Skip to content

Skip to table of contents

ਸਿਆਣਿਆਂ ਦੀ ਦੇਖ-ਭਾਲ ਕਿਵੇਂ ਕਰੀਏ?

ਸਿਆਣਿਆਂ ਦੀ ਦੇਖ-ਭਾਲ ਕਿਵੇਂ ਕਰੀਏ?

“ਪਿਆਰੇ ਬੱਚਿਓ, ਆਓ ਆਪਾਂ ਗੱਲੀਂ-ਬਾਤੀਂ ਜਾਂ ਜ਼ਬਾਨੀ ਹੀ ਨਹੀਂ, ਸਗੋਂ ਦਿਲੋਂ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ ਦੇਈਏ।”1 ਯੂਹੰ. 3:18.

1, 2. (ੳ) ਕਈ ਪਰਿਵਾਰਾਂ ਨੂੰ ਕਿਹੜੀਆਂ ਚੁਣੌਤੀਆਂ ਆਉਂਦੀਆਂ ਹਨ ਤੇ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ? (ਅ) ਮਾਪੇ ਅਤੇ ਬੱਚੇ ਬਦਲਦੇ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ?

ਆਪਣੇ ਮੰਮੀ-ਡੈਡੀ ਨੂੰ ਬੁੱਢੇ ਹੁੰਦਿਆਂ ਦੇਖ ਕੇ ਸਾਨੂੰ ਕਿੰਨਾ ਦੁੱਖ ਲੱਗਦਾ ਹੈ। ਇਕ ਸਮੇਂ ’ਤੇ ਉਹ ਤਕੜੇ ਸਨ ਅਤੇ ਸਾਰਾ ਕੁਝ ਆਪ ਕਰ ਸਕਦੇ ਸਨ, ਪਰ ਹੁਣ ਸ਼ਾਇਦ ਉਹ ਆਪਣੀ ਦੇਖ-ਭਾਲ ਨਹੀਂ ਕਰ ਸਕਦੇ। ਮਿਸਾਲ ਲਈ, ਸ਼ਾਇਦ ਉਨ੍ਹਾਂ ਦੇ ਮੰਮੀ ਜਾਂ ਡੈਡੀ ਦੇ ਸੱਟ ਲੱਗਣ ਨਾਲ ਚੂਲਾ ਟੁੱਟ ਗਿਆ ਹੈ, ਕੁਝ ਚੇਤੇ ਨਾ ਰਹਿਣ ਕਰਕੇ ਉਹ ਇੱਧਰ-ਉੱਧਰ ਘੁੰਮਦੇ ਰਹੇ ਜਾਂ ਉਨ੍ਹਾਂ ਨੂੰ ਕੋਈ ਗੰਭੀਰ ਬੀਮਾਰੀ ਲੱਗ ਗਈ ਹੈ। ਦੂਜੇ ਪਾਸੇ, ਸਿਆਣਿਆਂ ਨੂੰ ਆਪਣੀ ਸਿਹਤ ਵਿਚ ਆਈਆਂ ਤਬਦੀਲੀਆਂ ਜਾਂ ਹੋਰ ਹਾਲਾਤਾਂ ਨੂੰ ਸਵੀਕਾਰ ਕਰਨਾ ਔਖਾ ਲੱਗ ਸਕਦਾ ਹੈ ਕਿਉਂਕਿ ਉਹ ਪਹਿਲਾਂ ਵਾਂਗ ਸਾਰਾ ਕੁਝ ਨਹੀਂ ਕਰ ਸਕਦੇ। (ਅੱਯੂ. 14:1) ਪਰ ਅਸੀਂ ਉਨ੍ਹਾਂ ਦੀ ਮਦਦ ਅਤੇ ਦੇਖ-ਭਾਲ ਕਿਵੇਂ ਕਰ ਸਕਦੇ ਹਾਂ?

2 ਬਜ਼ੁਰਗਾਂ ਦੀ ਦੇਖ-ਭਾਲ ਕਰਨ ਬਾਰੇ ਇਕ ਲੇਖ ਦੱਸਦਾ ਹੈ: “ਹਾਲਾਂਕਿ ਬੁਢਾਪੇ ਦੀਆਂ ਸਮੱਸਿਆਵਾਂ ਬਾਰੇ ਗੱਲਬਾਤ ਕਰਨੀ ਔਖੀ ਹੋ ਸਕਦੀ ਹੈ, ਪਰ ਜਿਹੜੇ ਪਰਿਵਾਰ ਪਹਿਲਾਂ ਤੋਂ ਯੋਜਨਾਵਾਂ ਬਣਾਉਂਦੇ ਹਨ, ਉਨ੍ਹਾਂ ਲਈ ਸਮਾਂ ਆਉਣ ਤੇ ਸਿਹਤ ਸੰਬੰਧੀ ਸਹੀ ਫ਼ੈਸਲੇ ਕਰਨੇ ਆਸਾਨ ਹੋਣਗੇ।” ਸਾਰਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਬੁਢਾਪੇ ਦੀਆਂ ਸਮੱਸਿਆਵਾਂ ਤੋਂ ਬਚ ਨਹੀਂ ਸਕਦੇ। ਇਸ ਲਈ ਕਿੰਨਾ ਜ਼ਰੂਰੀ ਹੈ ਕਿ ਪੂਰਾ ਪਰਿਵਾਰ ਮਿਲ ਕੇ ਪਹਿਲਾਂ ਤੋਂ ਹੀ ਫ਼ੈਸਲੇ ਕਰੇ। ਆਓ ਆਪਾਂ ਗੌਰ ਕਰੀਏ ਕਿ ਸਾਰਾ ਪਰਿਵਾਰ ਮਿਲ ਕੇ ਇਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਕਿਵੇਂ ਤਿਆਰੀ ਕਰ ਸਕਦਾ ਹੈ।

 ‘ਮਾੜੇ ਦਿਨਾਂ’ ਲਈ ਤਿਆਰੀ ਕਰਨੀ

3. ਜਦ ਬਜ਼ੁਰਗ ਮਾਪਿਆਂ ਨੂੰ ਜ਼ਿਆਦਾ ਮਦਦ ਦੀ ਲੋੜ ਪੈਂਦੀ ਹੈ, ਤਾਂ ਉਨ੍ਹਾਂ ਦਾ ਪਰਿਵਾਰ ਕੀ ਕਰ ਸਕਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

3 ਮਾਪਿਆਂ ਦੀ ਜ਼ਿੰਦਗੀ ਵਿਚ ਇਕ ਅਜਿਹਾ ਸਮਾਂ ਵੀ ਆਉਂਦਾ ਹੈ ਜਦ ਬਜ਼ੁਰਗ ਹੋਣ ’ਤੇ ਉਹ ਆਪਣੀ ਚੰਗੀ ਤਰ੍ਹਾਂ ਦੇਖ-ਭਾਲ ਕਰ ਨਹੀਂ ਪਾਉਂਦੇ ਅਤੇ ਉਨ੍ਹਾਂ ਨੂੰ ਦੂਜਿਆਂ ਤੋਂ ਮਦਦ ਦੀ ਲੋੜ ਪੈਂਦੀ ਹੈ। (ਉਪਦੇਸ਼ਕ ਦੀ ਪੋਥੀ 12:1-7 ਪੜ੍ਹੋ।) ਅਜਿਹੀ ਹਾਲਤ ਵਿਚ ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਮਿਲ ਕੇ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਇਸ ਵਿਚ ਕਿੰਨਾ ਕੁ ਖ਼ਰਚਾ ਹੋ ਸਕਦਾ ਹੈ। ਇਸ ਲਈ ਅਕਲਮੰਦੀ ਦੀ ਗੱਲ ਇਹ ਹੈ ਕਿ ਪੂਰਾ ਪਰਿਵਾਰ ਇਕੱਠਾ ਬਹਿ ਕੇ ਗੱਲ ਕਰੇ ਕਿ ਮੰਮੀ-ਡੈਡੀ ਨੂੰ ਕਿਹੋ ਜਿਹੀ ਮਦਦ ਦੀ ਲੋੜ ਹੈ, ਇਹ ਮਦਦ ਕਿਵੇਂ ਕੀਤੀ ਜਾਵੇਗੀ ਅਤੇ ਸਾਰੇ ਜਣੇ ਮਿਲ ਕੇ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਨ। ਸਾਰਿਆਂ ਨੂੰ ਖ਼ਾਸਕਰ ਮਾਪਿਆਂ ਨੂੰ ਖੁੱਲ੍ਹ ਕੇ ਆਪਣੇ ਜਜ਼ਬਾਤਾਂ ਨੂੰ ਜ਼ਾਹਰ ਕਰਨਾ ਚਾਹੀਦਾ ਹੈ। ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਮਾਪਿਆਂ ਨੂੰ ਕਿੰਨੀ ਕੁ ਮਦਦ ਦੀ ਲੋੜ ਹੈ ਅਤੇ ਬੱਚੇ ਉਨ੍ਹਾਂ ਲਈ ਕੀ ਕੁਝ ਕਰ ਸਕਦੇ ਹਨ। ਬੱਚੇ ਗੱਲਬਾਤ ਕਰ ਸਕਦੇ ਹਨ ਕਿ ਘਰ ਦੇ ਅੰਦਰ-ਬਾਹਰ ਸੁਰੱਖਿਅਤ ਰਹਿਣ ਲਈ ਮਾਪਿਆਂ ਲਈ ਕੀ ਕੀਤਾ ਜਾ ਸਕਦਾ ਹੈ। * ਜਾਂ ਉਹ ਫ਼ੈਸਲਾ ਕਰ ਸਕਦੇ ਹਨ ਕਿ ਘਰ ਦਾ ਹਰ ਮੈਂਬਰ ਉਨ੍ਹਾਂ ਲਈ ਕਿਹੜਾ ਕੰਮ ਕਰ ਸਕਦਾ ਹੈ। (ਕਹਾ. 24:6) ਮਿਸਾਲ ਲਈ, ਕੁਝ ਮੈਂਬਰ ਹਰ ਰੋਜ਼ ਉਨ੍ਹਾਂ ਦੀ ਦੇਖ-ਭਾਲ ਕਰ ਸਕਦੇ ਹਨ ਜਦਕਿ ਦੂਸਰੇ ਪੈਸੇ ਪੱਖੋਂ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਪਤਾ ਹੋਣੀ ਚਾਹੀਦੀ ਹੈ, ਪਰ ਸਮੇਂ ਦੇ ਬੀਤਣ ਨਾਲ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਦਲ ਸਕਦੀਆਂ ਹਨ ਜਾਂ ਪਰਿਵਾਰ ਵਾਰੀ-ਵਾਰੀ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਨਿਭਾ ਸਕਦਾ ਹੈ।

4. ਪਰਿਵਾਰ ਦੇ ਮੈਂਬਰਾਂ ਨੂੰ ਮਦਦ ਕਿੱਥੋਂ ਮਿਲ ਸਕਦੀ ਹੈ?

4 ਆਪਣੇ ਮਾਪਿਆਂ ਦੀ ਦੇਖ-ਭਾਲ ਕਰਦੇ ਵੇਲੇ ਉਨ੍ਹਾਂ ਦੀ ਬੀਮਾਰੀ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਨ ਦੀ ਕੋਸ਼ਿਸ਼ ਕਰੋ। ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਬੀਮਾਰੀ ਕਾਰਨ ਉਨ੍ਹਾਂ ਦੀ ਸਿਹਤ ਵਿਗੜਦੀ ਜਾਵੇਗੀ, ਤਾਂ ਜਾਣੋ ਕਿ ਉਨ੍ਹਾਂ ਨੂੰ ਅੱਗੇ ਕਿਹੜੀਆਂ ਸਮੱਸਿਆਵਾਂ ਆ ਸਕਦੀਆਂ ਹਨ। (ਕਹਾ. 1:5) ਉਨ੍ਹਾਂ ਸਰਕਾਰੀ ਏਜੰਸੀਆਂ ਨਾਲ ਸੰਪਰਕ ਕਰੋ ਜੋ ਬਜ਼ੁਰਗਾਂ ਲਈ ਸੇਵਾਵਾਂ ਮੁਹੱਈਆ ਕਰਾਉਂਦੀਆਂ ਹਨ। ਦੇਖੋ ਕਿ ਸਰਕਾਰ ਵੱਲੋਂ ਚਲਾਏ ਜਾਂਦੇ ਕਿਹੜੇ ਪ੍ਰੋਗ੍ਰਾਮਾਂ ਤੋਂ ਤੁਹਾਡੇ ਮਾਪਿਆਂ ਨੂੰ ਫ਼ਾਇਦਾ ਹੋ ਸਕਦਾ ਹੈ। ਇੱਦਾਂ ਤੁਹਾਡੇ ਲਈ ਉਨ੍ਹਾਂ ਦੀ ਦੇਖ-ਭਾਲ ਕਰਨੀ ਸੌਖੀ ਹੋ ਸਕਦੀ ਹੈ। ਪਰਿਵਾਰ ਦੇ ਬਦਲਦੇ ਹਾਲਾਤਾਂ ਬਾਰੇ ਸੋਚ ਕੇ ਸ਼ਾਇਦ ਤੁਸੀਂ ਉਦਾਸ ਹੋ ਜਾਓ, ਹੈਰਾਨ ਰਹਿ ਜਾਓ ਜਾਂ ਉਲਝਣ ਵਿਚ ਪੈ ਜਾਓ। ਆਪਣੇ ਇਹ ਜਜ਼ਬਾਤ ਕਿਸੇ ਚੰਗੇ ਦੋਸਤ ਨਾਲ ਸਾਂਝੇ ਕਰੋ। ਇਸ ਤੋਂ ਵੀ ਜ਼ਰੂਰੀ ਗੱਲ ਹੈ ਕਿ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹੋ। ਉਹ ਤੁਹਾਨੂੰ ਮਨ ਦੀ ਸ਼ਾਂਤੀ ਦੇਵੇਗਾ ਤਾਂਕਿ ਤੁਸੀਂ ਕਿਸੇ ਵੀ ਮੁਸ਼ਕਲ ਨਾਲ ਸਿੱਝ ਸਕੋ।—ਜ਼ਬੂ. 55:22; ਕਹਾ. 24:10; ਫ਼ਿਲਿ. 4:6, 7.

5. ਬਜ਼ੁਰਗ ਲੋਕਾਂ ਦੀ ਦੇਖ-ਭਾਲ ਕਰਨ ਬਾਰੇ ਪਹਿਲਾਂ ਤੋਂ ਹੀ ਫ਼ੈਸਲਾ ਕਰਨਾ ਅਕਲਮੰਦੀ ਦੀ ਗੱਲ ਕਿਉਂ ਹੈ?

5 ਕੁਝ ਬਜ਼ੁਰਗ ਤੇ ਉਨ੍ਹਾਂ ਦੇ ਪਰਿਵਾਰ ਪਹਿਲਾਂ ਤੋਂ ਹੀ ਦੇਖ-ਭਾਲ ਕਰਨ ਬਾਰੇ ਫ਼ੈਸਲੇ ਕਰਦੇ ਹਨ। ਮਿਸਾਲ ਲਈ, ਘਰ ਵਿਚ ਕਿਹੜੇ ਫੇਰ-ਬਦਲ ਕੀਤੇ ਜਾ ਸਕਦੇ ਹਨ ਜਾਂ ਤੁਹਾਡੇ ਇਲਾਕੇ ਵਿਚ ਸਰਕਾਰ ਵੱਲੋਂ ਕੀਤੇ ਇੰਤਜ਼ਾਮਾਂ ਤੋਂ ਬਜ਼ੁਰਗਾਂ ਨੂੰ ਕਿਹੜਾ ਫ਼ਾਇਦਾ ਹੋ ਸਕਦਾ ਹੈ। ਅਜਿਹੇ ਪਰਿਵਾਰਾਂ ਨੇ ਆਉਣ ਵਾਲੇ “ਕਸ਼ਟ ਅਤੇ ਸੋਗ” ਨੂੰ ਪਹਿਲਾਂ ਤੋਂ ਹੀ ਦੇਖਦੇ ਹੋਏ ਤਿਆਰੀ ਕੀਤੀ ਹੈ। (ਜ਼ਬੂ. 90:10) ਪਰ ਕਈ ਪਰਿਵਾਰਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਜਿਸ ਕਰਕੇ ਉਨ੍ਹਾਂ ਨੂੰ ਮੁਸੀਬਤ ਵੇਲੇ ਜਲਦਬਾਜ਼ੀ ਵਿਚ ਔਖੇ ਫ਼ੈਸਲੇ ਕਰਨੇ ਪਏ। ਇਕ ਮਾਹਰ ਕਹਿੰਦਾ ਹੈ ਕਿ “ਅਜਿਹੇ ਨਾਜ਼ੁਕ ਮੌਕੇ ’ਤੇ ਫ਼ੈਸਲਾ ਕਰਨਾ ਹਮੇਸ਼ਾ ਔਖਾ ਹੁੰਦਾ ਹੈ” ਕਿਉਂਕਿ ਜਲਦਬਾਜ਼ੀ ਵਿਚ ਫ਼ੈਸਲੇ ਕਰਨ ਨਾਲ ਪਰਿਵਾਰ ਤਣਾਅ ਵਿਚ ਆ ਸਕਦਾ ਹੈ ਅਤੇ ਉਨ੍ਹਾਂ ਵਿਚ ਬਹਿਸ ਹੋ ਸਕਦੀ ਹੈ। ਦੂਜੇ ਪਾਸੇ, ਪਹਿਲਾਂ ਤੋਂ ਤਿਆਰੀ ਕਰਨ ਨਾਲ ਤੁਸੀਂ ਤਬਦੀਲੀਆਂ ਨਾਲ ਸਿੱਝ ਸਕੋਗੇ।ਕਹਾ. 20:18.

ਪਰਿਵਾਰ ਦੇ ਸਾਰੇ ਮੈਂਬਰ ਮਿਲ-ਬੈਠ ਕੇ ਗੱਲ ਕਰ ਸਕਦੇ ਹਨ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾਉਣਗੇ (ਪੈਰੇ 6-8 ਦੇਖੋ)

6. ਪਹਿਲਾਂ ਤੋਂ ਹੀ ਗੱਲ ਕਰਨੀ ਚੰਗੀ ਕਿਉਂ ਹੈ ਕਿ ਬਿਰਧ ਮਾਪੇ ਕਿੱਥੇ ਰਹਿਣਗੇ ਅਤੇ ਉਨ੍ਹਾਂ ਨੂੰ ਕਿਹੜੀ ਮਦਦ ਦੀ ਲੋੜ ਪਵੇਗੀ?

6 ਬੱਚਿਆਂ ਲਈ ਮਾਪਿਆਂ ਨਾਲ ਇਹ ਗੱਲ ਕਰਨੀ ਔਖੀ ਹੋ ਸਕਦੀ ਹੈ ਕਿ ਘਰ ਵਿਚ ਕਿਹੜੇ ਫੇਰ-ਬਦਲ ਕਰਨੇ ਪੈਣਗੇ ਜਾਂ ਉਹ ਕਿੱਥੇ ਰਹਿਣਗੇ। ਫਿਰ ਵੀ ਕਈਆਂ ਨੇ ਦੇਖਿਆ ਹੈ ਕਿ ਇਸ ਬਾਰੇ ਪਹਿਲਾਂ ਤੋਂ ਹੀ ਗੱਲਬਾਤ ਕਰਨ ਨਾਲ ਬਹੁਤ ਫ਼ਾਇਦੇ ਹੋਏ ਹਨ। ਕਿਉਂ? ਕਿਉਂਕਿ ਸ਼ਾਂਤ ਮਾਹੌਲ ਵਿਚ ਫ਼ੈਸਲੇ ਕਰਨੇ ਅਤੇ ਇਕ-ਦੂਜੇ ਦੀ ਗੱਲ ਸੁਣਨੀ ਸੌਖੀ ਹੁੰਦੀ ਹੈ, ਪਰ ਸਮੱਸਿਆਵਾਂ ਖੜ੍ਹੀਆਂ ਹੋਣ ’ਤੇ ਇੱਦਾਂ ਕਰਨਾ ਔਖਾ ਹੁੰਦਾ ਹੈ। ਨਾਲੇ ਖੁੱਲ੍ਹ ਕੇ  ਗੱਲਬਾਤ ਕਰਨ ਨਾਲ ਪਰਿਵਾਰ ਦੇ ਮੈਂਬਰਾਂ ਦਾ ਇਕ-ਦੂਜੇ ਨਾਲ ਪਿਆਰ ਹੋਰ ਵੀ ਗੂੜ੍ਹਾ ਹੁੰਦਾ ਹੈ। ਕੁਝ ਬਿਰਧ ਲੋਕ ਜਦ ਤਕ ਹੋ ਸਕੇ ਆਪਣੀ ਦੇਖ ਭਾਲ ਖ਼ੁਦ ਕਰਨੀ ਚਾਹੁੰਦੇ ਹਨ। ਫਿਰ ਵੀ ਚੰਗਾ ਹੋਵੇਗਾ ਕਿ ਉਹ ਆਪਣੇ ਬੱਚਿਆਂ ਨੂੰ ਪਹਿਲਾਂ ਹੀ ਦੱਸਣ ਕਿ ਲੋੜ ਪੈਣ ਤੇ ਉਹ ਕਿਸ ਤਰ੍ਹਾਂ ਦੀ ਦੇਖ-ਭਾਲ ਚਾਹੁੰਦੇ ਹਨ।

7, 8. ਪਰਿਵਾਰਾਂ ਨੂੰ ਕਿਹੜੀਆਂ ਜ਼ਰੂਰੀ ਗੱਲਾਂ ’ਤੇ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਕਿਉਂ?

7 ਮਾਪਿਓ, ਆਪਣੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਅਤੇ ਤੁਸੀਂ ਆਪਣੀ ਦੇਖ-ਭਾਲ ਲਈ ਕਿੰਨਾ ਪੈਸਾ ਖ਼ਰਚ ਸਕਦੇ ਹੋ। ਫਿਰ ਸਿਹਤ ਸੰਬੰਧੀ ਕੋਈ ਮੁਸ਼ਕਲ ਖੜ੍ਹੀ ਹੋਣ ’ਤੇ ਉਹ ਤੁਹਾਡੀਆਂ ਖ਼ਾਹਸ਼ਾਂ ਮੁਤਾਬਕ ਸਹੀ ਫ਼ੈਸਲੇ ਕਰ ਸਕਣਗੇ। ਤੁਹਾਡੇ ਬੱਚੇ ਤੁਹਾਡੇ ਫ਼ੈਸਲਿਆਂ ਦੀ ਕਦਰ ਕਰਦੇ ਹਨ ਅਤੇ ਉਹ ਤੁਹਾਡੀਆਂ ਇੱਛਾਵਾਂ ਪੂਰੀਆਂ ਕਰਨ ਤੋਂ ਤੁਹਾਨੂੰ ਰੋਕਣਗੇ ਨਹੀਂ। (ਅਫ਼. 6:2-4) ਯਾਦ ਰੱਖੋ ਕਿ ਬੱਚਿਆਂ ਦੀ ਰਾਇ ਤੁਹਾਡੇ ਤੋਂ ਵੱਖ ਹੋ ਸਕਦੀ ਹੈ, ਇਸ ਕਰਕੇ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਇਕ-ਦੂਜੇ ਦੀ ਸੋਚ ਮੁਤਾਬਕ ਢਲ਼ਣ ਵਿਚ ਸਮਾਂ ਲੱਗ ਸਕਦਾ ਹੈ।

8 ਜਦ ਅਸੀਂ ਪਹਿਲਾਂ ਤੋਂ ਹੀ ਗੱਲਬਾਤ ਅਤੇ ਤਿਆਰੀ ਕਰਦੇ ਹਾਂ, ਤਾਂ ਅਸੀਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ। (ਕਹਾ. 15:22) ਇਸ ਲਈ ਮਾਪਿਓ, ਆਪਣੇ ਬੱਚਿਆਂ ਨੂੰ ਦੱਸੋ ਕਿ ਤੁਸੀਂ ਕਿਹੜਾ ਇਲਾਜ ਕਰਾਉਣਾ ਚਾਹੁੰਦੇ ਹੋ। ਯਹੋਵਾਹ ਦੇ ਗਵਾਹਾਂ ਦੁਆਰਾ ਵਰਤੇ ਜਾਂਦੇ ਡੀ. ਪੀ. ਏ. ਕਾਰਡ (ਲਹੂ ਸੰਬੰਧੀ ਕਾਰਡ) ਉੱਤੇ ਦੱਸੇ ਨੁਕਤਿਆਂ ਬਾਰੇ ਗੱਲਬਾਤ ਕਰੋ। ਹਰ ਵਿਅਕਤੀ ਨੂੰ ਇਹ ਜਾਣਨ ਦਾ ਹੱਕ ਹੈ ਕਿ ਉਸ ਨੂੰ ਲਹੂ ਤੋਂ ਬਿਨਾਂ ਕਿਸ ਤਰ੍ਹਾਂ ਦਾ ਇਲਾਜ ਮਿਲ ਸਕਦਾ ਹੈ ਅਤੇ ਉਹ ਕਿਹੜਾ ਇਲਾਜ ਕਰਾਵੇਗਾ ਤੇ ਕਿਹੜਾ ਨਹੀਂ। ਇਸ ਲਈ ਇਲਾਜ ਬਾਰੇ ਤੁਸੀਂ ਜੋ ਵੀ ਫ਼ੈਸਲੇ ਕੀਤੇ ਹਨ ਉਨ੍ਹਾਂ ਨੂੰ ਡੀ. ਪੀ. ਏ. ਕਾਰਡ ਵਿਚ ਲਿਖੋ। ਆਪਣੇ ਕਿਸੇ ਭਰੋਸੇਯੋਗ ਦੋਸਤ ਜਾਂ ਰਿਸ਼ਤੇਦਾਰ ਨੂੰ ਪਹਿਲਾਂ ਤੋਂ ਹੀ ਦੱਸੋ ਕਿ ਤੁਸੀਂ ਕਿਹੜੇ ਇਲਾਜ ਕਰਾਓਗੇ ਤਾਂਕਿ ਲੋੜ ਪੈਣ ਤੇ ਉਹ ਤੁਹਾਡੀ ਮਰਜ਼ੀ ਮੁਤਾਬਕ ਸਹੀ ਫ਼ੈਸਲੇ ਕਰ ਸਕੇ। ਉਸ ਵਿਅਕਤੀ ਕੋਲ, ਤੁਹਾਡੇ ਕੋਲ ਅਤੇ ਤੁਹਾਡੀ ਦੇਖ-ਭਾਲ ਕਰਨ ਵਾਲਿਆਂ ਕੋਲ ਡੀ. ਪੀ. ਏ. ਕਾਰਡ ਦੀ ਇਕ-ਇਕ ਕਾਪੀ ਹੋਣੀ ਚਾਹੀਦੀ ਹੈ ਤਾਂਕਿ ਲੋੜ ਪੈਣ ਤੇ ਇਸ ਨੂੰ ਵਰਤਿਆ ਜਾ ਸਕੇ। ਕੁਝ ਬਿਰਧ ਭੈਣ-ਭਰਾ ਆਪਣੇ ਕਾਰਡ ਨੂੰ ਆਪਣੀ ਵਸੀਅਤ, ਇੰਸ਼ੋਰੈਂਸ, ਬੈਂਕ ਅਤੇ ਹੋਰ ਜ਼ਰੂਰੀ ਕਾਗਜ਼-ਪੱਤਰਾਂ ਨਾਲ ਰੱਖਦੇ ਹਨ।

ਬਦਲਦੇ ਹਾਲਾਤਾਂ ਨਾਲ ਸਿੱਝਣਾ

9, 10. ਮਾਪਿਆਂ ਨੂੰ ਕਦੋਂ ਆਪਣੇ ਬੱਚਿਆਂ ਤੋਂ ਜ਼ਿਆਦਾ ਮਦਦ ਦੀ ਲੋੜ ਪੈ ਸਕਦੀ ਹੈ?

9 ਕਈ ਬੱਚੇ ਇਹ ਦੇਖ ਕੇ ਖ਼ੁਸ਼ ਹੁੰਦੇ ਹਨ ਕਿ ਉਨ੍ਹਾਂ ਦੇ ਬਜ਼ੁਰਗ ਮਾਪੇ ਆਪਣੇ ਲਈ ਕਾਫ਼ੀ ਕੁਝ ਕਰ ਲੈਂਦੇ ਹਨ ਜਿਵੇਂ ਖਾਣਾ ਬਣਾਉਣਾ, ਸਾਫ਼-ਸਫ਼ਾਈ ਕਰਨੀ, ਦਵਾਈ ਲੈਣੀ ਅਤੇ ਚੰਗੀ ਤਰ੍ਹਾਂ ਗੱਲਬਾਤ ਕਰਨੀ। ਇਸ ਕਰਕੇ ਬੱਚਿਆਂ ਨੂੰ ਉਨ੍ਹਾਂ ਵਾਸਤੇ ਸਾਰਾ ਕੁਝ ਕਰਨ ਦੀ ਲੋੜ ਨਹੀਂ ਪੈਂਦੀ। ਪਰ ਸਮਾਂ ਬੀਤਣ ਤੇ ਜੇ ਮਾਪਿਆਂ ਲਈ ਤੁਰਨਾ-ਫਿਰਨਾ ਜਾਂ ਇਕੱਲੇ ਕਿਤੇ ਆਉਣਾ-ਜਾਣਾ ਮੁਸ਼ਕਲ ਹੈ ਜਾਂ ਉਹ ਅਕਸਰ ਗੱਲਾਂ ਭੁੱਲ ਜਾਂਦੇ ਹਨ, ਤਾਂ ਸ਼ਾਇਦ ਬੱਚਿਆਂ ਨੂੰ ਉਨ੍ਹਾਂ ਦੀ ਮਦਦ ਕਰਨੀ ਪੈ ਸਕਦੀ ਹੈ।

10 ਬੁਢਾਪੇ ਕਰਕੇ ਕਈਆਂ ਨੂੰ ਸ਼ਾਇਦ ਕੁਝ ਗੱਲਾਂ ਸਮਝ ਨਾ ਆਉਣ ਜਾਂ ਉਹ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਣ। ਨਾਲੇ ਸ਼ਾਇਦ ਉਨ੍ਹਾਂ ਨੂੰ ਘੱਟ ਸੁਣਾਈ ਤੇ ਦਿਖਾਈ ਦੇਵੇ, ਉਨ੍ਹਾਂ ਦੀ ਯਾਦਾਸ਼ਤ ਕਮਜ਼ੋਰ ਹੋ ਜਾਵੇ ਜਾਂ ਉਨ੍ਹਾਂ ਲਈ ਟਾਇਲਟ ਜਾਣਾ ਮੁਸ਼ਕਲ ਹੋ ਜਾਵੇ। ਇਨ੍ਹਾਂ ਵਿੱਚੋਂ ਕੋਈ ਵੀ ਸਮੱਸਿਆ ਹੋ ਜਾਣ ’ਤੇ ਫ਼ੌਰਨ ਡਾਕਟਰੀ ਮਦਦ ਲਓ। ਅਜਿਹਾ ਸਮਾਂ ਵੀ ਆ ਸਕਦਾ ਹੈ ਜਦ ਬੱਚੇ ਪਹਿਲ ਕਰਦੇ ਹੋਏ ਆਪਣੇ ਮਾਪਿਆਂ ਨੂੰ ਡਾਕਟਰ ਕੋਲ ਲਿਜਾਣ  ਅਤੇ ਉਨ੍ਹਾਂ ਲਈ ਜ਼ਰੂਰੀ ਫ਼ੈਸਲੇ ਕਰਨ। ਆਪਣੇ ਮਾਪਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨ ਲਈ ਬੱਚਿਆਂ ਨੂੰ ਸ਼ਾਇਦ ਉਨ੍ਹਾਂ ਵੱਲੋਂ ਗੱਲ ਕਰਨੀ ਪਵੇ, ਕਾਗਜ਼-ਪੱਤਰਾਂ ਸੰਬੰਧੀ ਮਦਦ ਕਰਨੀ ਪਵੇ, ਉਨ੍ਹਾਂ ਨੂੰ ਡਾਕਟਰ ਕੋਲ ਜਾਂ ਹੋਰ ਕਿਤੇ ਲੈ ਕੇ ਜਾਣਾ ਪਵੇ।ਕਹਾ. 3:27.

11. ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਡੇ ਮਾਪੇ ਆਸਾਨੀ ਨਾਲ ਖ਼ੁਦ ਨੂੰ ਤਬਦੀਲੀਆਂ ਮੁਤਾਬਕ ਢਾਲ਼ ਸਕਣ?

11 ਜੇ ਤੁਹਾਡੇ ਮਾਪਿਆਂ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੁੰਦਾ, ਤਾਂ ਉਨ੍ਹਾਂ ਦੀ ਦੇਖ-ਭਾਲ ਜਾਂ ਰਹਿਣ ਦੇ ਇੰਤਜ਼ਾਮਾਂ ਵਿਚ ਤਬਦੀਲੀਆਂ ਕਰਨੀਆਂ ਪੈ ਸਕਦੀਆਂ ਹਨ। ਜਿੰਨੀਆਂ ਘੱਟ ਤਬਦੀਲੀਆਂ ਹੋਣਗੀਆਂ, ਮਾਪਿਆਂ ਲਈ ਉਨ੍ਹਾਂ ਮੁਤਾਬਕ ਢਲ਼ਣਾ ਉੱਨਾ ਹੀ ਸੌਖਾ ਹੋਵੇਗਾ। ਜੇ ਤੁਸੀਂ ਆਪਣੇ ਮਾਪਿਆਂ ਤੋਂ ਦੂਰ ਰਹਿੰਦੇ ਹੋ, ਤਾਂ ਸ਼ਾਇਦ ਕੋਈ ਮਸੀਹੀ ਭੈਣ-ਭਰਾ ਜਾਂ ਕੋਈ ਗੁਆਂਢੀ ਉਨ੍ਹਾਂ ਨੂੰ ਬਾਕਾਇਦਾ ਮਿਲਣ ਜਾ ਸਕਦਾ ਹੈ ਅਤੇ ਤੁਹਾਨੂੰ ਉਨ੍ਹਾਂ ਦਾ ਹਾਲ-ਚਾਲ ਦੱਸ ਸਕਦਾ ਹੈ। ਕੀ ਉਨ੍ਹਾਂ ਨੂੰ ਸਿਰਫ਼ ਖਾਣਾ ਬਣਾਉਣ ਤੇ ਸਾਫ਼-ਸਫ਼ਾਈ ਕਰਨ ਵਿਚ ਮਦਦ ਦੀ ਲੋੜ ਹੈ? ਕੀ ਘਰ ਵਿਚ ਛੋਟੀਆਂ-ਮੋਟੀਆਂ ਤਬਦੀਲੀਆਂ ਕਰਨ ਨਾਲ ਉਨ੍ਹਾਂ ਲਈ ਤੁਰਨਾ-ਫਿਰਨਾ, ਨਹਾਉਣਾ ਤੇ ਹੋਰ ਕੰਮ ਕਰਨੇ ਸੌਖੇ ਤੇ ਸੁਰੱਖਿਅਤ ਹੋ ਜਾਣਗੇ? ਜੇ ਉਹ ਇਕੱਲੇ ਰਹਿੰਦੇ ਹਨ, ਤਾਂ ਸ਼ਾਇਦ ਕੋਈ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦੀ ਥੋੜ੍ਹੀ-ਬਹੁਤੀ ਮਦਦ ਕਰ ਸਕਦਾ ਹੈ ਤਾਂਕਿ ਉਹ ਕੁਝ ਹੱਦ ਤਕ ਆਪਣੀ ਦੇਖ-ਭਾਲ ਆਪ ਕਰ ਸਕਣ। ਪਰ ਜੇ ਉਨ੍ਹਾਂ ਦਾ ਇਕੱਲੇ ਰਹਿਣਾ ਸੁਰੱਖਿਅਤ ਨਹੀਂ ਹੈ, ਤਾਂ ਉਨ੍ਹਾਂ ਨੂੰ ਹੋਰ ਜ਼ਿਆਦਾ ਮਦਦ ਦੀ ਲੋੜ ਪਵੇਗੀ। ਹਾਲਾਤ ਭਾਵੇਂ ਜੋ ਮਰਜ਼ੀ ਹੋਣ, ਦੇਖੋ ਕਿ ਤੁਹਾਡੇ ਇਲਾਕੇ ਵਿਚ ਕਿਹੜੀਆਂ ਸੇਵਾਵਾਂ ਮਿਲ ਸਕਦੀਆਂ ਹਨ। *ਕਹਾਉਤਾਂ 21:5 ਪੜ੍ਹੋ।

ਕੁਝ ਇਸ ਚੁਣੌਤੀ ਦਾ ਸਾਮ੍ਹਣਾ ਕਿਵੇਂ ਕਰਦੇ ਹਨ?

12, 13. ਜਿਹੜੇ ਬੱਚੇ ਆਪਣੇ ਮਾਪਿਆਂ ਦੇ ਨੇੜੇ ਨਹੀਂ ਰਹਿੰਦੇ, ਉਹ ਆਪਣੇ ਮਾਪਿਆਂ ਦਾ ਆਦਰ ਅਤੇ ਦੇਖ-ਭਾਲ ਕਿਵੇਂ ਕਰਦੇ ਹਨ?

12 ਬੱਚੇ ਆਪਣੇ ਮਾਪਿਆਂ ਨੂੰ ਪਿਆਰ ਕਰਦੇ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਮਾਪਿਆਂ ਨੂੰ ਕੋਈ ਤਕਲੀਫ਼ ਹੋਵੇ। ਉਨ੍ਹਾਂ ਨੂੰ ਇਹ ਜਾਣ ਕੇ ਸਕੂਨ ਮਿਲਦਾ ਹੈ ਕਿ ਕੋਈ ਉਨ੍ਹਾਂ ਦੇ ਮਾਪਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਰਿਹਾ ਹੈ। ਪਰ ਕਈ ਬੱਚੇ ਹੋਰ ਜ਼ਿੰਮੇਵਾਰੀਆਂ ਕਾਰਨ ਆਪਣੇ ਮਾਪਿਆਂ ਦੇ ਨੇੜੇ ਨਹੀਂ ਰਹਿ ਸਕਦੇ। ਇਸ ਲਈ ਉਹ ਛੁੱਟੀਆਂ ਵਿਚ ਉਨ੍ਹਾਂ ਕੋਲ ਆ ਕੇ ਰਹਿੰਦੇ ਹਨ। ਉਹ ਉਨ੍ਹਾਂ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਉਹ ਕੰਮ ਕਰਦੇ ਹਨ ਜੋ ਮਾਪੇ ਨਹੀਂ ਕਰ ਸਕਦੇ। ਜੇ ਹੋ ਸਕੇ, ਤਾਂ ਬੱਚੇ ਉਨ੍ਹਾਂ ਨੂੰ ਬਾਕਾਇਦਾ ਜਾਂ ਰੋਜ਼ ਫ਼ੋਨ ਕਰ ਕੇ, ਚਿੱਠੀਆਂ ਲਿਖ ਕੇ ਜਾਂ ਈ-ਮੇਲ ਘੱਲ ਕੇ ਉਨ੍ਹਾਂ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਾਉਂਦੇ ਹਨ।ਕਹਾ. 23:24, 25.

13 ਜੇ ਤੁਸੀਂ ਆਪਣੇ ਮਾਪਿਆਂ ਨਾਲ ਨਹੀਂ ਰਹਿੰਦੇ, ਤਾਂ ਵੀ ਦੇਖੋ ਕਿ ਤੁਹਾਡੇ ਮਾਪਿਆਂ ਨੂੰ ਕਿਹੋ ਜਿਹੀ ਦੇਖ-ਭਾਲ ਦੀ ਲੋੜ ਹੈ। ਨਾਲੇ ਜੇ ਉਹ ਯਹੋਵਾਹ ਦੇ ਗਵਾਹ ਹਨ, ਤਾਂ ਤੁਸੀਂ ਉਨ੍ਹਾਂ ਦੀ ਮੰਡਲੀ ਦੇ ਬਜ਼ੁਰਗਾਂ ਨਾਲ ਗੱਲ ਕਰ ਕੇ ਉਨ੍ਹਾਂ ਦੀ ਸਲਾਹ ਲੈ ਸਕਦੇ ਹੋ। ਆਪਣੇ ਮਾਪਿਆਂ ਬਾਰੇ ਪ੍ਰਾਰਥਨਾ ਕਰਨੀ ਵੀ ਨਾ ਭੁੱਲੋ। (ਕਹਾਉਤਾਂ 11:14 ਪੜ੍ਹੋ।) ਜੇ ਤੁਹਾਡੇ ਮਾਂ-ਬਾਪ ਗਵਾਹ ਨਹੀਂ ਹਨ, ਫਿਰ ਵੀ ਤੁਹਾਨੂੰ ਆਪਣੇ ‘ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰਨਾ’ ਚਾਹੀਦਾ ਹੈ। (ਕੂਚ 20:12; ਕਹਾ. 23:22) ਇਹ ਸੱਚ ਹੈ ਕਿ ਦੇਖ-ਭਾਲ ਬਾਰੇ ਸਾਰੇ ਪਰਿਵਾਰਾਂ ਦੇ ਫ਼ੈਸਲੇ ਇੱਕੋ ਜਿਹੇ ਨਹੀਂ ਹੁੰਦੇ। ਕੁਝ ਬੱਚੇ ਮਾਪਿਆਂ ਨੂੰ ਆਪਣੇ ਕੋਲ ਜਾਂ ਨੇੜੇ ਕਿਤੇ ਰਹਿਣ ਲਈ ਬੁਲਾ ਲੈਂਦੇ ਹਨ। ਪਰ ਇਸ ਤਰ੍ਹਾਂ ਕਰਨਾ ਹਮੇਸ਼ਾ ਮੁਮਕਿਨ ਨਹੀਂ ਹੁੰਦਾ। ਕੁਝ ਮਾਪੇ ਆਪਣੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਨਹੀਂ ਰਹਿਣਾ ਚਾਹੁੰਦੇ। ਉਹ ਇਕੱਲੇ ਰਹਿਣਾ ਚਾਹੁੰਦੇ ਹਨ ਤੇ ਬੱਚਿਆਂ ਉੱਤੇ ਬੋਝ ਨਹੀਂ ਬਣਨਾ ਚਾਹੁੰਦੇ। ਕੁਝ ਬਜ਼ੁਰਗ ਆਪਣੀ ਦੇਖ-ਭਾਲ ਕਰਨ ਲਈ ਕਿਸੇ ਨੂੰ ਆਪਣੇ ਘਰ ਨੌਕਰੀ ’ਤੇ ਰੱਖ ਲੈਂਦੇ ਹਨ।ਉਪ. 7:12.

14. ਦੇਖ-ਭਾਲ ਕਰਨ ਵਾਲੇ ਲਈ ਕਿਹੜੀਆਂ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ?

14 ਕਈ ਪਰਿਵਾਰਾਂ ਵਿਚ ਮਾਪਿਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਅਕਸਰ ਉਸ ਧੀ-ਪੁੱਤਰ ਦੀ ਹੁੰਦੀ ਹੈ ਜੋ ਮਾਪਿਆਂ ਦੇ ਨਾਲ ਰਹਿੰਦਾ ਹੈ ਜਾਂ ਉਨ੍ਹਾਂ ਦੇ ਘਰ ਦੇ ਨੇੜੇ ਰਹਿੰਦਾ ਹੈ। ਪਰ ਮਾਪਿਆਂ ਦੀ ਦੇਖ-ਰੇਖ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਆਪਣੇ ਪਰਿਵਾਰ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਹਨ। ਹਰ ਕਿਸੇ ਨੂੰ ਦੇਖਣਾ ਪੈਂਦਾ ਹੈ ਕਿ ਉਸ ਕੋਲ ਕਿੰਨਾ ਸਮਾਂ ਤੇ ਤਾਕਤ ਹੈ। ਜੇ ਦੇਖ-ਭਾਲ ਕਰਨ ਵਾਲੇ ਦੇ ਹਾਲਾਤ ਬਦਲ ਜਾਣ, ਤਾਂ ਫਿਰ ਪੂਰੇ ਪਰਿਵਾਰ ਨੂੰ ਬੈਠ ਕੇ ਇਸ ਬਾਰੇ ਗੱਲ ਕਰਨ ਦੀ  ਲੋੜ ਹੈ। ਕੀ ਪਰਿਵਾਰ ਦੇ ਇਕ ਮੈਂਬਰ ’ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦਾ ਭਾਰ ਹੈ? ਕੀ ਬਾਕੀ ਬੱਚੇ ਦੇਖ-ਭਾਲ ਕਰਨ ਵਿਚ ਹੋਰ ਹੱਥ ਵਟਾ ਸਕਦੇ ਹਨ? ਕੀ ਉਹ ਵਾਰੀ-ਵਾਰੀ ਦੇਖ-ਭਾਲ ਕਰ ਸਕਦੇ ਹਨ?

15. ਦੇਖ-ਭਾਲ ਕਰਨ ਵਾਲੇ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ?

15 ਜਦੋਂ ਬਜ਼ੁਰਗ ਮਾਪਿਆਂ ਨੂੰ 24-ਘੰਟੇ ਦੇਖ-ਰੇਖ ਦੀ ਲੋੜ ਪੈਂਦੀ ਹੈ, ਤਾਂ ਦੇਖ-ਭਾਲ ਕਰਨ ਵਾਲਾ ਥੱਕ ਕੇ ਚੂਰ ਹੋ ਜਾਂਦਾ ਹੈ। (ਉਪ. 4:6) ਪਿਆਰ ਦੀ ਖ਼ਾਤਰ ਬੱਚੇ ਆਪਣੇ ਮਾਪਿਆਂ ਲਈ ਸਭ ਕੁਝ ਕਰਨਾ ਚਾਹੁੰਦੇ ਹਨ, ਪਰ ਸ਼ਾਇਦ ਉਨ੍ਹਾਂ ਲਈ ਇੱਦਾਂ ਕਰਨਾ ਔਖਾ ਹੋ ਸਕਦਾ ਹੈ। ਦੇਖ-ਭਾਲ ਕਰਨ ਵਾਲੇ ਨੂੰ ਆਪਣੀਆਂ ਹੱਦਾਂ ਪਛਾਣਨ ਦੀ ਲੋੜ ਹੈ ਤੇ ਸ਼ਾਇਦ ਉਹ ਦੂਜਿਆਂ ਤੋਂ ਮਦਦ ਮੰਗ ਸਕਦਾ ਹੈ। ਸਮੇਂ-ਸਮੇਂ ’ਤੇ ਉਸ ਦੀ ਮਦਦ ਕਰਨ ਨਾਲ ਸ਼ਾਇਦ ਉਹ ਆਪਣੀ ਜ਼ਿੰਮੇਵਾਰੀ ਪੂਰੀ ਕਰਦਾ ਰਹਿ ਸਕਦਾ ਹੈ ਅਤੇ ਇੱਦਾਂ ਉਹ ਆਪ ਬੀਮਾਰ ਹੋਣ ਤੋਂ ਬਚ ਸਕਦਾ ਹੈ।

16, 17. ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ ਵੇਲੇ ਬੱਚੇ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰ ਸਕਦੇ ਹਨ ਅਤੇ ਉਹ ਇਨ੍ਹਾਂ ਨਾਲ ਕਿਵੇਂ ਸਿੱਝ ਸਕਦੇ ਹਨ? (ਦੇਖ-ਭਾਲ ਕਰਨ ਦਾ ਸਨਮਾਨ ਨਾਂ ਦੀ ਡੱਬੀ ਦੇਖੋ।)

16 ਇਹ ਦੇਖ ਕੇ ਸਾਨੂੰ ਬਹੁਤ ਦੁੱਖ ਹੁੰਦਾ ਹੈ ਕਿ ਸਾਡੇ ਪਿਆਰੇ ਮਾਪੇ ਸਿਆਣੇ ਹੁੰਦੇ ਜਾ ਰਹੇ ਹਨ। ਕਦੇ-ਕਦੇ ਦੇਖ-ਭਾਲ ਕਰਨ ਵਾਲੇ ਉਦਾਸ, ਪਰੇਸ਼ਾਨ, ਗੁੱਸੇ ਹੋ ਜਾਂਦੇ ਹਨ ਜਾਂ ਆਪਣੇ ਆਪ ਨੂੰ ਦੋਸ਼ੀ ਸਮਝਦੇ ਹਨ। ਹੋ ਸਕਦਾ ਹੈ ਕਿ ਬਜ਼ੁਰਗ ਮਾਤਾ-ਪਿਤਾ ਕੋਈ ਦੁੱਖ ਪਹੁੰਚਾਉਣ ਵਾਲੀ ਗੱਲ ਕਹਿ ਦੇਣ ਜਾਂ ਸ਼ੁਕਰਗੁਜ਼ਾਰੀ ਨਾ ਦਿਖਾਉਣ। ਜੇ ਤੁਹਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ, ਤਾਂ ਜਲਦੀ ਗੁੱਸੇ ਨਾ ਹੋਵੋ। ਇਕ ਡਾਕਟਰ ਕਹਿੰਦਾ ਹੈ: ‘ਜੇ ਤੁਹਾਡਾ ਮਨ ਪਰੇਸ਼ਾਨ ਜਾਂ ਦੁਖੀ ਹੈ, ਤਾਂ ਇਸ ਗੱਲ ਨੂੰ ਨਜ਼ਰਅੰਦਾਜ਼ ਨਾ ਕਰੋ। ਆਪਣੇ-ਆਪ ਨੂੰ ਕੋਸੋ ਨਾ ਕਿਉਂਕਿ ਇੱਦਾਂ ਮਹਿਸੂਸ ਕਰਨਾ ਗ਼ਲਤ ਨਹੀਂ ਹੈ।’ ਆਪਣੇ ਜੀਵਨ ਸਾਥੀ, ਪਰਿਵਾਰ ਦੇ ਕਿਸੇ ਮੈਂਬਰ ਜਾਂ ਆਪਣੇ ਚੰਗੇ ਦੋਸਤ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰੋ। ਇੱਦਾਂ ਤੁਸੀਂ ਆਪਣੇ ਜਜ਼ਬਾਤਾਂ ਨੂੰ ਸਮਝਦੇ ਹੋਏ ਆਪਣੇ ਬਾਰੇ ਸਹੀ ਨਜ਼ਰੀਆ ਰੱਖ ਸਕੋਗੇ।

17 ਇਕ ਅਜਿਹਾ ਸਮਾਂ ਵੀ ਆ ਸਕਦਾ ਹੈ ਜਦੋਂ ਤੁਸੀਂ ਆਪਣੇ ਅਜ਼ੀਜ਼ ਦੀ ਦੇਖ-ਭਾਲ ਘਰ ਵਿਚ ਨਾ ਕਰ ਸਕੋ। ਪਰਿਵਾਰ ਸ਼ਾਇਦ ਫ਼ੈਸਲਾ ਕਰੇ ਕਿ ਅਜ਼ੀਜ਼ ਦੀ ਵਧੀਆ ਦੇਖ-ਭਾਲ ਨਰਸਿੰਗ-ਹੋਮ ਵਿਚ ਕੀਤੀ ਜਾ ਸਕਦੀ ਹੈ। ਇਕ ਮਸੀਹੀ ਭੈਣ ਆਪਣੀ ਮੰਮੀ ਨੂੰ ਨਰਿਸੰਗ-ਹੋਮ ਵਿਚ ਰੋਜ਼ ਮਿਲਣ ਜਾਂਦੀ ਸੀ। ਉਹ ਦੱਸਦੀ ਹੈ: “ਮੰਮੀ ਨੂੰ 24-ਘੰਟੇ ਦੇਖ-ਭਾਲ ਦੀ ਲੋੜ ਸੀ ਅਤੇ ਅਸੀਂ ਇਸ ਤਰ੍ਹਾਂ ਨਹੀਂ ਕਰ ਸਕੇ। ਉਨ੍ਹਾਂ ਨੂੰ ਨਰਸਿੰਗ-ਹੋਮ ਵਿਚ ਰੱਖਣ ਦਾ ਫ਼ੈਸਲਾ ਲੈਣਾ ਬੜਾ ਔਖਾ ਸੀ। ਅਸੀਂ ਬਹੁਤ ਰੋਏ। ਪਰ ਉਨ੍ਹਾਂ ਦੀ ਜ਼ਿੰਦਗੀ ਦੇ ਆਖ਼ਰੀ ਮਹੀਨਿਆਂ ਦੌਰਾਨ ਇਸ ਤਰ੍ਹਾਂ ਕਰਨਾ ਜ਼ਰੂਰੀ ਸੀ ਅਤੇ ਮੰਮੀ ਨੇ ਵੀ ਇਹ ਗੱਲ ਮੰਨ ਲਈ ਸੀ।”

18. ਤੁਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹੋ?

18 ਆਪਣੇ ਸਿਆਣੇ ਮਾਪਿਆਂ ਦੀ ਦੇਖ-ਭਾਲ ਕਰਨੀ ਆਸਾਨ ਨਹੀਂ ਹੈ ਅਤੇ ਕਦੇ-ਕਦੇ ਤੁਸੀਂ ਨਿਰਾਸ਼ ਵੀ ਹੋ ਸਕਦੇ ਹੋ। ਮਾਪਿਆਂ ਦੀ ਦੇਖ-ਭਾਲ ਕਰਨ ਦੇ ਵੱਖੋ-ਵੱਖਰੇ ਤਰੀਕੇ ਹਨ ਅਤੇ ਹਰ ਪਰਿਵਾਰ ਇਸ ਬਾਰੇ ਆਪਣਾ ਫ਼ੈਸਲਾ ਕਰ ਸਕਦਾ ਹੈ। ਪਰ ਜੇ ਤੁਸੀਂ ਪਹਿਲਾਂ ਤੋਂ ਹੀ ਸੋਚ-ਸਮਝ ਕੇ ਤਿਆਰੀ, ਆਪਣੇ ਪਰਿਵਾਰ ਨਾਲ ਮਿਲ ਕੇ ਕੰਮ, ਇਕ-ਦੂਜੇ ਨਾਲ ਖੁੱਲ੍ਹ ਕੇ ਗੱਲਬਾਤ ਅਤੇ ਸਭ ਤੋਂ ਜ਼ਰੂਰੀ ਯਹੋਵਾਹ ਨੂੰ ਪ੍ਰਾਰਥਨਾ ਕਰੋ, ਤਾਂ ਤੁਸੀਂ ਆਪਣੇ ਅਜ਼ੀਜ਼ਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾ ਸਕੋਗੇ। ਇੱਦਾਂ ਕਰਨ ਨਾਲ ਤੁਹਾਨੂੰ ਖ਼ੁਸ਼ੀ ਮਿਲੇਗੀ ਕਿ ਤੁਸੀਂ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰ ਰਹੇ ਹੋ। (1 ਕੁਰਿੰਥੀਆਂ 13:4-8 ਪੜ੍ਹੋ।) ਸਭ ਤੋਂ ਵਧ ਤੁਹਾਨੂੰ ਯਹੋਵਾਹ ਵੱਲੋਂ ਮਨ ਦੀ ਸ਼ਾਂਤੀ ਅਤੇ ਬਰਕਤਾਂ ਮਿਲਣਗੀਆਂ।ਫ਼ਿਲਿ. 4:7.

^ ਪੇਰਗ੍ਰੈਫ 3 ਕੁਝ ਸਭਿਆਚਾਰਾਂ ਵਿਚ ਇਹ ਆਮ ਗੱਲ ਹੈ ਕਿ ਮਾਪੇ ਆਪਣੇ ਹੀ ਘਰ ਰਹਿਣਾ ਚਾਹੁੰਦੇ ਹਨ ਅਤੇ ਆਪਣੇ ਨੇੜੇ ਰਹਿੰਦੇ ਪਰਿਵਾਰ ਦੇ ਮੈਂਬਰਾਂ ਨਾਲ ਬਾਕਾਇਦਾ ਮਿਲਦੇ-ਜੁਲਦੇ ਹਨ।

^ ਪੇਰਗ੍ਰੈਫ 11 ਜੇ ਤੁਹਾਡੇ ਮਾਪੇ ਆਪਣੇ ਘਰ ਵਿਚ ਹੀ ਰਹਿੰਦੇ ਹਨ, ਤਾਂ ਪੱਕਾ ਕਰੋ ਕਿ ਘਰ ਦੀਆਂ ਚਾਬੀਆਂ ਕਿਸੇ ਅਜਿਹੇ ਭਰੋਸੇਯੋਗ ਸ਼ਖ਼ਸ ਕੋਲ ਹੋਣ ਜੋ ਐਮਰਜੈਂਸੀ ਵੇਲੇ ਘਰ ਅੰਦਰ ਜਾ ਸਕਦਾ ਹੈ।