Skip to content

Skip to table of contents

‘ਸੁਣੋ ਅਤੇ ਮਤਲਬ ਸਮਝੋ’

‘ਸੁਣੋ ਅਤੇ ਮਤਲਬ ਸਮਝੋ’

“ਤੁਸੀਂ ਸਾਰੇ ਮੇਰੀਆਂ ਗੱਲਾਂ ਸੁਣੋ ਅਤੇ ਇਨ੍ਹਾਂ ਦਾ ਮਤਲਬ ਸਮਝੋ।”ਮਰ. 7:14.

1, 2. ਬਹੁਤ ਸਾਰੇ ਲੋਕ ਯਿਸੂ ਦੀਆਂ ਗੱਲਾਂ ਦਾ ਮਤਲਬ ਕਿਉਂ ਨਹੀਂ ਸਮਝੇ ਸਨ?

ਜਦੋਂ ਕੋਈ ਤੁਹਾਡੇ ਨਾਲ ਗੱਲ ਕਰਦਾ ਹੈ, ਤਾਂ ਤੁਸੀਂ ਉਸ ਦੀ ਆਵਾਜ਼ ਸੁਣ ਸਕਦੇ ਹੋ। ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਕਿਸ ਲਹਿਜੇ ਨਾਲ ਗੱਲ ਕਰ ਰਿਹਾ ਹੈ। ਪਰ ਜੇ ਤੁਸੀਂ ਉਸ ਦੀਆਂ ਗੱਲਾਂ ਦਾ ਮਤਲਬ ਨਹੀਂ ਸਮਝਦੇ, ਤਾਂ ਕੀ ਤੁਹਾਨੂੰ ਕੋਈ ਫ਼ਾਇਦਾ ਹੋਵੇਗਾ? (1 ਕੁਰਿੰ. 14:9) ਯਿਸੂ ਦੇ ਜ਼ਮਾਨੇ ਵਿਚ ਇਸੇ ਤਰ੍ਹਾਂ ਹੋਇਆ ਸੀ। ਉਸ ਨੇ ਹਜ਼ਾਰਾਂ ਲੋਕਾਂ ਨਾਲ ਉਨ੍ਹਾਂ ਦੀ ਭਾਸ਼ਾ ਵਿਚ ਗੱਲ ਕੀਤੀ ਸੀ। ਪਰ ਬਹੁਤ ਸਾਰੇ ਲੋਕ ਉਸ ਦੀਆਂ ਗੱਲਾਂ ਦਾ ਮਤਲਬ ਨਹੀਂ ਸਮਝੇ। ਇਸੇ ਕਰਕੇ ਯਿਸੂ ਨੇ ਲੋਕਾਂ ਨੂੰ ਕਿਹਾ ਸੀ: “ਤੁਸੀਂ ਸਾਰੇ ਮੇਰੀਆਂ ਗੱਲਾਂ ਸੁਣੋ ਅਤੇ ਇਨ੍ਹਾਂ ਦਾ ਮਤਲਬ ਸਮਝੋ।”ਮਰ. 7:14.

2 ਬਹੁਤ ਸਾਰੇ ਲੋਕਾਂ ਨੂੰ ਯਿਸੂ ਦੀਆਂ ਗੱਲਾਂ ਦਾ ਮਤਲਬ ਕਿਉਂ ਨਹੀਂ ਸਮਝ ਆਇਆ ਸੀ? ਕੁਝ ਲੋਕ ਆਪਣੇ ਵਿਚਾਰਾਂ ’ਤੇ ਅੜੇ ਰਹਿੰਦੇ ਸਨ ਜਾਂ ਉਨ੍ਹਾਂ ਦੇ ਇਰਾਦੇ ਗ਼ਲਤ ਸਨ। ਯਿਸੂ ਨੇ ਅਜਿਹੇ ਲੋਕਾਂ ਨੂੰ ਕਿਹਾ ਸੀ: “ਤੁਸੀਂ ਆਪਣੀਆਂ ਰੀਤਾਂ ਨੂੰ ਕਾਇਮ ਰੱਖਣ ਲਈ ਬੜੀ ਚਲਾਕੀ ਨਾਲ ਪਰਮੇਸ਼ੁਰ ਦੇ ਹੁਕਮਾਂ ਨੂੰ ਟਾਲ ਦਿੰਦੇ ਹੋ।” (ਮਰ. 7:9) ਅਜਿਹੇ ਲੋਕਾਂ ਨੇ ਉਸ ਦੀਆਂ ਗੱਲਾਂ ਦਾ ਮਤਲਬ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਆਪਣੇ ਰੀਤਾਂ-ਰਿਵਾਜਾਂ ਤੇ ਵਿਚਾਰਾਂ ਨੂੰ ਬਦਲਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਦੇ ਕੰਨ ਤਾਂ ਖੁੱਲ੍ਹੇ ਸਨ, ਪਰ ਯਿਸੂ ਦੀ ਆਵਾਜ਼ ਉਨ੍ਹਾਂ ਦੇ ਦਿਲਾਂ ਤਕ ਨਹੀਂ ਪਹੁੰਚ ਰਹੀ ਸੀ। (ਮੱਤੀ 13:13-15 ਪੜ੍ਹੋ।) ਪਰ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਯਿਸੂ ਦੀਆਂ ਗੱਲਾਂ ਦਾ ਸਾਡੇ ਦਿਲਾਂ ’ਤੇ ਅਸਰ ਪੈਂਦਾ ਰਹੇ ਅਤੇ ਸਾਨੂੰ ਫ਼ਾਇਦਾ ਹੁੰਦਾ ਰਹੇ?

ਯਿਸੂ ਦੀਆਂ ਸਿੱਖਿਆਵਾਂ ਤੋਂ ਫ਼ਾਇਦਾ ਕਿਵੇਂ ਲਈਏ?

3. ਚੇਲੇ ਯਿਸੂ ਦੀਆਂ ਗੱਲਾਂ ਦਾ ਮਤਲਬ ਕਿਉਂ ਸਮਝ ਸਕੇ ਸਨ?

3 ਸਾਨੂੰ ਯਿਸੂ ਦੇ ਨਿਮਰ ਚੇਲਿਆਂ ਦੀ ਰੀਸ ਕਰਨੀ ਚਾਹੀਦੀ ਹੈ। ਉਸ ਨੇ ਉਨ੍ਹਾਂ ਬਾਰੇ ਕਿਹਾ ਸੀ: “ਖ਼ੁਸ਼ ਹੋ ਤੁਸੀਂ ਕਿਉਂਕਿ ਤੁਹਾਡੀਆਂ ਅੱਖਾਂ ਦੇਖਦੀਆਂ ਹਨ ਅਤੇ ਤੁਹਾਡੇ ਕੰਨ ਸੁਣਦੇ ਹਨ।” (ਮੱਤੀ 13:16) ਉਹ ਯਿਸੂ ਦੀਆਂ ਗੱਲਾਂ ਕਿਉਂ ਸਮਝ ਸਕੇ ਜਦ ਕਿ ਦੂਸਰੇ ਸਮਝ ਨਹੀਂ ਪਾਏ? ਪਹਿਲਾ ਕਾਰਨ ਹੈ ਕਿ ਉਹ ਯਿਸੂ ਦੀਆਂ ਗੱਲਾਂ ਦਾ ਸਹੀ-ਸਹੀ ਮਤਲਬ ਸਮਝਣ ਲਈ ਹੋਰ ਸਵਾਲ ਪੁੱਛਣ ਲਈ ਤਿਆਰ ਸਨ। (ਮੱਤੀ 13:36; ਮਰ. 7:17) ਦੂਸਰਾ, ਜਿਵੇਂ ਉਨ੍ਹਾਂ ਨੇ ਪਹਿਲਾਂ ਵੀ ਕਈ ਗੱਲਾਂ ਦਿਲੋਂ ਮੰਨੀਆਂ ਸਨ, ਉਸੇ ਤਰ੍ਹਾਂ ਉਹ ਹੋਰ ਵੀ ਨਵੀਆਂ ਗੱਲਾਂ ਨੂੰ ਸਵੀਕਾਰ ਕਰਨ ਲਈ ਤਿਆਰ ਸਨ। (ਮੱਤੀ 13:11, 12 ਪੜ੍ਹੋ।) ਤੀਸਰਾ, ਉਨ੍ਹਾਂ ਨੇ ਸਮਝੀਆਂ ਗੱਲਾਂ ਨੂੰ ਨਾ ਸਿਰਫ਼ ਆਪਣੇ ਫ਼ਾਇਦੇ ਲਈ ਵਰਤਿਆ, ਸਗੋਂ ਇਨ੍ਹਾਂ ਨਾਲ ਦੂਸਰਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ।ਮੱਤੀ 13:51, 52.

4. ਯਿਸੂ ਦੀਆਂ ਮਿਸਾਲਾਂ ਦਾ ਮਤਲਬ ਸਮਝਣ ਲਈ ਸਾਨੂੰ ਕਿਹੜੇ ਤਿੰਨ ਕਦਮ ਚੁੱਕਣੇ ਪੈਣਗੇ?

4 ਜੇ ਅਸੀਂ ਯਿਸੂ ਦੀਆਂ ਮਿਸਾਲਾਂ ਦਾ ਮਤਲਬ ਸਮਝਣਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਦੇ ਵਫ਼ਾਦਾਰ ਚੇਲਿਆਂ ਦੀ ਰੀਸ ਕਰਨੀ ਚਾਹੀਦੀ ਹੈ। ਇਸ ਲਈ ਸਾਨੂੰ ਵੀ ਤਿੰਨ ਕਦਮ ਚੁੱਕਣੇ ਪੈਣਗੇ। ਪਹਿਲਾ, ਸਾਨੂੰ ਯਿਸੂ ਦੀਆਂ ਗੱਲਾਂ ਦੀ ਸਟੱਡੀ ਕਰਨ, ਉਨ੍ਹਾਂ ਉੱਤੇ ਸੋਚ-ਵਿਚਾਰ ਕਰਨ, ਰਿਸਰਚ ਕਰਨ ਅਤੇ ਆਪਣੇ ਤੋਂ ਢੁਕਵੇਂ ਸਵਾਲ ਪੁੱਛਣ ਦੀ ਲੋੜ ਹੈ। ਇਸ ਨਾਲ ਸਾਨੂੰ ਗਿਆਨ ਮਿਲੇਗਾ। (ਕਹਾ. 2:4, 5) ਦੂਸਰਾ, ਸਾਨੂੰ ਦੇਖਣ ਦੀ ਲੋੜ ਹੈ ਕਿ ਇਸ ਗਿਆਨ ਦਾ ਪਹਿਲਾਂ ਸਿੱਖੀਆਂ ਗੱਲਾਂ ਨਾਲ ਕੀ ਸੰਬੰਧ ਹੈ ਅਤੇ ਸਾਨੂੰ ਖ਼ੁਦ ਨੂੰ ਇਸ ਦਾ ਕੀ ਫ਼ਾਇਦਾ ਹੋਵੇਗਾ। ਇਸ ਨਾਲ ਸਾਡੀ ਸਮਝ ਵਧੇਗੀ। (ਕਹਾ. 2:2, 3) ਤੀਸਰਾ, ਅਸੀਂ ਜੋ ਵੀ ਸਿੱਖਦੇ ਹਾਂ, ਉਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਚਾਹੀਦਾ ਹੈ। ਇਸ ਨਾਲ ਅਸੀਂ ਬੁੱਧੀਮਾਨ ਬਣਾਂਗੇ।ਕਹਾ. 2:6, 7.

5. ਉਦਾਹਰਣ ਦੇ ਕੇ ਗਿਆਨ, ਸਮਝ ਅਤੇ ਬੁੱਧ ਵਿਚ ਫ਼ਰਕ ਸਮਝਾਓ।

5 ਗਿਆਨ, ਸਮਝ ਅਤੇ ਬੁੱਧ ਵਿਚ ਕੀ ਫ਼ਰਕ ਹੈ? ਇਸ ਨੂੰ ਸਮਝਣ ਲਈ ਇਸ ਉਦਾਹਰਣ ’ਤੇ ਗੌਰ ਕਰੋ: ਫ਼ਰਜ਼ ਕਰੋ ਤੁਸੀਂ ਸੜਕ ਦੇ ਗੱਭੇ ਖੜ੍ਹੇ ਹੋ ਅਤੇ ਇਕ ਬੱਸ ਤੇਜ਼ੀ ਨਾਲ ਤੁਹਾਡੇ ਵੱਲ ਆ ਰਹੀ ਹੈ। ਪਹਿਲਾ, ਤੁਸੀਂ ਪਛਾਣ ਲੈਂਦੇ ਹੋ ਕਿ ਇਹ ਬੱਸ ਹੈ—ਇਹ ਗਿਆਨ ਹੈ। ਫਿਰ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਜੇ ਤੁਸੀਂ ਉੱਥੇ ਖੜ੍ਹੇ ਰਹੇ, ਤਾਂ ਤੁਸੀਂ ਬੱਸ ਥੱਲੇ ਆ ਜਾਓਗੇ—ਇਹ ਸਮਝ ਹੈ! ਸੋ ਤੁਸੀਂ ਤੁਰੰਤ ਇਕ ਪਾਸੇ ਹੋ ਜਾਂਦੇ ਹੋ—ਇਹ ਬੁੱਧ ਹੈ! ਸੋ ਅਸੀਂ ਸਮਝ ਸਕਦੇ ਹਾਂ ਕਿ ਬਾਈਬਲ ‘ਬੁੱਧ ਵੱਲ ਕੰਨ ਲਾਉਣ’ ਉੱਤੇ ਜ਼ੋਰ ਦਿੰਦੀ ਹੈ ਕਿਉਂਕਿ ਇਸ ਨਾਲ ਸਾਡੀ ਜ਼ਿੰਦਗੀ ਬਚ ਸਕਦੀ ਹੈ!ਕਹਾ. 2:2; 1 ਤਿਮੋ. 4:16.

6. ਯਿਸੂ ਦੀਆਂ ਸੱਤ ਮਿਸਾਲਾਂ ’ਤੇ ਗੌਰ ਕਰਦੇ ਵੇਲੇ ਅਸੀਂ ਆਪਣੇ ਤੋਂ ਕਿਹੜੇ ਚਾਰ ਸਵਾਲ ਪੁੱਛਾਂਗੇ? ( ਡੱਬੀ ਦੇਖੋ।)

6 ਇਸ ਲੇਖ ਵਿਚ ਤੇ ਅਗਲੇ ਲੇਖ ਵਿਚ ਅਸੀਂ ਯਿਸੂ ਦੁਆਰਾ ਦਿੱਤੀਆਂ ਸੱਤ ਮਿਸਾਲਾਂ ਉੱਤੇ ਗੌਰ ਕਰਾਂਗੇ। ਇਨ੍ਹਾਂ ’ਤੇ ਗੌਰ ਕਰਦੇ ਵੇਲੇ ਆਪਣੇ ਤੋਂ ਇਹ ਸਵਾਲ ਪੁੱਛੋ: ਇਸ ਮਿਸਾਲ ਦਾ ਕੀ ਮਤਲਬ ਹੈ? (ਇਸ ਨਾਲ ਸਾਨੂੰ ਗਿਆਨ ਮਿਲੇਗਾ।) ਯਿਸੂ ਨੇ ਇਹ ਮਿਸਾਲ ਕਿਉਂ ਦਿੱਤੀ ਸੀ? (ਇਸ ਨਾਲ ਸਾਡੀ ਸਮਝ ਵਧੇਗੀ।) ਅਸੀਂ ਆਪਣੇ ਤੇ ਦੂਸਰਿਆਂ ਦੇ ਫ਼ਾਇਦੇ ਲਈ ਇਹ ਜਾਣਕਾਰੀ ਕਿਵੇਂ ਵਰਤ ਸਕਦੇ ਹਾਂ? (ਇਸ ਨਾਲ ਸਾਨੂੰ ਬੁੱਧ ਮਿਲੇਗੀ।) ਅਖ਼ੀਰ ਵਿਚ, ਇਸ ਤੋਂ ਅਸੀਂ ਯਹੋਵਾਹ ਅਤੇ ਯਿਸੂ ਬਾਰੇ ਕੀ ਸਿੱਖਦੇ ਹਾਂ?

ਰਾਈ ਦਾ ਦਾਣਾ

7. ਰਾਈ ਦੇ ਦਾਣੇ ਦੀ ਮਿਸਾਲ ਦਾ ਕੀ ਮਤਲਬ ਹੈ?

7 ਮੱਤੀ 13:31, 32 ਪੜ੍ਹੋ। ਯਿਸੂ ਦੁਆਰਾ ਦਿੱਤੀ ਰਾਈ ਦੇ ਦਾਣੇ ਦੀ ਮਿਸਾਲ ਦਾ ਕੀ ਮਤਲਬ ਹੈ? ਰਾਈ ਦਾ ਦਾਣਾ ਰਾਜ ਦੇ ਸੰਦੇਸ਼ ਅਤੇ ਮਸੀਹੀ ਮੰਡਲੀ ਨੂੰ ਦਰਸਾਉਂਦਾ ਹੈ। ਜਿਵੇਂ ਰਾਈ ਦਾ ਦਾਣਾ “ਸਾਰੇ ਬੀਆਂ ਨਾਲੋਂ ਛੋਟਾ” ਹੁੰਦਾ ਹੈ, ਉਸੇ ਤਰ੍ਹਾਂ ਮਸੀਹੀ ਮੰਡਲੀ ਦੀ ਸ਼ੁਰੂਆਤ ਛੋਟੇ ਪੈਮਾਨੇ ਤੇ ਹੋਈ ਸੀ। ਪਰ ਕੁਝ ਹੀ ਦਹਾਕਿਆਂ ਦੇ ਅੰਦਰ-ਅੰਦਰ ਮਸੀਹੀ ਮੰਡਲੀ ਵਿਚ ਤੇਜ਼ੀ ਨਾਲ ਵਾਧਾ ਹੋਇਆ। ਬਹੁਤ ਸਾਰੇ ਲੋਕਾਂ ਨੇ ਸੋਚਿਆ ਵੀ ਨਹੀਂ ਸੀ ਕਿ ਇੰਨਾ ਵਾਧਾ ਹੋਵੇਗਾ। (ਕੁਲੁ. 1:23) ਯਿਸੂ ਨੇ ਇਹ ਵੀ ਦੱਸਿਆ ਸੀ ਕਿ ‘ਆਕਾਸ਼ ਦੇ ਪੰਛੀਆਂ ਨੇ ਆ ਕੇ ਇਸ ਦੀਆਂ ਟਾਹਣੀਆਂ ਉੱਤੇ ਆਲ੍ਹਣੇ ਪਾਏ।’ ਇਸ ਦਾ ਮਤਲਬ ਹੈ ਕਿ ਨੇਕਦਿਲ ਲੋਕਾਂ ਨੂੰ ਮਸੀਹੀ ਮੰਡਲੀ ਵਿਚ ਆ ਕੇ ਪਰਮੇਸ਼ੁਰ ਦਾ ਗਿਆਨ ਅਤੇ ਆਸਰਾ ਮਿਲਿਆ।ਹਿਜ਼ਕੀਏਲ 17:23 ਵਿਚ ਨੁਕਤਾ ਦੇਖੋ।

8. ਯਿਸੂ ਨੇ ਰਾਈ ਦੇ ਦਾਣੇ ਦੀ ਮਿਸਾਲ ਕਿਉਂ ਦਿੱਤੀ ਸੀ?

8 ਯਿਸੂ ਨੇ ਇਹ ਮਿਸਾਲ ਕਿਉਂ ਦਿੱਤੀ ਸੀ? ਰਾਈ ਦੇ ਦਾਣੇ ਦੇ ਹੈਰਾਨੀਜਨਕ ਵਾਧੇ ਰਾਹੀਂ ਉਸ ਨੇ ਸਮਝਾਇਆ ਕਿ ਪਰਮੇਸ਼ੁਰ ਦੇ ਰਾਜ ਵਿਚ ਵਧਣ-ਫੁੱਲਣ, ਪਰਮੇਸ਼ੁਰ ਦੇ ਲੋਕਾਂ ਦੀ ਰਾਖੀ ਕਰਨ ਅਤੇ ਸਾਰੀਆਂ ਰੁਕਾਵਟਾਂ ਪਾਰ ਕਰਨ ਦੀ ਕਿੰਨੀ ਤਾਕਤ ਹੈ। 1914 ਤੋਂ ਮਸੀਹੀ ਮੰਡਲੀ ਵਧੀ-ਫੁੱਲੀ ਹੈ। (ਯਸਾ. 60:22) ਜਿਹੜੇ ਲੋਕ ਮਸੀਹੀ ਮੰਡਲੀ ਦੇ ਮੈਂਬਰ ਬਣਦੇ ਹਨ, ਉਨ੍ਹਾਂ ਦੀ ਪਰਮੇਸ਼ੁਰ ਦੇ ਨੇੜੇ ਰਹਿਣ ਵਿਚ ਮਦਦ ਕੀਤੀ ਜਾਂਦੀ ਹੈ। (ਕਹਾ. 2:7; ਯਸਾ. 32:1, 2) ਕਿਸੇ ਵੀ ਤਰ੍ਹਾਂ ਦਾ ਵਿਰੋਧ ਰਾਜ ਦੇ ਕੰਮਾਂ ਨੂੰ ਰੋਕ ਨਹੀਂ ਸਕਦਾ।ਯਸਾ. 54:17.

9. (ੳ) ਅਸੀਂ ਰਾਈ ਦੇ ਦਾਣੇ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? (ਅ) ਇਸ ਤੋਂ ਅਸੀਂ ਯਹੋਵਾਹ ਅਤੇ ਯਿਸੂ ਬਾਰੇ ਕੀ ਸਿੱਖਦੇ ਹਾਂ?

9 ਰਾਈ ਦੇ ਦਾਣੇ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਸ਼ਾਇਦ ਅਸੀਂ ਅਜਿਹੇ ਇਲਾਕੇ ਵਿਚ ਰਹਿੰਦੇ ਹਾਂ ਜਿੱਥੇ ਥੋੜ੍ਹੇ ਜਿਹੇ ਗਵਾਹ ਹਨ ਜਾਂ ਸਾਨੂੰ ਲੱਗਦਾ ਕਿ ਸਾਡੇ ਪ੍ਰਚਾਰ ਦਾ ਜ਼ਿਆਦਾ ਫ਼ਾਇਦਾ ਨਹੀਂ ਹੋ ਰਿਹਾ ਹੈ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਦਾ ਰਾਜ ਕਿਸੇ ਵੀ ਰੁਕਾਵਟ ਨੂੰ ਪਾਰ ਕਰ ਸਕਦਾ ਹੈ। ਇਸ ਨਾਲ ਸਾਨੂੰ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਦੀ ਹੱਲਾਸ਼ੇਰੀ ਮਿਲੇਗੀ। ਉਦਾਹਰਣ ਲਈ, ਜਦੋਂ ਭਰਾ ਸਕਿਨਰ 1926 ਵਿਚ ਭਾਰਤ ਆਏ ਸਨ, ਤਾਂ ਉਸ ਸਮੇਂ ਭਾਰਤ ਵਿਚ ਮੁੱਠੀ ਭਰ ਗਵਾਹ ਸਨ। ਸ਼ੁਰੂ-ਸ਼ੁਰੂ ਵਿਚ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਤਰੱਕੀ ਨਹੀਂ ਹੋਈ ਅਤੇ ਉਨ੍ਹਾਂ ਨੇ ਕਿਹਾ ਕਿ ਇੱਥੇ ਪ੍ਰਚਾਰ ਕਰਨਾ ਬਹੁਤ ਔਖਾ ਸੀ। ਫਿਰ ਵੀ ਉਹ ਪ੍ਰਚਾਰ ਵਿਚ ਲੱਗੇ ਰਹੇ ਅਤੇ ਉਨ੍ਹਾਂ ਨੇ ਆਪਣੀ ਅੱਖੀਂ ਦੇਖਿਆ ਕਿ ਰਾਜ ਦੇ ਸੰਦੇਸ਼ ਨੇ ਕਿਵੇਂ ਵੱਡੀਆਂ-ਵੱਡੀਆਂ ਰੁਕਾਵਟਾਂ ਪਾਰ ਕੀਤੀਆਂ। ਹੁਣ ਭਾਰਤ ਵਿਚ 37,000 ਤੋਂ ਜ਼ਿਆਦਾ ਗਵਾਹ ਹਨ ਅਤੇ ਪਿਛਲੇ ਸਾਲ 1,08,000 ਤੋਂ ਜ਼ਿਆਦਾ ਲੋਕ ਮੈਮੋਰੀਅਲ ਵਿਚ ਆਏ ਸਨ। ਹੈਰਾਨੀਜਨਕ ਵਾਧੇ ਦੀ ਇਕ ਹੋਰ ਉਦਾਹਰਣ ਉੱਤੇ ਗੌਰ ਕਰੋ। ਜਿਸ ਸਾਲ ਭਰਾ ਸਕਿਨਰ ਭਾਰਤ ਪਹੁੰਚੇ ਸਨ, ਉਸੇ ਸਾਲ ਜ਼ੈਂਬੀਆ ਵਿਚ ਪ੍ਰਚਾਰ ਦਾ ਕੰਮ ਸ਼ੁਰੂ ਹੋਇਆ ਸੀ। ਹੁਣ ਉੱਥੇ 1,70,000 ਪਬਲੀਸ਼ਰ ਹਨ ਅਤੇ 2013 ਵਿਚ 7,63,915 ਲੋਕ ਮੈਮੋਰੀਅਲ ਵਿਚ ਹਾਜ਼ਰ ਹੋਏ ਸਨ। ਇਸ ਦਾ ਮਤਲਬ ਹੈ ਕਿ ਉੱਥੇ ਹਰ 18 ਲੋਕਾਂ ਵਿੱਚੋਂ ਇਕ ਜਣਾ ਮੈਮੋਰੀਅਲ ਵਿਚ ਆਇਆ ਸੀ। ਕਿੰਨਾ ਸ਼ਾਨਦਾਰ ਵਾਧਾ!

ਖਮੀਰ

10. ਖਮੀਰ ਦੀ ਮਿਸਾਲ ਦਾ ਕੀ ਮਤਲਬ ਹੈ?

10 ਮੱਤੀ 13:33 ਪੜ੍ਹੋ। ਖਮੀਰ ਦੀ ਮਿਸਾਲ ਦਾ ਕੀ ਮਤਲਬ ਹੈ? ਇਹ ਮਿਸਾਲ ਰਾਜ ਦੇ ਸੰਦੇਸ਼ ਨੂੰ ਦਰਸਾਉਂਦੀ ਹੈ ਅਤੇ ਦਿਖਾਉਂਦੀ ਹੈ ਕਿ ਇਹ ਸੰਦੇਸ਼ ਕਿਸ ਤਰ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਬਦਲਦਾ ਹੈ। ਆਟੇ ਦੀ “ਸਾਰੀ ਤੌਣ” ਸਾਰੀਆਂ ਕੌਮਾਂ ਨੂੰ ਦਰਸਾਉਂਦੀ ਹੈ। ਸਾਰੀ ਤੌਣ ਵਿਚ ਖਮੀਰ ਦਾ ਫੈਲਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਪ੍ਰਚਾਰ ਦੇ ਜ਼ਰੀਏ ਰਾਜ ਦਾ ਸੰਦੇਸ਼ ਕਿਵੇਂ ਫੈਲ ਰਿਹਾ ਹੈ। ਹਾਲਾਂਕਿ ਰਾਈ ਦੇ ਦਾਣੇ ਦਾ ਵਾਧਾ ਸਾਫ਼ ਦਿਖਾਈ ਦਿੰਦਾ ਹੈ, ਪਰ ਖਮੀਰ ਦਾ ਫੈਲਣਾ ਸ਼ੁਰੂ ਵਿਚ ਦਿਖਾਈ ਨਹੀਂ ਦਿੰਦਾ। ਇਸ ਦਾ ਅਸਰ ਕੁਝ ਸਮੇਂ ਬਾਅਦ ਹੀ ਦਿਖਾਈ ਦਿੰਦਾ ਹੈ।

11. ਯਿਸੂ ਨੇ ਖਮੀਰ ਦੀ ਮਿਸਾਲ ਕਿਉਂ ਦਿੱਤੀ ਸੀ?

11 ਯਿਸੂ ਨੇ ਇਹ ਮਿਸਾਲ ਕਿਉਂ ਦਿੱਤੀ ਸੀ? ਉਸ ਨੇ ਇਸ ਮਿਸਾਲ ਰਾਹੀਂ ਦੱਸਿਆ ਕਿ ਰਾਜ ਦਾ ਸੰਦੇਸ਼ ਹਰ ਪਾਸੇ ਫੈਲਦਾ ਹੈ ਅਤੇ ਇਸ ਵਿਚ ਲੋਕਾਂ ਦੇ ਦਿਲਾਂ ਨੂੰ ਬਦਲਣ ਦੀ ਤਾਕਤ ਹੈ। ਵਾਕਈ ਰਾਜ ਦਾ ਸੰਦੇਸ਼ “ਧਰਤੀ ਦੇ ਕੋਨੇ-ਕੋਨੇ ਵਿਚ” ਪਹੁੰਚ ਗਿਆ ਹੈ। (ਰਸੂ. 1:8) ਕਈ ਵਾਰ ਇਸ ਸੰਦੇਸ਼ ਰਾਹੀਂ ਹੋਈਆਂ ਤਬਦੀਲੀਆਂ ਸ਼ੁਰੂ ਵਿਚ ਦਿਖਾਈ ਨਹੀਂ ਦਿੰਦੀਆਂ, ਪਰ ਤਬਦੀਲੀਆਂ ਹੁੰਦੀਆਂ ਜ਼ਰੂਰ ਹਨ। ਹਰ ਪਾਸੇ ਇਸ ਸੰਦੇਸ਼ ਨੂੰ ਸਵੀਕਾਰ ਕਰਨ ਵਾਲੇ ਲੋਕਾਂ ਦੀ ਗਿਣਤੀ ਦਿਨ-ਬਦਿਨ ਵਧ ਰਹੀ ਹੈ ਅਤੇ ਇਸ ਦੇ ਅਸਰ ਨਾਲ ਉਨ੍ਹਾਂ ਦੇ ਸੁਭਾਅ ਵਿਚ ਤਬਦੀਲੀਆਂ ਆ ਰਹੀਆਂ ਹਨ।ਰੋਮੀ. 12:2; ਅਫ਼. 4:22, 23.

12, 13. ਜਿਵੇਂ ਖਮੀਰ ਦੀ ਮਿਸਾਲ ਵਿਚ ਦੱਸਿਆ ਹੈ, ਉਦਾਹਰਣਾਂ ਦੇ ਕੇ ਸਮਝਾਓ ਕਿ ਰਾਜ ਦਾ ਸੰਦੇਸ਼ ਕਿਵੇਂ ਫੈਲਿਆ ਹੈ।

12 ਪ੍ਰਚਾਰ ਦਾ ਅਸਰ ਅਕਸਰ ਕਈ ਸਾਲਾਂ ਬਾਅਦ ਨਜ਼ਰ ਆਉਂਦਾ ਹੈ। ਉਦਾਹਰਣ ਲਈ, ਇਕ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਹੇ ਫ਼੍ਰਾਂਟਜ਼ ਅਤੇ ਮਾਰਗਿਟ ਨਾਂ ਦੇ ਜੋੜੇ ਨਾਲ ਇਸੇ ਤਰ੍ਹਾਂ ਹੋਇਆ। 1982 ਵਿਚ ਉਹ ਬ੍ਰਾਜ਼ੀਲ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਹੇ ਸਨ। ਉਸ ਵੇਲੇ ਉਨ੍ਹਾਂ ਨੇ ਇਕ ਛੋਟੇ ਜਿਹੇ ਕਸਬੇ ਵਿਚ ਪ੍ਰਚਾਰ ਕੀਤਾ ਅਤੇ ਕਈ ਲੋਕਾਂ ਨਾਲ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਵਿਚ ਇਕ ਮਾਂ ਤੇ ਉਸ ਦੇ ਚਾਰ ਬੱਚੇ ਸਨ। ਸਭ ਤੋਂ ਵੱਡਾ ਮੁੰਡਾ ਜੋ ਉਸ ਵੇਲੇ 12 ਸਾਲਾਂ ਦਾ ਸੀ, ਬਹੁਤ ਹੀ ਸ਼ਰਮਾਕਲ ਸੀ ਅਤੇ ਉਹ ਸਟੱਡੀ ਤੋਂ ਪਹਿਲਾਂ ਹਮੇਸ਼ਾ ਲੁਕ ਜਾਂਦਾ ਸੀ। ਫਿਰ ਉਸ ਜੋੜੇ ਨੂੰ ਸੇਵਾ ਕਰਨ ਲਈ ਕਿਤੇ ਹੋਰ ਘੱਲ ਦਿੱਤਾ ਗਿਆ ਜਿਸ ਕਰਕੇ ਉਹ ਬਾਈਬਲ ਸਟੱਡੀ ਜਾਰੀ ਨਹੀਂ ਰੱਖ ਸਕੇ। ਪਰ ਜਦ ਉਹ 25 ਸਾਲ ਬਾਅਦ ਉਸ ਕਸਬੇ ਵਿਚ ਦੁਬਾਰਾ ਗਏ, ਤਾਂ ਉਨ੍ਹਾਂ ਨੇ ਕੀ ਦੇਖਿਆ? ਉੱਥੇ ਇਕ ਮੰਡਲੀ ਬਣ ਚੁੱਕੀ ਸੀ ਅਤੇ ਨਵੇਂ ਕਿੰਗਡਮ ਹਾਲ ਵਿਚ ਮੀਟਿੰਗਾਂ ਹੁੰਦੀਆਂ ਸਨ। ਮੰਡਲੀ ਵਿਚ 69 ਪਬਲੀਸ਼ਰ ਸਨ ਤੇ ਉਨ੍ਹਾਂ ਵਿੱਚੋਂ 13 ਜਣੇ ਰੈਗੂਲਰ ਪਾਇਨੀਅਰਿੰਗ ਕਰ ਰਹੇ ਸਨ। ਉਸ ਸ਼ਰਮਾਕਲ ਮੁੰਡੇ ਦਾ ਕੀ ਬਣਿਆ? ਉਹ ਹੁਣ ਉਸ ਮੰਡਲੀ ਦੇ ਬਜ਼ੁਰਗਾਂ ਦੇ ਕੋਆਰਡੀਨੇਟਰ ਦੇ ਤੌਰ ਤੇ ਸੇਵਾ ਕਰਦਾ ਹੈ। ਜਿਵੇਂ ਖਮੀਰ ਫੈਲਦਾ ਹੈ, ਉਸੇ ਤਰ੍ਹਾਂ ਉੱਥੇ ਰਾਜ ਦਾ ਸੰਦੇਸ਼ ਫੈਲਿਆ ਅਤੇ ਇਸ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਬਦਲੀਆਂ। ਇਹ ਦੇਖ ਕੇ ਉਸ ਜੋੜੇ ਨੂੰ ਬੇਹੱਦ ਖ਼ੁਸ਼ੀ ਹੋਈ!

13 ਜਿਨ੍ਹਾਂ ਦੇਸ਼ਾਂ ਵਿਚ ਸਰਕਾਰਾਂ ਨੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲਾਈ ਹੋਈ ਹੈ, ਉੱਥੇ ਵੀ ਦੇਖਿਆ ਜਾ ਸਕਦਾ ਹੈ ਕਿ ਰਾਜ ਦਾ ਸੰਦੇਸ਼ ਲੋਕਾਂ ਦੀਆਂ ਜ਼ਿੰਦਗੀਆਂ ਬਦਲਦਾ ਹੈ। ਇਹ ਜਾਣਨਾ ਮੁਸ਼ਕਲ ਹੈ ਕਿ ਉਨ੍ਹਾਂ ਦੇਸ਼ਾਂ ਵਿਚ ਰਾਜ ਦਾ ਸੰਦੇਸ਼ ਕਿੰਨਾ ਕੁ ਫੈਲਿਆ ਹੈ। ਪਰ ਸਾਨੂੰ ਨਤੀਜੇ ਦੇਖ ਕੇ ਹੈਰਾਨੀ ਹੁੰਦੀ ਹੈ। ਮਿਸਾਲ ਲਈ, ਕਿਊਬਾ ਵਿਚ 1910 ਵਿਚ ਰਾਜ ਦੇ ਸੰਦੇਸ਼ ਦਾ ਪ੍ਰਚਾਰ ਹੋਣਾ ਸ਼ੁਰੂ ਹੋਇਆ ਸੀ ਅਤੇ ਭਰਾ ਰਸਲ 1913 ਵਿਚ ਉੱਥੇ ਗਏ ਸਨ। ਪਹਿਲਾਂ-ਪਹਿਲਾਂ ਵਾਧੇ ਦੀ ਰਫ਼ਤਾਰ ਬਹੁਤ ਹੌਲੀ ਸੀ। ਪਰ ਹੁਣ ਅਸੀਂ ਕਿਊਬਾ ਵਿਚ ਕੀ ਦੇਖਦੇ ਹਾਂ? ਉੱਥੇ 96,000 ਤੋਂ ਜ਼ਿਆਦਾ ਪਬਲੀਸ਼ਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ ਅਤੇ 2013 ਵਿਚ 2,29,726 ਲੋਕ ਮੈਮੋਰੀਅਲ ਵਿਚ ਆਏ ਸਨ। ਇਸ ਦਾ ਮਤਲਬ ਹੈ ਕਿ ਉੱਥੇ ਹਰ 48 ਲੋਕਾਂ ਵਿੱਚੋਂ 1 ਜਣਾ ਮੈਮੋਰੀਅਲ ਵਿਚ ਹਾਜ਼ਰ ਹੋਇਆ ਸੀ। ਜਿਨ੍ਹਾਂ ਦੇਸ਼ਾਂ ਵਿਚ ਪਾਬੰਦੀ ਨਹੀਂ ਲੱਗੀ ਹੋਈ ਹੈ, ਉੱਥੇ ਗਵਾਹ ਸੋਚਦੇ ਹਨ ਕਿ ਕਈ ਇਲਾਕਿਆਂ ਵਿਚ ਪ੍ਰਚਾਰ ਨਹੀਂ ਹੋ ਰਿਹਾ। ਪਰ ਹੋ ਸਕਦਾ ਹੈ ਕਿ ਉਨ੍ਹਾਂ ਇਲਾਕਿਆਂ ਵਿਚ ਵੀ ਰਾਜ ਦਾ ਸੰਦੇਸ਼ ਪਹੁੰਚ ਗਿਆ ਹੋਵੇ। *ਉਪ. 8:7; 11:5.

14, 15. (ੳ) ਖਮੀਰ ਦੀ ਮਿਸਾਲ ਤੋਂ ਸਿੱਖੇ ਸਬਕ ਤੋਂ ਸਾਨੂੰ ਖ਼ੁਦ ਨੂੰ ਕੀ ਫ਼ਾਇਦਾ ਹੋ ਸਕਦਾ ਹੈ? (ਅ) ਇਸ ਤੋਂ ਅਸੀਂ ਯਹੋਵਾਹ ਅਤੇ ਯਿਸੂ ਬਾਰੇ ਕੀ ਸਿੱਖਦੇ ਹਾਂ?

14 ਖਮੀਰ ਦੀ ਮਿਸਾਲ ਦੇ ਕੇ ਯਿਸੂ ਨੇ ਜੋ ਗੱਲ ਸਿਖਾਈ ਸੀ, ਉਸ ਤੋਂ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ? ਜਦੋਂ ਅਸੀਂ ਯਿਸੂ ਵੱਲੋਂ ਦਿੱਤੀ ਮਿਸਾਲ ਦੇ ਮਤਲਬ ਉੱਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਨੂੰ ਇਸ ਗੱਲ ਦੀ ਹੱਦੋਂ ਵੱਧ ਚਿੰਤਾ ਕਰਨ ਦੀ ਲੋੜ ਨਹੀਂ ਕਿ ਕਰੋੜਾਂ ਲੋਕਾਂ ਤਕ ਰਾਜ ਦਾ ਸੰਦੇਸ਼ ਕਿਵੇਂ ਪਹੁੰਚੇਗਾ। ਯਹੋਵਾਹ ਨੂੰ ਪਤਾ ਹੈ ਕਿ ਇਹ ਕੰਮ ਕਿਵੇਂ ਕਰਨਾ ਹੈ। ਪਰ ਸਾਡਾ ਕੰਮ ਕੀ ਹੈ? ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ, ਏਹ ਯਾ ਉਹ, ਯਾ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ।” (ਉਪ. 11:6) ਨਾਲੇ ਸਾਨੂੰ ਹਮੇਸ਼ਾ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਪ੍ਰਚਾਰ ਦੇ ਕੰਮ ’ਤੇ ਬਰਕਤ ਪਾਵੇ, ਖ਼ਾਸ ਕਰਕੇ ਉਨ੍ਹਾਂ ਦੇਸ਼ਾਂ ਵਿਚ ਜਿੱਥੇ ਇਸ ਕੰਮ ’ਤੇ ਪਾਬੰਦੀ ਲੱਗੀ ਹੋਈ ਹੈ।ਅਫ਼. 6:18-20.

15 ਇਸ ਤੋਂ ਇਲਾਵਾ, ਜੇ ਸਾਨੂੰ ਆਪਣੇ ਪ੍ਰਚਾਰ ਦੇ ਨਤੀਜੇ ਪਹਿਲਾਂ-ਪਹਿਲ ਨਜ਼ਰ ਨਹੀਂ ਆਉਂਦੇ, ਤਾਂ ਸਾਨੂੰ ਨਿਰਾਸ਼ ਨਹੀਂ ਹੋ ਜਾਣਾ ਚਾਹੀਦਾ। ਸਾਨੂੰ “ਛੋਟੀਆਂ-ਛੋਟੀਆਂ ਸ਼ੁਰੂਆਤਾਂ” ਨੂੰ ਐਵੇਂ ਨਹੀਂ ਸਮਝਣਾ ਚਾਹੀਦਾ। (ਜ਼ਕ. 4:10, ERV) ਹੋ ਸਕਦਾ ਹੈ ਕਿ ਸਾਡੀ ਮਿਹਨਤ ਦੇ ਨਤੀਜੇ ਸਾਡੀਆਂ ਉਮੀਦਾਂ ਤੋਂ ਕਿਤੇ ਵੱਧ ਅਤੇ ਸ਼ਾਨਦਾਰ ਨਿਕਲਣ!ਜ਼ਬੂ. 40:5; ਜ਼ਕ. 4:7.

ਵਪਾਰੀ ਅਤੇ ਲੁਕਾਇਆ ਹੋਇਆ ਖ਼ਜ਼ਾਨਾ

16. ਵਪਾਰੀ ਅਤੇ ਲੁਕਾਏ ਹੋਏ ਖ਼ਜ਼ਾਨੇ ਦੀ ਮਿਸਾਲ ਦਾ ਕੀ ਮਤਲਬ ਹੈ?

16 ਮੱਤੀ 13:44-46 ਪੜ੍ਹੋ। ਵਪਾਰੀ ਅਤੇ ਖੇਤ ਵਿਚ ਲੁਕਾਏ ਖ਼ਜ਼ਾਨੇ ਦਾ ਕੀ ਮਤਲਬ ਹੈ? ਯਿਸੂ ਦੇ ਦਿਨਾਂ ਵਿਚ ਕੁਝ ਵਪਾਰੀ ਬੇਸ਼ਕੀਮਤੀ ਮੋਤੀਆਂ ਦੀ ਤਲਾਸ਼ ਵਿਚ ਦੂਰ ਹਿੰਦ ਮਹਾਂਸਾਗਰ ਤਕ ਜਾਂਦੇ ਸਨ। ਇਸ ਮਿਸਾਲ ਵਿਚ “ਬਹੁਤ ਕੀਮਤੀ ਮੋਤੀ” ਰਾਜ ਦੀ ਬੇਸ਼ਕੀਮਤੀ ਸੱਚਾਈ ਨੂੰ ਅਤੇ ਵਪਾਰੀ ਹਰ ਜਗ੍ਹਾ ਸੱਚਾਈ ਦੀ ਭਾਲ ਕਰ ਰਹੇ ਨੇਕਦਿਲ ਲੋਕਾਂ ਨੂੰ ਦਰਸਾਉਂਦਾ ਹੈ। ਮੋਤੀ ਦੀ ਕੀਮਤ ਨੂੰ ਪਛਾਣਨ ਤੋਂ ਬਾਅਦ ਵਪਾਰੀ ਨੇ “ਉਸੇ ਵੇਲੇ” ਆਪਣਾ ਸਭ ਕੁਝ ਵੇਚ ਦਿੱਤਾ ਤਾਂਕਿ ਉਹ ਉਸ ਮੋਤੀ ਨੂੰ ਖ਼ਰੀਦ ਸਕੇ। ਯਿਸੂ ਨੇ ਇਕ ਆਦਮੀ ਦੀ ਮਿਸਾਲ ਵੀ ਦਿੱਤੀ ਸੀ ਜੋ ਖੇਤ ਵਿਚ ਕੰਮ ਕਰ ਰਿਹਾ ਸੀ ਅਤੇ ਉਸ ਨੂੰ ਖੇਤ ਵਿਚ ‘ਲੁਕਾਇਆ’ ਹੋਇਆ ਖ਼ਜ਼ਾਨਾ ਲੱਭਿਆ ਸੀ। ਵਪਾਰੀ ਤੋਂ ਉਲਟ ਇਹ ਆਦਮੀ ਖ਼ਜ਼ਾਨੇ ਦੀ ਭਾਲ ਨਹੀਂ ਕਰ ਰਿਹਾ ਸੀ। ਪਰ ਵਪਾਰੀ ਵਾਂਗ ਉਸ ਨੇ ਵੀ ਉਸ ਖ਼ਜ਼ਾਨੇ ਨੂੰ ਪ੍ਰਾਪਤ ਕਰਨ ਲਈ “ਆਪਣਾ ਸਭ ਕੁਝ ਵੇਚ ਦਿੱਤਾ।”

17. ਯਿਸੂ ਨੇ ਵਪਾਰੀ ਅਤੇ ਲੁਕਾਏ ਹੋਏ ਖ਼ਜ਼ਾਨੇ ਦੀ ਮਿਸਾਲ ਕਿਉਂ ਦਿੱਤੀ ਸੀ?

17 ਯਿਸੂ ਨੇ ਇਹ ਦੋ ਮਿਸਾਲਾਂ ਕਿਉਂ ਦਿੱਤੀਆਂ ਸਨ? ਉਹ ਦੱਸ ਰਿਹਾ ਸੀ ਕਿ ਸੱਚਾਈ ਕਈ ਤਰੀਕਿਆਂ ਨਾਲ ਮਿਲ ਸਕਦੀ ਹੈ। ਕੁਝ ਲੋਕ ਜਗ੍ਹਾ-ਜਗ੍ਹਾ ਇਸ ਦੀ ਤਲਾਸ਼ ਕਰਦੇ ਹਨ। ਹੋਰ ਕਈ ਲੋਕ ਸੱਚਾਈ ਦੀ ਤਲਾਸ਼ ਨਹੀਂ ਕਰਦੇ, ਪਰ ਉਨ੍ਹਾਂ ਨੂੰ ਵੀ ਮਿਲ ਜਾਂਦੀ ਹੈ, ਸ਼ਾਇਦ ਉਨ੍ਹਾਂ ਨੂੰ ਕੋਈ ਪ੍ਰਚਾਰ ਕਰਦਾ ਹੈ। ਦੋਵੇਂ ਆਦਮੀਆਂ ਨੇ ਚੀਜ਼ਾਂ ਦੀ ਕੀਮਤ ਪਛਾਣੀ ਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ।

18. (ੳ) ਅਸੀਂ ਇਨ੍ਹਾਂ ਦੋਵੇਂ ਮਿਸਾਲਾਂ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ? (ਅ) ਇਸ ਤੋਂ ਅਸੀਂ ਯਹੋਵਾਹ ਅਤੇ ਯਿਸੂ ਬਾਰੇ ਕੀ ਸਿੱਖਦੇ ਹਾਂ?

18 ਅਸੀਂ ਇਨ੍ਹਾਂ ਦੋਵੇਂ ਮਿਸਾਲਾਂ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ? (ਮੱਤੀ 6:19-21) ਆਪਣੇ ਆਪ ਨੂੰ ਪੁੱਛੋ: ‘ਕੀ ਮੇਰਾ ਰਵੱਈਆ ਵੀ ਇਨ੍ਹਾਂ ਦੋਵਾਂ ਆਦਮੀਆਂ ਵਰਗਾ ਹੈ? ਕੀ ਮੈਂ ਵੀ ਉਨ੍ਹਾਂ ਵਾਂਗ ਸੱਚਾਈ ਦੀ ਕਦਰ ਕਰਦਾ ਹਾਂ? ਕੀ ਮੈਂ ਸੱਚਾਈ ਲਈ ਕੁਰਬਾਨੀਆਂ ਕਰਨ ਲਈ ਤਿਆਰ ਹਾਂ ਜਾਂ ਕੀ ਮੈਂ ਰੋਜ਼ਾਨਾ ਜ਼ਿੰਦਗੀ ਦੀਆਂ ਚਿੰਤਾਵਾਂ ਜਾਂ ਹੋਰ ਚੀਜ਼ਾਂ ਕਰਕੇ ਸੱਚਾਈ ਤੋਂ ਆਪਣਾ ਧਿਆਨ ਭਟਕਣ ਦਿੰਦਾ ਹਾਂ?’ (ਮੱਤੀ 6:22-24, 33; ਲੂਕਾ 5:27, 28; ਫ਼ਿਲਿ. 3:8) ਜੇ ਅਸੀਂ ਦਿਲੋਂ ਸੱਚਾਈ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਹਮੇਸ਼ਾ ਇਸ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਵਾਂਗੇ।

19. ਅਗਲੇ ਲੇਖ ਵਿਚ ਅਸੀਂ ਕੀ ਸਿੱਖਾਂਗੇ?

19 ਆਓ ਆਪਾਂ ਦਿਖਾਈਏ ਕਿ ਅਸੀਂ ਰਾਜ ਬਾਰੇ ਇਨ੍ਹਾਂ ਮਿਸਾਲਾਂ ਨੂੰ ਸੁਣਿਆ ਹੈ ਅਤੇ ਇਨ੍ਹਾਂ ਦਾ ਮਤਲਬ ਚੰਗੀ ਤਰ੍ਹਾਂ ਸਮਝਿਆ ਹੈ। ਯਾਦ ਰੱਖੋ, ਇਨ੍ਹਾਂ ਦਾ ਮਤਲਬ ਸਮਝਣ ਦੇ ਨਾਲ-ਨਾਲ ਸਾਨੂੰ ਇਨ੍ਹਾਂ ਤੋਂ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਵੀ ਕਰਨ ਦੀ ਲੋੜ ਹੈ। ਅਗਲੇ ਲੇਖ ਵਿਚ ਅਸੀਂ ਤਿੰਨ ਹੋਰ ਮਿਸਾਲਾਂ ਉੱਤੇ ਗੌਰ ਕਰਾਂਗੇ ਅਤੇ ਦੇਖਾਂਗੇ ਕਿ ਅਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ।

^ ਪੈਰਾ 13 ਅਰਜਨਟੀਨਾ (2001 ਦੀ ਯੀਅਰ ਬੁੱਕ, ਸਫ਼ਾ 186); ਪਾਪੂਆ ਨਿਊ ਗਿਨੀ (2005 ਦੀ ਯੀਅਰ ਬੁੱਕ, ਸਫ਼ਾ 63); ਪੂਰਬੀ ਜਰਮਨੀ (1999 ਦੀ ਯੀਅਰ ਬੁੱਕ, ਸਫ਼ਾ 83) ਅਤੇ ਰਾਬਿਨਸੰਨ ਕ੍ਰੂਸੋ ਟਾਪੂ (ਪਹਿਰਾਬੁਰਜ, 15 ਜੂਨ 2000 ਸਫ਼ਾ 9) ਵਿਚ ਇੱਦਾਂ ਹੋਇਆ ਸੀ।