Skip to content

Skip to table of contents

ਜੀਵਨੀ

ਅਸੀਂ ਖ਼ੁਸ਼ੀਆਂ ਦੇਣ ਵਾਲਾ ਕੈਰੀਅਰ ਚੁਣਿਆ

ਅਸੀਂ ਖ਼ੁਸ਼ੀਆਂ ਦੇਣ ਵਾਲਾ ਕੈਰੀਅਰ ਚੁਣਿਆ

ਮੈਂ ਤੇ ਗਵੈੱਨ ਨੇ 5 ਸਾਲ ਦੀ ਉਮਰ ਵਿਚ ਡਾਂਸ ਸਿੱਖਣਾ ਸ਼ੁਰੂ ਕੀਤਾ ਸੀ। ਅਸੀਂ ਹਾਲੇ ਇਕ-ਦੂਜੇ ਨੂੰ ਜਾਣਦੇ ਨਹੀਂ ਸੀ। ਪਰ ਉਮਰ ਦੇ ਵਧਣ ਨਾਲ ਅਸੀਂ ਡਾਂਸ ਨੂੰ ਆਪਣਾ ਕੈਰੀਅਰ ਬਣਾਉਣ ਦਾ ਫ਼ੈਸਲਾ ਕਰ ਲਿਆ। ਜਦੋਂ ਸਾਡਾ ਕੈਰੀਅਰ ਸਿਖਰਾਂ ’ਤੇ ਸੀ, ਤਾਂ ਅਸੀਂ ਇਸ ਨੂੰ ਛੱਡ ਦਿੱਤਾ। ਅਸੀਂ ਇਹ ਫ਼ੈਸਲਾ ਕਿਉਂ ਕੀਤਾ?

ਡੇਵਿਡ: ਮੈਂ 1945 ਵਿਚ ਇੰਗਲੈਂਡ ਦੇ ਸ਼ਰੋਪਸ਼ਾਇਰ ਜ਼ਿਲ੍ਹੇ ਵਿਚ ਪੈਦਾ ਹੋਇਆ ਸੀ। ਮੇਰੇ ਡੈਡੀ ਜੀ ਦੇ ਖੇਤ ਇਕ ਪਿੰਡ ਵਿਚ ਸਨ। ਸਕੂਲ ਤੋਂ ਆ ਕੇ ਮੈਂ ਖ਼ੁਸ਼ੀ-ਖ਼ੁਸ਼ੀ ਮੁਰਗੀਆਂ ਨੂੰ ਚੋਗਾ ਪਾਉਂਦਾ ਸੀ, ਉਨ੍ਹਾਂ ਦੇ ਆਂਡੇ ਇਕੱਠੇ ਕਰਦਾ ਸੀ ਅਤੇ ਗਾਵਾਂ ਤੇ ਭੇਡਾਂ ਦੀ ਦੇਖ-ਭਾਲ ਕਰਦਾ ਸੀ। ਛੁੱਟੀਆਂ ਦੌਰਾਨ ਮੈਂ ਖੇਤਾਂ ਵਿਚ ਸਬਜ਼ੀਆਂ ਤੇ ਫਲ ਵਗੈਰਾ ਤੋੜਨ ਵਿਚ ਮਦਦ ਕਰਦਾ ਸੀ ਤੇ ਕਦੇ-ਕਦੇ ਮੈਂ ਆਪਣੇ ਟ੍ਰੈਕਟਰ ਚਲਾਉਂਦਾ ਸੀ।

ਪਰ ਮੇਰਾ ਇਕ ਹੋਰ ਸ਼ੌਕ ਸੀ ਜਿਸ ਕਰਕੇ ਮੇਰੀ ਜ਼ਿੰਦਗੀ ਕਰਵਟ ਬਦਲਣ ਵਾਲੀ ਸੀ। ਮੇਰੇ ਡੈਡੀ ਜੀ ਨੇ ਮੇਰੀ ਛੋਟੀ ਉਮਰ ਵਿਚ ਮੇਰੇ ਵਿਚ ਇਕ ਗੱਲ ਦੇਖੀ ਕਿ ਜਦੋਂ ਵੀ ਮੈਂ ਕਿਤੇ ਸੰਗੀਤ ਸੁਣਦਾ ਸੀ, ਤਾਂ ਮੇਰਾ ਨੱਚਣ ਨੂੰ ਜੀਅ ਕਰਦਾ ਸੀ। ਜਦੋਂ ਮੈਂ ਪੰਜ ਸਾਲਾਂ ਦਾ ਸੀ, ਤਾਂ ਡੈਡੀ ਜੀ ਨੇ ਮੰਮੀ ਜੀ ਨੂੰ ਕਿਹਾ ਕਿ ਉਹ ਮੈਨੂੰ ਡਾਂਸ ਸਕੂਲ ਵਿਚ ਦਾਖ਼ਲ ਕਰਾ ਦੇਣ ਜਿੱਥੇ ਮੈਂ ਟੈਪ ਡਾਂਸ ਸਿੱਖ ਸਕਦਾ ਸੀ। ਮੇਰੇ ਡਾਂਸ ਟੀਚਰ ਨੇ ਦੇਖਿਆ ਕਿ ਮੇਰੇ ਵਿਚ ਇਕ ਵਧੀਆ ਬੈਲੇ ਡਾਂਸਰ ਬਣਨ ਦੀ ਕਾਬਲੀਅਤ ਸੀ, ਇਸ ਲਈ ਉਸ ਨੇ ਮੈਨੂੰ ਇਹ ਡਾਂਸ ਵੀ ਸਿਖਾਉਣਾ ਸ਼ੁਰੂ ਕਰ ਦਿੱਤਾ। 15 ਸਾਲ ਦੀ ਉਮਰ ਵਿਚ ਮੈਂ ਲੰਡਨ ਦੇ ਰਾਇਲ ਬੈਲੇ ਸਕੂਲ ਵਿਚ ਸਕਾਲਰਸ਼ਿਪ ਜਿੱਤੀ। ਉਸ ਸਕੂਲ ਵਿਚ ਮੈਂ ਗਵੈੱਨ ਨੂੰ ਮਿਲਿਆ ਤੇ ਡਾਂਸ ਕਰਨ ਲਈ ਸਾਡੀ ਜੋੜੀ ਬਣਾਈ ਗਈ।

ਗਵੈੱਨ: ਮੇਰਾ ਜਨਮ ਲੰਡਨ ਵਿਚ 1944 ਨੂੰ ਹੋਇਆ ਸੀ। ਛੋਟੇ ਹੁੰਦਿਆਂ ਮੈਂ ਰੱਬ ਨੂੰ ਬਹੁਤ ਮੰਨਦੀ ਸੀ। ਮੈਂ ਬਾਈਬਲ ਪੜ੍ਹਨ ਦੀ ਪੂਰੀ ਕੋਸ਼ਿਸ਼ ਕਰਦੀ ਸੀ, ਪਰ ਇਸ ਨੂੰ ਸਮਝਣਾ ਬਹੁਤ ਔਖਾ ਸੀ। ਪੰਜ ਸਾਲਾਂ ਦੀ ਉਮਰ ਵਿਚ ਮੈਂ ਡਾਂਸ ਸਿੱਖਣ ਲੱਗ ਪਈ। ਛੇ ਸਾਲਾਂ ਬਾਅਦ ਮੈਂ ਡਾਂਸ ਮੁਕਾਬਲਾ ਜਿੱਤਿਆ ਜਿਸ ਵਿਚ ਸਾਰੇ ਬ੍ਰਿਟੇਨ ਤੋਂ ਬੱਚੇ ਹਿੱਸਾ ਲੈਣ ਆਏ ਸਨ। ਇਸ ਕਰਕੇ ਮੈਨੂੰ ਰਾਇਲ ਬੈਲੇ ਸਕੂਲ ਵਿਚ ਡਾਂਸ ਸਿੱਖਣ ਦਾ ਮੌਕਾ ਦਿੱਤਾ ਗਿਆ। ਇਹ ਸਕੂਲ ਵਾਈਟ ਲੌਜ ਵਿਚ ਸੀ ਜੋ ਲੰਡਨ ਦੇ ਬਾਹਰ ਰਿਚਮੰਡ ਪਾਰਕ ਵਿਚ ਇਕ ਖੂਬਸੂਰਤ ਸ਼ਾਹੀ ਮਹਿਲ ਹੈ। ਇੱਥੇ ਮੈਂ ਪੜ੍ਹਾਈ ਕਰਨ ਦੇ ਨਾਲ-ਨਾਲ ਮੰਨੇ-ਪ੍ਰਮੰਨੇ ਟੀਚਰਾਂ ਤੋਂ ਬੈਲੇ ਡਾਂਸ ਵੀ ਸਿੱਖਿਆ। 16 ਸਾਲਾਂ ਦੀ ਹੋਣ ਤੇ ਮੈਂ ਕੇਂਦਰੀ ਲੰਡਨ ਵਿਚ ਰਾਇਲ ਬੈਲੇ ਸਕੂਲ ਵਿਚ ਸੀਨੀਅਰ ਸਟੂਡੈਂਟ ਬਣ ਗਈ ਤੇ ਇੱਥੇ ਮੇਰੀ ਮੁਲਾਕਾਤ ਡੇਵਿਡ ਨਾਲ ਹੋਈ। ਕੁਝ ਮਹੀਨਿਆਂ ਵਿਚ ਹੀ ਅਸੀਂ ਲੰਡਨ ਦੇ ਕੋਵਨ ਗਾਰਡਨ ਵਿਚ ਰਾਇਲ ਓਪੇਰਾ ਹਾਊਸ ਵਿਚ ਇਕੱਠੇ ਬੈਲੇ ਡਾਂਸ ਕਰਨ ਲੱਗ ਪਏ।

ਆਪਣੇ ਬੈਲੇ ਕੈਰੀਅਰ ਕਰਕੇ ਅਸੀਂ ਦੁਨੀਆਂ ਦੇ ਕਾਫ਼ੀ ਦੇਸ਼ਾਂ ਵਿਚ ਡਾਂਸ ਸ਼ੋਅ ਕੀਤੇ

ਡੇਵਿਡ: ਹਾਂ, ਜਿਸ ਤਰ੍ਹਾਂ ਗਵੈੱਨ ਨੇ ਕਿਹਾ, ਅਸੀਂ ਮਸ਼ਹੂਰ ਰਾਇਲ ਓਪੇਰਾ ਹਾਊਸ ਵਿਚ ਡਾਂਸ ਕਰਨ ਦੇ ਨਾਲ-ਨਾਲ ਲੰਡਨ ਫੈਸਟੀਵਲ ਬੈਲੇ ਕੰਪਨੀ (ਹੁਣ ਇੰਗਲਿਸ਼ ਨੈਸ਼ਨਲ ਬੈਲੇ) ਲਈ ਵੀ ਡਾਂਸ ਕਰਨ ਲੱਗ ਪਏ। ਰਾਇਲ ਬੈਲੇ ਦੇ ਇਕ ਕੋਰੀਓਗ੍ਰਾਫਰ ਨੇ ਵੁਪਰਟਾਲ, ਜਰਮਨੀ ਵਿਚ ਇਕ ਅੰਤਰਰਾਸ਼ਟਰੀ ਕੰਪਨੀ ਖੋਲ੍ਹ ਲਈ ਤੇ ਉਹ ਆਪਣੇ ਨਾਲ ਕਈ ਡਾਂਸਰਾਂ ਨੂੰ ਲੈ ਕੇ ਗਿਆ ਜਿਨ੍ਹਾਂ ਵਿੱਚੋਂ ਸਾਨੂੰ ਦੋਵਾਂ ਨੂੰ ਉਸ ਨੇ ਸੋਲੋ ਡਾਂਸ ਕਰਨ ਲਈ ਚੁਣਿਆ। ਆਪਣੇ ਇਸ ਕੈਰੀਅਰ ਦੌਰਾਨ ਅਸੀਂ ਦੁਨੀਆਂ ਭਰ ਦੇ ਥੀਏਟਰਾਂ ਵਿਚ ਡਾਂਸ ਕੀਤਾ ਅਤੇ ਸਾਨੂੰ ਮਸ਼ਹੂਰ ਡਾਂਸਰਾਂ ਨਾਲ ਵੀ ਡਾਂਸ ਕਰਨ ਦਾ ਮੌਕਾ ਮਿਲਿਆ ਜਿਵੇਂ ਕਿ ਡੇਮ ਮਾਰਗੋ ਫੋਨਟੇਈਅਨ ਅਤੇ ਰੂਡੋਲਫ ਨੂਰੇਈਵ। ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਕਰਕੇ ਕੋਈ ਵੀ ਘਮੰਡ ਨਾਲ ਫੁੱਲ ਸਕਦਾ ਹੈ ਅਤੇ ਅਸੀਂ ਆਪਣਾ ਤਨ-ਮਨ ਇਸੇ ਕੈਰੀਅਰ ਵਿਚ ਲਾ ਦਿੱਤਾ।

ਗਵੈੱਨ: ਮੈਂ ਆਪਣਾ ਪੂਰਾ ਤਨ-ਮਨ ਡਾਂਸ ਕਰਨ ਵਿਚ ਲਗਾ ਦਿੱਤਾ। ਅਸੀਂ ਆਸਮਾਨ ਦੀਆਂ ਬੁਲੰਦੀਆਂ ਨੂੰ ਛੋਹਣਾ ਚਾਹੁੰਦੇ ਸੀ। ਮੈਂ ਉਦੋਂ ਬਹੁਤ ਖ਼ੁਸ਼ ਹੁੰਦੀ ਸੀ ਜਦੋਂ ਮੈਂ ਆਟੋਗ੍ਰਾਫ਼ ਦਿੰਦੀ ਸੀ, ਮੈਨੂੰ ਫੁੱਲ ਮਿਲਦੇ ਸਨ ਤੇ ਮੈਂ ਤਾੜੀਆਂ ਦੀ ਗੂੰਜ ਸੁਣਦੀ ਸੀ। ਥੀਏਟਰ ਦੀ ਦੁਨੀਆਂ ਵਿਚ ਮੈਂ ਅਜਿਹੇ ਲੋਕਾਂ ਨਾਲ ਘਿਰੀ ਹੋਈ ਸੀ ਜੋ ਬਦਚਲਣ ਸਨ, ਸਿਗਰਟਾਂ ਪੀਂਦੇ ਤੇ ਸ਼ਰਾਬੀ ਸਨ। ਥੀਏਟਰ ਦੇ ਹੋਰ ਸਟਾਰਾਂ ਵਾਂਗ ਮੈਂ ਵੀ ਧਾਗੇ-ਤਵੀਤ ਪਾਉਂਦੀ ਸੀ।

ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ

ਸਾਡੇ ਵਿਆਹ ਵਾਲੇ ਦਿਨ

ਡੇਵਿਡ: ਕਈ ਸਾਲਾਂ ਤਕ ਡਾਂਸ ਕਰਨ ਲਈ ਦੁਨੀਆਂ ਭਰ ਦਾ ਸਫ਼ਰ ਕਰ-ਕਰ ਕੇ ਮੈਂ ਥੱਕ ਗਿਆ। ਪਿੰਡ ਵਿਚ ਜੰਮਿਆ-ਪਲਿਆ ਹੋਣ ਕਰਕੇ ਮੈਨੂੰ ਪਿੰਡ ਦੀ ਯਾਦ ਬਹੁਤ ਸਤਾਉਂਦੀ ਸੀ ਜਿੱਥੇ ਮੈਂ ਸਾਦੀ ਜ਼ਿੰਦਗੀ ਗੁਜ਼ਾਰਨੀ ਚਾਹੁੰਦਾ ਸੀ। 1967 ਵਿਚ ਮੈਂ ਆਪਣਾ ਕੈਰੀਅਰ ਛੱਡ ਦਿੱਤਾ ਅਤੇ ਮੈਂ ਆਪਣੇ ਮਾਪਿਆਂ ਦੇ ਘਰ ਦੇ ਨੇੜੇ ਇਕ ਵੱਡੇ ਸਾਰੇ ਫਾਰਮ ਵਿਚ ਕੰਮ ਕਰਨ ਲੱਗ ਪਿਆ। ਇਸ ਫਾਰਮ ਦੇ ਮਾਲਕ ਨੇ ਮੈਨੂੰ ਕਿਰਾਏ ’ਤੇ ਇਕ ਛੋਟਾ ਜਿਹਾ ਮਕਾਨ ਦੇ ਦਿੱਤਾ। ਫਿਰ ਮੈਂ ਗਵੈੱਨ ਨੂੰ ਫ਼ੋਨ ਕਰ ਕੇ ਪੁੱਛਿਆ ਕਿ ਉਹ ਮੇਰੇ ਨਾਲ ਵਿਆਹ ਕਰਾਵੇਗੀ। ਉਹ ਮਸ਼ਹੂਰ ਸੋਲੋ ਡਾਂਸਰ ਬਣ ਚੁੱਕੀ ਸੀ ਤੇ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਹੀ ਸੀ ਜਿਸ ਕਰਕੇ ਉਸ ਲਈ ਇਹ ਫ਼ੈਸਲਾ ਕਰਨਾ ਬਹੁਤ ਮੁਸ਼ਕਲ ਸੀ। ਫਿਰ ਵੀ ਉਹ ਮੇਰੇ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਈ ਤੇ ਪਿੰਡ ਆ ਗਈ। ਉਸ ਨੂੰ ਪਿੰਡ ਦੀ ਜ਼ਿੰਦਗੀ ਬਾਰੇ ਕੁਝ ਵੀ ਨਹੀਂ ਸੀ ਪਤਾ।

ਗਵੈੱਨ: ਫਾਰਮ ਵਿਚ ਜ਼ਿੰਦਗੀ ਬਿਤਾਉਣੀ ਬਹੁਤ ਔਖੀ ਸੀ ਜੋ ਕਿ ਸ਼ਹਿਰ ਵਿਚ ਮੇਰੀ ਐਸ਼ੋ-ਆਰਾਮ ਦੀ ਜ਼ਿੰਦਗੀ ਤੋਂ ਬਹੁਤ ਵੱਖਰੀ ਸੀ। ਮੈਨੂੰ ਕੁਝ ਨਹੀਂ ਪਤਾ ਸੀ ਕਿ ਹਰ ਤਰ੍ਹਾਂ ਦੇ ਮੌਸਮ ਵਿਚ ਗਾਵਾਂ ਕਿਵੇਂ ਚੋਣੀਆਂ ਅਤੇ ਸੂਰਾਂ ਤੇ ਮੁਰਗੀਆਂ ਨੂੰ ਕਿਵੇਂ ਖਿਲਾਉਣਾ-ਪਿਲਾਉਣਾ। ਡੇਵਿਡ ਨੌਂ ਮਹੀਨਿਆਂ ਲਈ ਇਕ ਅਜਿਹੇ ਕਾਲਜ ਵਿਚ ਕੋਰਸ ਕਰਨ ਲੱਗ ਪਿਆ ਜਿੱਥੇ ਉਸ ਨੇ ਪਸ਼ੂਆਂ ਦੀ ਦੇਖ-ਭਾਲ ਕਰਨ ਦੇ ਨਵੇਂ-ਨਵੇਂ ਤਰੀਕਿਆਂ ਬਾਰੇ ਪੜ੍ਹਾਈ ਕੀਤੀ। ਉਹ ਰਾਤ ਨੂੰ ਘਰ ਆਉਂਦਾ ਸੀ ਜਿਸ ਕਰਕੇ ਮੈਂ ਸਾਰਾ ਦਿਨ ਇਕੱਲਾਪਣ ਮਹਿਸੂਸ ਕਰਦੀ ਸੀ। ਇਸ ਸਮੇਂ ਤਕ ਸਾਡੀ ਪਹਿਲੀ ਧੀ ਜਿਲੀ ਵੀ ਪੈਦਾ ਹੋ ਗਈ ਸੀ। ਡੇਵਿਡ ਦੇ ਕਹਿਣ ਤੇ ਮੈਂ ਕਾਰ ਚਲਾਉਣੀ ਸਿੱਖ ਲਈ ਤੇ ਇਕ ਦਿਨ ਮੈਂ ਨੇੜੇ ਹੀ ਇਕ ਕਸਬੇ ਨੂੰ ਗਈ ਜਿੱਥੇ ਮੈਂ ਗੇਲ ਨੂੰ ਦੇਖਿਆ। ਮੈਂ ਉਸ ਨੂੰ ਉਦੋਂ ਮਿਲੀ ਸੀ ਜਦੋਂ ਉਹ ਸਾਡੇ ਪਿੰਡ ਵਿਚ ਇਕ ਦੁਕਾਨ ’ਤੇ ਕੰਮ ਕਰਦੀ ਹੁੰਦੀ ਸੀ।

ਵਿਆਹ ਤੋਂ ਥੋੜ੍ਹੇ ਚਿਰ ਬਾਅਦ ਫਾਰਮ ’ਤੇ ਕੰਮ ਕਰਦੇ ਹੋਏ

ਗੇਲ ਨੇ ਮੈਨੂੰ ਆਪਣੇ ਘਰ ਚਾਹ ਤੇ ਬੁਲਾਇਆ। ਅਸੀਂ ਇਕ-ਦੂਜੇ ਨੂੰ ਆਪਣੇ ਵਿਆਹ ਦੀਆਂ ਫੋਟੋਆਂ ਦਿਖਾਈਆਂ ਅਤੇ ਉਸ ਦੀ ਇਕ ਫੋਟੋ ਵਿਚ ਬਹੁਤ ਸਾਰੇ ਲੋਕ ਕਿੰਗਡਮ ਹਾਲ ਅੱਗੇ ਖੜ੍ਹੇ ਸਨ। ਮੈਂ ਉਸ ਨੂੰ ਪੁੱਛਿਆ ਕਿ ਫੋਟੋ ਵਿਚ ਇਹ ਕਿਹੜਾ ਚਰਚ ਸੀ। ਜਦੋਂ ਉਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਯਹੋਵਾਹ ਦੇ ਗਵਾਹ ਹਨ, ਤਾਂ ਮੈਂ ਬਹੁਤ ਖ਼ੁਸ਼ ਹੋਈ। ਮੈਨੂੰ ਯਾਦ ਸੀ ਕਿ ਮੇਰੀ ਇਕ ਭੂਆ ਯਹੋਵਾਹ ਦੀ ਗਵਾਹ ਸੀ। ਪਰ ਮੈਨੂੰ ਇਹ ਵੀ ਯਾਦ ਆਇਆ ਕਿ ਮੇਰੇ ਡੈਡੀ ਜੀ ਕਿੱਦਾਂ ਗੁੱਸੇ ਵਿਚ ਆ ਕੇ ਉਸ ਦੇ ਪ੍ਰਕਾਸ਼ਨਾਂ ਨੂੰ ਕੂੜੇ ਵਿਚ ਸੁੱਟ ਦਿੰਦੇ ਸਨ। ਮੈਂ ਸੋਚਦੀ ਹੁੰਦੀ ਸੀ ਕਿ ਮੇਰੇ ਡੈਡੀ ਜੀ ਉੱਦਾਂ ਤਾਂ ਦੂਜਿਆਂ ਨਾਲ ਬਹੁਤ ਵਧੀਆ ਤਰੀਕੇ ਨਾਲ ਮਿਲਦੇ-ਵਰਤਦੇ ਹਨ, ਪਰ ਪਤਾ ਨਹੀਂ ਉਹ ਕਿਉਂ ਮੇਰੀ ਭੂਆ ਨਾਲ ਗੁੱਸੇ ਹੁੰਦੇ ਹਨ ਜੋ ਇੰਨੀ ਚੰਗੀ ਹੈ।

ਹੁਣ ਮੈਨੂੰ ਇਹ ਦੇਖਣ ਦਾ ਮੌਕਾ ਮਿਲ ਗਿਆ ਸੀ ਕਿ ਮੇਰੀ ਭੂਆ ਦੇ ਵਿਸ਼ਵਾਸ ਚਰਚ ਦੀਆਂ ਸਿੱਖਿਆਵਾਂ ਤੋਂ ਕਿਵੇਂ ਵੱਖਰੇ ਸਨ। ਗੇਲ ਨੇ ਮੈਨੂੰ ਦਿਖਾਇਆ ਕਿ ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ। ਮੈਂ ਕਈ ਸਿੱਖਿਆਵਾਂ ਬਾਰੇ ਜਾਣ ਕੇ ਬਹੁਤ ਹੈਰਾਨ ਹੋਈ ਜੋ ਬਾਈਬਲ ਦੀਆਂ ਸਿੱਖਿਆਵਾਂ ਤੋਂ ਬਿਲਕੁਲ ਉਲਟ ਹਨ ਜਿਵੇਂ ਕਿ ਤ੍ਰਿਏਕ ਅਤੇ ਅਮਰ ਆਤਮਾ। (ਉਪ. 9:5, 10; ਯੂਹੰ. 14:28; 17:3) ਨਾਲੇ ਮੈਂ ਬਾਈਬਲ ਵਿਚ ਪਹਿਲੀ ਵਾਰ ਦੇਖਿਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ।—ਕੂਚ 6:3.

ਡੇਵਿਡ: ਗਵੈੱਨ ਨੇ ਮੈਨੂੰ ਦੱਸਿਆ ਕਿ ਉਹ ਕੀ ਸਿੱਖ ਰਹੀ ਸੀ। ਮੈਨੂੰ ਯਾਦ ਹੈ ਕਿ ਜਦੋਂ ਮੈਂ ਅਜੇ ਛੋਟਾ ਹੀ ਸੀ, ਤਾਂ ਮੇਰੇ ਡੈਡੀ ਜੀ ਕਹਿੰਦੇ ਹੁੰਦੇ ਸਨ ਕਿ ਮੈਨੂੰ ਬਾਈਬਲ ਪੜ੍ਹਨੀ ਚਾਹੀਦੀ ਹੈ। ਇਸ ਲਈ ਮੈਂ ਤੇ ਗਵੈੱਨ ਗੇਲ ਅਤੇ ਉਸ ਦੇ ਪਤੀ ਡੈਰਿਕ ਨਾਲ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਏ। ਅਸੀਂ ਛੇ ਮਹੀਨਿਆਂ ਬਾਅਦ ਔਜ਼ਵਸਟਰੀ ਚਲੇ ਗਏ ਜੋ ਸ਼ਰੋਪਸ਼ਾਇਰ ਜ਼ਿਲ੍ਹੇ ਵਿਚ ਹੈ ਕਿਉਂਕਿ ਸਾਨੂੰ ਉੱਥੇ ਛੋਟਾ ਜਿਹਾ ਫਾਰਮ ਕਿਰਾਏ ’ਤੇ ਮਿਲ ਗਿਆ ਸੀ। ਉੱਥੇ ਦੀ ਇਕ ਡੇਅਡਰੀ ਨਾਂ ਦੀ ਗਵਾਹ ਅੱਗੋਂ ਸਾਡੇ ਨਾਲ ਬਾਈਬਲ ਸਟੱਡੀ ਕਰਨ ਲੱਗ ਪਈ ਤੇ ਉਸ ਨੇ ਬੜਾ ਧੀਰਜ ਰੱਖਿਆ। ਪਹਿਲਾਂ-ਪਹਿਲਾਂ ਅਸੀਂ ਸੱਚਾਈ ਵਿਚ ਇੰਨੀ ਤਰੱਕੀ ਨਹੀਂ ਕਰ ਰਹੇ ਸੀ। ਅਸੀਂ ਪਸ਼ੂਆਂ ਦੀ ਦੇਖ-ਭਾਲ ਕਰਨ ਵਿਚ ਬਹੁਤ ਬਿਜ਼ੀ ਰਹੇ। ਫਿਰ ਹੌਲੀ-ਹੌਲੀ ਸੱਚਾਈ ਸਾਡੇ ਦਿਲਾਂ ਵਿਚ ਜੜ੍ਹ ਫੜਨ ਲੱਗੀ।

ਗਵੈੱਨ: ਮੇਰੇ ਲਈ ਆਪਣੇ ਅੰਧਵਿਸ਼ਵਾਸ ਨੂੰ ਛੱਡਣਾ ਬਹੁਤ ਔਖਾ ਸੀ। ਯਸਾਯਾਹ 65:11 (CL) ਨੇ ਮੇਰੀ ਇਹ ਦੇਖਣ ਵਿਚ ਮਦਦ ਕੀਤੀ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਕਿਵੇਂ ਵਿਚਾਰਦਾ ਹੈ ਜੋ “ਕਿਸਮਤ” ਦੀ ਦੇਵੀ ਦੀ ਪੂਜਾ ਕਰਦੇ ਹਨ। ਸਾਰੇ ਧਾਗਿਆਂ-ਤਵੀਤਾਂ ਨੂੰ ਸੁੱਟ ਦੇਣ ਵਿਚ ਮੈਨੂੰ ਕਾਫ਼ੀ ਸਮਾਂ ਲੱਗਾ ਤੇ ਪ੍ਰਾਰਥਨਾ ਕਰਨੀ ਪਈ। ਮੈਂ ਸਿੱਖਿਆ ਕਿ “ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ, ਉਸ ਨੂੰ ਨੀਵਾਂ ਕੀਤਾ ਜਾਵੇਗਾ ਅਤੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਉਸ ਨੂੰ ਉੱਚਾ ਕੀਤਾ ਜਾਵੇਗਾ।” (ਮੱਤੀ 23:12) ਇਸ ਹਵਾਲੇ ਤੋਂ ਮੈਨੂੰ ਪਤਾ ਲੱਗਾ ਕਿ ਯਹੋਵਾਹ ਕਿਸ ਤਰ੍ਹਾਂ ਦੇ ਇਨਸਾਨਾਂ ਨੂੰ ਪਸੰਦ ਕਰਦਾ ਹੈ। ਮੈਂ ਉਸ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੀ ਸੀ ਜਿਸ ਨੇ ਸਾਡੇ ਨਾਲ ਪਿਆਰ ਕਰਨ ਕਰਕੇ ਆਪਣੇ ਪਿਆਰੇ ਪੁੱਤਰ ਦੀ ਕੁਰਬਾਨੀ ਦਿੱਤੀ। ਇਸ ਸਮੇਂ ਤਕ ਸਾਡੀ ਦੂਜੀ ਧੀ ਹੋ ਗਈ ਸੀ ਤੇ ਸਾਨੂੰ ਇਹ ਜਾਣ ਕੇ ਬਹੁਤ ਹੀ ਖ਼ੁਸ਼ੀ ਹੋਈ ਕਿ ਸਾਡਾ ਪਰਿਵਾਰ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਜੀਉਂਦਾ ਰਹਿ ਸਕਦਾ ਹੈ।

ਡੇਵਿਡ: ਜਦੋਂ ਮੈਂ ਮੱਤੀ 24, ਦਾਨੀਏਲ ਤੇ ਬਾਈਬਲ ਦੀਆਂ ਹੋਰ ਪੂਰੀਆਂ ਹੋ ਰਹੀਆਂ ਭਵਿੱਖਬਾਣੀਆਂ ਨੂੰ ਸਮਝ ਗਿਆ, ਉਦੋਂ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਇਹੀ ਸੱਚਾਈ ਹੈ। ਮੈਂ ਜਾਣ ਗਿਆ ਕਿ ਇਸ ਦੁਨੀਆਂ ਵਿਚ ਕੋਈ ਵੀ ਅਜਿਹੀ ਚੀਜ਼ ਨਹੀਂ ਹੈ ਜੋ ਯਹੋਵਾਹ ਨਾਲ ਚੰਗੇ ਰਿਸ਼ਤੇ ਦੀ ਬਰਾਬਰੀ ਕਰ ਸਕੇ। ਇਸ ਤਰ੍ਹਾਂ ਸਮੇਂ ਦੇ ਬੀਤਣ ਨਾਲ ਮੈਂ ਜ਼ਿਆਦਾ ਚੀਜ਼ਾਂ ਪਾਉਣ ਦੀ ਖ਼ਾਹਸ਼ ਛੱਡ ਦਿੱਤੀ। ਮੈਂ ਜਾਣ ਗਿਆ ਕਿ ਜਿੰਨਾ ਅਹਿਮ ਮੈਂ ਆਪਣੇ ਆਪ ਨੂੰ ਸਮਝਦਾ ਹਾਂ, ਉੱਨਾ ਹੀ ਅਹਿਮ ਮੈਨੂੰ ਆਪਣੀ ਪਤਨੀ ਤੇ ਧੀਆਂ ਨੂੰ ਸਮਝਣਾ ਚਾਹੀਦਾ ਹੈ। ਫ਼ਿਲਿੱਪੀਆਂ 2:4 ਪੜ੍ਹ ਕੇ ਮੈਨੂੰ ਯਕੀਨ ਹੋ ਗਿਆ ਕਿ ਮੈਨੂੰ ਨਾ ਤਾਂ ਆਪਣੇ ਬਾਰੇ ਜ਼ਿਆਦਾ ਸੋਚਣਾ ਚਾਹੀਦਾ ਹੈ ਤੇ ਨਾ ਹੀ ਮੈਨੂੰ ਹੋਰ ਵੱਡਾ ਫਾਰਮ ਲੈਣ ਦੀ ਖ਼ਾਹਸ਼ ਰੱਖਣੀ ਚਾਹੀਦੀ ਹੈ। ਇਸ ਦੀ ਬਜਾਇ, ਮੈਨੂੰ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲੀ ਥਾਂ ’ਤੇ ਰੱਖਣਾ ਚਾਹੀਦਾ ਹੈ। ਮੈਂ ਸਿਗਰਟ ਪੀਣੀ ਛੱਡ ਦਿੱਤੀ। ਪਰ ਹਰ ਸ਼ਨੀਵਾਰ ਸ਼ਾਮ ਨੂੰ 10 ਕਿਲੋਮੀਟਰ (6 ਮੀਲ) ਦੂਰ ਮੀਟਿੰਗਾਂ ’ਤੇ ਜਾਣਾ ਸਾਡੇ ਲਈ ਸੌਖਾ ਨਹੀਂ ਸੀ ਕਿਉਂਕਿ ਉਹੀ ਸਮਾਂ ਗਾਵਾਂ ਚੋਣ ਦਾ ਹੁੰਦਾ ਸੀ। ਪਰ ਗਵੈੱਨ ਦੀ ਮਦਦ ਨਾਲ ਅਸੀਂ ਇਕ ਵੀ ਮੀਟਿੰਗ ਨਹੀਂ ਛੱਡੀ ਅਤੇ ਹਰ ਐਤਵਾਰ ਸਵੇਰ ਨੂੰ ਗਾਵਾਂ ਚੋਣ ਤੋਂ ਬਾਅਦ ਅਸੀਂ ਆਪਣੀਆਂ ਧੀਆਂ ਨਾਲ ਪ੍ਰਚਾਰ ’ਤੇ ਜਾਂਦੇ ਸੀ।

ਸਾਡੇ ਗਵਾਹ ਬਣਨ ਕਰਕੇ ਸਾਡੇ ਰਿਸ਼ਤੇਦਾਰ ਸਾਡੇ ਨਾਲ ਨਾਰਾਜ਼ ਹੋ ਗਏ। ਗਵੈੱਨ ਦੇ ਡੈਡੀ ਨੇ ਉਸ ਨਾਲ ਛੇ ਸਾਲ ਗੱਲ ਨਹੀਂ ਕੀਤੀ। ਮੇਰੇ ਮਾਪਿਆਂ ਨੇ ਵੀ ਸਾਨੂੰ ਯਹੋਵਾਹ ਦੇ ਗਵਾਹਾਂ ਨਾਲ ਮਿਲਣ ਤੋਂ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ।

ਗਵੈੱਨ: ਯਹੋਵਾਹ ਇਨ੍ਹਾਂ ਮੁਸ਼ਕਲਾਂ ਵਿਚ ਸਾਡਾ ਸਹਾਰਾ ਬਣਿਆ। ਸਮੇਂ ਦੇ ਬੀਤਣ ਨਾਲ ਔਜ਼ਵਸਟਰੀ ਮੰਡਲੀ ਦੇ ਭੈਣ-ਭਰਾ ਸਾਡਾ ਪਰਿਵਾਰ ਬਣ ਗਏ। ਇਨ੍ਹਾਂ ਨੇ ਅਜ਼ਮਾਇਸ਼ਾਂ ਵਿਚ ਸਾਡਾ ਸਾਥ ਨਿਭਾਇਆ। (ਲੂਕਾ 18:29, 30) ਅਸੀਂ 1972 ਵਿਚ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ। ਮੈਂ ਬਹੁਤ ਸਾਰੇ ਲੋਕਾਂ ਦੀ ਸੱਚਾਈ ਜਾਣਨ ਵਿਚ ਮਦਦ ਕਰਨੀ ਚਾਹੁੰਦੀ ਸੀ, ਇਸ ਲਈ ਮੈਂ ਪਾਇਨੀਅਰਿੰਗ ਕਰਨ ਲੱਗ ਪਈ।

ਇਕ ਨਵਾਂ ਕੈਰੀਅਰ

ਡੇਵਿਡ: ਭਾਵੇਂ ਕਈ ਸਾਲਾਂ ਤਕ ਸਾਨੂੰ ਫਾਰਮ ’ਤੇ ਖ਼ੂਨ-ਪਸੀਨਾ ਇਕ ਕਰਨਾ ਪਿਆ, ਪਰ ਫਿਰ ਵੀ ਅਸੀਂ ਯਹੋਵਾਹ ਦੀ ਸੇਵਾ ਕਰ ਕੇ ਆਪਣੀਆਂ ਧੀਆਂ ਲਈ ਚੰਗੀ ਮਿਸਾਲ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਸਰਕਾਰ ਤੋਂ ਸਾਨੂੰ ਜੋ ਮਦਦ ਮਿਲ ਰਹੀ ਸੀ, ਉਹ ਕੁਝ ਸਮੇਂ ਬਾਅਦ ਮਿਲਣੀ ਬੰਦ ਹੋ ਗਈ ਜਿਸ ਕਰਕੇ ਸਾਨੂੰ ਫਾਰਮ ਛੱਡ ਕੇ ਜਾਣਾ ਪਿਆ। ਬੇਘਰ ਤੇ ਬੇਰੋਜ਼ਗਾਰ ਹੋਣ ਕਰਕੇ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸਾਨੂੰ ਮਦਦ ਤੇ ਸੇਧ ਦੇਵੇ। ਉਸ ਵੇਲੇ ਸਾਡੀ ਤੀਜੀ ਧੀ ਸਿਰਫ਼ ਇਕ ਸਾਲ ਦੀ ਸੀ। ਅਸੀਂ ਆਪਣਾ ਹੁਨਰ ਇਸਤੇਮਾਲ ਕਰ ਕੇ ਪਰਿਵਾਰ ਦੇ ਗੁਜ਼ਾਰੇ ਲਈ ਡਾਂਸ ਸਟੂਡੀਓ ਖੋਲ੍ਹਣ ਦਾ ਫ਼ੈਸਲਾ ਕੀਤਾ। ਯਹੋਵਾਹ ਦੀ ਭਗਤੀ ਨੂੰ ਪਹਿਲ ਦੇਣ ਦੇ ਚੰਗੇ ਨਤੀਜੇ ਨਿਕਲੇ। ਸਾਡੇ ਲਈ ਇਹ ਬਹੁਤ ਖ਼ੁਸ਼ੀ ਦੀ ਗੱਲ ਸੀ ਕਿ ਸਾਡੀਆਂ ਤਿੰਨੇ ਧੀਆਂ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਪਾਇਨੀਅਰਿੰਗ ਕਰਨ ਲੱਗ ਪਈਆਂ। ਗਵੈੱਨ ਵੀ ਪਾਇਨੀਅਰਿੰਗ ਕਰਦੀ ਸੀ, ਇਸ ਲਈ ਉਹ ਹਰ ਰੋਜ਼ ਪ੍ਰਚਾਰ ਕਰਨ ਵਿਚ ਸਾਡੀਆਂ ਧੀਆਂ ਦੀ ਮਦਦ ਕਰ ਸਕਦੀ ਸੀ।

ਸਾਡੀਆਂ ਦੋਨੋਂ ਵੱਡੀਆਂ ਧੀਆਂ ਜਿਲੀ ਅਤੇ ਡਨੀਸ ਦਾ ਵਿਆਹ ਹੋਣ ਤੋਂ ਬਾਅਦ ਅਸੀਂ ਡਾਂਸ ਸਟੂਡੀਓ ਬੰਦ ਕਰ ਦਿੱਤਾ। ਅਸੀਂ ਬ੍ਰਾਂਚ ਆਫ਼ਿਸ ਨੂੰ ਲਿਖਿਆ ਕਿ ਅਸੀਂ ਪ੍ਰਚਾਰ ਕਰਨ ਲਈ ਕਿਤੇ ਵੀ ਜਾਣ ਲਈ ਤਿਆਰ ਹਾਂ। ਉਨ੍ਹਾਂ ਨੇ ਸਾਨੂੰ ਇੰਗਲੈਂਡ ਦੇ ਦੱਖਣੀ-ਪੂਰਬੀ ਕਸਬਿਆਂ ਵਿਚ ਘੱਲਿਆ। ਹੁਣ ਸਾਡੀ ਇੱਕੋ ਧੀ ਡੈਬੀ ਵਿਆਹੁਣ ਵਾਲੀ ਰਹਿੰਦੀ ਸੀ ਤੇ ਮੈਂ ਵੀ ਪਾਇਨੀਅਰਿੰਗ ਕਰਨ ਲੱਗ ਪਿਆ। ਪੰਜ ਸਾਲਾਂ ਬਾਅਦ ਸਾਨੂੰ ਦੂਰ ਉੱਤਰ ਵਿਚ ਹੋਰ ਮੰਡਲੀਆਂ ਦੀ ਮਦਦ ਕਰਨ ਲਈ ਭੇਜਿਆ ਗਿਆ। ਡੈਬੀ ਦਾ ਵਿਆਹ ਹੋਣ ਤੋਂ ਬਾਅਦ ਸਾਨੂੰ 10 ਸਾਲਾਂ ਤਕ ਹੋਰ ਦੇਸ਼ਾਂ ਵਿਚ ਜਾ ਕੇ ਉਸਾਰੀ ਦਾ ਕੰਮ ਕਰਨ ਦਾ ਸਨਮਾਨ ਮਿਲਿਆ ਜਿਵੇਂ ਕਿ ਜ਼ਿਮਬਾਬਵੇ, ਮੌਲਡੋਵਾ, ਹੰਗਰੀ ਅਤੇ ਕੋਟ ਡਿਵੁਆਰ। ਫਿਰ ਅਸੀਂ ਲੰਡਨ ਬੈਥਲ ਵਿਚ ਉਸਾਰੀ ਦੇ ਕੰਮ ਵਿਚ ਮਦਦ ਕਰਨ ਲਈ ਇੰਗਲੈਂਡ ਵਾਪਸ ਆ ਗਏ। ਫਾਰਮ ’ਤੇ ਕੰਮ ਕਰਨ ਦਾ ਤਜਰਬਾ ਹੋਣ ਕਰਕੇ ਮੈਨੂੰ ਉਸ ਸਮੇਂ ਬੈਥਲ ਦੇ ਫਾਰਮ ਵਿਚ ਮਦਦ ਕਰਨ ਲਈ ਕਿਹਾ ਗਿਆ। ਹੁਣ ਅਸੀਂ ਇੰਗਲੈਂਡ ਦੇ ਉੱਤਰ-ਪੱਛਮ ਵਿਚ ਪਾਇਨੀਅਰਿੰਗ ਕਰ ਰਹੇ ਹਾਂ।

ਅਲੱਗ-ਅਲੱਗ ਦੇਸ਼ਾਂ ਵਿਚ ਹੁੰਦੇ ਉਸਾਰੀ ਦੇ ਕੰਮ ਵਿਚ ਹਿੱਸਾ ਲੈ ਕੇ ਸਾਨੂੰ ਬਹੁਤ ਖ਼ੁਸ਼ੀ ਮਿਲੀ

ਗਵੈੱਨ: ਭਾਵੇਂ ਸਾਨੂੰ ਆਪਣੇ ਪਹਿਲੇ ਕੈਰੀਅਰ ਵਿਚ ਤਨ-ਮਨ ਲਾ ਕੇ ਖ਼ੁਸ਼ੀ ਹੁੰਦੀ ਸੀ, ਪਰ ਇਹ ਖ਼ੁਸ਼ੀ ਜ਼ਿਆਦਾ ਚਿਰ ਤਕ ਨਹੀਂ ਰਹਿੰਦੀ ਸੀ। ਪਰ ਦੂਜੇ ਸਭ ਤੋਂ ਅਹਿਮ ਕੈਰੀਅਰ ਯਾਨੀ ਯਹੋਵਾਹ ਦੀ ਸੇਵਾ ਵਿਚ ਤਨ-ਮਨ ਲਾ ਕੇ ਸਾਨੂੰ ਬਹੁਤ ਖ਼ੁਸ਼ੀ ਮਿਲੀ ਹੈ ਜੋ ਹਮੇਸ਼ਾ-ਹਮੇਸ਼ਾ ਲਈ ਰਹੇਗੀ। ਅਸੀਂ ਹੁਣ ਵੀ ਪਾਰਟਨਰ ਹਾਂ, ਪਰ ਇਸ ਵੇਲੇ ਅਸੀਂ ਆਪਣੇ ਪੈਰਾਂ ਨੂੰ ਡਾਂਸ ਦੀ ਬਜਾਇ ਪਾਇਨੀਅਰਿੰਗ ਕਰਨ ਵਿਚ ਵਰਤ ਰਹੇ ਹਾਂ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜ਼ਿੰਦਗੀਆਂ ਬਚਾਉਣ ਵਾਲੀਆਂ ਸੱਚਾਈਆਂ ਜਾਣਨ ਵਿਚ ਮਦਦ ਕਰਨ ਨਾਲ ਸਾਨੂੰ ਇੰਨੀ ਖ਼ੁਸ਼ੀ ਮਿਲੀ ਹੈ ਕਿ ਅਸੀਂ ਦੱਸ ਨਹੀਂ ਸਕਦੇ! ਇਹ “ਸਿਫ਼ਾਰਸ਼ੀ ਚਿੱਠੀਆਂ” ਦੁਨੀਆਂ ਵਿਚ ਕਿਸੇ ਵੀ ਸ਼ੁਹਰਤ ਨਾਲੋਂ ਜ਼ਿਆਦਾ ਅਹਿਮ ਹਨ। (2 ਕੁਰਿੰ. 3:1, 2) ਜੇ ਸਾਨੂੰ ਸੱਚਾਈ ਨਾ ਮਿਲਦੀ, ਤਾਂ ਅੱਜ ਸਾਡੇ ਕੋਲ ਪੁਰਾਣੀਆਂ ਯਾਦਾਂ, ਫੋਟੋਆਂ ਅਤੇ ਥੀਏਟਰ ਦੇ ਪ੍ਰੋਗ੍ਰਾਮ ਤੋਂ ਸਿਵਾਇ ਹੋਰ ਕੁਝ ਨਾ ਹੁੰਦਾ।

ਡੇਵਿਡ: ਯਹੋਵਾਹ ਦੀ ਸੇਵਾ ਨੂੰ ਆਪਣਾ ਕੈਰੀਅਰ ਬਣਾਉਣ ਨਾਲ ਸਾਡੀਆਂ ਜ਼ਿੰਦਗੀਆਂ ਹੀ ਬਦਲ ਗਈਆਂ। ਮੈਂ ਜਾਣਦਾ ਹਾਂ ਕਿ ਇਸ ਕੈਰੀਅਰ ਕਰਕੇ ਮੈਂ ਹੋਰ ਵੀ ਵਧੀਆ ਪਤੀ ਤੇ ਪਿਤਾ ਬਣ ਸਕਿਆ। ਬਾਈਬਲ ਸਾਨੂੰ ਮਿਰਯਮ, ਰਾਜਾ ਦਾਊਦ ਅਤੇ ਹੋਰ ਵੀ ਯਹੋਵਾਹ ਦੇ ਸੇਵਕਾਂ ਬਾਰੇ ਦੱਸਦੀ ਹੈ ਜਿਨ੍ਹਾਂ ਨੇ ਨੱਚ ਕੇ ਆਪਣੀ ਖ਼ੁਸ਼ੀ ਜ਼ਾਹਰ ਕੀਤੀ। ਅਸੀਂ ਉਸ ਦਿਨ ਦੀ ਉਡੀਕ ਕਰ ਰਹੇ ਹਾਂ ਜਦੋਂ ਅਸੀਂ ਵੀ ਹੋਰਾਂ ਨਾਲ ਯਹੋਵਾਹ ਦੀ ਨਵੀਂ ਦੁਨੀਆਂ ਵਿਚ ਨੱਚ ਕੇ ਖ਼ੁਸ਼ੀਆਂ ਮਨਾਵਾਂਗੇ।—ਕੂਚ 15:20; 2 ਸਮੂ. 6:14.