Skip to content

Skip to table of contents

“ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰ”

“ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰ”

“ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।”ਮੱਤੀ 22:37.

1. ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦਾ ਆਪਸੀ ਪਿਆਰ ਕਿਉਂ ਵਧਿਆ?

ਯਹੋਵਾਹ ਦੇ ਪੁੱਤਰ ਯਿਸੂ ਮਸੀਹ ਨੇ ਕਿਹਾ ਸੀ: “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” (ਯੂਹੰ. 14:31) ਯਿਸੂ ਨੇ ਇਹ ਵੀ ਕਿਹਾ ਸੀ: “ਪਿਤਾ ਪੁੱਤਰ ਨਾਲ ਮੋਹ ਰੱਖਦਾ ਹੈ।” (ਯੂਹੰ. 5:20) ਇਹ ਸੁਣ ਕੇ ਸਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਕਿਉਂ? ਕਿਉਂਕਿ ਯਿਸੂ ਨੇ ਧਰਤੀ ’ਤੇ ਆਉਣ ਤੋਂ ਪਹਿਲਾਂ ਸਦੀਆਂ ਤਕ ਪਰਮੇਸ਼ੁਰ ਦੇ “ਰਾਜ ਮਿਸਤਰੀ” ਵਜੋਂ ਕੰਮ ਕੀਤਾ ਸੀ। (ਕਹਾ. 8:30) ਜਿੱਦਾਂ-ਜਿੱਦਾਂ ਯਹੋਵਾਹ ਅਤੇ ਯਿਸੂ ਨੇ ਇਕੱਠੇ ਕੰਮ ਕੀਤਾ, ਉੱਦਾਂ-ਉੱਦਾਂ ਪੁੱਤਰ ਨੇ ਆਪਣੇ ਪਿਤਾ ਦੀਆਂ ਖੂਬੀਆਂ ਬਾਰੇ ਬਹੁਤ ਕੁਝ ਸਿੱਖਿਆ। ਇੰਨਾ ਸਮਾਂ ਇਕੱਠੇ ਰਹਿਣ ਕਰਕੇ ਉਨ੍ਹਾਂ ਦਾ ਆਪਸੀ ਪਿਆਰ ਵਧਦਾ ਗਿਆ।

2. (ੳ) ਕਿਸੇ ਨੂੰ ਪਿਆਰ ਕਰਨ ਦਾ ਕੀ ਮਤਲਬ ਹੈ? (ਅ) ਅਸੀਂ ਕਿਹੜੇ ਸਵਾਲਾਂ ’ਤੇ ਚਰਚਾ ਕਰਾਂਗੇ?

2 ਪਿਆਰ ਕਰਨ ਦਾ ਮਤਲਬ ਹੈ ਕਿਸੇ ਨਾਲ ਗਹਿਰਾ ਲਗਾਉ ਜਾਂ ਮੋਹ ਹੋਣਾ। ਦਾਊਦ ਨੇ ਕਿਹਾ ਸੀ: “ਹੇ ਯਹੋਵਾਹ, ਮੇਰੇ ਬਲ, ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” (ਜ਼ਬੂ. 18:1) ਇਸੇ ਤਰ੍ਹਾਂ ਸਾਨੂੰ ਵੀ ਪਰਮੇਸ਼ੁਰ ਨਾਲ ਪਿਆਰ ਕਰਨਾ ਚਾਹੀਦਾ ਹੈ। ਜੇ ਅਸੀਂ ਯਹੋਵਾਹ ਦੇ ਆਖੇ ਲੱਗਾਂਗੇ, ਤਾਂ ਉਹ ਸਾਨੂੰ ਪਿਆਰ ਕਰੇਗਾ। (ਬਿਵਸਥਾ ਸਾਰ 7:12, 13 ਪੜ੍ਹੋ।) ਪਰ ਅਸੀਂ ਪਰਮੇਸ਼ੁਰ ਨੂੰ ਦੇਖ ਨਹੀਂ ਸਕਦੇ। ਤਾਂ ਫਿਰ ਅਸੀਂ ਉਸ ਨੂੰ ਪਿਆਰ ਕਿੱਦਾਂ ਕਰ ਸਕਦੇ ਹਾਂ? ਯਹੋਵਾਹ ਨੂੰ ਪਿਆਰ ਕਰਨ ਦਾ ਕੀ ਮਤਲਬ ਹੈ? ਸਾਨੂੰ ਉਸ ਨੂੰ ਪਿਆਰ ਕਿਉਂ ਕਰਨਾ ਚਾਹੀਦਾ ਹੈ? ਅਸੀਂ ਪਰਮੇਸ਼ੁਰ ਲਈ ਆਪਣਾ ਪਿਆਰ ਕਿੱਦਾਂ ਦਿਖਾ ਸਕਦੇ ਹਾਂ?

 ਪਰਮੇਸ਼ੁਰ ਨੂੰ ਪਿਆਰ ਕਰਨਾ ਮੁਮਕਿਨ ਹੈ

3, 4. ਸਾਡੇ ਲਈ ਯਹੋਵਾਹ ਨੂੰ ਪਿਆਰ ਕਰਨਾ ਮੁਮਕਿਨ ਕਿਉਂ ਹੈ?

3 “ਪਰਮੇਸ਼ੁਰ ਅਦਿੱਖ ਹੈ।” (ਯੂਹੰ. 4:24) ਫਿਰ ਵੀ ਪਰਮੇਸ਼ੁਰ ਨੂੰ ਪਿਆਰ ਕਰਨਾ ਮੁਮਕਿਨ ਹੈ ਤੇ ਬਾਈਬਲ ਵੀ ਸਾਨੂੰ ਉਸ ਨੂੰ ਪਿਆਰ ਕਰਨ ਨੂੰ ਕਹਿੰਦੀ ਹੈ। ਮਿਸਾਲ ਲਈ, ਮੂਸਾ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ।”ਬਿਵ. 6:5.

4 ਪਰਮੇਸ਼ੁਰ ਨੂੰ ਪਿਆਰ ਕਰਨਾ ਮੁਮਕਿਨ ਕਿਉਂ ਹੈ? ਉਸ ਨੇ ਸਾਨੂੰ ਇਸ ਤਰ੍ਹਾਂ ਰਚਿਆ ਹੈ ਕਿ ਸਾਨੂੰ ਉਸ ਦੀ ਭਗਤੀ ਕਰਨ ਦੀ ਲੋੜ ਹੈ। ਨਾਲੇ ਉਸ ਨੇ ਸਾਡੇ ਵਿਚ ਪਿਆਰ ਕਰਨ ਦੀ ਯੋਗਤਾ ਵੀ ਪਾਈ। ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਨੂੰ ਜਾਣਦੇ ਹਾਂ, ਉੱਦਾਂ-ਉੱਦਾਂ ਉਸ ਲਈ ਸਾਡਾ ਪਿਆਰ ਵਧਦਾ ਜਾਂਦਾ ਹੈ ਅਤੇ ਇਸ ਤੋਂ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਯਿਸੂ ਨੇ ਕਿਹਾ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ; ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।” (ਮੱਤੀ 5:3) ਆਪਣੀ ਕਿਤਾਬ ਇਨਸਾਨ ਜ਼ਿੰਦਗੀ ਦਾ ਸਫ਼ਰ ਇਕੱਲਾ ਨਹੀਂ ਕੱਟ ਸਕਦਾ (ਅੰਗ੍ਰੇਜ਼ੀ) ਵਿਚ ਏ. ਸੀ. ਮੋਰੀਸਨ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਇਨਸਾਨ ਹਮੇਸ਼ਾ ਤੋਂ ਪਰਮੇਸ਼ੁਰ ਨੂੰ ਭਾਲਦੇ ਰਹੇ ਹਨ ਅਤੇ ਉਹ ਉਸ ’ਤੇ ਨਿਹਚਾ ਕਰਨੀ ਚਾਹੁੰਦੇ ਹਨ। ਇਸ ਲੇਖਕ ਦੀ ਤਰ੍ਹਾਂ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਨਸਾਨ ਵਿਚ ਪਰਮੇਸ਼ੁਰ ਨੂੰ ਮੰਨਣ ਦੀ ਇੱਛਾ ਜਨਮ ਤੋਂ ਹੁੰਦੀ ਹੈ।

5. ਅਸੀਂ ਕਿੱਦਾਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ ਲੱਭ ਸਕਦੇ ਹਾਂ?

5 ਕੀ ਅਸੀਂ ਪਰਮੇਸ਼ੁਰ ਨੂੰ ਲੱਭ ਸਕਦੇ ਹਾਂ? ਹਾਂ, ਉਹ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਰਿਸ਼ਤਾ ਕਾਇਮ ਕਰੀਏ। ਇਹ ਗੱਲ ਪੌਲੁਸ ਰਸੂਲ ਨੇ ਐਥਿਨਜ਼ ਸ਼ਹਿਰ ਵਿਚ ਐਰੀਆਪਗਸ ’ਤੇ ਇਕੱਠੇ ਹੋਏ ਲੋਕਾਂ ਨੂੰ ਗਵਾਹੀ ਦਿੰਦੇ ਹੋਏ ਸਮਝਾਈ ਸੀ। ਐਰੀਆਪਗਸ ਤੋਂ ਪਾਰਥਨੌਨ ਮੰਦਰ ਦਿਖਾਈ ਦਿੰਦਾ ਸੀ ਜੋ ਐਥਿਨਜ਼ ਸ਼ਹਿਰ ਦੀ ਦੇਵੀ ਅਥੀਨਾ ਦਾ ਮੰਦਰ ਸੀ। ਕਲਪਨਾ ਕਰੋ ਕਿ ਤੁਸੀਂ ਵੀ ਉਸ ਜਗ੍ਹਾ ਹੋ ਜਿੱਥੇ ਪੌਲੁਸ ਰਸੂਲ ਉਨ੍ਹਾਂ ਨੂੰ ਉਸ “ਪਰਮੇਸ਼ੁਰ” ਬਾਰੇ ਦੱਸ ਰਿਹਾ ਹੈ “ਜਿਸ ਨੇ ਸਾਰੀ ਦੁਨੀਆਂ ਅਤੇ ਇਸ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ।” ਫਿਰ ਉਹ ਸਮਝਾਉਂਦਾ ਹੈ ਕਿ “ਉਹ ਇਨਸਾਨ ਦੇ ਹੱਥਾਂ ਦੇ ਬਣਾਏ ਮੰਦਰਾਂ ਵਿਚ ਨਹੀਂ ਰਹਿੰਦਾ।” ਪੌਲੁਸ ਰਸੂਲ ਅੱਗੇ ਇਹ ਵੀ ਦੱਸਦਾ ਹੈ ਕਿ ਪਰਮੇਸ਼ੁਰ ਨੇ “ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ ਕਿ ਉਹ ਪੂਰੀ ਧਰਤੀ ਉੱਤੇ ਵਸਣ ਅਤੇ ਉਸ ਨੇ ਸਮੇਂ ਮਿਥੇ ਹਨ ਅਤੇ ਇਨਸਾਨਾਂ ਦੇ ਰਹਿਣ ਦੀਆਂ ਹੱਦਾਂ ਕਾਇਮ ਕੀਤੀਆਂ ਹਨ, ਤਾਂਕਿ ਉਹ ਪਰਮੇਸ਼ੁਰ ਦੀ ਤਲਾਸ਼ ਕਰਨ, ਅਤੇ ਪੂਰਾ ਜਤਨ ਕਰ ਕੇ ਉਸ ਦੀ ਭਾਲ ਕਰਨ ਅਤੇ ਉਸ ਨੂੰ ਲੱਭ ਲੈਣ, ਭਾਵੇਂ ਕਿ ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।” (ਰਸੂ. 17:24-27) ਜੀ ਹਾਂ, ਲੋਕ ਪਰਮੇਸ਼ੁਰ ਨੂੰ ਲੱਭ ਸਕਦੇ ਹਨ। ਅੱਜ 75 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹਾਂ ਨੇ ਸੱਚ-ਮੁੱਚ ਉਸ ਨੂੰ ‘ਲੱਭਿਆ ਹੈ’ ਅਤੇ ਉਹ ਉਸ ਨੂੰ ਦਿਲੋਂ ਪਿਆਰ ਕਰਦੇ ਹਨ।

ਪਰਮੇਸ਼ੁਰ ਨੂੰ ਪਿਆਰ ਕਰਨ ਦਾ ਕੀ ਮਤਲਬ ਹੈ

6. “ਪਹਿਲਾ ਅਤੇ ਸਭ ਤੋਂ ਵੱਡਾ ਹੁਕਮ” ਕਿਹੜਾ ਹੈ?

6 ਸਾਨੂੰ ਯਹੋਵਾਹ ਨੂੰ ਦਿਲੋਂ ਪਿਆਰ ਕਰਨਾ ਚਾਹੀਦਾ ਹੈ। ਯਿਸੂ ਨੇ ਇਸ ਗੱਲ ਨੂੰ ਸਮਝਾਇਆ ਜਦ ਇਕ ਫ਼ਰੀਸੀ ਨੇ ਉਸ ਨੂੰ ਪੁੱਛਿਆ: “ਗੁਰੂ ਜੀ, ਮੂਸਾ ਦੇ ਕਾਨੂੰਨ ਵਿਚ ਸਭ ਤੋਂ ਵੱਡਾ ਹੁਕਮ ਕਿਹੜਾ ਹੈ?” ਯਿਸੂ ਨੇ ਉਸ ਨੂੰ ਦੱਸਿਆ: “‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।’ ਇਹੀ ਪਹਿਲਾ ਅਤੇ ਸਭ ਤੋਂ ਵੱਡਾ ਹੁਕਮ ਹੈ।”ਮੱਤੀ 22:34-38.

7. (ੳ) ਆਪਣੇ “ਪੂਰੇ ਦਿਲ” ਨਾਲ (ਅ) ਆਪਣੀ “ਪੂਰੀ ਜਾਨ” ਨਾਲ (ੲ) ਆਪਣੀ “ਪੂਰੀ ਸਮਝ” ਨਾਲ ਪਰਮੇਸ਼ੁਰ ਨੂੰ ਪਿਆਰ ਕਰਨ ਦਾ ਕੀ ਮਤਲਬ ਹੈ?

7 ਯਿਸੂ ਦੇ ਕਹਿਣ ਦਾ ਕੀ ਮਤਲਬ ਸੀ ਜਦ ਉਸ ਨੇ ਕਿਹਾ ਕਿ ਸਾਨੂੰ ਪਰਮੇਸ਼ੁਰ ਨੂੰ ਆਪਣੇ “ਪੂਰੇ ਦਿਲ” ਨਾਲ ਪਿਆਰ ਕਰਨਾ ਚਾਹੀਦਾ ਹੈ? ਉਸ ਦੇ ਕਹਿਣ ਦਾ ਮਤਲਬ ਸੀ ਕਿ ਇਸ ਪਿਆਰ ਦਾ ਸਾਡੀਆਂ ਇੱਛਾਵਾਂ ਅਤੇ ਭਾਵਨਾਵਾਂ ’ਤੇ ਅਸਰ ਪੈਣਾ ਚਾਹੀਦਾ ਹੈ। “ਪੂਰੀ ਜਾਨ” ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਜ਼ਿੰਦਗੀ ਵਿਚ ਜੋ ਵੀ ਕਰਦੇ ਹਾਂ, ਉਸ ਤੋਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਪੂਰੇ ਤਨ-ਮਨ ਨਾਲ ਪਿਆਰ ਕਰਦੇ ਹਾਂ। ਪੂਰੀ ਸਮਝ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਆਪਣੀ ਸੋਚਣ-ਸਮਝਣ ਦੀ ਸ਼ਕਤੀ ਵਰਤ ਕੇ ਯਹੋਵਾਹ ਨੂੰ ਪਿਆਰ ਕਰਦੇ ਹਾਂ। ਇਸ ਤਰ੍ਹਾਂ ਯਿਸੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਯਹੋਵਾਹ ਨੂੰ ਪੂਰੀ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ।

8. ਅਸੀਂ ਪਰਮੇਸ਼ੁਰ ਨੂੰ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ?

8 ਹਰ ਰੋਜ਼ ਬਾਈਬਲ ਦੀ ਸਟੱਡੀ ਕਰ ਕੇ, ਪਰਮੇਸ਼ੁਰ ਦੇ ਮਕਸਦ ਅਨੁਸਾਰ ਕੰਮ ਕਰ ਕੇ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਉਸ ਨੂੰ ਪਿਆਰ ਕਰਦੇ ਹਾਂ। (ਮੱਤੀ  24:14; ਰੋਮੀ. 12:1, 2) ਪਰਮੇਸ਼ੁਰ ਨਾਲ ਸੱਚਾ ਪਿਆਰ ਹੋਣ ਕਰਕੇ ਅਸੀਂ ਉਸ ਦੇ ਹੋਰ ਨੇੜੇ ਜਾਵਾਂਗੇ। (ਯਾਕੂ. 4:8) ਅਸੀਂ ਉਨ੍ਹਾਂ ਸਾਰੇ ਕਾਰਨਾਂ ਦੀ ਲਿਸਟ ਨਹੀਂ ਬਣਾ ਸਕਦੇ ਜਿਨ੍ਹਾਂ ਕਰਕੇ ਸਾਨੂੰ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ। ਪਰ ਆਓ ਆਪਾਂ ਕੁਝ ਕਾਰਨਾਂ ’ਤੇ ਗੌਰ ਕਰੀਏ।

ਯਹੋਵਾਹ ਨੂੰ ਪਿਆਰ ਕਰਨ ਦੇ ਕਾਰਨ

9. ਤੁਸੀਂ ਯਹੋਵਾਹ ਨੂੰ ਪਿਆਰ ਕਿਉਂ ਕਰਦੇ ਹੋ?

9 ਯਹੋਵਾਹ ਸਾਡਾ ਸਿਰਜਣਹਾਰ ਹੈ ਅਤੇ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ। ਪੌਲੁਸ ਨੇ ਕਿਹਾ: “ਉਸੇ ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ, ਉਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ ਤੇ ਉਸੇ ਕਰਕੇ ਅਸੀਂ ਹੋਂਦ ਵਿਚ ਹਾਂ।” (ਰਸੂ. 17:28) ਯਹੋਵਾਹ ਨੇ ਇਹ ਸੋਹਣੀ ਧਰਤੀ ਸਾਨੂੰ ਰਹਿਣ ਨੂੰ ਦਿੱਤੀ ਹੈ। (ਜ਼ਬੂ. 115:16) ਉਹ ਸਾਨੂੰ ਜੀਉਂਦੇ ਰਹਿਣ ਲਈ ਭੋਜਨ ਅਤੇ ਹੋਰ ਚੀਜ਼ਾਂ ਵੀ ਦਿੰਦਾ ਹੈ। ਇਸ ਲਈ ਪੌਲੁਸ ਲੁਸਤ੍ਰਾ ਦੇ ਮੂਰਤੀ-ਪੂਜਕਾਂ ਨੂੰ ਕਹਿ ਸਕਿਆ ਕਿ ‘ਜੀਉਂਦਾ ਪਰਮੇਸ਼ੁਰ ਦਿਖਾਉਂਦਾ ਰਿਹਾ ਕਿ ਉਹ ਕੌਣ ਹੈ ਅਤੇ ਕਿਹੋ ਜਿਹਾ ਪਰਮੇਸ਼ੁਰ ਹੈ। ਇਸ ਗੱਲ ਦੀ ਗਵਾਹੀ ਦੇਣ ਲਈ ਉਹ ਆਕਾਸ਼ੋਂ ਮੀਂਹ ਵਰ੍ਹਾਉਂਦਾ ਰਿਹਾ ਤੇ ਤੁਹਾਨੂੰ ਭਰਪੂਰ ਫ਼ਸਲਾਂ ਦਿੰਦਾ ਰਿਹਾ। ਇਸ ਤਰ੍ਹਾਂ ਉਸ ਨੇ ਤੁਹਾਨੂੰ ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦਿੱਤੀਆਂ ਅਤੇ ਤੁਹਾਡੇ ਦਿਲਾਂ ਨੂੰ ਖ਼ੁਸ਼ੀਆਂ ਨਾਲ ਭਰ ਦਿੱਤਾ।’ (ਰਸੂ. 14:15-17) ਕੀ ਸਾਨੂੰ ਸਭ ਕੁਝ ਦੇਣ ਵਾਲੇ ਆਪਣੇ ਮਹਾਨ ਸਿਰਜਣਹਾਰ ਨੂੰ ਪਿਆਰ ਕਰਨ ਦਾ ਇਹ ਇਕ ਵਧੀਆ ਕਾਰਨ ਨਹੀਂ ਹੈ?ਉਪ. 12:1.

10. ਤੁਸੀਂ ਯਿਸੂ ਮਸੀਹ ਦੇ ਬਲੀਦਾਨ ਬਾਰੇ ਕਿੱਦਾਂ ਮਹਿਸੂਸ ਕਰਦੇ ਹੋ?

10 ਪਰਮੇਸ਼ੁਰ ਆਦਮ ਤੋਂ ਵਿਰਸੇ ਵਿਚ ਮਿਲੇ ਪਾਪ ਅਤੇ ਮੌਤ ਨੂੰ ਖ਼ਤਮ ਕਰੇਗਾ। (ਰੋਮੀ. 5:12) ਸੱਚ-ਮੁੱਚ “ਪਰਮੇਸ਼ੁਰ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਇਸ ਤਰ੍ਹਾਂ ਦਿੰਦਾ ਹੈ: ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ।” (ਰੋਮੀ. 5:8) ਸਾਡੇ ਦਿਲ ਯਹੋਵਾਹ ਲਈ ਪਿਆਰ ਨਾਲ ਭਰ ਜਾਂਦੇ ਹਨ ਕਿਉਂਕਿ ਉਸ ਨੇ ਸਾਡੇ ਲਈ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ। ਜੇ ਅਸੀਂ ਆਪਣੇ ਪਾਪਾਂ ਤੋਂ ਪਛਤਾਉਂਦੇ ਹਾਂ ਅਤੇ ਯਿਸੂ ਮਸੀਹ ਦੇ ਬਲੀਦਾਨ ’ਤੇ ਵਿਸ਼ਵਾਸ ਕਰਦੇ ਹਾਂ, ਤਾਂ ਸਾਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲਦੀ ਹੈ।ਯੂਹੰ. 3:16.

11, 12. ਯਹੋਵਾਹ ਨੇ ਸਾਡੇ ਨਾਲ ਕੀ ਵਾਅਦੇ ਕੀਤੇ ਹਨ?

11 ਯਹੋਵਾਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਦਿੰਦਾ ਹੈ। (ਰੋਮੀ. 15:13) ਜਦ ਸਾਡੀ ਨਿਹਚਾ ਦੀ ਪਰਖ ਹੁੰਦੀ ਹੈ, ਤਾਂ ਇਹ ਉਮੀਦ ਸਾਨੂੰ ਸਹਿਣ ਦੀ ਤਾਕਤ ਦਿੰਦੀ ਹੈ। ਜਿਹੜੇ ਚੁਣੇ ਹੋਏ ਮਸੀਹੀ ‘ਮੌਤ ਤਕ ਵਫ਼ਾਦਾਰ ਰਹਿਣਗੇ, ਉਨ੍ਹਾਂ ਨੂੰ ਸਵਰਗੀ ਜ਼ਿੰਦਗੀ ਦਾ ਇਨਾਮ ਮਿਲੇਗਾ।’ (ਪ੍ਰਕਾ. 2:10) ਦੂਜੇ ਵਫ਼ਾਦਾਰ ਸੇਵਕਾਂ ਨੂੰ ਸੋਹਣੀ ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ ਅਤੇ ਬਰਕਤਾਂ ਮਿਲਣਗੀਆਂ। (ਲੂਕਾ 23:43) ਅਸੀਂ ਆਪਣੀ ਉਮੀਦ ਬਾਰੇ ਕਿੱਦਾਂ ਮਹਿਸੂਸ ਕਰਦੇ ਹਾਂ? ਇਸ ਉਮੀਦ ਕਰਕੇ ਸਾਨੂੰ ਖ਼ੁਸ਼ੀ ਤੇ ਸ਼ਾਂਤੀ ਮਿਲਦੀ ਹੈ ਅਤੇ ਸਾਡੇ ਦਿਲ ਪਰਮੇਸ਼ੁਰ ਲਈ ਪਿਆਰ ਨਾਲ ਭਰ ਜਾਂਦੇ ਹਨ ਜੋ ਸਾਨੂੰ “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਦਿੰਦਾ ਹੈ।ਯਾਕੂ. 1:17.

12 ਪਰਮੇਸ਼ੁਰ ਨੇ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦੇ ਕਰਨ ਦਾ ਵਾਅਦਾ ਕੀਤਾ ਹੈ। (ਰਸੂ. 24:15) ਅਸੀਂ ਉਦੋਂ ਬਹੁਤ ਦੁਖੀ ਹੁੰਦੇ ਹਾਂ ਜਦੋਂ ਕੋਈ ਸਾਡਾ ਆਪਣਾ ਮਰ ਜਾਂਦਾ ਹੈ। ਪਰ ਸਾਡੇ ਕੋਲ ਮਰ ਚੁੱਕੇ ਲੋਕਾਂ ਨੂੰ ਭਵਿੱਖ ਵਿਚ ਦੁਬਾਰਾ ਜੀਉਂਦੇ ਦੇਖਣ ਦੀ ਉਮੀਦ ਹੈ। ਇਸ ਕਰਕੇ ‘ਅਸੀਂ ਬਾਕੀ ਲੋਕਾਂ ਵਾਂਗ ਸੋਗ ਨਹੀਂ ਮਨਾਉਂਦੇ ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ।’ (1 ਥੱਸ. 4:13) ਲੋਕਾਂ ਨਾਲ ਪਿਆਰ ਹੋਣ ਕਰਕੇ ਯਹੋਵਾਹ ਮਰ ਚੁੱਕੇ ਲੋਕਾਂ ਨੂੰ ਜੀਉਂਦੇ ਕਰਨ ਲਈ ਬੇਤਾਬ ਹੈ, ਖ਼ਾਸ ਕਰਕੇ ਅੱਯੂਬ ਵਰਗੇ ਵਫ਼ਾਦਾਰ ਲੋਕਾਂ ਨੂੰ। (ਅੱਯੂ. 14:15) ਕਲਪਨਾ ਕਰੋ ਕਿ ਸਾਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੋਵੇਗੀ ਜਦ ਬੱਚੇ ਆਪਣੇ ਮਾਪਿਆਂ ਅਤੇ ਦੋਸਤਾਂ ਨੂੰ ਦੁਬਾਰਾ ਮਿਲਣਗੇ। ਕੀ ਆਪਣੇ ਸਵਰਗੀ ਪਿਤਾ ਲਈ ਸਾਡਾ ਦਿਲ ਪਿਆਰ ਨਾਲ ਨਹੀਂ ਭਰ ਜਾਂਦਾ ਜਿਸ ਨੇ ਸਾਨੂੰ ਇਹ ਸ਼ਾਨਦਾਰ ਉਮੀਦ ਦਿੱਤੀ ਹੈ?

13. ਅਸੀਂ ਕਿੱਦਾਂ ਜਾਣਦੇ ਹਾਂ ਕਿ ਪਰਮੇਸ਼ੁਰ ਨੂੰ ਸੱਚ-ਮੁੱਚ ਸਾਡਾ ਫ਼ਿਕਰ ਹੈ?

13 ਯਹੋਵਾਹ ਨੂੰ ਸੱਚ-ਮੁੱਚ ਸਾਡਾ ਫ਼ਿਕਰ ਹੈ। (ਜ਼ਬੂਰਾਂ ਦੀ ਪੋਥੀ 34:6, 18, 19; 1 ਪਤਰਸ 5:6, 7 ਪੜ੍ਹੋ।) ਅਸੀਂ ਜਾਣਦੇ ਹਾਂ ਕਿ ਸਾਡਾ ਪਿਆਰਾ ਪਰਮੇਸ਼ੁਰ ਵਫ਼ਾਦਾਰ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਪਰਮੇਸ਼ੁਰ ਦੀਆਂ ਭੇਡਾਂ ਹੋਣ ਕਰਕੇ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ। (ਜ਼ਬੂ. 79:13) ਇਸ ਤੋਂ ਇਲਾਵਾ, ਮਸੀਹ ਦੇ ਰਾਜ ਵਿਚ ਪਰਮੇਸ਼ੁਰ ਸਾਡੇ ਲਈ ਬਹੁਤ ਕੁਝ ਕਰ ਕੇ ਦਿਖਾਵੇਗਾ ਕਿ ਉਹ ਸਾਡੇ ਨਾਲ ਕਿੰਨਾ ਪਿਆਰ ਕਰਦਾ ਹੈ। ਪਰਮੇਸ਼ੁਰ ਆਪਣੇ ਚੁਣੇ ਹੋਏ ਰਾਜੇ ਯਿਸੂ ਮਸੀਹ ਦੁਆਰਾ ਧਰਤੀ ਤੋਂ ਜ਼ੁਲਮ, ਹਿੰਸਾ ਅਤੇ ਬੁਰਾਈ ਨੂੰ ਖ਼ਤਮ ਕਰੇਗਾ ਅਤੇ ਆਗਿਆਕਾਰ ਲੋਕਾਂ ਨੂੰ ਧਰਤੀ ’ਤੇ ਹਮੇਸ਼ਾ ਲਈ ਸ਼ਾਂਤੀ ਅਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਦੇਵੇਗਾ। (ਜ਼ਬੂ. 72:7, 12-14, 16) ਜਦ ਅਸੀਂ ਇਨ੍ਹਾਂ ਵਾਅਦਿਆਂ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਨੂੰ ਆਪਣੇ ਦਿਲ, ਜਾਨ, ਸ਼ਕਤੀ ਅਤੇ ਬੁੱਧ ਨਾਲ ਪਿਆਰ ਕਰਨ ਲਈ ਉਭਾਰੇ ਜਾਂਦੇ ਹਾਂ।ਲੂਕਾ 10:27.

14. ਪਰਮੇਸ਼ੁਰ ਨੇ ਸਾਨੂੰ ਕਿਹੜਾ ਸਨਮਾਨ ਦਿੱਤਾ ਹੈ?

 14 ਯਹੋਵਾਹ ਨੇ ਸਾਨੂੰ ਉਸ ਦੇ ਗਵਾਹ ਬਣਨ ਦਾ ਸਨਮਾਨ ਦਿੱਤਾ ਹੈ। (ਯਸਾ. 43:10-12) ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਕਿਉਂਕਿ ਉਸ ਨੇ ਸਾਨੂੰ ਰਾਜ ਦੇ ਪੱਖ ਵਿਚ ਖੜ੍ਹੇ ਹੋਣ ਅਤੇ ਦੁੱਖਾਂ ਵਿਚ ਫਸੇ ਲੋਕਾਂ ਨੂੰ ਉਮੀਦ ਦੇਣ ਦਾ ਮੌਕਾ ਦਿੱਤਾ ਹੈ। ਅਸੀਂ ਪੂਰੀ ਨਿਹਚਾ ਤੇ ਭਰੋਸੇ ਨਾਲ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕਦੇ ਹਾਂ ਕਿਉਂਕਿ ਸਾਡਾ ਸੰਦੇਸ਼ ਪਰਮੇਸ਼ੁਰ ਦੇ ਬਚਨ ਬਾਈਬਲ ਤੋਂ ਹੈ ਅਤੇ ਉਸ ਦੇ ਵਾਅਦੇ ਹਮੇਸ਼ਾ ਪੂਰੇ ਹੁੰਦੇ ਹਨ। (ਯਹੋਸ਼ੁਆ 21:45; 23:14 ਪੜ੍ਹੋ।) ਸੱਚ-ਮੁੱਚ ਯਹੋਵਾਹ ਨੂੰ ਪਿਆਰ ਕਰਨ ਦੇ ਬਹੁਤ ਸਾਰੇ ਕਾਰਨ ਹਨ। ਪਰ ਅਸੀਂ ਕਿੱਦਾਂ ਸਾਬਤ ਕਰ ਸਕਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ?

ਪਰਮੇਸ਼ੁਰ ਲਈ ਪਿਆਰ ਦਿਖਾਉਣ ਦੇ ਤਰੀਕੇ

15. ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰਨ ਨਾਲ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਨਾਲ ਸਾਡੀ ਕਿੱਦਾਂ ਮਦਦ ਹੋ ਸਕਦੀ ਹੈ?

15 ਧਿਆਨ ਨਾਲ ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰੋ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰੋ। ਇੱਦਾਂ ਕਰਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਉਸ ਦਾ ਬਚਨ ‘ਸਾਡੇ ਰਾਹ ਦਾ ਚਾਨਣ’ ਬਣੇ। (ਜ਼ਬੂ. 119:105) ਜਦ ਅਸੀਂ ਦੁੱਖ ਝੱਲ ਰਹੇ ਹੁੰਦੇ ਹਾਂ, ਤਾਂ ਅਸੀਂ ਇਨ੍ਹਾਂ ਵਾਅਦਿਆਂ ਤੋਂ ਦਿਲਾਸਾ ਪਾ ਸਕਦੇ ਹਾਂ: “ਹੇ ਪਰਮੇਸ਼ੁਰ, ਟੁੱਟੇ ਅਤੇ ਆਜਿਜ਼ ਦਿਲ ਨੂੰ ਤੂੰ ਤੁੱਛ ਨਾ ਜਾਣੇਂਗਾ।” “ਹੇ ਯਹੋਵਾਹ, ਤੇਰੀ ਦਯਾ ਮੈਨੂੰ ਸਮਾਲ੍ਹਦੀ ਸੀ। ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।” (ਜ਼ਬੂ. 51:17; 94:18, 19) ਯਹੋਵਾਹ ਦੁਖੀ ਲੋਕਾਂ ’ਤੇ ਦਇਆ ਕਰਦਾ ਹੈ ਅਤੇ ਯਿਸੂ ਨੂੰ ਵੀ ਲੋਕਾਂ ’ਤੇ ਤਰਸ ਆਉਂਦਾ ਹੈ। (ਯਸਾ. 49:13; ਮੱਤੀ 15:32) ਬਾਈਬਲ ਦੀ ਸਟੱਡੀ ਕਰ ਕੇ ਅਸੀਂ ਸਿੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ। ਇਹ ਜਾਣ ਕੇ ਯਹੋਵਾਹ ਲਈ ਸਾਡਾ ਪਿਆਰ ਹੋਰ ਗਹਿਰਾ ਹੋਵੇਗਾ।

16. ਲਗਾਤਾਰ ਪ੍ਰਾਰਥਨਾ ਕਰਨ ਨਾਲ ਪਰਮੇਸ਼ੁਰ ਲਈ ਸਾਡਾ ਪਿਆਰ ਕਿਵੇਂ ਵਧ ਸਕਦਾ ਹੈ?

16 ਪਰਮੇਸ਼ੁਰ ਨੂੰ ਲਗਾਤਾਰ ਪ੍ਰਾਰਥਨਾ ਕਰੋ। ਸਾਡੀਆਂ ਪ੍ਰਾਰਥਨਾਵਾਂ ਸਾਨੂੰ “ਪ੍ਰਾਰਥਨਾ ਦੇ ਸੁਣਨ ਵਾਲੇ” ਦੇ ਨੇੜੇ ਲੈ ਕੇ ਜਾਂਦੀਆਂ ਹਨ। (ਜ਼ਬੂ. 65:2) ਜਦ ਅਸੀਂ ਜਾਣ ਜਾਂਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇ ਰਿਹਾ ਹੈ, ਤਾਂ ਉਸ ਲਈ ਸਾਡਾ ਪਿਆਰ ਹੋਰ ਵੀ ਵਧਦਾ ਹੈ। ਮਿਸਾਲ ਲਈ, ਸ਼ਾਇਦ ਅਸੀਂ ਆਪਣੇ ਤਜਰਬੇ ਤੋਂ ਦੇਖਿਆ ਹੋਣਾ ਕਿ ਅਸੀਂ ਜਿੰਨਾ ਬਰਦਾਸ਼ਤ ਕਰ ਸਕਦੇ ਹਾਂ, ਉਸ ਤੋਂ ਵੱਧ ਪਰਮੇਸ਼ੁਰ ਸਾਨੂੰ ਪਰੀਖਿਆ ਵਿਚ ਨਹੀਂ ਪੈਣ ਦਿੰਦਾ। (1 ਕੁਰਿੰ. 10:13) ਕੋਈ ਚਿੰਤਾ ਹੋਣ ਤੇ ਜਦ ਅਸੀਂ ਯਹੋਵਾਹ ਨੂੰ ਮਦਦ ਲਈ ਦਿਲੋਂ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ “ਪਰਮੇਸ਼ੁਰ ਦੀ ਸ਼ਾਂਤੀ” ਪਾ ਸਕਦੇ ਹਾਂ। (ਫ਼ਿਲਿ. 4:6, 7) ਕਦੇ-ਕਦੇ ਅਸੀਂ ਨਹਮਯਾਹ ਦੀ ਤਰ੍ਹਾਂ ਮਨ ਹੀ ਮਨ ਪ੍ਰਾਰਥਨਾ ਕਰਦੇ ਹਾਂ ਤੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਯਹੋਵਾਹ ਸਾਡੀ ਪ੍ਰਾਰਥਨਾ ਦਾ ਜਵਾਬ ਦੇ ਰਿਹਾ ਹੈ। (ਨਹ. 2:1-6) ਜਦੋਂ ਅਸੀਂ “ਪ੍ਰਾਰਥਨਾ ਕਰਨ ਵਿਚ ਲੱਗੇ” ਰਹਿੰਦੇ ਹਾਂ ਅਤੇ ਮਹਿਸੂਸ  ਕਰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਰਿਹਾ ਹੈ, ਤਾਂ ਉਸ ਲਈ ਸਾਡਾ ਪਿਆਰ ਵਧਦਾ ਹੈ। ਨਾਲੇ ਜਦੋਂ ਸਾਡੀ ਨਿਹਚਾ ਪਰਖੀ ਜਾਂਦੀ ਹੈ, ਤਾਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਇਨ੍ਹਾਂ ਪਰੀਖਿਆਵਾਂ ਦੌਰਾਨ ਵੀ ਸਾਡੀ ਮਦਦ ਕਰੇਗਾ।ਰੋਮੀ. 12:12.

17. ਜੇ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਮੀਟਿੰਗਾਂ ’ਤੇ ਹਾਜ਼ਰ ਹੋਣ ਨੂੰ ਕਿੱਦਾਂ ਵਿਚਾਰਾਂਗੇ?

17 ਮੀਟਿੰਗਾਂ, ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਤੇ ਹਾਜ਼ਰ ਹੋਣ ਦੀ ਆਦਤ ਪਾਓ। (ਇਬ. 10:24, 25) ਇਜ਼ਰਾਈਲੀ ਯਹੋਵਾਹ ਬਾਰੇ ਸੁਣਨ ਅਤੇ ਸਿੱਖਣ ਲਈ ਇਕੱਠੇ ਹੁੰਦੇ ਸਨ ਤਾਂਕਿ ਉਹ ਪੂਰੀ ਸ਼ਰਧਾ ਨਾਲ ਯਹੋਵਾਹ ਦੀ ਭਗਤੀ ਕਰ ਸਕਣ ਅਤੇ ਉਸ ਦੇ ਕਾਨੂੰਨਾਂ ਨੂੰ ਮੰਨ ਸਕਣ। (ਬਿਵ. 31:12) ਜੇ ਅਸੀਂ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਹਾਂ, ਤਾਂ ਮੀਟਿੰਗਾਂ ’ਤੇ ਲਗਾਤਾਰ ਹਾਜ਼ਰ ਹੋਣਾ ਸਾਨੂੰ ਬੋਝ ਨਹੀਂ ਲੱਗੇਗਾ। (1 ਯੂਹੰਨਾ 5:3 ਪੜ੍ਹੋ।) ਆਓ ਫਿਰ ਅਸੀਂ ਮੀਟਿੰਗਾਂ ’ਤੇ ਹਾਜ਼ਰ ਹੋਣ ਵਿਚ ਕਿਸੇ ਵੀ ਚੀਜ਼ ਨੂੰ ਕਦੇ ਅੜਿੱਕਾ ਨਾ ਬਣਨ ਦੇਈਏ। ਸਾਨੂੰ ਯਹੋਵਾਹ ਲਈ ਆਪਣੇ ਪਿਆਰ ਨੂੰ ਕਦੇ ਘਟਣ ਨਹੀਂ ਦੇਣਾ ਚਾਹੀਦਾ।ਪ੍ਰਕਾ. 2:4.

18. ਪਰਮੇਸ਼ੁਰ ਲਈ ਸਾਡਾ ਪਿਆਰ ਸਾਨੂੰ ਕੀ ਕਰਨ ਲਈ ਉਕਸਾਉਂਦਾ ਹੈ?

18 ਜੋਸ਼ ਨਾਲ “ਖ਼ੁਸ਼ ਖ਼ਬਰੀ ਦੀ ਸੱਚਾਈ” ਦੂਜਿਆਂ ਨਾਲ ਸਾਂਝੀ ਕਰੋ। (ਗਲਾ. 2:5) ਪਰਮੇਸ਼ੁਰ ਲਈ ਸਾਡਾ ਪਿਆਰ ਸਾਨੂੰ ਉਸ ਦੇ ਪਿਆਰੇ ਪੁੱਤਰ ਦੇ ਰਾਜ ਬਾਰੇ ਦੱਸਣ ਲਈ ਉਕਸਾਉਂਦਾ ਹੈ ਜੋ ਆਰਮਾਗੇਡਨ ਵੇਲੇ ‘ਸਤ ਲਈ ਆਪਣੀ ਸ਼ਾਹੀ ਜਿੱਤ ਦੀ ਸਵਾਰੀ ਕਰੇਗਾ।’ (ਜ਼ਬੂ. 45:4, CL; ਪ੍ਰਕਾ. 16:14, 16) ਸੱਚ-ਮੁੱਚ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿਉਂਕਿ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਪਿਆਰ ਅਤੇ ਉਸ ਦੀ ਨਵੀਂ ਦੁਨੀਆਂ ਬਾਰੇ ਸਿਖਾਉਂਦੇ ਹਾਂ।ਮੱਤੀ 28:19, 20.

19. ਸਾਨੂੰ ਮੰਡਲੀ ਦੇ ਬਜ਼ੁਰਗਾਂ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ?

19 ਮੰਡਲੀ ਦੇ ਬਜ਼ੁਰਗਾਂ ਦੀ ਕਦਰ ਕਰੋ। (ਰਸੂ. 20:28) ਯਹੋਵਾਹ ਸਾਡਾ ਭਲਾ ਚਾਹੁੰਦਾ ਹੈ, ਇਸ ਲਈ ਉਸ ਨੇ ਬਜ਼ੁਰਗਾਂ ਦਾ ਪ੍ਰਬੰਧ ਕੀਤਾ ਹੈ। ਬਜ਼ੁਰਗ ਸਾਡੇ ਲਈ ‘ਪੌਣ ਤੋਂ ਲੁੱਕਣ ਦੇ ਥਾਂ ਜਿਹੇ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹੇ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹੇ ਹਨ।’ (ਯਸਾ. 32:1, 2) ਅਸੀਂ ਕਿੰਨੇ ਸ਼ੁਕਰਗੁਜ਼ਾਰ ਹੁੰਦੇ ਹਾਂ ਜਦ ਸਾਨੂੰ ਮੀਂਹ-ਹਨੇਰੀ ਤੋਂ ਬਚਣ ਲਈ ਕੋਈ ਜਗ੍ਹਾ ਮਿਲ ਜਾਂਦੀ ਹੈ। ਸਾਨੂੰ ਉਦੋਂ ਕਿੰਨਾ ਵਧੀਆ ਲੱਗਦਾ ਹੈ ਜਦ ਤੇਜ਼ ਧੁੱਪ ਵਿਚ ਸਾਨੂੰ ਕਿਸੇ ਚਟਾਨ ਦੀ ਛਾਵੇਂ ਖੜ੍ਹੇ ਹੋਣ ਦੀ ਜਗ੍ਹਾ ਮਿਲਦੀ ਹੈ। ਇਸੇ ਤਰ੍ਹਾਂ ਬਜ਼ੁਰਗ ਜ਼ਿੰਦਗੀ ਦੇ ਔਖੇ ਹਾਲਾਤਾਂ ਵਿਚ ਯਹੋਵਾਹ ਦੀ ਭਗਤੀ ਕਰਨ ਵਿਚ ਸਾਡੀ ਮਦਦ ਕਰਦੇ ਹਨ ਅਤੇ ਸਾਨੂੰ ਹੌਸਲਾ ਦਿੰਦੇ ਹਨ। ਬਜ਼ੁਰਗਾਂ ਦਾ ਕਹਿਣਾ ਮੰਨ ਕੇ ਅਸੀਂ ਉਨ੍ਹਾਂ ਦੀ ਕਦਰ ਕਰਦੇ ਹਾਂ ਅਤੇ ਪਰਮੇਸ਼ੁਰ ਤੇ ਮੰਡਲੀ ਦੇ ਮੁਖੀ ਮਸੀਹ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ।ਅਫ਼. 4:8; 5:23; ਇਬ. 13:17.

ਯਹੋਵਾਹ ਨੇ ਬਜ਼ੁਰਗਾਂ ਦਾ ਪ੍ਰਬੰਧ ਕੀਤਾ ਹੈ ਜੋ ਭੈਣਾਂ-ਭਰਾਵਾਂ ਦੀ ਗੱਲ ਸੁਣਦੇ ਹਨ ਤੇ ਉਨ੍ਹਾਂ ਦੀ ਦੇਖ-ਭਾਲ ਕਰਦੇ ਹਨ (ਪੈਰਾ 19 ਦੇਖੋ)

ਪਰਮੇਸ਼ੁਰ ਲਈ ਆਪਣੇ ਪਿਆਰ ਨੂੰ ਵਧਾਉਂਦੇ ਰਹੋ

20. ਜੇ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਯਾਕੂਬ 1:22-25 ਮੁਤਾਬਕ ਕੀ ਕਰੋਗੇ?

20 ਜੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੈ, ਤਾਂ ਤੁਸੀਂ ਬਚਨ ਉੱਤੇ ਚੱਲਣ ਵਾਲੇ ਬਣੋਗੇ, ਨਾ ਕਿ ਸਿਰਫ਼ ਸੁਣਨ ਵਾਲੇ। (ਯਾਕੂਬ 1:22-25 ਪੜ੍ਹੋ।) ‘ਬਚਨ ਉੱਤੇ ਚੱਲਣ ਵਾਲਾ’ ਮਸੀਹੀ ਜੋਸ਼ ਨਾਲ ਪ੍ਰਚਾਰ ਅਤੇ ਮੀਟਿੰਗਾਂ ਵਿਚ ਹਿੱਸਾ ਲਵੇਗਾ। ਯਹੋਵਾਹ ਨੂੰ ਪਿਆਰ ਕਰਨ ਕਰਕੇ ਤੁਸੀਂ ਉਸ ਦਾ “ਮੁਕੰਮਲ ਕਾਨੂੰਨ” ਮੰਨੋਗੇ ਯਾਨੀ ਉਹ ਸਭ ਕੁਝ ਕਰੋਗੇ ਜੋ ਉਹ ਤੁਹਾਡੇ ਤੋਂ ਚਾਹੁੰਦਾ ਹੈ।ਜ਼ਬੂ. 19:7-11.

21. ਤੁਸੀਂ ਆਪਣੀਆਂ ਪ੍ਰਾਰਥਨਾਵਾਂ ਦੀ ਤੁਲਨਾ ਕਿਸ ਚੀਜ਼ ਨਾਲ ਕਰ ਸਕਦੇ ਹੋ?

21 ਯਹੋਵਾਹ ਨੂੰ ਪਿਆਰ ਕਰਨ ਕਰਕੇ ਅਸੀਂ ਲਗਾਤਾਰ ਪ੍ਰਾਰਥਨਾ ਕਰਨ ਵਿਚ ਲੱਗੇ ਰਹਿੰਦੇ ਹਾਂ। ਇਜ਼ਰਾਈਲ ਵਿਚ ਮੂਸਾ ਦੇ ਕਾਨੂੰਨ ਮੁਤਾਬਕ ਪੁਜਾਰੀ ਹਰ ਰੋਜ਼ ਯਹੋਵਾਹ ਲਈ ਧੂਪ ਧੁਖਾਉਂਦੇ ਸਨ। ਰਾਜਾ ਦਾਊਦ ਨੇ ਇਕ ਗੀਤ ਵਿਚ ਆਪਣੀਆਂ ਪ੍ਰਾਰਥਨਾਵਾਂ ਦੀ ਤੁਲਨਾ ਧੂਪ ਨਾਲ ਕਰਦੇ ਹੋਏ ਕਿਹਾ ਸੀ: “ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਙੁ ਠਹਿਰੇ, ਅਤੇ ਮੇਰੇ ਹੱਥਾਂ ਦਾ ਉਠਾਉਣਾ ਸੰਝ ਦੀ ਭੇਟ ਵਰਗਾ ਹੋਵੇ।” (ਜ਼ਬੂ. 141:2; ਕੂਚ 30:7, 8) ਜੇ ਅਸੀਂ ਨਿਮਰਤਾ ਨਾਲ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰਦੇ ਹਾਂ ਅਤੇ ਉਸ ਦਾ ਧੰਨਵਾਦ ਤੇ ਵਡਿਆਈ ਕਰਦੇ ਹਾਂ, ਤਾਂ ਸਾਡੀਆਂ ਪ੍ਰਾਰਥਨਾਵਾਂ ਯਹੋਵਾਹ ਲਈ ਧੂਪ ਦੀ ਤਰ੍ਹਾਂ ਹੋਣਗੀਆਂ ਅਤੇ ਉਸ ਦੇ ਜੀ ਨੂੰ ਖ਼ੁਸ਼ ਕਰਨਗੀਆਂ।ਪ੍ਰਕਾ. 5:8.

22. ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

22 ਯਿਸੂ ਨੇ ਕਿਹਾ ਕਿ ਸਾਨੂੰ ਪਰਮੇਸ਼ੁਰ ਅਤੇ ਆਪਣੇ ਗੁਆਂਢੀ ਨੂੰ ਪਿਆਰ ਕਰਨਾ ਚਾਹੀਦਾ ਹੈ। (ਮੱਤੀ 22:37-39) ਯਹੋਵਾਹ ਅਤੇ ਉਸ ਦੇ ਅਸੂਲਾਂ ਨੂੰ ਪਿਆਰ ਕਰਨ ਕਰਕੇ ਅਸੀਂ ਆਪਣੇ ਗੁਆਂਢੀ ਨੂੰ ਪਿਆਰ ਕਰਨਾ ਸਿੱਖਾਂਗੇ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਆਪਣੇ ਗੁਆਂਢੀ ਨੂੰ ਪਿਆਰ ਕਰਨ ਦਾ ਕੀ ਮਤਲਬ ਹੈ।