟਰ ਵਿਚ ਕੰਮ ਕਰਦਾ ਸੀ। ਇਨ੍ਹਾਂ ਭਰਾਵਾਂ ਦੇ ਸਿਆਣੇ ਮਾਪਿਆਂ ਨੂੰ ਮਦਦ ਦੀ ਲੋੜ ਪਈ। ਦੋਵੇਂ ਭਰਾ ਆਪਣੀਆਂ ਪਤਨੀਆਂ ਨਾਲ ਆਪਣੇ ਮਾਪਿਆਂ ਨੂੰ ਦੇਖਣ ਲਈ ਜਪਾਨ ਗਏ ਤਾਂਕਿ ਉਹ ਜਾਣ ਸਕਣ ਕਿ ਉਨ੍ਹਾਂ ਨੂੰ ਕਿਹੜੀ ਮਦਦ ਦੀ ਲੋੜ ਸੀ। ਸਮੇਂ ਦੇ ਬੀਤਣ ਨਾਲ ਦੱਖਣੀ ਅਮਰੀਕਾ ਵਿਚ ਮਿਸ਼ਨਰੀ ਸੇਵਾ ਕਰ ਰਹੇ ਪੁੱਤਰ ਤੇ ਉਸ ਦੀ ਪਤਨੀ ਇਹ ਸੇਵਾ ਛੱਡ ਕੇ ਘਰ ਵਾਪਸ ਜਾਣ ਬਾਰੇ ਸੋਚ ਰਹੇ ਸਨ। ਫਿਰ ਉਨ੍ਹਾਂ ਦੇ ਮਾਪਿਆਂ ਦੀ ਮੰਡਲੀ ਦੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਫ਼ੋਨ ਕੀਤਾ। ਬਜ਼ੁਰਗਾਂ ਨੇ ਆਪਸ ਵਿਚ ਇਸ ਪਰਿਵਾਰ ਦੇ ਹਾਲਾਤਾਂ ਬਾਰੇ ਗੱਲ ਕੀਤੀ ਸੀ ਅਤੇ ਉਹ ਚਾਹੁੰਦੇ ਸਨ ਕਿ ਇਹ ਮਿਸ਼ਨਰੀ ਜੋੜਾ ਆਪਣੀ ਸੇਵਾ ਵਿਚ ਲੱਗਾ ਰਹੇ। ਉਹ ਇਸ ਜੋੜੇ ਦੀ ਸੇਵਾ ਦੀ ਬਹੁਤ ਕਦਰ ਕਰਦੇ ਸਨ ਤੇ ਉਨ੍ਹਾਂ ਦੇ ਮਾਪਿਆਂ ਦੀ ਮਦਦ ਕਰਨੀ ਚਾਹੁੰਦੇ ਸਨ। ਬਜ਼ੁਰਗਾਂ ਦੇ ਇਸ ਪਿਆਰ ਲਈ ਸਾਰਾ ਪਰਿਵਾਰ ਦਿਲੋਂ ਸ਼ੁਕਰਗੁਜ਼ਾਰ ਸੀ।

12. ਸਿਆਣੇ ਮਾਪਿਆਂ ਦੀ ਦੇਖ-ਭਾਲ ਬਾਰੇ ਕੋਈ ਵੀ ਫ਼ੈਸਲਾ ਕਰਦੇ ਸਮੇਂ ਸਾਨੂੰ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ?

12 ਇਕ ਮਸੀਹੀ ਪਰਿਵਾਰ ਆਪਣੇ ਸਿਆਣੇ ਮਾਪਿਆਂ ਦੀ ਦੇਖ-ਭਾਲ ਕਰਨ ਲਈ ਭਾਵੇਂ ਜੋ ਵੀ ਫ਼ੈਸਲਾ ਕਰੇ, ਇਸ ਨਾਲ ਪਰਮੇਸ਼ੁਰ ਦੇ ਨਾਂ ਦੀ ਮਹਿਮਾ ਹੋਣੀ ਚਾਹੀਦੀ ਹੈ। ਅਸੀਂ ਕਦੇ ਵੀ ਯਿਸੂ ਦੇ ਜ਼ਮਾਨੇ ਦੇ ਧਾਰਮਿਕ ਆਗੂਆਂ ਵਰਗੇ ਨਹੀਂ ਬਣਨਾ ਚਾਹਾਂਗੇ। (ਮੱਤੀ 15:3-6) ਅਸੀਂ ਚਾਹੁੰਦੇ ਹਾਂ ਕਿ ਸਾਡੇ ਫ਼ੈਸਲਿਆਂ ਕਾਰਨ ਪਰਮੇਸ਼ੁਰ ਦੀ ਵਡਿਆਈ ਹੋਵੇ ਅਤੇ ਮੰਡਲੀ ਦੀ ਨੇਕਨਾਮੀ ਬਣੀ ਰਹੇ।2 ਕੁਰਿੰ. 6:3.

 ਮੰਡਲੀ ਦੀ ਜ਼ਿੰਮੇਵਾਰੀ

13, 14. ਬਾਈਬਲ ਤੋਂ ਅਸੀਂ ਇਹ ਸਿੱਟਾ ਕਿਉਂ ਕੱਢ ਸਕਦੇ ਹਾਂ ਕਿ ਮੰਡਲੀ ਨੂੰ ਸਿਆਣੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ?

13 ਹਰ ਕੋਈ ਉੱਪਰ ਦੱਸੇ ਤਰੀਕੇ ਅਨੁਸਾਰ ਪੂਰੇ ਸਮੇਂ ਦੀ ਸੇਵਾ ਕਰ ਰਹੇ ਭੈਣਾਂ-ਭਰਾਵਾਂ ਦੀ ਮਦਦ ਨਹੀਂ ਕਰ ਸਕਦਾ। ਪਰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਮੰਡਲੀ ਨੂੰ ਵਫ਼ਾਦਾਰ ਬਜ਼ੁਰਗ ਭੈਣਾਂ-ਭਰਾਵਾਂ ਦੀ ਮਦਦ ਕਰਨੀ ਚਾਹੀਦੀ ਹੈ। ਪਹਿਲੀ ਸਦੀ ਵਿਚ ਯਰੂਸ਼ਲਮ ਦੀ ਮੰਡਲੀ ਬਾਰੇ ਬਾਈਬਲ ਦੱਸਦੀ ਹੈ ਕਿ “ਕਿਸੇ ਨੂੰ ਵੀ ਕਿਸੇ ਚੀਜ਼ ਦੀ ਤੰਗੀ ਨਹੀਂ ਸੀ।” ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਭੈਣ-ਭਰਾ ਅਮੀਰ ਸਨ। ਲੱਗਦਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਜਣਿਆਂ ਕੋਲ ਬਹੁਤ ਥੋੜ੍ਹੇ ਪੈਸੇ ਸਨ ਜਿਸ ਕਰਕੇ “ਲੋੜ ਅਨੁਸਾਰ ਸਾਰਿਆਂ ਵਿਚ ਪੈਸਾ ਵੰਡ ਦਿੱਤਾ ਜਾਂਦਾ ਸੀ।” (ਰਸੂ. 4:34, 35) ਪਰ ਬਾਅਦ ਵਿਚ ਉਸੇ ਮੰਡਲੀ ਵਿਚ ਇਕ ਸਮੱਸਿਆ ਖੜ੍ਹੀ ਹੋ ਗਈ। “ਰੋਜ਼ ਭੋਜਨ ਵੰਡਣ ਵੇਲੇ” ਕੁਝ ਵਿਧਵਾਵਾਂ ਨੂੰ ਉਨ੍ਹਾਂ ਦਾ “ਹਿੱਸਾ ਨਹੀਂ ਦਿੱਤਾ ਜਾਂਦਾ ਸੀ।” ਇਸ ਲਈ ਰਸੂਲਾਂ ਨੇ ਸੱਤ ਨੇਕਨਾਮ ਭਰਾਵਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਕਿ ਉਹ ਬਿਨਾਂ ਪੱਖਪਾਤ ਕੀਤਿਆਂ ਵਿਧਵਾਵਾਂ ਨੂੰ ਭੋਜਨ ਵੰਡਣ। (ਰਸੂ. 6:1-5) ਪੰਤੇਕੁਸਤ 33 ਈਸਵੀ ਵਿਚ ਯਰੂਸ਼ਲਮ ਨੂੰ ਆਏ ਕਈ ਲੋਕ ਮਸੀਹੀ ਬਣੇ ਅਤੇ ਉਹ ਆਪਣੀ ਨਿਹਚਾ ਪੱਕੀ ਕਰਨ ਲਈ ਕੁਝ ਸਮੇਂ ਲਈ ਉੱਥੇ ਰਹੇ। ਇਸ ਕਰਕੇ ਉਨ੍ਹਾਂ ਵਾਸਤੇ ਭੋਜਨ ਵੰਡਣ ਦਾ ਇੰਤਜ਼ਾਮ ਕੀਤਾ ਗਿਆ ਸੀ। ਫਿਰ ਵੀ ਰਸੂਲਾਂ ਨੇ ਜੋ ਵੀ ਕੀਤਾ, ਉਸ ਤੋਂ ਪਤਾ ਲੱਗਦਾ ਹੈ ਕਿ ਮੰਡਲੀ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੀ ਹੈ।

14 ਅਸੀਂ ਪਹਿਲਾਂ ਦੇਖਿਆ ਸੀ ਕਿ ਪੌਲੁਸ ਨੇ ਤਿਮੋਥਿਉਸ ਨੂੰ ਹਿਦਾਇਤਾਂ ਦਿੱਤੀਆਂ ਸਨ ਕਿ ਕਿਹੜੇ ਹਾਲਾਤਾਂ ਵਿਚ ਮਸੀਹੀ ਵਿਧਵਾਵਾਂ ਨੂੰ ਮੰਡਲੀ ਤੋਂ ਮਾਲੀ ਸਹਾਇਤਾ ਮਿਲ ਸਕਦੀ ਸੀ। (1 ਤਿਮੋ. 5:3-16) ਯਾਕੂਬ ਨੇ ਵੀ ਕਿਹਾ ਸੀ ਕਿ ਅਨਾਥਾਂ, ਵਿਧਵਾਵਾਂ ਅਤੇ ਮੁਸੀਬਤ ਵਿਚ ਹੋਰ ਭੈਣਾਂ-ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਮਸੀਹੀਆਂ ਦਾ ਫ਼ਰਜ਼ ਬਣਦਾ ਹੈ। (ਯਾਕੂ. 1:27; 2:15-17) ਯੂਹੰਨਾ ਰਸੂਲ ਨੇ ਵੀ ਸਮਝਾਇਆ: “ਜਿਸ ਕੋਲ ਜ਼ਿੰਦਗੀ ਦਾ ਗੁਜ਼ਾਰਾ ਕਰਨ ਲਈ ਬਥੇਰਾ ਹੈ, ਫਿਰ ਵੀ ਆਪਣੇ ਭਰਾ ਨੂੰ ਲੋੜਵੰਦ ਦੇਖ ਕੇ ਉਸ ਉੱਤੇ ਦਇਆ ਕਰਨ ਦੀ ਬਜਾਇ ਮੂੰਹ ਫੇਰ ਲੈਂਦਾ ਹੈ, ਤਾਂ ਉਹ ਕਿਵੇਂ ਕਹਿ ਸਕਦਾ ਹੈ ਕਿ ਉਹ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ?” (1 ਯੂਹੰ. 3:17) ਜੀ ਹਾਂ, ਜੇ ਲੋੜਵੰਦਾਂ ਦੀ ਮਦਦ ਕਰਨੀ ਇਕੱਲੇ-ਇਕੱਲੇ ਮਸੀਹੀ ਦਾ ਫ਼ਰਜ਼ ਹੈ, ਤਾਂ ਕੀ ਮੰਡਲੀ ਨੂੰ ਵੀ ਉਨ੍ਹਾਂ ਦੀ ਮਦਦ ਨਹੀਂ ਕਰਨੀ ਚਾਹੀਦੀ?

ਜੇ ਕੋਈ ਹਾਦਸਾ ਹੋ ਜਾਵੇ, ਤਾਂ ਮੰਡਲੀ ਕਿਵੇਂ ਮਦਦ ਕਰ ਸਕਦੀ ਹੈ? (ਪੈਰੇ 15, 16 ਦੇਖੋ)

15. ਸਿਆਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਵਿਚ ਕੀ ਕੁਝ ਸ਼ਾਮਲ ਹੋ ਸਕਦਾ ਹੈ?

15 ਕੁਝ ਦੇਸ਼ਾਂ ਵਿਚ ਸਰਕਾਰਾਂ ਬਜ਼ੁਰਗ ਲੋਕਾਂ ਨੂੰ ਪੈਨਸ਼ਨ ਦਿੰਦੀਆਂ ਹਨ, ਉਨ੍ਹਾਂ ਦੀ ਭਲਾਈ ਲਈ ਕੰਮ ਕਰਦੀਆਂ ਹਨ ਤੇ ਉਨ੍ਹਾਂ ਦੇ ਘਰ ਦੇਖ-ਭਾਲ ਕਰਨ ਵਾਲਿਆਂ ਨੂੰ ਭੇਜਦੀਆਂ ਹਨ। (ਰੋਮੀ. 13:6) ਹੋਰ ਦੇਸ਼ਾਂ ਵਿਚ ਅਜਿਹੀਆਂ ਸੇਵਾਵਾਂ ਦਾ ਇੰਤਜ਼ਾਮ ਨਹੀਂ ਹੁੰਦਾ। ਇਸ ਲਈ ਇਹ ਹਾਲਾਤ ’ਤੇ ਨਿਰਭਰ ਕਰਦਾ ਹੈ ਕਿ ਰਿਸ਼ਤੇਦਾਰ ਅਤੇ ਮੰਡਲੀ ਸਿਆਣੇ ਭੈਣਾਂ-ਭਰਾਵਾਂ ਦੀ ਕਿੰਨੀ ਕੁ ਮਦਦ ਕਰ ਸਕਦੀ ਹੈ। ਜੇ ਬੱਚੇ ਆਪਣੇ ਮਾਪਿਆਂ ਤੋਂ ਦੂਰ ਰਹਿੰਦੇ ਹਨ, ਤਾਂ ਹੋ ਸਕਦਾ ਹੈ ਕਿ ਉਹ ਇੰਨੀ ਮਦਦ ਨਾ ਕਰ ਸਕਣ ਜਿੰਨੀ ਉਹ ਕਰਨੀ ਚਾਹੁੰਦੇ ਹਨ। ਇਸ ਲਈ ਚੰਗਾ ਹੋਵੇਗਾ ਕਿ ਉਹ ਆਪਣੇ ਮਾਪਿਆਂ ਦੀ ਮੰਡਲੀ ਦੇ ਬਜ਼ੁਰਗਾਂ ਨਾਲ  ਖੁੱਲ੍ਹ ਕੇ ਗੱਲ ਕਰਨ ਤਾਂਕਿ ਸਾਰੇ ਜਣੇ ਪਰਿਵਾਰ ਦੇ ਹਾਲਾਤ ਸਮਝ ਸਕਣ। ਮਿਸਾਲ ਲਈ, ਬਜ਼ੁਰਗ ਸ਼ਾਇਦ ਮਾਪਿਆਂ ਦੀ ਇਹ ਜਾਣਨ ਵਿਚ ਮਦਦ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਆਪਣੇ ਇਲਾਕੇ ਵਿਚ ਸਰਕਾਰੀ ਸੰਸਥਾਵਾਂ ਤੋਂ ਕਿਹੜੇ ਫ਼ਾਇਦੇ ਮਿਲ ਸਕਦੇ ਹਨ। ਬਜ਼ੁਰਗ ਹੋਰ ਗੱਲਾਂ ਵੱਲ ਵੀ ਧਿਆਨ ਦੇ ਸਕਦੇ ਹਨ। ਉਹ ਬੱਚਿਆਂ ਨੂੰ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਨੂੰ ਕਿਹੜੀਆਂ ਦਵਾਈਆਂ ਲੈਣ ਜਾਂ ਕਿਹੜੇ ਬਿੱਲ ਭਰਨ ਦੀ ਲੋੜ ਹੈ। ਇੱਦਾਂ ਪਿਆਰ ਦਿਖਾਉਣ ਅਤੇ ਖੁੱਲ੍ਹ ਕੇ ਜਾਣਕਾਰੀ ਸਾਂਝੀ ਕਰਨ ਨਾਲ ਬਜ਼ੁਰਗ ਤੇ ਬੱਚੇ ਮਿਲ ਕੇ ਵਧੀਆ ਹੱਲ ਲੱਭ ਸਕਦੇ ਹਨ ਤਾਂਕਿ ਹਾਲਾਤ ਹੋਰ ਨਾ ਵਿਗੜਨ। ਮਾਪਿਆਂ ਦੇ ਨੇੜੇ ਰਹਿਣ ਵਾਲਾ ਕੋਈ ਜਣਾ ਉਨ੍ਹਾਂ ਦੀ ਮਦਦ ਕਰਨ ਦੇ ਨਾਲ-ਨਾਲ ਦੂਰ ਰਹਿੰਦੇ ਬੱਚਿਆਂ ਨੂੰ ਸਲਾਹ ਵੀ ਦੇ ਸਕਦਾ ਹੈ। ਫਿਰ ਸ਼ਾਇਦ ਬੱਚੇ ਆਪਣੇ ਮਾਪਿਆਂ ਬਾਰੇ ਇੰਨੀ ਚਿੰਤਾ ਨਹੀਂ ਕਰਨਗੇ।

16. ਕੁਝ ਭੈਣ-ਭਰਾ ਸਿਆਣੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰਦੇ ਹਨ?

16 ਕੁਝ ਭੈਣ-ਭਰਾ ਬਜ਼ੁਰਗ ਭੈਣਾਂ-ਭਰਾਵਾਂ ਨੂੰ ਇੰਨਾ ਪਿਆਰ ਕਰਦੇ ਹਨ ਕਿ ਉਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਵਧ-ਚੜ੍ਹ ਕੇ ਆਪਣਾ ਸਮਾਂ ਤੇ ਤਾਕਤ ਲਾਉਂਦੇ ਹਨ। ਉਹ ਬਜ਼ੁਰਗ ਭੈਣਾਂ-ਭਰਾਵਾਂ ਵਿਚ ਦਿਲਚਸਪੀ ਲੈਂਦੇ ਹਨ। ਕੁਝ ਭੈਣ-ਭਰਾ ਕੰਮਾਂ ਨੂੰ ਆਪਸ ਵਿਚ ਵੰਡ ਲੈਂਦੇ ਹਨ ਅਤੇ ਵਾਰੀ-ਵਾਰੀ ਸਿਆਣਿਆਂ ਦੀ ਦੇਖ-ਭਾਲ ਕਰਦੇ ਹਨ। ਅਜਿਹੇ ਮਿਹਨਤੀ ਭੈਣ-ਭਰਾ ਸ਼ਾਇਦ ਆਪਣੇ ਹਾਲਾਤਾਂ ਕਰਕੇ ਪੂਰੇ ਸਮੇਂ ਦੀ ਸੇਵਾ ਨਹੀਂ ਕਰ ਸਕਦੇ। ਪਰ ਜਦ ਉਹ ਖ਼ੁਸ਼ੀ ਨਾਲ ਬਜ਼ੁਰਗ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ, ਤਾਂ ਉਹ ਉਨ੍ਹਾਂ ਦੇ ਬੱਚਿਆਂ ਨੂੰ ਮਦਦ ਦਿੰਦੇ ਹਨ ਤਾਂਕਿ ਉਹ ਫੁੱਲ-ਟਾਈਮ ਸੇਵਾ ਕਰਦੇ ਰਹਿਣ। ਵਾਕਈ ਇਨ੍ਹਾਂ ਭੈਣਾਂ-ਭਰਾਵਾਂ ਦਾ ਰਵੱਈਆ ਕਿੰਨਾ ਚੰਗਾ ਹੈ! ਪਰ ਉਨ੍ਹਾਂ ਦੀ ਇਸ ਖੁੱਲ੍ਹ-ਦਿਲੀ ਦਾ ਇਹ ਮਤਲਬ ਨਹੀਂ ਕਿ ਬੱਚੇ ਆਪਣੀ ਜ਼ਿੰਮੇਵਾਰੀ ਤੋਂ ਛੁੱਟ ਗਏ ਹਨ। ਬੱਚੇ ਆਪਣੇ ਮਾਪਿਆਂ ਦੀ ਜਿੰਨੀ ਦੇਖ-ਭਾਲ ਕਰ ਸਕਦੇ ਹਨ, ਉੱਨੀ ਉਨ੍ਹਾਂ ਨੂੰ ਕਰਨੀ ਚਾਹੀਦੀ ਹੈ।

ਹੌਸਲਾ ਦੇ ਕੇ ਸਿਆਣੇ ਭੈਣਾਂ-ਭਰਾਵਾਂ ਦਾ ਆਦਰ ਕਰੋ

17, 18. ਬਜ਼ੁਰਗ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਲਈ ਸਾਡਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ?

17 ਬਜ਼ੁਰਗ ਭੈਣਾਂ-ਭਰਾਵਾਂ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲਿਆਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਆਉਣ। ਜੇ ਤੁਸੀਂ ਕਿਸੇ ਦੀ ਦੇਖ-ਭਾਲ ਕਰ ਰਹੇ ਹੋ, ਤਾਂ ਸਹੀ ਰਵੱਈਆ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ। ਕਦੇ-ਕਦੇ ਬੁਢਾਪੇ ਕਾਰਨ ਇਨਸਾਨ ਨਿਰਾਸ਼ ਹੋ ਜਾਂਦਾ ਹੈ, ਇੱਥੋਂ ਤਕ ਕਿ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਇਸ ਲਈ ਸ਼ਾਇਦ ਤੁਹਾਨੂੰ ਬਿਰਧ ਭੈਣਾਂ-ਭਰਾਵਾਂ ਦਾ ਆਦਰ ਕਰਨ ਅਤੇ ਉਨ੍ਹਾਂ ਨੂੰ ਹੌਸਲਾ ਦੇਣ ਲਈ ਮਿਹਨਤ ਕਰਨੀ ਪਵੇ। ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਉਨ੍ਹਾਂ ਨਾਲ ਹੌਸਲਾ ਵਧਾਉਣ ਵਾਲੀਆਂ ਗੱਲਾਂ ਕਰੋ। ਬਜ਼ੁਰਗ ਭੈਣ-ਭਰਾ ਤਾਰੀਫ਼ ਦੇ ਲਾਇਕ ਹਨ ਕਿਉਂਕਿ ਉਹ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਆਏ ਹਨ। ਯਹੋਵਾਹ ਉਨ੍ਹਾਂ ਦੀ ਮਿਹਨਤ ਕਦੀ ਨਹੀਂ ਭੁੱਲੇਗਾ ਅਤੇ ਨਾ ਹੀ ਮੰਡਲੀ ਦੇ ਭੈਣ-ਭਰਾ ਭੁੱਲਣਗੇ।ਮਲਾਕੀ 3:16; ਇਬਰਾਨੀਆਂ 6:10 ਪੜ੍ਹੋ।

18 ਜੇ ਬਿਰਧ ਲੋਕ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲੇ ਸਮੇਂ-ਸਮੇਂ ’ਤੇ ਹਾਸਾ-ਮਜ਼ਾਕ ਕਰਨ, ਤਾਂ ਉਨ੍ਹਾਂ ਲਈ ਰੋਜ਼ਮੱਰਾ ਦੇ ਕੰਮ ਕਰਨੇ ਸੌਖੇ ਹੋ ਸਕਦੇ ਹਨ। (ਉਪ. 3:1, 4) ਕਈ ਸਿਆਣੇ ਭੈਣ-ਭਰਾ ਹੱਦੋਂ ਵੱਧ ਉਮੀਦਾਂ ਨਹੀਂ ਰੱਖਦੇ। ਉਹ ਜਾਣਦੇ ਹਨ ਕਿ ਜੇ ਉਨ੍ਹਾਂ ਦਾ ਸੁਭਾਅ ਚੰਗਾ ਹੈ, ਤਾਂ ਉਨ੍ਹਾਂ ਨੂੰ ਜ਼ਿਆਦਾ ਲੋਕ ਮਿਲਣ ਆਉਣਗੇ ਅਤੇ ਉਨ੍ਹਾਂ ਦਾ ਜ਼ਿਆਦਾ ਖ਼ਿਆਲ ਰੱਖਣਗੇ। ਅਕਸਰ ਸਿਆਣੇ ਭੈਣਾਂ-ਭਰਾਵਾਂ ਨੂੰ ਮਿਲਣ ਜਾਣ ਵਾਲੇ ਕਹਿੰਦੇ ਹਨ: “ਮੈਂ ਕਿਸੇ ਸਿਆਣੇ ਭੈਣ-ਭਰਾ ਨੂੰ ਹੌਸਲਾ ਦੇਣ ਗਿਆ ਸੀ, ਪਰ ਉਨ੍ਹਾਂ ਨਾਲ ਗੱਲ ਕਰ ਕੇ ਮੈਨੂੰ ਬਹੁਤ ਹੌਸਲਾ ਮਿਲਿਆ।”ਕਹਾ. 15:13; 17:22.

19. ਸਿਆਣੇ ਅਤੇ ਨੌਜਵਾਨ ਭਵਿੱਖ ਬਾਰੇ ਕਿਹੋ ਜਿਹਾ ਨਜ਼ਰੀਆ ਰੱਖ ਸਕਦੇ ਹਨ?

19 ਅਸੀਂ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰਦੇ ਹਾਂ ਜਦੋਂ ਦੁੱਖਾਂ-ਤਕਲੀਫ਼ਾਂ, ਬੁਢਾਪਾ ਅਤੇ ਪਾਪ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ। ਉਹ ਸਮਾਂ ਆਉਣ ਤਕ ਪਰਮੇਸ਼ੁਰ ਦੇ ਸੇਵਕਾਂ ਨੂੰ ਸੁਨਹਿਰੇ ਭਵਿੱਖ ’ਤੇ ਉਮੀਦ ਲਾਈ ਰੱਖਣੀ ਚਾਹੀਦੀ ਹੈ ਜੋ ਹਮੇਸ਼ਾ ਲਈ ਰਹੇਗਾ। ਸਾਨੂੰ ਪਤਾ ਹੈ ਕਿ ਦੁੱਖ ਦੀਆਂ ਘੜੀਆਂ ਵਿਚ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਨਿਹਚਾ ਰੱਖਣੀ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਹੁੰਦੀ ਹੈ। ਇਸ ਨਿਹਚਾ ਸਦਕਾ “ਅਸੀਂ ਹਾਰ ਨਹੀਂ ਮੰਨਦੇ, ਭਾਵੇਂ ਅਸੀਂ ਬਾਹਰੋਂ ਖ਼ਤਮ ਹੁੰਦੇ ਜਾ ਰਹੇ ਹਾਂ, ਪਰ ਅੰਦਰੋਂ ਦਿਨ-ਬਦਿਨ ਨਵੇਂ ਬਣਾਏ ਜਾ ਰਹੇ ਹਾਂ।” (2 ਕੁਰਿੰ. 4:16-18; ਇਬ. 6:18, 19) ਪਰ ਪਰਮੇਸ਼ੁਰ ਦੇ ਵਾਅਦਿਆਂ ’ਤੇ ਪੱਕੀ ਨਿਹਚਾ ਰੱਖਣ ਤੋਂ ਇਲਾਵਾ, ਹੋਰ ਕਿਹੜੀ ਗੱਲ ਸਿਆਣਿਆਂ ਦੀ ਦੇਖ-ਭਾਲ ਕਰਨ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ? ਅਗਲੇ ਲੇਖ ਵਿਚ ਕੁਝ ਵਧੀਆ ਸੁਝਾਵਾਂ ’ਤੇ ਗੌਰ ਕੀਤਾ ਜਾਵੇਗਾ।

^ ਪੇਰਗ੍ਰੈਫ 9 ਅਗਲੇ ਲੇਖ ਵਿਚ ਦੇਖ-ਭਾਲ ਕਰਨ ਬਾਰੇ ਬਿਰਧ ਮਾਪਿਆਂ ਤੇ ਉਨ੍ਹਾਂ ਦੇ ਬੱਚਿਆਂ ਲਈ ਕੁਝ ਸੁਝਾਵਾਂ ਉੱਤੇ ਗੌਰ ਕੀਤਾ ਜਾਵੇਗਾ।