Skip to content

Skip to table of contents

ਸ਼ਾਂਤੀ ਤੇ ਏਕਤਾ ਬਣਾਈ ਰੱਖੋ

ਸ਼ਾਂਤੀ ਤੇ ਏਕਤਾ ਬਣਾਈ ਰੱਖੋ

“ਮੈਂ ਆਪਣੇ ਪੈਰਾਂ ਦੇ ਅਸਥਾਨ ਨੂੰ ਸ਼ਾਨਦਾਰ ਬਣਾਵਾਂਗਾ।”ਯਸਾ. 60:13.

ਗੀਤ: 28, 53

1, 2. ਇਬਰਾਨੀ ਲਿਖਤਾਂ ਵਿਚ “ਚੌਂਕੀ” ਸ਼ਬਦ ਕਿਹੜੀਆਂ ਚੀਜ਼ਾਂ ਨੂੰ ਦਰਸਾਉਂਦਾ ਹੈ?

ਯਹੋਵਾਹ ਨੇ ਕਿਹਾ: “ਅਕਾਸ਼ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ।” (ਯਸਾ. 66:1) ਆਪਣੀ “ਚੌਂਕੀ” ਬਾਰੇ ਗੱਲ ਕਰਦਿਆਂ ਉਸ ਨੇ ਇਹ ਵੀ ਕਿਹਾ ਸੀ ਕਿ ਉਹ ‘ਆਪਣੇ ਪੈਰਾਂ ਦੇ ਅਸਥਾਨ ਨੂੰ ਸ਼ਾਨਦਾਰ ਬਣਾਵੇਗਾ।’ (ਯਸਾ. 60:13) ਉਹ ਆਪਣੇ “ਪੈਰ ਰੱਖਣ ਦੀ ਚੌਂਕੀ” ਨੂੰ ਕਿਵੇਂ ਸ਼ਾਨਦਾਰ ਬਣਾਉਂਦਾ ਹੈ? ਧਰਤੀ ਉੱਤੇ ਰਹਿਣ ਵਾਲਿਆਂ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?

2 ਇਬਰਾਨੀ ਲਿਖਤਾਂ ਵਿਚ “ਚੌਂਕੀ” ਸ਼ਬਦ ਇਜ਼ਰਾਈਲ ਵਿਚ ਪ੍ਰਾਚੀਨ ਮੰਦਰ ਨੂੰ ਦਰਸਾਉਣ ਲਈ ਵੀ ਵਰਤਿਆ ਜਾਂਦਾ ਸੀ। (1 ਇਤ. 28:2; ਜ਼ਬੂ. 132:7) ਉਹ ਮੰਦਰ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਅਹਿਮ ਸੀ ਕਿਉਂਕਿ ਸਿਰਫ਼ ਉੱਥੇ ਹੀ ਸੱਚੀ ਭਗਤੀ ਕੀਤੀ ਜਾਂਦੀ ਸੀ ਅਤੇ ਉੱਥੇ ਉਸ ਦੀ ਮਹਿਮਾ ਹੁੰਦੀ ਸੀ।

3. ਪਰਮੇਸ਼ੁਰ ਦਾ ਮਹਾਨ ਮੰਦਰ ਕੀ ਹੈ ਅਤੇ ਇਹ ਇੰਤਜ਼ਾਮ ਕਦੋਂ ਸ਼ੁਰੂ ਹੋਇਆ?

3 ਪਰ ਅੱਜ ਸੱਚੀ ਭਗਤੀ ਕਰਨ ਲਈ ਧਰਤੀ ’ਤੇ ਕੋਈ ਮੰਦਰ ਨਹੀਂ ਹੈ, ਬਲਕਿ ਯਹੋਵਾਹ ਦੀ ਭਗਤੀ ਉਸ ਦੇ ਮਹਾਨ ਮੰਦਰ ਵਿਚ ਕੀਤੀ ਜਾਂਦੀ ਹੈ। ਇਹ ਮਹਾਨ ਮੰਦਰ ਕੀ ਹੈ? ਇਹ ਯਹੋਵਾਹ ਵੱਲੋਂ ਕੀਤਾ ਇਕ ਖ਼ਾਸ ਇੰਤਜ਼ਾਮ ਹੈ ਜਿਸ ਦੁਆਰਾ ਅਸੀਂ ਉਸ ਦੇ ਦੋਸਤ ਬਣ ਸਕਦੇ ਹਾਂ ਤੇ ਉਸ ਦੀ ਭਗਤੀ ਕਰ ਸਕਦੇ ਹਾਂ। ਇਹ ਇੰਤਜ਼ਾਮ ਸਿਰਫ਼ ਯਿਸੂ ਦੀ ਕੁਰਬਾਨੀ ਕਰਕੇ ਹੀ ਸੰਭਵ ਹੋ ਸਕਿਆ। ਇਹ ਇੰਤਜ਼ਾਮ 29 ਈਸਵੀ ਵਿਚ ਸ਼ੁਰੂ ਹੋਇਆ ਜਦੋਂ ਯਿਸੂ ਦਾ ਬਪਤਿਸਮਾ ਹੋਇਆ ਤੇ ਉਸ ਨੂੰ ਯਹੋਵਾਹ ਦੇ ਮਹਾਨ ਮੰਦਰ ਦੇ ਮਹਾਂ ਪੁਜਾਰੀ ਦੇ ਤੌਰ ਤੇ ਚੁਣਿਆ ਗਿਆ ਸੀ।ਇਬ. 9:11, 12.

4, 5. (ੳ) ਜ਼ਬੂਰ 99 ਦੇ ਮੁਤਾਬਕ ਯਹੋਵਾਹ ਦੇ ਸੱਚੇ ਲੋਕ ਕੀ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ? (ਅ) ਅਸੀਂ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛ ਸਕਦੇ ਹਾਂ?

4 ਅਸੀਂ ਯਹੋਵਾਹ ਵੱਲੋਂ ਕੀਤੇ ਸੱਚੀ ਭਗਤੀ ਦੇ ਇੰਤਜ਼ਾਮ ਲਈ ਬਹੁਤ ਅਹਿਸਾਨਮੰਦ ਹਾਂ। ਜਦੋਂ ਅਸੀਂ ਲੋਕਾਂ ਨੂੰ ਯਹੋਵਾਹ ਦੇ ਨਾਂ ਅਤੇ ਉਸ ਦੇ ਪੁੱਤਰ ਦੀ ਕੁਰਬਾਨੀ ਬਾਰੇ ਦੱਸਦੇ ਹਾਂ, ਤਾਂ ਅਸੀਂ ਯਹੋਵਾਹ ਦੇ ਇਸ ਇੰਤਜ਼ਾਮ ਲਈ ਕਦਰਦਾਨੀ ਦਿਖਾਉਂਦੇ ਹਾਂ। ਸਾਨੂੰ ਇਸ ਗੱਲ ਤੋਂ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਅੱਜ 80 ਲੱਖ ਤੋਂ ਵੀ ਜ਼ਿਆਦਾ ਸੱਚੇ ਮਸੀਹੀ ਹਰ ਰੋਜ਼ ਯਹੋਵਾਹ ਦੇ ਗੁਣਗਾਨ ਕਰਦੇ ਹਨ। ਬਹੁਤ ਸਾਰੇ ਧਰਮਾਂ ਦੇ ਲੋਕਾਂ ਵਿਚ ਇਹ ਗ਼ਲਤਫ਼ਹਿਮੀ ਹੈ ਕਿ ਉਹ ਮਰਨ ਤੋਂ ਬਾਅਦ ਹੀ ਸਵਰਗ ਵਿਚ ਪਰਮੇਸ਼ੁਰ ਦੀ ਭਗਤੀ ਕਰਨਗੇ। ਪਰ ਯਹੋਵਾਹ ਦੇ ਲੋਕ ਜਾਣਦੇ ਹਨ ਕਿ ਉਨ੍ਹਾਂ ਲਈ ਅੱਜ ਧਰਤੀ ਉੱਤੇ ਯਹੋਵਾਹ ਦੀ ਭਗਤੀ ਕਰਨੀ ਜ਼ਰੂਰੀ ਹੈ।

5 ਜਦੋਂ ਅਸੀਂ ਯਹੋਵਾਹ ਦੀ ਵਡਿਆਈ ਕਰਦੇ ਹਾਂ, ਤਾਂ ਅਸੀਂ ਵੀ ਜ਼ਬੂਰਾਂ ਦੀ ਪੋਥੀ 99:1-3, 5-7 (ਪੜ੍ਹੋ।) ਵਿਚ ਦੱਸੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀ ਰੀਸ ਕਰਦੇ ਹਾਂ। ਇਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਾਚੀਨ ਸਮਿਆਂ ਵਿਚ ਮੂਸਾ, ਹਾਰੂਨ ਅਤੇ ਸਮੂਏਲ ਵਰਗੇ ਵਫ਼ਾਦਾਰ ਸੇਵਕਾਂ ਨੇ ਪ੍ਰਾਚੀਨ ਸਮੇਂ ਦੇ ਅਸਲੀ ਮੰਦਰ ਵਿਚ ਯਹੋਵਾਹ ਦੀ ਸੱਚੀ ਭਗਤੀ ਕੀਤੀ ਸੀ। ਅੱਜ ਧਰਤੀ ’ਤੇ ਜਿਹੜੇ ਬਾਕੀ ਚੁਣੇ ਹੋਏ ਮਸੀਹੀ ਹਨ, ਉਹ ਯਿਸੂ ਨਾਲ ਸਵਰਗ ਵਿਚ ਪੁਜਾਰੀਆਂ ਵਜੋਂ ਸੇਵਾ ਕਰਨ ਤੋਂ ਪਹਿਲਾਂ ਧਰਤੀ ’ਤੇ ਸੇਵਾ ਕਰਦੇ ਹਨ। ਲੱਖਾਂ ਹੀ “ਹੋਰ ਭੇਡਾਂ” ਵੀ ਉਨ੍ਹਾਂ ਦਾ ਸਾਥ ਦਿੰਦੀਆਂ ਹਨ। (ਯੂਹੰ. 10:16) ਭਾਵੇਂ ਕਿ ਦੋਵਾਂ ਦੀਆਂ ਉਮੀਦਾਂ ਵੱਖੋ-ਵੱਖਰੀਆਂ ਹਨ, ਫਿਰ ਵੀ ਉਹ ਇਕੱਠੇ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਨ। ਪਰ ਅਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛ ਸਕਦੇ ਹਾਂ: ‘ਕੀ ਮੈਂ ਯਹੋਵਾਹ ਦੇ ਮਹਾਨ ਮੰਦਰ ਯਾਨੀ ਸੱਚੀ ਭਗਤੀ ਦੇ ਇੰਤਜ਼ਾਮ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹਾਂ?’

ਸੱਚੇ ਭਗਤਾਂ ਦੀ ਪਛਾਣ

6, 7. ਪਹਿਲੀ ਸਦੀ ਦੀ ਮਸੀਹੀ ਮੰਡਲੀ ਵਿਚ ਕਿਹੜੀ ਸਮੱਸਿਆ ਖੜ੍ਹੀ ਹੋਈ ਅਤੇ 1914-1919 ਦੌਰਾਨ ਕੀ ਹੋਇਆ?

6 ਮਸੀਹੀ ਮੰਡਲੀ ਸ਼ੁਰੂ ਹੋਈ ਨੂੰ ਅਜੇ 100 ਸਾਲ ਨਹੀਂ ਹੋਏ ਸਨ ਕਿ ਮੰਡਲੀ ਵਿਚ ਧਰਮ-ਤਿਆਗੀ ਖੜ੍ਹੇ ਹੋ ਗਏ। (ਰਸੂ. 20:28-30; 2 ਥੱਸ. 2:3, 4) ਉਨ੍ਹਾਂ ਦਿਨਾਂ ਤੋਂ ਬਾਅਦ ਪਰਮੇਸ਼ੁਰ ਦੇ ਸੱਚੇ ਸੇਵਕਾਂ ਨੂੰ ਪਛਾਣਨਾ ਬਹੁਤ ਮੁਸ਼ਕਲ ਹੋ ਗਿਆ। 1,800 ਤੋਂ ਜ਼ਿਆਦਾ ਸਾਲ ਬੀਤਣ ਤੋਂ ਬਾਅਦ ਯਹੋਵਾਹ ਨੇ ਯਿਸੂ ਰਾਹੀਂ ਸੱਚੇ ਭਗਤਾਂ ਦੀ ਪਛਾਣ ਕਰਵਾਈ।

7 ਸਾਲ 1919 ਤਕ ਸਾਫ਼ ਪਤਾ ਲੱਗ ਗਿਆ ਕਿ ਕਿਹੜੇ ਲੋਕਾਂ ਦੀ ਭਗਤੀ ਨੂੰ ਪਰਮੇਸ਼ੁਰ ਮਨਜ਼ੂਰ ਕਰ ਰਿਹਾ ਸੀ। ਉਨ੍ਹਾਂ ਨੇ ਤਬਦੀਲੀਆਂ ਕੀਤੀਆਂ ਤਾਂਕਿ ਯਹੋਵਾਹ ਉਨ੍ਹਾਂ ਦੀ ਭਗਤੀ ਤੋਂ ਹੋਰ ਜ਼ਿਆਦਾ ਖ਼ੁਸ਼ ਹੋ ਸਕੇ। (ਯਸਾ. 4:2, 3; ਮਲਾ. 3:1-4) ਸੋ ਪੌਲੁਸ ਰਸੂਲ ਨੇ 1,800 ਤੋਂ ਜ਼ਿਆਦਾ ਸਾਲ ਪਹਿਲਾਂ ਜਿਹੜਾ ਦਰਸ਼ਣ ਦੇਖਿਆ ਸੀ, ਉਹ ਹੁਣ ਪੂਰਾ ਹੋਣ ਲੱਗ ਪਿਆ।

8, 9. ਪੌਲੁਸ ਦੇ ਦਰਸ਼ਣ ਵਿਚ “ਸੋਹਣੀ ਜਗ੍ਹਾ” ਕਿਨ੍ਹਾਂ ਤਿੰਨ ਗੱਲਾਂ ਨੂੰ ਦਰਸਾਉਂਦੀ ਹੈ?

8 ਪੌਲੁਸ ਨੇ 2 ਕੁਰਿੰਥੀਆਂ 12:1-4 (ਪੜ੍ਹੋ।) ਵਿਚ ਆਪਣੇ ਦਰਸ਼ਣ ਬਾਰੇ ਲਿਖਿਆ। ਉਸ ਦਰਸ਼ਣ ਵਿਚ ਯਹੋਵਾਹ ਨੇ ਪੌਲੁਸ ਨੂੰ ਭਵਿੱਖ ਦੀ ਝਲਕ ਦਿਖਾਈ ਸੀ। ਉਸ ਨੇ ਜਿਹੜੀ “ਸੋਹਣੀ ਜਗ੍ਹਾ” ਦੇਖੀ ਸੀ, ਉਹ ਕਿਨ੍ਹਾਂ ਗੱਲਾਂ ਨੂੰ ਦਰਸਾਉਂਦੀ ਹੈ? ਪਹਿਲੀ, ਇਹ ਧਰਤੀ ’ਤੇ ਬਣਨ ਵਾਲੇ ਜ਼ਿੰਦਗੀ ਦੇ ਬਾਗ਼ ਨੂੰ ਦਰਸਾਉਂਦੀ ਹੈ। (ਲੂਕਾ 23:43) ਦੂਜੀ, ਇਹ ਨਵੀਂ ਦੁਨੀਆਂ ਵਿਚ ਯਹੋਵਾਹ ਦੇ ਮੁਕੰਮਲ ਲੋਕਾਂ ਵਿਚ ਸ਼ਾਂਤੀ ਭਰੇ ਮਾਹੌਲ ਨੂੰ ਦਰਸਾਉਂਦੀ ਹੈ। ਤੀਜੀ, ਇਹ ਸਵਰਗ ਵਿਚ “ਪਰਮੇਸ਼ੁਰ ਦੇ ਬਾਗ਼” ਵਿਚ ਵਧੀਆ ਹਾਲਾਤਾਂ ਨੂੰ ਦਰਸਾਉਂਦੀ ਹੈ।ਪ੍ਰਕਾ. 2:7.

9 ਪਰ ਪੌਲੁਸ ਨੇ ਇਹ ਕਿਉਂ ਕਿਹਾ ਸੀ ਕਿ ਉਸ ਨੇ “ਅਜਿਹੇ ਸ਼ਬਦ ਸੁਣੇ ਜਿਨ੍ਹਾਂ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ ਜਾਂ ਜਿਨ੍ਹਾਂ ਨੂੰ ਦੱਸਣ ਦੀ ਇਨਸਾਨ ਨੂੰ ਇਜਾਜ਼ਤ ਨਹੀਂ ਹੈ”? ਕਿਉਂਕਿ ਉਸ ਨੇ ਦਰਸ਼ਣ ਵਿਚ ਜੋ ਵਧੀਆ ਚੀਜ਼ਾਂ ਦੇਖੀਆਂ ਸਨ, ਹਾਲੇ ਉਨ੍ਹਾਂ ਗੱਲਾਂ ਨੂੰ ਸਮਝਾਉਣ ਦਾ ਸਮਾਂ ਨਹੀਂ ਸੀ। ਪਰ ਯਹੋਵਾਹ ਦੇ ਲੋਕ ਅੱਜ ਜੋ ਬਰਕਤਾਂ ਦਾ ਆਨੰਦ ਮਾਣ ਰਹੇ ਹਨ, ਅਸੀਂ ਉਨ੍ਹਾਂ ਬਾਰੇ ਦੂਜਿਆਂ ਨੂੰ ਦੱਸ ਸਕਦੇ ਹਾਂ।

10. ਪਰਮੇਸ਼ੁਰ ਦੇ ਲੋਕ ਕਿਹੋ ਜਿਹੇ ਮਾਹੌਲ ਵਿਚ ਰਹਿੰਦੇ ਹਨ?

10 ਸਾਡੇ ਪ੍ਰਕਾਸ਼ਨਾਂ ਵਿਚ ਅਕਸਰ ਕਿਹਾ ਜਾਂਦਾ ਹੈ ਕਿ ਇੱਦਾਂ ਲੱਗਦਾ ਹੈ ਜਿਵੇਂ ਪਰਮੇਸ਼ੁਰ ਦੇ ਲੋਕ ਨਵੀਂ ਦੁਨੀਆਂ ਵਿਚ ਅੱਜ ਹੀ ਰਹਿ ਰਹੇ ਹੋਣ। ਇਸ ਤਰ੍ਹਾਂ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਯਹੋਵਾਹ ਅੱਜ ਆਪਣੇ ਲੋਕਾਂ ਨੂੰ ਉਹ ਸ਼ਾਂਤੀ ਬਖ਼ਸ਼ਦਾ ਹੈ ਜੋ ਨਵੀਂ ਦੁਨੀਆਂ ਵਿਚ ਹਰ ਪਾਸੇ ਫੈਲੀ ਹੋਵੇਗੀ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਿਰਫ਼ ਯਹੋਵਾਹ ਦੇ ਲੋਕ ਉਸ ਦੇ ਮਹਾਨ ਮੰਦਰ ਵਿਚ ਆ ਕੇ ਉਸ ਦੀ ਸੱਚੀ ਭਗਤੀ ਕਰਦੇ ਹਨ। ਇਹ ਮੰਦਰ ਕੀ ਹੈ? ਇਹ ਪਰਮੇਸ਼ੁਰ ਦੀ ਭਗਤੀ ਕਰਨ ਦਾ ਖ਼ਾਸ ਇੰਤਜ਼ਾਮ ਹੈ ਜੋ ਯਿਸੂ ਮਸੀਹ ਦੀ ਕੁਰਬਾਨੀ ਦੇ ਆਧਾਰ ’ਤੇ ਕੀਤਾ ਗਿਆ ਹੈ।ਮਲਾ. 3:18.

11. ਅੱਜ ਸਾਡੇ ਕੋਲ ਕਿਹੜਾ ਸਨਮਾਨ ਹੈ?

11 ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ 1919 ਤੋਂ ਯਹੋਵਾਹ ਨੇ ਇਨਸਾਨਾਂ ਨੂੰ ਆਪਣੀ ਸ਼ਾਂਤੀ ਬਖ਼ਸ਼ੀ ਹੈ ਜਿਸ ਨਾਲ ਉਨ੍ਹਾਂ ਵਿਚ ਏਕਤਾ ਅਤੇ ਪਿਆਰ ਦਾ ਖ਼ਾਸ ਮਾਹੌਲ ਪੈਦਾ ਹੋਇਆ ਹੈ। ਸਾਡੇ ਕੋਲ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਹੋਰਨਾਂ ਲੋਕਾਂ ਨੂੰ ਇਕੱਠਾ ਕਰ ਕੇ ਆਪਣੇ ਭਾਈਚਾਰੇ ਨੂੰ ਹੋਰ ਵਧਾਈਏ! ਕੀ ਤੁਸੀਂ ਇਸ ਵਧੀਆ ਕੰਮ ਵਿਚ ਹਿੱਸਾ ਲੈ ਰਹੇ ਹੋ? ਕੀ ਤੁਸੀਂ ਯਹੋਵਾਹ ਨਾਲ ਮਿਲ ਕੇ ਕੰਮ ਕਰਨ ਦੇ ਸਨਮਾਨ ਦੀ ਕਦਰ ਕਰਦੇ ਹੋ ਜਿਸ ਨਾਲ ਉਸ ਦੀ ਮਹਿਮਾ ਹੁੰਦੀ ਹੈ?

ਯਹੋਵਾਹ ਆਪਣੇ ਸੰਗਠਨ ਨੂੰ ਹੋਰ ਵੀ ਸ਼ਾਨਦਾਰ ਬਣਾ ਰਿਹਾ ਹੈ

12. ਅਸੀਂ ਕਿਵੇਂ ਜਾਣਦੇ ਹਾਂ ਕਿ ਯਸਾਯਾਹ 60:17 ਦਾ ਹਵਾਲਾ ਪੂਰਾ ਹੋ ਰਿਹਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

12 ਯਸਾਯਾਹ ਨਬੀ ਨੇ ਦੱਸਿਆ ਸੀ ਕਿ ਧਰਤੀ ਉੱਤੇ ਯਹੋਵਾਹ ਦੇ ਸੰਗਠਨ ਵਿਚ ਬਹੁਤ ਵਧੀਆ ਤਬਦੀਲੀਆਂ ਹੋਣਗੀਆਂ। (ਯਸਾਯਾਹ 60:17 ਪੜ੍ਹੋ।) ਸੱਚਾਈ ਵਿਚ ਆਏ ਨਵੇਂ ਮਸੀਹੀਆਂ ਤੇ ਨੌਜਵਾਨਾਂ ਨੇ ਇਨ੍ਹਾਂ ਤਬਦੀਲੀਆਂ ਬਾਰੇ ਸਿਰਫ਼ ਪੜ੍ਹਿਆ ਜਾਂ ਸੁਣਿਆ ਹੀ ਹੋਵੇਗਾ। ਪਰ ਇੱਦਾਂ ਦੇ ਵੀ ਕੁਝ ਭੈਣ-ਭਰਾ ਹਨ ਜਿਨ੍ਹਾਂ ਨੇ ਇਹ ਤਬਦੀਲੀਆਂ ਆਪਣੀ ਅੱਖੀਂ ਹੁੰਦੀਆਂ ਦੇਖੀਆਂ ਹਨ। ਇਨ੍ਹਾਂ ਵਫ਼ਾਦਾਰ ਸੇਵਕਾਂ ਨੂੰ ਪੱਕਾ ਯਕੀਨ ਹੈ ਕਿ ਪਰਮੇਸ਼ੁਰ ਸਾਡੇ ਰਾਜੇ ਯਿਸੂ ਰਾਹੀਂ ਆਪਣੇ ਸੰਗਠਨ ਨੂੰ ਸੇਧ ਦੇ ਰਿਹਾ ਹੈ। ਜਦੋਂ ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਦੇ ਤਜਰਬੇ ਸੁਣਦੇ ਹਾਂ, ਤਾਂ ਯਹੋਵਾਹ ’ਤੇ ਸਾਡੀ ਨਿਹਚਾ ਹੋਰ ਵੀ ਮਜ਼ਬੂਤ ਹੁੰਦੀ ਹੈ।

13. ਸਾਨੂੰ ਜ਼ਬੂਰਾਂ ਦੀ ਪੋਥੀ 48:12-14 ਮੁਤਾਬਕ ਕੀ ਕਰਨ ਦੀ ਲੋੜ ਹੈ?

13 ਸੱਚੇ ਮਸੀਹੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਸਾਰਿਆਂ ਨੂੰ ਯਹੋਵਾਹ ਦੇ ਸੰਗਠਨ ਬਾਰੇ ਦੱਸਣ। ਭਾਵੇਂ ਕਿ ਅਸੀਂ ਸ਼ੈਤਾਨ ਦੀ ਦੁਸ਼ਟ ਦੁਨੀਆਂ ਵਿਚ ਰਹਿੰਦੇ ਹਾਂ, ਫਿਰ ਵੀ ਸਾਡੇ ਵਿਚ ਸ਼ਾਂਤੀ ਤੇ ਏਕਤਾ ਬਣੀ ਰਹਿੰਦੀ ਹੈ। ਵਾਕਈ, ਇਹ ਇਕ ਚਮਤਕਾਰ ਹੈ! ਸਾਡੇ ਲਈ ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ “ਆਉਣ ਵਾਲੀ ਪੀੜ੍ਹੀ” ਨੂੰ ਪਰਮੇਸ਼ੁਰ ਦੇ ਸਵਰਗੀ ਸੰਗਠਨ ਅਤੇ ਧਰਤੀ ਉੱਤੇ ਉਸ ਦੇ ਸੰਗਠਨ ਵਿਚ ਪਾਈ ਜਾਂਦੀ ਸ਼ਾਂਤੀ ਤੇ ਏਕਤਾ ਬਾਰੇ ਦੱਸੀਏ!ਜ਼ਬੂਰਾਂ ਦੀ ਪੋਥੀ 48:12-14 ਪੜ੍ਹੋ।

14, 15. ਸਾਲ 1970 ਤੋਂ ਬਾਅਦ ਕਿਹੜੀਆਂ ਤਬਦੀਲੀਆਂ ਹੋਈਆਂ ਤੇ ਇਸ ਦਾ ਸੰਗਠਨ ਨੂੰ ਕਿਉਂ ਫ਼ਾਇਦਾ ਹੋਇਆ?

14 ਸਾਡੇ ਸੰਗਠਨ ਵਿਚ ਤਬਦੀਲੀਆਂ ਹੋਣ ਕਰਕੇ ਇਹ ਵਧਿਆ-ਫੁੱਲਿਆ ਤੇ ਸ਼ਾਨਦਾਰ ਬਣਿਆ ਹੈ। ਮੰਡਲੀਆਂ ਦੇ ਬਹੁਤ ਸਾਰੇ ਸਿਆਣੇ ਭੈਣਾਂ-ਭਰਾਵਾਂ ਨੇ ਇਹ ਤਬਦੀਲੀਆਂ ਹੁੰਦੀਆਂ ਦੇਖੀਆਂ ਹਨ। ਉਨ੍ਹਾਂ ਨੂੰ ਯਾਦ ਹੈ ਜਦੋਂ ਮੰਡਲੀਆਂ ਵਿਚ ਬਜ਼ੁਰਗਾਂ ਦੇ ਸਮੂਹ ਦੀ ਜਗ੍ਹਾ ਸਿਰਫ਼ ਇੱਕੋ ਹੀ ਭਰਾ (ਮੰਡਲੀ ਦਾ ਸੇਵਕ) ਸਾਰੇ ਫ਼ੈਸਲੇ ਕਰਦਾ ਸੀ। ਦੇਸ਼ ਦੀ ਬ੍ਰਾਂਚ ਕਮੇਟੀ ਦੀ ਬਜਾਇ ਇਕ ਬ੍ਰਾਂਚ ਸੇਵਕ ਅਤੇ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੀ ਬਜਾਇ ਵਾਚ ਟਾਵਰ ਸੋਸਾਇਟੀ ਦਾ ਇਕ ਪ੍ਰਧਾਨ ਅਗਵਾਈ ਕਰਦਾ ਸੀ। ਮੰਡਲੀਆਂ, ਬ੍ਰਾਂਚ ਆਫ਼ਿਸਾਂ ਅਤੇ ਹੈੱਡ-ਕੁਆਰਟਰ ਵਿਚ ਸਾਰੇ ਫ਼ੈਸਲੇ ਇੱਕੋ ਹੀ ਭਰਾ ਕਰਦਾ ਸੀ ਭਾਵੇਂ ਦੂਸਰੇ ਜ਼ਿੰਮੇਵਾਰ ਭਰਾ ਵੀ ਉਸ ਨਾਲ ਕੰਮ ਕਰਦੇ ਸਨ। 1970 ਤੋਂ ਬਾਅਦ ਕੁਝ ਤਬਦੀਲੀਆਂ ਆਈਆਂ ਜਿਵੇਂ ਕਿ ਹੁਣ ਇਕ ਭਰਾ ਨਹੀਂ, ਬਲਕਿ ਬਜ਼ੁਰਗਾਂ ਦਾ ਸਮੂਹ ਮਿਲ ਕੇ ਫ਼ੈਸਲੇ ਲਵੇਗਾ।

15 ਇਨ੍ਹਾਂ ਤਬਦੀਲੀਆਂ ਦਾ ਸੰਗਠਨ ਨੂੰ ਕਿਉਂ ਫ਼ਾਇਦਾ ਹੋਇਆ ਹੈ? ਕਿਉਂਕਿ ਇਹ ਤਬਦੀਲੀਆਂ ਬਾਈਬਲ ਦੀ ਹੋਰ ਵਧੀਆ ਸਮਝ ਮਿਲਣ ਕਰਕੇ ਕੀਤੀਆਂ ਗਈਆਂ ਸਨ। ਜਦੋਂ ਇਕ ਭਰਾ ਦੀ ਬਜਾਇ ਸਾਰੇ ਬਜ਼ੁਰਗ ਮਿਲ ਕੇ ਫ਼ੈਸਲੇ ਕਰਦੇ ਹਨ, ਤਾਂ ਸੰਗਠਨ ਨੂੰ ਯਹੋਵਾਹ ਵੱਲੋਂ “ਤੋਹਫ਼ਿਆਂ ਵਜੋਂ” ਦਿੱਤੇ ਸਾਰੇ ਬਜ਼ੁਰਗਾਂ ਦੀਆਂ ਖੂਬੀਆਂ ਤੋਂ ਫ਼ਾਇਦਾ ਹੁੰਦਾ ਹੈ।ਅਫ਼. 4:8; ਕਹਾ. 24:6.

ਯਹੋਵਾਹ ਪੂਰੀ ਦੁਨੀਆਂ ਵਿਚ ਲੋਕਾਂ ਨੂੰ ਸਿੱਖਿਆ ਦੇ ਰਿਹਾ ਹੈ (ਪੈਰੇ 16, 17 ਦੇਖੋ)

16, 17. ਹਾਲ ਹੀ ਵਿਚ ਹੋਈਆਂ ਤਬਦੀਲੀਆਂ ਵਿੱਚੋਂ ਤੁਹਾਨੂੰ ਕਿਹੜੀ ਤਬਦੀਲੀ ਵਧੀਆ ਲੱਗਦੀ ਹੈ ਤੇ ਕਿਉਂ?

16 ਹਾਲ ਹੀ ਦੇ ਸਮੇਂ ਦੌਰਾਨ ਸਾਡੇ ਪ੍ਰਕਾਸ਼ਨਾਂ ਵਿਚ ਹੋਈਆਂ ਕੁਝ ਤਬਦੀਲੀਆਂ ਬਾਰੇ ਸੋਚੋ। ਸਾਨੂੰ ਆਪਣੇ ਪ੍ਰਕਾਸ਼ਨ ਦੂਜਿਆਂ ਨੂੰ ਦੇ ਕੇ ਖ਼ੁਸ਼ੀ ਹੁੰਦੀ ਹੈ ਜਿਨ੍ਹਾਂ ਵਿਚ ਅੱਜ-ਕੱਲ੍ਹ ਦੀਆਂ ਸਮੱਸਿਆਵਾਂ ਨਾਲ ਸਿੱਝਣ ਬਾਰੇ ਵਧੀਆ ਸਲਾਹ ਦਿੱਤੀ ਜਾਂਦੀ ਹੈ। ਨਾਲੇ ਸੋਚੋ ਕਿ ਅਸੀਂ ਕਿਵੇਂ ਨਵੀਂ ਤਕਨਾਲੋਜੀ ਵਰਤ ਕੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕਦੇ ਹਾਂ। ਮਿਸਾਲ ਲਈ, jw.org ਵੈੱਬਸਾਈਟ ਰਾਹੀਂ ਹੋਰ ਵੀ ਜ਼ਿਆਦਾ ਲੋਕਾਂ ਨੂੰ ਮਦਦ ਮਿਲੀ ਹੈ। ਇਨ੍ਹਾਂ ਸਾਰੀਆਂ ਤਬਦੀਲੀਆਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਲੋਕਾਂ ਨੂੰ ਪਿਆਰ ਕਰਦਾ ਹੈ ਤੇ ਉਨ੍ਹਾਂ ਦੀ ਦਿਲੋਂ ਪਰਵਾਹ ਕਰਦਾ ਹੈ।

17 ਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਭਾਵਾਂ ਵਿਚ ਤਬਦੀਲੀ ਹੋਣ ਕਰਕੇ ਸਾਡੇ ਕੋਲ ਪਰਿਵਾਰਕ ਸਟੱਡੀ ਕਰਨ ਤੇ ਆਪਣੀ ਸਟੱਡੀ ਕਰਨ ਲਈ ਜ਼ਿਆਦਾ ਸਮਾਂ ਹੁੰਦਾ ਹੈ। ਇਸ ਦੇ ਨਾਲ-ਨਾਲ ਅਸੀਂ ਅਸੈਂਬਲੀਆਂ ਤੇ ਵੱਡੇ ਸੰਮੇਲਨਾਂ ਵਿਚ ਹੋਈਆਂ ਤਬਦੀਲੀਆਂ ਦੀ ਕਦਰ ਕਰਦੇ ਹਾਂ। ਹਰ ਸਾਲ ਸੰਮੇਲਨ ਵਧੀਆ ਤੋਂ ਵਧੀਆ ਹੁੰਦੇ ਜਾ ਰਹੇ ਹਨ। ਇਸ ਤੋਂ ਇਲਾਵਾ, ਬਹੁਤ ਸਾਰੇ ਸਕੂਲਾਂ ਵਿਚ ਮਿਲਦੀ ਸਿਖਲਾਈ ਲਈ ਵੀ ਅਸੀਂ ਸ਼ੁਕਰਗੁਜ਼ਾਰ ਹਾਂ। ਇਨ੍ਹਾਂ ਤਬਦੀਲੀਆਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਹੀ ਇਸ ਸੰਗਠਨ ਦੀ ਅਗਵਾਈ ਕਰ ਰਿਹਾ ਹੈ ਅਤੇ ਉਹ ਲਗਾਤਾਰ ਸਾਡੇ ਵਿਚ ਸ਼ਾਂਤੀ ਭਰਿਆ ਮਾਹੌਲ ਬਣਾ ਰਿਹਾ ਹੈ।

ਸ਼ਾਂਤੀ ਤੇ ਏਕਤਾ ਬਣਾਈ ਰੱਖਣ ਵਿਚ ਤੁਹਾਡਾ ਯੋਗਦਾਨ

18, 19. ਅਸੀਂ ਆਪਸੀ ਸ਼ਾਂਤੀ ਤੇ ਏਕਤਾ ਬਣਾਈ ਰੱਖਣ ਲਈ ਕੀ ਕਰ ਸਕਦੇ ਹਾਂ?

18 ਯਹੋਵਾਹ ਨੇ ਸਾਨੂੰ ਸਨਮਾਨ ਦਿੱਤਾ ਹੈ ਕਿ ਅਸੀਂ ਜੋਸ਼ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਅਤੇ ਚੇਲੇ ਬਣਾ ਕੇ ਦੁਨੀਆਂ ਭਰ ਵਿਚ ਆਪਸੀ ਸ਼ਾਂਤੀ ਤੇ ਏਕਤਾ ਬਣਾਈ ਰੱਖੀਏ। ਜਦੋਂ ਵੀ ਅਸੀਂ ਕਿਸੇ ਵਿਅਕਤੀ ਦੀ ਪਰਮੇਸ਼ੁਰ ਦਾ ਸੇਵਕ ਬਣਨ ਵਿਚ ਮਦਦ ਕਰਦੇ ਹਾਂ, ਤਾਂ ਅਸੀਂ ਸੰਗਠਨ ਨੂੰ ਵਧਾਉਣ ਵਿਚ ਮਦਦ ਕਰਦੇ ਹਾਂ।ਯਸਾ. 26:15; 54:2.

19 ਜਦੋਂ ਅਸੀਂ ਆਪਣੇ ਵਿਚ ਮਸੀਹੀ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਆਪਸੀ ਸ਼ਾਂਤੀ ਵਧਾਉਂਦੇ ਹਾਂ ਅਤੇ ਏਕਤਾ ਦੇ ਬੰਧਨ ਨੂੰ ਹੋਰ ਵੀ ਮਜ਼ਬੂਤ ਕਰਦੇ ਹਾਂ। ਇਹ ਦੇਖ ਕੇ ਲੋਕ ਸਾਡੇ ਸੰਗਠਨ ਵੱਲ ਖਿੱਚੇ ਚਲੇ ਆਉਂਦੇ ਹਨ। ਅਕਸਰ ਲੋਕ ਬਾਈਬਲ ਦੀ ਸੱਚਾਈ ਕਰਕੇ ਨਹੀਂ, ਬਲਕਿ ਸਾਡੇ ਚੰਗੇ ਚਾਲ-ਚਲਣ ਤੇ ਏਕਤਾ ਕਰਕੇ ਸੰਗਠਨ ਵਿਚ ਆਉਂਦੇ ਹਨ ਤੇ ਬਾਅਦ ਵਿਚ ਉਹ ਯਹੋਵਾਹ ਤੇ ਯਿਸੂ ਦੇ ਕਰੀਬ ਆਉਂਦੇ ਹਨ।

ਤੁਸੀਂ ਵੀ ਸੰਗਠਨ ਨੂੰ ਵਧਾਉਣ ਵਿਚ ਮਦਦ ਕਰ ਸਕਦੇ ਹੋ (ਪੈਰੇ 18, 19 ਦੇਖੋ)

20. ਸਾਨੂੰ ਕਹਾਉਤਾਂ 14:35 ਮੁਤਾਬਕ ਕੀ ਕਰਨਾ ਚਾਹੀਦਾ ਹੈ?

20 ਯਹੋਵਾਹ ਤੇ ਯਿਸੂ ਅੱਜ ਸਾਡੀ ਆਪਸੀ ਸ਼ਾਂਤੀ ਤੇ ਏਕਤਾ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦੇ ਹਨ। ਜਦੋਂ ਅਸੀਂ ਸ਼ਾਂਤੀ ਤੇ ਏਕਤਾ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਨੂੰ ਖ਼ੁਸ਼ੀ ਹੁੰਦੀ ਹੈ। ਪਰ ਉਦੋਂ ਸਾਨੂੰ ਕਿਤੇ ਜ਼ਿਆਦਾ ਖ਼ੁਸ਼ੀ ਹੋਵੇਗੀ ਜਦੋਂ ਅਸੀਂ ਪੂਰੀ ਧਰਤੀ ਨੂੰ ਖ਼ੂਬਸੂਰਤ ਬਣਾਵਾਂਗੇ। ਸਾਨੂੰ ਹਮੇਸ਼ਾ ਕਹਾਉਤਾਂ 14:35 ਦੀ ਗੱਲ ਯਾਦ ਰੱਖਣੀ ਚਾਹੀਦੀ ਹੈ ਜਿਸ ਵਿਚ ਕਿਹਾ ਗਿਆ ਹੈ “ਬੁੱਧਵਾਨ ਨੌਕਰ ਤੋਂ ਪਾਤਸ਼ਾਹ ਪਰਸੰਨ ਹੁੰਦਾ ਹੈ।” ਆਓ ਆਪਾਂ ਬੁੱਧੀਮਤਾ ਨਾਲ ਸ਼ਾਂਤੀ ਤੇ ਏਕਤਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ!