Skip to content

Skip to table of contents

ਯਹੋਵਾਹ ਦੀ ਅਗਵਾਈ ਅਧੀਨ ਦੁਨੀਆਂ ਭਰ ਵਿਚ ਸਿੱਖਿਆ ਦਾ ਕੰਮ

ਯਹੋਵਾਹ ਦੀ ਅਗਵਾਈ ਅਧੀਨ ਦੁਨੀਆਂ ਭਰ ਵਿਚ ਸਿੱਖਿਆ ਦਾ ਕੰਮ

“ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।”ਯਸਾ. 48:17.

1. ਪ੍ਰਚਾਰ ਦੇ ਕੰਮ ਵਿਚ ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਹੋਈਆਂ ਹਨ?

ਜਦੋਂ ਯਹੋਵਾਹ ਦੇ ਲੋਕਾਂ ਨੇ 130 ਸਾਲ ਪਹਿਲਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ, ਤਾਂ ਉਨ੍ਹਾਂ ਨੇ ਕਈ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। * ਪਹਿਲੀ ਸਦੀ ਦੇ ਮਸੀਹੀਆਂ ਵਾਂਗ ਉਨ੍ਹਾਂ ਦੀ ਗਿਣਤੀ ਥੋੜ੍ਹੀ ਸੀ ਅਤੇ ਜ਼ਿਆਦਾਤਰ ਲੋਕ ਉਨ੍ਹਾਂ ਦੇ ਸੰਦੇਸ਼ ਨੂੰ ਪਸੰਦ ਨਹੀਂ ਕਰਦੇ ਸਨ। ਕੁਝ ਲੋਕ ਸੋਚਦੇ ਸਨ ਕਿ ਯਹੋਵਾਹ ਦੇ ਲੋਕ ਘੱਟ ਪੜ੍ਹੇ-ਲਿਖੇ ਸਨ। ਇਸ ਤੋਂ ਇਲਾਵਾ, ਸ਼ੈਤਾਨ ਨੂੰ ਧਰਤੀ ’ਤੇ ਸੁੱਟੇ ਜਾਣ ਤੋਂ ਬਾਅਦ ਉਨ੍ਹਾਂ ’ਤੇ ਅਤਿਆਚਾਰ ਕੀਤੇ ਗਏ। (ਪ੍ਰਕਾ. 12:12) ਉਸ ਸਮੇਂ ਤੋਂ ਉਹ ਇਨ੍ਹਾਂ ‘ਮੁਸੀਬਤਾਂ ਨਾਲ ਭਰੇ ਆਖ਼ਰੀ ਦਿਨਾਂ’ ਦੌਰਾਨ ਪ੍ਰਚਾਰ ਕਰ ਰਹੇ ਹਨ।2 ਤਿਮੋ. 3:1.

2. ਪ੍ਰਚਾਰ ਕਰਦੇ ਰਹਿਣ ਵਿਚ ਯਹੋਵਾਹ ਨੇ ਸਾਡੀ ਕਿਵੇਂ ਮਦਦ ਕੀਤੀ ਹੈ?

2 ਪਰ ਯਹੋਵਾਹ ਹਮੇਸ਼ਾ ਆਪਣੇ ਲੋਕਾਂ ਦੀ ਮਦਦ ਕਰਦਾ ਆਇਆ ਹੈ। ਉਹ ਚਾਹੁੰਦਾ ਹੈ ਕਿ ਉਸ ਦੇ ਲੋਕ ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਉਹ ਕਿਸੇ ਵੀ ਚੀਜ਼ ਨੂੰ ਇਸ ਕੰਮ ਵਿਚ ਰੁਕਾਵਟ ਨਹੀਂ ਬਣਨ ਦੇਵੇਗਾ। ਜਿੱਦਾਂ ਉਸ ਨੇ ਇਜ਼ਰਾਈਲੀਆਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਛੁਡਾਇਆ ਸੀ, ਉੱਦਾਂ ਹੀ ਅੱਜ ਉਸ ਨੇ ਆਪਣੇ ਲੋਕਾਂ ਨੂੰ “ਮਹਾਂ ਬਾਬਲ” ਯਾਨੀ ਦੁਨੀਆਂ ਦੇ ਸਾਰੇ ਝੂਠੇ ਧਰਮਾਂ ਤੋਂ ਵੱਖ ਕਰ ਦਿੱਤਾ ਹੈ। (ਪ੍ਰਕਾ. 18:1-4) ਯਹੋਵਾਹ ਸਾਨੂੰ ਜੋ ਕੁਝ ਸਿਖਾਉਂਦਾ ਹੈ, ਉਹ ਹਮੇਸ਼ਾ ਸਾਡੇ ਭਲੇ ਲਈ ਹੁੰਦਾ ਹੈ। ਉਹ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣ ਵਿਚ ਸਾਡੀ ਮਦਦ ਕਰਦਾ ਹੈ ਅਤੇ ਸਾਨੂੰ ਪ੍ਰਚਾਰ ਕਰਨ ਦੀ ਟ੍ਰੇਨਿੰਗ ਵੀ ਦਿੰਦਾ ਹੈ। (ਯਸਾਯਾਹ 48:16-18 ਪੜ੍ਹੋ।) ਭਾਵੇਂ ਯਹੋਵਾਹ ਸਾਡੇ ਕੰਮ ਦੀ ਅਗਵਾਈ ਕਰਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਪ੍ਰਚਾਰ ਦੇ ਕੰਮ ਨੂੰ ਆਸਾਨ ਬਣਾਉਣ ਲਈ ਦੁਨੀਆਂ ਦੇ ਹਾਲਾਤਾਂ ਨੂੰ ਬਦਲਦਾ ਹੈ। ਇਹ ਸੱਚ ਹੈ ਕਿ ਕਈ ਗੱਲਾਂ ਕਰਕੇ ਸਾਡੇ ਲਈ ਪ੍ਰਚਾਰ ਕਰਨਾ ਸੌਖਾ ਹੋ ਗਿਆ ਹੈ। ਪਰ ਸਾਨੂੰ ਹਾਲੇ ਵੀ ਸਤਾਇਆ ਜਾਂਦਾ ਹੈ ਅਤੇ ਸਾਨੂੰ ਸ਼ੈਤਾਨ ਦੀ ਦੁਨੀਆਂ ਵਿਚ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਅਸੀਂ ਸਿਰਫ਼ ਯਹੋਵਾਹ ਦੀ ਮਦਦ ਨਾਲ ਹੀ ਪ੍ਰਚਾਰ ਦਾ ਕੰਮ ਕਰ ਪਾ ਰਹੇ ਹਾਂ।ਯਸਾ. 41:13; 1 ਯੂਹੰ. 5:19.

3. ਦਾਨੀਏਲ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ ਹੈ?

3 ਦਾਨੀਏਲ ਨੇ ਭਵਿੱਖਬਾਣੀ ਕੀਤੀ ਸੀ ਕਿ ਆਖ਼ਰੀ ਦਿਨਾਂ ਵਿਚ “ਵਿੱਦਿਆ” ਯਾਨੀ ਸਹੀ ਗਿਆਨ ਵਧੇਗਾ। (ਦਾਨੀਏਲ 12:4 ਪੜ੍ਹੋ।) ਯਹੋਵਾਹ ਨੇ ਆਪਣੇ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਦੀ ਸਮਝ ਦਿੱਤੀ ਹੈ ਜਿਸ ਕਰਕੇ ਉਨ੍ਹਾਂ ਨੇ ਈਸਾਈ-ਜਗਤ ਦੀਆਂ ਝੂਠੀਆਂ ਸਿੱਖਿਆਵਾਂ ਨੂੰ ਰੱਦ ਕੀਤਾ ਹੈ। ਅੱਜ ਉਸ ਦੇ ਲੋਕ ਪੂਰੀ ਦੁਨੀਆਂ ਵਿਚ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾ ਰਹੇ ਹਨ। ਇਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਦਾਨੀਏਲ ਦੀ ਭਵਿੱਖਬਾਣੀ ਪੂਰੀ ਹੋ ਰਹੀ ਹੈ। ਤਕਰੀਬਨ 80 ਲੱਖ ਲੋਕਾਂ ਨੇ ਸੱਚਾਈ ਸਿੱਖੀ ਹੈ ਅਤੇ ਉਹ ਹੋਰਨਾਂ ਨੂੰ ਸਿਖਾ ਰਹੇ ਹਨ। ਸੋ ਕਿਹੜੀਆਂ ਗੱਲਾਂ ਦੀ ਮਦਦ ਨਾਲ ਯਹੋਵਾਹ ਦੇ ਗਵਾਹ ਪੂਰੀ ਦੁਨੀਆਂ ਵਿਚ ਪ੍ਰਚਾਰ ਕਰ ਪਾ ਰਹੇ ਹਨ?

ਬਾਈਬਲ ਦਾ ਅਨੁਵਾਦ

4. 19ਵੀਂ ਸਦੀ ਦੌਰਾਨ ਬਾਈਬਲ ਦਾ ਕਿੰਨੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਸੀ?

4 ਅੱਜ ਬਹੁਤ ਸਾਰੇ ਲੋਕਾਂ ਕੋਲ ਬਾਈਬਲ ਹੈ ਜਿਸ ਕਰਕੇ ਅਸੀਂ ਸੌਖਿਆਂ ਹੀ ਉਨ੍ਹਾਂ ਨਾਲ ਖ਼ੁਸ਼ ਖ਼ਬਰੀ ਬਾਰੇ ਗੱਲ ਕਰ ਸਕਦੇ ਹਾਂ। ਪਰ ਸੈਂਕੜੇ ਸਾਲਾਂ ਤਕ ਈਸਾਈ-ਜਗਤ ਦੇ ਆਗੂਆਂ ਨੇ ਲੋਕਾਂ ਨੂੰ ਬਾਈਬਲ ਪੜ੍ਹਨ ਤੋਂ ਰੋਕਿਆ। ਉਨ੍ਹਾਂ ਆਗੂਆਂ ਨੇ ਬਾਈਬਲ ਪੜ੍ਹਨ ਵਾਲਿਆਂ ਨੂੰ ਸਤਾਇਆ ਅਤੇ ਇਸ ਦੇ ਕੁਝ ਅਨੁਵਾਦਕਾਂ ਦਾ ਕਤਲ ਵੀ ਕਰ ਦਿੱਤਾ। ਪਰ 19ਵੀਂ ਸਦੀ ਦੌਰਾਨ ਕੁਝ ਬਾਈਬਲ ਸੋਸਾਇਟੀਆਂ ਨੇ ਬਾਈਬਲ ਦਾ ਅਨੁਵਾਦ ਕੀਤਾ ਜਾਂ ਇਸ ਨੂੰ ਲਗਭਗ 400 ਭਾਸ਼ਾਵਾਂ ਵਿਚ ਛਾਪਿਆ। ਸਾਲ 1900 ਤਕ ਬਹੁਤ ਸਾਰੇ ਲੋਕਾਂ ਕੋਲ ਆਪਣੀ ਬਾਈਬਲ ਤਾਂ ਸੀ, ਪਰ ਉਨ੍ਹਾਂ ਨੂੰ ਬਾਈਬਲ ਦੀਆਂ ਗੱਲਾਂ ਦੀ ਸਮਝ ਨਹੀਂ ਸੀ।

5. ਬਾਈਬਲ ਦਾ ਅਨੁਵਾਦ ਕਰਨ ਵਿਚ ਯਹੋਵਾਹ ਦੇ ਗਵਾਹਾਂ ਨੇ ਕਿੰਨੀ ਕੁ ਮਿਹਨਤ ਕੀਤੀ ਹੈ?

5 ਬਾਈਬਲ ਸਟੂਡੈਂਟਸ ਜਾਣਦੇ ਸਨ ਕਿ ਉਨ੍ਹਾਂ ਨੂੰ ਦੂਜਿਆਂ ਨੂੰ ਬਾਈਬਲ ਬਾਰੇ ਸਿਖਾਉਣ ਦੀ ਲੋੜ ਸੀ ਅਤੇ ਉਨ੍ਹਾਂ ਨੇ ਇੱਦਾਂ ਹੀ ਕੀਤਾ। ਸ਼ੁਰੂ ਵਿਚ ਉਨ੍ਹਾਂ ਨੇ ਉਸ ਸਮੇਂ ਉਪਲਬਧ ਬਾਈਬਲ ਦੇ ਵੱਖੋ-ਵੱਖਰੇ ਵਰਯਨ ਵਰਤੇ ਅਤੇ ਇਨ੍ਹਾਂ ਨੂੰ ਵੰਡਿਆ। ਸਾਲ 1950 ਤੋਂ ਉਨ੍ਹਾਂ ਨੇ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਛਾਪੀ। ਇਹ ਪੂਰੀ ਬਾਈਬਲ ਜਾਂ ਇਸ ਦਾ ਕੁਝ ਹਿੱਸਾ 120 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਤਿਆਰ ਕੀਤਾ ਗਿਆ ਹੈ। 2013 ਵਿਚ ਅੰਗ੍ਰੇਜ਼ੀ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਦੀ ਭਾਸ਼ਾ ਹੋਰ ਸੌਖੀ ਕਰ ਕੇ ਛਾਪੀ ਗਈ। ਇਹ ਬਾਈਬਲ ਸਮਝਣੀ ਸੌਖੀ ਹੈ ਜਿਸ ਕਰਕੇ ਇਸ ਦਾ ਹੋਰ ਭਾਸ਼ਾਵਾਂ ਵਿਚ ਅਨੁਵਾਦ ਕਰਨਾ ਆਸਾਨ ਹੋਵੇਗਾ। ਸੌਖਿਆਂ ਹੀ ਸਮਝ ਆਉਣ ਵਾਲੀ ਬਾਈਬਲ ਵਰਤ ਕੇ ਅਸੀਂ ਲੋਕਾਂ ਨੂੰ ਬਾਈਬਲ ਦੀ ਸੱਚਾਈ ਆਸਾਨੀ ਨਾਲ ਸਮਝਾ ਸਕਦੇ ਹਾਂ।

ਸ਼ਾਂਤੀ ਦੇ ਸਮੇਂ

6, 7. (ੳ) 20ਵੀਂ ਸਦੀ ਦੌਰਾਨ ਯੁੱਧਾਂ ਨੇ ਕਿੰਨੀ ਕੁ ਤਬਾਹੀ ਮਚਾਈ ਸੀ? (ਅ) ਕਈ ਦੇਸ਼ਾਂ ਵਿਚ ਕੁਝ ਹੱਦ ਤਕ ਸ਼ਾਂਤੀ ਹੋਣ ਕਰਕੇ ਪ੍ਰਚਾਰ ਕਰਨਾ ਸੌਖਾ ਕਿਉਂ ਹੋਇਆ ਹੈ?

6 ਤੁਸੀਂ ਸ਼ਾਇਦ ਸੋਚੋ, ‘ਦੁਨੀਆਂ ਵਿਚ ਕਿੰਨੀ ਕੁ ਸ਼ਾਂਤੀ ਰਹੀ ਹੈ?’ ਮਿਸਾਲ ਲਈ, 20ਵੀਂ ਸਦੀ ਦੌਰਾਨ ਦੋਵੇਂ ਵਿਸ਼ਵ-ਯੁੱਧਾਂ ਦੇ ਨਾਲ-ਨਾਲ ਹੋਰ ਲੜਾਈਆਂ ਵਿਚ ਕਰੋੜਾਂ ਲੋਕਾਂ ਦੀ ਮੌਤ ਹੋਈ ਸੀ। ਯਹੋਵਾਹ ਦੇ ਗਵਾਹਾਂ ਦੀ ਅਗਵਾਈ ਕਰ ਰਹੇ ਭਰਾ ਨੇਥਨ ਨੌਰ ਨੇ ਦੂਜੇ ਵਿਸ਼ਵ ਯੁੱਧ ਦੌਰਾਨ 1942 ਵਿਚ ਇਕ ਸੰਮੇਲਨ ਵਿਚ “ਸ਼ਾਂਤੀ—ਕੀ ਇਹ ਸਦਾ ਕਾਇਮ ਰਹੇਗੀ?” ਨਾਂ ਦਾ ਭਾਸ਼ਣ ਦਿੱਤਾ ਸੀ। ਉਨ੍ਹਾਂ ਨੇ ਸਮਝਾਇਆ ਕਿ ਪ੍ਰਕਾਸ਼ ਦੀ ਕਿਤਾਬ ਦੇ 17ਵੇਂ ਅਧਿਆਇ ਤੋਂ ਪਤਾ ਲੱਗਦਾ ਹੈ ਕਿ ਯੁੱਧ ਤੋਂ ਬਾਅਦ ਆਰਮਾਗੇਡਨ ਸ਼ੁਰੂ ਨਹੀਂ ਹੋਵੇਗਾ, ਪਰ ਇਕ ਸ਼ਾਂਤੀ ਦਾ ਸਮਾਂ ਹੋਵੇਗਾ।ਪ੍ਰਕਾ. 17:3, 11.

7 ਦੂਜੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਦੁਨੀਆਂ ਵਿਚ ਪੂਰੀ ਤਰ੍ਹਾਂ ਸ਼ਾਂਤੀ ਨਹੀਂ ਆਈ। ਇਕ ਰਿਪੋਰਟ ਅਨੁਸਾਰ 1946-2013 ਦੌਰਾਨ 331 ਲੜਾਈਆਂ ਲੜੀਆਂ ਗਈਆਂ ਅਤੇ ਲੱਖਾਂ ਹੀ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਉਨ੍ਹਾਂ ਸਾਲਾਂ ਦੌਰਾਨ ਕਈ ਦੇਸ਼ਾਂ ਵਿਚ ਕੁਝ ਹੱਦ ਤਕ ਸ਼ਾਂਤੀ ਰਹੀ ਅਤੇ ਯਹੋਵਾਹ ਦੇ ਗਵਾਹਾਂ ਨੇ ਇਸ ਸਮੇਂ ਦਾ ਲਾਹਾ ਲੈ ਕੇ ਖ਼ੁਸ਼ ਖ਼ਬਰੀ ਸੁਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਸ ਦਾ ਨਤੀਜਾ ਕੀ ਨਿਕਲਿਆ? 1944 ਵਿਚ ਯਹੋਵਾਹ ਦੇ ਗਵਾਹਾਂ ਦੀ ਗਿਣਤੀ 1 ਲੱਖ 10 ਹਜ਼ਾਰ ਤੋਂ ਘੱਟ ਸੀ, ਪਰ ਅੱਜ ਤਕਰੀਬਨ 80 ਲੱਖ ਹੋ ਗਈ ਹੈ! (ਯਸਾਯਾਹ 60:22 ਪੜ੍ਹੋ।) ਕੀ ਅਸੀਂ ਸ਼ੁਕਰਗੁਜ਼ਾਰ ਨਹੀਂ ਹਾਂ ਕਿ ਅਸੀਂ ਸ਼ਾਂਤੀ ਦੇ ਸਮਿਆਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਦੇ ਹਾਂ?

ਆਵਾਜਾਈ ਦੇ ਸਾਧਨਾਂ ਵਿਚ ਸੁਧਾਰ

8, 9. ਆਵਾਜਾਈ ਦੇ ਸਾਧਨਾਂ ਵਿਚ ਕਿਹੜੇ ਸੁਧਾਰ ਹੋਏ ਹਨ ਤੇ ਇਨ੍ਹਾਂ ਤੋਂ ਸਾਡੇ ਕੰਮ ਨੂੰ ਕੀ ਫ਼ਾਇਦਾ ਹੋਇਆ ਹੈ?

8 ਅਮਰੀਕਾ ਵਿਚ ਜਦੋਂ ਯਹੋਵਾਹ ਦੇ ਲੋਕਾਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ, ਤਾਂ ਉਸ ਸਮੇਂ ਉਨ੍ਹਾਂ ਲਈ ਸਫ਼ਰ ਕਰਨਾ ਸੌਖਾ ਨਹੀਂ ਸੀ। ਪਹਿਰਾਬੁਰਜ ਛਪਣਾ ਸ਼ੁਰੂ ਹੋਣ ਤੋਂ 21 ਸਾਲ ਬਾਅਦ ਸੰਨ 1900 ਵਿਚ ਉਸ ਦੇਸ਼ ਵਿਚ ਲਗਭਗ 8,000 ਕਾਰਾਂ ਹੀ ਸਨ ਅਤੇ ਜ਼ਿਆਦਾਤਰ ਸੜਕਾਂ ਕੱਚੀਆਂ ਸਨ। ਪਰ ਅੱਜ ਪੂਰੀ ਦੁਨੀਆਂ ਵਿਚ 1 ਅਰਬ 50 ਕਰੋੜ ਤੋਂ ਜ਼ਿਆਦਾ ਕਾਰਾਂ ਹਨ ਅਤੇ ਕਾਫ਼ੀ ਥਾਵਾਂ ’ਤੇ ਸੜਕਾਂ ਪੱਕੀਆਂ ਹਨ। ਸੋ ਜਿਨ੍ਹਾਂ ਦੂਰ-ਦੁਰੇਡੀਆਂ ਥਾਵਾਂ ’ਤੇ ਪਹੁੰਚਣਾ ਮੁਸ਼ਕਲ ਹੈ, ਅਸੀਂ ਉੱਥੇ ਰਹਿੰਦੇ ਲੋਕਾਂ ਨੂੰ ਵੀ ਪ੍ਰਚਾਰ ਕਰਨ ਜਾ ਸਕਦੇ ਹਾਂ। ਭਾਵੇਂ ਅਸੀਂ ਅਜਿਹੀ ਜਗ੍ਹਾ ਰਹਿੰਦੇ ਹਾਂ ਜਿੱਥੇ ਸਫ਼ਰ ਕਰਨਾ ਸੌਖਾ ਨਹੀਂ ਹੈ ਤੇ ਸਾਨੂੰ ਕਈ ਥਾਵਾਂ ’ਤੇ ਪਹੁੰਚਣ ਲਈ ਕਾਫ਼ੀ ਤੁਰਨਾ ਪੈਂਦਾ ਹੈ, ਪਰ ਅਸੀਂ ਕਿਸੇ-ਨਾ-ਕਿਸੇ ਤਰ੍ਹਾਂ ਹਰ ਜਗ੍ਹਾ ਜਾ ਕੇ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ।ਮੱਤੀ 28:19, 20.

9 ਪ੍ਰਚਾਰ ਕਰਨ ਲਈ ਅਸੀਂ ਆਵਾਜਾਈ ਦੇ ਵੱਖੋ-ਵੱਖਰੇ ਸਾਧਨ ਵਰਤਦੇ ਹਨ। ਅਸੀਂ ਟਰੱਕਾਂ, ਸਮੁੰਦਰੀ ਜਹਾਜ਼ਾਂ ਅਤੇ ਟ੍ਰੇਨਾਂ ਰਾਹੀਂ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਕੁਝ ਹੀ ਹਫ਼ਤਿਆਂ ਦੇ ਅੰਦਰ-ਅੰਦਰ ਦੂਰ-ਦੁਰੇਡੇ ਇਲਾਕਿਆਂ ਵਿਚ ਪਹੁੰਚਾ ਸਕਦੇ ਹਾਂ। ਸਫ਼ਰੀ ਨਿਗਾਹਬਾਨ, ਬ੍ਰਾਂਚ ਕਮੇਟੀ ਦੇ ਮੈਂਬਰ, ਮਿਸ਼ਨਰੀ ਅਤੇ ਹੋਰ ਭਰਾ ਜਹਾਜ਼ਾਂ ’ਤੇ ਸਫ਼ਰ ਕਰ ਕੇ ਸੰਮੇਲਨਾਂ ਵਿਚ ਭਾਸ਼ਣ ਦੇਣ ਲਈ ਜਾਂ ਮੰਡਲੀਆਂ ਦੀ ਮਦਦ ਕਰਨ ਲਈ ਕੁਝ ਹੀ ਘੰਟਿਆਂ ਵਿਚ ਪਹੁੰਚ ਸਕਦੇ ਹਨ। ਇਸ ਦੇ ਨਾਲ-ਨਾਲ ਪ੍ਰਬੰਧਕ ਸਭਾ ਦੇ ਮੈਂਬਰ ਅਤੇ ਹੈੱਡ-ਕੁਆਰਟਰ ਦੇ ਹੋਰ ਭਰਾ ਵੱਖੋ-ਵੱਖਰੇ ਦੇਸ਼ਾਂ ਦੇ ਭੈਣਾਂ-ਭਰਾਵਾਂ ਨੂੰ ਹੌਸਲਾ ਤੇ ਸਿੱਖਿਆ ਦੇਣ ਲਈ ਜਹਾਜ਼ਾਂ ’ਤੇ ਸਫ਼ਰ ਕਰਦੇ ਹਨ। ਇਸ ਕਰਕੇ ਯਹੋਵਾਹ ਦੇ ਲੋਕਾਂ ਦੀ ਏਕਤਾ ਬਣੀ ਰਹੀ ਹੈ।ਜ਼ਬੂ. 133:1-3.

ਭਾਸ਼ਾ ਤੇ ਅਨੁਵਾਦ ਦਾ ਕੰਮ

10. ਦੁਨੀਆਂ ਵਿਚ ਅੰਗ੍ਰੇਜ਼ੀ ਕਿਸ ਹੱਦ ਤਕ ਵਰਤੀ ਜਾਂਦੀ ਹੈ?

10 ਪਹਿਲੀ ਸਦੀ ਵਿਚ ਰੋਮੀ ਸਾਮਰਾਜ ਵਿਚ ਰਹਿੰਦੇ ਜ਼ਿਆਦਾਤਰ ਲੋਕ ਯੂਨਾਨੀ ਬੋਲਦੇ ਸਨ। ਅੱਜ ਦੁਨੀਆਂ ਭਰ ਵਿਚ ਅੰਗ੍ਰੇਜ਼ੀ ਬੋਲੀ ਜਾਂਦੀ ਹੈ। ਇੰਗਲਿਸ਼ ਐਜ਼ ਅ ਗਲੋਬਲ ਲੈਂਗੂਏਜ ਨਾਂ ਦੀ ਕਿਤਾਬ ਦੱਸਦੀ ਹੈ ਕਿ ਦੁਨੀਆਂ ਦੇ ਲਗਭਗ ਇਕ ਚੌਥਾਈ ਲੋਕ ਅੰਗ੍ਰੇਜ਼ੀ ਬੋਲਦੇ ਜਾਂ ਸਮਝਦੇ ਹਨ। ਬਹੁਤ ਸਾਰੇ ਲੋਕ ਇਸ ਲਈ ਅੰਗ੍ਰੇਜ਼ੀ ਸਿੱਖਦੇ ਹਨ ਕਿਉਂਕਿ ਇਹ ਪੂਰੀ ਦੁਨੀਆਂ ਵਿਚ ਬਿਜ਼ਨਿਸ, ਰਾਜਨੀਤੀ, ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਵਰਤੀ ਜਾਂਦੀ ਹੈ।

11. ਯਹੋਵਾਹ ਦੇ ਲੋਕਾਂ ਦੇ ਕੰਮ ਉੱਤੇ ਅੰਗ੍ਰੇਜ਼ੀ ਦਾ ਕੀ ਪ੍ਰਭਾਵ ਪਿਆ ਹੈ?

11 ਸੱਚਾਈ ਫੈਲਾਉਣ ਵਿਚ ਅੰਗ੍ਰੇਜ਼ੀ ਨੇ ਕਾਫ਼ੀ ਮਦਦ ਕੀਤੀ ਹੈ। ਕਈ ਸਾਲਾਂ ਲਈ ਪਹਿਰਾਬੁਰਜ ਅਤੇ ਹੋਰ ਬਾਈਬਲ-ਆਧਾਰਿਤ ਪ੍ਰਕਾਸ਼ਨ ਪਹਿਲਾਂ ਅੰਗ੍ਰੇਜ਼ੀ ਵਿਚ ਹੀ ਛਾਪੇ ਜਾਂਦੇ ਸਨ। ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਵਿਚ ਅੰਗ੍ਰੇਜ਼ੀ ਵਰਤੀ ਜਾਂਦੀ ਹੈ। ਨਾਲੇ ਪੈਟਰਸਨ, ਨਿਊਯਾਰਕ ਵਿਚ ਵਾਚਟਾਵਰ ਸਿੱਖਿਆ ਕੇਂਦਰ ਵਿਚ ਵੱਖੋ-ਵੱਖਰੇ ਦੇਸ਼ਾਂ ਤੋਂ ਆਉਂਦੇ ਭੈਣਾਂ-ਭਰਾਵਾਂ ਨੂੰ ਅੰਗ੍ਰੇਜ਼ੀ ਵਿਚ ਟ੍ਰੇਨਿੰਗ ਦਿੱਤੀ ਜਾਂਦੀ ਹੈ।

12. ਅਸੀਂ ਆਪਣੇ ਪ੍ਰਕਾਸ਼ਨਾਂ ਦਾ ਕਿੰਨੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਹੈ ਅਤੇ ਤਕਨਾਲੋਜੀ ਦੁਆਰਾ ਇਹ ਕਿਵੇਂ ਮੁਮਕਿਨ ਹੋਇਆ ਹੈ?

12 ਸਾਨੂੰ ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਲਈ ਅਸੀਂ 700 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਆਪਣੇ ਪ੍ਰਕਾਸ਼ਨਾਂ ਦਾ ਅਨੁਵਾਦ ਕਰਦੇ ਹਾਂ। ਇਹ ਕਿਵੇਂ ਮੁਮਕਿਨ ਹੋਇਆ ਹੈ? ਕੰਪਿਊਟਰਾਂ ਅਤੇ ਕੰਪਿਊਟਰ ਪ੍ਰੋਗ੍ਰਾਮਾਂ, ਜਿਵੇਂ ਮੈੱਪਸ (ਮਲਟੀਲੈਂਗੂਏਜ ਇਲੈਕਟ੍ਰਾਨਿਕ ਪਬਲਿਸ਼ਿੰਗ ਸਿਸਟਮ) ਤੋਂ ਸਾਨੂੰ ਅਨੁਵਾਦ ਦੇ ਕੰਮ ਵਿਚ ਮਦਦ ਮਿਲੀ ਹੈ। ਨਤੀਜੇ ਵਜੋਂ, ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਬਾਈਬਲ ਦੀਆਂ ਸੱਚਾਈਆਂ ਸਮਝ ਸਕੇ ਹਨ ਜਿਸ ਕਰਕੇ ਸਾਰੇ ਏਕਤਾ ਵਿਚ ਬੱਝੇ ਹੋਏ ਹਨ।ਸਫ਼ਨਯਾਹ 3:9 ਪੜ੍ਹੋ।

ਕਾਨੂੰਨ ਅਤੇ ਅਦਾਲਤੀ ਫ਼ੈਸਲੇ

13, 14. ਅੱਜ ਮਸੀਹੀਆਂ ਨੂੰ ਕਾਨੂੰਨਾਂ ਅਤੇ ਅਦਾਲਤੀ ਫ਼ੈਸਲਿਆਂ ਤੋਂ ਕੀ ਲਾਭ ਹੋਇਆ ਹੈ?

13 ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਮੁਢਲੇ ਮਸੀਹੀਆਂ ਨੂੰ ਰੋਮੀ ਕਾਨੂੰਨ ਤੋਂ ਬਹੁਤ ਫ਼ਾਇਦਾ ਹੋਇਆ ਸੀ। ਅੱਜ ਵੀ ਮਸੀਹੀਆਂ ਨੂੰ ਬਹੁਤ ਸਾਰੇ ਦੇਸ਼ਾਂ ਦੇ ਕਾਨੂੰਨਾਂ ਤੋਂ ਫ਼ਾਇਦਾ ਹੁੰਦਾ ਹੈ। ਮਿਸਾਲ ਲਈ, ਸਾਡਾ ਹੈੱਡ-ਕੁਆਰਟਰ ਅਮਰੀਕਾ ਵਿਚ ਹੈ ਅਤੇ ਉੱਥੇ ਦਾ ਸੰਵਿਧਾਨ ਕਹਿੰਦਾ ਹੈ ਕਿ ਹਰ ਕਿਸੇ ਨੂੰ ਆਪਣਾ ਧਰਮ ਚੁਣਨ, ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨ ਅਤੇ ਭਗਤੀ ਕਰਨ ਲਈ ਇਕੱਠੇ ਹੋਣ ਦੀ ਆਜ਼ਾਦੀ ਹੈ। ਇਸ ਕਾਰਨ ਅਮਰੀਕਾ ਵਿਚ ਰਹਿੰਦੇ ਭੈਣਾਂ-ਭਰਾਵਾਂ ਨੂੰ ਮੀਟਿੰਗਾਂ ਵਿਚ ਬਾਈਬਲ ਉੱਤੇ ਚਰਚਾ ਕਰਨ ਅਤੇ ਹੋਰਨਾਂ ਨੂੰ ਬਾਈਬਲ ਬਾਰੇ ਸਿਖਾਉਣ ਦੀ ਆਜ਼ਾਦੀ ਹੈ। ਪਰ ਸਾਨੂੰ ਪ੍ਰਚਾਰ ਕਰਨ ਦੇ ਹੱਕ ਦੀ ਰਾਖੀ ਕਰਨ ਲਈ ਅਦਾਲਤਾਂ ਵਿਚ ਕਈ ਵਾਰ ਕਾਨੂੰਨੀ ਲੜਾਈ ਲੜਨੀ ਪਈ। (ਫ਼ਿਲਿ. 1:7) ਜਦੋਂ ਅਮਰੀਕਾ ਵਿਚ ਅਦਾਲਤਾਂ ਨੇ ਯਹੋਵਾਹ ਦੇ ਗਵਾਹਾਂ ਤੋਂ ਪ੍ਰਚਾਰ ਕਰਨ ਦਾ ਹੱਕ ਲੈਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਉੱਚ ਅਦਾਲਤਾਂ ਵਿਚ ਅਪੀਲ ਕੀਤੀ ਜਿੱਥੇ ਅਕਸਰ ਉਨ੍ਹਾਂ ਦੀ ਜਿੱਤ ਹੋਈ।

14 ਹੋਰਨਾਂ ਦੇਸ਼ਾਂ ਦੀਆਂ ਅਦਾਲਤਾਂ ਨੇ ਵੀ ਭਗਤੀ ਅਤੇ ਪ੍ਰਚਾਰ ਕਰਨ ਦੇ ਮਾਮਲਿਆਂ ਵਿਚ ਸਾਡੇ ਹੱਕ ਵਿਚ ਫ਼ੈਸਲੇ ਕੀਤੇ ਹਨ। ਅਸੀਂ ਕੁਝ ਦੇਸ਼ਾਂ ਵਿਚ ਕੇਸ ਹਾਰ ਗਏ, ਪਰ ਫਿਰ ਅਸੀਂ ਅੰਤਰਰਾਸ਼ਟਰੀ ਅਦਾਲਤਾਂ ਨੂੰ ਅਪੀਲ ਕੀਤੀ। ਮਿਸਾਲ ਲਈ, ਜੂਨ 2014 ਤਕ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਨੇ 57 ਕੇਸਾਂ ਦੇ ਫ਼ੈਸਲੇ ਸਾਡੇ ਹੱਕ ਵਿਚ ਕੀਤੇ ਜਿਨ੍ਹਾਂ ਨੂੰ ਯੂਰਪੀ ਕੌਂਸਲ ਦੇ ਮੈਂਬਰ ਦੇਸ਼ਾਂ ਨੂੰ ਮੰਨਣਾ ਹੀ ਪਿਆ। ਭਾਵੇਂ ਅਸੀਂ “ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ” ਹੁੰਦੇ ਹਾਂ, ਪਰ ਬਹੁਤ ਸਾਰੇ ਦੇਸ਼ਾਂ ਦੀਆਂ ਅਦਾਲਤਾਂ ਨੇ ਫ਼ੈਸਲਾ ਸੁਣਾਇਆ ਹੈ ਕਿ ਸਾਨੂੰ ਖੁੱਲ੍ਹੇ-ਆਮ ਯਹੋਵਾਹ ਦੀ ਭਗਤੀ ਕਰਨ ਦਾ ਹੱਕ ਹੈ।ਮੱਤੀ 24:9.

ਤਕਨਾਲੋਜੀ ਨੇ ਸਾਡੀ ਮਦਦ ਕੀਤੀ

ਅਸੀਂ ਦੁਨੀਆਂ ਭਰ ਦੇ ਲੋਕਾਂ ਲਈ ਬਾਈਬਲ-ਆਧਾਰਿਤ ਪ੍ਰਕਾਸ਼ਨ ਤਿਆਰ ਕਰਦੇ ਹਾਂ

15. ਛਪਾਈ ਦੇ ਖੇਤਰ ਵਿਚ ਕਿਹੜੇ ਸੁਧਾਰ ਹੋਏ ਹਨ ਅਤੇ ਇਨ੍ਹਾਂ ਤੋਂ ਸਾਨੂੰ ਕਿਵੇਂ ਮਦਦ ਮਿਲੀ ਹੈ?

15 ਛਪਾਈ ਦੇ ਨਵੇਂ ਤੋਂ ਨਵੇਂ ਤਰੀਕਿਆਂ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕਰਨ ਵਿਚ ਸਾਡੀ ਮਦਦ ਕੀਤੀ ਹੈ। ਕੁਝ ਸਦੀਆਂ ਤਕ ਲੋਕ ਯੋਹਾਨਸ ਗੁਟਨਬਰਗ ਦੁਆਰਾ 1450 ਵਿਚ ਬਣਾਈ ਗਈ ਪ੍ਰਿੰਟਿੰਗ ਪ੍ਰੈੱਸ ਇਸਤੇਮਾਲ ਕਰਦੇ ਰਹੇ। ਪਰ ਪਿਛਲੇ 200 ਸਾਲਾਂ ਵਿਚ ਪ੍ਰਿੰਟਿੰਗ ਪ੍ਰੈੱਸਾਂ ਵਿਚ ਬਹੁਤ ਸੁਧਾਰ ਹੋਇਆ ਹੈ। ਆਫਸੈੱਟ ਪ੍ਰੈੱਸਾਂ ਦੀ ਕਾਢ ਕੱਢੀ ਗਈ ਜਿਨ੍ਹਾਂ ਨਾਲ ਛਪਾਈ ਦੇ ਕੰਮ ਵਿਚ ਤੇਜ਼ੀ ਆਈ ਅਤੇ ਕੁਆਲਿਟੀ ਵਧੀਆ ਹੋਈ। ਇਸ ਦੇ ਨਾਲ-ਨਾਲ ਕਾਗਜ਼ ਨੂੰ ਬਣਾਉਣ ਦਾ ਖ਼ਰਚਾ ਘੱਟ ਗਿਆ ਅਤੇ ਕਿਤਾਬਾਂ ’ਤੇ ਜਿਲਦਾਂ ਲਾਉਣੀਆਂ ਵੀ ਸਸਤੀਆਂ ਹੋ ਗਈਆਂ। ਇਨ੍ਹਾਂ ਸਾਰੀਆਂ ਤਬਦੀਲੀਆਂ ਦਾ ਸਾਡੇ ਪ੍ਰਕਾਸ਼ਨਾਂ ’ਤੇ ਕੀ ਪ੍ਰਭਾਵ ਪਿਆ ਹੈ? 1879 ਵਿਚ ਪਹਿਰਾਬੁਰਜ ਦਾ ਪਹਿਲਾ ਅੰਕ ਸਿਰਫ਼ ਅੰਗ੍ਰੇਜ਼ੀ ਵਿਚ ਛਪਿਆ ਸੀ। ਉਸ ਵਿਚ ਕੋਈ ਤਸਵੀਰ ਨਹੀਂ ਸੀ ਅਤੇ ਉਸ ਦੀਆਂ ਸਿਰਫ਼ 6,000 ਕਾਪੀਆਂ ਛਾਪੀਆਂ ਗਈਆਂ ਸਨ। ਅੱਜ ਪਹਿਰਾਬੁਰਜ 200 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਛਾਪਿਆ ਜਾਂਦਾ ਹੈ। ਇਸ ਵਿਚ ਖੂਬਸੂਰਤ ਤੇ ਰੰਗਦਾਰ ਤਸਵੀਰਾਂ ਹੁੰਦੀਆਂ ਹਨ ਅਤੇ ਹਰ ਅੰਕ ਦੀਆਂ 5 ਕਰੋੜ ਤੋਂ ਜ਼ਿਆਦਾ ਕਾਪੀਆਂ ਛਾਪੀਆਂ ਜਾਂਦੀਆਂ ਹਨ।

16. ਦੁਨੀਆਂ ਭਰ ਵਿਚ ਪ੍ਰਚਾਰ ਕਰਨ ਵਿਚ ਕਿਹੜੀਆਂ ਚੀਜ਼ਾਂ ਨੇ ਸਾਡੀ ਮਦਦ ਕੀਤੀ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

16 ਪਿਛਲੇ 200 ਸਾਲਾਂ ਦੌਰਾਨ ਨਵੀਆਂ-ਨਵੀਆਂ ਚੀਜ਼ਾਂ ਦੀਆਂ ਕਾਢਾਂ ਕੱਢੀਆਂ ਗਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਯਹੋਵਾਹ ਦੇ ਲੋਕਾਂ ਨੇ ਹੋਰਨਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਹੈ। ਇਸ ਲੇਖ ਵਿਚ ਅਸੀਂ ਪਹਿਲਾਂ ਟ੍ਰੇਨਾਂ, ਕਾਰਾਂ ਅਤੇ ਜਹਾਜ਼ਾਂ ਦੀ ਗੱਲ ਕੀਤੀ ਸੀ। ਪਰ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਇਸਤੇਮਾਲ ਕੀਤੀ ਗਈਆਂ ਹਨ ਜਿਵੇਂ ਕਿ ਸਾਈਕਲ, ਟਾਈਪ-ਰਾਈਟਰ, ਬ੍ਰੇਲ ਭਾਸ਼ਾ ਵਿਚ ਪ੍ਰਕਾਸ਼ਨ ਤਿਆਰ ਕਰਨ ਵਾਲੀਆਂ ਮਸ਼ੀਨਾਂ, ਟੈਲੀਗ੍ਰਾਫ਼, ਟੈਲੀਫ਼ੋਨ, ਕੈਮਰੇ, ਆਡੀਓ ਅਤੇ ਵੀਡੀਓ-ਰਿਕਾਰਡਰ, ਰੇਡੀਓ, ਟੀ. ਵੀ., ਫ਼ਿਲਮਾਂ, ਕੰਪਿਊਟਰ ਅਤੇ ਇੰਟਰਨੈੱਟ। ਭਾਵੇਂ ਯਹੋਵਾਹ ਦੇ ਲੋਕਾਂ ਨੇ ਇਨ੍ਹਾਂ ਚੀਜ਼ਾਂ ਦੀ ਕਾਢ ਨਹੀਂ ਕੱਢੀ ਸੀ, ਪਰ ਉਹ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਬਾਈਬਲਾਂ ਤੇ ਹੋਰ ਪ੍ਰਕਾਸ਼ਨ ਤਿਆਰ ਕਰਨ ਅਤੇ ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨ ਲਈ ਇਹ ਚੀਜ਼ਾਂ ਵਰਤਦੇ ਹਨ। ਇਸ ਤਰ੍ਹਾਂ ਬਾਈਬਲ ਦੀ ਭਵਿੱਖਬਾਣੀ ਅਨੁਸਾਰ ਉਹ ‘ਕੌਮਾਂ ਦਾ ਦੁੱਧ ਚੁੰਘ ਰਹੇ ਹਨ।’ਯਸਾਯਾਹ 60:16 ਪੜ੍ਹੋ।

17. (ੳ) ਇਨ੍ਹਾਂ ਸਬੂਤਾਂ ਤੋਂ ਸਾਨੂੰ ਕੀ ਪਤਾ ਲੱਗਦਾ ਹੈ? (ਅ) ਯਹੋਵਾਹ ਨੇ ਸਾਨੂੰ ਆਪਣੇ ਨਾਲ ‘ਮਿਲ ਕੇ ਕੰਮ ਕਰਨ’ ਦਾ ਸੱਦਾ ਕਿਉਂ ਦਿੱਤਾ ਹੈ?

17 ਇਨ੍ਹਾਂ ਚੀਜ਼ਾਂ ਤੋਂ ਪੱਕਾ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਦੀ ਬਰਕਤ ਸਾਡੇ ਉੱਤੇ ਹੈ। ਇਹ ਸੱਚ ਹੈ ਕਿ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਯਹੋਵਾਹ ਨੂੰ ਸਾਡੀ ਮਦਦ ਦੀ ਲੋੜ ਨਹੀਂ ਹੈ। ਪਰ ਸਾਡਾ ਸਵਰਗੀ ਪਿਤਾ ਸਾਨੂੰ ਆਪਣੇ ਨਾਲ ‘ਮਿਲ ਕੇ ਕੰਮ ਕਰਨ’ ਦਾ ਸੱਦਾ ਦਿੰਦਾ ਹੈ। ਇਸ ਤਰ੍ਹਾਂ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਉਸ ਨੂੰ ਅਤੇ ਆਪਣੇ ਗੁਆਂਢੀਆਂ ਨੂੰ ਪਿਆਰ ਕਰਦੇ ਹਾਂ। (1 ਕੁਰਿੰ. 3:9; ਮਰ. 12:28-31) ਤਾਂ ਫਿਰ, ਆਓ ਆਪਾਂ ਰਾਜ ਦਾ ਸੰਦੇਸ਼ ਫੈਲਾਉਣ ਦੇ ਹਰ ਮੌਕੇ ਦਾ ਫ਼ਾਇਦਾ ਉਠਾਈਏ ਜੋ ਕਿ ਅੱਜ ਦੁਨੀਆਂ ਵਿਚ ਸਭ ਤੋਂ ਮਹੱਤਵਪੂਰਣ ਕੰਮ ਹੈ। ਨਾਲੇ ਆਓ ਆਪਾਂ ਦਿਖਾਈਏ ਕਿ ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਹ ਸਿੱਖਿਆ ਦੇ ਕੰਮ ਵਿਚ ਸਾਡੀ ਅਗਵਾਈ ਕਰ ਰਿਹਾ ਹੈ ਤੇ ਬਰਕਤ ਪਾ ਰਿਹਾ ਹੈ!

^ ਪੈਰਾ 1 ਸਾਲ 1870 ਤੋਂ ਯਹੋਵਾਹ ਦੇ ਲੋਕ ਬਾਈਬਲ ਸਟੂਡੈਂਟਸ ਵਜੋਂ ਜਾਣੇ ਜਾਂਦੇ ਸਨ। ਪਰ 1931 ਤੋਂ ਉਨ੍ਹਾਂ ਨੂੰ ਯਹੋਵਾਹ ਦੇ ਗਵਾਹਾਂ ਵਜੋਂ ਜਾਣਿਆ ਜਾਣ ਲੱਗਾ।ਯਸਾ. 43:10.