Skip to content

Skip to table of contents

ਕੀ ਤੁਸੀਂ “ਅਦਿੱਖ ਪਰਮੇਸ਼ੁਰ” ਨੂੰ ਦੇਖਦੇ ਹੋ?

ਕੀ ਤੁਸੀਂ “ਅਦਿੱਖ ਪਰਮੇਸ਼ੁਰ” ਨੂੰ ਦੇਖਦੇ ਹੋ?

“ਉਹ ਅਦਿੱਖ ਪਰਮੇਸ਼ੁਰ ਨੂੰ ਦੇਖਦਾ ਹੋਇਆ ਆਪਣੀ ਨਿਹਚਾ ਵਿਚ ਪੱਕਾ ਰਿਹਾ।”ਇਬ. 11:27.

1, 2. (ੳ) ਸਮਝਾਓ ਕਿ ਇੱਦਾਂ ਕਿਉਂ ਲੱਗਦਾ ਸੀ ਕਿ ਮੂਸਾ ਦੀ ਜਾਨ ਖ਼ਤਰੇ ਵਿਚ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਰਾਜੇ ਦੇ ਕ੍ਰੋਧ ਦੇ ਬਾਵਜੂਦ ਮੂਸਾ ਡਰਿਆ ਕਿਉਂ ਨਹੀਂ?

ਫ਼ਿਰਊਨ ਇਕ ਤਾਕਤਵਰ ਰਾਜਾ ਸੀ ਅਤੇ ਮਿਸਰੀ ਲੋਕ ਉਸ ਨੂੰ ਰੱਬ ਮੰਨਦੇ ਹੋਏ ਉਸ ਦੀ ਪੂਜਾ ਕਰਦੇ ਸਨ। ਜਦ ਮਿਸਰ ਨੇ ਪੂਰਬ ’ਤੇ ਰਾਜ ਕੀਤਾ (ਅੰਗ੍ਰੇਜ਼ੀ) ਨਾਂ ਦੀ ਇਕ ਕਿਤਾਬ ਕਹਿੰਦੀ ਹੈ ਕਿ ਲੋਕ ਮੰਨਦੇ ਸਨ ਕਿ ਫ਼ਿਰਊਨ ਕੋਲ ਧਰਤੀ ਦੀ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ “ਬੁੱਧ ਅਤੇ ਤਾਕਤ” ਸੀ। ਫ਼ਿਰਊਨ ਆਪਣੀ ਪਰਜਾ ਵਿਚ ਆਪਣਾ ਡਰ ਬਿਠਾਉਣ ਲਈ ਅਜਿਹਾ ਤਾਜ ਪਹਿਨਦਾ ਸੀ ਜਿਸ ’ਤੇ ਕੋਬਰਾ ਸੱਪ ਬਣਿਆ ਹੋਇਆ ਸੀ ਜੋ ਡੰਗ ਮਾਰਨ ਲਈ ਤਿਆਰ ਸੀ। ਸੋ ਇਹ ਸੱਪ ਇਸ ਗੱਲ ਦੀ ਨਿਸ਼ਾਨੀ ਸੀ ਕਿ ਰਾਜੇ ਦੇ ਦੁਸ਼ਮਣ ਇਕਦਮ ਨਾਸ਼ ਕੀਤੇ ਜਾਣਗੇ। ਤਾਂ ਫਿਰ ਜ਼ਰਾ ਸੋਚੋ ਕਿ ਮੂਸਾ ਨੂੰ ਕਿੱਦਾਂ ਲੱਗਿਆ ਹੋਣਾ ਜਦ ਯਹੋਵਾਹ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਫ਼ਿਰਊਨ ਕੋਲ ਘੱਲਾਂਗਾ ਤਾਂ ਜੋ ਤੂੰ ਮੇਰੀ ਪਰਜਾ ਅਰਥਾਤ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਵੇਂ।”ਕੂਚ 3:10.

2 ਮੂਸਾ ਨੇ ਮਿਸਰ ਜਾ ਕੇ ਫ਼ਿਰਊਨ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾਇਆ ਜਿਸ ਨੂੰ ਸੁਣ ਕੇ ਰਾਜੇ ਦਾ ਗੁੱਸਾ ਭੜਕ ਉੱਠਿਆ। ਮਿਸਰ ਉੱਤੇ ਨੌਂ ਬਿਪਤਾਵਾਂ ਆਉਣ ਤੋਂ ਬਾਅਦ ਫ਼ਿਰਊਨ ਨੇ ਮੂਸਾ ਨੂੰ ਚੇਤਾਵਨੀ ਦਿੱਤੀ: “ਮੇਰੇ ਕੋਲੋਂ ਨਿੱਕਲ ਜਾਹ ਅਰ ਧਿਆਨ ਰੱਖ ਤੂੰ ਫੇਰ ਕਦੀ ਮੇਰਾ ਮੂੰਹ ਨਾ ਵੇਖੀਂ ਕਿਉਂ ਕਿ ਜਿਸ ਦਿਨ ਤੂੰ ਮੇਰਾ ਮੂੰਹ ਵੇਖੇਂਗਾ ਤੂੰ ਮਰੇਂਗਾ।” (ਕੂਚ 10:28) ਮੂਸਾ ਨੇ ਫ਼ਿਰਊਨ ਸਾਮ੍ਹਣਿਓਂ ਜਾਣ ਤੋਂ ਪਹਿਲਾਂ ਇਹ ਭਵਿੱਖਬਾਣੀ ਕੀਤੀ ਕਿ  ਰਾਜੇ ਦਾ ਜੇਠਾ ਬੇਟਾ ਮਰ ਜਾਵੇਗਾ। (ਕੂਚ 11:4-8) ਫਿਰ ਮੂਸਾ ਨੇ ਹਰ ਇਜ਼ਰਾਈਲੀ ਪਰਿਵਾਰ ਨੂੰ ਇਕ ਲੇਲਾ ਜਾਂ ਮੇਮਣਾ ਵੱਢ ਕੇ ਉਸ ਦਾ ਲਹੂ ਦਰਵਾਜ਼ਿਆਂ ਦੀਆਂ ਚੁਗਾਠਾਂ ’ਤੇ ਲਾਉਣ ਦੀ ਹਿਦਾਇਤ ਦਿੱਤੀ। ਰਾ ਨਾਂ ਦੇ ਮਿਸਰੀ ਦੇਵਤੇ ਦੀਆਂ ਨਜ਼ਰਾਂ ਵਿਚ ਲੇਲੇ ਨੂੰ ਪਵਿੱਤਰ ਸਮਝਿਆ ਜਾਂਦਾ ਸੀ। (ਕੂਚ 12:5-7) ਇਸ ਕਰਕੇ ਫ਼ਿਰਊਨ ਕੁਝ ਵੀ ਕਰ ਸਕਦਾ ਸੀ, ਪਰ ਮੂਸਾ ਉਸ ਤੋਂ ਬਿਲਕੁਲ ਨਹੀਂ ਡਰਿਆ। ਕਿਉਂ? ਕਿਉਂਕਿ ਉਸ ਨੇ ਨਿਹਚਾ ਰੱਖਦਿਆਂ ਯਹੋਵਾਹ ਦਾ ਕਹਿਣਾ ਮੰਨਿਆ। ਉਹ ‘ਰਾਜੇ ਦੇ ਕ੍ਰੋਧ ਤੋਂ ਡਰਿਆ ਨਹੀਂ, ਸਗੋਂ ਉਹ ਅਦਿੱਖ ਪਰਮੇਸ਼ੁਰ ਨੂੰ ਦੇਖਦਾ ਹੋਇਆ ਆਪਣੀ ਨਿਹਚਾ ਵਿਚ ਪੱਕਾ ਰਿਹਾ।’ਇਬਰਾਨੀਆਂ 11:27, 28 ਪੜ੍ਹੋ।

3. ਅਸੀਂ ਮੂਸਾ ਦੀ ਨਿਹਚਾ ਬਾਰੇ ਕਿਹੜੇ ਸਵਾਲਾਂ ’ਤੇ ਚਰਚਾ ਕਰਾਂਗੇ?

3 ਕੀ ਤੁਹਾਡੀ ਨਿਹਚਾ ਇੰਨੀ ਪੱਕੀ ਹੈ ਕਿ ਮਾਨੋ ਤੁਸੀਂ “ਅਦਿੱਖ ਪਰਮੇਸ਼ੁਰ” ਨੂੰ ਦੇਖ ਸਕਦੇ ਹੋ? (ਮੱਤੀ 5:8) ਆਪਣੀ ਨਿਹਚਾ ਪੱਕੀ ਕਰਨ ਲਈ ਆਓ ਆਪਾਂ ਮੂਸਾ ਦੀ ਮਿਸਾਲ ’ਤੇ ਗੌਰ ਕਰੀਏ ਤਾਂਕਿ ਅਸੀਂ ਵੀ “ਅਦਿੱਖ ਪਰਮੇਸ਼ੁਰ” ਨੂੰ ਦੇਖ ਸਕੀਏ। ਯਹੋਵਾਹ ’ਤੇ ਪੱਕੀ ਨਿਹਚਾ ਰੱਖਣ ਨਾਲ ਮੂਸਾ ਇਨਸਾਨਾਂ ਦੇ ਡਰ ’ਤੇ ਕਿਵੇਂ ਕਾਬੂ ਪਾ ਸਕਿਆ? ਉਸ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਵਾਕਈ ਪਰਮੇਸ਼ੁਰ ਦੇ ਵਾਅਦਿਆਂ ’ਤੇ ਨਿਹਚਾ ਸੀ? ਨਾਲੇ ਜਦ ਉਸ ਦੀ ਅਤੇ ਉਸ ਦੇ ਲੋਕਾਂ ਦੀ ਜਾਨ ਖ਼ਤਰੇ ਵਿਚ ਸੀ, ਤਾਂ ਮੂਸਾ “ਅਦਿੱਖ ਪਰਮੇਸ਼ੁਰ” ਨੂੰ ਦੇਖਦੇ ਹੋਏ ਤਕੜਾ ਕਿਵੇਂ ਰਹਿ ਸਕਿਆ?

ਉਹ ‘ਰਾਜੇ ਦੇ ਕ੍ਰੋਧ’ ਤੋਂ ਡਰਿਆ ਨਹੀਂ

4. ਜਦ ਮੂਸਾ ਰਾਜੇ ਦੇ ਸਾਮ੍ਹਣੇ ਪੇਸ਼ ਹੋਇਆ, ਤਾਂ ਨਿਹਚਾ ਨਾ ਰੱਖਣ ਵਾਲਿਆਂ ਨੇ ਕੀ ਸੋਚਿਆ ਹੋਣਾ?

4 ਨਿਹਚਾ ਨਾ ਰੱਖਣ ਵਾਲੇ ਲੋਕਾਂ ਨੇ ਸ਼ਾਇਦ ਸੋਚਿਆ ਹੋਣਾ ਕਿ ਮੂਸਾ ਉਸ ਤਾਕਤਵਰ ਫ਼ਿਰਊਨ ਦੇ ਸਾਮ੍ਹਣੇ ਤਾਂ ਕੁਝ ਵੀ ਨਹੀਂ ਸੀ। ਅਜਿਹੇ ਲੋਕਾਂ ਨੂੰ ਲੱਗਦਾ ਸੀ ਕਿ ਮੂਸਾ ਦੀ ਜ਼ਿੰਦਗੀ ਤੇ ਉਸ ਦਾ ਭਵਿੱਖ ਫ਼ਿਰਊਨ ਦੇ ਹੱਥਾਂ ਵਿਚ ਸੀ। ਮੂਸਾ ਨੇ ਖ਼ੁਦ ਯਹੋਵਾਹ ਨੂੰ ਪੁੱਛਿਆ: “ਮੈਂ ਕੌਣ ਹਾਂ ਜੋ ਮੈਂ ਫ਼ਿਰਊਨ ਕੋਲ ਜਾਵਾਂ ਅਤੇ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਲਿਆਵਾਂ?” (ਕੂਚ 3:11) ਲਗਭਗ 40 ਸਾਲ ਪਹਿਲਾਂ ਮੂਸਾ ਡਰਦੇ ਮਾਰੇ ਮਿਸਰ ਤੋਂ ਨੱਠ ਗਿਆ ਸੀ। ਹੁਣ ਉਸ ਨੇ ਸ਼ਾਇਦ ਸੋਚਿਆ ਹੋਣਾ: ‘ਜੇ ਮੈਂ ਮਿਸਰ ਵਾਪਸ ਗਿਆ, ਤਾਂ ਕੀ ਰਾਜੇ ਦਾ ਗੁੱਸਾ ਭੜਕ ਨਹੀਂ ਉੱਠੇਗਾ? ਕੀ ਇੱਦਾਂ ਕਰਨਾ ਅਕਲਮੰਦੀ ਦੀ ਗੱਲ ਹੋਵੇਗੀ?’

5, 6. ਕਿਹੜੀ ਗੱਲ ਨੇ ਮੂਸਾ ਦੀ ਮਦਦ ਕੀਤੀ ਕਿ ਉਹ ਫ਼ਿਰਊਨ ਤੋਂ ਡਰਨ ਦੀ ਬਜਾਇ ਯਹੋਵਾਹ ਤੋਂ ਡਰੇ?

5 ਮੂਸਾ ਦੇ ਮਿਸਰ ਵਾਪਸ ਜਾਣ ਤੋਂ ਪਹਿਲਾਂ ਪਰਮੇਸ਼ੁਰ ਨੇ ਉਸ ਨੂੰ ਇਕ ਅਹਿਮ ਗੱਲ ਸਮਝਾਈ। ਬਾਅਦ ਵਿਚ ਇਹੀ ਗੱਲ ਮੂਸਾ ਨੇ ਅੱਯੂਬ ਦੀ ਕਿਤਾਬ ਵਿਚ ਲਿਖੀ: “ਪ੍ਰਭੁ [ਯਹੋਵਾਹ] ਦਾ ਭੈ, ਉਹੀ ਬੁੱਧ ਹੈ।” (ਅੱਯੂ. 28:28) ਪਰਮੇਸ਼ੁਰ ਚਾਹੁੰਦਾ ਸੀ ਕਿ ਮੂਸਾ ਉਸ ਤੋਂ ਡਰੇ ਅਤੇ ਸਹੀ ਫ਼ੈਸਲੇ ਕਰੇ, ਇਸ ਲਈ ਸਰਬਸ਼ਕਤੀਮਾਨ ਯਹੋਵਾਹ ਨੇ ਇਨਸਾਨਾਂ ਦੀ ਤੁਲਨਾ ਆਪਣੇ ਨਾਲ ਕਰਦੇ ਹੋਏ ਕਿਹਾ: “ਆਦਮੀ ਦਾ ਮੂੰਹ ਕਿਸ ਬਣਾਇਆ ਅਤੇ ਕੌਣ ਗੁੰਗਾ ਯਾ ਬੋਲਾ ਯਾ ਸੁਜਾਖਾ ਯਾ ਅੰਨ੍ਹਾ ਬਣਾਉਂਦਾ ਹੈ? ਭਲਾ, ਮੈਂ ਯਹੋਵਾਹ ਹੀ ਨਹੀਂ?”ਕੂਚ 4:11.

6 ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਮੂਸਾ ਨੂੰ ਤਾਕਤ ਬਖ਼ਸ਼ਣੀ ਸੀ ਤਾਂਕਿ ਉਹ ਦਲੇਰੀ ਨਾਲ ਪਰਮੇਸ਼ੁਰ ਦਾ ਪੈਗਾਮ ਸੁਣਾ ਸਕੇ। ਜੀ ਹਾਂ, ਯਹੋਵਾਹ ਨੇ ਮੂਸਾ ਨੂੰ ਭੇਜਿਆ ਸੀ ਜਿਸ ਕਾਰਨ ਉਸ ਨੂੰ ਡਰਨ ਦੀ ਕੋਈ ਲੋੜ ਨਹੀਂ ਸੀ। ਨਾਲੇ ਸ਼ਾਇਦ ਮੂਸਾ ਨੇ ਸੋਚ-ਵਿਚਾਰ ਕੀਤਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਸੀ ਕਿ ਮਿਸਰ ਵਿਚ ਪਰਮੇਸ਼ੁਰ ਦੇ ਲੋਕਾਂ ਦੀ ਜਾਨ ਖ਼ਤਰੇ ਵਿਚ ਸੀ। ਮਿਸਾਲ ਲਈ, ਯਹੋਵਾਹ ਨੇ ਮਿਸਰ ਦੇ ਹੋਰ ਰਾਜਿਆਂ ਤੋਂ ਅਬਰਾਹਾਮ, ਯੂਸੁਫ਼ ਅਤੇ ਇੱਥੋਂ ਤਕ ਕਿ ਮੂਸਾ ਦੀ ਵੀ ਜਾਨ ਬਚਾਈ ਸੀ। ਸੋ ਯਹੋਵਾਹ ਦੀ ਤਾਕਤ ਸਾਮ੍ਹਣੇ ਫ਼ਿਰਊਨ ਕੁਝ ਵੀ ਨਹੀਂ ਸੀ। (ਉਤ. 12:17-19; 41:14, 39-41; ਕੂਚ 1:22–2:10) ਮੂਸਾ “ਅਦਿੱਖ ਪਰਮੇਸ਼ੁਰ” ਯਹੋਵਾਹ ’ਤੇ ਨਿਹਚਾ ਰੱਖਦਿਆਂ ਬੜੀ ਦਲੇਰੀ ਨਾਲ ਫ਼ਿਰਊਨ ਦੇ ਸਾਮ੍ਹਣੇ ਗਿਆ ਅਤੇ ਉਸ ਨੇ ਯਹੋਵਾਹ ਦੇ ਪੈਗਾਮ ਦੀ ਹਰ ਗੱਲ ਉਸ ਨੂੰ ਸੁਣਾਈ।

7. ਇਕ ਭੈਣ ਯਹੋਵਾਹ ’ਤੇ ਪੱਕੀ ਨਿਹਚਾ ਰੱਖਣ ਨਾਲ ਇਨਸਾਨਾਂ ਦੇ ਡਰ ’ਤੇ ਕਿਵੇਂ ਕਾਬੂ ਪਾ ਸਕੀ?

7 ਮਿਸਾਲ ਲਈ, ਐਲਾ ਨਾਂ ਦੀ ਇਕ ਭੈਣ ਯਹੋਵਾਹ ’ਤੇ ਪੱਕੀ ਨਿਹਚਾ ਰੱਖਣ ਕਾਰਨ ਇਨਸਾਨਾਂ ਦੇ ਡਰ ’ਤੇ ਕਾਬੂ ਪਾ ਸਕੀ। ਸਾਲ 1949 ਵਿਚ ਉਸ ਨੂੰ ਰੂਸ ਦੀ ਖੁਫੀਆ ਪੁਲਸ (ਕੇ. ਜੀ. ਬੀ.) ਨੇ ਏਸਟੋਨੀਆ ਵਿਚ ਗਿਰਫ਼ਤਾਰ ਕੀਤਾ। ਪੁਲਸ ਅਫ਼ਸਰਾਂ ਨੇ ਉਸ ਦੇ ਸਾਰੇ ਕੱਪੜੇ ਲਾਹ ਦਿੱਤੇ ਅਤੇ ਉਹ ਉਸ ਵੱਲ ਅੱਖਾਂ ਪਾੜ-ਪਾੜ ਕੇ ਦੇਖਣ ਲੱਗੇ। ਉਹ ਕਹਿੰਦੀ ਹੈ: “ਮੈਂ ਖ਼ੁਦ ਨੂੰ ਬਹੁਤ ਬੇਇੱਜ਼ਤ ਮਹਿਸੂਸ ਕੀਤਾ। ਫਿਰ ਵੀ ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਨੇ ਮੈਨੂੰ ਮਨ ਦੀ ਸ਼ਾਂਤੀ ਅਤੇ ਸਕੂਨ ਬਖ਼ਸ਼ਿਆ।” ਬਾਅਦ ਵਿਚ ਐਲਾ ਨੂੰ ਤਿੰਨ ਦਿਨ ਇਕ ਕਾਲ ਕੋਠੜੀ ਵਿਚ ਰੱਖਿਆ ਗਿਆ। ਉਹ ਦੱਸਦੀ ਹੈ: “ਅਫ਼ਸਰਾਂ ਨੇ ਚੀਕ ਕੇ ਕਿਹਾ: ‘ਅਸੀਂ ਏਸਟੋਨੀਆ ਵਿੱਚੋਂ ਯਹੋਵਾਹ ਦਾ ਨਾਂ ਮਿਟਾ ਦਿਆਂਗੇ! ਤੈਨੂੰ ਅਸੀਂ [ਲੇਬਰ] ਕੈਂਪ ਵਿਚ ਭੇਜ ਰਹੇ ਹਾਂ ਅਤੇ ਦੂਜਿਆਂ ਨੂੰ ਸਾਇਬੇਰੀਆ।’ ਉਨ੍ਹਾਂ ਨੇ ਮੈਨੂੰ ਤਾਅਨਾ ਮਾਰਦਿਆਂ ਅੱਗੇ ਕਿਹਾ: ‘ਕਿੱਥੇ ਹੈ ਤੇਰਾ ਯਹੋਵਾਹ?’” ਕੀ ਐਲਾ ਇਨਸਾਨਾਂ ਤੋਂ ਡਰੀ ਜਾਂ ਉਸ ਨੇ  ਯਹੋਵਾਹ ’ਤੇ ਭਰੋਸਾ ਰੱਖਿਆ? ਜਦ ਉਸ ਤੋਂ ਪੁੱਛ-ਗਿੱਛ ਕੀਤੀ ਗਈ, ਤਾਂ ਉਸ ਨੇ ਬੜੀ ਬਹਾਦਰੀ ਨਾਲ ਆਪਣੇ ਵਿਰੋਧੀਆਂ ਨੂੰ ਕਿਹਾ: “ਇਸ ਮਸਲੇ ਬਾਰੇ ਕਾਫ਼ੀ ਸੋਚਣ ਤੋਂ ਬਾਅਦ ਮੈਂ ਇਸ ਨਤੀਜੇ ’ਤੇ ਪਹੁੰਚੀ ਹਾਂ ਕਿ ਪਰਮੇਸ਼ੁਰ ਨਾਲ ਮੇਰਾ ਰਿਸ਼ਤਾ ਮੇਰੀ ਆਜ਼ਾਦੀ ਤੋਂ ਕਿਤੇ ਜ਼ਿਆਦਾ ਕੀਮਤੀ ਹੈ। ਮੈਂ ਜੇਲ੍ਹ ਤੋਂ ਰਿਹਾ ਹੋਣ ਦੀ ਖ਼ਾਤਰ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਨਹੀਂ ਤੋੜਨਾ ਚਾਹੁੰਦੀ।” ਜਿੱਦਾਂ ਐਲਾ ਆਪਣੇ ਸਾਮ੍ਹਣੇ ਖੜ੍ਹੇ ਆਦਮੀਆਂ ਨੂੰ ਦੇਖ ਸਕਦੀ ਸੀ, ਉੱਦਾਂ ਹੀ ਉਹ ਨਿਹਚਾ ਨਾਲ ਅਦਿੱਖ ਪਰਮੇਸ਼ੁਰ ਯਹੋਵਾਹ ਨੂੰ ਦੇਖ ਸਕਦੀ ਸੀ। ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹੀ ਕਿਉਂਕਿ ਉਸ ਨੂੰ ਪਰਮੇਸ਼ੁਰ ’ਤੇ ਪੂਰੀ ਨਿਹਚਾ ਸੀ।

8, 9. (ੳ) ਇਨਸਾਨਾਂ ਦੇ ਡਰ ’ਤੇ ਕਾਬੂ ਪਾਉਣ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ? (ਅ) ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਨਸਾਨਾਂ ਦੇ ਡਰ ਸਾਮ੍ਹਣੇ ਨਾ ਝੁੱਕੋ, ਤਾਂ ਤੁਹਾਨੂੰ ਆਪਣਾ ਧਿਆਨ ਕਿਸ ਉੱਤੇ ਲਾਉਣਾ ਚਾਹੀਦਾ ਹੈ?

8 ਯਹੋਵਾਹ ’ਤੇ ਨਿਹਚਾ ਰੱਖਣ ਨਾਲ ਤੁਸੀਂ ਆਪਣੇ ਮਨ ਦੇ ਡਰ ਉੱਤੇ ਕਾਬੂ ਪਾ ਸਕਦੇ ਹੋ। ਜੇ ਸਰਕਾਰਾਂ ਤੁਹਾਨੂੰ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਰੋਕਦੀਆਂ ਹਨ, ਤਾਂ ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਿੰਦਗੀ ਅਤੇ ਤੁਹਾਡਾ ਭਵਿੱਖ ਉਨ੍ਹਾਂ ਦੇ ਹੱਥਾਂ ਵਿਚ ਹੈ। ਤੁਸੀਂ ਸ਼ਾਇਦ ਖ਼ੁਦ ਨੂੰ ਪੁੱਛੋ: ‘ਕੀ ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਅਧਿਕਾਰੀਆਂ ਨੂੰ ਗੁੱਸੇ ਕਰਨਾ ਅਕਲਮੰਦੀ ਦੀ ਗੱਲ ਹੋਵੇਗੀ?’ ਯਾਦ ਰੱਖੋ ਕਿ ਯਹੋਵਾਹ ’ਤੇ ਨਿਹਚਾ ਕਰ ਕੇ ਹੀ ਤੁਸੀਂ ਇਨਸਾਨਾਂ ਦੇ ਡਰ ਉੱਤੇ ਕਾਬੂ ਪਾ ਸਕਦੇ ਹੋ। (ਕਹਾਉਤਾਂ 29:25 ਪੜ੍ਹੋ।) ਯਹੋਵਾਹ ਸਾਨੂੰ ਪੁੱਛਦਾ ਹੈ: ‘ਤੂੰ ਕਿਉਂ ਮਰਨਹਾਰ ਮਨੁੱਖ ਤੋਂ ਡਰੇਂ, ਅਤੇ ਆਦਮ ਵੰਸ ਤੋਂ, ਜਿਹੜਾ ਘਾਹ ਵਾਂਙੁ ਹੋ ਜਾਵੇਗਾ?’ਯਸਾ. 51:12, 13.

9 ਇਸ ਲਈ ਆਪਣਾ ਧਿਆਨ ਆਪਣੇ ਸਰਬਸ਼ਕਤੀਮਾਨ ਪਿਤਾ ’ਤੇ ਲਾਓ। ਯਹੋਵਾਹ ਬੇਇਨਸਾਫ਼ੀ ਸਹਿ ਰਹੇ ਲੋਕਾਂ ਨੂੰ ਦੇਖਦਾ ਹੈ। ਉਹ ਉਨ੍ਹਾਂ ਦਾ ਦੁੱਖ ਆਪਣੇ ਦਿਲ ਵਿਚ ਮਹਿਸੂਸ ਕਰਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਕਦਮ ਚੁੱਕਦਾ ਹੈ। (ਕੂਚ 3:7-10) ਜੇ ਤੁਹਾਨੂੰ ਤਾਕਤਵਰ ਅਧਿਕਾਰੀਆਂ ਸਾਮ੍ਹਣੇ ਆਪਣੀ ਨਿਹਚਾ ਕਰਕੇ ਗਵਾਹੀ ਦੇਣੀ ਪਵੇ, ਤਾਂ ਤੁਸੀਂ “ਚਿੰਤਾ ਨਾ ਕਰਿਓ ਕਿ ਤੁਸੀਂ ਕਿਵੇਂ ਗੱਲ ਕਰਨੀ ਹੈ ਜਾਂ ਕੀ ਕਹਿਣਾ ਹੈ; ਤੁਸੀਂ ਜੋ ਕਹਿਣਾ ਹੈ ਉਹ ਤੁਹਾਨੂੰ ਉਸੇ ਵੇਲੇ ਦੱਸਿਆ ਜਾਵੇਗਾ।” (ਮੱਤੀ 10:18-20) ਯਹੋਵਾਹ ਦੇ ਸਾਮ੍ਹਣੇ ਇਨਸਾਨਾਂ ਅਤੇ ਸਰਕਾਰਾਂ ਦੀ ਕੋਈ ਹੈਸੀਅਤ ਨਹੀਂ। ਅੱਜ ਆਪਣੀ ਨਿਹਚਾ ਮਜ਼ਬੂਤ ਕਰ ਕੇ ਤੁਸੀਂ ਅਦਿੱਖ ਪਰਮੇਸ਼ੁਰ ਯਹੋਵਾਹ ਨੂੰ ਦੇਖ ਸਕਦੇ ਹੋ ਜੋ ਤੁਹਾਡੀ ਮਦਦ ਕਰਨ ਲਈ ਹਰ ਪਲ ਤਿਆਰ ਹੈ।

ਉਸ ਨੇ ਪਰਮੇਸ਼ੁਰ ਦੇ ਵਾਅਦਿਆਂ ’ਤੇ ਨਿਹਚਾ ਕੀਤੀ

10. (ੳ) ਸਾਲ 1513 ਈਸਵੀ ਪੂਰਵ ਵਿਚ ਨੀਸਾਨ ਦੇ ਮਹੀਨੇ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕੀ ਹਿਦਾਇਤਾਂ ਦਿੱਤੀਆਂ? (ਅ) ਮੂਸਾ ਨੇ ਪਰਮੇਸ਼ੁਰ ਦੀਆਂ ਹਿਦਾਇਤਾਂ ਕਿਉਂ ਮੰਨੀਆਂ?

10 ਸਾਲ 1513 ਈਸਵੀ ਪੂਰਵ ਵਿਚ ਨੀਸਾਨ ਦੇ ਮਹੀਨੇ ਯਹੋਵਾਹ ਨੇ ਇਜ਼ਰਾਈਲੀਆਂ ਵਾਸਤੇ ਮੂਸਾ ਅਤੇ ਹਾਰੂਨ ਨੂੰ ਅਜੀਬ ਹਿਦਾਇਤਾਂ ਦਿੱਤੀਆਂ। ਇਜ਼ਰਾਈਲੀਆਂ ਨੂੰ ਇਹ ਕਿਹਾ ਗਿਆ ਕਿ ਉਹ ਇਕ ਤੰਦਰੁਸਤ ਲੇਲਾ ਜਾਂ ਮੇਮਣਾ ਲੈ ਕੇ ਵੱਢਣ ਅਤੇ ਉਸ ਦਾ ਖ਼ੂਨ ਦਰਵਾਜ਼ਿਆਂ ਦੀਆਂ ਚੁਗਾਠਾਂ ’ਤੇ ਲਾਉਣ। (ਕੂਚ 12:3-7) ਕੀ ਮੂਸਾ ਨੇ ਇਹ ਗੱਲ ਮੰਨੀ? ਬਿਲਕੁਲ, ਪੌਲੁਸ ਰਸੂਲ ਨੇ ਬਾਅਦ ਵਿਚ ਮੂਸਾ ਬਾਰੇ ਲਿਖਿਆ: “ਨਿਹਚਾ ਨਾਲ ਉਸ ਨੇ ਪਸਾਹ ਦਾ ਤਿਉਹਾਰ ਮਨਾਇਆ ਅਤੇ ਦਰਵਾਜ਼ੇ ਦੀਆਂ ਚੁਗਾਠਾਂ ’ਤੇ ਲਹੂ ਲਾਇਆ, ਤਾਂਕਿ ਪਰਮੇਸ਼ੁਰ ਦਾ ਦੂਤ ਉਨ੍ਹਾਂ ਦੇ ਜੇਠੇ ਬੱਚਿਆਂ ਨੂੰ ਨਾ ਮਾਰੇ।” (ਇਬ. 11:28) ਮੂਸਾ ਜਾਣਦਾ ਸੀ ਕਿ ਯਹੋਵਾਹ ਦੀ ਕਹੀ ਹਰ ਗੱਲ ਪੂਰੀ ਹੁੰਦੀ ਹੈ। ਇਸ ਲਈ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਯਹੋਵਾਹ ਆਪਣੇ ਵਾਅਦੇ ਮੁਤਾਬਕ ਮਿਸਰ ਦੇ ਸਾਰੇ ਜੇਠੇ ਮੁੰਡਿਆਂ ਨੂੰ ਮਾਰ ਮੁਕਾਵੇਗਾ।

11. ਮੂਸਾ ਨੇ ਇਜ਼ਰਾਈਲੀਆਂ ਨੂੰ ਚੇਤਾਵਨੀ ਕਿਉਂ ਦਿੱਤੀ?

11 ਮੂਸਾ ਲੋਕਾਂ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਉਨ੍ਹਾਂ ਦੀਆਂ ਜਾਨਾਂ ਦਾ ਬੜਾ ਫ਼ਿਕਰ ਸੀ। ਹਾਲਾਂਕਿ ਮੂਸਾ ਦੇ ਆਪਣੇ ਬੇਟੇ ਦੂਰ ਮਿਦਯਾਨ ਵਿਚ ਸਹੀ-ਸਲਾਮਤ ਸਨ, ਪਰ ਉਸ ਨੇ ਪਰਮੇਸ਼ੁਰ ਦਾ ਕਹਿਣਾ ਮੰਨਦੇ ਹੋਏ ਦੂਜੇ ਇਜ਼ਰਾਈਲੀ ਪਰਿਵਾਰਾਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੇ ਜੇਠੇ ਬੇਟਿਆਂ ਦੀਆਂ ਜਾਨਾਂ ਖ਼ਤਰੇ ਵਿਚ ਸਨ। (ਕੂਚ 18:1-6) ‘ਪਰਮੇਸ਼ੁਰ ਦੇ ਦੂਤ’ ਤੋਂ ਉਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਮੂਸਾ ਨੇ ਛੇਤੀ ਨਾਲ ‘ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਬੁਲਵਾ ਕੇ ਆਖਿਆ, ਲੇਲਿਆਂ ਨੂੰ ਪਸਾਹ ਲਈ ਕੱਟੋ।’ਕੂਚ 12:21. *

12. ਯਹੋਵਾਹ ਨੇ ਸਾਨੂੰ ਕਿਹੜਾ ਜ਼ਰੂਰੀ ਪੈਗਾਮ ਦੇਣ ਦਾ ਹੁਕਮ ਦਿੱਤਾ ਹੈ?

12 ਅੱਜ ਦੂਤਾਂ ਦੀ ਅਗਵਾਈ ਅਧੀਨ ਯਹੋਵਾਹ ਦੇ ਲੋਕ ਇਸ ਜ਼ਰੂਰੀ ਪੈਗਾਮ ਦਾ ਐਲਾਨ ਕਰ ਰਹੇ ਹਨ: “ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀ ਮਹਿਮਾ ਕਰੋ ਕਿਉਂਕਿ ਉਸ ਦੁਆਰਾ ਨਿਆਂ ਕਰਨ ਦਾ ਸਮਾਂ ਆ ਗਿਆ ਹੈ, ਇਸ ਲਈ ਉਸ ਦੀ ਭਗਤੀ ਕਰੋ ਜਿਸ ਨੇ ਆਕਾਸ਼, ਧਰਤੀ, ਸਮੁੰਦਰ ਅਤੇ ਪਾਣੀ ਦੇ ਸੋਮਿਆਂ ਨੂੰ ਬਣਾਇਆ ਹੈ।” (ਪ੍ਰਕਾ. 14:7) ਇਸ ਸੰਦੇਸ਼ ਦਾ ਐਲਾਨ ਕਰਨ ਦਾ ਹੁਣ ਹੀ ਸਮਾਂ ਹੈ। ਸਾਨੂੰ ਆਪਣੇ ਗੁਆਂਢੀਆਂ ਨੂੰ ਖ਼ਬਰਦਾਰ ਕਰਨਾ ਚਾਹੀਦਾ ਹੈ ਕਿ ਉਹ ਮਹਾਂ ਬਾਬਲ ਤੋਂ ਨਿਕਲ ਆਉਣ ਤਾਂਕਿ ‘ਉਸ ਉੱਤੇ ਆਉਣ  ਵਾਲੀਆਂ ਆਫ਼ਤਾਂ ਉਨ੍ਹਾਂ ਉੱਤੇ ਨਾ ਆਉਣ।’ (ਪ੍ਰਕਾ. 18:4) ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ “ਹੋਰ ਭੇਡਾਂ” ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਲੋਕਾਂ ਨੂੰ ਬੇਨਤੀ ਕਰਦੀਆਂ ਹਨ ਕਿ ਉਹ ‘ਪਰਮੇਸ਼ੁਰ ਨਾਲ ਸੁਲ੍ਹਾ ਕਰ ਲੈਣ।’ਯੂਹੰ. 10:16; 2 ਕੁਰਿੰ. 5:20.

ਯਹੋਵਾਹ ਦੇ ਵਾਅਦਿਆਂ ’ਤੇ ਪੂਰੀ ਨਿਹਚਾ ਰੱਖਣ ਨਾਲ ਪ੍ਰਚਾਰ ਕਰਨ ਦੀ ਤੁਹਾਡੀ ਤਮੰਨਾ ਵਧੇਗੀ (ਪੈਰਾ 13 ਦੇਖੋ)

13. ਪ੍ਰਚਾਰ ਕਰਨ ਦੀ ਸਾਡੀ ਤਮੰਨਾ ਕਿਵੇਂ ਵਧੇਗੀ?

13 ਸਾਨੂੰ ਪੂਰਾ ਯਕੀਨ ਹੈ ਕਿ “ਨਿਆਂ ਕਰਨ ਦਾ ਸਮਾਂ ਆ ਗਿਆ ਹੈ।” ਸਾਨੂੰ ਇਹ ਵੀ ਭਰੋਸਾ ਹੈ ਕਿ ਯਹੋਵਾਹ ਦੇ ਹੁਕਮ ਮੁਤਾਬਕ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਕ ਦਰਸ਼ਣ ਵਿਚ ਯੂਹੰਨਾ ਰਸੂਲ ਨੇ “ਧਰਤੀ ਦੇ ਚਾਰਾਂ ਖੂੰਜਿਆਂ ’ਤੇ ਚਾਰ ਦੂਤ ਖੜ੍ਹੇ ਦੇਖੇ ਜਿਨ੍ਹਾਂ ਨੇ ਧਰਤੀ ਦੀਆਂ ਚਾਰੇ ਹਵਾਵਾਂ ਨੂੰ ਮਜ਼ਬੂਤੀ ਨਾਲ ਫੜ ਕੇ ਰੋਕ ਰੱਖਿਆ ਸੀ।” (ਪ੍ਰਕਾ. 7:1) ਕੀ ਤੁਸੀਂ ਨਿਹਚਾ ਨਾਲ ਦੇਖ ਸਕਦੇ ਹੋ ਕਿ ਇਹ ਦੂਤ ਇਸ ਦੁਨੀਆਂ ’ਤੇ ਆਉਣ ਵਾਲੇ ਮਹਾਂ ਕਸ਼ਟ ਦੀਆਂ ਵਿਨਾਸ਼ਕਾਰੀ ਹਵਾਵਾਂ ਨੂੰ ਛੱਡਣ ਵਾਲੇ ਹਨ? ਜੇ ਤੁਸੀਂ ਇਨ੍ਹਾਂ ਦੂਤਾਂ ਨੂੰ ਦੇਖਦੇ ਹੋ, ਤਾਂ ਤੁਸੀਂ ਦਲੇਰੀ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕੋਗੇ।

14. ਅਸੀਂ ਦੁਸ਼ਟ ਲੋਕਾਂ ਨੂੰ ਬੁਰੇ ਕੰਮਾਂ ਤੋਂ ਮੁੜਨ ਲਈ ਖ਼ਬਰਦਾਰ ਕਿਉਂ ਕਰਦੇ ਹਾਂ?

14 ਅਸੀਂ ਬਹੁਤ ਖ਼ੁਸ਼ ਹਾਂ ਕਿ ਸਾਡੀ ਯਹੋਵਾਹ ਨਾਲ ਦੋਸਤੀ ਹੈ ਅਤੇ ਸਾਡੇ ਕੋਲ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਹੈ। ਪਰ ਅਸੀਂ ਸਮਝਦੇ ਹਾਂ ਕਿ ਦੁਸ਼ਟ ਲੋਕਾਂ ਨੂੰ ਚੇਤਾਵਨੀ ਦੇਣੀ ਸਾਡੀ ਜ਼ਿੰਮੇਵਾਰੀ ਹੈ ਕਿ ਉਹ ਬੁਰੇ ਕੰਮਾਂ ਤੋਂ ਮੁੜਨ ਤਾਂਕਿ ਉਹ ਜੀਉਂਦੇ ਰਹਿ ਸਕਣ। (ਹਿਜ਼ਕੀਏਲ 3:17-19 ਪੜ੍ਹੋ।) ਅਸੀਂ ਲੋਕਾਂ ਦੇ ਖ਼ੂਨ ਦੇ ਇਲਜ਼ਾਮ ਤੋਂ ਬਚਣ ਲਈ ਹੀ ਨਹੀਂ, ਸਗੋਂ ਯਹੋਵਾਹ ਅਤੇ ਆਪਣੇ ਗੁਆਂਢੀ ਨਾਲ ਪਿਆਰ ਕਾਰਨ ਵੀ ਪ੍ਰਚਾਰ ਕਰਦੇ ਹਾਂ। ਯਿਸੂ ਨੇ ਸਾਮਰੀ ਬੰਦੇ ਦੀ ਕਹਾਣੀ ਰਾਹੀਂ ਸਿਖਾਇਆ ਕਿ ਪਿਆਰ ਅਤੇ ਦਇਆ ਕਰਨ ਦਾ ਸਹੀ ਮਤਲਬ ਕੀ ਹੈ। ਸੋ ਖ਼ੁਦ ਨੂੰ ਪੁੱਛੋ: ‘ਕੀ ਮੈਂ ਉਸ ਸਾਮਰੀ ਵਰਗਾ ਹਾਂ ਜਾਂ ਉਸ ਪੁਜਾਰੀ ਅਤੇ ਲੇਵੀ ਵਰਗਾ? ਕੀ ਮੈਂ ਲੋਕਾਂ ’ਤੇ ਤਰਸ ਖਾ ਕੇ ਹਮੇਸ਼ਾ ਗਵਾਹੀ ਦੇਣ ਲਈ ਤਿਆਰ ਰਹਿੰਦਾ ਹਾਂ ਜਾਂ ਕੀ ਮੈਂ ਦੂਜਿਆਂ ਨੂੰ ਪ੍ਰਚਾਰ ਨਾ ਕਰਨ ਦੇ ਬਹਾਨੇ ਬਣਾਉਂਦਾ ਹਾਂ?’ (ਲੂਕਾ 10:25-37) ਜੇ ਸਾਨੂੰ ਪਰਮੇਸ਼ੁਰ ਦੇ ਵਾਅਦਿਆਂ ’ਤੇ ਨਿਹਚਾ ਹੈ ਅਤੇ ਅਸੀਂ ਆਪਣੇ ਗੁਆਂਢੀਆਂ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਅੰਤ ਆਉਣ ਤੋਂ ਪਹਿਲਾਂ ਆਪਣੀ ਪੂਰੀ ਵਾਹ ਲਾ ਕੇ ਪ੍ਰਚਾਰ ਕਰਾਂਗੇ।

 ‘ਉਹ ਲਾਲ ਸਮੁੰਦਰ ਵਿੱਚੋਂ ਦੀ ਲੰਘੇ’

15. ਇਜ਼ਰਾਈਲੀਆਂ ਨੂੰ ਕਿਉਂ ਲੱਗਿਆ ਕਿ ਉਨ੍ਹਾਂ ਸਾਮ੍ਹਣੇ ਬਚਣ ਦਾ ਕੋਈ ਰਸਤਾ ਨਹੀਂ ਸੀ?

15 ਮਿਸਰ ਛੱਡਣ ਤੋਂ ਬਾਅਦ ਜਦ ਇਜ਼ਰਾਈਲੀਆਂ ਦੀ ਜਾਨ ਖ਼ਤਰੇ ਵਿਚ ਸੀ, ਤਾਂ ਉਹ ਬਹੁਤ ਡਰ ਗਏ ਸਨ। ਪਰ “ਅਦਿੱਖ ਪਰਮੇਸ਼ੁਰ” ਵਿਚ ਨਿਹਚਾ ਨੇ ਮੂਸਾ ਦੀ ਮਦਦ ਕੀਤੀ। ਬਾਈਬਲ ਦੱਸਦੀ ਹੈ: “ਇਸਰਾਏਲੀਆਂ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਵੇਖੋ ਮਿਸਰੀ ਉਨ੍ਹਾਂ ਦੇ ਪਿੱਛੇ ਪਿੱਛੇ ਆ ਰਹੇ ਸਨ ਤਾਂ ਓਹ ਬਹੁਤ ਹੀ ਡਰੇ ਅਰ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਤਰਲੇ ਕੀਤੇ।” (ਕੂਚ 14:10-12) ਖ਼ੁਦ ਨੂੰ ਇਸ ਹਾਲਤ ਵਿਚ ਦੇਖ ਕੇ ਕੀ ਇਜ਼ਰਾਈਲੀਆਂ ਨੂੰ ਹੈਰਾਨ ਹੋਣਾ ਚਾਹੀਦਾ ਸੀ? ਬਿਲਕੁਲ ਨਹੀਂ। ਯਹੋਵਾਹ ਨੇ ਪਹਿਲਾਂ ਤੋਂ ਹੀ ਦੱਸਿਆ ਸੀ: “ਮੈਂ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ ਅਰ ਉਹ ਉਨ੍ਹਾਂ ਦਾ ਪਿੱਛਾ ਕਰੇਗਾ ਅਤੇ ਮੈਂ ਫਿਰਊਨ ਅਤੇ ਉਸ ਦੀ ਸਾਰੀ ਫੌਜ ਤੋਂ ਆਦਰ ਪਾਵਾਂਗਾ ਤਾਂ ਜੋ ਮਿਸਰੀ ਜਾਣਨ ਕਿ ਮੈਂ ਯਹੋਵਾਹ ਹਾਂ।” (ਕੂਚ 14:4) ਯਹੋਵਾਹ ਦੀ ਇਸ ਚੇਤਾਵਨੀ ਦੇ ਬਾਵਜੂਦ ਇਜ਼ਰਾਈਲੀਆਂ ਨੇ ਨਿਹਚਾ ਨਹੀਂ ਕੀਤੀ। ਉਨ੍ਹਾਂ ਨੂੰ ਆਪਣੇ ਸਾਮ੍ਹਣੇ ਸਿਰਫ਼ ਲਾਲ ਸਮੁੰਦਰ, ਉਨ੍ਹਾਂ ਦਾ ਤੇਜ਼ੀ ਨਾਲ ਪਿੱਛਾ ਕਰਦੇ ਹੋਏ ਫ਼ਿਰਊਨ ਦੇ ਫ਼ੌਜੀਆਂ ਦੇ ਰਥ ਅਤੇ ਉਨ੍ਹਾਂ ਦੀ ਅਗਵਾਈ ਕਰ ਰਿਹਾ 80 ਸਾਲਾਂ ਦਾ ਬੁੱਢਾ ਚਰਵਾਹਾ ਨਜ਼ਰ ਆਇਆ! ਉਨ੍ਹਾਂ ਨੂੰ ਲੱਗਿਆ ਕਿ ਹੁਣ ਉਨ੍ਹਾਂ ਸਾਮ੍ਹਣੇ ਬਚਣ ਦਾ ਕੋਈ ਰਸਤਾ ਨਹੀਂ ਸੀ।

16. ਨਿਹਚਾ ਦੇ ਗੁਣ ਨੇ ਮੂਸਾ ਦੀ ਕਿਵੇਂ ਮਦਦ ਕੀਤੀ?

16 ਫਿਰ ਵੀ ਮੂਸਾ ਡਾਵਾਂ-ਡੋਲ ਨਹੀਂ ਹੋਇਆ। ਕਿਉਂ? ਕਿਉਂਕਿ ਉਸ ਨੇ ਨਿਹਚਾ ਨਾਲ ਸਿਰਫ਼ ਇਕ ਫ਼ੌਜ ਜਾਂ ਸਮੁੰਦਰ ਨਹੀਂ, ਸਗੋਂ “ਯਹੋਵਾਹ ਦੇ ਬਚਾਉ” ਨੂੰ ਦੇਖਿਆ। ਉਹ ਜਾਣਦਾ ਸੀ ਕਿ ਯਹੋਵਾਹ ਇਜ਼ਰਾਈਲੀਆਂ ਵੱਲੋਂ ਮਿਸਰੀਆਂ ਨਾਲ ਲੜੇਗਾ। (ਕੂਚ 14:13, 14 ਪੜ੍ਹੋ।) ਮੂਸਾ ਦੀ ਨਿਹਚਾ ਨੇ ਪਰਮੇਸ਼ੁਰ ਦੇ ਲੋਕਾਂ ਦੇ ਹੌਸਲੇ ਬੁਲੰਦ ਕੀਤੇ। ਬਾਈਬਲ ਕਹਿੰਦੀ ਹੈ: “ਨਿਹਚਾ ਨਾਲ ਇਜ਼ਰਾਈਲੀ ਲਾਲ ਸਮੁੰਦਰ ਵਿੱਚੋਂ ਦੀ ਇੱਦਾਂ ਲੰਘੇ ਜਿਵੇਂ ਸੁੱਕੀ ਜ਼ਮੀਨ ਉੱਤੇ ਤੁਰ ਰਹੇ ਹੋਣ, ਪਰ ਜਦੋਂ ਮਿਸਰੀਆਂ ਨੇ ਲੰਘਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਡੁੱਬ ਕੇ ਮਰ ਗਏ।” (ਇਬ. 11:29) ਇਸ ਤੋਂ ਬਾਅਦ “ਲੋਕ ਯਹੋਵਾਹ ਕੋਲੋਂ ਡਰ ਗਏ ਅਰ ਉਨ੍ਹਾਂ ਨੇ ਯਹੋਵਾਹ ਉੱਤੇ ਅਤੇ ਉਸ ਦੇ ਦਾਸ ਮੂਸਾ ਉੱਤੇ ਪਰਤੀਤ ਕੀਤੀ।”ਕੂਚ 14:31.

17. ਭਵਿੱਖ ਵਿਚ ਕਿਹੜੀ ਘਟਨਾ ਸਾਡੀ ਨਿਹਚਾ ਨੂੰ ਪਰਖੇਗੀ?

17 ਬਹੁਤ ਜਲਦ ਸਾਨੂੰ ਲੱਗੇਗਾ ਕਿ ਸਾਡੀਆਂ ਜਾਨਾਂ ਖ਼ਤਰੇ ਵਿਚ ਹਨ। ਆਰਮਾਗੇਡਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੁਨੀਆਂ ਦੀਆਂ ਸਰਕਾਰਾਂ ਵੱਡੀਆਂ-ਵੱਡੀਆਂ ਧਾਰਮਿਕ ਸੰਸਥਾਵਾਂ ਨੂੰ ਤਬਾਹ ਕਰ ਦੇਣਗੀਆਂ ਜਿਨ੍ਹਾਂ ਦੇ ਮੁਕਾਬਲੇ ਯਹੋਵਾਹ ਦੇ ਸੇਵਕ ਤਾਂ ਥੋੜ੍ਹੇ ਜਿਹੇ ਹੀ ਹਨ। (ਪ੍ਰਕਾ. 17:16) ਯਹੋਵਾਹ ਨੇ ਪਹਿਲਾਂ ਹੀ ਦੱਸਿਆ ਹੈ ਕਿ ਸਾਡੀ ਹਾਲਤ ਉਸ ਬੇਸਹਾਰਾ ਸ਼ਹਿਰ ਵਰਗੀ ਹੋਵੇਗੀ ‘ਜੋ ਬਿਨਾਂ ਕੰਧਾਂ, ਖਾਈਆਂ ਅਤੇ ਦਰਵਾਜ਼ਿਆਂ’ ਦੇ ਵੱਸਦਾ ਹੈ। (ਹਿਜ਼. 38:10-12, 14-16) ਜੋ ਨਿਹਚਾ ਨਾਲ ਯਹੋਵਾਹ ਨੂੰ ਨਹੀਂ ਦੇਖਦੇ, ਉਹ ਸ਼ਾਇਦ ਸੋਚਣਗੇ ਕਿ ਹੁਣ ਸਾਡੇ ਬਚਣ ਦੀ ਕੋਈ ਉਮੀਦ ਨਹੀਂ। ਪਰ ਉਸ ਵੇਲੇ ਤੁਸੀਂ ਕੀ ਕਰੋਗੇ?

18. ਸਮਝਾਓ ਕਿ ਅਸੀਂ ਮਹਾਂ ਕਸ਼ਟ ਦੌਰਾਨ ਆਪਣੀ ਵਫ਼ਾਦਾਰੀ ਕਿਵੇਂ ਬਣਾਈ ਰੱਖ ਸਕਦੇ ਹਾਂ।

18 ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੋਵੇਗੀ। ਕਿਉਂ? ਕਿਉਂਕਿ ਯਹੋਵਾਹ ਨੇ ਆਪਣੇ ਲੋਕਾਂ ’ਤੇ ਹੋਣ ਵਾਲੇ ਹਮਲੇ ਬਾਰੇ ਪਹਿਲਾਂ ਹੀ ਦੱਸਿਆ ਹੈ। ਉਸ ਨੇ ਇਹ ਵੀ ਦੱਸਿਆ ਹੈ ਕਿ ਇਸ ਹਮਲੇ ਦਾ ਨਤੀਜਾ ਕੀ ਨਿਕਲੇਗਾ। “ਉਸ ਦਿਨ ਐਉਂ ਹੋਵੇਗਾ ਕਿ ਜਦੋਂ ਗੋਗ ਇਸਰਾਏਲ ਦੀ ਭੂਮੀ ਉੱਤੇ ਚੜ੍ਹਾਈ ਕਰੇਗਾ ਤਾਂ ਮੇਰਾ ਗੁੱਸਾ ਜ਼ੋਰ ਨਾਲ ਚੜ੍ਹੇਗਾ, ਪ੍ਰਭੁ ਯਹੋਵਾਹ ਦਾ ਵਾਕ ਹੈ। ਕਿਉਂ ਜੋ ਮੈਂ ਆਪਣੀ ਅਣਖ ਅਤੇ ਕਹਿਰ ਦੀ ਅੱਗ ਵਿੱਚ ਬੋਲਿਆ ਹਾਂ।” (ਹਿਜ਼. 38:18-23) ਸੋ ਯਹੋਵਾਹ ਉਨ੍ਹਾਂ ਸਾਰਿਆਂ ਨੂੰ ਮਿੱਟੀ ਵਿਚ ਮਿਲਾ ਦੇਵੇਗਾ ਜੋ ਉਸ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ। ਜੇ ਤੁਹਾਨੂੰ ਪੂਰੀ ਨਿਹਚਾ ਹੈ ਕਿ ਤੁਸੀਂ “ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ” ਵਿੱਚੋਂ ਬਚਾਏ ਜਾਓਗੇ, ਤਾਂ ਤੁਸੀਂ ਆਪਣੀਆਂ ਅੱਖਾਂ ਨਾਲ “ਯਹੋਵਾਹ ਦੇ ਬਚਾਉ” ਨੂੰ ਦੇਖ ਸਕੋਗੇ ਅਤੇ ਤੁਸੀਂ ਆਪਣੀ ਵਫ਼ਾਦਾਰੀ ਬਣਾਈ ਰੱਖ ਸਕੋਗੇ।ਯੋਏ. 2:31, 32.

19. (ੳ) ਯਹੋਵਾਹ ਅਤੇ ਮੂਸਾ ਦਾ ਆਪਸੀ ਰਿਸ਼ਤਾ ਕਿੰਨਾ ਗਹਿਰਾ ਸੀ? (ਅ) ਜੇ ਤੁਸੀਂ ਆਪਣੇ ਸਾਰਿਆਂ ਰਾਹਾਂ ਵਿਚ ਯਹੋਵਾਹ ਦਾ ਕਹਿਣਾ ਮੰਨੋਗੇ, ਤਾਂ ਤੁਹਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

19 ਇਸ ਲਈ ਹੁਣ ਤੋਂ ਹੀ ‘ਅਦਿੱਖ ਪਰਮੇਸ਼ੁਰ ਨੂੰ ਦੇਖਦੇ ਹੋਏ ਆਪਣੀ ਨਿਹਚਾ ਪੱਕੀ’ ਕਰਦੇ ਜਾਓ। ਇੱਦਾਂ ਤੁਸੀਂ ਆਉਣ ਵਾਲੇ ਸਮੇਂ ਵਿਚ ਹੋਣ ਵਾਲੀਆਂ ਦਿਲਚਸਪ ਘਟਨਾਵਾਂ ਲਈ ਤਿਆਰ ਹੋ ਸਕੋਗੇ। ਲਗਾਤਾਰ ਸਟੱਡੀ ਕਰ ਕੇ ਅਤੇ ਪ੍ਰਾਰਥਨਾ ਦੇ ਜ਼ਰੀਏ ਯਹੋਵਾਹ ਪਰਮੇਸ਼ੁਰ ਨਾਲ ਆਪਣੀ ਦੋਸਤੀ ਗੂੜ੍ਹੀ ਕਰਦੇ ਜਾਓ। ਮੂਸਾ ਦਾ ਯਹੋਵਾਹ ਨਾਲ ਇੰਨਾ ਕਰੀਬੀ ਰਿਸ਼ਤਾ ਸੀ ਕਿ ਪਰਮੇਸ਼ੁਰ ਨੇ ਉਸ ਕੋਲੋਂ ਵੱਡੇ-ਵੱਡੇ ਕੰਮ ਕਰਵਾਏ ਅਤੇ ਯਹੋਵਾਹ ਉਸ ਨੂੰ “ਮੂੰਹ ਦਰ ਮੂੰਹ ਜਾਣਦਾ ਸੀ।” (ਬਿਵ. 34:10) ਜੀ ਹਾਂ, ਮੂਸਾ ਇਕ ਖ਼ਾਸ ਨਬੀ ਸੀ। ਪਰ ਨਿਹਚਾ ਕਾਰਨ ਤੁਹਾਡਾ ਵੀ ਯਹੋਵਾਹ ਨਾਲ ਇੰਨਾ ਗਹਿਰਾ ਰਿਸ਼ਤਾ ਹੋ ਸਕਦਾ ਹੈ ਕਿ ਮਾਨੋ ਤੁਸੀਂ ਯਹੋਵਾਹ ਨੂੰ ਦੇਖ ਸਕਦੇ ਹੋ। ਪਰਮੇਸ਼ੁਰ ਦਾ ਬਚਨ ਤੁਹਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਤੁਸੀਂ “ਆਪਣੇ ਸਾਰਿਆਂ ਰਾਹਾਂ ਵਿੱਚ” ਉਸ ਦਾ ਕਹਿਣਾ ਮੰਨੋ। ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ‘ਉਹ ਤੁਹਾਡੇ ਮਾਰਗਾਂ ਨੂੰ ਸਿੱਧਾ ਕਰੇਗਾ।’ਕਹਾ. 3:6.

^ ਪੇਰਗ੍ਰੈਫ 11 ਲੱਗਦਾ ਹੈ ਕਿ ਯਹੋਵਾਹ ਨੇ ਮਿਸਰੀਆਂ ਦੇ ਜੇਠੇ ਬੇਟਿਆਂ ਨੂੰ ਮਾਰਨ ਲਈ ਦੂਤਾਂ ਨੂੰ ਘੱਲਿਆ ਸੀ।ਜ਼ਬੂ. 78:49-51.