Skip to content

Skip to table of contents

 ਇਤਿਹਾਸ ਦੇ ਪੰਨਿਆਂ ਤੋਂ

‘ਵਾਢੀ ਦਾ ਕਾਫ਼ੀ ਕੰਮ ਬਾਕੀ ਪਿਆ ਹੈ’

‘ਵਾਢੀ ਦਾ ਕਾਫ਼ੀ ਕੰਮ ਬਾਕੀ ਪਿਆ ਹੈ’

ਭਰਾ ਜੋਰਜ ਯੰਗ ਮਾਰਚ 1923 ਵਿਚ ਰਿਓ ਡ ਜਨੇਰੋ ਆਇਆ

ਇਹ ਗੱਲ 1923 ਦੀ ਹੈ। ਬ੍ਰਾਜ਼ੀਲ ਦੇ ਸਾਓ ਪੌਲੋ ਸ਼ਹਿਰ ਵਿਚ ਨਾਟਕ ਤੇ ਸੰਗੀਤ ਸਕੂਲ ਦਾ ਹਾਲ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਸੀ! ਜੋਰਜ ਯੰਗ ਨੇ ਸਹਿਜਤਾ ਨਾਲ ਭਾਸ਼ਣ ਦਿੱਤਾ ਜਿਸ ਦਾ ਤਰਜਮਾ ਪੁਰਤਗਾਲੀ ਭਾਸ਼ਾ ਵਿਚ ਕੀਤਾ ਗਿਆ। ਹਾਲ ਵਿਚ ਹਾਜ਼ਰ 585 ਲੋਕਾਂ ਨੇ ਬੜੇ ਧਿਆਨ ਨਾਲ ਉਸ ਦਾ ਭਾਸ਼ਣ ਸੁਣਿਆ। ਪ੍ਰੋਜੈਕਟਰ ਦੀ ਮਦਦ ਨਾਲ ਬਾਈਬਲ ਦੀਆਂ ਆਇਤਾਂ ਪੁਰਤਗਾਲੀ ਭਾਸ਼ਾ ਵਿਚ ਸਕ੍ਰੀਨ ’ਤੇ ਦਿਖਾਈਆਂ ਗਈਆਂ। ਭਾਸ਼ਣ ਦੇ ਅਖ਼ੀਰ ਵਿਚ ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ! ਨਾਂ ਦੀ ਪੁਸਤਿਕਾ ਦੀਆਂ 100 ਕਾਪੀਆਂ ਪੁਰਤਗਾਲੀ, ਅੰਗ੍ਰੇਜ਼ੀ, ਜਰਮਨੀ ਤੇ ਇਤਾਲਵੀ ਭਾਸ਼ਾਵਾਂ ਵਿਚ ਵੰਡੀਆਂ ਗਈਆਂ। ਇਸ ਭਾਸ਼ਣ ਤੋਂ ਲੋਕਾਂ ਨੂੰ ਬਹੁਤ ਫ਼ਾਇਦਾ ਹੋਇਆ ਤੇ ਉਨ੍ਹਾਂ ਨੇ ਇਸ ਬਾਰੇ ਹੋਰਨਾਂ ਨੂੰ ਵੀ ਦੱਸਿਆ। ਦੋ ਦਿਨਾਂ ਬਾਅਦ ਹੋਰ ਭਾਸ਼ਣ ਸੁਣਨ ਲਈ ਹਾਲ ਪੂਰੀ ਤਰ੍ਹਾਂ ਭਰ ਗਿਆ। ਪਰ ਇਹ ਭਾਸ਼ਣ ਕਿਉਂ ਦਿੱਤੇ ਗਏ ਸਨ?

1867 ਵਿਚ ਸੇਰਾਹ ਬੈਲੋਨਾ ਫਰਗਸਨ ਆਪਣੇ ਪਰਿਵਾਰ ਨਾਲ ਅਮਰੀਕਾ ਤੋਂ ਆ ਕੇ ਬ੍ਰਾਜ਼ੀਲ ਰਹਿਣ ਲੱਗ ਪਈ। 1899 ਵਿਚ ਸੇਰਾਹ ਦਾ ਛੋਟਾ ਭਰਾ ਅਮਰੀਕਾ ਤੋਂ ਬਾਈਬਲ ਪ੍ਰਕਾਸ਼ਨ ਲੈ ਕੇ ਆਇਆ। ਜਦ ਸੇਰਾਹ ਨੇ ਉਨ੍ਹਾਂ ਨੂੰ ਪੜ੍ਹਿਆ, ਤਾਂ ਉਹ ਜਾਣ ਗਈ ਕਿ ਉਸ ਨੂੰ ਸੱਚਾਈ ਮਿਲ ਗਈ ਸੀ। ਉਹ ਬਾਈਬਲ ਬਾਰੇ ਹੋਰ ਪੜ੍ਹਨਾ ਚਾਹੁੰਦੀ ਸੀ ਜਿਸ ਕਰਕੇ ਉਸ ਨੇ ਅੰਗ੍ਰੇਜ਼ੀ ਦੇ ਪਹਿਰਾਬੁਰਜ ਮੰਗਵਾਉਣੇ ਸ਼ੁਰੂ ਕਰ ਦਿੱਤੇ। ਬਾਈਬਲ ਦਾ ਸੰਦੇਸ਼ ਪੜ੍ਹ ਕੇ ਉਹ ਬਹੁਤ ਖ਼ੁਸ਼ ਹੋਈ ਤੇ ਉਸ ਨੇ ਭਰਾ ਸੀ. ਟੀ. ਰਸਲ ਨੂੰ ਲਿਖਦੇ ਹੋਏ ਕਿਹਾ ਕਿ “ਮੈਂ ਇਸ ਗੱਲ ਦਾ ਜੀਉਂਦਾ-ਜਾਗਦਾ ਸਬੂਤ ਹਾਂ ਕਿ ਸੱਚਾਈ ਕਿਸੇ ਤੋਂ ਵੀ ਦੂਰ ਨਹੀਂ ਹੈ।”

ਕੀ ਮਰੇ ਹੋਏ ਲੋਕ ਜੀਉਂਦੇ ਲੋਕਾਂ ਨਾਲ ਗੱਲ ਕਰ ਸਕਦੇ ਹਨ? (ਪੁਰਤਗਾਲੀ)

ਸੇਰਾਹ ਫਰਗਸਨ ਨੇ ਜੀ-ਜਾਨ ਲਾ ਕੇ ਦੂਜਿਆਂ ਨੂੰ ਬਾਈਬਲ ਸੱਚਾਈ ਸਿਖਾਈ। ਪਰ ਉਹ ਅਕਸਰ ਸੋਚਦੀ ਹੁੰਦੀ ਸੀ ਕਿ ਉਸ ਦੀ ਤੇ ਉਸ ਦੇ ਪਰਿਵਾਰ ਦੀ ਹੋਰ ਮਦਦ ਕੌਣ ਕਰੇਗਾ ਅਤੇ ਬ੍ਰਾਜ਼ੀਲ ਵਿਚ ਰਹਿੰਦੇ ਚੰਗੇ ਲੋਕਾਂ ਨੂੰ ਸੱਚਾਈ ਕੌਣ ਸਿਖਾਵੇਗਾ। ਉਸ ਨੂੰ 1912 ਵਿਚ ਬਰੁਕਲਿਨ ਬੈਥਲ ਨੇ ਦੱਸਿਆ ਕਿ ਇਕ ਵਿਅਕਤੀ ਪੁਰਤਗਾਲੀ ਭਾਸ਼ਾ ਵਿਚ ਮਰੇ ਹੋਏ ਕਿੱਥੇ ਹਨ? ਨਾਂ ਦੇ ਹਜ਼ਾਰਾਂ ਟ੍ਰੈਕਟ ਲੈ ਕੇ ਸਾਓ ਪੌਲੋ ਆ ਰਿਹਾ ਸੀ। 1915 ਵਿਚ ਉਸ ਨੇ ਕਿਹਾ ਕਿ ਉਸ ਨੂੰ ਹਮੇਸ਼ਾ ਇਸ ਗੱਲ ਦੀ ਹੈਰਾਨੀ ਹੁੰਦੀ ਸੀ ਕਿ ਬਹੁਤ ਸਾਰੇ ਬਾਈਬਲ ਸਟੂਡੈਂਟਸ ਇਸ ਗੱਲ ਦੀ ਉਮੀਦ ਰੱਖਦੇ ਸਨ ਕਿ ਉਨ੍ਹਾਂ ਨੂੰ ਜਲਦੀ ਹੀ ਸਵਰਗ ਲਿਜਾਇਆ ਜਾਵੇਗਾ। ਆਪਣੇ ਵਿਚਾਰ ਦੱਸਦੇ ਹੋਏ ਉਸ ਨੇ ਇਕ ਚਿੱਠੀ ਵਿਚ ਲਿਖਿਆ: “ਬ੍ਰਾਜ਼ੀਲ ਤੇ ਦੱਖਣੀ ਅਮਰੀਕਾ ਦੇ ਲੋਕਾਂ ਬਾਰੇ ਕੀ? . . . ਜਦੋਂ ਤੁਸੀਂ ਇਸ ਗੱਲ ’ਤੇ ਗੌਰ ਕਰਦੇ ਹੋ ਕਿ ਦੱਖਣੀ ਅਮਰੀਕਾ  ਦੁਨੀਆਂ ਦਾ ਕਿੰਨਾ ਵੱਡਾ ਹਿੱਸਾ ਹੈ, ਤਾਂ ਤੁਸੀਂ ਦੇਖ ਸਕਦੇ ਹੋ ਕਿ ਵਾਢੀ ਦਾ ਕਾਫ਼ੀ ਕੰਮ ਬਾਕੀ ਪਿਆ ਹੈ।” ਜੀ ਹਾਂ, ਵਾਢੀ ਦਾ ਬਹੁਤ ਕੰਮ ਅਜੇ ਬਾਕੀ ਪਿਆ ਸੀ!

ਲਗਭਗ 1920 ਵਿਚ ਸਮੁੰਦਰੀ ਜਹਾਜ਼ ’ਤੇ ਕੰਮ ਕਰਨ ਵਾਲੇ ਬ੍ਰਾਜ਼ੀਲ ਦੇ ਅੱਠ ਨੌਜਵਾਨ ਨਿਊਯਾਰਕ ਸ਼ਹਿਰ ਵਿਚ ਮੀਟਿੰਗ ਤੇ ਹਾਜ਼ਰ ਹੋਏ ਜਦ ਉਨ੍ਹਾਂ ਦੇ ਜੰਗੀ ਜਹਾਜ਼ ਦੀ ਮੁਰੰਮਤ ਹੋ ਰਹੀ ਸੀ। ਉਨ੍ਹਾਂ ਨੇ ਬ੍ਰਾਜ਼ੀਲ ਦੇ ਸ਼ਹਿਰ ਰੀਓ ਡ ਜਨੇਰੋ ਵਾਪਸ ਆ ਕੇ ਬਾਈਬਲ ਤੋਂ ਸਿੱਖੀਆਂ ਗੱਲਾਂ ਦੂਜਿਆਂ ਨੂੰ ਦੱਸੀਆਂ। ਇਸ ਤੋਂ ਜਲਦੀ ਹੀ ਬਾਅਦ ਜੋਰਜ ਯੰਗ ਮਾਰਚ 1923 ਵਿਚ ਰੀਓ ਡ ਜਨੇਰੋ ਗਿਆ ਜਿੱਥੇ ਉਸ ਨੂੰ ਦਿਲਚਸਪੀ ਰੱਖਣ ਵਾਲੇ ਲੋਕ ਮਿਲੇ। ਜੋਰਜ ਯੰਗ ਪਿਲਗ੍ਰਿਮ ਜਾਂ ਸਫ਼ਰੀ ਨਿਗਾਹਬਾਨ ਸੀ। ਉਸ ਨੇ ਕਈ ਪ੍ਰਕਾਸ਼ਨਾਂ ਨੂੰ ਪੁਰਤਗਾਲੀ ਭਾਸ਼ਾ ਵਿਚ ਅਨੁਵਾਦ ਕਰਨ ਦਾ ਪ੍ਰਬੰਧ ਕੀਤਾ। ਜਲਦੀ ਹੀ ਭਰਾ ਯੰਗ ਸਾਓ ਪੌਲੋ ਗਿਆ ਜਿੱਥੇ ਲਗਭਗ 6,00,000 ਲੋਕ ਰਹਿੰਦੇ ਸਨ। ਭਰਾ ਨੇ ਉੱਥੇ ਭਾਸ਼ਣ ਦਿੱਤਾ ਤੇ ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ! ਨਾਂ ਦੀਆਂ ਪੁਸਤਿਕਾਵਾਂ ਵੰਡੀਆਂ, ਜਿੱਦਾਂ ਕਿ ਲੇਖ ਦੇ ਸ਼ੁਰੂ ਵਿਚ ਦੱਸਿਆ ਗਿਆ ਸੀ। ਉਸ ਨੇ ਕਿਹਾ: “ਇਕੱਲਾ ਹੋਣ ਕਰਕੇ ਮੈਨੂੰ ਭਾਸ਼ਣ ਦੀ ਮਸ਼ਹੂਰੀ ਲਈ ਅਖ਼ਬਾਰਾਂ ’ਤੇ ਪੂਰੀ ਤਰ੍ਹਾਂ ਨਿਰਭਰ ਹੋਣਾ ਪਿਆ।” ਉਸ ਨੇ ਅੱਗੇ ਕਿਹਾ ਕਿ ਇਹ “ਬ੍ਰਾਜ਼ੀਲ ਵਿਚ ਪਹਿਲੇ ਭਾਸ਼ਣ ਸਨ ਜਿਨ੍ਹਾਂ ਦੇ ਇਸ਼ਤਿਹਾਰ ਦੇਣ ਵੇਲੇ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਐਸੋਸੀਏਸ਼ਨ ਦਾ ਨਾਂ ਵਰਤਿਆ ਗਿਆ ਸੀ।” *

ਭਰਾ ਜੋਰਜ ਯੰਗ ਦੇ ਭਾਸ਼ਣ ਦੌਰਾਨ ਪ੍ਰੋਜੈਕਟਰ ਦੀ ਮਦਦ ਨਾਲ ਬਾਈਬਲ ਦੀਆਂ ਆਇਤਾਂ ਸਕ੍ਰੀਨ ’ਤੇ ਦਿਖਾਈਆਂ ਗਈਆਂ

ਬ੍ਰਾਜ਼ੀਲ ਦੀ ਰਿਪੋਰਟ ਬਾਰੇ 15 ਦਸੰਬਰ 1923 ਦਾ ਪਹਿਰਾਬੁਰਜ ਦੱਸਦਾ ਹੈ: “ਜਦੋਂ ਅਸੀਂ ਇਸ ਗੱਲ ’ਤੇ ਗੌਰ ਕਰਦੇ ਹਾਂ ਕਿ ਉੱਥੇ 1 ਜੂਨ ਨੂੰ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਉਸ ਸਮੇਂ ਸਾਡੇ ਕੋਲ ਕੋਈ ਵੀ ਪ੍ਰਕਾਸ਼ਨ ਨਹੀਂ ਸੀ, ਤਾਂ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਪ੍ਰਭੂ ਨੇ ਸਾਡੇ ਕੰਮ ’ਤੇ ਬਹੁਤ ਬਰਕਤ ਪਾਈ।” ਰਿਪੋਰਟ ਵਿਚ ਅੱਗੇ ਦੱਸਿਆ ਗਿਆ ਕਿ 1 ਜੂਨ ਤੋਂ 30 ਸਤੰਬਰ ਤਕ ਭਰਾ ਯੰਗ ਨੇ 21 ਭਾਸ਼ਣ ਦਿੱਤੇ ਜਿਨ੍ਹਾਂ ਨੂੰ ਸੁਣਨ ਲਈ 3,600 ਲੋਕ ਆਏ। ਇਨ੍ਹਾਂ ਵਿੱਚੋਂ ਦੋ ਭਾਸ਼ਣ ਸਾਓ ਪੌਲੋ ਵਿਚ ਦਿੱਤੇ ਗਏ। ਰਿਓ ਡ ਜਨੇਰੋ ਵਿਚ ਰਾਜ ਦਾ ਸੰਦੇਸ਼ ਹੌਲੀ-ਹੌਲੀ ਫੈਲਦਾ ਗਿਆ। ਕੁਝ ਹੀ ਮਹੀਨਿਆਂ ਵਿਚ ਪੁਰਤਗਾਲੀ ਭਾਸ਼ਾ ਵਿਚ 7,000 ਤੋਂ ਜ਼ਿਆਦਾ ਪ੍ਰਕਾਸ਼ਨ ਵੰਡੇ ਗਏ! ਇਸ ਤੋਂ ਇਲਾਵਾ, ਨਵੰਬਰ-ਦਸੰਬਰ 1923 ਦੇ ਅੰਕ ਨਾਲ ਪਹਿਰਾਬੁਰਜ ਪੁਰਤਗਾਲੀ ਭਾਸ਼ਾ ਵਿਚ ਛਪਣਾ ਸ਼ੁਰੂ ਹੋ ਗਿਆ।

ਬ੍ਰਾਜ਼ੀਲ ਵਿਚ ਸਭ ਤੋਂ ਪਹਿਲਾਂ ਸੇਰਾਹ ਬੈਲੋਨਾ ਫਰਗਸਨ ਨੇ ਅੰਗ੍ਰੇਜ਼ੀ ਦੇ ਪਹਿਰਾਬੁਰਜ ਮੰਗਵਾਉਣੇ ਸ਼ੁਰੂ ਕੀਤੇ ਸਨ

ਭਰਾ ਯੰਗ ਭੈਣ ਸੇਰਾਹ ਫਰਗਸਨ ਨੂੰ ਮਿਲਣ ਗਿਆ। ਇਸ ਮੁਲਾਕਾਤ ਬਾਰੇ ਪਹਿਰਾਬੁਰਜ ਦੱਸਦਾ ਹੈ: “ਭੈਣ ਬੈਠਕ ਵਿਚ ਆਈ ਤੇ ਭਰਾ ਯੰਗ ਨੂੰ ਦੇਖ ਕੇ ਕੁਝ ਬੋਲ ਨਾ ਸਕੀ। ਫਿਰ ਉਸ ਨੇ ਭਰਾ ਯੰਗ ਦਾ ਹੱਥ ਫੜਿਆ ਅਤੇ ਉਸ ਵੱਲ ਧਿਆਨ ਨਾਲ ਦੇਖਦੇ ਹੋਏ ਕਿਹਾ: ‘ਕੀ ਤੁਸੀਂ ਸੱਚ-ਮੁੱਚ ਪਿਲਗ੍ਰਿਮ ਹੋ?’” ਇਸ ਮੁਲਾਕਾਤ ਤੋਂ ਬਾਅਦ ਜਲਦੀ ਹੀ ਉਸ ਨੇ ਤੇ ਉਸ ਦੇ ਕੁਝ ਬੱਚਿਆਂ ਨੇ ਬਪਤਿਸਮਾ ਲੈ ਲਿਆ। ਦਰਅਸਲ ਉਸ ਨੇ ਬਪਤਿਸਮਾ ਲੈਣ ਲਈ 25 ਸਾਲ ਇੰਤਜ਼ਾਰ ਕੀਤਾ! 1 ਅਗਸਤ 1924 ਦੇ ਪਹਿਰਾਬੁਰਜ ਵਿਚ ਦੱਸਿਆ ਗਿਆ ਕਿ ਬ੍ਰਾਜ਼ੀਲ ਵਿਚ 50 ਜਣਿਆਂ ਨੇ ਬਪਤਿਸਮਾ ਲਿਆ। ਬਪਤਿਸਮਾ ਲੈਣ ਵਾਲਿਆਂ ਵਿੱਚੋਂ ਜ਼ਿਆਦਾਤਰ ਲੋਕ ਰਿਓ ਡ ਜਨੇਰੋ ਦੇ ਸਨ।

ਹੁਣ 90 ਸਾਲਾਂ ਬਾਅਦ ਸਾਨੂੰ ਇਹ ਪੁੱਛਣ ਦੀ ਲੋੜ ਨਹੀਂ: “ਬ੍ਰਾਜ਼ੀਲ ਤੇ ਦੱਖਣੀ ਅਮਰੀਕਾ ਦੇ ਲੋਕਾਂ ਬਾਰੇ ਕੀ?” ਬ੍ਰਾਜ਼ੀਲ ਵਿਚ 7,60,000 ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ। ਪੂਰੇ ਦੱਖਣੀ ਅਮਰੀਕਾ ਵਿਚ ਹੁਣ ਪੁਰਤਗਾਲੀ, ਸਪੇਨੀ ਤੇ ਬਹੁਤ ਸਾਰੀਆਂ ਸਥਾਨਕ ਭਾਸ਼ਾਵਾਂ ਵਿਚ ਰਾਜ ਦਾ ਸੰਦੇਸ਼ ਸੁਣਾਇਆ ਜਾਂਦਾ ਹੈ। 1915 ਵਿਚ ਭੈਣ ਫਰਗਸਨ ਨੇ ਠੀਕ ਕਿਹਾ ਸੀ, ‘ਵਾਢੀ ਦਾ ਕਾਫ਼ੀ ਕੰਮ ਬਾਕੀ ਪਿਆ ਸੀ।’—ਬ੍ਰਾਜ਼ੀਲ ਵਿਚ ਸਾਡੇ ਇਤਿਹਾਸਕ ਰਿਕਾਰਡ ਤੋਂ।

^ ਪੇਰਗ੍ਰੈਫ 6 ਯਹੋਵਾਹ ਦੇ ਗਵਾਹਾਂ ਨੂੰ ਪਹਿਲਾਂ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਐਸੋਸੀਏਸ਼ਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ।