Skip to content

Skip to table of contents

‘ਲੋਕ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ’

‘ਲੋਕ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ’

“ਧੰਨ [ ਖ਼ੁਸ਼] ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!”ਜ਼ਬੂ. 144:15.

1. ਰੱਬ ਦੀ ਭਗਤੀ ਕਰਨ ਵਾਲੇ ਲੋਕਾਂ ਬਾਰੇ ਕੁਝ ਲੋਕ ਕੀ ਸੋਚਦੇ ਹਨ?

ਅੱਜ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਦੁਨੀਆਂ ਦੇ ਮੁੱਖ ਧਰਮ ਲੋਕਾਂ ਦੀ ਮਦਦ ਕਰਨ ਲਈ ਕੁਝ ਨਹੀਂ ਕਰਦੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਧਰਮਾਂ ਤੋਂ ਰੱਬ ਖ਼ੁਸ਼ ਨਹੀਂ ਕਿਉਂਕਿ ਇਹ ਆਪਣੀਆਂ ਸਿੱਖਿਆਵਾਂ ਤੇ ਆਪਣੇ ਚਾਲ-ਚਲਣ ਰਾਹੀਂ ਉਸ ਨੂੰ ਬਦਨਾਮ ਕਰਦੇ ਹਨ। ਫਿਰ ਵੀ ਉਹ ਮੰਨਦੇ ਹਨ ਕਿ ਸਾਰੇ ਧਰਮਾਂ ਵਿਚ ਚੰਗੇ ਲੋਕ ਹਨ ਜਿਨ੍ਹਾਂ ਨੂੰ ਰੱਬ ਦੇਖਦਾ ਹੈ ਤੇ ਆਪਣੇ ਭਗਤਾਂ ਵਜੋਂ ਸਵੀਕਾਰ ਕਰਦਾ ਹੈ। ਇਸ ਲਈ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਚੰਗੇ ਲੋਕਾਂ ਨੂੰ ਝੂਠੇ ਧਰਮਾਂ ਤੋਂ ਵੱਖ ਹੋ ਕੇ ਰੱਬ ਦੀ ਭਗਤੀ ਕਰਨੀ ਚਾਹੀਦੀ ਹੈ। ਪਰ ਕੀ ਰੱਬ ਵੀ ਇਸੇ ਤਰ੍ਹਾਂ ਸੋਚਦਾ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਆਓ ਆਪਾਂ ਬਾਈਬਲ ਵਿਚ ਦਿੱਤੇ ਯਹੋਵਾਹ ਦੇ ਸੱਚੇ ਭਗਤਾਂ ਦੇ ਇਤਿਹਾਸ ’ਤੇ ਨਜ਼ਰ ਮਾਰੀਏ।

ਪਰਮੇਸ਼ੁਰ ਨੇ ਲੋਕਾਂ ਨਾਲ ਇਕਰਾਰ ਕੀਤਾ

2. ਸਮੇਂ ਦੇ ਬੀਤਣ ਨਾਲ ਕੌਣ ਯਹੋਵਾਹ ਦੇ ਖ਼ਾਸ ਲੋਕ ਬਣੇ ਅਤੇ ਕਿਹੜੀ ਗੱਲ ਕਰਕੇ ਉਨ੍ਹਾਂ ਦੀ ਹੋਰ ਲੋਕਾਂ ਤੋਂ ਵੱਖਰੀ ਪਛਾਣ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

2 ਲਗਭਗ 4,000 ਸਾਲ ਪਹਿਲਾਂ ਯਹੋਵਾਹ ਨੇ ਧਰਤੀ ਉੱਤੇ ਆਪਣੇ ਲਈ ਲੋਕ ਚੁਣੇ ਸਨ। ਅਬਰਾਹਾਮ ਬਾਰੇ ਕਿਹਾ ਗਿਆ ਸੀ ਕਿ ਉਹ ਨਿਹਚਾ ਕਰਨ ਵਾਲੇ  “ਸਾਰੇ ਲੋਕਾਂ ਦਾ ਪਿਤਾ ਬਣਿਆ” ਅਤੇ ਉਹ ਆਪਣੇ ਪਰਿਵਾਰ ਦੇ ਸੈਂਕੜੇ ਹੀ ਮੈਂਬਰਾਂ ਦੀ ਅਗਵਾਈ ਕਰਦਾ ਸੀ। (ਰੋਮੀ. 4:11; ਉਤ. 14:14) ਕਨਾਨ ਦੇ ਹਾਕਮ ਉਸ ਨੂੰ ‘ਪਰਮੇਸ਼ੁਰ ਦਾ ਸਜਾਦਾ’ ਕਹਿ ਕੇ ਉਸ ਦਾ ਆਦਰ ਕਰਦੇ ਸਨ। (ਉਤ. 21:22; 23:6) ਯਹੋਵਾਹ ਨੇ ਅਬਰਾਹਾਮ ਤੇ ਉਸ ਦੀ ਔਲਾਦ ਨਾਲ ਨੇਮ ਬੰਨ੍ਹਿਆ ਯਾਨੀ ਇਕਰਾਰ ਕੀਤਾ। (ਉਤ. 17:1, 2, 19) ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: “ਇਹ ਮੇਰਾ ਨੇਮ ਮੇਰੇ ਅਰ ਤੁਹਾਡੇ ਅਰ ਤੇਰੇ ਪਿੱਛੋਂ ਤੇਰੀ ਅੰਸ ਵਿੱਚ ਹੈ ਜਿਸ ਦੀ ਤੁਸੀਂ ਪਾਲਣਾ ਕਰੋ। ਤੁਹਾਡੇ ਵਿੱਚੋਂ ਹਰ ਇੱਕ ਨਰ ਦੀ ਸੁੰਨਤ ਕੀਤੀ ਜਾਵੇ। . . . ਅਤੇ ਇਹ ਮੇਰੇ ਅਰ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ।” (ਉਤ. 17:10, 11) ਇਸ ਲਈ ਅਬਰਾਹਾਮ ਤੇ ਉਸ ਦੇ ਘਰ ਦੇ ਸਾਰੇ ਆਦਮੀਆਂ ਨੇ ਸੁੰਨਤ ਕਰਾਈ। (ਉਤ. 17:24-27) ਸੁੰਨਤ ਕਰਕੇ ਅਬਰਾਹਾਮ ਦੀ ਔਲਾਦ ਦੀ ਪਛਾਣ ਅਜਿਹੇ ਲੋਕਾਂ ਵਜੋਂ ਹੁੰਦੀ ਸੀ ਜਿਨ੍ਹਾਂ ਦਾ ਯਹੋਵਾਹ ਨਾਲ ਖ਼ਾਸ ਰਿਸ਼ਤਾ ਸੀ।

3. ਅਬਰਾਹਾਮ ਦੀ ਔਲਾਦ ਕਿਵੇਂ ਬਹੁਤ ਸਾਰੇ ਲੋਕ ਬਣ ਗਏ?

3 ਅਬਰਾਹਾਮ ਦੇ ਪੋਤੇ ਯਾਕੂਬ ਯਾਨੀ ਇਜ਼ਰਾਈਲ ਦੇ 12 ਪੁੱਤਰ ਸਨ। (ਉਤ. 35:10, 22ਅ-26) ਸਮੇਂ ਦੇ ਬੀਤਣ ਨਾਲ ਇਨ੍ਹਾਂ ਪੁੱਤਰਾਂ ਨੇ ਇਜ਼ਰਾਈਲ ਦੇ 12 ਗੋਤਾਂ ਦੇ ਮੁਖੀ ਬਣਨਾ ਸੀ। (ਰਸੂ. 7:8) ਕਾਲ਼ ਪੈਣ ਕਰਕੇ ਯਾਕੂਬ ਤੇ ਉਸ ਦੇ ਪਰਿਵਾਰ ਨੇ ਮਿਸਰ ਵਿਚ ਪਨਾਹ ਲਈ ਜਿੱਥੇ ਯਾਕੂਬ ਦਾ ਪੁੱਤਰ ਯੂਸੁਫ਼ ਫ਼ਿਰਊਨ ਦਾ ਅਨਾਜ ਮੰਤਰੀ ਸੀ ਤੇ ਉਸ ਦੀ ਸੱਜੀ ਬਾਂਹ ਸੀ। (ਉਤ. 41:39-41; 42:6) ਯਾਕੂਬ ਦੀ ਔਲਾਦ ਦੀ ਗਿਣਤੀ ਵਧ ਗਈ ਤੇ ਉਹ ਬਹੁਤ ਸਾਰੇ ਲੋਕ ਬਣ ਗਏ।ਉਤ. 48:4; ਰਸੂਲਾਂ ਦੇ ਕੰਮ 7:17 ਪੜ੍ਹੋ।

ਪਰਮੇਸ਼ੁਰ ਨੇ ਲੋਕਾਂ ਨੂੰ ਛੁਟਕਾਰਾ ਦਿਵਾਇਆ

4. ਪਹਿਲਾਂ-ਪਹਿਲਾਂ ਮਿਸਰੀਆਂ ਤੇ ਯਾਕੂਬ ਦੀ ਔਲਾਦ ਦਾ ਆਪਸੀ ਰਿਸ਼ਤਾ ਕਿਹੋ ਜਿਹਾ ਸੀ?

4 ਯਾਕੂਬ ਦੀ ਔਲਾਦ ਮਿਸਰ ਵਿਚ ਨੀਲ ਨਦੀ ਕੋਲ ਪੈਂਦੇ ਇਲਾਕੇ ਗੋਸ਼ਨ ਵਿਚ 200 ਤੋਂ ਜ਼ਿਆਦਾ ਸਾਲ ਰਹੀ। (ਉਤ. 45:9, 10) ਲੱਗਦਾ ਹੈ ਕਿ ਲਗਭਗ 100 ਸਾਲਾਂ ਤਕ ਇਜ਼ਰਾਈਲੀਆਂ ਤੇ ਮਿਸਰੀਆਂ ਵਿਚ ਸ਼ਾਂਤੀ ਸੀ। ਇਜ਼ਰਾਈਲੀ ਛੋਟੇ-ਛੋਟੇ ਕਸਬਿਆਂ ਵਿਚ ਰਹਿੰਦੇ ਸਨ ਜਿੱਥੇ ਉਹ ਆਪਣੇ ਪਸ਼ੂਆਂ ਨੂੰ ਚਾਰਦੇ ਸਨ। ਫ਼ਿਰਊਨ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਕਿਉਂਕਿ ਉਹ ਯੂਸੁਫ਼ ਨੂੰ ਜਾਣਦਾ ਸੀ ਤੇ ਉਸ ਦਾ ਆਦਰ ਕਰਦਾ ਸੀ। (ਉਤ. 47:1-6) ਭਾਵੇਂ ਕਿ ਮਿਸਰੀਆਂ ਨੂੰ ਭੇਡਾਂ ਚਾਰਨ ਵਾਲੇ ਲੋਕਾਂ ਤੋਂ ਸਖ਼ਤ ਨਫ਼ਰਤ ਸੀ, ਪਰ ਫ਼ਿਰਊਨ ਦੀ ਆਗਿਆ ਕਰਕੇ ਉਨ੍ਹਾਂ ਨੇ ਇਜ਼ਰਾਈਲੀਆਂ ਨੂੰ ਉੱਥੇ ਰਹਿਣ ਦਿੱਤਾ।ਉਤ. 46:31-34.

5, 6. (ੳ) ਮਿਸਰ ਵਿਚ ਪਰਮੇਸ਼ੁਰ ਦੇ ਲੋਕਾਂ ਦੇ ਹਾਲਾਤ ਕਿਵੇਂ ਬਦਲ ਗਏ? (ਅ) ਮੂਸਾ ਦੀ ਜਾਨ ਕਿਵੇਂ ਬਚੀ ਸੀ ਤੇ ਯਹੋਵਾਹ ਨੇ ਆਪਣੇ ਲੋਕਾਂ ਲਈ ਕੀ ਕੀਤਾ?

5 ਪਰ ਜਲਦੀ ਹੀ ਪਰਮੇਸ਼ੁਰ ਦੇ ਲੋਕਾਂ ਦੇ ਹਾਲਾਤ ਬਦਲਣ ਵਾਲੇ ਸਨ। ਬਾਈਬਲ ਦੱਸਦੀ ਹੈ: “ਤਾਂ ਮਿਸਰ ਉੱਤੇ ਇੱਕ ਨਵਾਂ ਰਾਜਾ ਉੱਠਿਆ ਜਿਹੜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ। ਉਸ ਆਪਣੀ ਰਈਅਤ ਨੂੰ ਆਖਿਆ, ਵੇਖੋ ਇਸਰਾਏਲੀ ਲੋਕ ਸਾਥੋਂ ਵਧੀਕ ਅਤੇ ਬਲਵੰਤ ਹਨ। ਉਪਰੰਤ ਮਿਸਰੀ ਇਸਰਾਏਲੀਆਂ ਤੋਂ ਕਰੜਾਈ ਨਾਲ ਟਹਿਲ ਕਰਾਉਣ ਲੱਗੇ। ਅਤੇ ਉਨ੍ਹਾਂ ਨੇ ਔਖੀ ਟਹਿਲ ਨਾਲ ਅਰਥਾਤ ਗਾਰੇ, ਇੱਟਾਂ ਅਤੇ ਖੇਤਾਂ ਵਿੱਚ ਹਰ ਪਰਕਾਰ ਦੀ ਟਹਿਲ ਨਾਲ ਉਨ੍ਹਾਂ ਦਾ ਜੀਉਣ ਖੱਟਾ ਕਰ ਦਿੱਤਾ। ਜਿਹੜੀ ਟਹਿਲ ਉਨ੍ਹਾਂ ਤੋਂ ਕਰਾਉਂਦੇ ਸਨ ਉਹ ਕਰੜਾਈ ਨਾਲ ਸੀ।”ਕੂਚ 1:8, 9, 13, 14.

6 ਫ਼ਿਰਊਨ ਨੇ ਇਹ ਵੀ ਐਲਾਨ ਕੀਤਾ ਕਿ ਇਬਰਾਨੀ ਮੁੰਡਿਆਂ ਨੂੰ ਪੈਦਾ ਹੁੰਦਿਆਂ ਹੀ ਮਾਰ ਦਿੱਤਾ ਜਾਵੇ। (ਕੂਚ 1:15, 16) ਮੂਸਾ ਇਸੇ ਸਮੇਂ ਦੌਰਾਨ ਪੈਦਾ ਹੋਇਆ ਸੀ। ਜਦੋਂ ਉਹ ਤਿੰਨ ਮਹੀਨਿਆਂ ਦਾ ਸੀ, ਤਾਂ ਉਸ ਦੀ ਮਾਤਾ ਨੇ ਉਸ ਨੂੰ ਨੀਲ ਨਦੀ ਦੇ ਕਾਨਿਆਂ ਵਿਚ ਲੁਕੋ ਦਿੱਤਾ। ਉੱਥੇ ਫ਼ਿਰਊਨ ਦੀ ਧੀ ਨੇ ਮੂਸਾ ਨੂੰ ਪਿਆ ਦੇਖਿਆ। ਬਾਅਦ ਵਿਚ ਉਸ ਨੇ ਉਸ ਨੂੰ ਆਪਣੇ ਪੁੱਤਰ ਵਜੋਂ ਗੋਦ ਲੈ ਲਿਆ। ਰੱਬ ਦੀ ਮਿਹਰ ਨਾਲ ਬਚਪਨ ਵਿਚ ਮੂਸਾ ਦਾ ਪਾਲਣ-ਪੋਸ਼ਣ ਉਸ ਦੀ ਵਫ਼ਾਦਾਰ ਮਾਤਾ ਯੋਕਬਦ ਨੇ ਕੀਤਾ ਤੇ ਉਹ ਯਹੋਵਾਹ ਦਾ ਵਫ਼ਾਦਾਰ ਸੇਵਕ ਬਣ ਗਿਆ। (ਕੂਚ 2:1-10; ਇਬ. 11:23-25) ਯਹੋਵਾਹ ਨੇ ਆਪਣੇ ਲੋਕਾਂ ਦੇ ਦੁੱਖਾਂ ਨੂੰ ਦੇਖਿਆ ਤੇ ਉਨ੍ਹਾਂ ਨੂੰ ਮੂਸਾ ਦੀ ਅਗਵਾਈ ਅਧੀਨ ਅਤਿਆਚਾਰੀਆਂ ਤੋਂ ਛੁਟਕਾਰਾ ਦਿਵਾਉਣ ਦਾ ਫ਼ੈਸਲਾ ਕੀਤਾ। (ਕੂਚ 2:24, 25; 3:9, 10) ਇਸ ਤਰ੍ਹਾਂ ਯਹੋਵਾਹ ਨੇ ਆਪਣੇ ਲੋਕਾਂ ਨੂੰ “ਛੁਟਕਾਰਾ” ਦਿਵਾਉਣਾ ਸੀ।ਕੂਚ 15:13; ਬਿਵਸਥਾ ਸਾਰ 15:15 ਪੜ੍ਹੋ।

 ਲੋਕਾਂ ਦੀ ਕੌਮ ਬਣ ਗਈ

7, 8. ਯਹੋਵਾਹ ਨੇ ਆਪਣੇ ਲੋਕਾਂ ਨੂੰ ਇਕ ਪਵਿੱਤਰ ਕੌਮ ਕਿਵੇਂ ਬਣਾਇਆ?

7 ਯਹੋਵਾਹ ਨੇ ਇਜ਼ਰਾਈਲੀਆਂ ਨੂੰ ਹਾਲੇ ਕੌਮ ਵਜੋਂ ਨਹੀਂ ਚੁਣਿਆ ਸੀ। ਉਸ ਨੇ ਨਾ ਹੀ ਉਨ੍ਹਾਂ ਨੂੰ ਕੋਈ ਕਾਨੂੰਨ ਦਿੱਤਾ ਸੀ ਤੇ ਨਾ ਹੀ ਪੁਜਾਰੀਆਂ ਦਾ ਪ੍ਰਬੰਧ ਕੀਤਾ ਸੀ, ਪਰ ਉਨ੍ਹਾਂ ਨੂੰ ਆਪਣੇ ਲੋਕਾਂ ਵਜੋਂ ਚੁਣ ਲਿਆ ਸੀ। ਇਸ ਲਈ ਮੂਸਾ ਤੇ ਹਾਰੂਨ ਨੂੰ ਯਹੋਵਾਹ ਨੇ ਫ਼ਿਰਊਨ ਨੂੰ ਇਹ ਕਹਿਣ ਦੀ ਹਿਦਾਇਤ ਦਿੱਤੀ: “ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, ਮੇਰੀ ਪਰਜਾ [ਮੇਰੇ ਲੋਕਾਂ] ਨੂੰ ਜਾਣ ਦੇਹ ਤਾਂ ਜੋ ਉਹ ਉਜਾੜ ਵਿੱਚ ਮੇਰਾ ਪਰਬ ਮਨਾਵੇ।”ਕੂਚ 5:1.

8 ਇਜ਼ਰਾਈਲੀਆਂ ਨੂੰ ਅਤਿਆਚਾਰੀ ਮਿਸਰੀਆਂ ਤੋਂ ਛੁਟਕਾਰਾ ਦਿਵਾਉਣ ਲਈ ਯਹੋਵਾਹ ਨੇ ਦਸ ਬਿਪਤਾਵਾਂ ਲਿਆਂਦੀਆਂ ਤੇ ਫਿਰ ਫ਼ਿਰਊਨ ਤੇ ਉਸ ਦੀਆਂ ਫ਼ੌਜਾਂ ਨੂੰ ਲਾਲ ਸਮੁੰਦਰ ਵਿਚ ਮਾਰਿਆ। (ਕੂਚ 15:1-4) ਫਿਰ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ਵਿਚ ਯਹੋਵਾਹ ਨੇ ਸੀਨਈ ਪਹਾੜ ’ਤੇ ਇਜ਼ਰਾਈਲੀਆਂ ਨਾਲ ਇਕਰਾਰ ਕੀਤਾ: “ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ . . . ਪਵਿੱਤ੍ਰ ਕੌਮ ਹੋਵੋਗੇ।”ਕੂਚ 19:5, 6.

9, 10. (ੳ) ਬਿਵਸਥਾ ਸਾਰ 4:5-8 ਮੁਤਾਬਕ ਮੂਸਾ ਦੇ ਕਾਨੂੰਨ ਨੇ ਇਜ਼ਰਾਈਲੀਆਂ ਨੂੰ ਹੋਰ ਲੋਕਾਂ ਤੋਂ ਕਿਵੇਂ ਵੱਖਰਾ ਕੀਤਾ? (ਅ) ਇਜ਼ਰਾਈਲੀਆਂ ਨੇ ਆਪਣੇ ਆਪ ਨੂੰ “ਪਰਮੇਸ਼ੁਰ ਦੀ ਪਵਿੱਤ੍ਰ ਪਰਜਾ” ਕਿਵੇਂ ਸਾਬਤ ਕਰਨਾ ਸੀ?

9 ਮਿਸਰ ਵਿਚ ਗ਼ੁਲਾਮ ਬਣਨ ਤੋਂ ਪਹਿਲਾਂ ਇਬਰਾਨੀ ਲੋਕਾਂ ਦੀ ਅਗਵਾਈ ਉਨ੍ਹਾਂ ਦੇ ਪਰਿਵਾਰ ਦੇ ਮੁਖੀ ਜਾਂ ਪੂਰਵਜ ਕਰਦੇ ਸਨ। ਇਹ ਮੁਖੀ ਆਪਣੇ ਘਰਦਿਆਂ ਦੇ ਹਾਕਮ, ਨਿਆਈ ਤੇ ਪੁਜਾਰੀ ਸਨ ਜਿਸ ਤਰ੍ਹਾਂ ਉਨ੍ਹਾਂ ਤੋਂ ਪਹਿਲਾਂ ਦੇ ਯਹੋਵਾਹ ਦੇ ਸੇਵਕ ਸਨ। (ਉਤ. 8:20; 18:19; ਅੱਯੂ. 1:4, 5) ਪਰ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮੂਸਾ ਰਾਹੀਂ ਕਾਨੂੰਨ ਦਿੱਤੇ ਤੇ ਇਨ੍ਹਾਂ ਕਾਨੂੰਨਾਂ ਕਰਕੇ ਉਹ ਹੋਰ ਸਾਰੀਆਂ ਕੌਮਾਂ ਨਾਲੋਂ ਵੱਖਰੇ ਸਨ। (ਬਿਵਸਥਾ ਸਾਰ 4:5-8 ਪੜ੍ਹੋ; ਜ਼ਬੂ. 147:19, 20) ਮੂਸਾ ਦੇ ਕਾਨੂੰਨ ਮੁਤਾਬਕ ਕੌਮ ਲਈ ਪੁਜਾਰੀ ਚੁਣੇ ਗਏ ਤੇ ਨਿਆਂ ਕਰਨ ਲਈ ਉਹ “ਬਜ਼ੁਰਗ” ਚੁਣੇ ਗਏ ਜਿਨ੍ਹਾਂ ਕੋਲ ਕਾਫ਼ੀ ਗਿਆਨ ਤੇ ਬੁੱਧ ਸੀ। (ਬਿਵ. 25:7, 8) ਮੂਸਾ ਦੇ ਕਾਨੂੰਨ ਵਿਚ ਇਸ ਨਵੀਂ ਕੌਮ ਨੂੰ ਭਗਤੀ ਕਰਨ ਤੇ ਰੋਜ਼ਮੱਰਾ ਦੀ ਜ਼ਿੰਦਗੀ ਸੰਬੰਧੀ ਹਿਦਾਇਤਾਂ ਦਿੱਤੀਆਂ ਗਈਆਂ ਸਨ।

10 ਇਜ਼ਰਾਈਲੀ ਜਦੋਂ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਹੀ ਵਾਲੇ ਸਨ, ਤਾਂ ਯਹੋਵਾਹ ਨੇ ਦੁਬਾਰਾ ਉਨ੍ਹਾਂ ਨੂੰ ਆਪਣੇ ਕਾਨੂੰਨ ਦੱਸੇ। ਮੂਸਾ ਨੇ ਉਨ੍ਹਾਂ ਨੂੰ ਕਿਹਾ: “ਯਹੋਵਾਹ ਨੇ ਅੱਜ ਆਪਣੇ ਬਚਨ ਅਨੁਸਾਰ ਤੁਹਾਨੂੰ ਆਪਣੀ ਅਣੋਖੀ ਪਰਜਾ ਕਰ ਕੇ ਮੰਨਿਆ ਹੈ ਕਿ ਤੁਸੀਂ ਉਸ ਦੇ ਸਾਰੇ ਹੁਕਮਾਂ ਦੀ ਪਾਲਨਾ ਕਰੋ। ਤਾਂ ਜੋ ਉਹ ਤੁਹਾਨੂੰ ਸਾਰੀਆਂ ਕੌਮਾਂ ਨਾਲੋਂ ਜਿਨ੍ਹਾਂ ਨੂੰ ਉਸ ਨੇ ਬਣਾਇਆ ਸੀ ਉਸਤਤ, ਨਾਉਂ ਅਤੇ ਪਤ ਵਿੱਚ ਉੱਚਾ ਕਰੇ ਅਤੇ ਜਿਵੇਂ ਉਸ ਨੇ ਬਚਨ ਕੀਤਾ ਸੀ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਪਵਿੱਤ੍ਰ ਪਰਜਾ ਹੋਵੋ।”ਬਿਵ. 26:18, 19.

ਪਰਦੇਸੀਆਂ ਦਾ ਸੁਆਗਤ

11-13. (ੳ) ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਵਿਚ ਕੌਣ ਆ ਰਲ਼ੇ ਸਨ? (ਅ) ਜੇ ਕੋਈ ਪਰਦੇਸੀ ਯਹੋਵਾਹ ਦੀ ਭਗਤੀ ਕਰਨੀ ਚਾਹੁੰਦਾ ਸੀ, ਤਾਂ ਉਸ ਨੂੰ ਕੀ ਕਰਨ ਦੀ ਲੋੜ ਸੀ?

11 ਭਾਵੇਂ ਕਿ ਯਹੋਵਾਹ ਨੇ ਧਰਤੀ ’ਤੇ ਆਪਣੇ ਲਈ ਇਕ ਕੌਮ ਚੁਣ ਲਈ ਸੀ, ਫਿਰ ਵੀ ਉਸ ਨੇ ਪਰਦੇਸੀਆਂ ਨੂੰ ਆਪਣੇ ਲੋਕਾਂ ਵਿਚ ਵਸਣ ਦਿੱਤਾ। ਮਿਸਾਲ ਲਈ, ਜਦੋਂ ਉਸ ਨੇ ਆਪਣੇ ਲੋਕਾਂ ਨੂੰ ਮਿਸਰ ਤੋਂ ਆਜ਼ਾਦ ਕਰਾਇਆ ਸੀ, ਤਾਂ ਉਸ ਨੇ ਪਰਦੇਸੀਆਂ ਦੀ “ਮਿਲੀ ਜੁਲੀ ਭੀੜ” ਵਿਚ ਮਿਸਰੀਆਂ ਨੂੰ ਵੀ ਆਉਣ ਦਿੱਤਾ ਸੀ। (ਕੂਚ 12:38) ਸੱਤਵੀਂ ਬਿਪਤਾ ਵੇਲੇ “ਫ਼ਿਰਊਨ ਦੇ ਟਹਿਲੂਆਂ ਵਿੱਚੋਂ” ਕੁਝ ਜਣਿਆਂ ਨੇ ਯਹੋਵਾਹ ਦੇ ਬਚਨ ਤੋਂ ਭੈ ਖਾਧਾ ਅਤੇ ਇਜ਼ਰਾਈਲੀਆਂ ਨਾਲ ਮਿਸਰ ਛੱਡ ਕੇ ਜਾਣ ਵਾਲੀ ਮਿਲੀ-ਜੁਲੀ ਭੀੜ ਦਾ ਹਿੱਸਾ ਬਣ ਗਏ।ਕੂਚ 9:20.

12 ਇਜ਼ਰਾਈਲੀ ਜਦੋਂ ਕਨਾਨ ਦੇਸ਼ ਉੱਤੇ ਕਬਜ਼ਾ ਕਰਨ ਲਈ ਯਰਦਨ ਦਰਿਆ ਪਾਰ ਕਰਨ ਹੀ ਵਾਲੇ ਸਨ, ਉਦੋਂ ਮੂਸਾ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਚ ਰਹਿੰਦੇ ‘ਪਰਦੇਸੀਆਂ ਨਾਲ ਪ੍ਰੇਮ’ ਕਰਨਾ ਚਾਹੀਦਾ ਹੈ। (ਬਿਵ. 10:17-19) ਪਰਮੇਸ਼ੁਰ ਦੇ ਲੋਕਾਂ ਨੇ ਉਨ੍ਹਾਂ ਪਰਦੇਸੀਆਂ ਨੂੰ ਆਪਣੇ ਸਮਾਜ ਵਿਚ ਵਸਣ ਦੇਣਾ ਸੀ ਜਿਹੜੇ ਮੂਸਾ ਦੁਆਰਾ ਦਿੱਤੇ ਬੁਨਿਆਦੀ ਕਾਨੂੰਨਾਂ ਦੀ ਪਾਲਣਾ ਕਰਨ ਲਈ ਤਿਆਰ ਸਨ। (ਲੇਵੀ. 24:22) ਕੁਝ ਪਰਦੇਸੀ ਯਹੋਵਾਹ ਦੀ ਭਗਤੀ ਕਰਨ ਲੱਗ ਪਏ ਜੋ ਮੋਆਬਣ ਰੂਥ ਵਾਂਗ ਸੋਚਦੇ ਸਨ। ਰੂਥ ਨੇ ਇਜ਼ਰਾਈਲ  ਦੀ ਨਾਓਮੀ ਨੂੰ ਕਿਹਾ ਸੀ: “ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ।” (ਰੂਥ 1:16) ਇਹ ਪਰਦੇਸੀ ਇਜ਼ਰਾਈਲੀਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਮੰਨਣ ਲੱਗ ਪਏ ਤੇ ਆਦਮੀਆਂ ਨੇ ਸੁੰਨਤ ਕਰਾਈ। (ਕੂਚ 12:48, 49) ਯਹੋਵਾਹ ਨੇ ਆਪਣੇ ਲੋਕਾਂ ਵਿਚ ਇਨ੍ਹਾਂ ਪਰਦੇਸੀਆਂ ਦਾ ਸੁਆਗਤ ਕੀਤਾ।ਗਿਣ. 15:14, 15.

ਇਜ਼ਰਾਈਲੀ ਪਰਦੇਸੀਆਂ ਨੂੰ ਪਿਆਰ ਕਰਦੇ ਸਨ (ਪੈਰੇ 11-13 ਦੇਖੋ)

13 ਜਦੋਂ ਸੁਲੇਮਾਨ ਦਾ ਮੰਦਰ ਯਹੋਵਾਹ ਨੂੰ ਸਮਰਪਿਤ ਕੀਤਾ ਗਿਆ ਸੀ, ਉਸ ਵੇਲੇ ਕੀਤੀ ਸੁਲੇਮਾਨ ਦੀ ਪ੍ਰਾਰਥਨਾ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਪਰਦੇਸੀਆਂ ਨੂੰ ਕਬੂਲ ਕਰਦਾ ਸੀ। ਇਸ ਵਿਚ ਕਿਹਾ ਗਿਆ ਸੀ: “ਉਹ ਪਰਦੇਸੀ ਵੀ ਜਿਹੜਾ ਤੇਰੀ ਪਰਜਾ ਇਸਰਾਏਲ ਵਿੱਚੋਂ ਨਹੀਂ ਹੈ, ਜਦ ਉਹ ਤੇਰੇ ਵੱਡੇ ਨਾਮ ਅਤੇ ਸ਼ਕਤੀਵਾਨ ਹੱਥ ਅਤੇ ਤੇਰੀ ਲੰਮੀ ਬਾਂਹ ਦੇ ਕਾਰਨ ਦੂਰ ਦੇ ਦੇਸ ਵਿੱਚੋਂ ਆਵੇ ਅਤੇ ਆ ਕੇ ਏਸ ਭਵਨ ਵੱਲ ਬੇਨਤੀ ਕਰੇ। ਤਾਂ ਤੂੰ ਆਪਣੇ ਸੁਰਗੀ ਭਵਨ ਤੋਂ ਸੁਣ ਕੇ ਉਸ ਓਪਰੇ ਦੀ ਸਾਰੀ ਦੁਹਾਈ ਅਨੁਸਾਰ ਕਰੀਂ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਣਨ ਅਤੇ ਤੇਰੀ ਪਰਜਾ ਇਸਰਾਏਲ ਵਾਂਗਰ ਤੇਰਾ ਭੈ ਮੰਨਣ ਅਤੇ ਜਾਣ ਲੈਣ ਕਿ ਏਹ ਭਵਨ ਜਿਹ ਨੂੰ ਮੈਂ ਬਣਾਇਆ ਹੈ ਤੇਰੇ ਨਾਮ ਦਾ ਅਖਵਾਉਂਦਾ ਹੈ।” (2 ਇਤ. 6:32, 33) ਯਿਸੂ ਦੇ ਜ਼ਮਾਨੇ ਵਿਚ ਵੀ ਜਿਹੜੇ ਪਰਦੇਸੀ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਸਨ, ਉਨ੍ਹਾਂ ਨੂੰ ਪਰਮੇਸ਼ੁਰ ਦੇ ਲੋਕਾਂ ਨਾਲ ਸੰਗਤ ਕਰਨ ਦੀ ਲੋੜ ਸੀ।ਯੂਹੰ. 12:20; ਰਸੂ. 8:27.

ਗਵਾਹਾਂ ਦੀ ਕੌਮ

14-16. (ੳ) ਇਜ਼ਰਾਈਲੀਆਂ ਨੇ ਯਹੋਵਾਹ ਲਈ ਗਵਾਹਾਂ ਦੀ ਕੌਮ ਕਿਵੇਂ ਬਣਨਾ ਸੀ? (ਅ) ਅੱਜ ਪਰਮੇਸ਼ੁਰ ਦੇ ਲੋਕਾਂ ਦਾ ਕੀ ਕਰਨ ਦਾ ਫ਼ਰਜ਼ ਬਣਦਾ ਹੈ?

14 ਇਜ਼ਰਾਈਲੀ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਦੇ ਸਨ, ਪਰ ਹੋਰ ਕੌਮਾਂ ਆਪਣੇ ਦੇਵੀ-ਦੇਵਤਿਆਂ ਦੀ ਪੂਜਾ ਕਰਦੀਆਂ ਸਨ। ਇਸ ਲਈ ਯਸਾਯਾਹ ਦੇ ਜ਼ਮਾਨੇ ਵਿਚ ਇਹ ਜ਼ਰੂਰੀ ਸਵਾਲ ਖੜ੍ਹਾ ਹੋਇਆ: ਸੱਚਾ ਪਰਮੇਸ਼ੁਰ ਕੌਣ ਸੀ? ਯਹੋਵਾਹ ਨੇ ਕਿਹਾ ਕਿ ਇਸ ਸਵਾਲ ਦਾ ਜਵਾਬ ਉਸੇ ਤਰ੍ਹਾਂ ਦੇਣ ਦੀ ਲੋੜ ਸੀ ਜਿਸ ਤਰ੍ਹਾਂ ਅਦਾਲਤ ਵਿਚ ਚੱਲਦੇ ਮੁਕੱਦਮੇ ਸਮੇਂ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ। ਉਸ ਨੇ ਕੌਮਾਂ ਦੇ ਦੇਵੀ-ਦੇਵਤਿਆਂ ਨੂੰ ਲਲਕਾਰਿਆ ਕਿ ਉਹ ਆਪਣੇ ਗਵਾਹ ਪੇਸ਼ ਕਰਨ ਜੋ ਇਹ ਸਬੂਤ ਦੇ ਸਕਣ ਕਿ ਦੇਵੀ-ਦੇਵਤੇ ਅਸਲੀ ਸਨ ਜਾਂ ਨਹੀਂ। ਯਹੋਵਾਹ ਨੇ ਕਿਹਾ: “ਸਾਰੀਆਂ ਕੌਮਾਂ ਇਕੱਠੀਆਂ ਹੋਣ, ਅਤੇ ਉੱਮਤਾਂ ਜਮਾ ਹੋਣ, ਓਹਨਾਂ ਵਿੱਚ [ਉਨ੍ਹਾਂ ਦੇ ਦੇਵਤਿਆਂ ਵਿੱਚੋਂ] ਕੌਣ ਹੈ ਜੋ ਇਹ ਦੱਸੇ, ਅਤੇ ਪਹਿਲੀਆਂ ਗੱਲਾਂ ਸਾਨੂੰ ਸੁਣਾਵੇ? ਓਹ ਆਪਣੇ ਗਵਾਹ ਲਿਆਉਣ, ਭਈ ਓਹ ਧਰਮੀ ਠਹਿਰਨ, ਯਾ ਓਹ ਸੁਣ ਕੇ ਆਖਣ, ਏਹ ਸਤ ਹੈ।”ਯਸਾ. 43:9.

 15 ਕੌਮਾਂ ਦੇ ਦੇਵੀ-ਦੇਵਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਦੇ ਸਕੇ ਕਿ ਉਹ ਅਸਲੀ ਸਨ। ਉਹ ਸਿਰਫ਼ ਮੂਰਤੀਆਂ ਸਨ ਜੋ ਬੋਲ ਨਹੀਂ ਸਕਦੀਆਂ ਤੇ ਉਨ੍ਹਾਂ ਨੂੰ ਚੁੱਕ ਕੇ ਇੱਧਰ-ਉੱਧਰ ਲਿਜਾਣਾ ਪੈਂਦਾ ਸੀ। (ਯਸਾ. 46:5-7) ਦੂਜੇ ਪਾਸੇ, ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ: “ਤੁਸੀਂ ਮੇਰੇ ਗਵਾਹ ਹੋ, . . . ਨਾਲੇ ਮੇਰਾ ਦਾਸ ਜਿਹ ਨੂੰ ਮੈਂ ਚੁਣਿਆ, ਭਈ ਤੁਸੀਂ ਜਾਣੋ ਅਤੇ ਮੇਰੀ ਪਰਤੀਤ ਕਰੋ, ਅਤੇ ਸਮਝੋ ਕਿ ਮੈਂ ਉਹੀ ਹਾਂ। ਮੈਥੋਂ ਅੱਗੇ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੋਂ ਕੋਈ ਹੋਵੇਗਾ। ਮੈਂ, ਹਾਂ, ਮੈਂ ਹੀ ਯਹੋਵਾਹ ਹਾਂ, ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ। . . . ਤੁਸੀਂ ਮੇਰੇ ਗਵਾਹ ਹੋ, . . . ਅਤੇ ਮੈਂ ਹੀ ਪਰਮੇਸ਼ੁਰ ਹਾਂ।”ਯਸਾ. 43:10-12.

16 ਅਦਾਲਤ ਵਿਚ ਪੇਸ਼ ਹੋਣ ਵਾਲੇ ਗਵਾਹਾਂ ਵਾਂਗ ਯਹੋਵਾਹ ਦੇ ਚੁਣੇ ਹੋਏ ਲੋਕਾਂ ਕੋਲ ਇਹ ਸਬੂਤ ਦੇਣ ਦਾ ਸਨਮਾਨ ਸੀ ਕਿ ਯਹੋਵਾਹ ਹੀ ਇੱਕੋ-ਇਕ ਸੱਚਾ ਪਰਮੇਸ਼ੁਰ ਹੈ। ਯਹੋਵਾਹ ਨੇ ਆਪਣੇ ਲੋਕਾਂ ਬਾਰੇ ਕਿਹਾ ਸੀ ਕਿ “ਮੈਂ ਇਸ ਪਰਜਾ ਨੂੰ ਆਪਣੇ ਲਈ ਸਾਜਿਆ, ਭਈ ਉਹ ਮੇਰੀ ਉਸਤਤ ਦਾ ਵਰਨਣ ਕਰੇ।” (ਯਸਾ. 43:21) ਉਹ ਲੋਕ ਉਸ ਦੇ ਨਾਂ ਤੋਂ ਜਾਣੇ ਜਾਂਦੇ ਸਨ। ਯਹੋਵਾਹ ਨੇ ਉਨ੍ਹਾਂ ਨੂੰ ਮਿਸਰ ਤੋਂ ਆਜ਼ਾਦ ਕਰਾਇਆ ਸੀ, ਇਸ ਲਈ ਉਨ੍ਹਾਂ ਦਾ ਫ਼ਰਜ਼ ਬਣਦਾ ਸੀ ਕਿ ਉਹ ਹੋਰ ਸਾਰੇ ਲੋਕਾਂ ਅੱਗੇ ਯਹੋਵਾਹ ਨੂੰ ਆਪਣਾ ਰਾਜਾ ਮੰਨਣ। ਉਨ੍ਹਾਂ ਦਾ ਰਵੱਈਆ ਮੀਕਾਹ ਨਬੀ ਦੀ ਕਹੀ ਗੱਲ ਅਨੁਸਾਰ ਹੋਣਾ ਚਾਹੀਦਾ ਸੀ ਤੇ ਅੱਜ ਪਰਮੇਸ਼ੁਰ ਦੇ ਲੋਕਾਂ ਦਾ ਵੀ ਉਹੀ ਰਵੱਈਆ ਹੋਣਾ ਚਾਹੀਦਾ ਹੈ। ਮੀਕਾਹ ਨੇ ਕਿਹਾ ਸੀ: “ਸਾਰੀਆਂ ਉੱਮਤਾਂ ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।”ਮੀਕਾ. 4:5.

ਗੱਦਾਰ ਲੋਕ

17. ਇਜ਼ਰਾਈਲੀ ਯਹੋਵਾਹ ਦੀਆਂ ਨਜ਼ਰਾਂ ਵਿਚ ਕਿਵੇਂ “ਜੰਗਲੀ ਦਾਖ” ਵਾਂਗ ਬਣ ਗਏ?

17 ਅਫ਼ਸੋਸ ਦੀ ਗੱਲ ਹੈ ਕਿ ਇਜ਼ਰਾਈਲੀਆਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਨਾਲ ਗੱਦਾਰੀ ਕੀਤੀ। ਉਹ ਲੱਕੜ ਤੇ ਪੱਥਰ ਦੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੀਆਂ ਕੌਮਾਂ ਪਿੱਛੇ ਲੱਗ ਗਏ। ਲਗਭਗ 2,800 ਸਾਲ ਪਹਿਲਾਂ ਹੋਸ਼ੇਆ ਨਬੀ ਨੇ ਕਿਹਾ ਕਿ ਇਜ਼ਰਾਈਲ ਕੌਮ ਖ਼ਰਾਬ ਵੇਲ ਵਰਗੀ ਸੀ। ਉਸ ਨੇ ਲਿਖਿਆ: “ਉਸ ਨੇ ਜਗਵੇਦੀਆਂ ਵਧਾਈਆਂ, . . . ਓਹ ਦੋ ਦਿਲੇ ਹਨ, ਹੁਣ ਓਹ ਦੋਸ਼ੀ ਠਹਿਰਨਗੇ।” (ਹੋਸ਼ੇ. 10:1, 2) ਲਗਭਗ 150 ਸਾਲਾਂ ਬਾਅਦ ਯਿਰਮਿਯਾਹ ਨੇ ਵੀ ਗੱਦਾਰ ਇਜ਼ਰਾਈਲ ਕੌਮ ਦੀ ਤੁਲਨਾ ਅੰਗੂਰੀ ਵੇਲ ਨਾਲ ਕਰਦਿਆਂ ਕਿਹਾ: “ਮੈਂ ਤੈਨੂੰ ਇੱਕ ਖਰੀ ਦਾਖ ਕਰਕੇ ਲਾਇਆ। ਜੋ ਸਰਾਸਰ ਖਾਲਸ ਬੀ ਤੋਂ ਸੀ, ਫੇਰ ਤੂੰ ਕਿਵੇਂ ਮੇਰੇ ਲਈ ਇੱਕ ਜੰਗਲੀ ਦਾਖ ਦੀਆਂ ਵਿਗੜੀਆਂ ਹੋਈਆਂ ਕੁੰਬਲਾਂ ਵਿੱਚ ਬਦਲ ਗਈ? ਕਿੱਥੇ ਹਨ ਤੇਰੇ ਦਿਓਤੇ ਜਿਨ੍ਹਾਂ ਨੂੰ ਤੈਂ ਆਪਣੇ ਲਈ ਬਣਾਇਆ? ਓਹ ਉੱਠਣ ਜੇ ਓਹ ਤੇਰੀ ਬਿਪਤਾ ਦੇ ਵੇਲੇ ਤੈਨੂੰ ਬਚਾ ਸੱਕਣ। . . . ਮੇਰੀ ਪਰਜਾ ਨੇ . . . ਮੈਨੂੰ ਭੁਲਾ ਛੱਡਿਆ ਹੈ।”ਯਿਰ. 2:21, 28, 32.

18, 19. (ੳ) ਯਹੋਵਾਹ ਨੇ ਕਿਹੜੀ ਭਵਿੱਖਬਾਣੀ ਕੀਤੀ ਕਿ ਉਹ ਆਪਣੇ ਨਾਂ ਲਈ ਇਕ ਨਵੀਂ ਕੌਮ ਚੁਣੇਗਾ? (ਅ) ਅਗਲੇ ਲੇਖ ਵਿਚ ਕੀ ਦੱਸਿਆ ਜਾਵੇਗਾ?

18 ਸੱਚੀ ਭਗਤੀ ਕਰਨ ਅਤੇ ਯਹੋਵਾਹ ਦੇ ਵਫ਼ਾਦਾਰ ਗਵਾਹ ਬਣ ਕੇ ਚੰਗਾ ਫਲ ਪੈਦਾ ਕਰਨ ਦੀ ਬਜਾਇ ਇਜ਼ਰਾਈਲੀ ਮੂਰਤੀ-ਪੂਜਾ ਕਰ ਕੇ ਖ਼ਰਾਬ ਫਲ ਪੈਦਾ ਕਰਨ ਲੱਗ ਪਏ। ਇਸ ਲਈ ਯਿਸੂ ਨੇ ਆਪਣੇ ਜ਼ਮਾਨੇ ਦੇ ਪਖੰਡੀ ਯਹੂਦੀ ਆਗੂਆਂ ਨੂੰ ਕਿਹਾ: “ਪਰਮੇਸ਼ੁਰ ਦਾ ਰਾਜ ਤੁਹਾਡੇ ਤੋਂ ਲੈ ਲਿਆ ਜਾਵੇਗਾ ਅਤੇ ਉਸ ਕੌਮ ਨੂੰ ਦਿੱਤਾ ਜਾਵੇਗਾ ਜਿਹੜੀ ਇਸ ਰਾਜ ਵਿਚ ਜਾਣ ਦੇ ਯੋਗ ਫਲ ਪੈਦਾ ਕਰਦੀ ਹੈ।” (ਮੱਤੀ 21:43) ਯਿਰਮਿਯਾਹ ਨਬੀ ਰਾਹੀਂ ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਸਿਰਫ਼ ਉਹੀ ਲੋਕ ਨਵੀਂ ਕੌਮ ਯਾਨੀ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀਆਂ ਵਿਚ ਸ਼ਾਮਲ ਹੋ ਸਕਦੇ ਸਨ ਜਿਨ੍ਹਾਂ ਨਾਲ “ਨਵਾਂ ਨੇਮ” ਬੰਨ੍ਹਿਆ ਗਿਆ ਸੀ। ਇਨ੍ਹਾਂ ਮਸੀਹੀਆਂ ਨਾਲ ਨਵਾਂ ਇਕਰਾਰ ਕੀਤਾ ਗਿਆ ਸੀ ਜਿਨ੍ਹਾਂ ਬਾਰੇ ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ: “ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਓਹ ਮੇਰੀ ਪਰਜਾ ਹੋਣਗੇ।”ਯਿਰ. 31:31-33.

19 ਪੈਦਾਇਸ਼ੀ ਇਜ਼ਰਾਈਲੀਆਂ ਦੀ ਅਣਆਗਿਆਕਾਰੀ ਤੋਂ ਬਾਅਦ ਯਹੋਵਾਹ ਨੇ ਪਹਿਲੀ ਸਦੀ ਵਿਚ ਚੁਣੇ ਹੋਏ ਮਸੀਹੀਆਂ ਨੂੰ ਆਪਣੇ ਲੋਕਾਂ ਵਜੋਂ ਚੁਣਿਆ ਸੀ। ਪਰ ਅੱਜ ਧਰਤੀ ਉੱਤੇ ਉਸ ਦੇ ਲੋਕ ਕੌਣ ਹਨ? ਨੇਕਦਿਲ ਲੋਕ ਪਰਮੇਸ਼ੁਰ ਦੇ ਸੱਚੇ ਭਗਤਾਂ ਦੀ ਪਛਾਣ ਕਿਵੇਂ ਕਰ ਸਕਦੇ ਹਨ? ਇਸ ਬਾਰੇ ਅਗਲੇ ਲੇਖ ਵਿਚ ਦੱਸਿਆ ਜਾਵੇਗਾ।