Skip to content

Skip to table of contents

ਮੁੱਖ ਪੰਨੇ ਤੋਂ | ਸਿਗਰਟਨੋਸ਼ੀ​—ਰੱਬ ਦਾ ਨਜ਼ਰੀਆ

ਦੁਨੀਆਂ ਵਿਚ ਫੈਲੀ ਮਹਾਂਮਾਰੀ

ਦੁਨੀਆਂ ਵਿਚ ਫੈਲੀ ਮਹਾਂਮਾਰੀ

ਸਿਗਰਟਨੋਸ਼ੀ ਬੇਰਹਿਮ ਕਾਤਲ ਹੈ।

  • ਪਿਛਲੀ ਸਦੀ ਵਿਚ ਇਸ ਨੇ 10 ਕਰੋੜ ਜਾਨਾਂ ਲਈਆਂ।

  • ਹਰ ਸਾਲ ਇਹ 60 ਲੱਖ ਲੋਕਾਂ ਨੂੰ ਨਿਗਲ਼ ਲੈਂਦੀ ਹੈ।

  • ਤਕਰੀਬਨ ਹਰ ਛੇ ਸੈਕਿੰਡ ਬਾਅਦ ਇਕ ਵਿਅਕਤੀ ਮਰਦਾ ਹੈ।

ਫਿਰ ਵੀ ਇਹ ਰੁਕਣ ਦਾ ਨਾਂ ਨਹੀਂ ਲੈਂਦੀ।

ਅਧਿਕਾਰੀਆਂ ਨੇ ਅੰਦਾਜ਼ਾ ਲਾਇਆ ਹੈ ਕਿ ਜੇ ਲੋਕ ਇੱਦਾਂ ਹੀ ਸਿਗਰਟਾਂ ਪੀਂਦੇ ਰਹੇ, ਤਾਂ ਸਾਲ 2030 ਤਕ ਤਮਾਖੂਨੋਸ਼ੀ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 80 ਲੱਖ ਤੋਂ ਵੀ ਜ਼ਿਆਦਾ ਹੋ ਜਾਵੇਗੀ। ਨਾਲੇ ਉਹ ਕਹਿੰਦੇ ਹਨ ਕਿ 21ਵੀਂ ਸਦੀ ਦੇ ਅਖ਼ੀਰ ਤਕ ਤਮਾਖੂਨੋਸ਼ੀ ਇਕ ਅਰਬ ਜਾਨਾਂ ਨੂੰ ਆਪਣਾ ਸ਼ਿਕਾਰ ਬਣਾ ਲਵੇਗੀ।

ਸਿਗਰਟ ਪੀਣ ਵਾਲੇ ਤਾਂ ਆਪਣੀਆਂ ਜਾਨਾਂ ਤੋਂ ਹੱਥ ਧੋ ਹੀ ਬੈਠਦੇ ਹਨ, ਪਰ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਕਿਵੇਂ? ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਦੁੱਖ ਝੱਲਣੇ ਪੈਂਦੇ ਹਨ ਅਤੇ ਪੈਸਿਆਂ ਪੱਖੋਂ ਤੰਗੀ ਸਹਿਣੀ ਪੈਂਦੀ ਹੈ। ਨਾਲੇ ਹਰ ਸਾਲ ਸਿਗਰਟ ਦੇ ਧੂੰਏਂ ਨਾਲ ਛੇ ਲੱਖ ਲੋਕਾਂ ਨੂੰ ਆਪਣੀਆਂ ਜਾਨਾਂ ਨਾਲ ਇਹ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਤਮਾਖੂਨੋਸ਼ੀ ਨਾਲ ਜੁੜੀਆਂ ਬੀਮਾਰੀਆਂ ਦਾ ਇਲਾਜ ਬਹੁਤ ਮਹਿੰਗਾ ਹੈ ਅਤੇ ਇਸ ਦਾ ਬੋਝ ਸਾਰਿਆਂ ’ਤੇ ਪੈਂਦਾ ਹੈ।

ਜਦ ਕੋਈ ਮਹਾਂਮਾਰੀ ਫੈਲਦੀ ਹੈ, ਤਾਂ ਡਾਕਟਰ ਇਸ ਦਾ ਇਲਾਜ ਲੱਭਣ ਵਿਚ ਕੋਈ ਕਸਰ ਨਹੀਂ ਛੱਡਦੇ, ਪਰ ਸਿਗਰਟਨੋਸ਼ੀ ਅਜਿਹੀ ਬੀਮਾਰੀ ਹੈ ਜਿਸ ਦਾ ਇਲਾਜ ਹੈ ਅਤੇ ਅਸੀਂ ਸਾਰੇ ਇਸ ਦਾ ਹੱਲ ਜਾਣਦੇ ਹਾਂ। ਵਿਸ਼ਵ ਸਿਹਤ ਸੰਗਠਨ ਦੀ ਡਾਇਰੈਕਟਰ-ਜਨਰਲ ਡਾਕਟਰ ਮਾਰਗਰਟ ਚੈੱਨ ਨੇ ਕਿਹਾ: “ਤਮਾਖੂ ਦੀ ਮਹਾਂਮਾਰੀ ਇਨਸਾਨਾਂ ਨੇ ਸ਼ੁਰੂ ਕੀਤੀ ਹੈ। ਪਰ ਜੇ ਉਹ ਚਾਹੁਣ, ਤਾਂ ਸਰਕਾਰਾਂ ਅਤੇ ਲੋਕ ਇਸ ਨੂੰ ਫੈਲਣ ਤੋਂ ਰੋਕ ਸਕਦੇ ਹਨ।”

ਇਸ ਸਿਹਤ ਸਮੱਸਿਆ ਨਾਲ ਜੂਝਣ ਲਈ ਦੁਨੀਆਂ ਭਰ ਵਿਚ ਪਹਿਲਾਂ ਨਾਲੋਂ ਕੀਤੇ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਗਸਤ 2012 ਤੋਂ ਕੁਝ 175 ਦੇਸ਼ਾਂ ਨੇ ਫ਼ੈਸਲਾ ਕੀਤਾ ਕਿ ਉਹ ਤਮਾਖੂ ਪੀਣ ਵਾਲਿਆਂ ਦੀ ਗਿਣਤੀ ਘਟਾਉਣਗੇ। * ਪਰ ਇਸ਼ਤਿਹਾਰਾਂ ਅਤੇ ਤਮਾਖੂ ਦੀ ਲੱਤ ਲੱਗਣ ਕਾਰਨ ਫਿਰ ਵੀ ਲੋਕ ਸਿਗਰਟਾਂ ਪੀਣੀਆਂ ਨਹੀਂ ਛੱਡਦੇ। ਹਰ ਸਾਲ ਤਮਾਖੂ ਬਣਾਉਣ ਵਾਲੀਆਂ ਕੰਪਨੀਆਂ ਇਸ਼ਤਿਹਾਰਾਂ-ਮਸ਼ਹੂਰੀਆਂ ਉੱਤੇ ਅਰਬਾਂ ਡਾਲਰ ਖ਼ਰਚਦੀਆਂ ਹਨ ਤਾਂਕਿ ਲੋਕ ਉਨ੍ਹਾਂ ਦੇ ਜਾਲ਼ ਵਿਚ ਫਸਣ। ਉਹ ਖ਼ਾਸ ਕਰਕੇ ਗ਼ਰੀਬ ਦੇਸ਼ਾਂ ਦੀਆਂ ਤੀਵੀਆਂ ਅਤੇ ਨੌਜਵਾਨਾਂ ਨੂੰ ਸਿਗਰਟਨੋਸ਼ੀ ਦਾ ਸ਼ਿਕਾਰ ਬਣਾਉਂਦੇ ਹਨ। ਤਮਾਖੂ ਦੀ ਲੱਤ ਇੰਨੀ ਜ਼ਬਰਦਸਤ ਹੈ ਕਿ ਜਿਨ੍ਹਾਂ 100 ਕਰੋੜ ਲੋਕਾਂ ਨੂੰ ਇਹ ਆਦਤ ਪਈ ਹੈ, ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਜਾਵੇਗੀ। ਜੇ ਸਿਗਰਟ ਪੀਣ ਵਾਲੇ ਆਪਣੀ ਇਹ ਆਦਤ ਨਹੀਂ ਛੱਡਦੇ, ਤਾਂ ਮੌਤਾਂ ਦੀ ਗਿਣਤੀ ਅਗਲੇ ਚਾਰ ਦਹਾਕਿਆਂ ਵਿਚ ਵਧ ਜਾਵੇਗੀ।

ਲੋਕ ਇਹ ਆਦਤ ਛੱਡਣੀ ਚਾਹੁੰਦੇ ਹਨ, ਪਰ ਮਸ਼ਹੂਰੀਆਂ ਦੇ ਪ੍ਰਭਾਵ ਅਤੇ ਇਸ ਬੁਰੀ ਲੱਤ ਨੇ ਬਹੁਤ ਸਾਰੇ ਲੋਕਾਂ ਨੂੰ ਜਕੜਿਆ ਹੋਇਆ ਹੈ। ਇਹ ਨਾਯੋਕੋ ਨਾਂ ਦੀ ਔਰਤ ਬਾਰੇ ਵੀ ਸੱਚ ਸੀ। ਉਸ ਨੇ ਅੱਲ੍ਹੜ ਉਮਰ ਵਿਚ ਸਿਗਰਟ ਪੀਣੀ ਸ਼ੁਰੂ ਕੀਤੀ। ਟੀ.ਵੀ. ਅਤੇ ਰਸਾਲਿਆਂ ਵਿਚ ਸਿਗਰਟ ਪੀਂਦੇ ਲੋਕਾਂ ਦੀ ਰੀਸ ਕਰ ਕੇ ਉਸ ਨੇ ਸੋਚਿਆ ਕਿ ਸਿਗਰਟ ਪੀਣ ਨਾਲ ਉਸ ਦੀ ਵੀ ਟੌਹਰ ਬਣੇਗੀ। ਭਾਵੇਂ ਕਿ ਉਸ ਦੇ ਮਾਪਿਆਂ ਦੀ ਮੌਤ ਫੇਫੜਿਆਂ ਦੇ ਕੈਂਸਰ ਕਰਕੇ ਹੋਈ ਸੀ ਅਤੇ ਉਸ ਦੀਆਂ ਦੋ ਕੁੜੀਆਂ ਵੀ ਸਨ, ਇਸ ਦੇ ਬਾਵਜੂਦ ਉਹ ਸਿਗਰਟਾਂ ਪੀਂਦੀ ਰਹੀ। ਉਹ ਮੰਨਦੀ ਹੈ: “ਮੈਨੂੰ ਫ਼ਿਕਰ ਸੀ ਕਿ ਮੈਨੂੰ ਵੀ ਕੈਂਸਰ ਹੋ ਜਾਵੇਗਾ ਅਤੇ ਮੈਨੂੰ ਆਪਣੀਆਂ ਕੁੜੀਆਂ ਦੀ ਵੀ ਸਿਹਤ ਦੀ ਚਿੰਤਾ ਸੀ। ਪਰ ਮੈਂ ਫਿਰ ਵੀ ਇਹ ਆਦਤ ਛੱਡ ਨਾ ਸਕੀ। ਮੈਨੂੰ ਲੱਗਾ ਕਿ ਮੈਂ ਸਿਗਰਟ ਪੀਣ ਦੀ ਲੱਤ ਤੋਂ ਕਦੀ ਛੁਟਕਾਰਾ ਨਹੀਂ ਪਾ ਸਕਾਂਗੀ।”

ਪਰ ਇਕ ਦਿਨ ਨਾਯੋਕੋ ਨੇ ਸਿਗਰਟ ਪੀਣੀ ਬੰਦ ਕਰ ਦਿੱਤੀ। ਕਿਵੇਂ? ਉਸ ਨੂੰ ਇਹ ਆਦਤ ਛੱਡਣ ਦੀ ਜ਼ਬਰਦਸਤ ਪ੍ਰੇਰਣਾ ਮਿਲੀ। ਇਸ ਪ੍ਰੇਰਣਾ ਦੀ ਮਦਦ ਨਾਲ ਲੱਖਾਂ ਹੀ ਲੋਕਾਂ ਨੇ ਤਮਾਖੂਨੋਸ਼ੀ ਤੋਂ ਆਜ਼ਾਦੀ ਪਾਈ ਹੈ। ਉਸ ਕਾਰਨ ਬਾਰੇ ਜਾਣਨ ਲਈ ਅੱਗੇ ਪੜ੍ਹੋ। (w14-E 06/01)

^ ਪੈਰਾ 11 ਇਸ ਵਿਚ ਸ਼ਾਮਲ ਹੈ ਕਿ ਲੋਕਾਂ ਨੂੰ ਸਿਗਰਟਨੋਸ਼ੀ ਦੇ ਖ਼ਤਰਿਆਂ ਬਾਰੇ ਸਿਖਾਉਣਾ, ਸਿਗਰਟ ਬਣਾਉਣ ਵਾਲੀਆਂ ਕੰਪਨੀਆਂ ਦੇ ਇਸ਼ਤਿਹਾਰਾਂ ’ਤੇ ਪਾਬੰਦੀ ਲਾਉਣੀ, ਤਮਾਖੂ ’ਤੇ ਟੈਕਸ ਵਧਾਉਣਾ ਅਤੇ ਅਜਿਹੇ ਪ੍ਰੋਗਰਾਮ ਚਲਾਉਣੇ ਤਾਂਕਿ ਲੋਕ ਸਿਗਰਟ ਪੀਣ ਦੀ ਆਦਤ ਛੱਡ ਦੇਣ।