Skip to content

Skip to table of contents

ਮੁੱਖ ਪੰਨੇ ਤੋਂ

ਯਿਸੂ ਦੁੱਖ ਝੱਲ ਕੇ ਕਿਉਂ ਮਰਿਆ?

ਯਿਸੂ ਦੁੱਖ ਝੱਲ ਕੇ ਕਿਉਂ ਮਰਿਆ?

“ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।”​—ਰੋਮੀਆਂ 5:12

ਤੁਸੀਂ ਕੀ ਕਹੋਗੇ ਜੇ ਤੁਹਾਨੂੰ ਪੁੱਛਿਆ ਜਾਵੇ, “ਕੀ ਤੁਸੀਂ ਹਮੇਸ਼ਾ ਲਈ ਜੀਉਣਾ ਚਾਹੁੰਦੇ ਹੋ?” ਬਹੁਤ ਸਾਰੇ ਲੋਕ ਸ਼ਾਇਦ ਹਾਂ ਵਿਚ ਜਵਾਬ ਦੇਣ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਹੋ ਨਹੀਂ ਸਕਦਾ। ਉਹ ਕਹਿੰਦੇ ਹਨ ਕਿ ਮੌਤ ਜ਼ਿੰਦਗੀ ਦਾ ਹਿੱਸਾ ਹੈ, ਜੋ ਇਕ ਵਾਰ ਆਇਆ ਉਸ ਨੇ ਤਾਂ ਜਾਣਾ ਹੀ ਹੈ।

ਮੰਨ ਲਓ ਇਸ ਸਵਾਲ ਨੂੰ ਇਸ ਤਰੀਕੇ ਨਾਲ ਪੁੱਛਿਆ ਜਾਵੇ, “ਕੀ ਤੁਸੀਂ ਮਰਨਾ ਚਾਹੁੰਦੇ ਹੋ?” ਆਮ ਕਰਕੇ ਬਹੁਤ ਸਾਰੇ ਲੋਕ ਇਸ ਦਾ ਜਵਾਬ ਨਾਂਹ ਵਿਚ ਦੇਣਗੇ। ਇਸ ਤੋਂ ਕੀ ਪਤਾ ਲੱਗਦਾ ਹੈ? ਮੁਸ਼ਕਲ ਹਾਲਾਤਾਂ ਦੇ ਬਾਵਜੂਦ ਵੀ ਅਸੀਂ ਜੀਉਣਾ ਚਾਹੁੰਦੇ ਹਾਂ। ਬਾਈਬਲ ਦੱਸਦੀ ਹੈ ਕਿ ਰੱਬ ਨੇ ਇਨਸਾਨਾਂ ਨੂੰ ਬਣਾਉਣ ਵੇਲੇ ਉਨ੍ਹਾਂ ਦੇ ਅੰਦਰ ਜੀਉਂਦੇ ਰਹਿਣ ਦੀ ਇੱਛਾ ਪਾਈ ਸੀ। ਅਸਲ ਵਿਚ ਬਾਈਬਲ ਕਹਿੰਦੀ ਹੈ: ‘ਉਸ ਨੇ ਸਦੀਪਕਾਲ ਨੂੰ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ।’​—ਉਪਦੇਸ਼ਕ ਦੀ ਪੋਥੀ 3:11.

ਪਰ ਸੱਚਾਈ ਤਾਂ ਇਹ ਹੈ ਕਿ ਇਨਸਾਨ ਹਮੇਸ਼ਾ ਲਈ ਜੀਉਂਦੇ ਨਹੀਂ ਰਹਿੰਦੇ। ਕੀ ਗ਼ਲਤ ਹੋ ਗਿਆ? ਇਸ ਤੋਂ ਇਲਾਵਾ, ਕੀ ਰੱਬ ਨੇ ਇਸ ਦਾ ਕੋਈ ਹੱਲ ਕੱਢਿਆ ਹੈ? ਬਾਈਬਲ ਵਿੱਚੋਂ ਤਸੱਲੀ ਦੇਣ ਵਾਲੇ ਜਵਾਬ ਮਿਲਦੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਕਿਉਂ ਦੁੱਖ ਝੱਲੇ ਪਏ ਅਤੇ ਕੁਰਬਾਨੀ ਦਿੱਤੀ।

ਕੀ ਗ਼ਲਤ ਹੋ ਗਿਆ?

ਬਾਈਬਲ ਵਿਚ ਉਤਪਤ ਦੀ ਕਿਤਾਬ ਦੇ ਪਹਿਲੇ ਤਿੰਨ ਅਧਿਆਵਾਂ ਵਿਚ ਦੱਸਿਆ ਗਿਆ ਹੈ ਕਿ ਰੱਬ ਨੇ ਪਹਿਲੇ ਇਨਸਾਨੀ ਜੋੜੇ ਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਦਿੱਤੀ ਸੀ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਲਈ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਸੀ। ਇਨ੍ਹਾਂ ਅਧਿਆਵਾਂ ਵਿਚ ਅੱਗੇ ਪਤਾ ਲੱਗਦਾ ਹੈ ਕਿ ਕਿੱਦਾਂ ਉਨ੍ਹਾਂ ਨੇ ਪਰਮੇਸ਼ੁਰ ਦੀ ਆਗਿਆ ਨਹੀਂ ਮੰਨੀ ਅਤੇ ਹਮੇਸ਼ਾ ਦੀ ਜ਼ਿੰਦਗੀ ਤੋਂ ਵਾਂਝੇ ਰਹਿ ਗਏ। ਇਸ ਕਹਾਣੀ ਨੂੰ ਇੰਨੇ ਆਸਾਨ ਤਰੀਕੇ ਨਾਲ ਦੱਸਿਆ ਗਿਆ ਹੈ ਕਿ ਕੁਝ ਲੋਕ ਇਸ ਨੂੰ ਮਨਘੜਤ ਕਹਾਣੀ ਸਮਝ ਲੈਂਦੇ ਹਨ। ਪਰ ਨਵੇਂ ਨੇਮ ਦੀਆਂ ਪਹਿਲੀਆਂ ਚਾਰ ਕਿਤਾਬਾਂ ਵਾਂਗ ਉਤਪਤ ਦੀ ਕਿਤਾਬ ਵੀ ਸਬੂਤ ਦਿੰਦੀ ਹੈ ਕਿ ਇਸ ਵਿਚ ਜੋ ਵੀ ਇਤਿਹਾਸ ਦੱਸਿਆ ਹੈ ਉਹ ਸੱਚ ਹੈ। *

ਆਦਮ ਦੀ ਅਣਆਗਿਆਕਾਰੀ ਦਾ ਕੀ ਨਤੀਜਾ ਨਿਕਲਿਆ? ਬਾਈਬਲ ਇਸ ਦਾ ਜਵਾਬ ਦਿੰਦੀ ਹੈ: “ਇਕ ਆਦਮੀ [ਆਦਮ] ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।” (ਰੋਮੀਆਂ 5:12) ਪਰਮੇਸ਼ੁਰ ਦਾ ਕਹਿਣਾ ਨਾ ਮੰਨ ਕੇ ਆਦਮ ਨੇ ਪਾਪ ਕੀਤਾ। ਇਸ ਕਰਕੇ ਉਸ ਨੇ ਹਮੇਸ਼ਾ ਦੀ ਜ਼ਿੰਦਗੀ ਦੀ ਆਸ ਗੁਆ ਦਿੱਤੀ ਅਤੇ ਅਖ਼ੀਰ ਵਿਚ ਉਹ ਮਰ ਗਿਆ। ਉਸ ਦੀ ਔਲਾਦ ਹੋਣ ਕਰਕੇ ਸਾਨੂੰ ਵਿਰਾਸਤ ਵਿਚ ਪਾਪ ਮਿਲਿਆ ਹੈ। ਨਤੀਜੇ ਵਜੋਂ ਅਸੀਂ ਸਾਰੇ ਬੀਮਾਰ ਹੁੰਦੇ ਹਾਂ, ਬੁੱਢੇ ਹੁੰਦੇ ਹਾਂ ਅਤੇ ਮਰ ਜਾਂਦੇ ਹਾਂ। ਇਹ ਗੱਲ ਵਿਗਿਆਨੀਆਂ ਦੀ ਇਸ ਗੱਲ ਨਾਲ ਮੇਲ ਖਾਂਦੀ ਹੈ ਕਿ ਬੱਚਿਆਂ ਵਿਚ ਜਨਮ ਤੋਂ ਹੀ ਕੁਝ ਖ਼ਾਸੀਅਤਾਂ ਹੁੰਦੀਆਂ ਹਨ ਜੋ ਉਨ੍ਹਾਂ ਵਿਚ ਮਾਪਿਆਂ ਤੋਂ ਆਉਂਦੀਆਂ ਹਨ। ਪਰ ਕੀ ਰੱਬ ਨੇ ਸਾਡੀ ਹਾਲਤ ਸੁਧਾਰਨ ਦਾ ਕੋਈ ਹੱਲ ਕੱਢਿਆ ਹੈ?

ਰੱਬ ਨੇ ਕੀ ਹੱਲ ਕੱਢਿਆ ਹੈ?

ਹਾਂ, ਰੱਬ ਨੇ ਉਹੀ ਚੀਜ਼ ਦੁਬਾਰਾ ਖ਼ਰੀਦਣ ਦਾ ਇੰਤਜ਼ਾਮ ਕੀਤਾ ਹੈ ਜੋ ਆਦਮ ਨੇ ਆਪਣੇ ਬੱਚਿਆ ਲਈ ਗੁਆ ਦਿੱਤੀ ਸੀ ਯਾਨੀ ਸਦਾ ਦੀ ਜ਼ਿੰਦਗੀ ਦੀ ਉਮੀਦ। ਰੱਬ ਨੇ ਇਹ ਕਿਸ ਤਰ੍ਹਾਂ ਕੀਤਾ?

ਬਾਈਬਲ ਵਿਚ ਰੋਮੀਆਂ 6:23 ਵਿਚ ਦੱਸਿਆ ਗਿਆ ਹੈ: “ਪਾਪ ਕਰਨ ਦੀ ਮਜ਼ਦੂਰੀ ਮੌਤ ਹੈ।” ਇਸ ਦਾ ਮਤਲਬ ਹੈ ਕਿ ਪਾਪ ਕਰਨ ਦਾ ਨਤੀਜਾ ਮੌਤ ਹੈ। ਆਦਮ ਨੇ ਪਾਪ ਕੀਤਾ, ਇਸ ਲਈ ਉਹ ਮਰ ਗਿਆ। ਉਸ ਵਾਂਗ ਅਸੀਂ ਵੀ ਪਾਪ ਕਰਦੇ ਹਾਂ ਜਿਸ ਕਰਕੇ ਸਾਨੂੰ ਪਾਪ ਦੀ ਮਜ਼ਦੂਰੀ ਵਜੋਂ ਮੌਤ ਮਿਲਦੀ ਹੈ। ਪਰ ਸਾਡਾ ਕਸੂਰ ਨਾ ਹੁੰਦੇ ਹੋਏ ਵੀ ਅਸੀਂ ਪਾਪੀ ਪੈਦਾ ਹੁੰਦੇ ਹਾਂ। ਇਸ ਲਈ ਰੱਬ ਨੇ ਸਾਡੇ ਨਾਲ ਪਿਆਰ ਕਰਕੇ ਆਪਣੇ ਪੁੱਤਰ ਯਿਸੂ ਨੂੰ ਧਰਤੀ ’ਤੇ ਸਾਡੇ ਵਾਸਤੇ ‘ਪਾਪ ਦੀ ਮਜ਼ਦੂਰੀ’ ਕਬੂਲ ਕਰਨ ਲਈ ਭੇਜਿਆ। ਇਸ ਦਾ ਕੀ ਫ਼ਾਇਦਾ ਹੋਇਆ?

ਯਿਸੂ ਦੀ ਮੌਤ ਕਾਰਨ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਖੁੱਲ੍ਹ ਗਿਆ ਜਿਸ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ

ਜਿਸ ਤਰ੍ਹਾਂ ਇਕ ਮੁਕੰਮਲ ਇਨਸਾਨ ਆਦਮ ਨੇ ਅਣਆਗਿਆਕਾਰੀ ਕਰ ਕੇ ਸਾਡੇ ਉੱਤੇ ਪਾਪ ਅਤੇ ਮੌਤ ਲਿਆਂਦੀ, ਉਸੇ ਤਰ੍ਹਾਂ ਇਕ ਮੁਕੰਮਲ ਇਨਸਾਨ ਦੀ ਲੋੜ ਸੀ ਜੋ ਮੌਤ ਤਕ ਵਫ਼ਾਦਾਰ ਰਹਿ ਕੇ ਸਾਨੂੰ ਇਸ ਜੰਜਾਲ ਤੋਂ ਛੁਡਾ ਸਕੇ। ਇਸ ਗੱਲ ਨੂੰ ਬਾਈਬਲ ਇਸ ਤਰ੍ਹਾਂ ਸਮਝਾਉਂਦੀ ਹੈ: “ਜਿਵੇਂ ਇਕ ਆਦਮੀ ਦੀ ਅਣਆਗਿਆਕਾਰੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਪਾਪੀ ਠਹਿਰਾਇਆ ਗਿਆ ਸੀ, ਉਸੇ ਤਰ੍ਹਾਂ ਇਕ ਹੋਰ ਆਦਮੀ ਦੀ ਆਗਿਆਕਾਰੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਧਰਮੀ ਠਹਿਰਾਇਆ ਜਾਵੇਗਾ।” (ਰੋਮੀਆਂ 5:19) ਉਹ “ਇਕ ਹੋਰ ਆਦਮੀ” ਯਿਸੂ ਸੀ। ਉਸ ਨੇ ਸਵਰਗ ਛੱਡਿਆ, ਮੁਕੰਮਲ ਇਨਸਾਨ * ਵਜੋਂ ਧਰਤੀ ’ਤੇ ਜਨਮ ਲਿਆ ਅਤੇ ਸਾਡੀ ਖ਼ਾਤਰ ਜਾਨ ਦਿੱਤੀ। ਨਤੀਜੇ ਵਜੋਂ ਅਸੀਂ ਪਰਮੇਸ਼ੁਰ ਦੇ ਅੱਗੇ ਧਰਮੀ ਠਹਿਰ ਸਕਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਹਾਂ।

ਯਿਸੂ ਦੁੱਖ ਝੱਲ ਕੇ ਕਿਉਂ ਮਰਿਆ?

ਇਸ ਤਰ੍ਹਾਂ ਕਰਨ ਦੇ ਲਈ ਯਿਸੂ ਦਾ ਮਰਨਾ ਕਿਉਂ ਜ਼ਰੂਰੀ ਸੀ? ਕੀ ਸਰਬਸ਼ਕਤੀਮਾਨ ਸਿਰਫ਼ ਇਹ ਐਲਾਨ ਨਹੀਂ ਸੀ ਕਰ ਸਕਦਾ ਕਿ ਆਦਮ ਦੀ ਔਲਾਦ ਹਮੇਸ਼ਾ ਲਈ ਜੀਉਂਦੀ ਰਹਿ ਸਕਦੀ ਹੈ? ਉਸ ਕੋਲ ਇਸ ਤਰ੍ਹਾਂ ਕਰਨ ਦਾ ਅਧਿਕਾਰ ਸੀ। ਪਰ ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਇਸ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੁੰਦਾ ਕਿ ਪਾਪ ਦੀ ਮਜ਼ਦੂਰੀ ਮੌਤ ਹੈ। ਇਹ ਕੋਈ ਮਾਮੂਲੀ ਕਾਨੂੰਨ ਨਹੀਂ ਸੀ ਜਿਸ ਨੂੰ ਜਦੋਂ ਮਨ ਕੀਤਾ ਰੱਦ ਕਰ ਦਿੱਤਾ ਜਾਵੇ ਜਾਂ ਬਦਲ ਦਿੱਤਾ ਜਾਵੇ। ਇਹ ਸੱਚੇ ਇਨਸਾਫ਼ ਦਾ ਮੁੱਖ ਸਿਧਾਂਤ ਹੈ।​—ਜ਼ਬੂਰਾਂ ਦੀ ਪੋਥੀ 37:28.

ਜੇ ਰੱਬ ਇਸ ਮਾਮਲੇ ਵਿਚ ਇਨਸਾਫ਼ ਨੂੰ ਇਕ ਪਾਸੇ ਰੱਖ ਦਿੰਦਾ, ਤਾਂ ਲੋਕੀ ਸ਼ਾਇਦ ਸੋਚਦੇ ਕਿ ਉਹ ਬਾਕੀ ਮਾਮਲਿਆਂ ਵਿਚ ਵੀ ਇਸੇ ਤਰ੍ਹਾਂ ਕਰੇਗਾ। ਮਿਸਾਲ ਲਈ, ਕੀ ਉਹ ਇਹ ਇਨਸਾਫ਼ ਕਰ ਰਿਹਾ ਹੁੰਦਾ ਕਿ ਆਦਮ ਦੀ ਔਲਾਦ ਵਿੱਚੋਂ ਕੌਣ-ਕੌਣ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੇ ਲਾਇਕ ਹੈ? ਕੀ ਉਸ ’ਤੇ ਭਰੋਸਾ ਕੀਤਾ ਜਾ ਸਕਦਾ ਸੀ ਕਿ ਉਹ ਆਪਣੇ ਵਾਅਦਿਆਂ ਦਾ ਪੱਕਾ ਹੈ? ਸਾਨੂੰ ਮੁਕਤੀ ਦਿਵਾਉਣ ਲਈ ਰੱਬ ਨੇ ਇਨਸਾਫ਼ ਦੇ ਕਾਨੂੰਨ ਦੀ ਪਾਲਣਾ ਕੀਤੀ ਜਿਸ ਤੋਂ ਸਾਨੂੰ ਪੱਕਾ ਵਿਸ਼ਵਾਸ ਹੁੰਦਾ ਹੈ ਕਿ ਉਹ ਹਮੇਸ਼ਾ ਉਹੀ ਕੰਮ ਕਰੇਗਾ ਜੋ ਸਹੀ ਹੈ।

ਯਿਸੂ ਦੀ ਕੁਰਬਾਨੀ ਦੇ ਕੇ ਰੱਬ ਨੇ ਬਾਗ਼ ਵਰਗੀ ਧਰਤੀ ਉੱਤੇ ਹਮੇਸ਼ਾ ਜੀਉਂਦੇ ਰਹਿਣ ਦਾ ਰਾਹ ਖੋਲ੍ਹਿਆ ਹੈ। ਯੂਹੰਨਾ 3:16 ਵਿਚ ਦਰਜ ਯਿਸੂ ਦੇ ਸ਼ਬਦਾਂ ਵੱਲ ਧਿਆਨ ਦਿਓ: “ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।” ਯਿਸੂ ਦੀ ਕੁਰਬਾਨੀ ਦੇ ਕੇ ਰੱਬ ਨੇ ਨਾ ਸਿਰਫ਼ ਇਨਸਾਫ਼ ਕੀਤਾ, ਸਗੋਂ ਇਨਸਾਨਾਂ ਲਈ ਆਪਣੇ ਗਹਿਰੇ ਪਿਆਰ ਦਾ ਇਜ਼ਹਾਰ ਵੀ ਕੀਤਾ।

ਪਰ ਜਿਸ ਤਰ੍ਹਾਂ ਨਵੇਂ ਨੇਮ ਦੀਆਂ ਚਾਰ ਕਿਤਾਬਾਂ ਵਿਚ ਦੱਸਿਆ ਹੈ ਯਿਸੂ ਨੂੰ ਦੁੱਖ ਤਕਲੀਫ਼ਾਂ ਸਹਿਣ ਅਤੇ ਦਰਦਨਾਕ ਮੌਤ ਮਰਨ ਦੀ ਲੋੜ ਕਿਉਂ ਸੀ? ਯਿਸੂ ਨੇ ਸਖ਼ਤ ਤੋਂ ਸਖ਼ਤ ਅਜ਼ਮਾਇਸ਼ ਦੌਰਾਨ ਵਫ਼ਾਦਾਰ ਰਹਿ ਕੇ ਸ਼ੈਤਾਨ ਦੇ ਇਸ ਦਾਅਵੇ ਦਾ ਮੂੰਹ-ਤੋੜ ਜਵਾਬ ਦਿੱਤਾ ਕਿ ਇਨਸਾਨ ਮੁਸ਼ਕਲਾਂ ਆਉਣ ਤੇ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਰਹਿ ਸਕਦੇ। (ਅੱਯੂਬ 2:4, 5) ਇਹ ਦਾਅਵਾ ਸ਼ਾਇਦ ਉਸ ਸਮੇਂ ਸਹੀ ਲੱਗਾ ਹੋਣਾ ਜਦੋਂ ਸ਼ੈਤਾਨ ਨੇ ਮੁਕੰਮਲ ਆਦਮ ਨੂੰ ਪਾਪ ਕਰਨ ਲਈ ਭਰਮਾ ਲਿਆ ਸੀ। ਪਰ ਯਿਸੂ, ਜੋ ਆਦਮ ਵਾਂਗ ਮੁਕੰਮਲ ਸੀ, ਨੇ ਸਖ਼ਤ ਅਜ਼ਮਾਇਸ਼ਾਂ ਦੌਰਾਨ ਵਫ਼ਾਦਾਰੀ ਬਣਾਈ ਰੱਖੀ। (1 ਕੁਰਿੰਥੀਆਂ 15:45) ਇਸ ਤਰ੍ਹਾਂ ਯਿਸੂ ਨੇ ਸਾਬਤ ਕੀਤਾ ਕਿ ਜੇ ਆਦਮ ਚਾਹੁੰਦਾ, ਤਾਂ ਉਹ ਵੀ ਪਰਮੇਸ਼ੁਰ ਦਾ ਵਫ਼ਾਦਾਰ ਰਹਿ ਸਕਦਾ ਸੀ। ਮੁਸ਼ਕਲਾਂ ਦੌਰਾਨ ਵਫ਼ਾਦਾਰ ਰਹਿ ਕੇ ਯਿਸੂ ਨੇ ਸਾਡੇ ਲਈ ਨਮੂਨਾ ਛੱਡਿਆ ਹੈ। (1 ਪਤਰਸ 2:21) ਪਰਮੇਸ਼ੁਰ ਨੇ ਯਿਸੂ ਨੂੰ ਸਵਰਗ ਵਿਚ ਅਮਰ ਜੀਵਨ ਦੇ ਕੇ ਉਸ ਦੀ ਵਫ਼ਾਦਾਰੀ ਦਾ ਇਨਾਮ ਦਿੱਤਾ।

ਤੁਹਾਨੂੰ ਕਿਵੇਂ ਫ਼ਾਇਦਾ ਹੋ ਸਕਦਾ?

ਯਿਸੂ ਸੱਚ-ਮੁੱਚ ਮਰਿਆ ਸੀ। ਇਸ ਤਰ੍ਹਾਂ ਸਾਡੇ ਲਈ ਸਦਾ ਦੀ ਜ਼ਿੰਦਗੀ ਦਾ ਰਾਹ ਖੁੱਲ੍ਹ ਗਿਆ। ਕੀ ਤੁਸੀਂ ਹਮੇਸ਼ਾ ਲਈ ਜੀਉਂਦੇ ਰਹਿਣਾ ਚਾਹੁੰਦੇ ਹੋ? ਯਿਸੂ ਨੇ ਦੱਸਿਆ ਸੀ ਕਿ ਸਾਨੂੰ ਕੀ ਕਰਨ ਦੀ ਲੋੜ ਹੈ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।”​—ਯੂਹੰਨਾ 17:3.

ਇਸ ਰਸਾਲੇ ਦੇ ਪ੍ਰਕਾਸ਼ਕ ਤੁਹਾਨੂੰ ਸੱਚੇ ਪਰਮੇਸ਼ੁਰ ਯਹੋਵਾਹ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਬਾਰੇ ਹੋਰ ਜਾਣਨ ਦਾ ਸੱਦਾ ਦਿੰਦੇ ਹਨ। ਤੁਹਾਡੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨੂੰ ਤੁਹਾਡੀ ਮਦਦ ਕਰ ਕੇ ਖ਼ੁਸ਼ੀ ਹੋਵੇਗੀ। ਤੁਸੀਂ ਸਾਡੀ ਵੈੱਬਸਾਈਟ www.pr418.com/pa ਤੋਂ ਵੀ ਜਾਣਕਾਰੀ ਲੈ ਸਕਦੇ ਹੋ। ▪ (w16-E No. 2)

^ ਪੈਰਾ 8 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਇਨਸਾਈਟ ਔਨ ਦ ਸਕ੍ਰਿਪਚਰਸ, ਖੰਡ 1, ਸਫ਼ੇ 922 ਉੱਤੇ ਸਿਰਲੇਖ “ਉਤਪਤ ਦੀ ਕਿਤਾਬ” ਦੇ ਹੇਠਾਂ “ਉਤਪਤ ਦੀ ਕਿਤਾਬ ਦੇ ਇਤਿਹਾਸਕ ਪਾਤਰ” ਦੇਖੋ। ਤੁਸੀਂ ਇਸ ਨੂੰ www.pr418.com ’ਤੇ PUBLICATIONS > ONLINE LIBRARY ਹੇਠਾਂ ਦੇਖ ਸਕਦੇ ਹੋ।

^ ਪੈਰਾ 13 ਰੱਬ ਨੇ ਸਵਰਗ ਤੋਂ ਆਪਣੇ ਪੁੱਤਰ ਦੀ ਜ਼ਿੰਦਗੀ ਮਰੀਅਮ ਦੀ ਕੁੱਖ ਵਿਚ ਪਾ ਦਿੱਤੀ ਜਿਸ ਨਾਲ ਉਹ ਗਰਭਵਤੀ ਹੋ ਗਈ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਮਰੀਅਮ ਦੀ ਨਾਮੁਕੰਮਲਤਾ ਤੋਂ ਯਿਸੂ ਨੂੰ ਬਚਾਈ ਰੱਖਿਆ।​—ਲੂਕਾ 1:31, 35.