Skip to content

Skip to table of contents

ਚਾਂਦੀ ਦੇ ਸਿੱਕਿਆਂ ਦੀ ਮਿਸਾਲ ਤੋਂ ਸਿੱਖੋ

ਚਾਂਦੀ ਦੇ ਸਿੱਕਿਆਂ ਦੀ ਮਿਸਾਲ ਤੋਂ ਸਿੱਖੋ

“ਇਕ ਨੌਕਰ ਨੂੰ ਚਾਂਦੀ ਦੇ ਸਿੱਕਿਆਂ ਦੀਆਂ ਪੰਜ ਥੈਲੀਆਂ ਦਿੱਤੀਆਂ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇਕ।”—ਮੱਤੀ 25:15.

1, 2. ਯਿਸੂ ਨੇ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਕਿਉਂ ਦਿੱਤੀ ਸੀ?

ਚਾਂਦੀ ਦੇ ਸਿੱਕਿਆਂ ਦੀ ਮਿਸਾਲ ਦੇ ਕੇ ਯਿਸੂ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਉਸ ਦੇ ਚੁਣੇ ਹੋਏ ਚੇਲਿਆਂ ਦੇ ਮੋਢਿਆਂ ਉੱਤੇ ਇਕ ਜ਼ਿੰਮੇਵਾਰੀ ਹੈ। ਪਰ ਇਸ ਮਿਸਾਲ ਦਾ ਅਸਰ ਸਾਰੇ ਸੱਚੇ ਮਸੀਹੀਆਂ ’ਤੇ ਪੈਂਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਮਿਸਾਲ ਦਾ ਮਤਲਬ ਸਮਝਣ ਦੀ ਲੋੜ ਹੈ ਭਾਵੇਂ ਸਾਡੀ ਆਸ ਸਵਰਗ ਜਾਣ ਦੀ ਹੋਵੇ ਜਾਂ ਧਰਤੀ ਉੱਤੇ ਰਹਿਣ ਦੀ।

2 ਯਿਸੂ ਨੇ ਇਹ ਮਿਸਾਲ ਕਦੋਂ ਦਿੱਤੀ ਸੀ? ਇਹ ਮਿਸਾਲ ਉਸ ਨੇ ਉਦੋਂ ਦਿੱਤੀ ਸੀ ਜਦੋਂ ਉਹ ਆਪਣੇ ਚੇਲਿਆਂ ਨੂੰ ਨਿਸ਼ਾਨੀਆਂ ਦੱਸ ਰਿਹਾ ਸੀ ਜਿਨ੍ਹਾਂ ਤੋਂ ਪਤਾ ਲੱਗਣਾ ਸੀ ਕਿ ਯਿਸੂ ਰਾਜਾ ਬਣ ਗਿਆ ਹੈ ਤੇ ਆਖ਼ਰੀ ਸਮੇਂ ਸ਼ੁਰੂ ਹੋ ਗਏ ਹਨ। (ਮੱਤੀ 24:3) ਇਸ ਲਈ ਇਹ ਮਿਸਾਲ ਆਖ਼ਰੀ ਸਮੇਂ ਦੀਆਂ ਨਿਸ਼ਾਨੀਆਂ ਦਾ ਇਕ ਹਿੱਸਾ ਹੈ ਤੇ ਇਹ ਮਿਸਾਲ ਸਾਡੇ ਜ਼ਮਾਨੇ ਵਿਚ ਪੂਰੀ ਹੋ ਰਹੀ ਹੈ।

3. ਮੱਤੀ 24 ਤੇ 25 ਵਿਚ ਦਿੱਤੀਆਂ ਮਿਸਾਲਾਂ ਤੋਂ ਅਸੀਂ ਕੀ ਸਿੱਖਦੇ ਹਾਂ?

3 ਜਦੋਂ ਯਿਸੂ ਨੇ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਦਿੱਤੀ ਸੀ, ਤਾਂ ਉਸ ਨੇ ਹੋਰ ਤਿੰਨ ਮਿਸਾਲਾਂ ਦਿੱਤੀਆਂ ਸਨ ਜੋ ਯੁਗ ਦੇ ਆਖ਼ਰੀ ਸਮੇਂ ਦੀਆਂ ਨਿਸ਼ਾਨੀਆਂ ਦਾ ਹਿੱਸਾ ਸਨ। ਇਨ੍ਹਾਂ ਸਾਰੀਆਂ ਮਿਸਾਲਾਂ ਵਿਚ ਖ਼ਾਸ ਗੁਣਾਂ ਬਾਰੇ ਦੱਸਿਆ ਗਿਆ ਸੀ ਜੋ ਉਸ ਦੇ ਸੇਵਕਾਂ ਵਿਚ ਹੋਣੇ ਚਾਹੀਦੇ ਹਨ। ਅਸੀਂ ਇਨ੍ਹਾਂ ਮਿਸਾਲਾਂ ਨੂੰ ਮੱਤੀ 24:45 ਤੋਂ ਲੈ ਕੇ ਮੱਤੀ 25:46 ਵਿਚ ਪੜ੍ਹ ਸਕਦੇ ਹਾਂ। ਪਹਿਲੀ ਮਿਸਾਲ ਵਫ਼ਾਦਾਰ ਨੌਕਰ ਬਾਰੇ ਹੈ। ਇਹ ਵਫ਼ਾਦਾਰ ਨੌਕਰ ਚੁਣੇ ਹੋਏ ਮਸੀਹੀਆਂ ਦਾ ਛੋਟਾ ਜਿਹਾ ਗਰੁੱਪ ਹੈ ਜਿਸ ਨੂੰ ਯਹੋਵਾਹ ਦੇ ਲੋਕਾਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਸ ਨੂੰ ਵਫ਼ਾਦਾਰ ਅਤੇ ਸਮਝਦਾਰ ਬਣਨ ਦੀ ਲੋੜ ਹੈ। ਅਗਲੀ ਮਿਸਾਲ ਦਸ ਕੁਆਰੀਆਂ ਬਾਰੇ ਹੈ। ਇਸ ਵਿਚ ਯਿਸੂ ਨੇ ਸਾਰੇ ਚੁਣੇ ਹੋਏ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੂੰ ਤਿਆਰ ਤੇ ਖ਼ਬਰਦਾਰ ਰਹਿਣ ਦੀ ਲੋੜ ਹੈ ਕਿਉਂਕਿ ਉਹ ਨਹੀਂ ਜਾਣਦੇ ਕਿ ਯਿਸੂ ਕਿਸ ਦਿਨ ਜਾਂ ਕਿਸ ਵੇਲੇ ਆਵੇਗਾ। ਯਿਸੂ ਨੇ ਅਗਲੀ ਮਿਸਾਲ ਚਾਂਦੀ ਦੇ ਸਿੱਕਿਆਂ ਬਾਰੇ ਦਿੱਤੀ ਜਿਸ ਵਿਚ ਉਸ ਨੇ ਸਾਰੇ ਚੁਣੇ ਹੋਏ ਮਸੀਹੀਆਂ ਨੂੰ ਸਿਖਾਇਆ ਕਿ ਉਨ੍ਹਾਂ ਨੂੰ ਮਸੀਹੀ ਜ਼ਿੰਮੇਵਾਰੀਆਂ ਨਿਭਾਉਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਫਿਰ ਯਿਸੂ ਨੇ ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਦਿੱਤੀ ਤੇ ਇਹ ਮਿਸਾਲ ਉਨ੍ਹਾਂ ਮਸੀਹੀਆਂ ਲਈ ਹੈ ਜਿਨ੍ਹਾਂ ਦੀ ਉਮੀਦ ਧਰਤੀ ’ਤੇ ਰਹਿਣ ਦੀ ਹੈ। ਉਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਨ੍ਹਾਂ ਮਸੀਹੀਆਂ ਨੂੰ ਵਫ਼ਾਦਾਰ ਰਹਿਣ ਦੀ ਲੋੜ ਹੈ ਤੇ ਉਨ੍ਹਾਂ ਨੂੰ ਪੂਰੀ ਵਾਹ ਲਾ ਕੇ ਯਿਸੂ ਦੇ ਚੁਣੇ ਹੋਏ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਹੈ। * ਇਸ ਲੇਖ ਵਿਚ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਦਾ ਮਤਲਬ ਸਮਝਾਇਆ ਜਾਵੇਗਾ।

ਆਦਮੀ ਆਪਣੇ ਨੌਕਰਾਂ ਨੂੰ ਧਨ-ਦੌਲਤ ਦਿੰਦਾ ਹੈ

4, 5. ਮਿਸਾਲ ਵਿਚ ਦੱਸਿਆ ਆਦਮੀ ਕੌਣ ਹੈ ਅਤੇ ਟੈਲੰਟ ਯਾਨੀ ਚਾਂਦੀ ਦੇ ਸਿੱਕਿਆਂ ਦੀ ਇਕ ਥੈਲੀ ਕਿਸ ਦੇ ਬਰਾਬਰ ਸੀ?

4 ਮੱਤੀ 25:14-30 ਪੜ੍ਹੋ। ਚਾਂਦੀ ਦੇ ਸਿੱਕਿਆਂ ਦੀ ਮਿਸਾਲ ਵਿਚ ਯਿਸੂ ਨੇ ਇਕ ਆਦਮੀ ਬਾਰੇ ਦੱਸਿਆ ਜੋ ਸਫ਼ਰ ’ਤੇ ਗਿਆ। ਇਸੇ ਤਰ੍ਹਾਂ ਦੀ ਇਕ ਹੋਰ ਮਿਸਾਲ ਵਿਚ ਯਿਸੂ ਨੇ ਇਕ ਆਦਮੀ ਬਾਰੇ ਦੱਸਿਆ ਜੋ ਰਾਜਾ ਬਣਨ ਲਈ ਸਫ਼ਰ ’ਤੇ ਗਿਆ। * ਸਾਡੇ ਪ੍ਰਕਾਸ਼ਨਾਂ ਵਿਚ ਬਹੁਤ ਸਾਲਾਂ ਤੋਂ ਸਮਝਾਇਆ ਗਿਆ ਹੈ ਕਿ ਦੋਵੇਂ ਮਿਸਾਲਾਂ ਵਿਚ ਦੱਸਿਆ ਆਦਮੀ ਯਿਸੂ ਹੈ ਜੋ 33 ਈਸਵੀ ਵਿਚ ਸਵਰਗ ਗਿਆ। ਪਰ ਸਵਰਗ ਜਾਂਦਿਆਂ ਹੀ ਯਿਸੂ ਨੂੰ ਇਕਦਮ ਰਾਜਾ ਨਹੀਂ ਬਣਾ ਦਿੱਤਾ ਗਿਆ। ਉਸ ਨੂੰ 1914 ਤਕ ਇੰਤਜ਼ਾਰ ਕਰਨਾ ਪਿਆ ਜਦੋਂ ਉਸ ਦੇ “ਵੈਰੀਆਂ ਨੂੰ ਉਸ ਦੇ ਪੈਰਾਂ ਦੀ ਚੌਂਕੀ ਬਣਾਇਆ” ਗਿਆ।—ਇਬ. 10:12, 13.

5 ਮਿਸਾਲ ਵਿਚ ਉਸ ਮਾਲਕ ਕੋਲ ਚਾਂਦੀ ਦੇ ਸਿੱਕਿਆਂ ਦੀਆਂ ਅੱਠ ਥੈਲੀਆਂ ਸਨ। ਉਨ੍ਹਾਂ ਦਿਨਾਂ ਵਿਚ ਇਹ ਬਹੁਤ ਜ਼ਿਆਦਾ ਧਨ-ਦੌਲਤ ਸੀ। * ਸਫ਼ਰ ’ਤੇ ਜਾਣ ਤੋਂ ਪਹਿਲਾਂ ਉਸ ਨੇ ਚਾਂਦੀ ਦੇ ਸਿੱਕਿਆਂ ਦੀਆਂ ਥੈਲੀਆਂ ਨੂੰ ਆਪਣੇ ਨੌਕਰਾਂ ਵਿਚ ਵੰਡ ਦਿੱਤਾ। ਉਸ ਨੇ ਨੌਕਰਾਂ ਨੂੰ ਕਾਰੋਬਾਰ ਕਰਨ ਲਈ ਕਿਹਾ। ਜਿਸ ਤਰ੍ਹਾਂ ਉਸ ਆਦਮੀ ਕੋਲ ਧਨ-ਦੌਲਤ ਸੀ, ਉਸੇ ਤਰ੍ਹਾਂ ਯਿਸੂ ਕੋਲ ਵੀ ਕੁਝ ਸੀ ਜਿਸ ਦੀ ਬਹੁਤ ਕੀਮਤ ਸੀ। ਉਹ ਕੀ ਸੀ? ਇਹ ਉਹ ਕੰਮ ਸੀ ਜੋ ਯਿਸੂ ਨੇ ਧਰਤੀ ਉੱਤੇ ਰਹਿੰਦਿਆਂ ਕੀਤੇ ਸਨ।

6, 7. ਚਾਂਦੀ ਦੇ ਸਿੱਕਿਆਂ ਦੀ ਥੈਲੀ ਕਿਸ ਨੂੰ ਦਰਸਾਉਂਦੀ ਹੈ?

6 ਯਿਸੂ ਨੇ ਪ੍ਰਚਾਰ ਦੇ ਕੰਮ ਨੂੰ ਬਹੁਤ ਅਹਿਮੀਅਤ ਦਿੱਤੀ। ਇਸ ਕਰਕੇ ਬਹੁਤ ਸਾਰੇ ਲੋਕ ਉਸ ਦੇ ਚੇਲੇ ਬਣ ਗਏ। (ਲੂਕਾ 4:43 ਪੜ੍ਹੋ।) ਪਰ ਉਹ ਜਾਣਦਾ ਸੀ ਕਿ ਬਹੁਤ ਸਾਰਾ ਕੰਮ ਬਾਕੀ ਪਿਆ ਸੀ ਤੇ ਹੋਰ ਲੋਕ ਚੇਲੇ ਬਣਨਗੇ। ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਆਪਣੀਆਂ ਨਜ਼ਰਾਂ ਚੁੱਕ ਕੇ ਖੇਤਾਂ ਨੂੰ ਦੇਖੋ ਕਿ ਫ਼ਸਲ ਵਾਢੀ ਲਈ ਪੱਕ ਚੁੱਕੀ ਹੈ।” (ਯੂਹੰ. 4:35-38) ਇਕ ਚੰਗਾ ਕਿਸਾਨ ਆਪਣੇ ਪੱਕ ਚੁੱਕੇ ਖੇਤ ਨੂੰ ਐਵੇਂ ਹੀ ਨਹੀਂ ਛੱਡ ਦਿੰਦਾ। ਯਿਸੂ ਦਾ ਵੀ ਇਹੀ ਰਵੱਈਆ ਸੀ। ਸਵਰਗ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਨੇ ਆਪਣੇ ਚੇਲਿਆਂ ਨੂੰ ਇਹ ਹੁਕਮ ਦਿੱਤਾ: “ਇਸ ਲਈ, ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।” (ਮੱਤੀ 28:18-20) ਇਸ ਤਰ੍ਹਾਂ ਯਿਸੂ ਨੇ ਉਨ੍ਹਾਂ ਨੂੰ ਅਨਮੋਲ ਖ਼ਜ਼ਾਨਾ ਯਾਨੀ ਪ੍ਰਚਾਰ ਕਰਨ ਦਾ ਅਹਿਮ ਕੰਮ ਦਿੱਤਾ।—2 ਕੁਰਿੰ. 4:7.

7 ਜਿਸ ਤਰ੍ਹਾਂ ਆਦਮੀ ਨੇ ਆਪਣੇ ਨੌਕਰਾਂ ਨੂੰ ਪੈਸੇ ਦਿੱਤੇ, ਉਸੇ ਤਰ੍ਹਾਂ ਯਿਸੂ ਨੇ ਆਪਣੇ ਚੁਣੇ ਹੋਏ ਚੇਲਿਆਂ ਨੂੰ ਚੇਲੇ ਬਣਾਉਣ ਦਾ ਕੰਮ ਸੌਂਪਿਆ। (ਮੱਤੀ 25:14) ਸੋ ਚਾਂਦੀ ਦੇ ਸਿੱਕਿਆਂ ਦੀ ਥੈਲੀ ਪ੍ਰਚਾਰ ਅਤੇ ਚੇਲੇ ਬਣਾਉਣ ਦੀ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ।

8. ਭਾਵੇਂ ਕਿ ਹਰ ਨੌਕਰ ਨੂੰ ਬਰਾਬਰ ਪੈਸੇ ਨਹੀਂ ਦਿੱਤੇ ਗਏ ਸਨ, ਪਰ ਫਿਰ ਵੀ ਮਾਲਕ ਆਪਣੇ ਨੌਕਰਾਂ ਤੋਂ ਕੀ ਚਾਹੁੰਦਾ ਸੀ?

8 ਯਿਸੂ ਨੇ ਕਿਹਾ ਕਿ ਮਾਲਕ ਨੇ ਇਕ ਨੌਕਰ ਨੂੰ ਪੰਜ ਚਾਂਦੀ ਦੇ ਸਿੱਕਿਆਂ ਦੀਆਂ ਥੈਲੀਆਂ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇਕ ਥੈਲੀ ਦਿੱਤੀ ਸੀ। (ਮੱਤੀ 25:15) ਭਾਵੇਂ ਕਿ ਹਰ ਨੌਕਰ ਨੂੰ ਬਰਾਬਰ ਪੈਸੇ ਨਹੀਂ ਦਿੱਤੇ, ਪਰ ਫਿਰ ਵੀ ਮਾਲਕ ਚਾਹੁੰਦਾ ਸੀ ਕਿ ਉਸ ਦਾ ਹਰ ਨੌਕਰ ਆਪਣੀ ਪੂਰੀ ਵਾਹ ਲਾ ਕੇ ਇਨ੍ਹਾਂ ਪੈਸਿਆਂ ਨੂੰ ਵਧਾਵੇ। ਇਸੇ ਤਰ੍ਹਾਂ ਯਿਸੂ ਆਪਣੇ ਚੁਣੇ ਹੋਏ ਚੇਲਿਆਂ ਤੋਂ ਉਮੀਦ ਰੱਖਦਾ ਸੀ ਕਿ ਉਹ ਪ੍ਰਚਾਰ ਦੇ ਕੰਮ ਵਿਚ ਜੀ-ਜਾਨ ਲਾਉਣ। (ਮੱਤੀ 22:37; ਕੁਲੁ. 3:23) ਪੰਤੇਕੁਸਤ 33 ਈਸਵੀ ਵਿਚ ਯਿਸੂ ਦੇ ਚੇਲਿਆਂ ਨੇ ਸਾਰੀਆਂ ਕੌਮਾਂ ਨੂੰ ਪ੍ਰਚਾਰ ਕਰ ਕੇ ਚੇਲੇ ਬਣਾਉਣੇ ਸ਼ੁਰੂ ਕੀਤੇ। ਜਦੋਂ ਅਸੀਂ ਬਾਈਬਲ ਦੀ ਰਸੂਲਾਂ ਦੀ ਕਿਤਾਬ ਪੜ੍ਹਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਇਸ ਕੰਮ ਵਿਚ ਅੱਡੀ-ਚੋਟੀ ਦਾ ਜ਼ੋਰ ਲਾਇਆ। *ਰਸੂ. 6:7; 12:24; 19:20.

ਆਖ਼ਰੀ ਦਿਨਾਂ ਵਿਚ ਸਿੱਕਿਆਂ ਨਾਲ ਕਾਰੋਬਾਰ ਕਰਨਾ

9. (ੳ) ਦੋ ਵਫ਼ਾਦਾਰ ਨੌਕਰਾਂ ਨੇ ਪੈਸਿਆਂ ਨਾਲ ਕੀ ਕੀਤਾ ਸੀ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ? (ਅ) ਧਰਤੀ ’ਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਨੂੰ ਕੀ ਕਰਨਾ ਚਾਹੀਦਾ ਹੈ?

9 ਪਹਿਲੇ ਦੋ ਨੌਕਰ ਜਿਨ੍ਹਾਂ ਨੇ ਮਾਲਕ ਵੱਲੋਂ ਮਿਲੇ ਪੈਸਿਆਂ ਦੀ ਸਹੀ ਵਰਤੋਂ ਕੀਤੀ, ਉਹ ਉਨ੍ਹਾਂ ਵਫ਼ਾਦਾਰ ਚੁਣੇ ਹੋਏ ਭੈਣਾਂ-ਭਰਾਵਾਂ ਨੂੰ ਦਰਸਾਉਂਦੇ ਹਨ ਜੋ ਆਖ਼ਰੀ ਸਮੇਂ ਦੌਰਾਨ ਰਹਿ ਰਹੇ ਹਨ। ਖ਼ਾਸ ਕਰਕੇ 1919 ਤੋਂ ਉਹ ਆਪਣੀ ਪੂਰੀ ਵਾਹ ਲਾ ਕੇ ਪ੍ਰਚਾਰ ਦਾ ਕੰਮ ਕਰ ਰਹੇ ਹਨ। ਮਿਸਾਲ ਵਿਚ ਦੋਵੇਂ ਨੌਕਰਾਂ ਨੂੰ ਇੱਕੋ ਜਿਹੇ ਪੈਸੇ ਨਹੀਂ ਦਿੱਤੇ, ਪਰ ਇਸ ਦਾ ਇਹ ਮਤਲਬ ਨਹੀਂ ਕਿ ਵਫ਼ਾਦਾਰ ਚੁਣੇ ਹੋਏ ਮਸੀਹੀਆਂ ਦੇ ਦੋ ਅਲੱਗ-ਅਲੱਗ ਗਰੁੱਪ ਹਨ। ਦੋਵੇਂ ਨੌਕਰਾਂ ਨੇ ਸਖ਼ਤ ਮਿਹਨਤ ਕੀਤੀ ਤੇ ਪੈਸਿਆਂ ਨੂੰ ਦੁਗਣਾ ਕੀਤਾ। ਕੀ ਸਿਰਫ਼ ਚੁਣੇ ਹੋਏ ਮਸੀਹੀ ਹੀ ਹਨ ਜਿਨ੍ਹਾਂ ਨੂੰ ਪ੍ਰਚਾਰ ਤੇ ਸਿਖਾਉਣ ਦੇ ਕੰਮ ਵਿਚ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ? ਨਹੀਂ। ਯਿਸੂ ਵੱਲੋਂ ਦਿੱਤੀ ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਧਰਤੀ ’ਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਨੂੰ ਪ੍ਰਚਾਰ ਦੇ ਕੰਮ ਵਿਚ ਯਿਸੂ ਦੇ ਚੁਣੇ ਹੋਏ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। ਉਹ ਇਸ ਨੂੰ ਇਕ ਸਨਮਾਨ ਦੀ ਗੱਲ ਸਮਝਦੇ ਹਨ। ਜੀ ਹਾਂ, ਯਹੋਵਾਹ ਦੇ ਲੋਕ “ਇੱਕੋ ਝੁੰਡ” ਦੇ ਮੈਂਬਰ ਹਨ ਤੇ ਉਹ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਹਨ।—ਯੂਹੰ. 10:16.

10. ਕਿਹੜੀ ਨਿਸ਼ਾਨੀ ਤੋਂ ਪਤਾ ਲੱਗਦਾ ਹੈ ਕਿ ਅਸੀਂ ਆਖ਼ਰੀ ਸਮੇਂ ਵਿਚ ਰਹਿ ਰਹੇ ਹਾਂ?

10 ਯਿਸੂ ਉਮੀਦ ਰੱਖਦਾ ਹੈ ਕਿ ਉਸ ਦੇ ਚੇਲੇ ਹੋਰ ਚੇਲੇ ਬਣਾਉਣ ਵਿਚ ਸਖ਼ਤ ਮਿਹਨਤ ਕਰਨ। ਇਹੀ ਕੰਮ ਪਹਿਲੀ ਸਦੀ ਵਿਚ ਉਸ ਦੇ ਚੇਲਿਆਂ ਨੇ ਕੀਤਾ ਸੀ। ਇਸ ਆਖ਼ਰੀ ਸਮੇਂ ਵਿਚ ਜਦੋਂ ਇਹ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਪੂਰੀ ਹੋ ਰਹੀ ਹੈ, ਕੀ ਉਸ ਦੇ ਚੇਲੇ ਇਹ ਕੰਮ ਕਰ ਰਹੇ ਹਨ? ਜੀ ਹਾਂ, ਪਹਿਲਾਂ ਕਦੇ ਵੀ ਇੰਨੇ ਲੋਕ ਖ਼ੁਸ਼ ਖ਼ਬਰੀ ਸੁਣ ਕੇ ਚੇਲੇ ਨਹੀਂ ਬਣੇ! ਯਿਸੂ ਦੇ ਚੇਲਿਆਂ ਦੇ ਜਤਨਾਂ ਕਰਕੇ ਹਰ ਸਾਲ ਲੱਖਾਂ ਹੀ ਲੋਕ ਬਪਤਿਸਮਾ ਲੈਂਦੇ ਹਨ ਤੇ ਉਹ ਵੀ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹਨ। ਇਸ ਸਾਰੇ ਕੰਮ ਅਤੇ ਇਸ ਦੇ ਵਧੀਆ ਨਤੀਜੇ ਦੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਦੁਆਰਾ ਦੱਸੀਆਂ ਆਖ਼ਰੀ ਸਮੇਂ ਦੀਆਂ ਨਿਸ਼ਾਨੀਆਂ ਵਿੱਚੋਂ ਪ੍ਰਚਾਰ ਦਾ ਕੰਮ ਇਕ ਅਹਿਮ ਨਿਸ਼ਾਨੀ ਹੈ। ਯਕੀਨਨ, ਯਿਸੂ ਆਪਣੇ ਸੇਵਕਾਂ ਤੋਂ ਕਿੰਨਾ ਖ਼ੁਸ਼ ਹੈ!

ਮਸੀਹ ਨੇ ਆਪਣੇ ਨੌਕਰਾਂ ਨੂੰ ਪ੍ਰਚਾਰ ਕਰਨ ਦੀ ਅਨਮੋਲ ਜ਼ਿੰਮੇਵਾਰੀ ਦਿੱਤੀ ਹੈ (ਪੈਰਾ 10 ਦੇਖੋ)

ਮਾਲਕ ਕਦੋਂ ਆਵੇਗਾ?

11. ਸਾਨੂੰ ਇਹ ਕਿਵੇਂ ਪਤਾ ਹੈ ਕਿ ਯਿਸੂ ਮਹਾਂਕਸ਼ਟ ਦੌਰਾਨ ਆਵੇਗਾ?

11 ਯਿਸੂ ਨੇ ਕਿਹਾ: “ਲੰਬੇ ਸਮੇਂ ਬਾਅਦ ਮਾਲਕ ਵਾਪਸ ਆਇਆ ਅਤੇ ਉਸ ਨੇ ਨੌਕਰਾਂ ਤੋਂ ਹਿਸਾਬ ਮੰਗਿਆ।” (ਮੱਤੀ 25:19) ਮਾਲਕ ਯਾਨੀ ਯਿਸੂ ਹਿਸਾਬ ਮਹਾਂਕਸ਼ਟ ਦੇ ਅਖ਼ੀਰ ਵਿਚ ਮੰਗੇਗਾ। ਸਾਨੂੰ ਇਹ ਕਿਵੇਂ ਪਤਾ ਹੈ? ਮੱਤੀ ਅਧਿਆਇ 24 ਤੇ 25 ਵਿਚ ਉਸ ਨੇ ਆਪਣੀ ਭਵਿੱਖਬਾਣੀ ਵਿਚ ਕਈ ਵਾਰ ਦੱਸਿਆ ਕਿ ਉਹ ਆ ਰਿਹਾ ਹੈ। ਮਿਸਾਲ ਲਈ, ਉਸ ਨੇ ਕਿਹਾ ਕਿ ਲੋਕ ‘ਮਨੁੱਖ ਦੇ ਪੁੱਤਰ ਨੂੰ ਬੱਦਲਾਂ ਵਿਚ ਆਉਂਦਾ ਦੇਖਣਗੇ।’ ਇਹ ਉਸ ਸਮੇਂ ਹੋਵੇਗਾ ਜਦੋਂ ਯਿਸੂ ਮਹਾਂਕਸ਼ਟ ਦੌਰਾਨ ਲੋਕਾਂ ਦਾ ਨਿਆਂ ਕਰੇਗਾ। ਉਸ ਨੇ ਆਖ਼ਰੀ ਸਮੇਂ ਵਿਚ ਰਹਿ ਰਹੇ ਆਪਣੇ ਚੇਲਿਆਂ ਨੂੰ ਖ਼ਬਰਦਾਰ ਰਹਿਣ ਬਾਰੇ ਵੀ ਚੇਤਾਵਨੀ ਦਿੱਤੀ ਸੀ। ਉਸ ਨੇ ਕਿਹਾ: “ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹੜੇ ਦਿਨ ਆਵੇਗਾ” ਅਤੇ “ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਤੁਸੀਂ ਉਸ ਦੇ ਆਉਣ ਦੀ ਆਸ ਨਾ ਰੱਖੋਗੇ।” (ਮੱਤੀ 24:30, 42, 44) ਸੋ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਵਿਚ ਯਿਸੂ ਉਸ ਸਮੇਂ ਬਾਰੇ ਵੀ ਦੱਸ ਰਿਹਾ ਸੀ ਜਦੋਂ ਉਹ ਲੋਕਾਂ ਦਾ ਨਿਆਂ ਕਰਨ ਅਤੇ ਸ਼ੈਤਾਨ ਦੀ ਦੁਨੀਆਂ ਦਾ ਨਾਸ਼ ਕਰਨ ਆਵੇਗਾ। *

12, 13. (ੳ) ਮਾਲਕ ਪਹਿਲੇ ਦੋ ਨੌਕਰਾਂ ਨੂੰ ਕੀ ਕਹਿੰਦਾ ਹੈ ਅਤੇ ਕਿਉਂ? (ਅ) ਚੁਣੇ ਹੋਏ ਮਸੀਹੀਆਂ ’ਤੇ ਆਖ਼ਰੀ ਮੁਹਰ ਕਦੋਂ ਲੱਗੇਗੀ? (“ ਆਖ਼ਰੀ ਮੁਹਰ ਦੇ ਯੋਗ” ਨਾਂ ਦੀ ਡੱਬੀ ਵੀ ਦੇਖੋ।) (ੲ) ਚੁਣੇ ਹੋਏ ਮਸੀਹੀਆਂ ਦੀ ਮਦਦ ਕਰਨ ਵਾਲਿਆਂ ਨੂੰ ਕੀ ਇਨਾਮ ਮਿਲੇਗਾ?

12 ਜਦੋਂ ਮਾਲਕ ਆਪਣੇ ਸਫ਼ਰ ਤੋਂ ਵਾਪਸ ਆਇਆ, ਤਾਂ ਉਸ ਨੇ ਦੇਖਿਆ ਕਿ ਜਿਸ ਨੌਕਰ ਨੂੰ ਪੰਜ ਥੈਲੀਆਂ ਦਿੱਤੀਆਂ ਸਨ, ਉਸ ਨੇ ਪੰਜ ਹੋਰ ਕਮਾ ਲਈਆਂ ਤੇ ਜਿਸ ਨੌਕਰ ਨੂੰ ਦੋ ਥੈਲੀਆਂ ਦਿੱਤੀਆਂ ਸਨ, ਉਸ ਨੇ ਦੋ ਹੋਰ ਕਮਾ ਲਈਆਂ। ਮਾਲਕ ਨੇ ਉਨ੍ਹਾਂ ਦੋਵਾਂ ਨੂੰ ਕਿਹਾ: “ਸ਼ਾਬਾਸ਼, ਚੰਗੇ ਤੇ ਭਰੋਸੇਮੰਦ ਨੌਕਰ! ਤੂੰ ਥੋੜ੍ਹੀਆਂ ਚੀਜ਼ਾਂ ਵਿਚ ਭਰੋਸੇਮੰਦ ਸਾਬਤ ਹੋਇਆ ਹੈਂ, ਇਸ ਲਈ ਮੈਂ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਮੁਖਤਿਆਰ ਬਣਾਵਾਂਗਾ।” (ਮੱਤੀ 25:21, 23) ਜਦੋਂ ਭਵਿੱਖ ਵਿਚ ਮਾਲਕ ਯਾਨੀ ਯਿਸੂ ਆਵੇਗਾ ਤਾਂ ਉਹ ਕੀ-ਕੀ ਕਰੇਗਾ?

13 ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਸਖ਼ਤ ਮਿਹਨਤ ਕਰਨ ਵਾਲੇ ਚੁਣੇ ਹੋਏ ਮਸੀਹੀਆਂ ਉੱਤੇ ਪਰਮੇਸ਼ੁਰ ਆਖ਼ਰੀ ਮੁਹਰ ਲਾਵੇਗਾ ਜੋ ਉਸ ਸਮੇਂ ਧਰਤੀ ’ਤੇ ਹੋਣਗੇ। ਇਹ ਆਖ਼ਰੀ ਮੁਹਰ ਇਸ ਗੱਲ ਦੀ ਨਿਸ਼ਾਨੀ ਹੋਵੇਗੀ ਕਿ ਪਰਮੇਸ਼ੁਰ ਉਨ੍ਹਾਂ ਨੂੰ ਜ਼ਰੂਰ ਇਨਾਮ ਦੇਵੇਗਾ। (ਪ੍ਰਕਾ. 7:1-3) ਪਰ ਕਦੋਂ? ਆਰਮਾਗੇਡਨ ਸ਼ੁਰੂ ਹੋਣ ਤੋਂ ਪਹਿਲਾਂ ਯਿਸੂ ਉਨ੍ਹਾਂ ਨੂੰ ਇਨਾਮ ਦੇਵੇਗਾ ਯਾਨੀ ਉਨ੍ਹਾਂ ਨੂੰ ਸਵਰਗ ਲੈ ਕੇ ਜਾਵੇਗਾ। ਪਰ ਧਰਤੀ ’ਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਬਾਰੇ ਕੀ ਜਿਨ੍ਹਾਂ ਨੇ ਚੁਣੇ ਹੋਏ ਮਸੀਹੀਆਂ ਦੀ ਪ੍ਰਚਾਰ ਦੇ ਕੰਮ ਵਿਚ ਮਦਦ ਕੀਤੀ? ਯਿਸੂ ਉਨ੍ਹਾਂ ਦਾ ਭੇਡਾਂ ਵਜੋਂ ਨਿਆਂ ਕਰੇਗਾ। ਪਰਮੇਸ਼ੁਰ ਦੇ ਰਾਜ ਅਧੀਨ ਉਨ੍ਹਾਂ ਨੂੰ ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਮਿਲੇਗਾ।—ਮੱਤੀ 25:34.

ਨਿਕੰਮਾ ਤੇ ਆਲਸੀ ਨੌਕਰ

14, 15. ਕੀ ਯਿਸੂ ਇਹ ਕਹਿ ਰਿਹਾ ਸੀ ਕਿ ਚੁਣੇ ਹੋਏ ਮਸੀਹੀਆਂ ਵਿੱਚੋਂ ਬਹੁਤ ਸਾਰੇ ਮਸੀਹੀ ਨਿਕੰਮੇ ਤੇ ਆਲਸੀ ਬਣ ਜਾਣਗੇ? ਸਮਝਾਓ।

14 ਮਿਸਾਲ ਵਿਚ ਉਸ ਨੌਕਰ ਬਾਰੇ ਵੀ ਦੱਸਿਆ ਗਿਆ ਹੈ ਜਿਸ ਕੋਲ ਚਾਂਦੀ ਦੇ ਸਿੱਕਿਆਂ ਦੀ ਇਕ ਥੈਲੀ ਸੀ। ਉਸ ਨੇ ਨਾ ਤਾਂ ਇਸ ਨਾਲ ਕਾਰੋਬਾਰ ਕੀਤਾ ਤੇ ਨਾ ਹੀ ਉਸ ਨੇ ਸ਼ਾਹੂਕਾਰ ਨੂੰ ਦਿੱਤੀ ਕਿ ਉਸ ਦਾ ਮਾਲਕ ਵਿਆਜ ਲੈ ਸਕੇ। ਪਰ ਉਸ ਨੇ ਇਸ ਥੈਲੀ ਨੂੰ ਮਿੱਟੀ ਵਿਚ ਦੱਬ ਦਿੱਤਾ। ਮਾਲਕ ਨੇ ਉਸ ਨੂੰ ਨਿਕੰਮਾ ਤੇ ਆਲਸੀ ਨੌਕਰ ਕਿਹਾ। ਉਸ ਨੇ ਨਿਕੰਮੇ ਨੌਕਰ ਕੋਲੋਂ ਚਾਂਦੀ ਦੇ ਸਿੱਕਿਆਂ ਦੀ ਥੈਲੀ ਲੈ ਕੇ ਪਹਿਲੇ ਨੌਕਰ ਨੂੰ ਦੇ ਦਿੱਤੀ। ਫਿਰ ਉਸ ਨੇ ਨਿਕੰਮੇ ਨੌਕਰ ਨੂੰ ਬਾਹਰ ‘ਹਨੇਰੇ ਵਿਚ ਸੁੱਟ ਦਿੱਤਾ’ ਅਤੇ ਉੱਥੇ ਉਹ ਆਪਣੀ ਮਾੜੀ ਹਾਲਤ ਉੱਤੇ ਰੋਣ-ਪਿੱਟਣ ਲੱਗਾ।—ਮੱਤੀ 25:24-30; ਲੂਕਾ 19:22, 23.

15 ਜਦ ਯਿਸੂ ਨੇ ਕਿਹਾ ਕਿ ਉਨ੍ਹਾਂ ਤਿੰਨਾਂ ਨੌਕਰਾਂ ਵਿੱਚੋਂ ਇਕ ਦੁਸ਼ਟ ਤੇ ਆਲਸੀ ਸੀ, ਤਾਂ ਉਸ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਚੁਣੇ ਹੋਏ ਮਸੀਹੀਆਂ ਵਿੱਚੋਂ ਇਕ-ਤਿਹਾਈ ਚੇਲੇ ਨਿਕੰਮੇ ਤੇ ਆਲਸੀ ਸਾਬਤ ਹੋਣਗੇ। ਇਸ ਮਿਸਾਲ ਦੀ ਤੁਲਨਾ ਦੋ ਹੋਰ ਮਿਸਾਲਾਂ ਨਾਲ ਕਰ ਕੇ ਸਾਨੂੰ ਇਹ ਗੱਲ ਪਤਾ ਲੱਗਦੀ ਹੈ। ਵਫ਼ਾਦਾਰ ਤੇ ਸਮਝਦਾਰ ਨੌਕਰ ਦੀ ਮਿਸਾਲ ਵਿਚ ਯਿਸੂ ਨੇ ਇਕ ਬੁਰੇ ਨੌਕਰ ਬਾਰੇ ਦੱਸਿਆ ਜੋ ਆਪਣੇ ਨਾਲ ਦੇ ਨੌਕਰਾਂ ਨੂੰ ਕੁੱਟਦਾ ਹੈ। ਯਿਸੂ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਵਫ਼ਾਦਾਰ ਤੇ ਸਮਝਦਾਰ ਨੌਕਰ ਵਿੱਚੋਂ ਕੁਝ ਬੁਰੇ ਬਣ ਜਾਣਗੇ। ਇਸ ਦੀ ਬਜਾਇ, ਯਿਸੂ ਚੁਣੇ ਹੋਏ ਮਸੀਹੀਆਂ ਨੂੰ ਚੇਤਾਵਨੀ ਦੇ ਰਿਹਾ ਸੀ ਕਿ ਉਹ ਬੁਰੇ ਨੌਕਰ ਵਰਗੇ ਨਾ ਬਣ ਜਾਣ। ਨਾਲੇ ਯਿਸੂ ਨੇ ਦਸ ਕੁਆਰੀਆਂ ਦੀ ਮਿਸਾਲ ਵਿਚ ਪੰਜ ਮੂਰਖ ਕੁਆਰੀਆਂ ਬਾਰੇ ਦੱਸਿਆ। ਉਹ ਇਹ ਨਹੀਂ ਕਹਿ ਰਿਹਾ ਸੀ ਕਿ ਚੁਣੇ ਹੋਏ ਮਸੀਹੀਆਂ ਵਿੱਚੋਂ ਅੱਧੇ ਮੂਰਖ ਨਿਕਲਣਗੇ। ਇਸ ਦੀ ਬਜਾਇ, ਯਿਸੂ ਚੇਤਾਵਨੀ ਦੇ ਰਿਹਾ ਸੀ ਕਿ ਜੇ ਉਹ ਤਿਆਰ ਤੇ ਖ਼ਬਰਦਾਰ ਨਹੀਂ ਰਹਿੰਦੇ, ਤਾਂ ਕੀ ਹੋ ਸਕਦਾ ਹੈ। * ਇਸੇ ਤਰ੍ਹਾਂ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਵਿਚ ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਆਖ਼ਰੀ ਦਿਨਾਂ ਦੌਰਾਨ ਬਹੁਤ ਸਾਰੇ ਚੁਣੇ ਹੋਏ ਮਸੀਹੀ ਨਿਕੰਮੇ ਤੇ ਆਲਸੀ ਹੋਣਗੇ। ਇਸ ਦੀ ਬਜਾਇ, ਯਿਸੂ ਆਪਣੇ ਚੁਣੇ ਹੋਏ ਮਸੀਹੀਆਂ ਨੂੰ ਚੇਤਾਵਨੀ ਦੇ ਰਿਹਾ ਸੀ ਕਿ ਉਹ ਖ਼ਬਰਦਾਰ ਰਹਿਣ ਤਾਂਕਿ ਉਹ ਦੁਸ਼ਟ ਨੌਕਰ ਵਾਂਗ ਨਾ ਬਣ ਜਾਣ, ਸਗੋਂ ਪ੍ਰਚਾਰ ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਰਹਿਣ।—ਮੱਤੀ 25:16.

16. (ੳ) ਅਸੀਂ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਤੋਂ ਕਿਹੜੇ ਦੋ ਸਬਕ ਸਿੱਖਦੇ ਹਾਂ? (ਅ) ਇਸ ਲੇਖ ਨੇ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਨੂੰ ਸਮਝਣ ਵਿਚ ਸਾਡੀ ਕਿਵੇਂ ਮਦਦ ਕੀਤੀ ਹੈ? (“ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਬਾਰੇ ਸਮਝ” ਨਾਂ ਦੀ ਡੱਬੀ ਦੇਖੋ।)

16 ਅਸੀਂ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਤੋਂ ਕਿਹੜੇ ਦੋ ਸਬਕ ਸਿੱਖਦੇ ਹਾਂ? ਪਹਿਲਾ, ਯਿਸੂ ਨੇ ਆਪਣੇ ਚੁਣੇ ਹੋਏ ਚੇਲਿਆਂ ਨੂੰ ਅਨਮੋਲ ਖ਼ਜ਼ਾਨਾ ਦਿੱਤਾ ਯਾਨੀ ਉਨ੍ਹਾਂ ਨੂੰ ਪ੍ਰਚਾਰ ਅਤੇ ਚੇਲੇ ਬਣਾਉਣ ਦੀ ਅਹਿਮ ਜ਼ਿੰਮੇਵਾਰੀ ਦਿੱਤੀ। ਦੂਜਾ, ਮਸੀਹ ਸਾਡੇ ਸਾਰਿਆਂ ਤੋਂ ਉਮੀਦ ਰੱਖਦਾ ਹੈ ਕਿ ਅਸੀਂ ਪ੍ਰਚਾਰ ਦੇ ਕੰਮ ਵਿਚ ਆਪਣੀ ਪੂਰੀ ਵਾਹ ਲਾਈਏ। ਜੇ ਅਸੀਂ ਵਫ਼ਾਦਾਰੀ ਨਾਲ ਇਹ ਕੰਮ ਕਰਦੇ ਰਹਿੰਦੇ ਹਾਂ ਅਤੇ ਯਿਸੂ ਦੇ ਆਗਿਆਕਾਰ ਰਹਿੰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਨੂੰ ਜ਼ਰੂਰ ਇਨਾਮ ਦੇਵੇਗਾ।—ਮੱਤੀ 25:21, 23, 34.

^ ਪੈਰਾ 3 15 ਜੁਲਾਈ 2013 ਦੇ ਪਹਿਰਾਬੁਰਜ ਵਿਚ ਸਫ਼ੇ 21-22 ਉੱਤੇ 8-10 ਪੈਰਿਆਂ ਵਿਚ ਸਮਝਾਇਆ ਗਿਆ ਹੈ ਕਿ ਵਫ਼ਾਦਾਰ ਤੇ ਸਮਝਦਾਰ ਨੌਕਰ ਕੌਣ ਹੈ। ਇਸ ਰਸਾਲੇ ਦੇ ਦੂਜੇ ਅਧਿਐਨ ਲੇਖ ਵਿਚ ਸਮਝਾਇਆ ਗਿਆ ਹੈ ਕਿ ਕੁਆਰੀਆਂ ਕੌਣ ਹਨ। ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਬਾਰੇ 1 ਅਕਤੂਬਰ 1995 ਦੇ ਪਹਿਰਾਬੁਰਜ ਵਿਚ ਸਫ਼ੇ 24-29 ਅਤੇ ਇਸ ਰਸਾਲੇ ਦੇ ਚੌਥੇ ਅਧਿਐਨ ਲੇਖ ਵਿਚ ਸਮਝਾਇਆ ਗਿਆ ਹੈ।

^ ਪੈਰਾ 5 ਯਿਸੂ ਦੇ ਦਿਨਾਂ ਵਿਚ ਯੂਨਾਨੀ ਭਾਸ਼ਾ ਵਿਚ ਚਾਂਦੀ ਦੇ ਸਿੱਕਿਆਂ ਦੀ ਇਕ ਥੈਲੀ ਨੂੰ ਟੈਲੰਟ ਕਿਹਾ ਜਾਂਦਾ ਸੀ। ਇਕ ਟੈਲੰਟ ਲਗਭਗ 6,000 ਦੀਨਾਰ ਦੇ ਬਰਾਬਰ ਸੀ। ਇਕ ਦੀਨਾਰ ਇਕ ਦਿਨ ਦੀ ਮਜ਼ਦੂਰੀ ਹੁੰਦੀ ਸੀ, ਇਸ ਕਰਕੇ ਇਕ ਮਜ਼ਦੂਰ ਨੂੰ ਸਿਰਫ਼ ਇਕ ਟੈਲੰਟ ਕਮਾਉਣ ਲਈ ਲਗਭਗ 20 ਸਾਲ ਮਜ਼ਦੂਰੀ ਕਰਨੀ ਪੈਂਦੀ ਸੀ।

^ ਪੈਰਾ 8 ਰਸੂਲਾਂ ਦੀ ਮੌਤ ਤੋਂ ਜਲਦੀ ਬਾਅਦ ਸ਼ੈਤਾਨ ਨੇ ਮੰਡਲੀਆਂ ਵਿਚ ਝੂਠੀਆਂ ਸਿੱਖਿਆਵਾਂ ਫੈਲਾਈਆਂ। ਕਾਫ਼ੀ ਸਦੀਆਂ ਤਕ ਬਹੁਤ ਘੱਟ ਪ੍ਰਚਾਰ ਦਾ ਕੰਮ ਕੀਤਾ ਗਿਆ। ਪਰ “ਵਾਢੀ” ਯਾਨੀ ਆਖ਼ਰੀ ਦਿਨਾਂ ਦੌਰਾਨ ਪ੍ਰਚਾਰ ਦਾ ਕੰਮ ਦੁਬਾਰਾ ਸ਼ੁਰੂ ਹੋਣਾ ਸੀ। (ਮੱਤੀ 13:24-30, 36-43) 15 ਜੁਲਾਈ 2013 ਦੇ ਪਹਿਰਾਬੁਰਜ ਦੇ ਸਫ਼ੇ 9-12 ਦੇਖੋ।

^ ਪੈਰਾ 15 ਇਸ ਅੰਕ ਵਿਚ “ਕੀ ਤੁਸੀਂ ‘ਖ਼ਬਰਦਾਰ’ ਰਹੋਗੇ?” ਲੇਖ ਦਾ ਪੈਰਾ 13 ਦੇਖੋ।