Skip to content

Skip to table of contents

ਜਪਾਨ ਨੂੰ ਮਿਲਿਆ ਬੇਸ਼ਕੀਮਤੀ ਤੋਹਫ਼ਾ

ਜਪਾਨ ਨੂੰ ਮਿਲਿਆ ਬੇਸ਼ਕੀਮਤੀ ਤੋਹਫ਼ਾ

28 ਅਪ੍ਰੈਲ 2013 ਨੂੰ ਜਪਾਨ ਦੇ ਨਗੋਆ ਸ਼ਹਿਰ ਵਿਚ ਇਕ ਖ਼ਾਸ ਮੀਟਿੰਗ ਹੋਈ। ਇਸ ਮੌਕੇ ਤੇ ਪ੍ਰਬੰਧਕ ਸਭਾ ਦੇ ਮੈਂਬਰ ਐਂਟਨੀ ਮੋਰਿਸ ਨੇ ਇਕ ਘੋਸ਼ਣਾ ਕੀਤੀ ਜਿਸ ਨੂੰ ਸੁਣਦੇ ਹੀ ਸਾਰੇ ਜਣੇ ਖ਼ੁਸ਼ੀ ਨਾਲ ਝੂਮ ਉੱਠੇ। ਉਨ੍ਹਾਂ ਨੇ ਇਕ ਕਿਤਾਬ ਰਿਲੀਜ਼ ਕੀਤੀ ਜਿਸ ਦਾ ਨਾਂ ਸੀ: ਬਾਈਬਲ—ਮੱਤੀ ਦੁਆਰਾ ਲਿਖਿਆ ਖ਼ੁਸ਼ੀ ਦਾ ਸੰਦੇਸ਼। ਇਸ ਮੀਟਿੰਗ ਵਿਚ ਅਤੇ ਹੋਰ ਥਾਵਾਂ ’ਤੇ ਇੰਟਰਨੈੱਟ ਵੀਡੀਓ ਰਾਹੀਂ ਪ੍ਰੋਗ੍ਰਾਮ ਸੁਣ ਰਹੇ 2,10,000 ਭੈਣ-ਭਰਾ ਕਾਫ਼ੀ ਦੇਰ ਤਕ ਤਾੜੀਆਂ ਵਜਾਉਂਦੇ ਰਹੇ।

ਇਹ 128 ਸਫ਼ਿਆਂ ਵਾਲੀ ਕਿਤਾਬ ਆਪਣੇ ਆਪ ਵਿਚ ਅਨੋਖੀ ਹੈ। ਇਸ ਨੂੰ ਜਪਾਨੀ ਭਾਸ਼ਾ ਦੀ ਨਵੀਂ ਦੁਨੀਆਂ ਅਨੁਵਾਦ ਬਾਈਬਲ ਵਿੱਚੋਂ ਲੈ ਕੇ ਪ੍ਰਿੰਟ ਕੀਤਾ ਗਿਆ ਹੈ। ਭਰਾ ਮੋਰਿਸ ਨੇ ਦੱਸਿਆ ਕਿ ਇਹ ਕਿਤਾਬ “ਜਪਾਨੀ ਲੋਕਾਂ ਨੂੰ ਧਿਆਨ ਵਿਚ ਰੱਖਦੇ ਹੋਏ” ਤਿਆਰ ਕੀਤੀ ਗਈ ਹੈ। ਇਹ ਕਿਤਾਬ ਅਨੋਖੀ ਕਿਉਂ ਹੈ? ਇਸ ਨੂੰ ਤਿਆਰ ਕਰਨ ਦੀ ਲੋੜ ਕਿਉਂ ਪਈ? ਲੋਕਾਂ ਨੇ ਇਹ ਤੋਹਫ਼ਾ ਮਿਲਣ ਤੇ ਕਿਵੇਂ ਮਹਿਸੂਸ ਕੀਤਾ?

ਇਹ ਕਿਤਾਬ ਅਨੋਖੀ ਕਿਉਂ ਹੈ?

ਇਸ ਕਿਤਾਬ ਦੀ ਬਣਾਵਟ ਦੇਖ ਕੇ ਲੋਕ ਹੈਰਾਨ ਰਹਿ ਗਏ। ਜਪਾਨੀ ਅੱਖਰ ਖੱਬੇ ਤੋਂ ਸੱਜੇ ਜਾਂ ਉੱਪਰੋਂ ਥੱਲੇ ਨੂੰ ਲਿਖੇ ਜਾ ਸਕਦੇ ਹਨ। ਇਸ ਭਾਸ਼ਾ ਦੀਆਂ ਬਹੁਤ ਸਾਰੀਆਂ ਕਿਤਾਬਾਂ-ਮੈਗਜ਼ੀਨ ਅਤੇ ਸਾਡੇ ਹਾਲ ਹੀ ਦੇ ਪ੍ਰਕਾਸ਼ਨ ਖੱਬੇ ਤੋਂ ਸੱਜੇ ਨੂੰ ਲਿਖੇ ਗਏ ਹਨ। ਪਰ ਇਸ ਕਿਤਾਬ ਵਿਚ ਅੱਖਰ ਉੱਪਰੋਂ ਥੱਲੇ ਨੂੰ ਲਿਖੇ ਗਏ ਹਨ ਜਿਸ ਤਰ੍ਹਾਂ ਜਪਾਨ ਦੀਆਂ ਅਖ਼ਬਾਰਾਂ ਜਾਂ ਹੋਰ ਸਾਹਿੱਤ ਵਿਚ ਆਮ ਤੌਰ ਤੇ ਲਿਖੇ ਜਾਂਦੇ ਹਨ। ਬਹੁਤ ਸਾਰੇ ਜਪਾਨੀ ਲੋਕਾਂ ਨੂੰ ਇਸ ਤਰ੍ਹਾਂ ਪੜ੍ਹਨਾ ਆਸਾਨ ਲੱਗਦਾ ਹੈ। ਇਸ ਦੇ ਨਾਲ-ਨਾਲ ਸਫ਼ਿਆਂ ਦੇ ਸਿਰਲੇਖਾਂ ਨੂੰ ਅਧਿਆਵਾਂ ਦੇ ਵਿਚ ਪਾ ਦਿੱਤਾ ਗਿਆ ਹੈ ਤਾਂਕਿ ਖ਼ਾਸ ਨੁਕਤੇ ਆਸਾਨੀ ਨਾਲ ਪਛਾਣੇ ਜਾ ਸਕਣ।

ਇਸ ਖ਼ਾਸੀਅਤ ਕਰਕੇ ਜਪਾਨ ਦੇ ਭੈਣਾਂ-ਭਰਾਵਾਂ ਨੇ ਮੱਤੀ ਦੀ ਕਿਤਾਬ ਨੂੰ ਮਿਲਦੇ ਸਾਰ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ। ਇਕ 80 ਸਾਲਾਂ ਦੀ ਭੈਣ ਨੇ ਕਿਹਾ: “ਮੈਂ ਪਹਿਲਾਂ ਵੀ ਮੱਤੀ ਦੀ ਕਿਤਾਬ ਕਈ ਵਾਰ ਪੜ੍ਹੀ ਹੈ। ਪਰ ਇਸ ਕਿਤਾਬ ਦੀ ਲਿਖਾਵਟ ਅਤੇ ਉਪ-ਸਿਰਲੇਖਾਂ ਦੀ ਮਦਦ ਨਾਲ ਮੈਂ ਯਿਸੂ ਦੇ ਪਹਾੜੀ ਉਪਦੇਸ਼ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਸਕੀ ਹਾਂ।” ਇਕ ਹੋਰ ਜਵਾਨ ਭੈਣ ਨੇ ਲਿਖਿਆ: “ਮੈਂ ਮੱਤੀ ਦੀ ਪੂਰੀ ਕਿਤਾਬ ਇੱਕੋ ਵਾਰ ’ਚ ਪੜ੍ਹ ਲਈ। ਮੈਂ ਖੱਬੇ ਤੋਂ ਸੱਜੇ ਪੜ੍ਹਨ ਦੀ ਆਦੀ ਹਾਂ, ਪਰ ਬਹੁਤ ਸਾਰੇ ਜਪਾਨੀ ਲੋਕ ਉੱਪਰੋਂ ਥੱਲੇ ਨੂੰ ਪੜ੍ਹਨਾ ਪਸੰਦ ਕਰਦੇ ਹਨ।”

ਜਪਾਨੀ ਲੋਕਾਂ ਲਈ ਤਿਆਰ ਕੀਤੀ ਗਈ

ਬਾਈਬਲ ਦੀ ਇਹ ਕਿਤਾਬ ਖ਼ਾਸ ਕਰਕੇ ਜਪਾਨੀ ਲੋਕਾਂ ਲਈ ਫ਼ਾਇਦੇਮੰਦ ਕਿਉਂ ਹੈ? ਭਾਵੇਂ ਕਿ ਜ਼ਿਆਦਾਤਰ ਜਪਾਨੀ ਲੋਕ ਬਾਈਬਲ ਬਾਰੇ ਨਹੀਂ ਜਾਣਦੇ, ਪਰ ਉਹ ਇਸ ਨੂੰ ਪੜ੍ਹਨ ਲਈ ਤਿਆਰ ਹੋ ਜਾਂਦੇ ਹਨ। ਪਹਿਲਾਂ ਜਿਨ੍ਹਾਂ ਨੇ ਬਾਈਬਲ ਕਦੇ ਨਹੀਂ ਦੇਖੀ, ਹੁਣ ਉਹ ਨਵੇਂ ਰੂਪ ਵਿਚ ਤਿਆਰ ਕੀਤੀ ਗਈ ਮੱਤੀ ਦੀ ਕਿਤਾਬ ਪੜ੍ਹ ਸਕਦੇ ਹਨ।

ਪਰ ਮੱਤੀ ਦੀ ਕਿਤਾਬ ਹੀ ਕਿਉਂ ਚੁਣੀ ਗਈ? “ਬਾਈਬਲ” ਦਾ ਨਾਂ ਸੁਣਦੇ ਹੀ ਜ਼ਿਆਦਾਤਰ ਜਪਾਨੀ ਲੋਕਾਂ ਦੇ ਮਨਾਂ ਵਿਚ ਯਿਸੂ ਮਸੀਹ ਦਾ ਖ਼ਿਆਲ ਆਉਂਦਾ ਹੈ। ਇਹ ਕਿਤਾਬ ਇਸ ਲਈ ਚੁਣੀ ਗਈ ਕਿਉਂਕਿ ਇਸ ਵਿਚ ਯਿਸੂ ਦੇ ਜਨਮ ਤੇ ਵੰਸ਼ਾਵਲੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਨਾਲੇ ਇਸ ਵਿਚ ਉਸ ਦਾ ਪਹਾੜੀ ਉਪਦੇਸ਼ ਅਤੇ ਉਸ ਵੱਲੋਂ ਆਖ਼ਰੀ ਦਿਨਾਂ ਬਾਰੇ ਕੀਤੀ ਗਈ ਖ਼ਾਸ ਭਵਿੱਖਬਾਣੀ ਦਰਜ ਹੈ। ਜਪਾਨੀ ਲੋਕਾਂ ਨੂੰ ਇਸ ਤਰ੍ਹਾਂ ਦੇ ਵਿਸ਼ਿਆਂ ਵਿਚ ਕਾਫ਼ੀ ਦਿਲਚਸਪੀ ਹੈ।

ਜਪਾਨ ਦੇ ਭੈਣਾਂ-ਭਰਾਵਾਂ ਨੇ ਬੜੇ ਜੋਸ਼ ਨਾਲ ਘਰ-ਘਰ ਪ੍ਰਚਾਰ ਕਰਦੇ ਵੇਲੇ ਅਤੇ ਆਪਣੀਆਂ ਰਿਟਰਨ ਵਿਜ਼ਿਟਾਂ ਨੂੰ ਇਹ ਨਵੀਂ ਕਿਤਾਬ ਦੇਣੀ ਸ਼ੁਰੂ ਕਰ ਦਿੱਤੀ। ਇਕ ਭੈਣ ਨੇ ਲਿਖਿਆ: “ਹੁਣ ਮੈਂ ਆਪਣੇ ਇਲਾਕੇ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਰਮੇਸ਼ੁਰ ਦਾ ਬਚਨ ਦੇ ਸਕਦੀ ਹਾਂ। ਖ਼ਾਸ ਮੀਟਿੰਗ ਵਾਲੇ ਦਿਨ ਹੀ ਦੁਪਹਿਰੇ ਮੈਂ ਮੱਤੀ ਦੀ ਕਿਤਾਬ ਕਿਸੇ ਨੂੰ ਦੇ ਸਕੀ!”

ਲੋਕਾਂ ਨੇ ਇਹ ਤੋਹਫ਼ਾ ਮਿਲਣ ਤੇ ਕਿਵੇਂ ਮਹਿਸੂਸ ਕੀਤਾ?

ਜਪਾਨ ਦੇ ਭੈਣ-ਭਰਾ ਮੱਤੀ ਦੀ ਇਹ ਕਿਤਾਬ ਲੋਕਾਂ ਨੂੰ ਕਿਵੇਂ ਪੇਸ਼ ਕਰਦੇ ਹਨ? ਬਹੁਤ ਸਾਰੇ ਜਪਾਨੀ ਲੋਕ ‘ਭੀੜਾ ਦਰਵਾਜ਼ਾ,’ ‘ਮੋਤੀ ਸੂਰਾਂ ਅੱਗੇ ਨਾ ਸੁੱਟੋ’ ਅਤੇ “ਕੱਲ੍ਹ ਦੀ ਚਿੰਤਾ ਨਾ ਕਰੋ” ਵਰਗੀਆਂ ਗੱਲਾਂ ਤੋਂ ਵਾਕਫ਼ ਹਨ। (ਮੱਤੀ 6:34; 7:6, 13) ਉਹ ਇਹ ਜਾਣ ਕੇ ਹੈਰਾਨ ਹੁੰਦੇ ਹਨ ਕਿ ਇਹ ਗੱਲਾਂ ਯਿਸੂ ਨੇ ਕਹੀਆਂ ਸਨ। ਮੱਤੀ ਦੀ ਕਿਤਾਬ ਵਿਚ ਇਹ ਸ਼ਬਦ ਪੜ੍ਹ ਕੇ ਬਹੁਤ ਸਾਰੇ ਲੋਕ ਕਹਿੰਦੇ ਹਨ: “ਮੈਂ ਹਮੇਸ਼ਾ ਤੋਂ ਚਾਹੁੰਦਾ ਸੀ ਕਿ ਮੈਂ ਘੱਟੋ-ਘੱਟ ਇਕ ਵਾਰ ਬਾਈਬਲ ਜ਼ਰੂਰ ਪੜ੍ਹਾਂ।”

ਮੱਤੀ ਦੀ ਕਿਤਾਬ ਲੈਣ ਵਾਲੇ ਲੋਕਾਂ ਨੂੰ ਜਦ ਭੈਣ-ਭਰਾ ਦੁਬਾਰਾ ਮਿਲਣ ਜਾਂਦੇ ਹਨ, ਤਾਂ ਲੋਕ ਅਕਸਰ ਕਹਿੰਦੇ ਹਨ ਕਿ ਉਨ੍ਹਾਂ ਨੇ ਇਸ ਦਾ ਕੁਝ ਹਿੱਸਾ ਮਿਲਦੇ ਸਾਰ ਹੀ ਪੜ੍ਹ ਲਿਆ। 60 ਸਾਲਾਂ ਦੇ ਇਕ ਆਦਮੀ ਨੇ ਇਕ ਪਬਲੀਸ਼ਰ ਨੂੰ ਕਿਹਾ: “ਇਸ ਨੂੰ ਵਾਰ-ਵਾਰ ਪੜ੍ਹ ਕੇ ਮੈਨੂੰ ਬਹੁਤ ਹੌਸਲਾ ਮਿਲਿਆ। ਪਲੀਜ਼ ਮੈਨੂੰ ਬਾਈਬਲ ਬਾਰੇ ਹੋਰ ਸਿਖਾਓ।”

ਇਹ ਕਿਤਾਬ ਪਬਲਿਕ ਥਾਵਾਂ ’ਤੇ ਵੀ ਵੰਡੀ ਜਾਂਦੀ ਹੈ। ਪ੍ਰਚਾਰ ਦੌਰਾਨ ਇਕ ਭੈਣ ਨੇ ਇਹ ਕਿਤਾਬ ਇਕ ਔਰਤ ਨੂੰ ਦਿੱਤੀ ਅਤੇ ਆਪਣਾ ਈ-ਮੇਲ ਐਡਰੈੱਸ ਵੀ ਦਿੱਤਾ। ਇਕ ਘੰਟੇ ਬਾਅਦ ਉਸ ਔਰਤ ਨੇ ਭੈਣ ਨੂੰ ਈ-ਮੇਲ ਵਿਚ ਲਿਖਿਆ ਕਿ ਉਸ ਨੇ ਥੋੜ੍ਹੀ ਜਿਹੀ ਕਿਤਾਬ ਪੜ੍ਹ ਲਈ ਹੈ ਅਤੇ ਉਹ ਹੋਰ ਜਾਣਨਾ ਚਾਹੁੰਦੀ ਹੈ। ਇਕ ਹਫ਼ਤੇ ਬਾਅਦ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਹੋ ਗਈ ਅਤੇ ਜਲਦੀ ਹੀ ਉਸ ਨੇ ਮੀਟਿੰਗਾਂ ਵਿਚ ਵੀ ਆਉਣਾ ਸ਼ੁਰੂ ਕਰ ਦਿੱਤਾ।

ਜਪਾਨ ਦੀਆਂ ਮੰਡਲੀਆਂ ਨੂੰ ਬਾਈਬਲ—ਮੱਤੀ ਦੁਆਰਾ ਲਿਖਿਆ ਖ਼ੁਸ਼ੀ ਦਾ ਸੰਦੇਸ਼ ਕਿਤਾਬ ਦੀਆਂ 16 ਲੱਖ ਤੋਂ ਜ਼ਿਆਦਾ ਕਾਪੀਆਂ ਭੇਜੀਆਂ ਜਾ ਚੁੱਕੀਆਂ ਹਨ। ਯਹੋਵਾਹ ਦੇ ਗਵਾਹ ਹਰ ਮਹੀਨੇ ਹਜ਼ਾਰਾਂ ਦੀ ਗਿਣਤੀ ਵਿਚ ਇਹ ਕਿਤਾਬ ਲੋਕਾਂ ਨੂੰ ਵੰਡਦੇ ਹਨ। ਇਸ ਕਿਤਾਬ ਦੇ ਮੁਖਬੰਧ ਵਿਚ ਇਸ ਦੇ ਪ੍ਰਕਾਸ਼ਕਾਂ ਨੇ ਆਪਣੇ ਜਜ਼ਬਾਤ ਬਿਆਨ ਕਰਦੇ ਹੋਏ ਲਿਖਿਆ ਹੈ: “ਸਾਨੂੰ ਪੂਰੀ ਉਮੀਦ ਹੈ ਕਿ ਇਹ ਕਿਤਾਬ ਪੜ੍ਹ ਕੇ ਬਾਈਬਲ ਲਈ ਤੁਹਾਡੀ ਦਿਲਚਸਪੀ ਵਧੇਗੀ।”