Skip to content

Skip to table of contents

ਮੁੱਖ ਪੰਨੇ ਤੋਂ | ਕਿਵੇਂ ਛੁਡਾਈਏ ਚਿੰਤਾ ਤੋਂ ਖਹਿੜਾ?

ਚਿੰਤਾ ਦਾ ਬੋਲਬਾਲਾ ਹਰ ਪਾਸੇ!

ਚਿੰਤਾ ਦਾ ਬੋਲਬਾਲਾ ਹਰ ਪਾਸੇ!

“ਮੈਂ ਖਾਣਾ ਬਣਾਉਣ ਵਾਸਤੇ ਚੀਜ਼ਾਂ ਖ਼ਰੀਦਣ ਗਿਆ, ਪਰ ਬਿਸਕੁਟ ਹੀ ਮਿਲੇ, ਉਹ ਵੀ ਆਮ ਕੀਮਤ ਨਾਲੋਂ 10,000 ਗੁਣਾ ਮਹਿੰਗੇ। ਅਗਲੇ ਦਿਨ ਦੁਕਾਨਾਂ ਤੋਂ ਕੁਝ ਵੀ ਨਹੀਂ ਸੀ ਮਿਲ ਰਿਹਾ।”—ਪੌਲ, ਜ਼ਿਮਬਾਬਵੇ।

“ਮੇਰੇ ਪਤੀ ਨੇ ਮੈਨੂੰ ਬਿਠਾਇਆ ਤੇ ਕਿਹਾ ਕਿ ਉਹ ਸਾਨੂੰ ਛੱਡ ਕੇ ਜਾ ਰਿਹਾ ਸੀ। ਮੈਂ ਇਸ ਬੇਵਫ਼ਾਈ ਨੂੰ ਕਿਵੇਂ ਝੱਲ ਸਕਦੀ ਸੀ? ਮੇਰੇ ਬੱਚਿਆਂ ਦਾ ਕੀ ਬਣੂ?”—ਜੈੱਨਟ, ਅਮਰੀਕਾ।

“ਜਦੋਂ ਸਾਇਰਨ ਵੱਜਿਆ, ਮੈਂ ਲੁਕਣ ਲਈ ਭੱਜੀ ਤੇ ਰਾਕੇਟਾਂ ਦੇ ਫਟਦਿਆਂ ਹੀ ਜ਼ਮੀਨ ’ਤੇ ਲੇਟ ਗਈ। ਘੰਟਿਆਂ ਬਾਅਦ ਵੀ ਮੇਰੇ ਹੱਥ ਕੰਬ ਰਹੇ ਸੀ।”—ਅਲੋਨਾ, ਇਜ਼ਰਾਈਲ।

ਅਸੀਂ ਚਿੰਤਾਵਾਂ ਨਾਲ ਭਰੇ ਸਮਿਆਂ ਵਿਚ ਜੀ ਰਹੇ ਹਾਂ ਜਿਨ੍ਹਾਂ ਦਾ ‘ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੈ।’ (2 ਤਿਮੋਥਿਉਸ 3:1) ਕਈ ਲੋਕ ਆਰਥਿਕ ਤੰਗੀਆਂ, ਪਰਿਵਾਰ ਦੇ ਟੁੱਟਣ, ਯੁੱਧ, ਜਾਨਲੇਵਾ ਬੀਮਾਰੀਆਂ ਤੇ ਕੁਦਰਤੀ ਜਾਂ ਇਨਸਾਨਾਂ ਦੁਆਰਾ ਲਿਆਂਦੀਆਂ ਆਫ਼ਤਾਂ ਕਾਰਨ ਚਿੰਤਾ ਨਾਲ ਘਿਰੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਸਾਡੀਆਂ ਆਪਣੀਆਂ ਵੀ ਚਿੰਤਾਵਾਂ ਹਨ ਜਿਵੇਂ: ‘ਮੈਂ ਆਪਣੇ ਸਰੀਰ ’ਤੇ ਜੋ ਗਿਲਟੀ ਦੇਖੀ ਹੈ, ਕੀ ਉਹ ਕਿਤੇ ਕੈਂਸਰ ਤਾਂ ਨਹੀਂ?’ ‘ਮੇਰੇ ਪੋਤੇ-ਪੋਤੀਆਂ ਜਾਂ ਦੋਹਤੇ-ਦੋਹਤੀਆਂ ਕਿਸ ਤਰ੍ਹਾਂ ਦੀ ਦੁਨੀਆਂ ਵਿਚ ਪਲ਼ਣ-ਵਧਣਗੇ?’

ਕੁਝ ਹੱਦ ਤਕ ਚਿੰਤਾ ਕਰਨੀ ਚੰਗੀ ਗੱਲ ਹੈ। ਅਸੀਂ ਕੁਦਰਤੀ ਹੀ ਚਿੰਤਾ ਕਰਨ ਲੱਗ ਪੈਂਦੇ ਹਾਂ ਜਦੋਂ ਸਾਡੇ ਇਮਤਿਹਾਨ ਹੋਣ ਵਾਲੇ ਹੁੰਦੇ ਹਨ, ਅਸੀਂ ਕਿਸੇ ਪ੍ਰੋਗਰਾਮ ਵਿਚ ਭਾਗ ਲੈਣਾ ਹੁੰਦਾ ਹੈ ਜਾਂ ਨੌਕਰੀ ਲਈ ਇੰਟਰਵਿਊ ਦੇਣੀ ਹੁੰਦੀ ਹੈ। ਨਾਲੇ ਕਿਸੇ ਖ਼ਤਰੇ ਦਾ ਜਾਇਜ਼ ਡਰਨ ਰੱਖਣ ਨਾਲ ਸਾਡਾ ਬਚਾਅ ਹੋ ਸਕਦਾ ਹੈ। ਪਰ ਬਹੁਤ ਜ਼ਿਆਦਾ ਚਿੰਤਾ ਜਾਂ ਹਮੇਸ਼ਾ ਚਿੰਤਾ ਕਰਨੀ ਚਿਖਾ ਦੇ ਸਮਾਨ ਹੈ। ਹਾਲ ਹੀ ਵਿਚ 68,000 ਤੋਂ ਜ਼ਿਆਦਾ ਬਾਲਗਾਂ ਉੱਤੇ ਕੀਤੇ ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਜੋ ਹਮੇਸ਼ਾ ਚਿੰਤਾ ਵਿਚ ਡੁੱਬੇ ਰਹਿੰਦੇ ਹਨ, ਉਹ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਤਾਂ ਫਿਰ ਯਿਸੂ ਨੇ ਠੀਕ ਹੀ ਕਿਹਾ ਸੀ: “ਤੁਹਾਡੇ ਵਿੱਚੋਂ ਕੌਣ ਚਿੰਤਾ ਕਰ ਕੇ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਵਧਾ ਸਕਦਾ ਹੈ?” ਵਾਕਈ, ਚਿੰਤਾ ਕਿਸੇ ਦੀ ਵੀ ਜ਼ਿੰਦਗੀ ਵਿਚ ਵਾਧਾ ਨਹੀਂ ਕਰ ਸਕਦੀ। ਇਸ ਲਈ ਯਿਸੂ ਨੇ ਸਲਾਹ ਦਿੱਤੀ: “ਆਪਣੀ ਜ਼ਿੰਦਗੀ ਦੀ ਚਿੰਤਾ ਕਰਨੀ ਛੱਡ ਦਿਓ।” (ਮੱਤੀ 6:25, 27) ਪਰ ਇਹ ਕਿਵੇਂ ਮੁਮਕਿਨ ਹੈ?

ਇਸ ਦੇ ਜਵਾਬ ਲਈ ਜ਼ਰੂਰੀ ਹੈ ਕਿ ਸਮਝਦਾਰੀ ਵਰਤੀ ਜਾਵੇ, ਰੱਬ ’ਤੇ ਪੱਕੀ ਨਿਹਚਾ ਕੀਤੀ ਜਾਵੇ ਅਤੇ ਭਵਿੱਖ ਬਾਰੇ ਮਿਲੀ ਉਮੀਦ ਪੱਕੀ ਕੀਤੀ ਜਾਵੇ। ਭਾਵੇਂ ਹੁਣ ਸਾਡੇ ਹਾਲਾਤ ਚੰਗੇ ਹਨ, ਪਰ ਭਵਿੱਖ ਵਿਚ ਸ਼ਾਇਦ ਸਾਨੂੰ ਔਖੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਵੇ। ਇਸ ਲਈ ਆਓ ਆਪਾਂ ਦੇਖੀਏ ਕਿ ਇਨ੍ਹਾਂ ਕਦਮਾਂ ਨੂੰ ਚੁੱਕ ਕੇ ਪੌਲ, ਜੈੱਨਟ ਅਤੇ ਅਲੋਨਾ ਨੇ ਚਿੰਤਾ ਤੋਂ ਕਿਵੇਂ ਖਹਿੜਾ ਛੁਡਾਇਆ। (w15-E 07/01)