Skip to content

Skip to table of contents

ਯਹੋਵਾਹ ਦੇ ਲੋਕ ‘ਬੁਰਾਈ ਨੂੰ ਤਿਆਗਦੇ’ ਹਨ

ਯਹੋਵਾਹ ਦੇ ਲੋਕ ‘ਬੁਰਾਈ ਨੂੰ ਤਿਆਗਦੇ’ ਹਨ

“ਯਹੋਵਾਹ ਦਾ ਨਾਂ ਲੈਣ ਵਾਲਾ ਹਰ ਇਨਸਾਨ ਬੁਰਾਈ ਨੂੰ ਤਿਆਗ ਦੇਵੇ।”2 ਤਿਮੋ. 2:19.

1. ਸਾਡੀ ਭਗਤੀ ਵਿਚ ਕਿਹੜੀ ਚੀਜ਼ ਖ਼ਾਸ ਮਾਅਨੇ ਰੱਖਦੀ ਹੈ?

ਦੁਨੀਆਂ ਭਰ ਵਿਚ ਯਹੋਵਾਹ ਦਾ ਨਾਂ ਬਹੁਤ ਸਾਰੀਆਂ ਇਮਾਰਤਾਂ ’ਤੇ ਅਤੇ ਮਿਊਜ਼ੀਅਮਾਂ ਵਿਚ ਅਲੱਗ-ਅਲੱਗ ਚੀਜ਼ਾਂ ’ਤੇ ਲਿਖਿਆ ਹੋਇਆ ਹੈ। ਜੇ ਤੁਸੀਂ ਕਦੇ ਇਹ ਨਾਂ ਇਨ੍ਹਾਂ ਥਾਵਾਂ ’ਤੇ ਦੇਖਿਆ ਹੈ, ਤਾਂ ਤੁਸੀਂ ਇਹ ਨਾਂ ਦੇਖ ਕੇ ਜ਼ਰੂਰ ਹੈਰਾਨ ਹੋਏ ਹੋਣੇ। ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਡੇ ਲਈ ਭਗਤੀ ਵਿਚ ਇਹ ਨਾਂ ਬਹੁਤ ਮਾਅਨੇ ਰੱਖਦਾ ਹੈ। ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ ਜਿੰਨਾ ਇਸ ਨਾਂ ਨੂੰ ਵਰਤਦੇ ਹਨ, ਉੱਨਾ ਹੋਰ ਕੋਈ ਵੀ ਸੰਸਥਾ ਨਹੀਂ ਵਰਤਦੀ। ਪਰ ਸਾਡੇ ਲਈ ਇਹ ਨਾਂ ਇਸਤੇਮਾਲ ਕਰਨਾ ਹੀ ਕਾਫ਼ੀ ਨਹੀਂ, ਸਗੋਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਉਹ ਕੰਮ ਕਰੀਏ ਜਿਸ ਤੋਂ ਉਸ ਦੀ ਮਹਿਮਾ ਹੋਵੇ।

2. ਯਹੋਵਾਹ ਦੇ ਨਾਂ ਤੋਂ ਜਾਣੇ ਜਾਣ ਕਰਕੇ ਸਾਡੀ ਕੀ ਜ਼ਿੰਮੇਵਾਰੀ ਹੈ?

2 ਸਿਰਫ਼ ਯਹੋਵਾਹ ਦਾ ਨਾਂ ਵਰਤਣ ਨਾਲ ਹੀ ਅਸੀਂ ਉਸ ਦੀ ਮਿਹਰ ਨਹੀਂ ਪਾ ਸਕਦੇ, ਸਗੋਂ ਸਾਨੂੰ ਉਸ ਦੇ ਅਸੂਲਾਂ ਮੁਤਾਬਕ ਆਪਣੀ ਜ਼ਿੰਦਗੀ ਜੀਉਣੀ ਚਾਹੀਦੀ ਹੈ। ਇਸ ਲਈ ਬਾਈਬਲ ਸਾਨੂੰ ਯਾਦ ਕਰਾਉਂਦੀ ਹੈ ਕਿ ਯਹੋਵਾਹ ਦੇ ਲੋਕਾਂ ਨੂੰ “ਬਦੀ ਤੋਂ ਹਟ” ਜਾਣਾ ਚਾਹੀਦਾ ਹੈ। (ਜ਼ਬੂ. 34:14) ਪੌਲੁਸ ਰਸੂਲ ਨੇ ਇਸ ਅਸੂਲ ਬਾਰੇ ਸਾਫ਼-ਸਾਫ਼ ਦੱਸਿਆ ਸੀ: “ਯਹੋਵਾਹ ਦਾ ਨਾਂ ਲੈਣ ਵਾਲਾ ਹਰ ਇਨਸਾਨ ਬੁਰਾਈ ਨੂੰ ਤਿਆਗ ਦੇਵੇ।” (2 ਤਿਮੋਥਿਉਸ 2:19 ਪੜ੍ਹੋ।) ਅਸੀਂ ਯਹੋਵਾਹ ਦਾ ਨਾਂ ਲੈਣ ਵਾਲਿਆਂ ਵਜੋਂ ਜਾਣੇ ਜਾਂਦੇ ਹਾਂ। ਪਰ ਅਸੀਂ ਬੁਰਾਈ ਨੂੰ ਕਿਵੇਂ ਤਿਆਗ ਸਕਦੇ ਹਾਂ?

 ਬੁਰਾਈ ਤੋਂ “ਦੂਰ ਹੋ ਜਾਵੋ”

3, 4. ਬਾਈਬਲ ਵਿਦਵਾਨ ਕਾਫ਼ੀ ਲੰਬੇ ਸਮੇਂ ਤੋਂ ਕਿਸ ਆਇਤ ਬਾਰੇ ਜਾਣਨ ਲਈ ਉਤਾਵਲੇ ਹਨ ਅਤੇ ਕਿਉਂ?

3 ਦੂਜਾ ਤਿਮੋਥਿਉਸ 2:19 ਵਿਚ ਪੌਲੁਸ ਨੇ “ਪਰਮੇਸ਼ੁਰ ਨੇ ਜੋ ਪੱਕੀ ਨੀਂਹ ਧਰੀ ਹੈ” ਸ਼ਬਦ ਇਸਤੇਮਾਲ ਕੀਤੇ ਸਨ। ਇਸ “ਪੱਕੀ ਨੀਂਹ” ਉੱਤੇ ਮੁਹਰ ਨਾਲ ਦੋ ਗੱਲਾਂ ਛਾਪੀਆਂ ਗਈਆਂ ਹਨ। ਪਹਿਲੀ ਗੱਲ, “ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ।” ਇਹ ਗਿਣਤੀ 16:5 ਤੋਂ ਲਈ ਗਈ ਹੈ। (ਪਿਛਲਾ ਲੇਖ ਦੇਖੋ।) ਦੂਜੀ, “ਯਹੋਵਾਹ ਦਾ ਨਾਂ ਲੈਣ ਵਾਲਾ ਹਰ ਇਨਸਾਨ ਬੁਰਾਈ ਨੂੰ ਤਿਆਗ ਦੇਵੇ।” ਇਹ ਕਿੱਥੋਂ ਲਈ ਗਈ ਹੈ? ਬਾਈਬਲ ਵਿਦਵਾਨ ਕਾਫ਼ੀ ਲੰਬੇ ਸਮੇਂ ਤੋਂ ਇਸ ਬਾਰੇ ਜਾਣਨ ਲਈ ਉਤਾਵਲੇ ਹਨ। ਕਿਉਂ?

4 ਪੌਲੁਸ ਦੇ ਸ਼ਬਦਾਂ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਨੇ ਇਬਰਾਨੀ ਲਿਖਤਾਂ ਦੀ ਕਿਸੇ ਹੋਰ ਕਿਤਾਬ ਤੋਂ ਇਨ੍ਹਾਂ ਸ਼ਬਦਾਂ ਦਾ ਹਵਾਲਾ ਦਿੱਤਾ ਸੀ, ਪਰ ਉਸ ਦੇ ਇਹ ਸ਼ਬਦ ਇਬਰਾਨੀ ਲਿਖਤਾਂ ਦੀ ਕਿਸੇ ਵੀ ਆਇਤ ਨਾਲ ਮਿਲਦੇ-ਜੁਲਦੇ ਨਹੀਂ ਹਨ। ਸੋ ਪੌਲੁਸ ਕੀ ਸੋਚ ਰਿਹਾ ਸੀ ਜਦ ਉਸ ਨੇ ਕਿਹਾ: “ਯਹੋਵਾਹ ਦਾ ਨਾਂ ਲੈਣ ਵਾਲਾ ਹਰ ਇਨਸਾਨ ਬੁਰਾਈ ਨੂੰ ਤਿਆਗ ਦੇਵੇ।” ਇਹ ਗੱਲ ਕਹਿਣ ਤੋਂ ਪਹਿਲਾਂ ਪੌਲੁਸ ਨੇ ਗਿਣਤੀ 16 ਦਾ ਹਵਾਲਾ ਦਿੱਤਾ ਜਿਸ ਦਾ ਸੰਬੰਧ ਕੋਰਹ ਦੀ ਬਗਾਵਤ ਨਾਲ ਸੀ। ਕੀ ਦੂਸਰੀ ਗੱਲ ਦਾ ਸੰਬੰਧ ਵੀ ਇਸੇ ਘਟਨਾ ਨਾਲ ਹੈ?

5-7. ਦੂਜਾ ਤਿਮੋਥਿਉਸ 2:19 ਨੂੰ ਲਿਖਦਿਆਂ ਪੌਲੁਸ ਮੂਸਾ ਦੇ ਦਿਨਾਂ ਦੀਆਂ ਕਿਹੜੀਆਂ ਘਟਨਾਵਾਂ ਬਾਰੇ ਸੋਚ ਰਿਹਾ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

5 ਬਾਈਬਲ ਕਹਿੰਦੀ ਹੈ ਕਿ ਅਲੀਆਬ ਦੇ ਪੁੱਤਰ ਦਾਥਾਨ ਤੇ ਅਬੀਰਾਮ ਨੇ ਕੋਰਹ ਨਾਲ ਰਲ਼ ਕੇ ਮੂਸਾ ਤੇ ਹਾਰੂਨ ਦੇ ਵਿਰੁੱਧ ਬਗਾਵਤ ਕਰਨ ਵਿਚ ਅਗਵਾਈ ਕੀਤੀ। (ਗਿਣ. 16:1-5) ਉਨ੍ਹਾਂ ਨੇ ਖੁੱਲ੍ਹੇ-ਆਮ ਮੂਸਾ ਦਾ ਨਿਰਾਦਰ ਕੀਤਾ ਅਤੇ ਪਰਮੇਸ਼ੁਰ ਵੱਲੋਂ ਮਿਲੇ ਉਸ ਦੇ ਅਧਿਕਾਰ ਨੂੰ ਠੁਕਰਾ ਦਿੱਤਾ। ਉਹ ਬਾਗ਼ੀ ਅਜੇ ਵੀ ਇਜ਼ਰਾਈਲੀਆਂ ਨਾਲ ਰਹਿੰਦੇ ਸਨ ਜਿਸ ਕਰਕੇ ਉਹ ਉਨ੍ਹਾਂ ਲਈ ਖ਼ਤਰਾ ਬਣ ਗਏ ਸਨ। ਆਪਣੇ ਵਫ਼ਾਦਾਰ ਭਗਤਾਂ ਦੀ ਪਛਾਣ ਕਰਾਉਣ ਤੋਂ ਪਹਿਲਾਂ ਯਹੋਵਾਹ ਨੇ ਇਕ ਹੁਕਮ ਦਿੱਤਾ।

6 ਬਿਰਤਾਂਤ ਦੱਸਦਾ ਹੈ: “ਪ੍ਰਭੂ ਨੇ ਮੂਸਾ ਨੂੰ ਕਿਹਾ, ‘ਤੂੰ ਸਾਰੀ ਸੰਗਤ ਦੇ ਲੋਕਾਂ ਨੂੰ ਕਹਿ ਕੇ ਉਹ ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਕੋਲੋਂ ਦੂਰ ਹੱਟ ਜਾਣ।’ ਫਿਰ ਮੂਸਾ ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਵੱਲ ਗਿਆ। ਉਸ ਦੇ ਪਿੱਛੇ ਇਸਰਾਈਲ ਦੇ ਹੋਰ ਬਜ਼ੁਰਗ ਵੀ ਗਏ। ਮੂਸਾ ਨੇ ਸੰਗਤ ਦੇ ਲੋਕਾਂ ਨੂੰ ਕਿਹਾ, ‘ਤੁਸੀਂ ਇਹਨਾਂ ਦੁਸ਼ਟਾਂ ਦੇ ਤੰਬੂ ਲਾਗਿਓ ਦੂਰ ਹੋ ਜਾਵੋ, ਅਤੇ ਇਹਨਾਂ ਦੀ ਕਿਸੇ ਚੀਜ਼ ਨੂੰ ਹੱਥ ਨਾ ਲਾਵੋ ਕਿ ਕਿਤੇ ਤੁਸੀਂ ਇਹਨਾਂ ਦੇ ਪਾਪ ਦੇ ਕਾਰਨ ਨਾਸ਼ ਨਾ ਹੋ ਜਾਵੋ।’ ਇਹ ਸੁਣਕੇ ਸਭ ਲੋਕ ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਕੋਲੋਂ [“ਤੁਰੰਤ,” NW] ਦੂਰ ਹੱਟ ਗਏ।” (ਗਿਣ. 16:23-27, CL) ਫਿਰ ਯਹੋਵਾਹ ਨੇ ਸਾਰੇ ਬਾਗ਼ੀਆਂ ਨੂੰ ਮਾਰ ਦਿੱਤਾ, ਪਰ ਆਪਣੇ ਵਫ਼ਾਦਾਰ ਭਗਤਾਂ ਨੂੰ ਜੀਉਂਦਾ ਰੱਖਿਆ ਜਿਨ੍ਹਾਂ ਨੇ ਬਾਗ਼ੀਆਂ ਤੋਂ ਦੂਰ ਹੋ ਕੇ ਬੁਰਾਈ ਨੂੰ ਤਿਆਗ ਦਿੱਤਾ ਸੀ।

7 ਯਹੋਵਾਹ ਦਿਲਾਂ ਨੂੰ ਜਾਣਦਾ ਹੈ! ਉਹ ਉਨ੍ਹਾਂ ਦੀ ਵਫ਼ਾਦਾਰੀ ਨੂੰ ਦੇਖਦਾ ਹੈ ਜੋ ਉਸ ਦੇ ਆਪਣੇ ਹਨ। ਪਰ ਉਸ ਦੇ ਵਫ਼ਾਦਾਰ ਲੋਕਾਂ ਨੂੰ ਬੁਰੇ ਲੋਕਾਂ ਤੋਂ ਦੂਰ ਹੋਣ ਲਈ ਠੋਸ ਕਦਮ ਚੁੱਕਣਾ ਪੈਣਾ ਸੀ। ਇਸ ਲਈ ਹੋ ਸਕਦਾ ਹੈ ਕਿ ਪੌਲੁਸ ਨੇ ਗਿਣਤੀ 16:5, 23-27 ਵਿਚ ਦੱਸੀ ਘਟਨਾ ਬਾਰੇ ਸੋਚ ਕੇ ਇਹ ਲਿਖਿਆ ਹੋਵੇ: “ਯਹੋਵਾਹ ਦਾ ਨਾਂ ਲੈਣ ਵਾਲਾ ਹਰ ਇਨਸਾਨ ਬੁਰਾਈ ਨੂੰ ਤਿਆਗ ਦੇਵੇ।” ਇਸ ਕਰਕੇ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਹ ਦੋਵੇਂ ਗੱਲਾਂ ਇੱਕੋ ਘਟਨਾ ਨਾਲ ਸੰਬੰਧ ਰੱਖਦੀਆਂ ਹਨ।2 ਤਿਮੋ. 2:19.

‘ਮੂਰਖਤਾ ਭਰੀ ਅਤੇ ਫ਼ਜ਼ੂਲ ਬਹਿਸਬਾਜ਼ੀ ਵਿਚ ਨਾ ਪਓ’

8. ਯਹੋਵਾਹ ਦਾ ਨਾਂ ਲੈਣਾ ਜਾਂ ਮਸੀਹੀ ਮੰਡਲੀ ਦਾ ਹਿੱਸਾ ਹੋਣਾ ਹੀ ਕਾਫ਼ੀ ਕਿਉਂ ਨਹੀਂ ਹੈ?

8 ਪੌਲੁਸ ਨੇ ਮੂਸਾ ਦੇ ਦਿਨਾਂ ਦੀ ਘਟਨਾ ਦੀ ਮਦਦ ਨਾਲ ਤਿਮੋਥਿਉਸ ਨੂੰ ਯਾਦ ਕਰਾਇਆ ਕਿ ਉਸ ਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਠੋਸ ਕਦਮ ਚੁੱਕਣ ਦੀ ਲੋੜ ਸੀ। ਮਸੀਹੀ ਮੰਡਲੀ ਦਾ ਹਿੱਸਾ ਹੋਣਾ ਹੀ ਕਾਫ਼ੀ ਨਹੀਂ ਸੀ, ਜਿੱਦਾਂ ਮੂਸਾ ਦੇ ਦਿਨਾਂ ਵਿਚ ਯਹੋਵਾਹ ਦਾ ਨਾਂ ਲੈਣਾ ਹੀ ਕਾਫ਼ੀ ਨਹੀਂ ਸੀ। ਵਫ਼ਾਦਾਰ ਭਗਤਾਂ ਨੂੰ ਦ੍ਰਿੜ੍ਹਤਾ ਨਾਲ ‘ਬੁਰਾਈ ਨੂੰ ਤਿਆਗਣਾ’ ਚਾਹੀਦਾ ਹੈ। ਸੋ ਤਿਮੋਥਿਉਸ ਨੂੰ ਕੀ ਕਰਨ ਦੀ ਲੋੜ ਸੀ? ਅੱਜ ਯਹੋਵਾਹ ਦੇ ਲੋਕ ਪੌਲੁਸ ਦੀ ਸਲਾਹ ਤੋਂ ਕੀ ਸਿੱਖ ਸਕਦੇ ਹਨ?

9. “ਮੂਰਖਤਾ ਭਰੀ ਅਤੇ ਫ਼ਜ਼ੂਲ ਬਹਿਸਬਾਜ਼ੀ” ਦਾ ਪਹਿਲੀ ਸਦੀ ਦੀਆਂ ਮੰਡਲੀਆਂ ’ਤੇ ਕੀ ਅਸਰ ਪਿਆ?

9 ਪਰਮੇਸ਼ੁਰ ਦਾ ਬਚਨ ਸਲਾਹ ਦਿੰਦਾ ਹੈ ਕਿ ਸਾਨੂੰ  ਕਿਸ-ਕਿਸ ਤਰ੍ਹਾਂ ਦੀ ਬੁਰਾਈ ਨੂੰ ਤਿਆਗਣਾ ਚਾਹੀਦਾ ਹੈ। ਮਿਸਾਲ ਲਈ, 2 ਤਿਮੋਥਿਉਸ 2:19 ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਵਿਚ ਪੌਲੁਸ ਨੇ ਤਿਮੋਥਿਉਸ ਨੂੰ ਕਿਹਾ ਸੀ ਕਿ ਉਹ “ਸ਼ਬਦਾਂ ਬਾਰੇ ਬਹਿਸਬਾਜ਼ੀ ਨਾ” ਕਰੇ ਅਤੇ “ਖੋਖਲੀਆਂ ਗੱਲਾਂ ਵਿਚ ਨਾ” ਪਵੇ। (2 ਤਿਮੋਥਿਉਸ 2:14, 16, 23 ਪੜ੍ਹੋ।) ਮੰਡਲੀ ਦੇ ਕੁਝ ਮੈਂਬਰ ਝੂਠੀਆਂ ਸਿੱਖਿਆਵਾਂ ਫੈਲਾ ਰਹੇ ਸਨ। ਕੁਝ ਹੋਰ ਅਜਿਹੀਆਂ ਸਿੱਖਿਆਵਾਂ ਫੈਲਾ ਰਹੇ ਸਨ ਜਿਨ੍ਹਾਂ ਕਰਕੇ ਮੰਡਲੀਆਂ ਵਿਚ ਬਹਿਸਬਾਜ਼ੀ ਹੋ ਰਹੀ ਸੀ। ਭਾਵੇਂ ਕਿ ਇਹ ਗੱਲਾਂ ਸਿੱਧੇ ਤੌਰ ਤੇ ਬਾਈਬਲ ਦੇ ਖ਼ਿਲਾਫ਼ ਨਹੀਂ ਸਨ, ਪਰ ਇਨ੍ਹਾਂ ਕਰਕੇ ਉਨ੍ਹਾਂ ਵਿਚ ਝਗੜਾ ਹੋ ਰਿਹਾ ਸੀ ਅਤੇ ਮੰਡਲੀ ਦੀ ਏਕਤਾ ਭੰਗ ਹੋ ਰਹੀ ਸੀ। ਇਸੇ ਲਈ ਪੌਲੁਸ ਨੇ ਤਿਮੋਥਿਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ‘ਮੂਰਖਤਾ ਭਰੀ ਅਤੇ ਫ਼ਜ਼ੂਲ ਬਹਿਸਬਾਜ਼ੀ ਵਿਚ ਨਾ ਪਵੇ।’

10. ਜਦ ਕੋਈ ਬਾਈਬਲ ਤੋਂ ਉਲਟ ਸਿੱਖਿਆ ਦਿੰਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

10 ਅੱਜ ਯਹੋਵਾਹ ਦੇ ਲੋਕਾਂ ਵਿਚ ਸ਼ਾਇਦ ਹੀ ਕੋਈ ਧਰਮ-ਤਿਆਗੀ ਹੋਵੇ। ਪਰ ਜਦ ਵੀ ਕੋਈ ਬਾਈਬਲ ਤੋਂ ਉਲਟ ਸਿੱਖਿਆ ਦਿੰਦਾ ਹੈ, ਤਾਂ ਸਾਨੂੰ ਉਸ ਸਿੱਖਿਆ ਨੂੰ ਦ੍ਰਿੜ੍ਹਤਾ ਨਾਲ ਤਿਆਗਣਾ ਚਾਹੀਦਾ ਹੈ। ਕਿਸੇ ਧਰਮ-ਤਿਆਗੀ ਨਾਲ ਸਿੱਧੇ ਤੌਰ ’ਤੇ, ਇੰਟਰਨੈੱਟ ’ਤੇ ਜਾਂ ਕਿਸੇ ਹੋਰ ਤਰੀਕੇ ਨਾਲ ਬਹਿਸਬਾਜ਼ੀ ਕਰਨੀ ਸਿਆਣਪ ਦੀ ਗੱਲ ਨਹੀਂ ਹੋਵੇਗੀ। ਭਾਵੇਂ ਕਿ ਅਸੀਂ ਉਸ ਇਨਸਾਨ ਦੀ ਮਦਦ ਕਰਨੀ ਚਾਹੁੰਦੇ ਹਾਂ, ਪਰ ਉਸ ਨਾਲ ਗੱਲਬਾਤ ਕਰ ਕੇ ਅਸੀਂ ਪਰਮੇਸ਼ੁਰ ਦੇ ਬਚਨ ਦੀ ਸਲਾਹ ਤੋਂ ਉਲਟ ਚੱਲ ਰਹੇ ਹੋਵਾਂਗੇ। ਇਸ ਦੀ ਬਜਾਇ, ਯਹੋਵਾਹ ਦੇ ਲੋਕ ਹੋਣ ਦੇ ਨਾਤੇ ਅਸੀਂ ਪੂਰੀ ਤਰ੍ਹਾਂ ਧਰਮ-ਤਿਆਗ ਤੋਂ ਦੂਰ ਰਹਿੰਦੇ ਹਾਂ।

ਧਰਮ-ਤਿਆਗੀਆਂ ਨਾਲ ਬਹਿਸਬਾਜ਼ੀ ਕਰਨ ਤੋਂ ਬਚੋ (ਪੈਰਾ 10 ਦੇਖੋ)

11. ਕਿਨ੍ਹਾਂ ਗੱਲਾਂ ਕਰਕੇ “ਫ਼ਜ਼ੂਲ ਬਹਿਸਬਾਜ਼ੀ” ਹੋ ਸਕਦੀ ਹੈ ਅਤੇ ਬਜ਼ੁਰਗ ਮੰਡਲੀ ਲਈ ਵਧੀਆ ਮਿਸਾਲ ਕਿਵੇਂ ਬਣ ਸਕਦੇ ਹਨ?

11 ਧਰਮ-ਤਿਆਗੀ ਸਿੱਖਿਆਵਾਂ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਕਰਕੇ ਮੰਡਲੀ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਮਿਸਾਲ ਲਈ, ਮਨੋਰੰਜਨ ਬਾਰੇ ਭੈਣਾਂ-ਭਰਾਵਾਂ ਦੇ ਅਲੱਗ-ਅਲੱਗ ਵਿਚਾਰ ਹੋਣ ਕਰਕੇ “ਮੂਰਖਤਾ ਭਰੀ ਅਤੇ ਫ਼ਜ਼ੂਲ ਬਹਿਸਬਾਜ਼ੀ” ਹੋ ਸਕਦੀ ਹੈ। ਪਰ ਜੇ ਕੋਈ ਦੂਜਿਆਂ ਨੂੰ ਅਜਿਹਾ ਮਨੋਰੰਜਨ ਕਰਨ ਲਈ ਉਕਸਾਉਂਦਾ ਹੈ ਜੋ ਯਹੋਵਾਹ ਦੇ ਅਸੂਲਾਂ ਦੇ ਖ਼ਿਲਾਫ਼ ਹੈ, ਤਾਂ ਸਿਰਫ਼ ਬਹਿਸਬਾਜ਼ੀ ਤੋਂ ਬਚਣ ਲਈ ਬਜ਼ੁਰਗਾਂ ਨੂੰ ਅਜਿਹਾ ਰਵੱਈਆ ਬਰਦਾਸ਼ਤ ਨਹੀਂ ਕਰਨਾ ਚਾਹੀਦਾ। (ਜ਼ਬੂ. 11:5; ਅਫ਼. 5:3-5) ਬਜ਼ੁਰਗ ਧਿਆਨ ਰੱਖਦੇ ਹਨ ਕਿ ਉਹ ਮੰਡਲੀ ਵਿਚ ਆਪਣੇ ਵਿਚਾਰ ਨਾ ਫੈਲਾਉਣ। ਇਸ ਦੀ ਬਜਾਇ, ਉਹ ਬਾਈਬਲ ਦੀ ਇਹ ਸਲਾਹ ਮੰਨਦੇ ਹਨ: ‘ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰੋ ਜਿਨ੍ਹਾਂ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਗਈ ਹੈ। ਉਨ੍ਹਾਂ ਉੱਤੇ ਹੁਕਮ ਨਾ ਚਲਾਓ ਜਿਹੜੇ ਪਰਮੇਸ਼ੁਰ ਦੀ ਅਮਾਨਤ ਹਨ, ਸਗੋਂ ਭੇਡਾਂ ਲਈ ਮਿਸਾਲ ਬਣੋ।’1 ਪਤ. 5:2, 3; 2 ਕੁਰਿੰਥੀਆਂ 1:24 ਪੜ੍ਹੋ।

12, 13. (ੳ) ਯਹੋਵਾਹ ਦੇ ਗਵਾਹ ਮਨੋਰੰਜਨ ਬਾਰੇ ਫ਼ੈਸਲਾ ਕਿਵੇਂ ਕਰਦੇ ਹਨ ਅਤੇ ਬਾਈਬਲ ਦੇ ਕਿਹੜੇ ਅਸੂਲ ਲਾਗੂ ਕਰਦੇ ਹਨ? (ਅ) 12ਵੇਂ ਪੈਰੇ ਵਿਚ ਦੱਸੇ ਅਸੂਲ ਨਿੱਜੀ ਮਾਮਲਿਆਂ ਉੱਤੇ ਕਿਵੇਂ ਲਾਗੂ ਹੁੰਦੇ ਹਨ?

12 ਸਾਡਾ ਸੰਗਠਨ ਇਹ ਨਹੀਂ ਦੱਸਦਾ ਕਿ ਸਾਨੂੰ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਦੇਖਣੀਆਂ ਚਾਹੀਦੀਆਂ, ਵੀਡੀਓ ਗੇਮਾਂ ਖੇਡਣੀਆਂ ਚਾਹੀਦੀਆਂ, ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਜਾਂ ਗੀਤ ਸੁਣਨੇ ਚਾਹੀਦੇ ਹਨ। ਕਿਉਂ? ਕਿਉਂਕਿ ਬਾਈਬਲ ਹਰ ਵਿਅਕਤੀ ਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਉਹ ‘ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਇਸਤੇਮਾਲ ਕਰ ਕੇ ਸਹੀ ਅਤੇ ਗ਼ਲਤ ਵਿਚ ਫ਼ਰਕ’ ਕਰਨਾ ਸਿੱਖੇ। (ਇਬ. 5:14) ਬਾਈਬਲ ਵਿਚ ਦਿੱਤੇ ਅਸੂਲ ਵਰਤ ਕੇ ਇਕ ਮਸੀਹੀ ਦੇਖ ਸਕਦਾ ਹੈ ਕਿ ਕਿਹੜਾ ਮਨੋਰੰਜਨ ਕਰਨਾ ਠੀਕ ਹੈ ਅਤੇ ਕਿਹੜਾ ਨਹੀਂ। ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ‘ਹਮੇਸ਼ਾ ਪਤਾ ਕਰਦੇ ਰਹੀਏ ਕਿ ਪ੍ਰਭੂ ਨੂੰ ਕੀ ਮਨਜ਼ੂਰ ਹੈ।’ (ਅਫ਼. 5:10) ਬਾਈਬਲ ਸਿਖਾਉਂਦੀ ਹੈ ਕਿ ਪਰਿਵਾਰ ਦੇ ਮੁਖੀ ਕੋਲ ਅਧਿਕਾਰ ਹੈ, ਇਸ ਕਰਕੇ ਉਹ ਫ਼ੈਸਲਾ ਕਰ ਸਕਦਾ ਹੈ ਕਿ ਉਸ ਦਾ ਪਰਿਵਾਰ ਕਿਹੋ ਜਿਹਾ ਮਨੋਰੰਜਨ ਨਹੀਂ ਕਰ ਸਕਦਾ। *1 ਕੁਰਿੰ. 11:3; ਅਫ਼. 6:1-4.

13 ਉੱਪਰ ਦੱਸੇ ਬਾਈਬਲ ਦੇ ਅਸੂਲ ਸਿਰਫ਼ ਮਨੋਰੰਜਨ ਬਾਰੇ ਹੀ ਨਹੀਂ, ਸਗੋਂ ਸਾਡੀ ਜ਼ਿੰਦਗੀ ਦੇ ਹੋਰ ਪਹਿਲੂਆਂ ਬਾਰੇ ਸਹੀ ਫ਼ੈਸਲੇ ਕਰਨ ਵਿਚ ਵੀ ਸਾਡੀ ਮਦਦ ਕਰਦੇ ਹਨ। ਮਿਸਾਲ ਲਈ, ਪਹਿਰਾਵੇ ਤੇ ਹਾਰ-ਸ਼ਿੰਗਾਰ, ਸਿਹਤ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਅਤੇ  ਹੋਰ ਕਈ ਨਿੱਜੀ ਮਾਮਲਿਆਂ ਬਾਰੇ ਮਸੀਹੀਆਂ ਦੇ ਅਲੱਗ-ਅਲੱਗ ਵਿਚਾਰ ਹੁੰਦੇ ਹਨ। ਇਨ੍ਹਾਂ ਅਲੱਗ-ਅਲੱਗ ਵਿਚਾਰਾਂ ਕਰਕੇ ਮਸੀਹੀਆਂ ਵਿਚ ਬਹਿਸ ਹੋ ਸਕਦੀ ਹੈ। ਪਰ ਜੇ ਬਾਈਬਲ ਦੇ ਕਿਸੇ ਅਸੂਲ ਦੀ ਉਲੰਘਣਾ ਨਹੀਂ ਹੋ ਰਹੀ ਹੈ, ਤਾਂ ਯਹੋਵਾਹ ਦੇ ਲੋਕ ਇਨ੍ਹਾਂ ਮਾਮਲਿਆਂ ਉੱਤੇ ਬਹਿਸਬਾਜ਼ੀ ਨਹੀਂ ਕਰਦੇ ਕਿਉਂਕਿ “ਪਰਮੇਸ਼ੁਰ ਦੇ ਸੇਵਕ ਨੂੰ ਲੜਨ ਦੀ ਲੋੜ ਨਹੀਂ, ਸਗੋਂ ਉਸ ਨੂੰ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ।”2 ਤਿਮੋ. 2:24.

ਬੁਰੀ ਸੰਗਤ ਤੋਂ ਦੂਰ ਰਹੋ

14. ਪੌਲੁਸ ਨੇ ਕਿਹੜੀ ਮਿਸਾਲ ਵਰਤ ਕੇ ਬੁਰੀ ਸੰਗਤ ਤੋਂ ਦੂਰ ਰਹਿਣ ਲਈ ਕਿਹਾ?

14 ਪਰਮੇਸ਼ੁਰ ਦੇ ਸੇਵਕ ਹੋਰ ਕਿਸ ਢੰਗ ਨਾਲ ‘ਬੁਰਾਈ ਨੂੰ ਤਿਆਗ’ ਸਕਦੇ ਹਨ? ਬੁਰਾਈ ਕਰਨ ਵਾਲਿਆਂ ਦੀ ਸੰਗਤ ਤੋਂ ਦੂਰ ਰਹਿ ਕੇ। ਪੌਲੁਸ ਨੇ ਇਸ ਗੱਲ ਨੂੰ ਕਿਵੇਂ ਸਮਝਾਇਆ? ਧਿਆਨ ਦਿਓ ਕਿ ਪੌਲੁਸ ਨੇ “ਪੱਕੀ ਨੀਂਹ” ਦੀ ਮਿਸਾਲ ਦੇਣ ਤੋਂ ਬਾਅਦ ਇਕ ਹੋਰ ਮਿਸਾਲ ਦਿੱਤੀ। ਉਸ ਨੇ “ਵੱਡੇ ਘਰ” ਬਾਰੇ ਲਿਖਿਆ ਜਿਸ ਵਿਚ “ਸਿਰਫ਼ ਸੋਨੇ-ਚਾਂਦੀ ਦੇ ਭਾਂਡੇ ਹੀ ਨਹੀਂ ਹੁੰਦੇ, ਸਗੋਂ ਲੱਕੜ ਤੇ ਮਿੱਟੀ ਦੇ ਭਾਂਡੇ ਵੀ ਹੁੰਦੇ ਹਨ। ਇਨ੍ਹਾਂ ਵਿੱਚੋਂ ਕੁਝ ਆਦਰ ਦੇ ਕੰਮਾਂ ਲਈ ਅਤੇ ਕੁਝ ਨਿਰਾਦਰ ਦੇ ਕੰਮਾਂ ਲਈ ਵਰਤੇ ਜਾਂਦੇ ਹਨ।” (2 ਤਿਮੋ. 2:20, 21) ਫਿਰ ਪੌਲੁਸ ਨੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ “ਨਿਰਾਦਰ ਦੇ ਕੰਮਾਂ” ਲਈ ਵਰਤੇ ਜਾਣ ਵਾਲੇ ਭਾਂਡਿਆਂ ਤੋਂ ‘ਦੂਰ ਰਹਿਣ।’

15, 16. ਅਸੀਂ “ਵੱਡੇ ਘਰ” ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?

15 ਇਸ ਮਿਸਾਲ ਦਾ ਕੀ ਮਤਲਬ ਹੈ? ਮਸੀਹੀ ਮੰਡਲੀ ਦੀ ਤੁਲਨਾ “ਵੱਡੇ ਘਰ” ਨਾਲ ਕੀਤੀ ਗਈ ਹੈ ਅਤੇ ਮੰਡਲੀ ਦੇ ਹਰ ਭੈਣ-ਭਰਾ ਦੀ ਤੁਲਨਾ “ਭਾਂਡਿਆਂ” ਨਾਲ। ਘਰ ਵਿਚ ਕੁਝ ਭਾਂਡਿਆਂ ਵਿਚ ਇੱਦਾਂ ਦੀਆਂ ਚੀਜ਼ਾਂ ਰੱਖੀਆਂ ਜਾਣ ਜੋ ਸਿਹਤ ਲਈ ਹਾਨੀਕਾਰਕ ਹੋਣ ਜਾਂ ਕੁਝ ਭਾਂਡੇ ਸਾਫ਼ ਕੰਮਾਂ ਲਈ ਨਹੀਂ ਵਰਤੇ ਜਾਂਦੇ। ਘਰ-ਮਾਲਕ ਇਨ੍ਹਾਂ ਭਾਂਡਿਆਂ ਨੂੰ ਖਾਣਾ ਬਣਾਉਣ ਲਈ ਵਰਤੇ ਜਾਂਦੇ ਸਾਫ਼ ਭਾਂਡਿਆਂ ਤੋਂ ਅਲੱਗ ਰੱਖਦਾ ਹੈ।

16 ਇਹੀ ਗੱਲ ਅੱਜ ਯਹੋਵਾਹ ਦੇ ਲੋਕਾਂ ’ਤੇ ਵੀ ਢੁਕਦੀ ਹੈ। ਜੇ ਅਸੀਂ ਜ਼ਿੰਦਗੀ ਦੇ ਹਰ ਪਹਿਲੂ ਵਿਚ ਪਵਿੱਤਰ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਮੰਡਲੀ ਵਿਚ ਉਨ੍ਹਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਲਗਾਤਾਰ ਯਹੋਵਾਹ ਦੇ ਅਸੂਲਾਂ ਖ਼ਿਲਾਫ਼ ਚੱਲਦੇ ਹਨ। (1 ਕੁਰਿੰਥੀਆਂ 15:33 ਪੜ੍ਹੋ।) ਜੇ ਸਾਨੂੰ ਮੰਡਲੀ ਦੇ ਅੰਦਰ ਬੁਰੀਆਂ ਸੰਗਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਤਾਂ ਮੰਡਲੀ ਤੋਂ ਬਾਹਰ ਸਾਨੂੰ ਬੁਰੀਆਂ ਸੰਗਤਾਂ ਤੋਂ ਹੋਰ ਵੀ ਜ਼ਿਆਦਾ  ਦੂਰ ਰਹਿਣਾ ਚਾਹੀਦਾ ਹੈ। ਅਸੀਂ ਇਸ ਲਈ ਉਨ੍ਹਾਂ ਤੋਂ ਦੂਰ ਰਹਿੰਦੇ ਹਾਂ ਕਿਉਂਕਿ ਬਹੁਤ ਸਾਰੇ ਲੋਕ ਪੈਸੇ ਦੇ ਪ੍ਰੇਮੀ, ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ, ਵਿਸ਼ਵਾਸਘਾਤੀ, ਝੂਠੇ, ਹਿੰਸਕ, ਭਲਾਈ ਨਾਲ ਪਿਆਰ ਨਾ ਕਰਨ ਵਾਲੇ, ਧੋਖੇਬਾਜ਼ ਅਤੇ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹਨ।2 ਤਿਮੋ. 3:1-5.

ਸਾਡੀ ਵਫ਼ਾਦਾਰੀ ਕਰਕੇ ਪਰਮੇਸ਼ੁਰ ਵੱਲੋਂ ਬਰਕਤਾਂ

17. ਵਫ਼ਾਦਾਰ ਇਜ਼ਰਾਈਲੀਆਂ ਨੇ ਬੁਰਾਈ ਨੂੰ ਕਿਸ ਹੱਦ ਤਕ ਤਿਆਗਿਆ?

17 ਜਦ ਯਹੋਵਾਹ ਨੇ ਵਫ਼ਾਦਾਰ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਕਿ ਉਹ “ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਕੋਲੋਂ ਦੂਰ ਹੱਟ ਜਾਣ,” ਤਾਂ ਉਹ ‘ਤੁਰੰਤ ਦੂਰ ਹੱਟ ਗਏ।’ (ਗਿਣ. 16:24, 27) ਉਨ੍ਹਾਂ ਨੇ ਆਪਣੇ ਆਪ ਨੂੰ ਬਾਗ਼ੀਆਂ ਤੋਂ ਅਲੱਗ ਕਰਨ ਵਿਚ ਜ਼ਰਾ ਵੀ ਦੇਰੀ ਨਾ ਲਾਈ ਤੇ ਨਾ ਹੀ ਝਿਜਕੇ। ਇਸ ਹਵਾਲੇ ਵਿਚ ਦੱਸਿਆ ਹੈ ਕਿ ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਯਹੋਵਾਹ ਦਾ ਕਹਿਣਾ ਮੰਨਿਆ। ਉਹ “ਦੂਰ ਹੱਟ ਗਏ।” ਵਫ਼ਾਦਾਰ ਲੋਕਾਂ ਨੇ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਮੁੱਲ ਨਹੀਂ ਲਿਆ। ਉਨ੍ਹਾਂ ਨੇ ਅੱਧੇ ਮਨ ਨਾਲ ਆਗਿਆਕਾਰੀ ਨਹੀਂ ਦਿਖਾਈ ਸੀ, ਸਗੋਂ ਪੂਰੇ ਦਿਲ ਨਾਲ ਯਹੋਵਾਹ ਦਾ ਕਹਿਣਾ ਮੰਨਿਆ ਸੀ। ਇੱਦਾਂ ਕਰਕੇ ਉਨ੍ਹਾਂ ਨੇ ਦਿਖਾਇਆ ਕਿ ਉਹ ਬੁਰਾਈ ਦੇ ਖ਼ਿਲਾਫ਼ ਅਤੇ ਯਹੋਵਾਹ ਦੇ ਪੱਖ ਵਿਚ ਖੜ੍ਹੇ ਸਨ। ਇਸ ਤੋਂ ਅਸੀਂ ਕੀ ਸਿੱਖਦੇ ਹਾਂ?

18. ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ ਜਦ ਉਸ ਨੇ ਤਿਮੋਥਿਉਸ ਨੂੰ ਕਿਹਾ: “ਜਵਾਨੀ ਦੀਆਂ ਇੱਛਾਵਾਂ ਤੋਂ ਦੂਰ ਭੱਜ”?

18 ਜਦੋਂ ਵੀ ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਬਚਾਉਣ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਛੇਤੀ ਠੋਸ ਕਦਮ ਚੁੱਕਣੇ ਚਾਹੀਦੇ ਹਨ। ਪੌਲੁਸ ਨੇ ਤਿਮੋਥਿਉਸ ਨੂੰ ਵੀ ਇਹੀ ਸਲਾਹ ਦਿੱਤੀ ਸੀ: “ਜਵਾਨੀ ਦੀਆਂ ਇੱਛਾਵਾਂ ਤੋਂ ਦੂਰ ਭੱਜ।” (2 ਤਿਮੋ. 2:22) ਉਸ ਸਮੇਂ ਤਿਮੋਥਿਉਸ ਦੀ ਉਮਰ 30 ਸਾਲਾਂ ਤੋਂ ਉੱਪਰ ਸੀ, ਪਰ ਵੱਡਿਆਂ ਦੇ ਮਨ ਵਿਚ ਵੀ “ਜਵਾਨੀ ਦੀਆਂ ਇੱਛਾਵਾਂ” ਆ ਸਕਦੀਆਂ ਹਨ। ਇਸ ਤਰ੍ਹਾਂ ਦੀਆਂ ਇੱਛਾਵਾਂ ਦਿਲ ਵਿਚ ਆਉਣ ਤੇ ਤਿਮੋਥਿਉਸ ਨੂੰ ਇਨ੍ਹਾਂ ਇੱਛਾਵਾਂ ਤੋਂ ਭੱਜਣ ਦੀ ਲੋੜ ਸੀ। ਦੂਜੇ ਸ਼ਬਦਾਂ ਵਿਚ ਕਹੀਏ, ਤਾਂ ਤਿਮੋਥਿਉਸ ਨੂੰ ‘ਬੁਰਾਈ ਨੂੰ ਤਿਆਗਣ’ ਦੀ ਲੋੜ ਸੀ। ਯਿਸੂ ਨੇ ਵੀ ਇਸੇ ਤਰ੍ਹਾਂ ਦੀ ਸਲਾਹ ਦਿੱਤੀ ਸੀ ਜਦ ਉਸ ਨੇ ਕਿਹਾ ਸੀ: “ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ, ਤਾਂ ਉਸ ਨੂੰ ਕੱਢ ਸੁੱਟ।” (ਮੱਤੀ 18:9) ਅੱਜ ਮਸੀਹੀ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਇਸ ਸਲਾਹ ਨੂੰ ਮੰਨਦੇ ਹੋਏ ਪੂਰੀ ਦ੍ਰਿੜ੍ਹਤਾ ਨਾਲ ਇਕਦਮ ਕਦਮ ਚੁੱਕਦੇ ਹਨ।

19. ਅੱਜ ਕੁਝ ਮਸੀਹੀਆਂ ਨੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਬਚਾਈ ਰੱਖਣ ਲਈ ਕਿਹੜੇ ਠੋਸ ਕਦਮ ਚੁੱਕੇ ਹਨ?

19 ਕੁਝ ਮਸੀਹੀਆਂ ਨੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਵਿਗੜਨ ਤੋਂ ਕਿਵੇਂ ਬਚਾਇਆ ਹੈ? ਕੁਝ ਮਸੀਹੀਆਂ ਨੂੰ ਯਹੋਵਾਹ ਦੇ ਗਵਾਹ ਬਣਨ ਤੋਂ ਪਹਿਲਾਂ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਸੀ। ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਣਗੇ। ਦੂਜੇ ਸ਼ਾਇਦ ਆਪਣੀ ਕਿਸੇ ਕਮਜ਼ੋਰੀ ਕਰਕੇ ਕੁਝ ਕਿਸਮਾਂ ਦਾ ਮਨੋਰੰਜਨ ਕਰਨ ਤੋਂ ਪਰਹੇਜ਼ ਕਰਦੇ ਹਨ ਤਾਂਕਿ ਉਨ੍ਹਾਂ ਵਿਚ ਗ਼ਲਤ ਇੱਛਾਵਾਂ ਦੁਬਾਰਾ ਨਾ ਜਾਗਣ। (ਜ਼ਬੂ. 101:3) ਮਿਸਾਲ ਲਈ, ਇਕ ਭਰਾ ਯਹੋਵਾਹ ਦਾ ਗਵਾਹ ਬਣਨ ਤੋਂ ਪਹਿਲਾਂ ਗੰਦੇ ਮਾਹੌਲ ਵਾਲੀਆਂ ਡਾਂਸ ਪਾਰਟੀਆਂ ਵਿਚ ਜਾਂਦਾ ਹੁੰਦਾ ਸੀ, ਪਰ ਸੱਚਾਈ ਸਿੱਖਣ ਤੋਂ ਬਾਅਦ ਉਹ ਬਿਲਕੁਲ ਵੀ ਡਾਂਸ ਨਹੀਂ ਕਰਦਾ, ਇੱਥੋਂ ਤਕ ਕਿ ਭੈਣਾਂ-ਭਰਾਵਾਂ ਦੀਆਂ ਪਾਰਟੀਆਂ ਵਿਚ ਵੀ ਨਹੀਂ। ਉਹ ਨਹੀਂ ਚਾਹੁੰਦਾ ਕਿ ਉਸ ਦੇ ਮਨ ਵਿਚ ਦੁਬਾਰਾ ਗੰਦੀਆਂ ਸੋਚਾਂ ਅਤੇ ਇੱਛਾਵਾਂ ਜਾਗਣ। ਇਹ ਸੱਚ ਹੈ ਕਿ ਮਸੀਹੀਆਂ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਸ਼ਰਾਬ, ਡਾਂਸ ਜਾਂ ਹੋਰ ਚੀਜ਼ਾਂ ਤੋਂ ਦੂਰ ਰੱਖਣਾ ਜ਼ਰੂਰੀ ਨਹੀਂ ਜੋ ਗ਼ਲਤ ਨਹੀਂ ਹਨ। ਪਰ ਸਾਨੂੰ ਸਾਰਿਆਂ ਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।

20. ਭਾਵੇਂ ‘ਬੁਰਾਈ ਨੂੰ ਤਿਆਗਣਾ’ ਹਮੇਸ਼ਾ ਸੌਖਾ ਨਹੀਂ ਹੁੰਦਾ, ਪਰ ਸਾਨੂੰ ਕਿਹੜੀ ਗੱਲ ਤੋਂ ਹੌਸਲਾ ਮਿਲਦਾ ਹੈ?

20 ਯਹੋਵਾਹ ਦੇ ਗਵਾਹ ਹੋਣਾ ਇਕ ਸਨਮਾਨ ਦੀ ਗੱਲ ਹੈ। ਪਰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ “ਬੁਰਾਈ ਨੂੰ ਤਿਆਗ” ਦੇਈਏ ਅਤੇ “ਬਦੀ ਤੋਂ ਹਟ” ਜਾਈਏ। (ਜ਼ਬੂ. 34:14) ਇੱਦਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਪਰ ਸਾਨੂੰ ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਹਮੇਸ਼ਾ ਉਨ੍ਹਾਂ ਨਾਲ ਪਿਆਰ ਕਰਦਾ ਰਹੇਗਾ “ਜੋ ਉਸ ਦੇ ਆਪਣੇ ਹਨ” ਅਤੇ ਉਸ ਦੇ ਧਰਮੀ ਅਸੂਲਾਂ ’ਤੇ ਚੱਲਦੇ ਹਨ।2 ਤਿਮੋ. 2:19; 2 ਇਤਹਾਸ 16:9ੳ ਪੜ੍ਹੋ।

^ ਪੇਰਗ੍ਰੈਫ 12 ਵੈੱਬਸਾਈਟ jw.org ’ਤੇ “ਸਾਡੇ ਬਾਰੇ > ਆਮ ਪੁੱਛੇ ਜਾਂਦੇ ਸਵਾਲ” ਹੇਠ “ਕੀ ਤੁਸੀਂ ਕੁਝ ਫ਼ਿਲਮਾਂ, ਕਿਤਾਬਾਂ ਜਾਂ ਗਾਣਿਆਂ ਉੱਤੇ ਪਾਬੰਦੀ ਲਾਉਂਦੇ ਹੋ?” ਨਾਂ ਦਾ ਲੇਖ ਦੇਖੋ।