Skip to content

Skip to table of contents

“ਨਿਹਚਾ ਵਿਚ ਪੱਕੇ ਰਹੋ”

“ਨਿਹਚਾ ਵਿਚ ਪੱਕੇ ਰਹੋ”

“ਨਿਹਚਾ ਵਿਚ ਪੱਕੇ ਰਹੋ, . . . ਤਕੜੇ ਬਣੋ।”1 ਕੁਰਿੰ. 16:13.

ਗੀਤ: 23, 34

1. (ੳ) ਗਲੀਲ ਦੀ ਝੀਲ ਉੱਤੇ ਤੂਫ਼ਾਨ ਦੌਰਾਨ ਪਤਰਸ ਨਾਲ ਕੀ ਹੋਇਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਪਤਰਸ ਕਿਉਂ ਡੁੱਬਣ ਲੱਗ ਪਿਆ?

ਇਕ ਤੂਫ਼ਾਨੀ ਰਾਤ ਦੌਰਾਨ ਪਤਰਸ ਰਸੂਲ ਅਤੇ ਕੁਝ ਚੇਲੇ ਗਲੀਲ ਦੀ ਝੀਲ ਨੂੰ ਪਾਰ ਕਰਨ ਦੀ ਜੱਦੋ-ਜਹਿਦ ਕਰ ਰਹੇ ਸਨ। ਅਚਾਨਕ ਹੀ ਉਨ੍ਹਾਂ ਨੇ ਦੇਖਿਆ ਕਿ ਯਿਸੂ ਪਾਣੀ ’ਤੇ ਤੁਰ ਰਿਹਾ ਸੀ। ਪਤਰਸ ਨੇ ਯਿਸੂ ਨੂੰ ਆਵਾਜ਼ ਮਾਰ ਕੇ ਪੁੱਛਿਆ, ‘ਕੀ ਮੈਂ ਪਾਣੀ ’ਤੇ ਤੁਰ ਕੇ ਤੇਰੇ ਕੋਲ ਆ ਸਕਦਾ ਹਾਂ?’ ਯਿਸੂ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਪਤਰਸ ਬੇੜੀ ਤੋਂ ਉਤਰ ਕੇ ਯਿਸੂ ਵੱਲ ਤੁਰਨ ਲੱਗ ਪਿਆ। ਪਰ ਚੰਦ ਮਿੰਟਾਂ ਬਾਅਦ ਪਤਰਸ ਡੁੱਬਣ ਲੱਗ ਪਿਆ। ਪਰ ਕਿਉਂ? ਕਿਉਂਕਿ ਤੂਫ਼ਾਨ ਅਤੇ ਲਹਿਰਾਂ ਦੇਖ ਕੇ ਉਸ ਦੇ ਸਾਹ ਵਿਚ ਸਾਹ ਨਾ ਰਿਹਾ। ਉਹ ਮਦਦ ਵਾਸਤੇ ਚਿਲਾਉਣ ਲੱਗ ਪਿਆ ਅਤੇ ਯਿਸੂ ਨੇ ਤੁਰੰਤ ਹੀ ਉਸ ਨੂੰ ਫੜ ਲਿਆ ਅਤੇ ਕਿਹਾ: “ਹੇ ਥੋੜ੍ਹੀ ਨਿਹਚਾ ਰੱਖਣ ਵਾਲਿਆ, ਤੂੰ ਸ਼ੱਕ ਕਿਉਂ ਕੀਤਾ?”ਮੱਤੀ 14:24-32.

2. ਅਸੀਂ ਕਿਨ੍ਹਾਂ ਗੱਲਾਂ ਉੱਤੇ ਗੌਰ ਕਰਾਂਗੇ?

2 ਆਓ ਆਪਾਂ ਨਿਹਚਾ ਬਾਰੇ ਤਿੰਨ ਗੱਲਾਂ ’ਤੇ ਗੌਰ ਕਰੀਏ ਜੋ ਅਸੀਂ ਪਤਰਸ ਨਾਲ ਹੋਈ ਇਸ ਘਟਨਾ ਤੋਂ ਸਿੱਖ ਸਕਦੇ ਹਾਂ: (1) ਪਤਰਸ ਨੇ ਪਹਿਲਾਂ ਕਿਵੇਂ ਦਿਖਾਇਆ ਕਿ ਉਹ ਯਹੋਵਾਹ ਉੱਤੇ ਭਰੋਸਾ ਰੱਖਦਾ ਸੀ, (2) ਪਤਰਸ ਦੀ ਨਿਹਚਾ ਦੀ ਬੇੜੀ ਕਿਉਂ ਡੁੱਬਣ ਲੱਗ ਪਈ ਅਤੇ (3) ਕਿਸ ਗੱਲ ਕਰਕੇ ਪਤਰਸ ਨੇ ਆਪਣੇ ਵਿਸ਼ਵਾਸ ਨੂੰ ਦੁਬਾਰਾ ਮਜ਼ਬੂਤ ਕੀਤਾ। ਇਨ੍ਹਾਂ ਗੱਲਾਂ ’ਤੇ ਗੌਰ ਕਰ ਕੇ ਅਸੀਂ ਦੇਖਾਂਗੇ ਕਿ ਅਸੀਂ ਆਪਣੀ “ਨਿਹਚਾ ਵਿਚ ਪੱਕੇ” ਕਿਵੇਂ ਰਹਿ ਸਕਦੇ ਹਾਂ।1 ਕੁਰਿੰ. 16:13.

ਨਿਹਚਾ ਰੱਖੋ ਕਿ ਪਰਮੇਸ਼ੁਰ ਸਾਡੀ ਜ਼ਰੂਰ ਮਦਦ ਕਰੇਗਾ

3. ਪਤਰਸ ਬੇੜੀ ਵਿੱਚੋਂ ਕਿਉਂ ਉਤਰਿਆ ਸੀ ਅਤੇ ਅਸੀਂ ਵੀ ਉਸ ਵਾਂਗ ਕੀ ਕੀਤਾ ਹੈ?

3 ਪਤਰਸ ਦੀ ਨਿਹਚਾ ਮਜ਼ਬੂਤ ਸੀ। ਇਸ ਗੱਲ ਦਾ ਕੀ ਸਬੂਤ ਹੈ? ਜਦੋਂ ਯਿਸੂ ਨੇ ਉਸ ਨੂੰ ਆਪਣੇ ਕੋਲ ਬੁਲਾਇਆ, ਤਾਂ ਪਤਰਸ ਬੇੜੀ ਵਿੱਚੋਂ ਉਤਰ ਕੇ ਪਾਣੀ ਉੱਤੇ ਤੁਰਨ ਲੱਗਾ। ਉਸ ਨੂੰ ਇਸ ਗੱਲ ਦਾ ਪੂਰਾ ਯਕੀਨ ਸੀ ਕਿ ਜਿੱਦਾਂ ਪਰਮੇਸ਼ੁਰ ਨੇ ਯਿਸੂ ਨੂੰ ਪਾਣੀ ਉੱਤੇ ਤੁਰਨ ਦੀ ਸ਼ਕਤੀ ਦਿੱਤੀ, ਉੱਦਾਂ ਹੀ ਉਹ ਪਤਰਸ ਦੀ ਵੀ ਪਾਣੀ ਉੱਤੇ ਤੁਰਨ ਵਿਚ ਮਦਦ ਕਰ ਸਕਦਾ ਸੀ। ਇਸੇ ਤਰ੍ਹਾਂ ਜਦੋਂ ਯਿਸੂ ਨੇ ਸਾਨੂੰ ਆਪਣੇ ਪਿੱਛੇ ਆਉਣ ਦਾ ਸੱਦਾ ਦਿੱਤਾ ਸੀ, ਤਾਂ ਅਸੀਂ ਯਹੋਵਾਹ ਨੂੰ ਸਮਰਪਣ ਕਰ ਕੇ ਬਪਤਿਸਮਾ ਲਿਆ। ਕਿਉਂ? ਕਿਉਂਕਿ ਅਸੀਂ ਯਹੋਵਾਹ ਅਤੇ ਯਿਸੂ ਉੱਤੇ ਨਿਹਚਾ ਰੱਖੀ ਸੀ ਅਤੇ ਸਾਨੂੰ ਇਹ ਵੀ ਭਰੋਸਾ ਸੀ ਕਿ ਉਹ ਸਾਡੀ ਮਦਦ ਕਰਨਗੇ।ਯੂਹੰ. 14:1; 1 ਪਤਰਸ 2:21 ਪੜ੍ਹੋ।

4, 5. ਸਾਡੀ ਨਿਹਚਾ ਬਹੁਮੁੱਲੀ ਕਿਉਂ ਹੈ?

4 ਸਾਡੀ ਨਿਹਚਾ ਬਹੁਮੁੱਲੀ ਹੈ। ਪਤਰਸ ਆਪਣੀ ਨਿਹਚਾ ਕਰਕੇ ਪਾਣੀ ਉੱਤੇ ਤੁਰ ਸਕਿਆ। ਇਸ ਤਰ੍ਹਾਂ ਕਰਨਾ ਇਨਸਾਨਾਂ ਦੀਆਂ ਨਜ਼ਰਾਂ ਵਿਚ ਬਿਲਕੁਲ ਨਾਮੁਮਕਿਨ ਸੀ। ਅਸੀਂ ਵੀ ਨਿਹਚਾ ਨਾਲ ਉਹ ਕੰਮ ਕਰ ਸਕਦੇ ਹਾਂ ਜੋ ਸ਼ਾਇਦ ਸਾਨੂੰ ਕਰਨੇ ਨਾਮੁਮਕਿਨ ਲੱਗਣ। (ਮੱਤੀ 21:21, 22) ਸਾਡੇ ਵਿੱਚੋਂ ਕਈਆਂ ਨੇ ਆਪਣੇ ਸੁਭਾਅ ਅਤੇ ਰਵੱਈਏ ਵਿਚ ਇੰਨਾ ਜ਼ਿਆਦਾ ਬਦਲਾਅ ਕੀਤਾ ਕਿ ਸਾਡੇ ਜਾਣ-ਪਛਾਣ ਵਾਲੇ ਵੀ ਸਾਨੂੰ ਨਹੀਂ ਪਛਾਣ ਪਾਉਂਦੇ। ਯਹੋਵਾਹ ਨਾਲ ਪਿਆਰ ਹੋਣ ਕਰਕੇ ਅਸੀਂ ਇਸ ਤਰ੍ਹਾਂ ਕੀਤਾ ਅਤੇ ਉਸ ਨੇ ਬਦਲਾਅ ਕਰਨ ਵਿਚ ਸਾਡੀ ਮਦਦ ਕੀਤੀ। (ਕੁਲੁੱਸੀਆਂ 3:5-10 ਪੜ੍ਹੋ।) ਨਿਹਚਾ ਕਰਕੇ ਅਸੀਂ ਆਪਣੇ ਆਪ ਨੂੰ ਯਹੋਵਾਹ ਦੇ ਹਵਾਲੇ ਕੀਤਾ ਤੇ ਉਸ ਦੇ ਦੋਸਤ ਬਣ ਗਏ। ਇਹ ਸਭ ਕੁਝ ਅਸੀਂ ਉਸ ਦੀ ਮਦਦ ਤੋਂ ਬਿਨਾਂ ਨਹੀਂ ਕਰ ਸਕਦੇ ਸੀ।ਅਫ਼. 2:8.

5 ਸਾਡੀ ਨਿਹਚਾ ਸਾਨੂੰ ਦਲੇਰ ਬਣਾਉਂਦੀ ਹੈ। ਮਿਸਾਲ ਲਈ, ਨਿਹਚਾ ਸਾਡੇ ਤਾਕਤਵਰ ਦੁਸ਼ਮਣ ਸ਼ੈਤਾਨ ਦਾ ਮੁਕਾਬਲਾ ਕਰਨ ਵਿਚ ਸਾਡੀ ਮਦਦ ਕਰਦੀ ਹੈ। (ਅਫ਼. 6:16) ਨਾਲੇ ਜਦੋਂ ਸਾਡੇ ਉੱਤੇ ਮੁਸ਼ਕਲਾਂ ਆਉਂਦੀਆਂ ਹਨ, ਤਾਂ ਯਹੋਵਾਹ ਉੱਤੇ ਵਿਸ਼ਵਾਸ ਹੋਣ ਕਰਕੇ ਅਸੀਂ ਹੱਦੋਂ ਵੱਧ ਚਿੰਤਾ ਨਹੀਂ ਕਰਦੇ। ਯਹੋਵਾਹ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਜੇ ਅਸੀਂ ਉਸ ’ਤੇ ਪੂਰਾ ਭਰੋਸਾ ਰੱਖਦੇ ਹਾਂ ਤੇ ਉਸ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦੇ ਹਾਂ, ਤਾਂ ਉਹ ਸਾਡੀਆਂ ਜ਼ਰੂਰਤਾਂ ਪੂਰੀਆਂ ਕਰੇਗਾ। (ਮੱਤੀ 6:30-34) ਇਸ ਤੋਂ ਵੀ ਵਧ, ਸਾਡੀ ਨਿਹਚਾ ਕਰਕੇ ਉਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਬੇਸ਼ਕੀਮਤੀ ਤੋਹਫ਼ਾ ਦੇਵੇਗਾ।ਯੂਹੰ. 3:16.

ਧਿਆਨ ਭਟਕਣ ਕਰਕੇ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ

6, 7. (ੳ) ਜਿਨ੍ਹਾਂ ਲਹਿਰਾਂ ਅਤੇ ਤੂਫ਼ਾਨ ਕਰਕੇ ਪਤਰਸ ਡਰ ਗਿਆ ਸੀ ਉਨ੍ਹਾਂ ਦੀ ਤੁਲਨਾ ਕਿਨ੍ਹਾਂ ਨਾਲ ਕੀਤੀ ਜਾ ਸਕਦੀ ਹੈ? (ਅ) ਸਾਨੂੰ ਇਹ ਗੱਲ ਗੰਭੀਰਤਾ ਨਾਲ ਕਿਉਂ ਲੈਣੀ ਚਾਹੀਦੀ ਹੈ ਕਿ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ?

6 ਗਲੀਲ ਦੀ ਝੀਲ ਉੱਤੇ ਤੁਰਨ ਵੇਲੇ ਪਤਰਸ ਨੂੰ ਡਰ ਨੇ ਆ ਘੇਰਿਆ। ਪਰ ਕਿਉਂ? ਤੂਫ਼ਾਨ ਅਤੇ ਲਹਿਰਾਂ ਕਰਕੇ। ਇਨ੍ਹਾਂ ਦੀ ਤੁਲਨਾ ਅੱਜ ਮਸੀਹੀਆਂ ਦੀਆਂ ਜ਼ਿੰਦਗੀਆਂ ਵਿਚ ਆਉਂਦੀਆਂ ਮੁਸ਼ਕਲਾਂ ਨਾਲ ਕੀਤੀ ਜਾ ਸਕਦੀ ਹੈ। ਭਾਵੇਂ ਇਹ ਮੁਸ਼ਕਲਾਂ ਪਹਾੜ ਵਰਗੀਆਂ ਹੋਣ, ਫਿਰ ਵੀ ਅਸੀਂ ਯਹੋਵਾਹ ਦੀ ਮਦਦ ਨਾਲ ਇਨ੍ਹਾਂ ਨੂੰ ਪਾਰ ਕਰ ਸਕਦੇ ਹਾਂ। ਪਰ ਯਾਦ ਰੱਖੋ ਕਿ ਪਤਰਸ ਨਾਲ ਕੀ ਹੋਇਆ ਸੀ। ਉਹ ਲਹਿਰਾਂ ਜਾਂ ਤੂਫ਼ਾਨ ਕਰਕੇ ਨਹੀਂ ਡੁੱਬਿਆ। ਪਰ ਬਾਈਬਲ ਕਹਿੰਦੀ ਹੈ: “ਤੂਫ਼ਾਨ ਨੂੰ ਦੇਖ ਕੇ ਪਤਰਸ ਡਰ ਗਿਆ।” (ਮੱਤੀ 14:30) ਪਤਰਸ ਨੇ ਆਪਣਾ ਧਿਆਨ ਯਿਸੂ ਉੱਤੇ ਲਈ ਰੱਖਣ ਦੀ ਬਜਾਇ ਆਪਣਾ ਧਿਆਨ ਤੂਫ਼ਾਨ ’ਤੇ ਲਾ ਲਿਆ। ਉਸੇ ਵੇਲੇ ਉਹ ਨਿਹਚਾ ਵਿਚ ਡਾਵਾਂ-ਡੋਲ ਹੋ ਗਿਆ। ਇਸੇ ਤਰ੍ਹਾਂ ਜੇ ਅਸੀਂ ਆਪਣਾ ਧਿਆਨ ਆਪਣੀਆਂ ਮੁਸ਼ਕਲਾਂ ’ਤੇ ਲਾਈ ਰੱਖਦੇ ਹਾਂ, ਤਾਂ ਸਾਡੇ ਮਨ ਵਿਚ ਵੀ ਸ਼ੱਕ ਦਾ ਬੀ ਪੁੰਗਰ ਸਕਦਾ ਹੈ ਕਿ ਯਹੋਵਾਹ ਸਾਡੀ ਮਦਦ ਕਰੇਗਾ ਜਾਂ ਨਹੀਂ।

7 ਯਾਦ ਰੱਖੋ ਕਿ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ। ਕਿਉਂ? ਕਿਉਂਕਿ ਬਾਈਬਲ ਦੱਸਦੀ ਹੈ ਕਿ ਕਮਜ਼ੋਰ ਨਿਹਚਾ ਉਹ ਪਾਪ ਹੈ ਜੋ “ਸਾਨੂੰ ਆਸਾਨੀ ਨਾਲ ਫਸਾ ਲੈਂਦਾ।” (ਇਬ. 12:1) ਪਤਰਸ ਵਾਂਗ ਜੇ ਅਸੀਂ ਆਪਣਾ ਧਿਆਨ ਭਟਕਣ ਦਿੰਦੇ ਹਾਂ, ਤਾਂ ਜਲਦੀ ਹੀ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ। ਸੋ ਸਾਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਸਾਡੀ ਨਿਹਚਾ ਕਮਜ਼ੋਰ ਹੋਣ ਲੱਗ ਪਈ ਹੈ? ਅੱਗੇ ਦਿੱਤੇ ਸਵਾਲ ਸਾਡੀ ਆਪਣੇ ਆਪ ਦੀ ਜਾਂਚ ਕਰਨ ਵਿਚ ਮਦਦ ਕਰਨਗੇ।

8. ਪਰਮੇਸ਼ੁਰ ਦੇ ਵਾਅਦਿਆਂ ਉੱਤੇ ਸਾਡਾ ਵਿਸ਼ਵਾਸ ਕਮਜ਼ੋਰ ਕਿਵੇਂ ਹੋ ਸਕਦਾ ਹੈ?

8 ਕੀ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਮੇਰਾ ਵਿਸ਼ਵਾਸ ਪਹਿਲਾਂ ਵਾਂਗ ਹੀ ਪੱਕਾ ਹੈ? ਮਿਸਾਲ ਲਈ, ਪਰਮੇਸ਼ੁਰ ਨੇ ਸ਼ੈਤਾਨ ਦੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾਉਣ ਦਾ ਵਾਅਦਾ ਕੀਤਾ ਹੈ। ਪਰ ਕੀ ਸ਼ੈਤਾਨ ਦੀ ਦੁਨੀਆਂ ਦੇ ਵੱਖੋ-ਵੱਖਰੇ ਮਨੋਰੰਜਨ ਕਰਕੇ ਸਾਡਾ ਧਿਆਨ ਭਟਕ ਗਿਆ ਹੈ? ਜੇ ਹਾਂ, ਤਾਂ ਸ਼ਾਇਦ ਅਸੀਂ ਸ਼ੱਕ ਕਰਨ ਲੱਗ ਪਈਏ ਕਿ ਅੰਤ ਹਾਲੇ ਦੂਰ ਹੈ। (ਹਬ. 2:3) ਇਕ ਹੋਰ ਮਿਸਾਲ ’ਤੇ ਗੌਰ ਕਰੋ। ਯਹੋਵਾਹ ਨੇ ਸਾਡੇ ਲਈ ਰਿਹਾਈ ਦੀ ਕੀਮਤ ਦਾ ਪ੍ਰਬੰਧ ਕੀਤਾ ਹੈ ਤੇ ਉਸ ਨੇ ਸਾਡੇ ਪਾਪ ਮਾਫ਼ ਕਰਨ ਦਾ ਵਾਅਦਾ ਕੀਤਾ ਹੈ। ਪਰ ਜੇ ਅਸੀਂ ਬੀਤੇ ਸਮੇਂ ਵਿਚ ਕੀਤੀਆਂ ਆਪਣੀਆਂ ਗ਼ਲਤੀਆਂ ’ਤੇ ਧਿਆਨ ਲਾਈ ਰੱਖਦੇ ਹਾਂ, ਤਾਂ ਅਸੀਂ ਸ਼ਾਇਦ ਸ਼ੱਕ ਕਰਨ ਲੱਗ ਪਈਏ ਕਿ ਪਤਾ ਨਹੀਂ ਕਿ ਯਹੋਵਾਹ ਨੇ ਸਾਨੂੰ ਮਾਫ਼ ਕੀਤਾ ਹੈ ਜਾਂ ਨਹੀਂ। (ਰਸੂ. 3:19) ਨਤੀਜੇ ਵਜੋਂ, ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਆਪਣੀ ਖ਼ੁਸ਼ੀ ਗੁਆ ਸਕਦੇ ਹਾਂ ਤੇ ਪ੍ਰਚਾਰ ਕਰਨਾ ਬੰਦ ਕਰ ਸਕਦੇ ਹਾਂ।

9. ਉਦੋਂ ਕੀ ਹੋ ਸਕਦਾ ਹੈ, ਜਦੋਂ ਅਸੀਂ ਆਪਣਾ ਧਿਆਨ ਆਪਣੀਆਂ ਇੱਛਾਵਾਂ ਪੂਰੀ ਕਰਨ ’ਤੇ ਲਾਉਂਦੇ ਹਾਂ?

9 ਕੀ ਮੈਂ ਹਾਲੇ ਵੀ ਯਹੋਵਾਹ ਦੀ ਸੇਵਾ ਪੂਰੀ ਵਾਹ ਲਾ ਕੇ ਕਰਦਾ ਹਾਂ? ਯਹੋਵਾਹ ਦੀ ਸੇਵਾ ਵਿਚ ਕਰੜੀ ਮਿਹਨਤ ਕਰਨ ਕਰਕੇ ਅਸੀਂ ਆਪਣਾ ਧਿਆਨ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ’ਤੇ ਲਾਈ ਰੱਖ ਸਕਦੇ ਹਾਂ। ਪਰ ਉਦੋਂ ਕੀ, ਜਦੋਂ ਅਸੀਂ ਆਪਣਾ ਜ਼ਿਆਦਾ ਧਿਆਨ ਆਪਣੀਆਂ ਇੱਛਾਵਾਂ ਪੂਰੀਆਂ ਕਰਨ ’ਤੇ ਲਾਉਣ ਲੱਗ ਪਈਏ? ਮਿਸਾਲ ਲਈ, ਸ਼ਾਇਦ ਅਸੀਂ ਉਹ ਕੰਮ ਕਰਨ ਲੱਗ ਪਈਏ ਜਿਸ ਵਿਚ ਸਾਨੂੰ ਮੋਟੀ ਤਨਖ਼ਾਹ ਮਿਲੇ, ਪਰ ਉਹ ਕੰਮ ਯਹੋਵਾਹ ਦੀ ਸੇਵਾ ਵਿਚ ਸਾਡੇ ਲਈ ਰੋੜਾ ਬਣੇ। ਇਸ ਕਰਕੇ ਸਾਡਾ ਵਿਸ਼ਵਾਸ ਕਮਜ਼ੋਰ ਹੋ ਸਕਦਾ ਹੈ ਤੇ ਅਸੀਂ ‘ਆਲਸੀ ਬਣ’ ਸਕਦੇ ਹਾਂ ਯਾਨੀ ਅਸੀਂ ਯਹੋਵਾਹ ਦੀ ਉੱਨੀ ਸੇਵਾ ਨਹੀਂ ਕਰ ਪਾਵਾਂਗੇ ਜਿੰਨੀ ਅਸੀਂ ਕਰ ਸਕਦੇ ਹਾਂ।ਇਬ. 6:10-12.

10. ਦੂਜਿਆਂ ਨੂੰ ਮਾਫ਼ ਕਰ ਕੇ ਅਸੀਂ ਯਹੋਵਾਹ ਉੱਤੇ ਆਪਣੀ ਨਿਹਚਾ ਦਾ ਸਬੂਤ ਕਿਵੇਂ ਦਿੰਦੇ ਹਾਂ?

10 ਕੀ ਦੂਜਿਆਂ ਨੂੰ ਮਾਫ਼ ਕਰਨਾ ਮੇਰੇ ਲਈ ਔਖਾ ਹੈ? ਜਦੋਂ ਸਾਨੂੰ ਕੋਈ ਠੇਸ ਪਹੁੰਚਾਉਂਦਾ ਹੈ, ਤਾਂ ਕੀ ਅਸੀਂ ਉਸ ਨਾਲ ਗੁੱਸੇ ਹੋ ਜਾਂਦੇ ਹਾਂ ਜਾਂ ਚੁੱਪ ਵੱਟ ਲੈਂਦੇ ਹਾਂ? ਜੇ ਹਾਂ, ਤਾਂ ਸ਼ਾਇਦ ਅਸੀਂ ਆਪਣੇ ਬਾਰੇ ਜ਼ਿਆਦਾ ਹੀ ਸੋਚ ਰਹੇ ਹੋਈਏ। ਦੂਜਿਆਂ ਨੂੰ ਮਾਫ਼ ਕਰ ਕੇ ਅਸੀਂ ਯਹੋਵਾਹ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ। ਕਿਵੇਂ? ਜੇ ਕੋਈ ਸਾਡੇ ਖ਼ਿਲਾਫ਼ ਪਾਪ ਕਰਦਾ ਹੈ, ਤਾਂ ਉਹ ਸਾਡਾ ਕਰਜ਼ਾਈ ਬਣ ਜਾਂਦਾ ਹੈ। ਜਦੋਂ ਅਸੀਂ ਯਹੋਵਾਹ ਦੇ ਖ਼ਿਲਾਫ਼ ਪਾਪ ਕਰਦੇ ਹਾਂ, ਤਾਂ ਅਸੀਂ ਉਸ ਦੇ ਕਰਜ਼ਾਈ ਬਣ ਜਾਂਦੇ ਹਾਂ। (ਲੂਕਾ 11:4; ਫੁਟਨੋਟ ਦੇਖੋ) ਜਦੋਂ ਅਸੀਂ ਦੂਸਰਿਆਂ ਨੂੰ ਮਾਫ਼ ਕਰਦੇ ਹਾਂ, ਤਾਂ ਅਸੀਂ ਯਹੋਵਾਹ ’ਤੇ ਭਰੋਸਾ ਰੱਖਦੇ ਹਾਂ। ਅਸੀਂ ਭਰੋਸਾ ਰੱਖਦੇ ਹਾਂ ਕਿ ਯਹੋਵਾਹ ਸਾਡੇ ਰਵੱਈਏ ’ਤੇ ਬਰਕਤ ਪਾਵੇਗਾ ਤੇ ਦੂਸਰਿਆਂ ਤੋਂ ਕਰਜ਼ਾ ਯਾਨੀ ਬਦਲਾ ਲੈਣ ਨਾਲੋਂ ਪਰਮੇਸ਼ੁਰ ਦੀ ਬਰਕਤ ਪਾਉਣੀ ਜ਼ਿਆਦਾ ਜ਼ਰੂਰੀ ਹੈ। ਯਿਸੂ ਦੇ ਚੇਲਿਆਂ ਨੇ ਇਹ ਵੀ ਸਿੱਖਿਆ ਕਿ ਦੂਜਿਆਂ ਨੂੰ ਮਾਫ਼ ਕਰਨ ਲਈ ਨਿਹਚਾ ਦੀ ਲੋੜ ਹੈ। ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਉਨ੍ਹਾਂ ਲੋਕਾਂ ਨੂੰ ਵੀ ਮਾਫ਼ ਕਰਨ ਲਈ ਕਿਹਾ ਜੋ ਚੇਲਿਆਂ ਖ਼ਿਲਾਫ਼ ਵਾਰ-ਵਾਰ ਪਾਪ ਕਰਦੇ ਸਨ, ਤਾਂ ਉਨ੍ਹਾਂ ਨੇ ਕਿਹਾ: “ਸਾਨੂੰ ਹੋਰ ਨਿਹਚਾ ਦੇ।”ਲੂਕਾ 17:1-5.

11. ਅਸੀਂ ਸ਼ਾਇਦ ਕਿਸ ਕਾਰਨ ਕਰਕੇ ਸਲਾਹ ਤੋਂ ਫ਼ਾਇਦਾ ਨਾ ਲੈ ਸਕੀਏ?

11 ਸਲਾਹ ਮਿਲਣ ਤੇ ਕੀ ਮੈਨੂੰ ਗੁੱਸਾ ਲੱਗਦਾ ਹੈ? ਜਦੋਂ ਸਾਨੂੰ ਸਲਾਹ ਮਿਲਦੀ ਹੈ, ਤਾਂ ਇਹ ਨਾ ਸੋਚੋ ਕਿ ਸਲਾਹ ਵਿਚ ਕਿਹੜੀਆਂ ਖ਼ਾਮੀਆਂ ਹਨ ਜਾਂ ਸਲਾਹ ਦੇਣ ਵਾਲੇ ਵਿਚ ਕਿਹੜੀਆਂ ਕਮੀਆਂ-ਕਮਜ਼ੋਰੀਆਂ ਹਨ। ਇਸ ਦੀ ਬਜਾਇ, ਸੋਚੋ ਕਿ ਅਸੀਂ ਸਲਾਹ ਤੋਂ ਕੀ ਫ਼ਾਇਦਾ ਲੈ ਸਕਦੇ ਹਾਂ। (ਕਹਾ. 19:20) ਜਦੋਂ ਸਾਨੂੰ ਯਹੋਵਾਹ ਦੀ ਸੋਚ ਬਾਰੇ ਸਿੱਖਣ ਦਾ ਮੌਕਾ ਮਿਲਦਾ ਹੈ, ਤਾਂ ਸਾਨੂੰ ਇਹ ਮੌਕਾ ਹੱਥੋਂ ਨਹੀਂ ਗੁਆਉਣਾ ਚਾਹੀਦਾ।

12. ਜੇ ਕੋਈ ਅਗਵਾਈ ਲੈਣ ਵਾਲੇ ਭਰਾਵਾਂ ਦੇ ਖ਼ਿਲਾਫ਼ ਹਮੇਸ਼ਾ ਸ਼ਿਕਾਇਤ ਕਰਦਾ ਰਹਿੰਦਾ ਹੈ, ਤਾਂ ਸ਼ਾਇਦ ਇਸ ਤੋਂ ਕੀ ਜ਼ਾਹਰ ਹੋਵੇ?

12 ਕੀ ਮੈਂ ਮੰਡਲੀ ਵਿਚ ਅਗਵਾਈ ਲੈਣ ਵਾਲੇ ਭਰਾਵਾਂ ਖ਼ਿਲਾਫ਼ ਬੁੜ-ਬੁੜ ਕਰਦਾ ਹਾਂ? ਇਜ਼ਰਾਈਲ ਕੌਮ ਨੇ 10 ਜਾਸੂਸਾਂ ਦੀ ਬੁਰੀ ਖ਼ਬਰ ’ਤੇ ਧਿਆਨ ਲਾਇਆ ਜਿਸ ਕਰਕੇ ਕੌਮ ਨੇ ਮੂਸਾ ਅਤੇ ਹਾਰੂਨ ਖ਼ਿਲਾਫ਼ ਬੁੜ-ਬੁੜ ਕੀਤੀ। ਫਿਰ ਯਹੋਵਾਹ ਨੇ ਮੂਸਾ ਤੋਂ ਪੁੱਛਿਆ: ‘ਇਹ ਕੌਮ ਕਦ ਤੀਕ ਮੇਰੇ ਉੱਤੇ ਉਨ੍ਹਾਂ ਸਾਰਿਆਂ ਨਿਸ਼ਾਨਾਂ ਦੇ ਹੁੰਦਿਆਂ ਹੋਇਆਂ ਵੀ ਜਿਹੜੇ ਮੈਂ ਉਨ੍ਹਾਂ ਵਿੱਚ ਕੀਤੇ ਪਰਤੀਤ ਨਾ ਕਰੇਗੀ?’ (ਗਿਣ. 14:2-4, 11) ਜੀ ਹਾਂ, ਯਹੋਵਾਹ ਜਾਣਦਾ ਸੀ ਕਿ ਇਜ਼ਰਾਈਲੀਆਂ ਨੂੰ ਉਸ ਉੱਤੇ ਭਰੋਸਾ ਨਹੀਂ ਸੀ ਕਿਉਂਕਿ ਉਹ ਮੂਸਾ ਤੇ ਹਾਰੂਨ ਖ਼ਿਲਾਫ਼ ਬੁੜ-ਬੁੜ ਕਰਦੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਨਿਯੁਕਤ ਕੀਤਾ ਸੀ। ਇਸੇ ਤਰ੍ਹਾਂ ਜੇ ਅਸੀਂ ਵੀ ਅਗਵਾਈ ਲੈਣ ਵਾਲੇ ਭਰਾਵਾਂ ਦੇ ਖ਼ਿਲਾਫ਼ ਹਮੇਸ਼ਾ ਸ਼ਿਕਾਇਤ ਕਰਦੇ ਰਹਿੰਦੇ ਹਾਂ, ਤਾਂ ਸ਼ਾਇਦ ਇਸ ਤੋਂ ਜ਼ਾਹਰ ਹੋਵੇ ਕਿ ਯਹੋਵਾਹ ਉੱਤੇ ਸਾਡੀ ਨਿਹਚਾ ਘੱਟ ਗਈ ਹੈ।

13. ਜੇ ਸਾਡੀ ਨਿਹਚਾ ਥੋੜ੍ਹੀ-ਬਹੁਤੀ ਕਮਜ਼ੋਰ ਹੋ ਗਈ ਹੈ, ਤਾਂ ਸਾਨੂੰ ਨਿਰਾਸ਼ ਕਿਉਂ ਨਹੀਂ ਹੋਣਾ ਚਾਹੀਦਾ?

13 ਇਨ੍ਹਾਂ ਸਵਾਲਾਂ ’ਤੇ ਗੌਰ ਕਰਨ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਨਿਹਚਾ ਕਮਜ਼ੋਰ ਹੋ ਗਈ ਹੈ, ਤਾਂ ਨਿਰਾਸ਼ ਨਾ ਹੋਵੋ। ਯਾਦ ਕਰੋ ਕਿ ਪਤਰਸ ਰਸੂਲ ਵੀ ਡਰ ਗਿਆ ਸੀ ਤੇ ਸ਼ੱਕ ਕਰਨ ਲੱਗ ਪਿਆ ਸੀ। ਨਾਲੇ ਕਦੇ-ਕਦੇ ਯਿਸੂ ਨੇ ਆਪਣੇ ਸਾਰੇ ਰਸੂਲਾਂ ਨੂੰ ਤਾੜਿਆ ਕਿਉਂਕਿ ਉਨ੍ਹਾਂ ਵਿਚ “ਘੱਟ ਨਿਹਚਾ” ਸੀ। (ਮੱਤੀ 16:8) ਪਰ ਫਿਰ ਵੀ ਅਸੀਂ ਪਤਰਸ ਨਾਲ ਹੋਈ ਘਟਨਾ ਤੋਂ ਇਕ ਅਹਿਮ ਸਬਕ ਸਿੱਖ ਸਕਦੇ ਹਾਂ। ਗੌਰ ਕਰੋ ਕਿ ਜਦ ਪਤਰਸ ਨੇ ਸ਼ੱਕ ਕੀਤਾ ਅਤੇ ਸਮੁੰਦਰ ਵਿਚ ਡੁੱਬਣ ਲੱਗਾ, ਤਾਂ ਇਸ ਤੋਂ ਬਾਅਦ ਉਸ ਨੇ ਕੀ ਕੀਤਾ ਸੀ?

ਨਿਹਚਾ ਮਜ਼ਬੂਤ ਕਰਨ ਲਈ ਯਿਸੂ ਉੱਤੇ ਧਿਆਨ ਲਾਈ ਰੱਖੋ

14, 15. (ੳ) ਪਤਰਸ ਨੇ ਡੁੱਬਣ ਵੇਲੇ ਕੀ ਕੀਤਾ? (ਅ) ਅਸੀਂ “ਆਪਣਾ ਸਾਰਾ ਧਿਆਨ” ਯਿਸੂ ’ਤੇ ਕਿਵੇਂ ਲਾ ਸਕਦੇ ਹਾਂ?

14 ਪਤਰਸ ਨੇ ਡੁੱਬਣ ਵੇਲੇ ਕੀ ਕੀਤਾ? ਪਤਰਸ ਨੂੰ ਚੰਗੀ ਤਰ੍ਹਾਂ ਤੈਰਨਾ ਆਉਂਦਾ ਸੀ, ਸੋ ਉਹ ਤੈਰ ਕੇ ਬੇੜੀ ਕੋਲ ਵਾਪਸ ਜਾ ਸਕਦਾ ਸੀ। (ਯੂਹੰ. 21:7) ਪਰ ਉਸ ਨੇ ਇਸ ਤਰ੍ਹਾਂ ਕਿਉਂ ਨਹੀਂ ਕੀਤਾ? ਕਿਉਂਕਿ ਉਸ ਨੇ ਆਪਣੇ ’ਤੇ ਭਰੋਸਾ ਨਹੀਂ ਕੀਤਾ। ਉਸ ਨੇ ਦੁਬਾਰਾ ਆਪਣਾ ਧਿਆਨ ਯਿਸੂ ਉੱਤੇ ਲਾਇਆ ਅਤੇ ਉਸ ਤੋਂ ਮਦਦ ਮੰਗੀ। ਜੇ ਸਾਨੂੰ ਲੱਗਦਾ ਹੈ ਕਿ ਸਾਡੀ ਨਿਹਚਾ ਕਮਜ਼ੋਰ ਹੋ ਗਈ ਹੈ, ਤਾਂ ਸਾਨੂੰ ਪਤਰਸ ਦੀ ਰੀਸ ਕਰਨੀ ਚਾਹੀਦੀ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?

15 ਜਿੱਦਾਂ ਪਤਰਸ ਨੇ ਯਿਸੂ ਤੋਂ ਮਦਦ ਲਈ ਦੁਬਾਰਾ ਆਪਣਾ ਧਿਆਨ ਉਸ ਉੱਤੇ ਲਾਇਆ, ਉੱਦਾਂ ਹੀ ਸਾਨੂੰ ਵੀ “ਆਪਣਾ ਸਾਰਾ ਧਿਆਨ” ਯਿਸੂ ’ਤੇ ਲਾਉਣਾ ਚਾਹੀਦਾ ਹੈ। (ਇਬਰਾਨੀਆਂ 12:2, 3 ਪੜ੍ਹੋ।) ਪਰ ਅਸੀਂ ਪਤਰਸ ਵਾਂਗ ਯਿਸੂ ਨੂੰ ਨਹੀਂ ਦੇਖ ਸਕਦੇ। ਤਾਂ ਫਿਰ ਅਸੀਂ “ਆਪਣਾ ਸਾਰਾ ਧਿਆਨ” ਯਿਸੂ ’ਤੇ ਕਿਵੇਂ ਲਾ ਸਕਦੇ ਹਾਂ? ਜਿਹੜੀਆਂ ਗੱਲਾਂ ਉਸ ਨੇ ਸਿਖਾਈਆਂ ਤੇ ਜਿਹੜੇ ਕੰਮ ਉਸ ਨੇ ਕੀਤੇ, ਅਸੀਂ ਉਨ੍ਹਾਂ ਬਾਰੇ ਸਟੱਡੀ ਕਰ ਕੇ ਧਿਆਨ ਨਾਲ ਉਸ ਦੀ ਰੀਸ ਕਰ ਸਕਦੇ ਹਾਂ। ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਕਰ ਸਕਾਂਗੇ। ਆਓ ਆਪਾਂ ਕੁਝ ਤਰੀਕਿਆਂ ’ਤੇ ਗੌਰ ਕਰੀਏ ਜਿਨ੍ਹਾਂ ਨਾਲ ਅਸੀਂ ਯਿਸੂ ਦੀ ਰੀਸ ਕਰ ਸਕਦੇ ਹਾਂ।

ਜਦੋਂ ਅਸੀਂ ਯਿਸੂ ਦੀ ਮਿਸਾਲ ’ਤੇ ਧਿਆਨ ਲਾਉਂਦੇ ਹਾਂ ਅਤੇ ਉਸ ਦੀ ਰੀਸ ਕਰਦੇ ਹਾਂ, ਤਾਂ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ (ਪੈਰਾ 15 ਦੇਖੋ)

16. ਬਾਈਬਲ ਨਿਹਚਾ ਮਜ਼ਬੂਤ ਕਰਨ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

16 ਬਾਈਬਲ ’ਤੇ ਆਪਣਾ ਭਰੋਸਾ ਮਜ਼ਬੂਤ ਕਰੋ। ਯਿਸੂ ਨੂੰ ਪੱਕਾ ਵਿਸ਼ਵਾਸ ਸੀ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ ਅਤੇ ਇਹੀ ਸਭ ਤੋਂ ਵਧੀਆ ਸਲਾਹ ਦਿੰਦੀ ਹੈ। (ਯੂਹੰ. 17:17) ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਲਈ ਜ਼ਰੂਰੀ ਹੈ ਕਿ ਅਸੀਂ ਹਰ ਰੋਜ਼ ਬਾਈਬਲ ਪੜ੍ਹੀਏ, ਉਸ ਦੀ ਸਟੱਡੀ ਕਰੀਏ ਤੇ ਸਿੱਖੀਆਂ ਗੱਲਾਂ ’ਤੇ ਸੋਚ-ਵਿਚਾਰ ਕਰੀਏ। ਜੇ ਸਾਡੇ ਮਨ ਵਿਚ ਸਵਾਲ ਹੋਣ, ਤਾਂ ਸਾਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਵੀ ਲੱਭਣੇ ਚਾਹੀਦੇ ਹਨ। ਮਿਸਾਲ ਲਈ, ਕੀ ਤੁਹਾਨੂੰ ਪੂਰਾ ਯਕੀਨ ਹੈ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ? ਅੰਤ ਨੇੜੇ ਹੈ ਇਸ ਗੱਲ ਵਿਚ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਸਾਨੂੰ ਬਾਈਬਲ ਦੀਆਂ ਉਨ੍ਹਾਂ ਭਵਿੱਖਬਾਣੀਆਂ ਦੀ ਸਟੱਡੀ ਕਰਨੀ ਚਾਹੀਦੀ ਹੈ ਜਿਨ੍ਹਾਂ ਤੋਂ ਸਬੂਤ ਮਿਲਦਾ ਹੈ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ। ਕੀ ਤੁਸੀਂ ਭਵਿੱਖ ਲਈ ਕੀਤੇ ਪਰਮੇਸ਼ੁਰ ਦੇ ਵਾਅਦਿਆਂ ’ਤੇ ਆਪਣੀ ਨਿਹਚਾ ਮਜ਼ਬੂਤ ਕਰਨੀ ਚਾਹੁੰਦੇ ਹੋ? ਜੇ ਹਾਂ, ਤਾਂ ਕਿਉਂ ਨਾ ਪੂਰੀਆਂ ਹੋ ਚੁੱਕੀਆਂ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਸਟੱਡੀ ਕਰੋ। ਕੀ ਤੁਸੀਂ ਸੱਚ-ਮੁੱਚ ਮੰਨਦੇ ਹੋ ਕਿ ਬਾਈਬਲ ਦੀ ਸਲਾਹ ਅੱਜ ਵੀ ਫ਼ਾਇਦੇਮੰਦ ਹੈ? ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਪੜ੍ਹ ਸਕਦੇ ਹੋ ਜਿਨ੍ਹਾਂ ਨੇ ਬਾਈਬਲ ਦੀ ਮਦਦ ਨਾਲ ਆਪਣੀਆਂ ਜ਼ਿੰਦਗੀਆਂ ਬਦਲੀਆਂ ਹਨ। *1 ਥੱਸ. 2:13.

17. ਯਿਸੂ ਔਖੀ ਤੋਂ ਔਖੀ ਘੜੀ ਕਿਉਂ ਸਹਿ ਸਕਿਆ ਅਤੇ ਤੁਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹੋ?

17 ਯਹੋਵਾਹ ਦੇ ਵਾਅਦਿਆਂ ’ਤੇ ਆਪਣਾ ਧਿਆਨ ਲਾਈ ਰੱਖੋ। ਯਿਸੂ ਨੇ ਆਪਣਾ ਧਿਆਨ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਉੱਤੇ ਲਾਈ ਰੱਖਿਆ। ਇੱਦਾਂ ਕਰ ਕੇ ਉਹ ਔਖੀ ਤੋਂ ਔਖੀ ਘੜੀ ਸਹਿ ਸਕਿਆ। (ਇਬ. 12:2) ਦੁਨੀਆਂ ਵੱਲੋਂ ਪੇਸ਼ ਕੀਤੀਆਂ ਚੀਜ਼ਾਂ ਕਰਕੇ ਉਸ ਨੇ ਆਪਣਾ ਧਿਆਨ ਭਟਕਣ ਨਹੀਂ ਦਿੱਤਾ। (ਮੱਤੀ 4:8-10) ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ? ਯਹੋਵਾਹ ਦੇ ਸ਼ਾਨਦਾਰ ਵਾਅਦਿਆਂ ’ਤੇ ਸੋਚ-ਵਿਚਾਰ ਕਰੋ। ਮਨ ਦੀਆਂ ਅੱਖਾਂ ਨਾਲ ਆਪਣੇ ਆਪ ਨੂੰ ਨਵੀਂ ਦੁਨੀਆਂ ਵਿਚ ਦੇਖੋ। ਕਿਉਂ ਨਾ ਉਨ੍ਹਾਂ ਕੰਮਾਂ ਬਾਰੇ ਲਿਖੋ ਜਾਂ ਤਸਵੀਰ ਬਣਾਓ ਜੋ ਤੁਸੀਂ ਨਵੀਂ ਦੁਨੀਆਂ ਵਿਚ ਕਰਨੇ ਚਾਹੁੰਦੇ ਹੋ। ਜਾਂ ਮੁੜ ਜੀਉਂਦੇ ਹੋਏ ਲੋਕਾਂ ਦੀ ਲਿਸਟ ਬਣਾਓ ਜਿਨ੍ਹਾਂ ਨਾਲ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਅਤੇ ਉਨ੍ਹਾਂ ਨੂੰ ਕੀ ਕਹਿਣਾ ਚਾਹੁੰਦੇ ਹੋ। ਸੋਚੋ ਕਿ ਪਰਮੇਸ਼ੁਰ ਨੇ ਇਹ ਵਾਅਦੇ ਖ਼ੁਦ ਤੁਹਾਡੇ ਨਾਲ ਕੀਤੇ ਹਨ।

18. ਪ੍ਰਾਰਥਨਾ ਕਰਨ ਨਾਲ ਤੁਹਾਡੀ ਨਿਹਚਾ ਕਿਵੇਂ ਮਜ਼ਬੂਤ ਹੋ ਸਕਦੀ ਹੈ?

18 ਹੋਰ ਨਿਹਚਾ ਲਈ ਪ੍ਰਾਰਥਨਾ ਕਰੋ। ਯਿਸੂ ਨੇ ਆਪਣੇ ਚੇਲਿਆਂ ਨੂੰ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗਣ ਲਈ ਪ੍ਰਾਰਥਨਾ ਕਰਨੀ ਸਿਖਾਈ ਸੀ। (ਲੂਕਾ 11:9, 13) ਪਵਿੱਤਰ ਸ਼ਕਤੀ ਮੰਗਣ ਦੇ ਨਾਲ-ਨਾਲ ਤੁਸੀਂ ਹੋਰ ਨਿਹਚਾ ਵੀ ਮੰਗੋ। ਇਹ ਪਵਿੱਤਰ ਸ਼ਕਤੀ ਦਾ ਇਕ ਗੁਣ ਹੈ। ਤੁਸੀਂ ਖ਼ਾਸ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹੋ। ਮਿਸਾਲ ਲਈ, ਜੇ ਤੁਹਾਡੇ ਲਈ ਦੂਜਿਆਂ ਨੂੰ ਮਾਫ਼ ਕਰਨਾ ਔਖਾ ਹੈ, ਤਾਂ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੀ ਨਿਹਚਾ ਮਜ਼ਬੂਤ ਕਰੇ ਅਤੇ ਦੂਜਿਆਂ ਨੂੰ ਮਾਫ਼ ਕਰਨ ਵਿਚ ਤੁਹਾਡੀ ਮਦਦ ਕਰੇ।

19. ਅਸੀਂ ਸੱਚੇ ਦੋਸਤ ਕਿਵੇਂ ਚੁਣ ਸਕਦੇ ਹਾਂ?

19 ਮਜ਼ਬੂਤ ਨਿਹਚਾ ਰੱਖਣ ਵਾਲਿਆਂ ਨਾਲ ਦੋਸਤੀ ਕਰੋ। ਯਿਸੂ ਨੇ ਆਪਣੇ ਕਰੀਬੀ ਦੋਸਤ ਬਹੁਤ ਧਿਆਨ ਨਾਲ ਚੁਣੇ ਸਨ। ਉਸ ਦੇ ਕਰੀਬੀ ਦੋਸਤ ਯਾਨੀ ਰਸੂਲ ਉਸ ਦੇ ਵਫ਼ਾਦਾਰ ਤੇ ਕਹਿਣਾ ਮੰਨਣ ਵਾਲੇ ਸਨ। (ਯੂਹੰਨਾ 15:14, 15 ਪੜ੍ਹੋ।) ਦੋਸਤਾਂ ਦੀ ਚੋਣ ਕਰਦੇ ਵੇਲੇ ਯਿਸੂ ਦੀ ਰੀਸ ਕਰੋ। ਉਹ ਯਿਸੂ ਦਾ ਕਹਿਣਾ ਮੰਨਣ ਵਾਲੇ ਅਤੇ ਮਜ਼ਬੂਤ ਨਿਹਚਾ ਰੱਖਣ ਵਾਲੇ ਹੋਣੇ ਚਾਹੀਦੇ ਹਨ। ਸੱਚੇ ਦੋਸਤ ਇਕ-ਦੂਜੇ ਨਾਲ ਖੁੱਲ੍ਹ ਕੇ ਗੱਲ ਕਰਦੇ ਹਨ ਅਤੇ ਲੋੜ ਪੈਣ ਤੇ ਇਕ-ਦੂਜੇ ਨੂੰ ਸਲਾਹ ਦਿੰਦੇ ਤੇ ਲੈਂਦੇ ਹਨ।ਕਹਾ. 27:9.

20. ਉਦੋਂ ਕੀ ਹੋਵੇਗਾ, ਜਦੋਂ ਅਸੀਂ ਦੂਜਿਆਂ ਦੀ ਨਿਹਚਾ ਮਜ਼ਬੂਤ ਕਰਾਂਗੇ?

20 ਦੂਜਿਆਂ ਦੀ ਨਿਹਚਾ ਮਜ਼ਬੂਤ ਕਰਨ ਵਿਚ ਮਦਦ ਕਰੋ। ਯਿਸੂ ਨੇ ਆਪਣੀ ਕਹਿਣੀ ਤੇ ਕਰਨੀ ਦੁਆਰਾ ਆਪਣੇ ਚੇਲਿਆਂ ਦੀ ਨਿਹਚਾ ਮਜ਼ਬੂਤ ਕੀਤੀ। (ਮਰ. 11:20-24) ਸਾਨੂੰ ਯਿਸੂ ਦੀ ਰੀਸ ਕਰਨੀ ਚਾਹੀਦੀ ਹੈ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਆਪਣੀ ਤੇ ਦੂਜਿਆਂ ਦੀ ਨਿਹਚਾ ਮਜ਼ਬੂਤ ਕਰਦੇ ਹਾਂ। (ਕਹਾ. 11:25) ਤੁਸੀਂ ਪ੍ਰਚਾਰ ਵਿਚ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹੋ? ਜਦੋਂ ਤੁਸੀਂ ਦੂਜਿਆਂ ਨੂੰ ਬਾਈਬਲ ਬਾਰੇ ਸਿਖਾਉਂਦੇ ਹੋ, ਤਾਂ ਇਸ ਗੱਲ ’ਤੇ ਜ਼ੋਰ ਦਿਓ ਕਿ ਰੱਬ ਹੈ, ਉਹ ਸਾਡੀ ਪਰਵਾਹ ਕਰਦਾ ਹੈ ਤੇ ਬਾਈਬਲ ਪਰਮੇਸ਼ੁਰ ਦਾ ਬਚਨ ਹੈ। ਤੁਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਕਰਨ ਵਿਚ ਮਦਦ ਕਿਵੇਂ ਕਰ ਸਕਦੇ ਹੋ? ਜੇ ਤੁਸੀਂ ਦੇਖਦੇ ਹੋ ਕਿ ਕੋਈ ਅਗਵਾਈ ਲੈਣ ਵਾਲੇ ਭਰਾਵਾਂ ਵਿਰੁੱਧ ਬੁੜ-ਬੁੜ ਕਰਦਾ ਹੈ, ਤਾਂ ਉਸ ਤੋਂ ਪਰੇ-ਪਰੇ ਨਾ ਰਹੋ। ਸਗੋਂ ਸਮਝਦਾਰੀ ਨਾਲ ਉਸ ਦੀ ਨਿਹਚਾ ਨੂੰ ਦੁਬਾਰਾ ਮਜ਼ਬੂਤ ਕਰੋ। (ਯਹੂ. 22, 23) ਜੇ ਤੁਸੀਂ ਸਕੂਲ ਵਿਚ ਪੜ੍ਹਦੇ ਹੋ ਅਤੇ ਤੁਹਾਡਾ ਟੀਚਰ ਵਿਕਾਸਵਾਦ ਬਾਰੇ ਸਿਖਾਉਂਦਾ ਹੈ, ਤਾਂ ਦਲੇਰ ਬਣੋ ਅਤੇ ਸ੍ਰਿਸ਼ਟੀ ਬਾਰੇ ਆਪਣੇ ਵਿਸ਼ਵਾਸ ਦੱਸੋ। ਤੁਹਾਡੇ ਟੀਚਰ ਅਤੇ ਤੁਹਾਡੇ ਨਾਲ ਪੜ੍ਹਨ ਵਾਲੇ ਤੁਹਾਡੀ ਗੱਲ ਸੁਣ ਕੇ ਜੋ ਕਹਿਣਗੇ ਉਹ ਸੁਣ ਕੇ ਸ਼ਾਇਦ ਤੁਸੀਂ ਹੈਰਾਨ ਹੀ ਰਹਿ ਜਾਓ।

21. ਯਹੋਵਾਹ ਨੇ ਸਾਡੇ ਸਾਰਿਆਂ ਨਾਲ ਕੀ ਵਾਅਦਾ ਕੀਤਾ ਹੈ?

21 ਯਹੋਵਾਹ ਅਤੇ ਯਿਸੂ ਨੇ ਪਤਰਸ ਦਾ ਸ਼ੱਕ ਤੇ ਡਰ ਦੂਰ ਕਰਨ ਵਿਚ ਮਦਦ ਕੀਤੀ। ਬਾਅਦ ਵਿਚ ਪਤਰਸ ਦੂਜਿਆਂ ਲਈ ਨਿਹਚਾ ਦੀ ਜ਼ਬਰਦਸਤ ਮਿਸਾਲ ਬਣਿਆ। ਇਸੇ ਤਰ੍ਹਾਂ ਯਹੋਵਾਹ ਸਾਡੀ ਸਾਰਿਆਂ ਦੀ ਨਿਹਚਾ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ। (1 ਪਤਰਸ 5:9, 10 ਪੜ੍ਹੋ।) ਨਿਹਚਾ ਮਜ਼ਬੂਤ ਕਰਨ ਲਈ ਮਿਹਨਤ ਕਰਨ ਦੀ ਲੋੜ ਹੈ, ਪਰ ਜਦੋਂ ਅਸੀਂ ਮਿਹਨਤ ਕਰਾਂਗੇ, ਤਾਂ ਯਹੋਵਾਹ ਸਾਨੂੰ ਇਨਾਮ ਦੇਵੇਗਾ।

^ ਪੈਰਾ 16 ਮਿਸਾਲ ਲਈ, ਪਹਿਰਾਬੁਰਜ ਦੇ ਪਬਲਿਕ ਐਡੀਸ਼ਨ ਵਿਚ “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਨਾਂ ਦੇ ਲੜੀਵਾਰ ਲੇਖ ਦੇਖੋ।