Skip to content

Skip to table of contents

ਪਰਮੇਸ਼ੁਰ ਦੇ ਵਰਦਾਨ ਲਈ ਕਦਰ ਦਿਖਾਓ

ਪਰਮੇਸ਼ੁਰ ਦੇ ਵਰਦਾਨ ਲਈ ਕਦਰ ਦਿਖਾਓ

“ਆਓ ਆਪਾਂ ਪਰਮੇਸ਼ੁਰ ਦਾ ਧੰਨਵਾਦ ਕਰੀਏ ਕਿ ਉਸ ਨੇ ਇਹ ਵਰਦਾਨ ਦਿੱਤਾ ਹੈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।”—2 ਕੁਰਿੰ. 9:15.

ਗੀਤ: 53, 18

1, 2. (ੳ) ‘ਸ਼ਬਦਾਂ ਵਿਚ ਬਿਆਨ ਨਾ ਕੀਤੇ ਜਾਣ ਵਾਲੇ ਵਰਦਾਨ’ ਵਿਚ ਕੀ ਕੁਝ ਸ਼ਾਮਲ ਹੈ? (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?

ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਨੂੰ ਇਸ ਧਰਤੀ ’ਤੇ ਭੇਜ ਕੇ ਸਾਨੂੰ ਸਭ ਤੋਂ ਬੇਸ਼ਕੀਮਤੀ ਤੋਹਫ਼ਾ ਦਿੱਤਾ। (ਯੂਹੰ. 3:16; 1 ਯੂਹੰ. 4:9, 10) ਪੌਲੁਸ ਰਸੂਲ ਨੇ ਕਿਹਾ ਕਿ ਪਰਮੇਸ਼ੁਰ ਨੇ ਸਾਨੂੰ ਉਹ “ਵਰਦਾਨ ਦਿੱਤਾ ਹੈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।” (2 ਕੁਰਿੰ. 9:15) ਪੌਲੁਸ ਨੇ ਇੱਦਾਂ ਕਿਉਂ ਕਿਹਾ?

2 ਪੌਲੁਸ ਜਾਣਦਾ ਸੀ ਕਿ ਯਿਸੂ ਦਾ ਬਲੀਦਾਨ ਇਸ ਗੱਲ ਦੀ ਗਾਰੰਟੀ ਹੈ ਕਿ ਪਰਮੇਸ਼ੁਰ ਦੇ ਸਾਰੇ ਲਾਜਵਾਬ ਵਾਅਦੇ ਜ਼ਰੂਰ ਪੂਰੇ ਹੋਣਗੇ। (2 ਕੁਰਿੰਥੀਆਂ 1:20 ਪੜ੍ਹੋ।) ਇਸ ਤੋਂ ਪਤਾ ਲੱਗਦਾ ਹੈ ਕਿ ‘ਸ਼ਬਦਾਂ ਵਿਚ ਬਿਆਨ ਨਾ ਕੀਤੇ ਜਾਣ ਵਾਲੇ ਵਰਦਾਨ’ ਵਿਚ ਯਿਸੂ ਦੇ ਬਲੀਦਾਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਇਸ ਵਰਦਾਨ ਵਿਚ ਯਹੋਵਾਹ ਦਾ ਪਿਆਰ ਤੇ ਭਲਾਈ ਵੀ ਸ਼ਾਮਲ ਹੈ। ਹਾਂ, ਪੌਲੁਸ ਦੀ ਗੱਲ ਬਿਲਕੁਲ ਸਹੀ ਹੈ ਕਿ ਅਸੀਂ ਇਸ ਵਰਦਾਨ ਦੀ ਕੀਮਤ ਸ਼ਬਦਾਂ ਵਿਚ ਬਿਆਨ ਕਰ ਹੀ ਨਹੀਂ ਸਕਦੇ। ਅਸੀਂ ਇਸ ਬੇਸ਼ਕੀਮਤੀ ਵਰਦਾਨ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ? ਯਿਸੂ ਦੀ ਮੌਤ ਦੀ ਵਰ੍ਹੇ-ਗੰਢ ਮਨਾਉਣ ਤੋਂ ਪਹਿਲਾਂ ਇਹ ਵਰਦਾਨ ਸਾਨੂੰ ਕਿਹੜੇ ਕਦਮ ਚੁੱਕਣ ਲਈ ਪ੍ਰੇਰਿਤ ਕਰੇਗਾ? ਇਸ ਸਾਲ ਯਿਸੂ ਦੀ ਮੌਤ ਦੀ ਵਰ੍ਹੇ- ਗੰਢ ਬੁੱਧਵਾਰ, 23 ਮਾਰਚ 2016 ਨੂੰ ਮਨਾਈ ਜਾਵੇਗੀ।

ਪਰਮੇਸ਼ੁਰ ਵੱਲੋਂ ਬੇਸ਼ਕੀਮਤੀ ਵਰਦਾਨ

3, 4. (ੳ) ਜਦੋਂ ਤੁਹਾਨੂੰ ਕੋਈ ਤੋਹਫ਼ਾ ਦਿੰਦਾ ਹੈ, ਤਾਂ ਤੁਹਾਨੂੰ ਕਿਵੇਂ ਲੱਗਦਾ ਹੈ? (ਅ) ਕੋਈ ਖ਼ਾਸ ਤੋਹਫ਼ਾ ਤੁਹਾਡੀ ਜ਼ਿੰਦਗੀ ਕਿਵੇਂ ਬਦਲ ਸਕਦਾ ਹੈ?

3 ਜਦੋਂ ਸਾਨੂੰ ਕੋਈ ਤੋਹਫ਼ਾ ਦਿੰਦਾ ਹੈ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਪਰ ਕੁਝ ਖ਼ਾਸ ਤੋਹਫ਼ੇ ਸਾਡੇ ਲਈ ਬਹੁਤ ਮਾਅਨੇ ਰੱਖਦੇ ਹਨ ਜੋ ਸਾਡੀ ਜ਼ਿੰਦਗੀ ਬਦਲ ਸਕਦੇ ਹਨ। ਮੰਨ ਲਓ, ਤੁਸੀਂ ਕੋਈ ਅਪਰਾਧ ਕੀਤਾ ਹੈ ਜਿਸ ਦੀ ਸਜ਼ਾ ਮੌਤ ਹੈ। ਪਰ ਅਚਾਨਕ ਕੋਈ ਅਜਨਬੀ ਤੁਹਾਡੀ ਥਾਂ ਸਜ਼ਾ ਭੁਗਤਣ ਲਈ ਤਿਆਰ ਹੋ ਜਾਂਦਾ ਹੈ। ਉਹ ਤੁਹਾਡੀ ਜਗ੍ਹਾ ਮਰਨ ਲਈ ਤਿਆਰ ਹੈ! ਤੁਸੀਂ ਇਸ ਕੀਮਤੀ ਤੋਹਫ਼ੇ ਬਾਰੇ ਕਿਵੇਂ ਮਹਿਸੂਸ ਕਰੋਗੇ?

4 ਬਿਨਾਂ ਸ਼ੱਕ ਇਸ ਤਰ੍ਹਾਂ ਦਾ ਪਿਆਰ ਭਰਿਆ ਅਤੇ ਬੇਸ਼ਕੀਮਤੀ ਤੋਹਫ਼ਾ ਤੁਹਾਨੂੰ ਸੋਚਣ ਲਈ ਮਜਬੂਰ ਕਰੇਗਾ ਕਿ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ। ਤੁਸੀਂ ਜ਼ਰੂਰ ਹੋਰ ਖੁੱਲ੍ਹ-ਦਿਲੀ ਤੇ ਪਿਆਰ ਦਿਖਾਉਣ ਲਈ ਪ੍ਰੇਰਿਤ ਹੋਵੋਗੇ। ਨਾਲੇ ਉਨ੍ਹਾਂ ਨੂੰ ਵੀ ਮਾਫ਼ ਕਰਨ ਲਈ ਤਿਆਰ ਹੋਵੋਗੇ ਜਿਨ੍ਹਾਂ ਨੇ ਤੁਹਾਡਾ ਦਿਲ ਦੁਖਾਇਆ ਹੈ। ਤੁਹਾਡੀ ਥਾਂ ਜਾਨ ਦੇਣ ਵਾਲੇ ਵਿਅਕਤੀ ਦਾ ਅਹਿਸਾਨ ਤੁਸੀਂ ਮਰਦੇ ਦਮ ਤਕ ਨਹੀਂ ਭੁੱਲੋਗੇ।

5. ਯਹੋਵਾਹ ਵੱਲੋਂ ਦਿੱਤਾ ਰਿਹਾਈ ਦੀ ਕੀਮਤ ਦਾ ਵਰਦਾਨ ਕਿਸੇ ਵੀ ਤੋਹਫ਼ੇ ਨਾਲੋਂ ਜ਼ਿਆਦਾ ਕੀਮਤੀ ਕਿਉਂ ਹੈ?

5 ਪਰਮੇਸ਼ੁਰ ਵੱਲੋਂ ਦਿੱਤਾ ਰਿਹਾਈ ਦੀ ਕੀਮਤ ਦਾ ਵਰਦਾਨ ਉਦਾਹਰਣ ਵਿਚ ਜ਼ਿਕਰ ਕੀਤੇ ਤੋਹਫ਼ੇ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ। (1 ਪਤ. 3:18) ਇਸ ਬਾਰੇ ਸੋਚੋ: ਆਦਮ ਨੇ ਸਾਨੂੰ ਸਾਰਿਆਂ ਨੂੰ ਵਿਰਸੇ ਵਿਚ ਪਾਪ ਦਿੱਤਾ ਹੈ ਜਿਸ ਦੀ ਸਜ਼ਾ ਮੌਤ ਹੈ। (ਰੋਮੀ. 5:12) ਪਿਆਰ ਨੇ ਯਹੋਵਾਹ ਨੂੰ ਉਕਸਾਇਆ ਕਿ ਉਹ ਯਿਸੂ ਨੂੰ ਧਰਤੀ ’ਤੇ ਘੱਲੇ ਤਾਂਕਿ ਉਹ ‘ਸਾਰਿਆਂ ਵਾਸਤੇ ਮੌਤ ਦਾ ਸੁਆਦ ਚੱਖੇ।’ (ਇਬ. 2:9) ਪਰ ਯਿਸੂ ਦੇ ਬਲੀਦਾਨ ਤੋਂ ਨਾ ਸਿਰਫ਼ ਸਾਨੂੰ ਅੱਜ ਫ਼ਾਇਦਾ ਹੁੰਦਾ ਹੈ, ਸਗੋਂ ਆਉਣ ਵਾਲੇ ਸਮੇਂ ਵਿਚ ਵੀ ਹੋਵੇਗਾ। ਇਹ ਬਲੀਦਾਨ ਮੌਤ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। (ਯਸਾ. 25:7, 8; 1 ਕੁਰਿੰ. 15:22, 26) ਜਿਹੜੇ ਵੀ ਯਿਸੂ ’ਤੇ ਨਿਹਚਾ ਕਰਦੇ ਹਨ ਉਹ ਹਮੇਸ਼ਾ ਲਈ ਖ਼ੁਸ਼ੀ ਤੇ ਸ਼ਾਂਤੀ ਨਾਲ ਰਹਿਣਗੇ, ਚਾਹੇ ਧਰਤੀ ਉੱਤੇ ਰਹਿਣ ਜਾਂ ਯਿਸੂ ਨਾਲ ਰਾਜਿਆਂ ਵਜੋਂ ਸਵਰਗ ਵਿਚ। (ਰੋਮੀ. 6:23; ਪ੍ਰਕਾ. 5:9, 10) ਯਹੋਵਾਹ ਵੱਲੋਂ ਦਿੱਤੇ ਵਰਦਾਨ ਵਿਚ ਹੋਰ ਕੀ ਕੁਝ ਸ਼ਾਮਲ ਹੈ?

6. (ੳ) ਤੁਸੀਂ ਯਹੋਵਾਹ ਵੱਲੋਂ ਦਿੱਤੇ ਵਰਦਾਨ ਰਾਹੀਂ ਮਿਲਣ ਵਾਲੀਆਂ ਕਿਹੜੀਆਂ ਬਰਕਤਾਂ ਦਾ ਇੰਤਜ਼ਾਰ ਕਰ ਰਹੇ ਹੋ? (ਅ) ਪਰਮੇਸ਼ੁਰ ਵੱਲੋਂ ਦਿੱਤਾ ਵਰਦਾਨ ਸਾਨੂੰ ਕਿਹੜੇ ਤਿੰਨ ਕੰਮ ਕਰਨ ਲਈ ਪ੍ਰੇਰਦਾ ਹੈ?

6 ਯਹੋਵਾਹ ਵੱਲੋਂ ਦਿੱਤੇ ਵਰਦਾਨ ਵਿਚ ਪੂਰੀ ਧਰਤੀ ਨੂੰ ਬਾਗ਼ ਵਰਗੀ ਖ਼ੂਬਸੂਰਤ ਬਣਾਉਣਾ, ਬੀਮਾਰਾਂ ਨੂੰ ਠੀਕ ਕੀਤਾ ਜਾਣਾ ਅਤੇ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕਰਨਾ ਵੀ ਸ਼ਾਮਲ ਹੈ। (ਯਸਾ. 33:24; 35:5, 6; ਯੂਹੰ. 5:28, 29) ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਨੂੰ ਦਿਲੋਂ ਪਿਆਰ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ‘ਸ਼ਬਦਾਂ ਵਿਚ ਬਿਆਨ ਨਾ ਕੀਤਾ’ ਜਾਣ ਵਾਲਾ ਵਰਦਾਨ ਦਿੱਤਾ ਹੈ। ਇਹ ਵਰਦਾਨ ਸਾਨੂੰ ਕੀ ਕਰਨ ਲਈ ਪ੍ਰੇਰਿਤ ਕਰਦਾ ਹੈ? ਇਹ ਸਾਨੂੰ (1) ਯਿਸੂ ਦੀ ਰੀਸ ਕਰਨ, (2) ਭੈਣਾਂ-ਭਰਾਵਾਂ ਨੂੰ ਪਿਆਰ ਕਰਨ ਅਤੇ (3) ਦੂਜਿਆਂ ਨੂੰ ਦਿਲੋਂ ਮਾਫ਼ ਕਰਨ ਲਈ ਪ੍ਰੇਰਿਤ ਕਰਦਾ ਹੈ।

“ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ ਹੈ”

7, 8. ਸਾਨੂੰ ਮਸੀਹ ਦੇ ਪਿਆਰ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਸਾਨੂੰ ਕੀ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ?

7 ਪਹਿਲਾ, ਸਾਨੂੰ ਪਰਮੇਸ਼ੁਰ ਦੇ ਪਿਆਰ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ ਕਿ ਅਸੀਂ ਯਿਸੂ ਲਈ ਆਪਣੀ ਜ਼ਿੰਦਗੀ ਬਤੀਤ ਕਰੀਏ। ਪੌਲੁਸ ਰਸੂਲ ਨੇ ਕਿਹਾ: “ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ ਹੈ।” (2 ਕੁਰਿੰਥੀਆਂ 5:14, 15 ਪੜ੍ਹੋ।) ਪੌਲੁਸ ਜਾਣਦਾ ਸੀ ਕਿ ਅਸੀਂ ਉਦੋਂ ਹੀ ਯਿਸੂ ਦੇ ਪਿਆਰ ਨੂੰ ਸਵੀਕਾਰ ਕਰਾਂਗੇ, ਜਦੋਂ ਅਸੀਂ ਉਸ ਲਈ ਜੀਉਣ ਲਈ ਪ੍ਰੇਰਿਤ ਹੋਵਾਂਗੇ। ਜੀ ਹਾਂ, ਜਦੋਂ ਅਸੀਂ ਪੂਰੀ ਤਰ੍ਹਾਂ ਸਮਝ ਜਾਂਦੇ ਹਾਂ ਕਿ ਯਹੋਵਾਹ ਨੇ ਸਾਡੇ ਲਈ ਕੀ ਕੁਝ ਕੀਤਾ ਹੈ, ਤਾਂ ਉਸ ਦਾ ਪਿਆਰ ਸਾਨੂੰ ਯਿਸੂ ਲਈ ਆਪਣੀ ਜ਼ਿੰਦਗੀ ਜੀਉਣ ਲਈ ਪ੍ਰੇਰਿਤ ਕਰੇਗਾ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?

8 ਯਹੋਵਾਹ ਦਾ ਪਿਆਰ ਸਾਨੂੰ ਯਿਸੂ ਦੇ ਨਕਸ਼ੇ-ਕਦਮਾਂ ’ਤੇ ਧਿਆਨ ਨਾਲ ਚੱਲਣ ਲਈ ਪ੍ਰੇਰੇਗਾ। (1 ਪਤ. 2:21; 1 ਯੂਹੰ. 2:6) ਜਦੋਂ ਅਸੀਂ ਯਹੋਵਾਹ ਅਤੇ ਯਿਸੂ ਦੇ ਆਗਿਆਕਾਰ ਰਹਿੰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ। ਯਿਸੂ ਨੇ ਕਿਹਾ: “ਜਿਹੜਾ ਮੇਰੇ ਹੁਕਮਾਂ ਨੂੰ ਕਬੂਲ ਕਰਦਾ ਹੈ ਅਤੇ ਇਨ੍ਹਾਂ ਨੂੰ ਮੰਨਦਾ ਹੈ, ਉਹੀ ਮੈਨੂੰ ਪਿਆਰ ਕਰਦਾ ਹੈ। ਜਿਹੜਾ ਇਨਸਾਨ ਮੈਨੂੰ ਪਿਆਰ ਕਰਦਾ ਹੈ, ਉਸ ਨੂੰ ਮੇਰਾ ਪਿਤਾ ਪਿਆਰ ਕਰੇਗਾ ਅਤੇ ਮੈਂ ਵੀ ਉਸ ਇਨਸਾਨ ਨੂੰ ਪਿਆਰ ਕਰਾਂਗਾ ਅਤੇ ਉਸ ਨੂੰ ਆਪਣੇ ਬਾਰੇ ਸਾਫ਼-ਸਾਫ਼ ਦੱਸਾਂਗਾ।”​—ਯੂਹੰ. 14:21; 1 ਯੂਹੰ. 5:3.

9. ਅਸੀਂ ਕਿਹੜੇ ਦਬਾਵਾਂ ਹੇਠ ਆ ਸਕਦੇ ਹਾਂ?

9 ਮੈਮੋਰੀਅਲ ਦੇ ਮਹੀਨਿਆਂ ਦੌਰਾਨ ਇਹ ਸੋਚ-ਵਿਚਾਰ ਕਰਨਾ ਵਧੀਆ ਹੋਵੇਗਾ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਕੀ ਕਰ ਰਹੇ ਹਾਂ। ਇਸ ਲਈ ਆਪਣੇ ਆਪ ਨੂੰ ਪੁੱਛੋ: ‘ਮੈਂ ਕਿਨ੍ਹਾਂ ਮਾਮਲਿਆਂ ਵਿਚ ਯਿਸੂ ਦੀ ਰੀਸ ਕਰ ਰਿਹਾ ਹਾਂ? ਮੈਨੂੰ ਕਿਨ੍ਹਾਂ ਮਾਮਲਿਆਂ ਵਿਚ ਸੁਧਾਰ ਕਰਨ ਦੀ ਲੋੜ ਹੈ?’ ਇਹ ਸਵਾਲ ਆਪਣੇ ਆਪ ਤੋਂ ਪੁੱਛਣੇ ਜ਼ਰੂਰੀ ਹਨ ਕਿਉਂਕਿ ਇਹ ਦੁਨੀਆਂ ਚਾਹੁੰਦੀ ਹੈ ਕਿ ਅਸੀਂ ਇਸ ਦੇ ਰੰਗ ਵਿਚ ਰੰਗੇ ਜਾਈਏ। (ਰੋਮੀ. 12:2) ਜੇ ਅਸੀਂ ਚੁਕੰਨੇ ਨਹੀਂ ਰਹਿੰਦੇ, ਤਾਂ ਅਸੀਂ ਦੁਨੀਆਂ ਦੇ ਗਿਆਨੀਆਂ-ਧਿਆਨੀਆਂ, ਹੀਰੋ-ਹੀਰੋਇਨਾਂ ਅਤੇ ਮੰਨੇ-ਪ੍ਰਮੰਨੇ ਖਿਡਾਰੀਆਂ ਦੀ ਨਕਲ ਕਰਨ ਦੇ ਦਬਾਅ ਹੇਠ ਆ ਜਾਵਾਂਗੇ। (ਕੁਲੁ. 2:8; 1 ਯੂਹੰ. 2:15-17) ਅਸੀਂ ਇਨ੍ਹਾਂ ਦੇ ਦਬਾਅ ਹੇਠ ਆਉਣ ਤੋਂ ਕਿਵੇਂ ਬਚ ਸਕਦੇ ਹਾਂ?

10. ਮੈਮੋਰੀਅਲ ਦੇ ਇਨ੍ਹਾਂ ਮਹੀਨਿਆਂ ਦੌਰਾਨ ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ? ਇਨ੍ਹਾਂ ਦੇ ਜਵਾਬ ਸ਼ਾਇਦ ਸਾਨੂੰ ਕੀ ਕਰਨ ਲਈ ਪ੍ਰੇਰਿਤ ਕਰਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

10 ਇਨ੍ਹਾਂ ਮਹੀਨਿਆਂ ਦੌਰਾਨ ਇਹ ਵੀ ਚੰਗਾ ਹੋਵੇਗਾ ਕਿ ਅਸੀਂ ਆਪਣੇ ਕੱਪੜਿਆਂ, ਫ਼ਿਲਮਾਂ ਅਤੇ ਗੀਤ-ਸੰਗੀਤ ਦੀ ਜਾਂਚ ਕਰੀਏ। ਨਾਲੇ ਦੇਖੀਏ ਕਿ ਅਸੀਂ ਆਪਣੇ ਕੰਪਿਊਟਰ, ਮੋਬਾਇਲ ਜਾਂ ਟੈਬਲੇਟ ਵਿਚ ਕੀ ਕੁਝ ਭਰਿਆ ਹੈ। ਆਪਣੇ ਆਪ ਤੋਂ ਪੁੱਛੋ: ‘ਜੇ ਯਿਸੂ ਇੱਥੇ ਹੁੰਦਾ ਅਤੇ ਉਹ ਮੈਨੂੰ ਅਜਿਹੇ ਕੱਪੜੇ ਪਾਈ ਦੇਖਦਾ, ਤਾਂ ਕੀ ਮੈਨੂੰ ਸ਼ਰਮ ਆਉਂਦੀ?’ (1 ਤਿਮੋਥਿਉਸ 2:9, 10 ਪੜ੍ਹੋ।) ‘ਕੀ ਮੇਰੇ ਕੱਪੜਿਆਂ ਤੋਂ ਪਤਾ ਲੱਗਦਾ ਕਿ ਮੈਂ ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਦਾ ਹਾਂ? ਕੀ ਯਿਸੂ ਉਹ ਫ਼ਿਲਮਾਂ ਦੇਖਣੀਆਂ ਪਸੰਦ ਕਰਦਾ ਜੋ ਮੈਂ ਦੇਖਦਾ ਹਾਂ? ਕੀ ਯਿਸੂ ਉਹ ਗੀਤ-ਸੰਗੀਤ ਸੁਣਦਾ ਜੋ ਮੈਂ ਸੁਣਦਾ ਹਾਂ? ਜੇ ਯਿਸੂ ਮੇਰੇ ਮੋਬਾਇਲ ਜਾਂ ਟੈਬਲੇਟ ਵਿਚਲੀਆਂ ਚੀਜ਼ਾਂ ਦੇਖ ਲਵੇ, ਤਾਂ ਕੀ ਮੈਨੂੰ ਸ਼ਰਮ ਆਵੇਗੀ? ਕੀ ਮੈਨੂੰ ਯਿਸੂ ਨੂੰ ਇਹ ਦੱਸਣਾ ਔਖਾ ਲੱਗੇਗਾ ਕਿ ਮੈਨੂੰ ਇਹ ਵੀਡੀਓ-ਗੇਮਾਂ ਖੇਡਣੀਆਂ ਕਿਉਂ ਪਸੰਦ ਹਨ?’ ਯਹੋਵਾਹ ਲਈ ਸਾਡਾ ਪਿਆਰ ਸਾਨੂੰ ਉਹ ਸਾਰੀਆਂ ਚੀਜ਼ਾਂ, ਇੱਥੋਂ ਤਕ ਕਿ ਕੀਮਤੀ ਚੀਜ਼ਾਂ ਵੀ, ਸੁੱਟਣ ਲਈ ਪ੍ਰੇਰਿਤ ਕਰੇਗਾ ਜੋ ਮਸੀਹੀਆਂ ਨੂੰ ਸ਼ੋਭਾ ਨਹੀਂ ਦਿੰਦੀਆਂ। (ਰਸੂ. 19:19, 20) ਜਦੋਂ ਅਸੀਂ ਆਪਣੀ ਜ਼ਿੰਦਗੀ ਪਰਮੇਸ਼ੁਰ ਨੂੰ ਸੌਂਪੀ ਸੀ, ਤਾਂ ਅਸੀਂ ਇਹ ਵਾਅਦਾ ਕੀਤਾ ਸੀ ਕਿ ਅਸੀਂ ਆਪਣੀ ਜ਼ਿੰਦਗੀ ਆਪਣੇ ਲਈ ਨਹੀਂ, ਸਗੋਂ ਯਿਸੂ ਲਈ ਜੀਵਾਂਗੇ। ਇਸ ਲਈ ਸਾਨੂੰ ਆਪਣੇ ਕੋਲ ਅਜਿਹੀ ਕੋਈ ਵੀ ਚੀਜ਼ ਨਹੀਂ ਰੱਖਣੀ ਚਾਹੀਦੀ ਜੋ ਯਿਸੂ ਦੇ ਨਕਸ਼ੇ-ਕਦਮਾਂ ’ਤੇ ਧਿਆਨ ਨਾਲ ਚੱਲਣ ਵਿਚ ਸਾਡੇ ਲਈ ਰੁਕਾਵਟ ਬਣੇ।​—ਮੱਤੀ 5:29, 30; ਫ਼ਿਲਿ. 4:8.

11. (ੳ) ਯਹੋਵਾਹ ਤੇ ਯਿਸੂ ਲਈ ਸਾਡਾ ਪਿਆਰ ਸਾਨੂੰ ਪ੍ਰਚਾਰ ਵਿਚ ਕੀ ਕਰਨ ਲਈ ਪ੍ਰੇਰਦਾ ਹੈ? (ਅ) ਮੰਡਲੀ ਦੇ ਭੈਣਾਂ-ਭਰਾਵਾਂ ਲਈ ਪਿਆਰ ਸਾਨੂੰ ਕੀ ਕਰਨ ਲਈ ਪ੍ਰੇਰ ਸਕਦਾ ਹੈ?

11 ਯਿਸੂ ਲਈ ਸਾਡਾ ਪਿਆਰ ਸਾਨੂੰ ਜੋਸ਼ ਨਾਲ ਪ੍ਰਚਾਰ ਕਰਨ ਅਤੇ ਸਿਖਾਉਣ ਲਈ ਪ੍ਰੇਰਦਾ ਹੈ। (ਮੱਤੀ 28:19, 20; ਲੂਕਾ 4:43) ਕੀ ਤੁਸੀਂ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਆਪਣੇ ਰੋਜ਼ਮੱਰਾ ਦੇ ਕੰਮਾਂ ਵਿਚ ਫੇਰ-ਬਦਲ ਕਰ ਕੇ 30 ਜਾਂ 50 ਘੰਟਿਆਂ ਵਾਲੀ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦੇ ਹੋ? ਇਕ 84 ਸਾਲਾਂ ਦੇ ਭਰਾ ਦੀ ਮਿਸਾਲ ’ਤੇ ਗੌਰ ਕਰੋ ਜਿਸ ਦੀ ਪਤਨੀ ਗੁਜ਼ਰ ਗਈ ਹੈ। ਉਹ ਆਪਣੀ ਉਮਰ ਅਤੇ ਮਾੜੀ ਸਿਹਤ ਕਰਕੇ ਪਾਇਨੀਅਰਿੰਗ ਨਹੀਂ ਕਰ ਸਕਦਾ ਸੀ। ਪਰ ਉਸ ਦੇ ਇਲਾਕੇ ਦੇ ਪਾਇਨੀਅਰ ਉਸ ਦੀ ਮਦਦ ਕਰਨੀ ਚਾਹੁੰਦੇ ਸਨ। ਉਹ ਉਸ ਨੂੰ ਆਪਣੀਆਂ ਗੱਡੀਆਂ ਵਿਚ ਆਪਣੇ ਨਾਲ ਪ੍ਰਚਾਰ ’ਤੇ ਲੈ ਕੇ ਅਤੇ ਛੱਡ ਕੇ ਜਾਂਦੇ ਸਨ। ਨਾਲੇ ਉਨ੍ਹਾਂ ਨੇ ਪ੍ਰਚਾਰ ਲਈ ਉਹ ਇਲਾਕਾ ਚੁਣਿਆ ਜਿੱਥੇ ਉਹ ਸੌਖਿਆਂ ਹੀ ਪ੍ਰਚਾਰ ਕਰ ਸਕਦਾ ਸੀ। ਨਤੀਜੇ ਵਜੋਂ, ਉਹ ਭਰਾ 30 ਘੰਟਿਆਂ ਵਾਲੀ ਪਾਇਨੀਅਰਿੰਗ ਕਰ ਸਕਿਆ। ਕੀ ਤੁਸੀਂ ਮਾਰਚ-ਅਪ੍ਰੈਲ ਦੇ ਮਹੀਨਿਆਂ ਦੌਰਾਨ ਆਪਣੀ ਮੰਡਲੀ ਦੇ ਕਿਸੇ ਭੈਣ-ਭਰਾ ਦੀ ਔਗਜ਼ੀਲਰੀ ਪਾਇਨੀਅਰਿੰਗ ਕਰਨ ਵਿਚ ਮਦਦ ਕਰ ਸਕਦੇ ਹੋ? ਇਹ ਸੱਚ ਹੈ ਕਿ ਅਸੀਂ ਸਾਰੇ ਪਾਇਨੀਅਰਿੰਗ ਨਹੀਂ ਕਰ ਸਕਦੇ, ਪਰ ਅਸੀਂ ਯਹੋਵਾਹ ਦੀ ਸੇਵਾ ਹੋਰ ਵੀ ਵਧ-ਚੜ੍ਹ ਕੇ ਕਰਨ ਵਿਚ ਆਪਣਾ ਸਮਾਂ ਤੇ ਤਾਕਤ ਲਾ ਸਕਦੇ ਹਾਂ। ਇੱਦਾਂ ਕਰ ਕੇ ਅਸੀਂ ਵੀ ਪੌਲੁਸ ਵਾਂਗ ਦਿਖਾਉਂਦੇ ਹਾਂ ਕਿ ਯਿਸੂ ਦਾ ਪਿਆਰ ਸਾਨੂੰ ਪ੍ਰੇਰਦਾ ਹੈ। ਪਰਮੇਸ਼ੁਰ ਦਾ ਪਿਆਰ ਸਾਨੂੰ ਹੋਰ ਕੀ ਕਰਨ ਲਈ ਪ੍ਰੇਰਿਤ ਕਰੇਗਾ?

ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਇਕ-ਦੂਜੇ ਨੂੰ ਪਿਆਰ ਕਰੀਏ

12. ਪਰਮੇਸ਼ੁਰ ਦਾ ਪਿਆਰ ਸਾਨੂੰ ਕੀ ਕਰਨ ਲਈ ਪ੍ਰੇਰਦਾ ਹੈ?

12 ਦੂਜਾ, ਪਰਮੇਸ਼ੁਰ ਦੇ ਪਿਆਰ ਤੋਂ ਸਾਨੂੰ ਪ੍ਰੇਰਿਤ ਹੋਣਾ ਚਾਹੀਦਾ ਹੈ ਕਿ ਅਸੀਂ ਭੈਣਾਂ-ਭਰਾਵਾਂ ਨੂੰ ਪਿਆਰ ਕਰੀਏ। ਯੂਹੰਨਾ ਰਸੂਲ ਨੂੰ ਇਸ ਗੱਲ ਦਾ ਅਹਿਸਾਸ ਸੀ। ਉਸ ਨੇ ਲਿਖਿਆ: “ਪਿਆਰਿਓ, ਜੇ ਪਰਮੇਸ਼ੁਰ ਨੇ ਇਸ ਤਰ੍ਹਾਂ ਸਾਡੇ ਨਾਲ ਪਿਆਰ ਕੀਤਾ, ਤਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਇਕ-ਦੂਸਰੇ ਨਾਲ ਪਿਆਰ ਕਰੀਏ।” (1 ਯੂਹੰ. 4:7-11) ਸੋ ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਨੂੰ ਪਿਆਰ ਕਰੇ, ਤਾਂ ਸਾਨੂੰ ਆਪਣਾ ਫ਼ਰਜ਼ ਪਛਾਣਦੇ ਹੋਏ ਭੈਣਾਂ-ਭਰਾਵਾਂ ਨੂੰ ਪਿਆਰ ਕਰਨਾ ਚਾਹੀਦਾ ਹੈ। (1 ਯੂਹੰ. 3:16) ਅਸੀਂ ਕਿਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਨੂੰ ਪਿਆਰ ਦਿਖਾ ਸਕਦੇ ਹਾਂ?

13. ਦੂਜਿਆਂ ਨੂੰ ਪਿਆਰ ਕਰਨ ਵਿਚ ਯਿਸੂ ਨੇ ਕਿਹੜੀ ਮਿਸਾਲ ਕਾਇਮ ਕੀਤੀ?

13 ਯਿਸੂ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਅਸੀਂ ਦੂਜਿਆਂ ਨੂੰ ਕਿਵੇਂ ਪਿਆਰ ਕਰ ਸਕਦੇ ਹਾਂ। ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਲੋਕਾਂ ਦੀ ਮਦਦ ਕੀਤੀ, ਖ਼ਾਸ ਕਰਕੇ ਨਿਮਰ ਲੋਕਾਂ ਦੀ। ਉਸ ਨੇ ਬੀਮਾਰਾਂ, ਲੰਗੜਿਆਂ, ਅੰਨ੍ਹਿਆਂ, ਬੋਲ਼ਿਆਂ ਅਤੇ ਗੁੰਗਿਆਂ ਨੂੰ ਠੀਕ ਕੀਤਾ। (ਮੱਤੀ 11:4, 5) ਯਿਸੂ ਨੂੰ ਸੱਚਾਈ ਦੇ ਭੁੱਖੇ-ਪਿਆਸੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿਖਾ ਕੇ ਖ਼ੁਸ਼ੀ ਹੁੰਦੀ ਸੀ। ਇਨ੍ਹਾਂ ਲੋਕਾਂ ਨੂੰ ਧਾਰਮਿਕ ਆਗੂ “ਸਰਾਪੇ ਹੋਏ” ਸਮਝਦੇ ਸਨ। (ਯੂਹੰ. 7:49) ਉਹ ਇਨ੍ਹਾਂ ਨਿਮਰ ਲੋਕਾਂ ਨੂੰ ਪਿਆਰ ਕਰਦਾ ਸੀ ਅਤੇ ਇਨ੍ਹਾਂ ਦੀ ਮਦਦ ਕਰਨ ਲਈ ਸਖ਼ਤ ਮਿਹਨਤ ਕਰਦਾ ਸੀ।​—ਮੱਤੀ 20:28.

ਕੀ ਤੁਸੀਂ ਪ੍ਰਚਾਰ ਵਿਚ ਕਿਸੇ ਬਜ਼ੁਰਗ ਭੈਣ ਜਾਂ ਭਰਾ ਦੀ ਮਦਦ ਕਰ ਸਕਦੇ ਹੋ? (ਪੈਰਾ 14 ਦੇਖੋ)

14. ਤੁਸੀਂ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਕਿਵੇਂ ਦਿਖਾ ਸਕਦੇ ਹੋ?

14 ਮੈਮੋਰੀਅਲ ਦੇ ਮਹੀਨਿਆਂ ਦੌਰਾਨ ਇਹ ਵੀ ਸੋਚਣਾ ਵਧੀਆ ਹੋਵੇਗਾ ਕਿ ਤੁਸੀਂ ਆਪਣੀ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹੋ, ਖ਼ਾਸ ਕਰਕੇ ਸਿਆਣੇ ਭੈਣਾਂ-ਭਰਾਵਾਂ ਦੀ। ਕੀ ਤੁਸੀਂ ਇਨ੍ਹਾਂ ਭੈਣਾਂ-ਭਰਾਵਾਂ ਨੂੰ ਮਿਲਣ ਜਾ ਸਕਦੇ ਹੋ? ਕੀ ਤੁਸੀਂ ਇਨ੍ਹਾਂ ਲਈ ਖਾਣਾ ਲੈ ਕੇ ਜਾ ਸਕਦੇ ਹੋ, ਘਰ ਦੇ ਕੰਮਾਂ ਵਿਚ ਇਨ੍ਹਾਂ ਦੀ ਮਦਦ ਕਰ ਸਕਦੇ ਹੋ, ਇਨ੍ਹਾਂ ਨੂੰ ਸਭਾਵਾਂ ’ਤੇ ਲੈ ਕੇ ਜਾ ਸਕਦੇ ਹੋ ਜਾਂ ਆਪਣੇ ਨਾਲ ਪ੍ਰਚਾਰ ਕਰਨ ਲਈ ਕਹਿ ਸਕਦੇ ਹੋ? (ਲੂਕਾ 14:12-14 ਪੜ੍ਹੋ।) ਪਰਮੇਸ਼ੁਰ ਦਾ ਪਿਆਰ ਤੁਹਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਣ ਲਈ ਪ੍ਰੇਰਿਤ ਕਰੇ।

ਭੈਣਾਂ-ਭਰਾਵਾਂ ਨੂੰ ਦਇਆ ਦਿਖਾਓ

15. ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

15 ਤੀਜਾ, ਯਹੋਵਾਹ ਦੇ ਪਿਆਰ ਤੋਂ ਸਾਨੂੰ ਭੈਣਾਂ-ਭਰਾਵਾਂ ਨੂੰ ਮਾਫ਼ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਆਦਮ ਨੇ ਵਿਰਸੇ ਵਿਚ ਪਾਪ ਤੇ ਮੌਤ ਦਿੱਤੀ ਹੈ। ਇਸ ਲਈ ਸਾਡੇ ਵਿੱਚੋਂ ਕੋਈ ਨਹੀਂ ਕਹਿ ਸਕਦਾ, “ਮੈਨੂੰ ਰਿਹਾਈ ਦੀ ਕੀਮਤ ਦੀ ਲੋੜ ਨਹੀਂ ਹੈ।” ਇੱਥੋਂ ਤਕ ਕਿ ਪਰਮੇਸ਼ੁਰ ਦੇ ਸਭ ਤੋਂ ਵਫ਼ਾਦਾਰਾਂ ਸੇਵਕਾਂ ਨੂੰ ਵੀ ਰਿਹਾਈ ਦੀ ਕੀਮਤ ਦੀ ਲੋੜ ਹੈ। ਸਾਨੂੰ ਸਾਰਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਸਿਰਾਂ ਤੋਂ ਬਹੁਤ ਵੱਡਾ ਕਰਜ਼ਾ ਲਾਹਿਆ ਗਿਆ ਹੈ। ਇਹ ਗੱਲ ਯਾਦ ਰੱਖਣੀ ਕਿਉਂ ਜ਼ਰੂਰੀ ਹੈ? ਇਸ ਦਾ ਜਵਾਬ ਸਾਨੂੰ ਯਿਸੂ ਵੱਲੋਂ ਦਿੱਤੀ ਇਕ ਮਿਸਾਲ ਤੋਂ ਮਿਲਦਾ ਹੈ।

16, 17. (ੳ) ਅਸੀਂ ਯਿਸੂ ਵੱਲੋਂ ਦਿੱਤੀ ਰਾਜੇ ਤੇ ਨੌਕਰ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? (ਅ) ਇਸ ਮਿਸਾਲ ’ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਤੁਸੀਂ ਕੀ ਕਰਨ ਦਾ ਠਾਣਿਆ ਹੈ?

16 ਯਿਸੂ ਨੇ ਇਕ ਰਾਜੇ ਦੀ ਮਿਸਾਲ ਦਿੱਤੀ ਜਿਸ ਨੇ ਆਪਣੇ ਇਕ ਨੌਕਰ ਦਾ ਛੇ ਕਰੋੜ ਦੀਨਾਰ ਦਾ ਵੱਡਾ ਕਰਜ਼ਾ ਮਾਫ਼ ਕੀਤਾ ਸੀ। ਪਰ ਉਸ ਨੌਕਰ ਨੇ ਆਪਣੇ ਨਾਲ ਦੇ ਨੌਕਰ ਦਾ 100 ਦੀਨਾਰ ਦਾ ਮਾਮੂਲੀ ਜਿਹਾ ਕਰਜ਼ਾ ਮਾਫ਼ ਨਹੀਂ ਕੀਤਾ। ਉਸ ਨੌਕਰ ਨੂੰ ਰਾਜੇ ਦੀ ਦਇਆ ਤੋਂ ਪ੍ਰੇਰਿਤ ਹੋ ਕੇ ਆਪਣੇ ਨਾਲ ਦੇ ਨੌਕਰ ਦਾ ਕਰਜ਼ਾ ਮਾਫ਼ ਕਰਨਾ ਚਾਹੀਦਾ ਸੀ। ਜਦੋਂ ਰਾਜੇ ਨੇ ਸੁਣਿਆ ਕਿ ਉਸ ਦੇ ਨੌਕਰ ਨੇ ਮਾਮੂਲੀ ਜਿਹਾ ਕਰਜ਼ਾ ਵੀ ਮਾਫ਼ ਨਹੀਂ ਕੀਤਾ, ਤਾਂ ਉਹ ਲੋਹਾ-ਲਾਖਾ ਹੋ ਗਿਆ। ਉਸ ਨੇ ਕਿਹਾ: “ਓਏ ਦੁਸ਼ਟਾ, ਜਦ ਤੂੰ ਮੇਰੀਆਂ ਮਿੰਨਤਾਂ ਕੀਤੀਆਂ ਸਨ, ਤਾਂ ਮੈਂ ਤੇਰਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਸੀ। ਤਾਂ ਫਿਰ, ਕੀ ਤੇਰਾ ਫ਼ਰਜ਼ ਨਹੀਂ ਸੀ ਬਣਦਾ ਕਿ ਜਿਵੇਂ ਮੈਂ ਤੇਰੇ ’ਤੇ ਦਇਆ ਕੀਤੀ ਸੀ, ਤੂੰ ਵੀ ਆਪਣੇ ਸਾਥੀ ਉੱਤੇ ਦਇਆ ਕਰਦਾ?” (ਮੱਤੀ 18:23-35; ਫੁਟਨੋਟ) ਉਸ ਰਾਜੇ ਵਾਂਗ ਯਹੋਵਾਹ ਨੇ ਵੀ ਸਾਡਾ ਵੱਡਾ ਕਰਜ਼ਾ ਮਾਫ਼ ਕੀਤਾ ਹੈ। ਸੋ ਯਹੋਵਾਹ ਦੇ ਪਿਆਰ ਅਤੇ ਦਇਆ ਤੋਂ ਪ੍ਰੇਰਿਤ ਹੋ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ?

17 ਮੈਮੋਰੀਅਲ ਦੀਆਂ ਤਿਆਰੀਆਂ ਕਰਦਿਆਂ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਕਿਸੇ ਭੈਣ ਜਾਂ ਭਰਾ ਨੇ ਮੇਰਾ ਦਿਲ ਦੁਖਾਇਆ ਹੈ? ਕੀ ਮੇਰੇ ਲਈ ਉਸ ਨੂੰ ਮਾਫ਼ ਕਰਨਾ ਔਖਾ ਹੈ?’ ਜੇ ਹਾਂ, ਤਾਂ ਇਹ ਵਧੀਆ ਸਮਾਂ ਹੈ ਕਿ ਅਸੀਂ ‘ਮਾਫ਼ ਕਰਨ ਵਾਲੇ’ ਪਰਮੇਸ਼ੁਰ ਦੀ ਰੀਸ ਕਰੀਏ। (ਨਹ. 9:17; ਜ਼ਬੂ. 86:5, CL) ਜੇ ਅਸੀਂ ਯਹੋਵਾਹ ਦੀ ਦਇਆ ਦੀ ਕਦਰ ਕਰਾਂਗੇ, ਤਾਂ ਅਸੀਂ ਦੂਜਿਆਂ ਨੂੰ ਦਇਆ ਦਿਖਾਉਣ ਦੇ ਨਾਲ-ਨਾਲ ਦਿਲੋਂ ਮਾਫ਼ ਵੀ ਕਰਾਂਗੇ। ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਅਤੇ ਮਾਫ਼ ਨਹੀਂ ਕਰਦੇ, ਤਾਂ ਅਸੀਂ ਯਹੋਵਾਹ ਤੋਂ ਇਹ ਉਮੀਦ ਨਹੀਂ ਰੱਖ ਸਕਦੇ ਕਿ ਉਹ ਸਾਨੂੰ ਪਿਆਰ ਅਤੇ ਮਾਫ਼ ਕਰੇਗਾ। (ਮੱਤੀ 6:14, 15) ਚਾਹੇ ਅਸੀਂ ਇਸ ਸੱਚਾਈ ਨੂੰ ਬਦਲ ਨਹੀਂ ਸਕਦੇ ਕਿ ਕਿਸੇ ਨੇ ਸਾਡਾ ਦਿਲ ਦੁਖਾਇਆ ਹੈ, ਪਰ ਉਨ੍ਹਾਂ ਨੂੰ ਮਾਫ਼ ਕਰ ਕੇ ਅਸੀਂ ਖ਼ੁਸ਼ੀਆਂ ਪਾ ਸਕਦੇ ਹਾਂ।

18. ਇਕ ਭੈਣ ਦੀ ਪਰਮੇਸ਼ੁਰ ਦੇ ਪਿਆਰ ਨੇ ਇਕ ਹੋਰ ਭੈਣ ਦੀਆਂ ਕਮੀਆਂ-ਕਮਜ਼ੋਰੀਆਂ ਸਹਿਣ ਵਿਚ ਕਿਵੇਂ ਮਦਦ ਕੀਤੀ?

18 ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਸਹਿਣਾ ਔਖਾ ਹੋ ਸਕਦਾ ਹੈ। (ਅਫ਼ਸੀਆਂ 4:32; ਕੁਲੁੱਸੀਆਂ 3:13, 14 ਪੜ੍ਹੋ।) ਮਿਸਾਲ ਲਈ, ਮੰਡਲੀ ਵਿਚ ਲਿੱਲੀ ਨਾਂ ਦੀ ਕੁਆਰੀ ਭੈਣ ਨੇ ਵਿਧਵਾ ਕੈਰਲ ਦੀ ਖ਼ੁਸ਼ੀ-ਖ਼ੁਸ਼ੀ ਮਦਦ ਕੀਤੀ। [1] ਲਿੱਲੀ ਉਸ ਨੂੰ ਆਪਣੀ ਗੱਡੀ ਵਿਚ ਲੈ ਕੇ ਜਾਂਦੀ ਸੀ, ਉਸ ਦੀ ਖ਼ਰੀਦਾਰੀ ਕਰਨ ਵਿਚ ਮਦਦ ਕਰਦੀ ਸੀ ਅਤੇ ਉਸ ਲਈ ਹੋਰ ਬਹੁਤ ਸਾਰੇ ਕੰਮ ਕਰਦੀ ਸੀ। ਲਿੱਲੀ ਦੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਕੈਰਲ ਹਮੇਸ਼ਾ ਉਸ ਵਿਚ ਨੁਕਸ ਕੱਢਦੀ ਰਹਿੰਦੀ ਸੀ। ਕਈ ਵਾਰ ਲਿੱਲੀ ਲਈ ਉਸ ਦੀ ਮਦਦ ਕਰਨੀ ਸੌਖੀ ਨਹੀਂ ਸੀ ਹੁੰਦੀ। ਪਰ ਲਿੱਲੀ ਨੇ ਉਸ ਦੇ ਚੰਗੇ ਗੁਣਾਂ ’ਤੇ ਧਿਆਨ ਲਾਇਆ। ਉਸ ਨੇ ਬੀਮਾਰ ਕੈਰਲ ਦੀ ਆਖ਼ਰੀ ਦਮ ਤਕ ਸੇਵਾ ਕੀਤੀ। ਭਾਵੇਂ ਕਿ ਲਿੱਲੀ ਲਈ ਕੈਰਲ ਦੀ ਮਦਦ ਕਰਨੀ ਔਖੀ ਸੀ, ਫਿਰ ਵੀ ਉਸ ਨੇ ਕਿਹਾ: “ਮੈਂ ਉਸ ਸਮੇਂ ਦਾ ਇੰਤਜ਼ਾਰ ਕਰ ਰਹੀ ਹਾਂ ਜਦੋਂ ਉਸ ਨੂੰ ਜੀਉਂਦਾ ਕੀਤਾ ਜਾਵੇਗਾ। ਮੈਂ ਜਾਣਦੀ ਹਾਂ ਕਿ ਉਸ ਵੇਲੇ ਉਹ ਬਿਲਕੁਲ ਠੀਕ ਹੋ ਜਾਵੇਗੀ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਪਿਆਰ ਸਾਨੂੰ ਆਪਣੇ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਸਹਿਣ ਲਈ ਪ੍ਰੇਰਿਤ ਕਰ ਸਕਦਾ ਹੈ। ਨਾਲੇ ਇਹ ਪਿਆਰ ਸਾਨੂੰ ਉਸ ਸਮੇਂ ਦਾ ਇੰਤਜ਼ਾਰ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ ਜਦੋਂ ਸਾਰੇ ਇਨਸਾਨਾਂ ਨੂੰ ਮੁਕੰਮਲ ਬਣਾਇਆ ਜਾਵੇਗਾ।

19. ਪਰਮੇਸ਼ੁਰ ਵੱਲੋਂ ਦਿੱਤਾ ਵਰਦਾਨ ਤੁਹਾਨੂੰ ਕੀ ਕਰਨ ਲਈ ਪ੍ਰੇਰਿਤ ਕਰੇਗਾ?

19 ਵਾਕਈ, ਯਹੋਵਾਹ ਨੇ ਸਾਨੂੰ ਉਹ “ਵਰਦਾਨ ਦਿੱਤਾ ਹੈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।” ਆਓ ਆਪਾਂ ਹਮੇਸ਼ਾ ਇਸ ਦੀ ਕਦਰ ਕਰਦੇ ਰਹੀਏ! ਮੈਮੋਰੀਅਲ ਦੇ ਮਹੀਨੇ ਇਸ ਗੱਲ ’ਤੇ ਸੋਚ-ਵਿਚਾਰ ਕਰਨ ਲਈ ਸਭ ਤੋਂ ਵਧੀਆ ਹਨ ਕਿ ਯਹੋਵਾਹ ਅਤੇ ਯਿਸੂ ਨੇ ਸਾਡੇ ਲਈ ਕੀ ਕੁਝ ਕੀਤਾ ਹੈ। ਸਾਡੀ ਦੁਆ ਹੈ ਕਿ ਉਨ੍ਹਾਂ ਦਾ ਪਿਆਰ ਸਾਨੂੰ ਯਿਸੂ ਦੀ ਧਿਆਨ ਨਾਲ ਰੀਸ ਕਰਨ, ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਣ ਅਤੇ ਇਨ੍ਹਾਂ ਨੂੰ ਦਿਲੋਂ ਮਾਫ਼ ਕਰਨ ਲਈ ਪ੍ਰੇਰਿਤ ਕਰੇ।

^ [1] (ਪੈਰਾ 18) ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।