Skip to content

Skip to table of contents

ਯਹੋਵਾਹ ਨਾਲ ਮਿਲ ਕੇ ਕੰਮ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ!

ਯਹੋਵਾਹ ਨਾਲ ਮਿਲ ਕੇ ਕੰਮ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ!

“ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ।”1 ਕੁਰਿੰ. 3:9.

1. ਯਹੋਵਾਹ ਆਪਣੇ ਕੰਮ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਅਤੇ ਇਸ ਕਰਕੇ ਉਹ ਕੀ ਕਰਦਾ ਹੈ?

ਯਹੋਵਾਹ ਨੂੰ ਹਮੇਸ਼ਾ ਆਪਣਾ ਕੰਮ ਕਰਨ ਵਿਚ ਮਜ਼ਾ ਆਉਂਦਾ ਹੈ। (ਜ਼ਬੂ. 135:6; ਯੂਹੰ. 5:17) ਉਹ ਚਾਹੁੰਦਾ ਹੈ ਕਿ ਦੂਤ ਅਤੇ ਇਨਸਾਨ ਵੀ ਆਪਣੇ ਕੰਮ ਦਾ ਮਜ਼ਾ ਲੈਣ। ਇਸ ਲਈ ਉਹ ਉਨ੍ਹਾਂ ਨੂੰ ਅਜਿਹੇ ਕੰਮ ਦਿੰਦਾ ਹੈ ਜਿਨ੍ਹਾਂ ਤੋਂ ਉਨ੍ਹਾਂ ਨੂੰ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ। ਮਿਸਾਲ ਲਈ, ਉਸ ਨੇ ਆਪਣੇ ਜੇਠੇ ਬੇਟੇ ਨੂੰ ਸ੍ਰਿਸ਼ਟੀ ਦੀਆਂ ਚੀਜ਼ਾਂ ਬਣਾਉਣ ਲਈ ਵਰਤਿਆ। (ਕੁਲੁੱਸੀਆਂ 1:15, 16 ਪੜ੍ਹੋ।) ਬਾਈਬਲ ਸਾਨੂੰ ਦੱਸਦੀ ਹੈ ਕਿ ਯਿਸੂ ਸਵਰਗ ਵਿਚ ਪਰਮੇਸ਼ੁਰ ਦੇ ਨਾਲ “ਰਾਜ ਮਿਸਤਰੀ” ਵਜੋਂ ਕੰਮ ਕਰਦਾ ਸੀ।ਕਹਾ. 8:30.

2. ਅਸੀਂ ਕਿਵੇਂ ਜਾਣਦੇ ਹਾਂ ਕਿ ਦੂਤਾਂ ਕੋਲ ਹਮੇਸ਼ਾ ਜ਼ਰੂਰੀ ਅਤੇ ਤਸੱਲੀਬਖ਼ਸ਼ ਕੰਮ ਹੁੰਦਾ ਹੈ?

2 ਬਾਈਬਲ ਵਿਚ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਹਮੇਸ਼ਾ ਦੂਤਾਂ ਨੂੰ ਕੰਮ ਬਖ਼ਸ਼ਿਆ ਹੈ। ਆਦਮ ਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਅਦਨ ਦੇ ਸੋਹਣੇ ਬਾਗ਼ ਵਿੱਚੋਂ ਕੱਢ ਦਿੱਤਾ ਅਤੇ ਪਰਮੇਸ਼ੁਰ ਨੇ “ਅਦਨ ਦੇ ਬਾਗ ਦੇ ਚੜ੍ਹਦੇ ਪਾਸੇ ਦੂਤਾਂ ਨੂੰ ਅਤੇ ਚੌਪਾਸੇ ਘੁੰਮਣ ਵਾਲੇ ਖੰਡੇ ਦੀ ਲਸ਼ਕ ਨੂੰ ਰੱਖਿਆ ਤਾਂਜੋ ਓਹ ਜੀਵਣ ਦੇ ਬਿਰਛ ਦੇ ਰਾਹ ਦੀ ਰਾਖੀ ਕਰਨ।” (ਉਤ. 3:24) ਨਾਲੇ ਪ੍ਰਕਾਸ਼ ਦੀ ਕਿਤਾਬ 22:6 ਦੱਸਦੀ ਹੈ ਕਿ ਯਹੋਵਾਹ ਨੇ ਆਪਣਾ “ਦੂਤ ਘੱਲ ਕੇ ਆਪਣੇ ਸੇਵਕਾਂ ਨੂੰ ਉਹ ਸਭ ਕੁਝ ਦਿਖਾਇਆ ਹੈ ਜੋ ਬਹੁਤ ਛੇਤੀ ਹੋਣ ਵਾਲਾ ਹੈ।”

 ਇਨਸਾਨਾਂ ਬਾਰੇ ਕੀ?

3. ਧਰਤੀ ਉੱਤੇ ਆ ਕੇ ਯਿਸੂ ਆਪਣੇ ਪਿਤਾ ਦੀ ਮਿਸਾਲ ’ਤੇ ਕਿਵੇਂ ਚੱਲਿਆ?

3 ਜਦ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਯਹੋਵਾਹ ਵੱਲੋਂ ਮਿਲੇ ਕੰਮ ਨੂੰ ਖ਼ੁਸ਼ੀ-ਖ਼ੁਸ਼ੀ ਕੀਤਾ। ਆਪਣੇ ਪਿਤਾ ਦੀ ਮਿਸਾਲ ’ਤੇ ਚੱਲਦੇ ਹੋਏ ਯਿਸੂ ਨੇ ਵੀ ਆਪਣੇ ਚੇਲਿਆਂ ਨੂੰ ਜ਼ਰੂਰੀ ਕੰਮ ਦਿੱਤਾ। ਉਸ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀਆਂ ਬਖ਼ਸ਼ੀਆਂ, ਉਸ ਵਾਸਤੇ ਉਨ੍ਹਾਂ ਦੀ ਦਿਲਚਸਪੀ ਵਧਾਉਂਦੇ ਹੋਏ ਉਸ ਨੇ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਕਰਨ ਦਾ ਸਬੂਤ ਦਿੰਦਾ ਹੈ, ਉਹ ਵੀ ਉਹੀ ਕੰਮ ਕਰੇਗਾ ਜੋ ਕੰਮ ਮੈਂ ਕਰਦਾ ਹਾਂ, ਅਤੇ ਉਹ ਇਨ੍ਹਾਂ ਨਾਲੋਂ ਵੀ ਵੱਡੇ-ਵੱਡੇ ਕੰਮ ਕਰੇਗਾ; ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ।” (ਯੂਹੰ. 14:12) ਯਿਸੂ ਨੇ ਉਨ੍ਹਾਂ ਜ਼ਰੂਰੀ ਕੰਮਾਂ ਦੀ ਅਹਿਮੀਅਤ ਸਮਝਾਉਂਦੇ ਹੋਏ ਚੇਲਿਆਂ ਨੂੰ ਦੱਸਿਆ: “ਜਦ ਤਕ ਦਿਨ ਹੈ ਸਾਨੂੰ ਉਸ ਦੇ ਕੰਮ ਕਰਨੇ ਚਾਹੀਦੇ ਹਨ ਜਿਸ ਨੇ ਮੈਨੂੰ ਘੱਲਿਆ ਹੈ; ਰਾਤ ਹੋਣ ਵਾਲੀ ਹੈ ਜਿਸ ਕਰਕੇ ਕੋਈ ਆਦਮੀ ਕੰਮ ਨਹੀਂ ਕਰ ਸਕੇਗਾ।”ਯੂਹੰ. 9:4.

4-6. (ੳ) ਅਸੀਂ ਨੂਹ ਅਤੇ ਮੂਸਾ ਦੇ ਕਿਉਂ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਯਹੋਵਾਹ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ? (ਅ) ਪਰਮੇਸ਼ੁਰ ਨੇ ਇਨਸਾਨਾਂ ਨੂੰ ਜੋ ਜ਼ਿੰਮੇਵਾਰੀਆਂ ਬਖ਼ਸ਼ੀਆਂ ਹਨ, ਉਨ੍ਹਾਂ ਦਾ ਕੀ ਨਤੀਜਾ ਨਿਕਲਿਆ ਹੈ?

4 ਯਿਸੂ ਦੇ ਜ਼ਮਾਨੇ ਤੋਂ ਬਹੁਤ ਚਿਰ ਪਹਿਲਾਂ ਵੀ ਯਹੋਵਾਹ ਨੇ ਇਨਸਾਨਾਂ ਨੂੰ ਤਸੱਲੀਬਖ਼ਸ਼ ਕੰਮ ਦਿੱਤੇ ਸਨ। ਹਾਲਾਂਕਿ ਆਦਮ ਤੇ ਹੱਵਾਹ ਨੇ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ, ਪਰ ਹੋਰ ਕਈਆਂ ਨੇ ਪਰਮੇਸ਼ੁਰ ਦੇ ਕੰਮ ਪੂਰੇ ਕੀਤੇ। (ਉਤ. 1:28) ਯਹੋਵਾਹ ਨੇ ਨੂਹ ਨੂੰ ਕਿਸ਼ਤੀ ਬਣਾਉਣ ਦੀਆਂ ਖ਼ਾਸ ਹਿਦਾਇਤਾਂ ਦਿੱਤੀਆਂ ਤਾਂਕਿ ਉਹ ਅਤੇ ਉਸ ਦਾ ਪਰਿਵਾਰ ਜਲ-ਪਰਲੋ ਵਿੱਚੋਂ ਬਚ ਸਕੇ। ਉਸ ਨੇ ਉਹੀ ਕੀਤਾ ਜੋ ਯਹੋਵਾਹ ਨੇ ਉਸ ਨੂੰ ਕਿਹਾ ਸੀ। ਅਸੀਂ ਉਸ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਯਹੋਵਾਹ ਦੀਆਂ ਹਿਦਾਇਤਾਂ ਨੂੰ ਬੜੇ ਧਿਆਨ ਨਾਲ ਮੰਨਿਆ ਜਿਸ ਕਾਰਨ ਸਾਨੂੰ ਜ਼ਿੰਦਗੀ ਮਿਲੀ ਹੈ।ਉਤ. 6:14-16, 22; 2 ਪਤ. 2:5.

5 ਮੂਸਾ ਨੂੰ ਵੀ ਡੇਹਰਾ ਬਣਾਉਣ ਅਤੇ ਪੁਜਾਰੀ ਦਲ ਦਾ ਇੰਤਜ਼ਾਮ ਕਰਨ ਸੰਬੰਧੀ ਖ਼ਾਸ ਹਿਦਾਇਤਾਂ ਦਿੱਤੀਆਂ ਗਈਆਂ ਸਨ। ਉਸ ਨੇ ਐਨ ਯਹੋਵਾਹ ਦੇ ਕਹੇ ਮੁਤਾਬਕ ਕੀਤਾ। (ਕੂਚ 39:32; 40:12-16) ਵਾਕਈ ਉਸ ਦੁਆਰਾ ਵਫ਼ਾਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਨਾਲ ਅੱਜ ਸਾਨੂੰ ਕਿੰਨਾ ਫ਼ਾਇਦਾ ਹੋਇਆ ਹੈ। ਕਿਵੇਂ? ਪੌਲੁਸ ਰਸੂਲ ਨੇ ਸਮਝਾਇਆ ਕਿ ਡੇਹਰਾ ਅਤੇ ਪੁਜਾਰੀ ਦਲ ਭਵਿੱਖ ਵਿਚ ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ ਸਨ।ਇਬ. 9:1-5, 9; 10:1.

6 ਯਹੋਵਾਹ ਆਪਣੇ ਮਕਸਦ ਮੁਤਾਬਕ ਸਮੇਂ-ਸਮੇਂ ਤੇ ਆਪਣੇ ਸੇਵਕਾਂ ਨੂੰ ਵੱਖੋ-ਵੱਖਰੇ ਕੰਮ ਸੌਂਪਦਾ ਹੈ। ਫਿਰ ਵੀ ਉਨ੍ਹਾਂ ਕੰਮਾਂ ਨਾਲ ਹਮੇਸ਼ਾ ਯਹੋਵਾਹ ਦੀ ਮਹਿਮਾ ਹੋਈ ਹੈ ਅਤੇ ਇਨਸਾਨਾਂ ਨੂੰ ਫ਼ਾਇਦੇ ਪਹੁੰਚੇ ਹਨ। ਇਹ ਗੱਲ ਯਿਸੂ ਦੁਆਰਾ ਸਵਰਗ ਵਿਚ ਅਤੇ ਧਰਤੀ ਉੱਤੇ ਕੀਤੇ ਗਏ ਕੰਮਾਂ ਬਾਰੇ ਵੀ ਸੱਚ ਹੈ। (ਯੂਹੰ. 4:34; 17:4) ਇਸੇ ਤਰ੍ਹਾਂ, ਅੱਜ ਸਾਨੂੰ ਜੋ ਕੰਮ ਸੌਂਪਿਆ ਗਿਆ ਹੈ, ਉਸ ਨਾਲ ਯਹੋਵਾਹ ਦਾ ਨਾਂ ਰੌਸ਼ਨ ਹੁੰਦਾ ਹੈ। (ਮੱਤੀ 5:16; 1 ਕੁਰਿੰਥੀਆਂ 15:58 ਪੜ੍ਹੋ।) ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ?

ਜ਼ਿੰਮੇਵਾਰੀਆਂ ਬਾਰੇ ਸਹੀ ਨਜ਼ਰੀਆ ਰੱਖੋ

7, 8. (ੳ) ਦੱਸੋ ਕਿ ਅੱਜ ਮਸੀਹੀਆਂ ਨੂੰ ਕਿਹੜਾ ਕੰਮ ਕਰਨ ਦਾ ਸਨਮਾਨ ਮਿਲਿਆ ਹੈ। (ਅ) ਯਹੋਵਾਹ ਵੱਲੋਂ ਮਿਲਦੀਆਂ ਹਿਦਾਇਤਾਂ ਬਾਰੇ ਸਾਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

7 ਇਹ ਕਿੰਨੇ ਮਾਣ ਦੀ ਗੱਲ ਹੈ ਕਿ ਯਹੋਵਾਹ ਨਾਮੁਕੰਮਲ ਇਨਸਾਨਾਂ ਨੂੰ ਆਪਣੇ ਨਾਲ ਕੰਮ ਕਰਨ ਦਾ ਸੱਦਾ ਦਿੰਦਾ ਹੈ। (1 ਕੁਰਿੰ. 3:9) ਨੂਹ ਅਤੇ ਮੂਸਾ ਵਾਂਗ ਕੁਝ ਭੈਣਾਂ-ਭਰਾਵਾਂ ਨੂੰ ਉਸਾਰੀ ਦਾ ਕੰਮ ਕਰਨ ਦਾ ਸਨਮਾਨ ਬਖ਼ਸ਼ਿਆ ਗਿਆ ਹੈ। ਕੁਝ ਸ਼ਾਇਦ ਅਸੈਂਬਲੀ ਹਾਲਾਂ, ਕਿੰਗਡਮ ਹਾਲਾਂ ਅਤੇ ਬ੍ਰਾਂਚ ਆਫ਼ਿਸਾਂ ਦੀ ਉਸਾਰੀ ਕਰਨ ਵਿਚ ਮਦਦ ਦਿੰਦੇ ਹਨ। ਭਾਵੇਂ ਤੁਸੀਂ ਆਪਣੇ ਇਲਾਕੇ ਦੇ ਕਿਸੇ ਕਿੰਗਡਮ ਹਾਲ ਦੀ ਮੁਰੰਮਤ ਕਰੇ ਰਹੇ ਹੋ ਜਾਂ ਨਿਊਯਾਰਕ ਦੇ ਵਾਰਵਿਕ ਸ਼ਹਿਰ ਵਿਚ ਹੈੱਡ-ਕੁਆਰਟਰ ਦੀ ਉਸਾਰੀ ਵਿਚ ਮਦਦ ਦੇ ਰਹੇ ਹੋ, ਇਸ ਤਰ੍ਹਾਂ ਸੇਵਾ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ! (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) ਇਹ ਪਵਿੱਤਰ ਸੇਵਾ ਹੈ। ਭਾਵੇਂ ਕਿ ਕੁਝ ਭੈਣ-ਭਰਾ ਹੀ ਉਸਾਰੀ ਦੇ ਕੰਮ ਵਿਚ ਹਿੱਸਾ ਲੈਂਦੇ ਹਨ, ਪਰ ਸਾਨੂੰ ਸਾਰਿਆਂ ਨੂੰ ਪ੍ਰਚਾਰ ਦੇ ਜ਼ਰੀਏ ਲੋਕਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਦਾ ਕੰਮ ਦਿੱਤਾ ਗਿਆ ਹੈ। ਇਸ ਨਾਲ ਵੀ ਪਰਮੇਸ਼ੁਰ ਦਾ ਨਾਂ ਰੌਸ਼ਨ ਹੁੰਦਾ ਹੈ ਅਤੇ ਇਨਸਾਨਾਂ ਨੂੰ ਫ਼ਾਇਦਾ ਮਿਲਦਾ ਹੈ। (ਰਸੂ. 13:47-49) ਇਸ ਕੰਮ ਨੂੰ ਵਧੀਆ ਤਰੀਕੇ ਨਾਲ ਕਰਨ ਲਈ ਪਰਮੇਸ਼ੁਰ ਦਾ ਸੰਗਠਨ ਹਿਦਾਇਤਾਂ ਦਿੰਦਾ ਹੈ। ਇਸ ਕਰਕੇ ਹੋ ਸਕਦਾ ਹੈ ਕਿ ਸਾਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣ।

 8 ਯਹੋਵਾਹ ਦੇ ਵਫ਼ਾਦਾਰ ਸੇਵਕ ਹਮੇਸ਼ਾ ਹਿਦਾਇਤਾਂ ਮੰਨਣ ਲਈ ਤਿਆਰ ਰਹਿੰਦੇ ਹਨ। (ਇਬਰਾਨੀਆਂ 13:7, 17 ਪੜ੍ਹੋ।) ਹੋ ਸਕਦਾ ਹੈ ਕਿ ਕੋਈ ਨਵੀਂ ਜ਼ਿੰਮੇਵਾਰੀ ਮਿਲਣ ਤੇ ਸਾਨੂੰ ਪੂਰੀ ਤਰ੍ਹਾਂ ਸਮਝ ਨਾ ਆਵੇ ਕਿ ਸਾਨੂੰ ਇਹ ਜ਼ਿੰਮੇਵਾਰੀ ਕਿਉਂ ਸੌਂਪੀ ਗਈ ਹੈ। ਪਰ ਅਸੀਂ ਉਸ ਜ਼ਿੰਮੇਵਾਰੀ ਨੂੰ ਸਵੀਕਾਰ ਕਰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਜੋ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ, ਉਹ ਯਹੋਵਾਹ ਵੱਲੋਂ ਹਨ ਅਤੇ ਉਨ੍ਹਾਂ ਮੁਤਾਬਕ ਚੱਲਣ ਨਾਲ ਫ਼ਾਇਦਾ ਹੀ ਹੋਵੇਗਾ।

9. ਮੰਡਲੀ ਦੇ ਭੈਣਾਂ-ਭਰਾਵਾਂ ਲਈ ਬਜ਼ੁਰਗ ਕਿਹੜੀ ਵਧੀਆ ਮਿਸਾਲ ਰੱਖਦੇ ਹਨ?

9 ਬਜ਼ੁਰਗਾਂ ਦੁਆਰਾ ਮੰਡਲੀ ਦੀ ਅਗਵਾਈ ਕਰਨ ਦੇ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਵਿਚ ਯਹੋਵਾਹ ਦੀ ਇੱਛਾ ਪੂਰੀ ਕਰਨ ਦੀ ਕਿੰਨੀ ਜ਼ਿਆਦਾ ਤਮੰਨਾ ਹੈ। (2 ਕੁਰਿੰ. 1:24; 1 ਥੱਸ. 5:12, 13) ਉਹ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰਦੇ ਹਨ, ਹਿਦਾਇਤਾਂ ਨੂੰ ਮੰਨਦੇ ਹਨ ਅਤੇ ਪ੍ਰਚਾਰ ਦੇ ਨਵੇਂ-ਨਵੇਂ ਤਰੀਕੇ ਛੇਤੀ ਨਾਲ ਸਿੱਖਦੇ ਹਨ। ਜਦ ਉਹ ਟੈਲੀਫ਼ੋਨ ’ਤੇ, ਬੰਦਰਗਾਹਾਂ ’ਤੇ ਜਾਂ ਪਬਲਿਕ ਥਾਵਾਂ ’ਤੇ ਗਵਾਹੀ ਦੇਣ ਦੇ ਇੰਤਜ਼ਾਮ ਕਰਦੇ ਹਨ, ਤਾਂ ਉਹ ਇਸ ਦੇ ਚੰਗੇ ਨਤੀਜੇ ਨਿਕਲਦੇ ਦੇਖਦੇ ਹਨ, ਭਾਵੇਂ ਕਿ ਕੁਝ ਸ਼ਾਇਦ ਸੋਚਣ ਕਿ ਇਹ ਨਵੇਂ ਤਰੀਕੇ ਪਤਾ ਨਹੀਂ ਕਾਰਗਰ ਹੋਣਗੇ ਜਾਂ ਨਹੀਂ। ਮਿਸਾਲ ਲਈ, ਜਰਮਨੀ ਵਿਚ ਚਾਰ ਪਾਇਨੀਅਰਾਂ ਨੇ ਬਿਜ਼ਨਿਸ ਇਲਾਕਿਆਂ ਵਿਚ ਪ੍ਰਚਾਰ ਕਰਨ ਦਾ ਇੰਤਜ਼ਾਮ ਕੀਤਾ ਜਿੱਥੇ ਕਾਫ਼ੀ ਸਮੇਂ ਤੋਂ ਪ੍ਰਚਾਰ ਨਹੀਂ ਸੀ ਹੋਇਆ। ਉਨ੍ਹਾਂ ਵਿੱਚੋਂ ਮਾਈਕਲ ਨਾਂ ਦਾ ਭਰਾ ਦੱਸਦਾ ਹੈ: “ਅਸੀਂ ਕਈ ਸਾਲਾਂ ਤੋਂ ਬਿਜ਼ਨਿਸ ਇਲਾਕਿਆਂ ਵਿਚ ਪ੍ਰਚਾਰ ਨਹੀਂ ਕੀਤਾ ਸੀ ਜਿਸ ਕਾਰਨ ਅਸੀਂ ਕਾਫ਼ੀ ਘਬਰਾਏ ਹੋਏ ਸਾਂ। ਯਹੋਵਾਹ ਨੇ ਜ਼ਰੂਰ ਇਹ ਦੇਖਿਆ ਹੋਣਾ ਇਸ ਕਰਕੇ ਉਸ ਦੀ ਮਦਦ ਨਾਲ ਸਾਨੂੰ ਉਸ ਦਿਨ ਪ੍ਰਚਾਰ ਕਰ ਕੇ ਬਹੁਤ ਮਜ਼ਾ ਆਇਆ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਸਾਡੀ ਰਾਜ ਸੇਵਕਾਈ ਦੀਆਂ ਹਿਦਾਇਤਾਂ ਨੂੰ ਮੰਨਿਆ ਅਤੇ ਯਹੋਵਾਹ ’ਤੇ ਪੂਰਾ ਭਰੋਸਾ ਰੱਖਿਆ!” ਕੀ ਤੁਸੀਂ ਆਪਣੇ ਇਲਾਕੇ ਵਿਚ ਪ੍ਰਚਾਰ ਦੇ ਨਵੇਂ-ਨਵੇਂ ਤਰੀਕੇ ਅਜ਼ਮਾਉਣ ਲਈ ਤਿਆਰ ਹੋ?

10. ਹਾਲ ਹੀ ਦੇ ਸਾਲਾਂ ਵਿਚ ਸੰਗਠਨ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ?

10 ਕਦੇ-ਕਦੇ ਸੰਗਠਨ ਵਿਚ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ। ਹਾਲ ਹੀ ਦੇ ਸਾਲਾਂ ਵਿਚ ਕੁਝ ਛੋਟੇ ਬ੍ਰਾਂਚ ਆਫ਼ਿਸਾਂ ਨੂੰ ਬੰਦ ਕਰ ਕੇ ਉਨ੍ਹਾਂ ਦਾ ਕੰਮ ਵੱਡੇ ਬ੍ਰਾਂਚ ਆਫ਼ਿਸਾਂ ਨੂੰ ਦਿੱਤਾ ਗਿਆ ਹੈ। ਇਸ ਦਾ ਅਸਰ ਉਨ੍ਹਾਂ ਬ੍ਰਾਂਚਾਂ ਵਿਚ ਕੰਮ ਕਰਨ ਵਾਲੇ ਭੈਣਾਂ-ਭਰਾਵਾਂ ’ਤੇ ਪਿਆ ਹੈ। ਹਾਲਾਂਕਿ ਉਨ੍ਹਾਂ ਨੂੰ ਤਬਦੀਲੀਆਂ ਕਰਨੀਆਂ ਪਈਆਂ ਹਨ, ਫਿਰ ਵੀ ਬਾਅਦ ਵਿਚ ਉਨ੍ਹਾਂ ਨੇ ਇਸ ਦੇ ਫ਼ਾਇਦਿਆਂ ਨੂੰ ਦੇਖਿਆ ਹੈ। (ਉਪ. 7:8) ਇਹ ਭੈਣ-ਭਰਾ ਬਹੁਤ ਖ਼ੁਸ਼ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਤਬਦੀਲੀਆਂ ਮੁਤਾਬਕ ਦਿਲੋਂ ਸੇਵਾ ਕਰਨ ਦਾ ਮੌਕਾ ਮਿਲਿਆ ਹੈ।

11-13. ਸੰਗਠਨ ਵਿਚ ਹੁੰਦੀਆਂ ਤਬਦੀਲੀਆਂ ਕਾਰਨ ਕਈਆਂ ਨੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ?

11 ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਤੋਂ ਜ਼ਰੂਰੀ ਸਬਕ ਸਿੱਖ ਸਕਦੇ ਹਾਂ। ਕੁਝ ਨੇ ਆਪੋ-ਆਪਣੇ ਬ੍ਰਾਂਚ ਆਫ਼ਿਸਾਂ ਵਿਚ 10-20 ਜਾਂ ਉਸ ਤੋਂ ਜ਼ਿਆਦਾ ਸਾਲ ਪੂਰੇ ਸਮੇਂ ਦੀ ਸੇਵਾ ਕੀਤੀ ਸੀ। ਕੇਂਦਰੀ ਅਮਰੀਕਾ ਦੇ ਇਕ ਛੋਟੇ ਬੈਥਲ ਪਰਿਵਾਰ ਵਿਚ ਰਹਿੰਦੇ ਇਕ ਜੋੜੇ ਨੂੰ ਮੈਕਸੀਕੋ ਦੇ ਬੈਥਲ ਵਿਚ ਜਾਣ ਲਈ ਕਿਹਾ ਗਿਆ ਜੋ ਉਨ੍ਹਾਂ ਦੇ ਬ੍ਰਾਂਚ ਆਫ਼ਿਸ ਤੋਂ 30 ਗੁਣਾ ਵੱਡਾ ਹੈ। ਰੌਖ਼ੇਲੀਓ ਕਹਿੰਦਾ ਹੈ: “ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਛੱਡ ਕੇ ਜਾਣਾ ਬਹੁਤ ਹੀ ਮੁਸ਼ਕਲ ਸੀ।” ਇਕ ਹੋਰ ਭਰਾ ਖ਼ੁਆਨ ਨੂੰ ਇੱਦਾਂ ਲੱਗਿਆ ਜਿੱਦਾਂ ਉਸ ਨੇ ਮੈਕਸੀਕੋ ਵਿਚ ਦੁਬਾਰਾ ਜ਼ਿੰਦਗੀ ਸ਼ੁਰੂ ਕੀਤੀ ਹੋਵੇ। ਉਹ ਕਹਿੰਦਾ ਹੈ: “ਤੁਹਾਨੂੰ ਨਵੇਂ ਰਿਸ਼ਤੇ-ਨਾਤੇ ਬਣਾਉਣੇ ਪੈਂਦੇ ਹਨ। ਇਸ ਵਾਸਤੇ ਤੁਹਾਨੂੰ ਉੱਥੇ ਦੇ ਤੌਰ-ਤਰੀਕਿਆਂ ਅਤੇ ਸੋਚ ਮੁਤਾਬਕ ਢਲ਼ਣਾ ਪੈਂਦਾ ਹੈ।”

12 ਜਦ ਯੂਰਪੀ ਦੇਸ਼ਾਂ ਦੀਆਂ ਕੁਝ ਬ੍ਰਾਂਚਾਂ ਦੇ ਭੈਣਾਂ-ਭਰਾਵਾਂ ਨੂੰ ਜਰਮਨੀ ਦੇ ਬ੍ਰਾਂਚ ਆਫ਼ਿਸ ਵਿਚ ਜਾ ਕੇ ਸੇਵਾ ਕਰਨ ਲਈ ਕਿਹਾ ਗਿਆ, ਤਾਂ ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਸਵਿਟਜ਼ਰਲੈਂਡ ਦੇ ਭੈਣਾਂ-ਭਰਾਵਾਂ ਨੂੰ ਐਲਪਸ ਪਹਾੜ ਦੇ ਖੂਬਸੂਰਤ ਨਜ਼ਾਰੇ ਯਾਦ ਆਉਂਦੇ ਸਨ ਅਤੇ ਆਸਟ੍ਰੀਆ ਦੇ ਭੈਣਾਂ-ਭਰਾਵਾਂ ਨੂੰ ਛੋਟੇ ਬੈਥਲ ਦਾ ਘਰ ਵਰਗਾ ਮਾਹੌਲ ਯਾਦ ਆਉਂਦਾ ਸੀ।

13 ਦੂਜੇ ਦੇਸ਼ ਵਿਚ ਜਾ ਕੇ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਨਵੇਂ ਮਾਹੌਲ ਮੁਤਾਬਕ ਖ਼ੁਦ ਨੂੰ ਢਾਲ਼ਣਾ ਪੈਂਦਾ ਹੈ, ਨਵੇਂ ਭੈਣਾਂ-ਭਰਾਵਾਂ ਨਾਲ ਕੰਮ ਕਰਨਾ ਪੈਂਦਾ ਹੈ ਅਤੇ ਸ਼ਾਇਦ ਉਨ੍ਹਾਂ ਨੂੰ ਕੋਈ ਹੋਰ ਕੰਮ ਸਿੱਖਣਾ ਪੈਂਦਾ ਹੈ। ਨਾਲੇ ਉਹ ਨਵੀਂ ਮੰਡਲੀ ਵਿਚ ਜਾਂਦੇ ਹਨ ਅਤੇ ਨਵੇਂ ਇਲਾਕੇ ਵਿਚ ਪ੍ਰਚਾਰ ਕਰਦੇ ਹਨ ਤੇ ਉਹ ਵੀ ਸ਼ਾਇਦ ਨਵੀਂ ਭਾਸ਼ਾ ਵਿਚ। ਅਜਿਹੀਆਂ ਤਬਦੀਲੀਆਂ ਕਰਨੀਆਂ ਔਖੀਆਂ ਹੋ ਸਕਦੀਆਂ ਹਨ। ਫਿਰ ਵੀ ਬਹੁਤ ਸਾਰੇ ਬੈਥਲ  ਦੇ ਮੈਂਬਰਾਂ ਨੇ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ। ਪਰ ਕਿਉਂ?

14, 15. (ੳ) ਕਈ ਭੈਣਾਂ-ਭਰਾਵਾਂ ਨੇ ਕਿਵੇਂ ਦਿਖਾਇਆ ਹੈ ਕਿ ਉਹ ਯਹੋਵਾਹ ਨਾਲ ਮਿਲ ਕੇ ਕੰਮ ਕਰਨ ਦੇ ਸਨਮਾਨ ਦੀ ਕਦਰ ਕਰਦੇ ਹਨ? (ਅ) ਉਹ ਸਾਡੇ ਸਾਰਿਆਂ ਲਈ ਕਿਵੇਂ ਵਧੀਆ ਮਿਸਾਲ ਹਨ?

14 ਗ੍ਰੇਟਲ ਕਹਿੰਦੀ ਹੈ: “ਮੈਂ ਇਹ ਸੱਦਾ ਸਵੀਕਾਰ ਕਰ ਕੇ ਯਹੋਵਾਹ ਨੂੰ ਦਿਖਾਇਆ ਕਿ ਮੈਂ ਉਸ ਨੂੰ ਇੰਨਾ ਪਿਆਰ ਕਰਦੀ ਹਾਂ ਕਿ ਮੇਰੇ ਲਈ ਆਪਣਾ ਦੇਸ਼, ਬਿਲਡਿੰਗ ਜਾਂ ਖ਼ਾਸ ਸਨਮਾਨ ਕੋਈ ਮਾਅਨੇ ਨਹੀਂ ਰੱਖਦਾ।” ਡਾਈਸਕਾ ਕਹਿੰਦੀ ਹੈ: “ਯਹੋਵਾਹ ਨੇ ਮੈਨੂੰ ਇਹ ਸੱਦਾ ਦਿੱਤਾ ਸੀ ਜਿਸ ਕਰਕੇ ਮੈਂ ਇਸ ਨੂੰ ਖ਼ੁਸ਼ੀ-ਖ਼ੁਸ਼ੀ ਕਬੂਲ ਕਰ ਲਿਆ।” ਆਂਡਰੇ ਅਤੇ ਗਾਬਰੀਏਲਾ ਵੀ ਮੰਨਦੇ ਹਨ: “ਇੱਦਾਂ ਸਾਨੂੰ ਯਹੋਵਾਹ ਦੀ ਸੇਵਾ ਕਰਨ ਦਾ ਇਕ ਹੋਰ ਮੌਕਾ ਮਿਲਿਆ ਤੇ ਅਸੀਂ ਆਪਣੀਆਂ ਖ਼ਾਹਸ਼ਾਂ ਨੂੰ ਪਹਿਲ ਨਹੀਂ ਦਿੱਤੀ।” ਉਨ੍ਹਾਂ ਨੂੰ ਯਕੀਨ ਹੈ ਕਿ ਜਦ ਯਹੋਵਾਹ ਸੰਗਠਨ ਵਿਚ ਤਬਦੀਲੀਆਂ ਕਰਦਾ ਹੈ, ਤਾਂ ਇਨ੍ਹਾਂ ਨੂੰ ਖਿੜੇ ਮੱਥੇ ਮੰਨ ਲੈਣਾ ਹੀ ਚੰਗਾ ਹੁੰਦਾ ਹੈ।

ਸਾਡਾ ਸਭ ਤੋਂ ਵੱਡਾ ਸਨਮਾਨ—ਯਹੋਵਾਹ ਦਾ ਕੰਮ ਕਰਨਾ!

15 ਜਦ ਛੋਟੇ ਬ੍ਰਾਂਚ ਆਫ਼ਿਸਾਂ ਨੂੰ ਵੱਡੇ ਬ੍ਰਾਂਚ ਆਫ਼ਿਸਾਂ ਵਿਚ ਰਲਾਇਆ ਗਿਆ, ਤਾਂ ਉਨ੍ਹਾਂ ਦੇ ਕੁਝ ਮੈਂਬਰਾਂ ਨੂੰ ਪਾਇਨੀਅਰਾਂ ਵਜੋਂ ਸੇਵਾ ਕਰਨ ਲਈ ਭੇਜਿਆ ਗਿਆ। ਜਦ ਡੈਨਮਾਰਕ, ਨਾਰਵੇ ਅਤੇ ਸਵੀਡਨ ਦੇ ਬ੍ਰਾਂਚ ਆਫ਼ਿਸ ਬੰਦ ਕਰ ਕੇ ਸਕੈਂਡੇਨੇਵੀਆ ਬ੍ਰਾਂਚ ਆਫ਼ਿਸ ਬਣਾਇਆ ਗਿਆ, ਤਾਂ ਕਈਆਂ ਨਾਲ ਇੱਦਾਂ ਹੋਇਆ ਸੀ। ਉਨ੍ਹਾਂ ਵਿੱਚੋਂ ਫਲੋਰੀਆਨ ਅਤੇ ਆਨਿਯਾ ਨੇ ਕਿਹਾ: “ਅਸੀਂ ਨਵੀਂ ਜ਼ਿੰਮੇਵਾਰੀ ਨੂੰ ਖ਼ੁਸ਼ੀ ਨਾਲ ਕਬੂਲ ਕੀਤਾ। ਭਾਵੇਂ ਅਸੀਂ ਕਿਤੇ ਵੀ ਸੇਵਾ ਕਰੀਏ, ਸਾਡੇ ਲਈ ਕਿੰਨੀ ਵਧੀਆ ਗੱਲ ਹੈ ਕਿ ਯਹੋਵਾਹ ਆਪਣੇ ਕੰਮ ਲਈ ਸਾਨੂੰ ਇਸਤੇਮਾਲ ਕਰਦਾ ਹੈ। ਅਸੀਂ ਯਕੀਨਨ ਕਹਿ ਸਕਦੇ ਹਾਂ ਕਿ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ।” ਹਾਲਾਂਕਿ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਕਦੇ ਵੀ ਇਹੋ ਜਿਹੀਆਂ ਤਬਦੀਲੀਆਂ ਨਹੀਂ ਕਰਨੀਆਂ ਪਈਆਂ, ਪਰ ਫਿਰ ਵੀ ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਦੀ ਰੀਸ ਕਰ ਕੇ ਰਾਜ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਸਕਦੇ ਹਾਂ। (ਯਸਾ. 6:8) ਯਹੋਵਾਹ ਹਮੇਸ਼ਾ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਕਿਤੇ ਵੀ ਉਸ ਨਾਲ ਮਿਲ ਕੇ ਕੰਮ ਕਰਨ ਦੇ ਸਨਮਾਨ ਨੂੰ ਅਨਮੋਲ ਸਮਝਦੇ ਹਨ।

ਯਹੋਵਾਹ ਨਾਲ ਮਿਲ ਕੇ ਕੰਮ ਕਰਨ ਦੇ ਸਨਮਾਨ ਵਿਚ ਹਮੇਸ਼ਾ ਖ਼ੁਸ਼ੀ ਪਾਉਂਦੇ ਰਹੋ!

16. (ੳ) ਗਲਾਤੀਆਂ 6:4 ਸਾਨੂੰ ਕੀ ਕਰਨ ਲਈ ਕਹਿੰਦਾ ਹੈ? (ਅ) ਸਾਡੇ ਸਾਰਿਆਂ ਕੋਲ ਕਿਹੜਾ ਸਭ ਤੋਂ ਵੱਡਾ ਸਨਮਾਨ ਹੈ?

16 ਨਾਮੁਕੰਮਲ ਹੋਣ ਕਰਕੇ ਅਸੀਂ ਅਕਸਰ ਆਪਣੀ ਤੁਲਨਾ ਦੂਜਿਆਂ ਨਾਲ ਕਰਦੇ ਹਾਂ, ਪਰ ਪਰਮੇਸ਼ੁਰ ਦਾ  ਬਚਨ ਸਾਨੂੰ ਕਹਿੰਦਾ ਹੈ ਕਿ ਅਸੀਂ ਆਪਣੇ ਕੰਮਾਂ ਵੱਲ ਧਿਆਨ ਲਾਈਏ। (ਗਲਾਤੀਆਂ 6:4 ਪੜ੍ਹੋ।) ਸਾਰੇ ਜਣੇ ਬਜ਼ੁਰਗ, ਪਾਇਨੀਅਰ, ਮਿਸ਼ਨਰੀ ਜਾਂ ਬੈਥਲ ਪਰਿਵਾਰ ਦੇ ਮੈਂਬਰ ਨਹੀਂ ਬਣ ਸਕਦੇ। ਭਾਵੇਂ ਕਿ ਇਹ ਵਧੀਆ ਸਨਮਾਨ ਹਨ, ਪਰ ਸਾਨੂੰ ਸਾਰਿਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਸਾਰਿਆਂ ਕੋਲ ਸਭ ਤੋਂ ਵੱਡਾ ਸਨਮਾਨ ਹੈ। ਇਹ ਹੈ ਯਹੋਵਾਹ ਨਾਲ ਮਿਲ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ। ਆਓ ਆਪਾਂ ਇਸ ਸਨਮਾਨ ਨੂੰ ਹਮੇਸ਼ਾ ਅਨਮੋਲ ਸਮਝੀਏ!

17. ਅੱਜ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ ਅਤੇ ਇਸ ਕਾਰਨ ਸਾਨੂੰ ਹੌਸਲਾ ਕਿਉਂ ਨਹੀਂ ਹਾਰਨਾ ਚਾਹੀਦਾ?

17 ਸ਼ੈਤਾਨ ਦੀ ਇਸ ਦੁਨੀਆਂ ਵਿਚ ਅਸੀਂ ਸ਼ਾਇਦ ਉਸ ਤਰੀਕੇ ਨਾਲ ਯਹੋਵਾਹ ਦੀ ਸੇਵਾ ਨਾ ਕਰ ਪਾਈਏ ਜਿੱਦਾਂ ਅਸੀਂ ਚਾਹੁੰਦੇ ਹਾਂ। ਕੁਝ ਹਾਲਾਤਾਂ ਉੱਤੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ, ਜਿਵੇਂ ਕਿ ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਸਿਹਤ ਸਮੱਸਿਆਵਾਂ। ਪਰ ਇਸ ਕਾਰਨ ਸਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ। ਭਾਵੇਂ ਕੋਈ ਵੀ ਮੁਸ਼ਕਲ ਖੜ੍ਹੀ ਹੋਵੇ, ਅਸੀਂ ਹਮੇਸ਼ਾ ਯਹੋਵਾਹ ਦੇ ਨਾਂ ਅਤੇ ਉਸ ਦੇ ਰਾਜ ਬਾਰੇ ਦੂਜਿਆਂ ਨੂੰ ਦੱਸ ਸਕਦੇ ਹਾਂ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਆਪਣੀ ਪੂਰੀ ਵਾਹ ਲਾਈਏ ਅਤੇ ਜੋ ਭੈਣ-ਭਰਾ ਉਸ ਦੀ ਸੇਵਾ ਸਾਡੇ ਨਾਲੋਂ ਜ਼ਿਆਦਾ ਕਰ ਸਕਦੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰੀਏ। ਯਾਦ ਰੱਖੋ ਕਿ ਯਹੋਵਾਹ ਦੇ ਨਾਂ ਦਾ ਗੁਣਗਾਨ ਕਰਨ ਵਾਲੇ ਉਸ ਦੀਆਂ ਨਜ਼ਰਾਂ ਵਿਚ ਬਹੁਮੁੱਲੇ ਹਨ!

18. ਸਾਨੂੰ ਖ਼ੁਸ਼ੀ-ਖ਼ੁਸ਼ੀ ਕੀ ਤਿਆਗ ਕਰਨਾ ਚਾਹੀਦਾ ਹੈ ਅਤੇ ਕਿਉਂ?

18 ਨਾਮੁਕੰਮਲ ਹੋਣ ਦੇ ਬਾਵਜੂਦ ਸਾਨੂੰ ਯਹੋਵਾਹ ਆਪਣੇ ਨਾਲ ਕੰਮ ਕਰਨ ਦਾ ਮੌਕਾ ਦਿੰਦਾ ਹੈ। ਇਨ੍ਹਾਂ ਆਖ਼ਰੀ ਦਿਨਾਂ ਵਿਚ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਨਾ ਸਾਡੇ ਲਈ ਕਿੰਨੇ ਮਾਣ ਦੀ ਗੱਲ ਹੈ! ਇਸ ਲਈ ਸਾਨੂੰ ਖ਼ੁਸ਼ੀ-ਖ਼ੁਸ਼ੀ ਆਪਣੀਆਂ ਇੱਛਾਵਾਂ ਦਾ ਤਿਆਗ ਕਰ ਕੇ “ਅਸਲੀ ਜ਼ਿੰਦਗੀ” ਨੂੰ ਘੁੱਟ ਕੇ ਫੜੀ ਰੱਖਣਾ ਚਾਹੀਦਾ ਹੈ। ਨਵੀਂ ਦੁਨੀਆਂ ਦੇ ਖ਼ੁਸ਼ੀ ਤੇ ਸ਼ਾਂਤੀ ਭਰੇ ਮਾਹੌਲ ਵਿਚ ਯਹੋਵਾਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ।1 ਤਿਮੋ. 6:18, 19.

ਕੀ ਤੁਸੀਂ ਸੇਵਾ ਕਰਨ ਦੇ ਸਨਮਾਨ ਨੂੰ ਅਨਮੋਲ ਸਮਝਦੇ ਹੋ? (ਪੈਰੇ 16-18 ਦੇਖੋ)

19. ਯਹੋਵਾਹ ਸਾਨੂੰ ਕਿਹੋ ਜਿਹਾ ਭਵਿੱਖ ਦੇਣ ਵਾਲਾ ਹੈ?

19 ਅਸੀਂ ਨਵੀਂ ਦੁਨੀਆਂ ਦੀ ਦਹਿਲੀਜ਼ ’ਤੇ ਖੜ੍ਹੇ ਹਾਂ। ਵਾਅਦਾ ਕੀਤੇ ਹੋਏ ਦੇਸ਼ ਵਿਚ ਪਹੁੰਚਣ ਤੋਂ ਥੋੜ੍ਹੀ ਦੇਰ ਪਹਿਲਾਂ ਇਜ਼ਰਾਈਲੀਆਂ ਨੂੰ ਕਹੀ ਮੂਸਾ ਦੀ ਇਸ ਗੱਲ ਬਾਰੇ ਸੋਚੋ: “ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਹਰ ਕੰਮ ਵਿੱਚ ਤੁਹਾਨੂੰ ਕਾਮਯਾਬੀ ਦੇਵੇਗਾ।” (ਬਿਵ. 30:9, ERV) ਆਰਮਾਗੇਡਨ ਤੋਂ ਬਾਅਦ ਆਪਣੇ ਵਾਅਦੇ ਮੁਤਾਬਕ ਯਹੋਵਾਹ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਧਰਤੀ ਦਾ ਵਾਰਸ ਬਣਾਵੇਗਾ। ਫਿਰ ਸਾਨੂੰ ਧਰਤੀ ਨੂੰ ਬਾਗ਼ ਵਰਗੀ ਖ਼ੂਬਸੂਰਤ ਬਣਾਉਣ ਦਾ ਕੰਮ ਮਿਲੇਗਾ!