Skip to content

Skip to table of contents

ਪਹਿਲਾਂ ਤੋਂ ਦਿੱਤੀ ਚੇਤਾਵਨੀ ਵੱਲ ਕੰਨ ਲਾਉਣ ਨਾਲ ਤੁਹਾਡੀ ਜਾਨ ਬਚ ਸਕਦੀ ਹੈ!

ਪਹਿਲਾਂ ਤੋਂ ਦਿੱਤੀ ਚੇਤਾਵਨੀ ਵੱਲ ਕੰਨ ਲਾਉਣ ਨਾਲ ਤੁਹਾਡੀ ਜਾਨ ਬਚ ਸਕਦੀ ਹੈ!

ਇੰਡੋਨੇਸ਼ੀਆਂ, ਸੁਮਾਤਰਾ ਦੇ ਉੱਤਰੀ-ਪੱਛਮੀ ਸਮੁੰਦਰੀ ਕਿਨਾਰੇ ’ਤੇ ਸਥਿਤ ਸੀਮਲੂਏ ਟਾਪੂ ਨੂੰ 26 ਦਸੰਬਰ 2004 ਨੂੰ 9.1 ਦੀ ਰਫ਼ਤਾਰ ਨਾਲ ਆਏ ਭੁਚਾਲ਼ ਨੇ ਹਿਲਾ ਕੇ ਰੱਖ ਦਿੱਤਾ। ਸਮੁੰਦਰੀ ਕਿਨਾਰੇ ’ਤੇ ਸਾਰੇ ਲੋਕਾਂ ਦੀਆਂ ਨਜ਼ਰਾਂ ਪਾਣੀ ’ਤੇ ਟਿਕੀਆਂ ਹੋਈਆਂ ਸਨ। ਸਮੁੰਦਰ ਦੇ ਪਾਣੀ ਦਾ ਪੱਧਰ ਆਮ ਨਾਲੋਂ ਜ਼ਿਆਦਾ ਘਟਦਾ ਜਾ ਰਿਹਾ ਸੀ। ਇਕਦਮ ਸਾਰੇ ਲੋਕਾਂ ਨੇ ਪਹਾੜਾਂ ਵੱਲ ਭੱਜਣਾ ਸ਼ੁਰੂ ਕਰ ਦਿੱਤਾ। ਉਹ ਉੱਚੀ-ਉੱਚੀ “ਸਮੌਂਗ! ਸਮੌਂਗ!” ਕਹਿ ਰਹੇ ਸਨ ਜੋ ਕਿ ਉਨ੍ਹਾਂ ਦੀ ਭਾਸ਼ਾ ਵਿਚ ਸੁਨਾਮੀ ਲਈ ਵਰਤਿਆ ਜਾਂਦਾ ਸ਼ਬਦ ਹੈ। 30 ਮਿੰਟਾਂ ਦੇ ਅੰਦਰ-ਅੰਦਰ ਆਈਆਂ ਜ਼ੋਰਦਾਰ ਲਹਿਰਾਂ ਨੇ ਸਮੁੰਦਰੀ ਕਿਨਾਰੇ ਨਾਲ ਟਕਰਾ ਕੇ ਬਹੁਤ ਸਾਰੇ ਘਰਾਂ ਅਤੇ ਪਿੰਡਾਂ ਨੂੰ ਤਹਿਸ-ਨਹਿਸ ਕਰ ਦਿੱਤਾ।

ਉਸ ਕਹਿਰ ਢਾਹੁਣ ਵਾਲੀ ਸੁਨਾਮੀ ਦਾ ਸਭ ਤੋਂ ਪਹਿਲਾ ਸ਼ਿਕਾਰ ਸੀਮਲੂਏ ਟਾਪੂ ਸੀ। ਫਿਰ ਵੀ, ਉੱਥੇ ਦੇ 78,000 ਨਿਵਾਸੀਆਂ ਵਿੱਚੋਂ ਸਿਰਫ਼ 7 ਜਣੇ ਹੀ ਮੌਤ ਦਾ ਸ਼ਿਕਾਰ ਹੋਏ। ਦੂਜੀਆਂ ਥਾਵਾਂ ਦੇ ਮੁਕਾਬਲੇ ਇੱਥੇ ਮਰਨ ਵਾਲਿਆਂ ਦੀ ਗਿਣਤੀ ਇੰਨੀ ਘੱਟ ਕਿਉਂ ਸੀ? * ਉਸ ਇਲਾਕੇ ਵਿਚ ਇਕ ਕਹਾਵਤ ਹੈ: ‘ਜੇ ਭੁਚਾਲ਼ ਦਾ ਜ਼ੋਰਦਾਰ ਝਟਕਾ ਲੱਗੇ ਅਤੇ ਸਮੁੰਦਰ ਦਾ ਪਾਣੀ ਪਿੱਛੇ ਹਟਣ ਲੱਗ ਜਾਵੇ, ਤਾਂ ਪਹਾੜਾਂ ਨੂੰ ਭੱਜੋ ਕਿਉਂਕਿ ਬਹੁਤ ਜਲਦ ਪਾਣੀ ਕੰਢੇ ਨਾਲ ਟਕਰਾਵੇਗਾ।’ ਆਪਣੇ ਪੁਰਾਣੇ ਤਜਰਬੇ ਕਰਕੇ ਸੀਮਲੂਏ ਟਾਪੂ ਦੇ ਲੋਕਾਂ ਨੇ ਸਮੁੰਦਰ ਵਿਚ ਆਈ ਤਬਦੀਲੀ ਤੋਂ ਸਿੱਖਿਆ ਹੈ ਕਿ ਸੁਨਾਮੀ ਆਉਣ ਵਾਲੀ ਹੈ। ਪਹਿਲਾਂ ਤੋਂ ਦਿੱਤੀ ਚੇਤਾਵਨੀ ਵੱਲ ਕੰਨ ਲਾ ਕੇ ਉਨ੍ਹਾਂ ਦੀਆਂ ਜਾਨਾਂ ਬਚ ਗਈਆਂ।

ਬਾਈਬਲ ਆਉਣ ਵਾਲੀ ਇਕ ਤਬਾਹੀ ਬਾਰੇ ਦੱਸਦੀ ਹੈ ਜਿਸ ਨੂੰ “ਮਹਾਂਕਸ਼ਟ” ਕਿਹਾ ਗਿਆ ਹੈ। “ਅਜਿਹਾ ਕਸ਼ਟ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਨਾ ਕਦੇ ਆਇਆ ਹੈ ਤੇ ਨਾ ਦੁਬਾਰਾ ਕਦੇ ਆਵੇਗਾ।” (ਮੱਤੀ 24:21) ਪਰ ਧਰਤੀ ਦਾ ਨਾਸ਼ ਲਾਪਰਵਾਹ ਇਨਸਾਨਾਂ ਦੇ ਕੰਮਾਂ ਜਾਂ ਕਿਸੇ ਕੁਦਰਤੀ ਆਫ਼ਤ ਆਉਣ ਕਰਕੇ ਨਹੀਂ ਹੋਵੇਗਾ ਕਿਉਂਕਿ ਪਰਮੇਸ਼ੁਰ ਦਾ ਮਕਸਦ ਹੈ ਕਿ ਧਰਤੀ ਹਮੇਸ਼ਾ ਲਈ ਰਹੇਗੀ। (ਉਪਦੇਸ਼ਕ ਦੀ ਪੋਥੀ 1:4) ਇਹ ਮਹਾਂਕਸ਼ਟ ਰੱਬ ਲਿਆਵੇਗਾ ਜਿਸ ਵਿਚ ‘ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਖ਼ਤਮ ਕੀਤਾ ਜਾਵੇਗਾ।’ ਇਸ ਰਾਹੀਂ ਸਾਰੀ ਬੁਰਾਈ ਅਤੇ ਦੁੱਖਾਂ-ਤਕਲੀਫ਼ਾਂ ਦਾ ਖ਼ਾਤਮਾ ਕੀਤਾ ਜਾਵੇਗਾ। (ਪ੍ਰਕਾਸ਼ ਦੀ ਕਿਤਾਬ 11:18; ਕਹਾਉਤਾਂ 2:22) ਇਹ ਕਿੰਨੀ ਸ਼ਾਨਦਾਰ ਬਰਕਤ ਹੋਵੇਗੀ!

ਇਸ ਤੋਂ ਇਲਾਵਾ ਸੁਨਾਮੀਆਂ, ਭੁਚਾਲ਼ਾਂ ਜਾਂ ਜਵਾਲਾਮੁਖੀਆਂ ਦੇ ਉਲਟ, ਆਉਣ ਵਾਲੇ ਮਹਾਂਕਸ਼ਟ ਵਿਚ ਬੇਕਸੂਰ ਲੋਕ ਨਹੀਂ ਮਾਰੇ ਜਾਣਗੇ। ਬਾਈਬਲ ਦੱਸਦੀ ਹੈ ਕਿ “ਪਰਮੇਸ਼ੁਰ ਪਿਆਰ ਹੈ” ਅਤੇ ਰੱਬ, ਜਿਸ ਦਾ ਨਾਂ ਯਹੋਵਾਹ ਹੈ, ਵਾਅਦਾ ਕਰਦਾ ਹੈ ਕਿ “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (1 ਯੂਹੰਨਾ 4:8; ਜ਼ਬੂਰਾਂ ਦੀ ਪੋਥੀ 37:29) ਪਰ ਤੁਸੀਂ ਇਸ ਮਹਾਂਕਸ਼ਟ ਤੋਂ ਕਿਵੇਂ ਬਚ ਸਕਦੇ ਹੋ ਅਤੇ ਵਾਅਦਾ ਕੀਤੀਆਂ ਹੋਈਆਂ ਬਰਕਤਾਂ ਦਾ ਮਜ਼ਾ ਲੈ ਸਕਦੇ ਹੋ? ਇਸ ਦੇ ਲਈ ਜ਼ਰੂਰੀ ਹੈ: ਅਸੀਂ ਪਹਿਲਾਂ ਤੋਂ ਦਿੱਤੀ ਹੋਈ ਚੇਤਾਵਨੀ ਵੱਲ ਕੰਨ ਲਾਈਏ!

ਹੋ ਰਹੀਆਂ ਤਬਦੀਲੀਆਂ ਦੇਖ ਕੇ ਚੌਕਸ ਹੋ ਜਾਓ

ਅਸੀਂ ਸਾਰੀ ਬੁਰਾਈ ਅਤੇ ਦੁੱਖਾਂ-ਤਕਲੀਫ਼ਾਂ ਨੂੰ ਖ਼ਤਮ ਕਰਨ ਦੀ ਤਾਰੀਖ਼ ਤਹਿ ਨਹੀਂ ਕਰ ਸਕਦੇ ਕਿਉਂਕਿ ਯਿਸੂ ਨੇ ਕਿਹਾ ਸੀ: “ਉਸ ਦਿਨ ਜਾਂ ਉਸ ਵੇਲੇ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗੀ ਦੂਤ, ਨਾ ਪੁੱਤਰ, ਪਰ ਸਿਰਫ਼ ਪਿਤਾ ਜਾਣਦਾ ਹੈ।” ਪਰ ਯਿਸੂ ਨੇ ਸਾਨੂੰ ਉਤਸ਼ਾਹਿਤ ਕੀਤਾ ਕਿ “ਖ਼ਬਰਦਾਰ ਰਹੋ।” (ਮੱਤੀ 24:36; 25:13) ਕਿਸ ਚੀਜ਼ ਲਈ? ਬਾਈਬਲ ਸਾਨੂੰ ਦੱਸਦੀ ਹੈ ਕਿ ਰੱਬ ਵੱਲੋਂ ਦੁਨੀਆਂ ਦਾ ਅੰਤ ਲਿਆਉਣ ਤੋਂ ਪਹਿਲਾਂ ਦੁਨੀਆਂ ਦੇ ਹਾਲਾਤ ਕਿਹੋ ਜਿਹੇ ਹੋਣਗੇ। ਜਿਸ ਤਰ੍ਹਾਂ ਸੀਮਲੂਏ ਟਾਪੂ ਦੇ ਵਾਸੀ ਸਮੁੰਦਰ ਵਿਚ ਅਚਾਨਕ ਆਈ ਤਬਦੀਲੀ ਦੇਖ ਕੇ ਚੌਕਸ ਹੋ ਗਏ ਸਨ, ਉਸੇ ਤਰ੍ਹਾਂ ਦੁਨੀਆਂ ਵਿਚ ਅਚਾਨਕ ਹੋ ਰਹੀਆਂ ਘਟਨਾਵਾਂ ਦੇਖ ਕੇ ਸਾਨੂੰ ਚੌਕਸ ਹੋ ਜਾਣਾ ਚਾਹੀਦਾ ਹੈ ਕਿ ਅੰਤ ਨੇੜੇ ਹੈ। ਇਸ ਲੇਖ ਨਾਲ ਦਿੱਤੀ ਡੱਬੀ ਵਿਚ ਬਾਈਬਲ ਕੁਝ ਵੱਡੀਆਂ-ਵੱਡੀਆਂ ਘਟਨਾਵਾਂ ਦਾ ਜ਼ਿਕਰ ਕਰਦੀ ਹੈ।

ਇਹ ਗੱਲ ਸੱਚ ਹੈ ਕਿ ਜੇ ਅਸੀਂ ਡੱਬੀ ਵਿਚ ਦੱਸੇ ਕੁਝ ਹਾਲਾਤਾਂ ਜਾਂ ਘਟਨਾਵਾਂ ਨੂੰ ਇਕ-ਇਕ ਕਰ ਕੇ ਦੇਖੀਏ, ਤਾਂ ਇਹ ਪਹਿਲਾਂ ਵੀ ਕੁਝ ਹੱਦ ਤਕ ਹੋਈਆਂ ਸਨ। ਪਰ ਯਿਸੂ ਨੇ ਕਿਹਾ ਕਿ “ਇਹ ਸਭ ਕੁਝ” ਹੁੰਦਾ ਦੇਖ ਕੇ ਤੁਸੀਂ ਜਾਣ ਜਾਓਗੇ ਕਿ ਅੰਤ ਬਹੁਤ ਨੇੜੇ ਹੈ। (ਮੱਤੀ 24:33) ਆਪਣੇ ਆਪ ਤੋਂ ਪੁੱਛੋ, ‘ਇਹ ਦੱਸੀਆਂ ਗਈਆਂ ਸਾਰੀਆਂ ਗੱਲਾਂ ਇਤਿਹਾਸ ਵਿਚ ਕਦੋਂ (1) ਪੂਰੀ ਦੁਨੀਆਂ ਵਿਚ ਹੋਈਆਂ, (2) ਇੱਕੋ ਸਮੇਂ ’ਤੇ ਹੋਈਆਂ ਅਤੇ (3) ਬਦ ਤੋਂ ਬਦਤਰ ਹੋ ਗਈਆਂ?’ ਇਸ ਤੋਂ ਸਾਫ਼ ਹੈ ਕਿ ਅਸੀਂ ਇਹੋ ਜਿਹੇ ਸਮੇਂ ਵਿਚ ਰਹਿੰਦੇ ਹਾਂ।

ਪਰਮੇਸ਼ੁਰ ਦੇ ਪਿਆਰ ਦਾ ਸਬੂਤ

ਅਮਰੀਕਾ ਦੇ ਇਕ ਸਾਬਕਾ ਰਾਸ਼ਟਰਪਤੀ ਨੇ ਕਿਹਾ: “ਪਹਿਲਾਂ ਤੋਂ ਚੇਤਾਵਨੀ ਦੇਣ ਵਾਲੇ ਯੰਤਰਾਂ . . . ਨਾਲ ਜ਼ਿੰਦਗੀਆਂ ਬਚਦੀਆਂ ਹਨ।” 2004 ਵਿਚ ਆਈ ਸੁਨਾਮੀ ਤੋਂ ਬਾਅਦ ਪ੍ਰਭਾਵਿਤ ਇਲਾਕੇ ਵਿਚ ਚੇਤਾਵਨੀ ਦੇਣ ਵਾਲੇ ਕੁਝ ਯੰਤਰ ਲਗਾਏ ਗਏ ਤਾਂਕਿ ਭਵਿੱਖ ਵਿਚ ਪਹਿਲਾਂ ਜਿੰਨੀਆਂ ਜਾਨਾਂ ਨਾ ਜਾਣ। ਇਸੇ ਤਰ੍ਹਾਂ ਰੱਬ ਨੇ ਵੀ ਅੰਤ ਆਉਣ ਤੋਂ ਪਹਿਲਾਂ ਚੇਤਾਵਨੀ ਦੇਣ ਦਾ ਇੰਤਜ਼ਾਮ ਕੀਤਾ ਹੈ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਹੈ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।”​—ਮੱਤੀ 24:14.

ਪਿਛਲੇ ਸਾਲ ਹੀ ਯਹੋਵਾਹ ਦੇ ਗਵਾਹਾਂ ਨੇ 240 ਦੇਸ਼ਾਂ ਵਿਚ 700 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ 190 ਕਰੋੜ ਘੰਟੇ ਬਿਤਾਏ ਸਨ। ਅੱਜ ਇਹ ਵਾਧਾ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਅੰਤ ਨੇੜੇ ਹੈ। ਗੁਆਂਢੀ ਲਈ ਪਿਆਰ ਹੋਣ ਕਰਕੇ ਯਹੋਵਾਹ ਦੇ ਗਵਾਹ ਤੇਜ਼ੀ ਨਾਲ ਆ ਰਹੇ ਉਸ ਦੇ ਨਿਆਂ ਦੇ ਦਿਨ ਬਾਰੇ ਚੇਤਾਵਨੀ ਦੇਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ। (ਮੱਤੀ 22:39) ਅਸਲ ਵਿਚ ਇਹ ਯਹੋਵਾਹ ਦੇ ਪਿਆਰ ਦਾ ਸਬੂਤ ਹੈ ਕਿ ਤੁਸੀਂ ਇਸ ਜਾਣਕਾਰੀ ਤੋਂ ਫ਼ਾਇਦਾ ਲੈ ਸਕਦੇ ਹੋ। ਯਾਦ ਰੱਖੋ ਕਿ “[ਪਰਮੇਸ਼ੁਰ] ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।” (2 ਪਤਰਸ 3:9) ਕੀ ਤੁਸੀਂ ਯਹੋਵਾਹ ਦੇ ਪਿਆਰ ਲਈ ਸ਼ੁਕਰਗੁਜ਼ਾਰੀ ਦਿਖਾਓਗੇ ਅਤੇ ਪਹਿਲਾਂ ਤੋਂ ਦਿੱਤੀ ਜਾ ਰਹੀ ਚੇਤਾਵਨੀ ਵੱਲ ਧਿਆਨ ਦਿਓਗੇ?

ਸੁਰੱਖਿਆ ਲਈ ਭੱਜੋ!

ਯਾਦ ਕਰੋ ਕਿ ਸੀਮਲੂਏ ਦੇ ਲਾਗੇ ਦੇ ਪਿੰਡਾਂ ਦੇ ਨਿਵਾਸੀ ਬਚਾਅ ਲਈ ਉਦੋਂ ਹੀ ਉੱਚੀ ਜਗ੍ਹਾ ’ਤੇ ਭੱਜ ਗਏ ਜਦੋਂ ਉਨ੍ਹਾਂ ਨੇ ਲਹਿਰਾਂ ਨੂੰ ਪਿੱਛੇ ਮੁੜਦੇ ਦੇਖਿਆ ਸੀ। ਉਨ੍ਹਾਂ ਨੇ ਲਹਿਰਾਂ ਦੇ ਵਾਪਸ ਮੁੜਨ ਦਾ ਇੰਤਜ਼ਾਰ ਨਹੀਂ ਕੀਤਾ। ਠੋਸ ਕਦਮ ਚੁੱਕਣ ਨਾਲ ਉਨ੍ਹਾਂ ਦੀਆਂ ਜਾਨਾਂ ਬਚ ਗਈਆਂ। ਤੁਹਾਨੂੰ ਵੀ ਦੇਰ ਹੋਣ ਤੋਂ ਪਹਿਲਾਂ-ਪਹਿਲਾਂ ਆਉਣ ਵਾਲੇ ਮਹਾਂਕਸ਼ਟ ਤੋਂ ਬਚਣ ਲਈ ਕਦਮ ਚੁੱਕਣ ਦੀ ਲੋੜ ਹੈ। ਪਰ ਉਹ ਕਿੱਦਾਂ? ਯਸਾਯਾਹ ਨਬੀ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਇਕ ਨਿੱਘੇ ਸੱਦੇ ਬਾਰੇ ਲਿਖਿਆ ਸੀ ਜੋ ਅੱਜ “ਆਖਰੀ ਦਿਨਾਂ ਦੇ ਵਿੱਚ” ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਇਹ ਸੱਦਾ ਹੈ: “ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ . . . ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ।”​—ਯਸਾਯਾਹ 2:2, 3.

ਪਹਾੜ ਦੀ ਚੋਟੀ ’ਤੇ ਜਾ ਕੇ ਨਾ ਸਿਰਫ਼ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ, ਸਗੋਂ ਤੁਹਾਨੂੰ ਸੁਰੱਖਿਆ ਵੀ ਮਿਲਦੀ ਹੈ। ਇਸੇ ਤਰ੍ਹਾਂ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਰਾਹਾਂ ਬਾਰੇ ਜਾਣ ਕੇ ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਆਪਣੀਆਂ ਜ਼ਿੰਦਗੀਆਂ ਵਿਚ ਚੰਗੀਆਂ ਤਬਦੀਲੀਆਂ ਕਰ ਰਹੇ ਹਨ। (2 ਤਿਮੋਥਿਉਸ 3:16, 17) ਇਸ ਤਰ੍ਹਾਂ ਕਰਕੇ ਉਹ “[ਰੱਬ] ਦੇ ਮਾਰਗਾਂ” ’ਤੇ ਚੱਲਣਾ ਸ਼ੁਰੂ ਕਰਦੇ ਹਨ ਅਤੇ ਉਨ੍ਹਾਂ ਉੱਤੇ ਰੱਬ ਦੀ ਮਿਹਰ ਹੁੰਦੀ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਮਿਲਦੀ ਹੈ।

ਕੀ ਤੁਸੀਂ ਇਹ ਸੱਦਾ ਸਵੀਕਾਰ ਕਰੋਗੇ ਅਤੇ ਇਨ੍ਹਾਂ ਮੁਸ਼ਕਲਾਂ ਭਰੇ ਸਮਿਆਂ ਵਿਚ ਰੱਬ ਤੋਂ ਸੁਰੱਖਿਆ ਪਾਓਗੇ? ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਇਸ ਲੇਖ ਨਾਲ ਦਿੱਤੀ ਡੱਬੀ ਵਿਚ “ਆਖ਼ਰੀ ਦਿਨਾਂ” ਬਾਰੇ ਬਾਈਬਲ ਵਿੱਚੋਂ ਦਿੱਤੇ ਸਬੂਤਾਂ ਦੀ ਧਿਆਨ ਨਾਲ ਜਾਂਚ ਕਰੋ। ਜੇ ਤੁਹਾਨੂੰ ਬਾਈਬਲ ਦੇ ਅਸੂਲਾਂ ਨੂੰ ਸਮਝਣ ਅਤੇ ਲਾਗੂ ਕਰਨ ਵਿਚ ਮਦਦ ਦੀ ਲੋੜ ਹੈ, ਤਾਂ ਤੁਹਾਡੇ ਇਲਾਕੇ ਦੇ ਯਹੋਵਾਹ ਦੇ ਗਵਾਹ ਖ਼ੁਸ਼ੀ-ਖ਼ੁਸ਼ੀ ਤੁਹਾਡੀ ਮਦਦ ਕਰਨਗੇ। ਜਾਂ ਤੁਸੀਂ ਸਾਡੀ ਵੈੱਬਸਾਈਟ www.pr418.com/pa ’ਤੇ ਆਪਣੇ ਸਵਾਲਾਂ ਦੇ ਜਵਾਬ ਜਾਣ ਸਕਦੇ ਹੋ। ▪ (w16-E No. 2)

^ ਪੈਰਾ 3 2004 ਵਿਚ ਆਈ ਇਸ ਸੁਨਾਮੀ ਨੇ 2,20,000 ਲੋਕਾਂ ਦੀਆਂ ਜਾਨਾਂ ਲਈਆਂ ਸਨ। ਇਹ ਇਤਿਹਾਸ ਵਿਚ ਆਈਆਂ ਸਭ ਤੋਂ ਜ਼ਿਆਦਾ ਤਬਾਹੀ ਮਚਾਉਣ ਵਾਲੀਆਂ ਸੁਨਾਮੀਆਂ ਵਿੱਚੋਂ ਇਕ ਸੀ।