Skip to content

Skip to table of contents

ਇਤਿਹਾਸ ਦੇ ਪੰਨਿਆਂ ਤੋਂ

“ਬਹੁਤ ਹੀ ਖ਼ਾਸ ਸਮਾਂ”

“ਬਹੁਤ ਹੀ ਖ਼ਾਸ ਸਮਾਂ”

ਸੰਨ 1870 ਵਿਚ ਅਮਰੀਕਾ ਦੇ ਪਿਟੱਸਬਰਗ ਸ਼ਹਿਰ (ਐਲੇਗੇਨੀ) ਵਿਚ ਚਾਰਲਜ਼ ਟੇਜ਼ ਰਸਲ ਦੀ ਅਗਵਾਈ ਅਧੀਨ ਇਕ ਛੋਟੇ ਜਿਹੇ ਗਰੁੱਪ ਨੇ ਡੂੰਘਾਈ ਨਾਲ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ। ਬਾਈਬਲ ਵਿੱਚੋਂ ਖੋਜਬੀਨ ਕਰ ਕੇ ਉਨ੍ਹਾਂ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਯਹੋਵਾਹ ਦੇ ਮਕਸਦ ਵਿਚ ਮਸੀਹ ਵੱਲੋਂ ਦਿੱਤੀ ਰਿਹਾਈ ਦੀ ਕੀਮਤ ਦੀ ਕਿੰਨੀ ਅਹਿਮੀਅਤ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਰਿਹਾਈ ਦੀ ਕੀਮਤ ਦੇ ਜ਼ਰੀਏ ਇਨਸਾਨਾਂ ਲਈ ਮੁਕਤੀ ਦਾ ਰਾਹ ਖੁੱਲ੍ਹਿਆ ਹੈ, ਉਨ੍ਹਾਂ ਲਈ ਵੀ ਜਿਨ੍ਹਾਂ ਨੇ ਕਦੇ ਯਿਸੂ ਬਾਰੇ ਨਹੀਂ ਸੁਣਿਆ ਸੀ! ਇਸ ਗੱਲ ਦੀ ਕਦਰ ਕਰਦੇ ਹੋਏ ਉਨ੍ਹਾਂ ਨੇ ਹਰ ਸਾਲ ਯਿਸੂ ਦੀ ਮੌਤ ਦੀ ਵਰ੍ਹੇ-ਗੰਢ ਮਨਾਉਣੀ ਸ਼ੁਰੂ ਕੀਤੀ।1 ਕੁਰਿੰ. 11:23-26.

ਭਰਾ ਰਸਲ ਨੇ ਜ਼ਾਇਨਸ ਵਾਚ ਟਾਵਰ ਛਾਪਣਾ ਸ਼ੁਰੂ ਕੀਤਾ ਜਿਸ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਰਿਹਾਈ ਦੀ ਕੀਮਤ ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ। ਵਾਚ ਟਾਵਰ ਵਿਚ ਕਿਹਾ ਗਿਆ ਕਿ ਮਸੀਹ ਦੀ ਮੌਤ ਦੀ ਯਾਦਗਾਰ ਦਾ ਸਮਾਂ “ਬਹੁਤ ਹੀ ਖ਼ਾਸ ਸਮਾਂ” ਸੀ ਅਤੇ ਇਹ ਮੈਗਜ਼ੀਨ ਪੜ੍ਹਨ ਵਾਲੇ ਸਾਰੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਪਿਟੱਸਬਰਗ ਵਿਚ ਜਾਂ ਹੋਰ ਥਾਵਾਂ ’ਤੇ ਛੋਟੇ ਗਰੁੱਪਾਂ ਵਿਚ ਇਹ ਯਾਦਗਾਰ ਮਨਾਉਣ। ਇਸ ਵਿਚ ਇਹ ਵੀ ਕਿਹਾ ਗਿਆ ਕਿ “ਭਾਵੇਂ ਨਿਹਚਾ ਰੱਖਣ ਵਾਲੇ ਸਿਰਫ਼ ਦੋ ਜਾਂ ਤਿੰਨ ਜਣੇ ਹੀ ਉੱਥੇ ਇਕੱਠੇ ਹੋਣ,” ਇੱਥੋਂ ਤਕ ਕਿ ਜੇ ਇਕ ਹੀ ਹੋਵੇ, ਤਾਂ ਉਹ ਸਾਰੇ “ਦਿਲੋਂ ਪ੍ਰਭੂ ਦੇ ਅੰਗ-ਸੰਗ ਹੋਣਗੇ।”

ਹਰ ਸਾਲ ਮੈਮੋਰੀਅਲ ਵਾਸਤੇ ਪਿਟੱਸਬਰਗ ਆਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਗਈ। ਸੱਦੇ ਵਿਚ ਕਿਹਾ ਗਿਆ ਸੀ: “ਤੁਹਾਡਾ ਨਿੱਘਾ ਸੁਆਗਤ ਕੀਤਾ ਜਾਵੇਗਾ।” ਵਾਕਈ ਪਿਟੱਸਬਰਗ ਦੇ ਬਾਈਬਲ ਸਟੂਡੈਂਟਸ ਨੇ ਖ਼ੁਸ਼ੀ-ਖ਼ੁਸ਼ੀ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਆਪਣੇ ਘਰਾਂ ਵਿਚ ਠਹਿਰਾਇਆ ਅਤੇ ਰੋਟੀ-ਪਾਣੀ ਦਿੱਤਾ। 1886 ਵਿਚ ਮੈਮੋਰੀਅਲ ਤੋਂ ਬਾਅਦ ਕੁਝ ਦਿਨਾਂ ਲਈ ਇਕ “ਜਨਰਲ ਮੀਟਿੰਗ” ਯਾਨੀ ਸੰਮੇਲਨ ਰੱਖਿਆ ਗਿਆ। ਵਾਚ ਟਾਵਰ ਨੇ ਤਾਕੀਦ ਕੀਤੀ ਕਿ “ਤੁਸੀਂ ਸਾਰੇ ਆਓ ਜਿਨ੍ਹਾਂ ਦੇ ਦਿਲਾਂ ਵਿਚ ਆਪਣੇ ਮਾਲਕ, ਉਸ ਦੇ ਭਰਾਵਾਂ ਤੇ ਉਸ ਬਾਰੇ ਸੱਚਾਈ ਲਈ ਪਿਆਰ ਭਰਿਆ ਹੋਇਆ ਹੈ।”

ਲੰਡਨ ਟੈਬਰਨੈੱਕਲ ਵਿਚ ਮੈਮੋਰੀਅਲ ਦੌਰਾਨ ਦਾਖਰਸ ਅਤੇ ਰੋਟੀ ਵਰਤਾਉਣ ਲਈ ਚਾਰਟ

ਪਿਟੱਸਬਰਗ ਦੇ ਬਾਈਬਲ ਸਟੂਡੈਂਟਸ ਰਿਹਾਈ ਦੀ ਕੀਮਤ ਵਿਚ ਵਿਸ਼ਵਾਸ ਕਰਨ ਵਾਲੇ ਲੋਕਾਂ ਲਈ ਕਈ ਸਾਲ ਸੰਮੇਲਨ ਕਰਦੇ ਰਹੇ ਜਿਹੜੇ ਉੱਥੇ ਮੈਮੋਰੀਅਲ ਮਨਾਉਣ ਆਉਂਦੇ ਸਨ। ਜਿਉਂ-ਜਿਉਂ ਬਾਈਬਲ ਸਟੂਡੈਂਟਸ ਦੀ ਗਿਣਤੀ ਵਧਦੀ ਗਈ, ਤਿਉਂ-ਤਿਉਂ ਦੁਨੀਆਂ ਭਰ ਵਿਚ ਮੈਮੋਰੀਅਲ ਵਿਚ ਹਾਜ਼ਰ ਹੋਣ ਵਾਲਿਆਂ ਦੀ ਗਿਣਤੀ ਵੀ ਵਧਦੀ ਗਈ। ਸ਼ਿਕਾਗੋ ਮੰਡਲੀ ਦੇ ਮੈਂਬਰ ਰੇਅ ਬੌਪ ਨੇ ਦੱਸਿਆ ਕਿ 1910 ਤੋਂ ਬਾਅਦ ਮੈਮੋਰੀਅਲ ਵਿਚ ਸੈਂਕੜੇ ਲੋਕਾਂ ਨੂੰ ਦਾਖਰਸ (ਵਾਈਨ) ਤੇ ਰੋਟੀ ਵਰਤਾਉਣ ਲਈ ਕਈ ਘੰਟੇ ਲੱਗ ਜਾਂਦੇ ਸਨ ਕਿਉਂਕਿ ਤਕਰੀਬਨ ਸਾਰੇ ਹੀ ਦਾਖਰਸ ਪੀਂਦੇ ਤੇ ਰੋਟੀ ਖਾਂਦੇ ਸਨ।

ਉਨ੍ਹਾਂ ਦਿਨਾਂ ਵਿਚ ਮੈਮੋਰੀਅਲ ਵਿਚ ਕੀ ਵਰਤਾਇਆ ਜਾਂਦਾ ਸੀ? ਭਾਵੇਂ ਵਾਚ ਟਾਵਰ ਵਿਚ ਕਿਹਾ ਗਿਆ ਸੀ ਕਿ ਪ੍ਰਭੂ ਦੇ ਭੋਜਨ ਲਈ ਦਾਖਰਸ ਇਸਤੇਮਾਲ ਕੀਤਾ ਜਾਣਾ ਚਾਹੀਦਾ ਸੀ, ਪਰ ਕੁਝ ਸਮੇਂ ਲਈ ਸੁਝਾਅ ਦਿੱਤਾ ਜਾਂਦਾ ਰਿਹਾ ਕਿ ਤਾਜ਼ੇ ਅੰਗੂਰਾਂ ਦਾ ਜੂਸ ਜਾਂ ਸੌਗੀ ਉਬਾਲ ਕੇ ਬਣਾਇਆ ਜੂਸ ਇਸਤੇਮਾਲ ਕੀਤਾ ਜਾਵੇ, ਤਾਂਕਿ “ਜਿਹੜੇ ਲੋਕ ਆਪਣੇ ’ਤੇ ਕਾਬੂ ਨਹੀਂ ਰੱਖ ਸਕਦੇ,” ਉਹ ਦਾਖਰਸ ਜ਼ਿਆਦਾ ਪੀਣ ਦਾ ਲਾਲਚ ਨਾ ਕਰਨ। ਪਰ ਜਿਹੜੇ ਸੋਚਦੇ ਸਨ ਕਿ “ਖਮੀਰਿਆ ਹੋਇਆ ਦਾਖਰਸ ਹੀ ਇਸਤੇਮਾਲ ਕੀਤਾ ਜਾਣਾ ਚਾਹੀਦਾ ਸੀ,” ਉਨ੍ਹਾਂ ਲਈ ਦਾਖਰਸ ਦਾ ਪ੍ਰਬੰਧ ਕੀਤਾ ਜਾਂਦਾ ਸੀ। ਬਾਈਬਲ ਸਟੂਡੈਂਟਸ ਨੂੰ ਬਾਅਦ ਵਿਚ ਸਮਝ ਆਈ ਕਿ ਸਿਰਫ਼ ਅੰਗੂਰਾਂ ਤੋਂ ਬਣਿਆ ਲਾਲ ਦਾਖਰਸ ਹੀ ਯਿਸੂ ਦੇ ਲਹੂ ਨੂੰ ਦਰਸਾਉਂਦਾ ਹੈ।

ਨਿਕਾਰਾਗੁਆ ਦੀ ਇਕ ਜੇਲ੍ਹ ਵਿਚ ਮੈਮੋਰੀਅਲ ਦੀ ਹਾਜ਼ਰੀ ਲਿਖਣ ਲਈ ਇਹ ਕਾਗਜ਼ ਤੇ ਪੈਂਸਿਲ ਇਕ ਕੋਠੜੀ ਤੋਂ ਦੂਜੀ ਕੋਠੜੀ ਘੱਲੀ ਗਈ ਸੀ

ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਹਾਜ਼ਰ ਹੋਏ ਲੋਕਾਂ ਨੂੰ ਗੰਭੀਰਤਾ ਨਾਲ ਉਸ ਦੀ ਕੁਰਬਾਨੀ ਬਾਰੇ ਸੋਚ-ਵਿਚਾਰ ਕਰਨ ਦਾ ਮੌਕਾ ਮਿਲਦਾ ਸੀ। ਪਰ ਕੁਝ ਮੰਡਲੀਆਂ ਦਾ ਮਾਹੌਲ ਬੜਾ ਗਮਗੀਨ ਹੁੰਦਾ ਸੀ ਅਤੇ ਪ੍ਰੋਗ੍ਰਾਮ ਖ਼ਤਮ ਹੋਣ ਤੋਂ ਬਾਅਦ ਸਾਰੇ ਜਣੇ ਬਿਨਾਂ ਕੁਝ ਕਹੇ ਚਲੇ ਜਾਂਦੇ ਸਨ। 1934 ਵਿਚ ਯਹੋਵਾਹ ਨਾਂ ਦੀ ਕਿਤਾਬ (ਅੰਗ੍ਰੇਜ਼ੀ) ਵਿਚ ਕਿਹਾ ਗਿਆ ਕਿ ਯਿਸੂ ਦੀ ਦੁਖਦਾਈ ਮੌਤ ਕਰਕੇ ਮੈਮੋਰੀਅਲ ਵਿਚ “ਸੋਗ” ਨਹੀਂ ਮਨਾਇਆ ਜਾਣਾ ਚਾਹੀਦਾ, ਸਗੋਂ ਇਹ “ਖ਼ੁਸ਼ੀ” ਨਾਲ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਯਿਸੂ 1914 ਤੋਂ ਰਾਜ ਕਰ ਰਿਹਾ ਹੈ।

1957 ਵਿਚ ਮੌਰਡਵਿਨੀਆ, ਰੂਸ ਦੇ ਇਕ ਲੇਬਰ ਕੈਂਪ ਵਿਚ ਮੈਮੋਰੀਅਲ ਮਨਾਉਣ ਲਈ ਇਕੱਠੇ ਹੋਏ ਭਰਾ

1935 ਵਿਚ ਪ੍ਰਕਾਸ਼ 7:9 ਵਿਚ ਜ਼ਿਕਰ ਕੀਤੀ ਗਈ “ਵੱਡੀ ਭੀੜ” ਬਾਰੇ ਸਾਡੀ ਸਮਝ ਵਿਚ ਇਕ ਵੱਡੀ ਤਬਦੀਲੀ ਕੀਤੀ ਗਈ। ਉਸ ਸਮੇਂ ਤਕ ਯਹੋਵਾਹ ਦੇ ਸੇਵਕ ਮੰਨਦੇ ਸਨ ਕਿ ਇਹ ਭੀੜ ਉਨ੍ਹਾਂ ਸਮਰਪਿਤ ਮਸੀਹੀਆਂ ਦੀ ਸੀ ਜੋ ਪਰਮੇਸ਼ੁਰ ਦੀ ਸੇਵਾ ਵਿਚ ਘੱਟ ਜੋਸ਼ੀਲੇ ਸਨ। ਫਿਰ ਇਸ ਵੱਡੀ ਭੀੜ ਦੀ ਪਛਾਣ ਵਫ਼ਾਦਾਰ ਸੇਵਕਾਂ ਦੇ ਤੌਰ ਤੇ ਕੀਤੀ ਗਈ ਜਿਨ੍ਹਾਂ ਦੀ ਉਮੀਦ ਧਰਤੀ ਉੱਤੇ ਰਹਿਣ ਦੀ ਹੈ। ਇਸ ਜਾਣਕਾਰੀ ਮੁਤਾਬਕ ਧਿਆਨ ਨਾਲ ਆਪਣੀ ਜਾਂਚ ਕਰਨ ਤੋਂ ਬਾਅਦ ਭਰਾ ਰਸਲ ਪੌਗਨਸੀ ਨੇ ਕਬੂਲ ਕੀਤਾ: “ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਮੇਰੇ ਅੰਦਰ ਸਵਰਗੀ ਜ਼ਿੰਦਗੀ ਦੀ ਉਮੀਦ ਨਹੀਂ ਜਗਾਈ ਸੀ।” ਭਰਾ ਪੌਗਨਸੀ ਤੇ ਉਸ ਵਰਗੇ ਹੋਰ ਵਫ਼ਾਦਾਰ ਸੇਵਕਾਂ ਨੇ ਦਾਖਰਸ ਪੀਣਾ ਤੇ ਰੋਟੀ ਖਾਣੀ ਛੱਡ ਦਿੱਤੀ, ਪਰ ਉਹ ਮੈਮੋਰੀਅਲ ਵਿਚ ਹਾਜ਼ਰ ਹੁੰਦੇ ਰਹੇ।

ਉਸ ‘ਬਹੁਤ ਹੀ ਖ਼ਾਸ ਸਮੇਂ’ ਦੌਰਾਨ ਪ੍ਰਚਾਰ ਦੀਆਂ ਖ਼ਾਸ ਮੁਹਿੰਮਾਂ ਚਲਾਈਆਂ ਜਾਂਦੀਆਂ ਸਨ ਜਿਨ੍ਹਾਂ ਵਿਚ ਹਿੱਸਾ ਲੈ ਕੇ ਸਾਰੇ ਜਣੇ ਰਿਹਾਈ ਦੀ ਕੀਮਤ ਲਈ ਆਪਣੀ ਸ਼ੁਕਰਗੁਜ਼ਾਰੀ ਦਿਖਾ ਸਕਦੇ ਸਨ। 1932 ਵਿਚ ਛਪੇ ਇਕ ਬੁਲੇਟਿਨ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਹ ਸਿਰਫ਼ ਦਾਖਰਸ ਪੀਣ ਤੇ ਰੋਟੀ ਖਾਣ ਵਾਲੇ “ਮੈਮੋਰੀਅਲ ਦੇ ਸੰਤ” ਨਾ ਬਣਨ, ਸਗੋਂ “ਕੰਮ ਕਰਨ ਵਾਲੇ” ਬਣਨ ਯਾਨੀ ਸੱਚਾਈ ਦੇ ਸੰਦੇਸ਼ ਦਾ ਪ੍ਰਚਾਰ ਕਰਨ। 1934 ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨ ਦਾ ਸੱਦਾ ਦਿੰਦਿਆਂ ਬੁਲੇਟਿਨ ਵਿਚ ਪੁੱਛਿਆ ਗਿਆ: “ਕੀ ਮੈਮੋਰੀਅਲ ਦੇ ਸਮੇਂ ਤਕ 1,000 ਜਣੇ ਆਪਣੇ ਨਾਂ ਦੇਣਗੇ?” ਚੁਣੇ ਹੋਏ ਮਸੀਹੀਆਂ ਬਾਰੇ ਇਨਫ਼ਾਰਮੈਂਟ ਨੇ ਕਿਹਾ: “ਰਾਜ ਬਾਰੇ ਗਵਾਹੀ ਦੇ ਕੇ ਹੀ ਉਨ੍ਹਾਂ ਦੀ ਖ਼ੁਸ਼ੀ ਦੁਗਣੀ ਹੋਵੇਗੀ।” ਸਮੇਂ ਦੇ ਬੀਤਣ ਨਾਲ ਇਹ ਗੱਲ ਉਨ੍ਹਾਂ ਲੋਕਾਂ ਲਈ ਵੀ ਸੱਚ ਸਾਬਤ ਹੋਣੀ ਸੀ ਜਿਨ੍ਹਾਂ ਦੀ ਉਮੀਦ ਧਰਤੀ ਉੱਤੇ ਰਹਿਣ ਦੀ ਹੈ। *

ਕਾਲ-ਕੋਠੜੀ ਵਿਚ ਕੈਦ ਹੈਰਲਡ ਕਿੰਗ ਨੇ ਮੈਮੋਰੀਅਲ ਬਾਰੇ ਕਵਿਤਾਵਾਂ ਤੇ ਗਾਣੇ ਲਿਖੇ ਸਨ

ਯਹੋਵਾਹ ਦੇ ਸਾਰੇ ਸੇਵਕਾਂ ਲਈ ਮੈਮੋਰੀਅਲ ਦੀ ਸ਼ਾਮ ਸਾਲ ਦੀ ਸਭ ਤੋਂ ਪਵਿੱਤਰ ਸ਼ਾਮ ਹੁੰਦੀ ਹੈ। ਉਹ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਵੀ ਮੈਮੋਰੀਅਲ ਮਨਾਉਂਦੇ ਹਨ। 1930 ਵਿਚ ਪਰਲ ਇੰਗਲਿਸ਼ ਅਤੇ ਉਸ ਦੀ ਭੈਣ ਔਰਾ ਮੈਮੋਰੀਅਲ ਮਨਾਉਣ ਲਈ 80 ਕਿਲੋਮੀਟਰ (ਲਗਭਗ 50 ਮੀਲ) ਤੁਰ ਕੇ ਗਈਆਂ ਸਨ। ਚੀਨ ਵਿਚ ਇਕ ਜੇਲ੍ਹ ਦੀ ਕਾਲ-ਕੋਠੜੀ ਵਿਚ ਕੈਦ ਮਿਸ਼ਨਰੀ ਹੈਰਲਡ ਕਿੰਗ ਨੇ ਮੈਮੋਰੀਅਲ ਬਾਰੇ ਕਵਿਤਾਵਾਂ ਤੇ ਗਾਣੇ ਲਿਖੇ ਸਨ। ਉਸ ਨੇ ਬਲੈਕ ਕਰੰਟ ਨਾਂ ਦੇ ਫਲ ਤੋਂ ਵਾਈਨ ਬਣਾਈ ਸੀ ਤੇ ਰੋਟੀ ਦੀ ਜਗ੍ਹਾ ਚੌਲ ਵਰਤੇ ਸਨ। ਪੂਰਬੀ ਯੂਰਪ, ਕੇਂਦਰੀ ਅਮਰੀਕਾ ਤੇ ਅਫ਼ਰੀਕਾ ਵਿਚ ਦਲੇਰ ਮਸੀਹੀਆਂ ਨੇ ਲੜਾਈਆਂ ਜਾਂ ਪਾਬੰਦੀਆਂ ਦੇ ਬਾਵਜੂਦ ਯਿਸੂ ਦੀ ਮੌਤ ਦੀ ਯਾਦਗਾਰ ਮਨਾਈ ਹੈ। ਅਸੀਂ ਭਾਵੇਂ ਜਿੱਥੇ ਵੀ ਹੋਈਏ ਜਾਂ ਸਾਡੇ ਹਾਲਾਤ ਜੋ ਵੀ ਹੋਣ, ਅਸੀਂ ਯਹੋਵਾਹ ਪਰਮੇਸ਼ੁਰ ਤੇ ਯਿਸੂ ਮਸੀਹ ਦਾ ਆਦਰ ਕਰਨ ਲਈ ਮੈਮੋਰੀਅਲ ਦੇ ਖ਼ਾਸ ਸਮੇਂ ਜ਼ਰੂਰ ਇਕੱਠੇ ਹੁੰਦੇ ਹਾਂ।

^ ਪੈਰਾ 10 ਬਾਅਦ ਵਿਚ ਬੁਲੇਟਿਨ ਦਾ ਨਾਂ ਇਨਫ਼ਾਰਮੈਂਟ ਰੱਖਿਆ ਗਿਆ ਅਤੇ ਇਸ ਨੂੰ ਹੁਣ ਸਾਡੀ ਰਾਜ ਸੇਵਕਾਈ ਕਿਹਾ ਜਾਂਦਾ ਹੈ।