Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਬਾਈਬਲ ਦੇ ਜ਼ਮਾਨੇ ਵਿਚ ਜਦ ਇਕ ਵਿਅਕਤੀ ਆਪਣੇ ਕੱਪੜੇ ਪਾੜਦਾ ਸੀ, ਤਾਂ ਇਸ ਦਾ ਕੀ ਮਤਲਬ ਹੁੰਦਾ ਸੀ?

ਬਾਈਬਲ ਦੱਸਦੀ ਹੈ ਕਿ ਲੋਕਾਂ ਨੇ ਵੱਖੋ-ਵੱਖਰੇ ਹਾਲਾਤਾਂ ਵਿਚ ਆਪਣੇ ਕੱਪੜੇ ਪਾੜੇ ਸਨ। ਅੱਜ ਸ਼ਾਇਦ ਸਾਨੂੰ ਇਹ ਗੱਲ ਅਜੀਬ ਲੱਗੇ, ਪਰ ਯਹੂਦੀ ਲੋਕ ਦੁੱਖ, ਗਮ, ਬੇਇੱਜ਼ਤੀ, ਗੁੱਸਾ ਜਾਂ ਸੋਗ ਵਰਗੇ ਜਜ਼ਬਾਤਾਂ ਨੂੰ ਜ਼ਾਹਰ ਕਰਨ ਲਈ ਆਪਣੇ ਕੱਪੜੇ ਪਾੜਦੇ ਸਨ।

ਜ਼ਰਾ ਇਨ੍ਹਾਂ ਮਿਸਾਲਾਂ ’ਤੇ ਗੌਰ ਕਰੋ। ਰਊਬੇਨ ਨੇ ਉਦੋਂ “ਆਪਣੇ ਕੱਪੜੇ ਪਾੜੇ” ਸਨ ਜਦੋਂ ਉਹ ਆਪਣੇ ਭਰਾ ਯੂਸੁਫ਼ ਨੂੰ ਬਚਾ ਨਾ ਸਕਿਆ ਜਿਸ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ ਗਿਆ ਸੀ। ਨਾਲੇ ਜਦ ਉਨ੍ਹਾਂ ਦੇ ਪਿਤਾ ਯਾਕੂਬ ਨੂੰ ਲੱਗਾ ਕਿ ਉਸ ਦੇ ਬੇਟੇ ਯੂਸੁਫ਼ ਨੂੰ ਇਕ ਜੰਗਲੀ ਜਾਨਵਰ ਨੇ ਮਾਰ ਦਿੱਤਾ ਸੀ, ਤਾਂ ਉਸ ਨੇ “ਆਪਣੇ ਬਸਤਰ ਪਾੜੇ।” (ਉਤ. 37:18-35) ਅੱਯੂਬ ਨੇ ਵੀ ਆਪਣੇ ਬੱਚਿਆਂ ਦੀ ਮੌਤ ਖ਼ਬਰ ਸੁਣ ਕੇ “ਆਪਣੇ ਕੱਪੜੇ ਪਾੜ ਲਏ।” (ਅੱਯੂ. 1:18-20) ਇਕ ਮੌਕੇ ’ਤੇ ਮਹਾਂ ਪੁਜਾਰੀ ਏਲੀ ਕੋਲ ਇਕ ਜਣਾ ‘ਪਾੜੇ ਹੋਏ ਲੀੜੇ’ ਪਾਈ ਆਇਆ। ਕਿਉਂ? ਕਿਉਂਕਿ ਉਸ ਨੇ ਏਲੀ ਨੂੰ ਬੁਰੀ ਖ਼ਬਰ ਸੁਣਾਈ ਕਿ ਇਜ਼ਰਾਈਲੀ ਲੜਾਈ ਵਿਚ ਹਾਰ ਗਏ ਸਨ, ਉਸ ਦੇ ਦੋ ਬੇਟੇ ਮਾਰੇ ਗਏ ਸਨ ਅਤੇ ਇਕਰਾਰ ਦੇ ਸੰਦੂਕ ਨੂੰ ਦੁਸ਼ਮਣਾਂ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਸੀ। (1 ਸਮੂ. 4:12-17) ਜਦ ਯੋਸੀਯਾਹ ਨੂੰ ਪਰਮੇਸ਼ੁਰ ਦੇ ਕਾਨੂੰਨ ਦੀਆਂ ਗੱਲਾਂ ਪੜ੍ਹ ਕੇ ਸੁਣਾਈਆਂ ਗਈਆਂ, ਤਾਂ ਉਸ ਨੇ “ਆਪਣੇ ਬਸਤਰ ਪਾੜੇ” ਕਿਉਂਕਿ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਲੋਕ ਗ਼ਲਤ ਕੰਮ ਕਰ ਰਹੇ ਸਨ।2 ਰਾਜ. 22:8-13.

ਯਿਸੂ ਦੇ ਮੁਕੱਦਮੇ ਦੌਰਾਨ ਮਹਾਂ ਪੁਜਾਰੀ ਕਾਇਫ਼ਾ ਨੇ ਯਿਸੂ ਦਾ ਜਵਾਬ ਸੁਣ ਕੇ “ਆਪਣੇ ਕੱਪੜੇ ਪਾੜੇ” ਕਿਉਂਕਿ ਕਾਇਫ਼ਾ ਨੂੰ ਲੱਗਾ ਕਿ ਯਿਸੂ ਨੇ ਪਰਮੇਸ਼ੁਰ ਦੇ ਨਾਂ ਦੀ ਨਿੰਦਿਆ ਕੀਤੀ ਸੀ। (ਮੱਤੀ 26:59-66) ਯਹੂਦੀ ਧਾਰਮਿਕ ਆਗੂਆਂ ਨੇ ਇਹ ਕਾਨੂੰਨ ਬਣਾਇਆ ਸੀ ਕਿ ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਨਾਂ ਦੀ ਨਿੰਦਿਆ ਸੁਣਦਾ ਸੀ, ਤਾਂ ਉਸ ਨੂੰ ਆਪਣੇ ਕੱਪੜੇ ਪਾੜਨ ਦੀ ਲੋੜ ਸੀ। ਪਰ ਯਰੂਸ਼ਲਮ ਦੇ ਮੰਦਰ ਦੇ ਨਾਸ਼ ਤੋਂ ਬਾਅਦ ਯਹੂਦੀ ਧਾਰਮਿਕ ਆਗੂਆਂ ਨੇ ਇਕ ਹੋਰ ਰੀਤ ਸ਼ੁਰੂ ਕੀਤੀ ਅਤੇ ਕਿਹਾ: “ਜੇ ਕੋਈ ਪਰਮੇਸ਼ੁਰ ਦੇ ਨਾਂ ਦੀ ਨਿੰਦਿਆ ਸੁਣਦਾ ਹੈ, ਤਾਂ ਉਸ ਨੂੰ ਆਪਣੇ ਕੱਪੜੇ ਪਾੜਨ ਦੀ ਲੋੜ ਨਹੀਂ ਹੈ। ਇੱਦਾਂ ਤਾਂ ਉਸ ਦੇ ਸਾਰੇ ਕੱਪੜੇ ਬੇਕਾਰ ਹੋ ਜਾਣਗੇ।”

ਪਰ ਜੇ ਕੋਈ ਸੱਚੇ ਦਿਲੋਂ ਪਛਤਾਵਾ ਜਾਂ ਸੋਗ ਨਹੀਂ ਕਰਦਾ ਸੀ, ਤਾਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੱਪੜੇ ਪਾੜਨਾ ਕੋਈ ਮਾਅਨੇ ਨਹੀਂ ਰੱਖਦਾ ਸੀ। ਇਸੇ ਲਈ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ: ‘ਆਪਣੇ ਦਿਲਾਂ ਨੂੰ ਪਾੜੋ, ਨਾ ਕਿ ਆਪਣੇ ਕੱਪੜੇ, ਅਤੇ ਉਸ ਵੱਲ ਮੁੜੋ।’ਯੋਏ. 2:13.