Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਪੁਰਾਣੇ ਜ਼ਮਾਨੇ ਵਿਚ ਕਿਸ਼ਤੀਆਂ ਬਣਾਉਣ ਵਾਲੇ ਕਿਸ਼ਤੀਆਂ ਅੰਦਰ ਪਾਣੀ ਜਾਣ ਤੋਂ ਕਿਵੇਂ ਰੋਕਦੇ ਸਨ?

ਲਾਈਨਲ ਕਾਸਨ ਪੁਰਾਣੇ ਜਹਾਜ਼ਾਂ ਦਾ ਇਕ ਮਾਹਰ ਹੈ। ਉਹ ਸਮਝਾਉਂਦਾ ਹੈ ਕਿ ਰੋਮੀਆਂ ਦੇ ਜ਼ਮਾਨੇ ਵਿਚ ਕਿਸ਼ਤੀਆਂ ਬਣਾਉਣ ਵਾਲੇ ਆਪਣੀਆਂ ਕਿਸ਼ਤੀਆਂ ਦੇ ਫੱਟਿਆਂ ਨੂੰ ਜੋੜਨ ਤੋਂ ਬਾਅਦ ਕੀ ਕਰਦੇ ਸਨ। ਉਦੋਂ ਇਹ ਆਮ ਹੀ ਸੀ ਕਿ ਉਹ “ਕਿਸ਼ਤੀ ਦੇ ਫੱਟਿਆਂ ਦੀਆਂ ਝੀਤਾਂ ਨੂੰ ਭਰਨ ਜਾਂ ਇੱਥੋਂ ਤਕ ਕਿ ਕਿਸ਼ਤੀ ਦੇ ਪੂਰੇ ਢਾਂਚੇ ਨੂੰ ਬਾਹਰੋਂ ਲਿੱਪਣ ਲਈ ਲੁੱਕ ਜਾਂ ਲੁੱਕ ਤੇ ਮੋਮ ਵਰਤਦੇ ਸਨ। ਉਹ ਕਿਸ਼ਤੀ ਨੂੰ ਅੰਦਰੋਂ ਲੁੱਕ ਨਾਲ ਲਿੱਪਦੇ ਸਨ।” ਰੋਮੀ ਲੋਕਾਂ ਤੋਂ ਪਹਿਲਾਂ ਅੱਕਾਦੀ ਅਤੇ ਬਾਬਲੀ ਲੋਕ ਵੀ ਕਿਸ਼ਤੀਆਂ ਨੂੰ ਲੁੱਕ ਨਾਲ ਲਿੱਪਦੇ ਸਨ।

ਇਸ ਤਰ੍ਹਾਂ ਦੀ ਪਿਘਲੀ ਹੋਈ ਲੁੱਕ ਬਾਈਬਲ ਵਿਚ ਦੱਸੇ ਦੇਸ਼ਾਂ ਵਿਚ ਬਹੁਤ ਮਿਲਦੀ ਸੀ

ਇਬਰਾਨੀ ਲਿਖਤਾਂ ਵਿਚ ਉਤਪਤ 6:14 ਵਿਚ ਇਸੇ ਤਰ੍ਹਾਂ ਦੇ ਤਰੀਕੇ ਬਾਰੇ ਦੱਸਿਆ ਗਿਆ ਹੈ। ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਰਾਲ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਲੁੱਕ। ਇਹ ਇਕ ਤਰ੍ਹਾਂ ਦਾ ਖਣਿਜ ਤੇਲ ਹੈ ਜੋ ਧਰਤੀ ਥੱਲੇ ਕੁਦਰਤੀ ਬਣਦਾ ਹੈ।

ਲੁੱਕ ਦੋ ਰੂਪਾਂ ਵਿਚ ਮਿਲਦੀ ਹੈ, ਪਿਘਲੀ ਹੋਈ ਤੇ ਠੋਸ। ਪੁਰਾਣੇ ਜ਼ਮਾਨੇ ਵਿਚ ਕਿਸ਼ਤੀਆਂ ਬਣਾਉਣ ਵਾਲੇ ਲੋਕ ਪਿਘਲੀ ਲੁੱਕ ਨਾਲ ਆਪਣੀਆਂ ਕਿਸ਼ਤੀਆਂ ਲਿੱਪਦੇ ਸਨ। ਲੁੱਕ ਸੁੱਕਣ ਤੇ ਸਖ਼ਤ ਹੋ ਜਾਂਦੀ ਸੀ ਜਿਸ ਕਰਕੇ ਪਾਣੀ ਕਿਸ਼ਤੀ ਦੇ ਅੰਦਰ ਨਹੀਂ ਜਾ ਸਕਦਾ ਸੀ।

ਬਾਈਬਲ ਵਿਚ ਦੱਸੇ ਦੇਸ਼ਾਂ ਵਿਚ ਬਹੁਤ ਲੁੱਕ ਮਿਲਦੀ ਸੀ। ਮ੍ਰਿਤ ਸਾਗਰ ਦੇ ਇਲਾਕੇ ਵਿਚ ਸਿੱਦੀਮ ਦੀ ਵਾਦੀ ਵਿਚ “ਲੁੱਕ ਨਾਲ ਭਰੀਆਂ ਹੋਈਆਂ ਅਨੇਕਾਂ ਖੱਡਾਂ ਸਨ।”ਉਤਪਤ 14:10, ERV.

ਪ੍ਰਾਚੀਨ ਸਮੇਂ ਵਿਚ ਮੱਛੀਆਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਕਿਹੜੇ ਤਰੀਕੇ ਵਰਤੇ ਜਾਂਦੇ ਸਨ?

ਲੋਕ ਪੁਰਾਣੇ ਸਮੇਂ ਤੋਂ ਹੀ ਮੱਛੀਆਂ ਖਾਂਦੇ ਆਏ ਹਨ। ਯਿਸੂ ਨਾਲ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੇ ਕੁਝ ਰਸੂਲ ਗਲੀਲ ਦੀ ਝੀਲ ’ਤੇ ਮੱਛੀਆਂ ਫੜਦੇ ਹੁੰਦੇ ਸਨ। (ਮੱਤੀ 4:18-22) ਜਿੰਨੀਆਂ ਮੱਛੀਆਂ ਫੜੀਆਂ ਜਾਂਦੀਆਂ ਸਨ, ਉਨ੍ਹਾਂ ਵਿੱਚੋਂ ਕੁਝ ਮੱਛੀਆਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਨੇੜੇ “ਫੈਕਟਰੀਆਂ” ਵਿਚ ਲਿਜਾਇਆ ਜਾਂਦਾ ਸੀ।

ਪ੍ਰਾਚੀਨ ਮਿਸਰੀ ਮਛੇਰਿਆਂ ਦੀ ਲੱਕੜੀ ’ਤੇ ਉੱਕਰੀ ਹੋਈ ਇਕ ਤਸਵੀਰ

ਪ੍ਰਾਚੀਨ ਗਲੀਲ ਵਿਚ ਮੱਛੀਆਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਜਿਹੜਾ ਤਰੀਕਾ ਵਰਤਿਆ ਜਾਂਦਾ ਸੀ, ਉਹ ਤਰੀਕਾ ਅੱਜ ਵੀ ਕੁਝ ਥਾਵਾਂ ’ਤੇ ਵਰਤਿਆ ਜਾਂਦਾ ਹੈ। ਮੱਛੀ ਨੂੰ ਪਹਿਲਾਂ ਅੰਦਰੋਂ ਸਾਫ਼ ਕੀਤਾ ਜਾਂਦਾ ਹੈ ਤੇ ਪਾਣੀ ਨਾਲ ਧੋਤਾ ਜਾਂਦਾ ਹੈ। ਇਹ ਕਰਨ ਤੋਂ ਬਾਅਦ ਇਕ ਕਿਤਾਬ ਦੱਸਦੀ ਹੈ ਕਿ ਅੱਗੇ ਕੀ ਕੀਤਾ ਜਾਂਦਾ ਹੈ: “ਛੋਟੀਆਂ-ਛੋਟੀਆਂ ਲੂਣ ਦੀਆਂ ਡਲੀਆਂ ਮੱਛੀਆਂ ਦੇ ਗਲਫੜਿਆਂ, ਮੂੰਹ ਅਤੇ ਚਮੜੀ ਦੀਆਂ ਪਰਤਾਂ ਵਿਚ ਰਗੜੀਆਂ ਜਾਂਦੀਆਂ ਹਨ। ਮੱਛੀਆਂ ਨੂੰ ਵਿਛਾ ਕੇ ਉਨ੍ਹਾਂ ਉੱਤੇ ਲੂਣ ਪਾਇਆ ਜਾਂਦਾ ਹੈ, ਫਿਰ ਉਨ੍ਹਾਂ ਉੱਤੇ ਹੋਰ ਮੱਛੀਆਂ ਪਾ ਕੇ ਫਿਰ ਲੂਣ ਪਾਇਆ ਜਾਂਦਾ ਹੈ। ਇਸ ਤਰ੍ਹਾਂ ਕਈ ਤਹਿਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਦੇ ਉੱਪਰ-ਥੱਲੇ ਖਜੂਰ ਦੇ ਪੱਤਿਆਂ ਤੋਂ ਬਣੀਆਂ ਚਟਾਈਆਂ ਰੱਖੀਆਂ ਜਾਂਦੀਆਂ ਹਨ। ਤਿੰਨ ਤੋਂ ਪੰਜ ਦਿਨਾਂ ਬਾਅਦ ਮੱਛੀਆਂ ਦੀਆਂ ਇਨ੍ਹਾਂ ਤਹਿਆਂ ਨੂੰ ਪਲਟ ਕੇ ਫਿਰ ਤਿੰਨ ਤੋਂ ਪੰਜ ਦਿਨਾਂ ਤਕ ਸੁਕਾਇਆ ਜਾਂਦਾ ਹੈ। ਇਸ ਦੌਰਾਨ ਮੱਛੀਆਂ ਦੇ ਅੰਦਰੋਂ ਸਾਰੇ ਤਰਲ ਪਦਾਰਥ ਨਿਕਲ ਜਾਂਦੇ ਹਨ ਤੇ ਲੂਣ ਮੱਛੀਆਂ ਦੇ ਧੁਰ ਅੰਦਰ ਤਕ ਚਲਾ ਜਾਂਦਾ ਹੈ। ਸੁੱਕਣ ਤੋਂ ਬਾਅਦ ਮੱਛੀਆਂ ਸਖ਼ਤ ਹੋ ਜਾਂਦੀਆਂ ਹਨ।”

ਇਹ ਪਤਾ ਨਹੀਂ ਕਿ ਇਹ ਤਰੀਕਾ ਵਰਤ ਕੇ ਮੱਛੀਆਂ ਨੂੰ ਖ਼ਰਾਬ ਹੋਣ ਤੋਂ ਕਿੰਨੀ ਦੇਰ ਤਕ ਬਚਾਇਆ ਜਾ ਸਕਦਾ ਸੀ। ਪਰ ਇਹ ਪਤਾ ਹੈ ਕਿ ਪੁਰਾਣੇ ਜ਼ਮਾਨੇ ਦੇ ਮਿਸਰੀ ਲੋਕ ਸੁੱਕੀਆਂ ਮੱਛੀਆਂ ਨੂੰ ਸੀਰੀਆ ਦੇਸ਼ ਭੇਜਦੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਮੱਛੀਆਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਦਾ ਇਹ ਤਰੀਕਾ ਕਾਫ਼ੀ ਵਧੀਆ ਸੀ। ▪ (w14-E 07/01)