Skip to content

Skip to table of contents

ਨੌਜਵਾਨੋ​—⁠ਕੀ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ?

ਨੌਜਵਾਨੋ​—⁠ਕੀ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ?

“ਜੇ ਤੁਸੀਂ ਬੁਰਜ ਬਣਾਉਣ ਲੱਗੇ ਹੋ, ਤਾਂ ਕੀ ਤੁਸੀਂ ਪਹਿਲਾਂ ਬੈਠ ਕੇ ਪੂਰਾ ਹਿਸਾਬ ਨਹੀਂ ਲਾਓਗੇ ਕਿ ਤੁਹਾਡੇ ਕੋਲ ਬੁਰਜ ਬਣਾਉਣ ਲਈ ਪੈਸਾ ਹੈ ਜਾਂ ਨਹੀਂ?”​—ਲੂਕਾ 14:28.

ਗੀਤ: 6, 34

ਇਹ ਅਤੇ ਅਗਲਾ ਲੇਖ ਉਨ੍ਹਾਂ ਨੌਜਵਾਨਾਂ ਲਈ ਤਿਆਰ ਕੀਤਾ ਗਿਆ ਹੈ ਜੋ ਬਪਤਿਸਮਾ ਲੈਣ ਬਾਰੇ ਸੋਚ ਰਹੇ ਹਨ

1, 2. (ੳ) ਅੱਜ ਪਰਮੇਸ਼ੁਰ ਦੇ ਲੋਕਾਂ ਨੂੰ ਕਿਸ ਗੱਲੋਂ ਖ਼ੁਸ਼ੀ ਮਿਲਦੀ ਹੈ? (ਅ) ਮਸੀਹੀ ਮਾਪੇ ਅਤੇ ਮੰਡਲੀ ਦੇ ਬਜ਼ੁਰਗ ਬਪਤਿਸਮਾ ਲੈਣ ਦਾ ਮਤਲਬ ਸਮਝਣ ਵਿਚ ਨੌਜਵਾਨਾਂ ਦੀ ਕਿਵੇਂ ਮਦਦ ਕਰ ਸਕਦੇ ਹਨ?

ਮੰਡਲੀ ਦੇ ਇਕ ਬਜ਼ੁਰਗ ਨੇ 12 ਸਾਲ ਦੇ ਕ੍ਰਿਸਟਫਰ ਨੂੰ ਕਿਹਾ: “ਮੈਂ ਤੈਨੂੰ ਤੇਰੇ ਜਨਮ ਤੋਂ ਹੀ ਜਾਣਦਾ ਹਾਂ। ਮੈਂ ਬਹੁਤ ਖ਼ੁਸ਼ ਹਾਂ ਕਿ ਤੂੰ ਹੁਣ ਬਪਤਿਸਮਾ ਲੈਣ ਦਾ ਫ਼ੈਸਲਾ ਕੀਤਾ ਹੈ। ਪਰ ਮੈਂ ਜਾਣਨਾ ਚਾਹੁੰਦਾ ਹਾਂ ਕਿ ‘ਤੂੰ ਬਪਤਿਸਮਾ ਕਿਉਂ ਲੈਣਾ ਚਾਹੁੰਦਾ ਹੈਂ?’” ਉਸ ਬਜ਼ੁਰਗ ਨੇ ਜੋ ਸਵਾਲ ਪੁੱਛਿਆ, ਉਸ ਪਿੱਛੇ ਜਾਇਜ਼ ਕਾਰਨ ਸਨ। ਸਾਨੂੰ ਹਰ ਸਾਲ ਹਜ਼ਾਰਾਂ ਹੀ ਨੌਜਵਾਨਾਂ ਨੂੰ ਬਪਤਿਸਮਾ ਲੈਂਦਿਆਂ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ। (ਉਪ. 12:1) ਪਰ ਮਾਪੇ ਅਤੇ ਮੰਡਲੀ ਦੇ ਬਜ਼ੁਰਗ ਜਾਣਨਾ ਚਾਹੁੰਦੇ ਹਨ ਕਿ ਨੌਜਵਾਨਾਂ ਨੇ ਬਪਤਿਸਮਾ ਲੈਣ ਦਾ ਫ਼ੈਸਲਾ ਖ਼ੁਦ ਕੀਤਾ ਹੈ। ਨਾਲੇ ਨੌਜਵਾਨ ਇਸ ਗੱਲ ਨੂੰ ਸਮਝਦੇ ਹਨ ਕਿ ਬਪਤਿਸਮਾ ਲੈਣ ਦਾ ਕੀ ਮਤਲਬ ਹੈ।

2 ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਨਾਲ ਇਕ ਮਸੀਹੀ ਦੀ ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਹੁੰਦੀ ਹੈ। ਇਸ ਨਵੀਂ ਜ਼ਿੰਦਗੀ ਕਰਕੇ ਯਹੋਵਾਹ ਵੱਲੋਂ ਬਰਕਤਾਂ ਮਿਲਦੀਆਂ ਹਨ, ਪਰ ਸ਼ੈਤਾਨ ਵੱਲੋਂ ਵਿਰੋਧ ਹੁੰਦਾ ਹੈ। (ਕਹਾ. 10:22; 1 ਪਤ. 5:8) ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਮਸੀਹੀ ਮਾਪੇ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਇਹ ਸਿਖਾਉਣ ਕਿ ਮਸੀਹ ਦਾ ਚੇਲਾ ਬਣਨ ਵਿਚ ਕੀ ਕੁਝ ਸ਼ਾਮਲ ਹੈ। ਜੇ ਕਿਸੇ ਨੌਜਵਾਨ ਭੈਣ ਜਾਂ ਭਰਾ ਦੇ ਮਾਪੇ ਸੱਚਾਈ ਵਿਚ ਨਹੀਂ ਹਨ, ਤਾਂ ਮੰਡਲੀ ਦੇ ਬਜ਼ੁਰਗ ਉਸ ਨੂੰ ਪਿਆਰ ਨਾਲ ਸਮਝਾ ਸਕਦੇ ਹਨ ਕਿ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਦਾ ਕੀ ਮਤਲਬ ਹੈ। (ਲੂਕਾ 14:27-30 ਪੜ੍ਹੋ।) ਜਿਵੇਂ ਇਕ ਇਮਾਰਤ ਬਣਾਉਣ ਲਈ ਤਿਆਰੀ ਕਰਨੀ ਜ਼ਰੂਰੀ ਹੁੰਦੀ ਹੈ, ਉਸੇ ਤਰ੍ਹਾਂ ਨੌਜਵਾਨਾਂ ਨੂੰ ਬਪਤਿਸਮਾ ਲੈਣ ਤੋਂ ਪਹਿਲਾਂ ਤਿਆਰੀ ਕਰਨ ਦੀ ਲੋੜ ਹੁੰਦੀ ਹੈ ਤਾਂਕਿ ਉਹ “ਅੰਤ ਤਕ” ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਰਹਿ ਸਕਣ। (ਮੱਤੀ 24:13) ਕਿਨ੍ਹਾਂ ਗੱਲਾਂ ਤੋਂ ਨੌਜਵਾਨਾਂ ਨੂੰ ਮਦਦ ਮਿਲੇਗੀ ਕਿ ਉਹ ਯਹੋਵਾਹ ਦੀ ਸੇਵਾ ਹਮੇਸ਼ਾ ਕਰਦੇ ਰਹਿ ਸਕਣ? ਆਓ ਆਪਾਂ ਦੇਖੀਏ।

3. (ੳ) ਅਸੀਂ ਬਪਤਿਸਮੇ ਦੀ ਅਹਿਮੀਅਤ ਬਾਰੇ ਯਿਸੂ ਅਤੇ ਪਤਰਸ ਦੇ ਸ਼ਬਦਾਂ ਤੋਂ ਕੀ ਸਿੱਖਦੇ ਹਾਂ? (ਮੱਤੀ 28:19, 20; 1 ਪਤ. 3:21) (ਅ) ਅਸੀਂ ਕਿਹੜੇ ਸਵਾਲਾਂ ’ਤੇ ਚਰਚਾ ਕਰਾਂਗੇ ਅਤੇ ਕਿਉਂ?

3 ਕੀ ਤੁਸੀਂ ਨੌਜਵਾਨ ਹੋ ਜੋ ਬਪਤਿਸਮਾ ਲੈਣ ਬਾਰੇ ਸੋਚ ਰਹੇ ਹੋ? ਜੇ ਹਾਂ, ਤਾਂ ਇਹ ਬਹੁਤ ਹੀ ਵਧੀਆ ਗੱਲ ਹੈ। ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈਣਾ ਬਹੁਤ ਹੀ ਮਾਣ ਦੀ ਗੱਲ ਹੈ। ਇਸ ਤੋਂ ਇਲਾਵਾ, ਜੋ ਲੋਕ ਮਸੀਹੀ ਬਣਨਾ ਚਾਹੁੰਦੇ ਹਨ, ਯਹੋਵਾਹ ਉਨ੍ਹਾਂ ਤੋਂ ਬਪਤਿਸਮਾ ਲੈਣ ਦੀ ਮੰਗ ਕਰਦਾ ਹੈ। ਨਾਲੇ ਮਹਾਂਕਸ਼ਟ ਵਿੱਚੋਂ ਬਚ ਨਿਕਲਣ ਲਈ ਇਹ ਇਕ ਜ਼ਰੂਰੀ ਕਦਮ ਹੈ। (ਮੱਤੀ 28:19, 20; 1 ਪਤ. 3:21) ਜਦੋਂ ਤੁਸੀਂ ਬਪਤਿਸਮਾ ਲੈਂਦੇ ਹੋ, ਤਾਂ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਹਮੇਸ਼ਾ ਲਈ ਯਹੋਵਾਹ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਹੈ। ਜੇ ਤੁਸੀਂ ਇਸ ਵਾਅਦੇ ਨੂੰ ਨਿਭਾਉਣਾ ਚਾਹੁੰਦੇ ਹੋ, ਤਾਂ ਇਹ ਸਵਾਲ ਤੁਹਾਡੀ ਇਹ ਦੇਖਣ ਵਿਚ ਮਦਦ ਕਰਨਗੇ ਕਿ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ ਜਾਂ ਨਹੀਂ: (1) ਕੀ ਮੈਂ ਸਮਝਦਾਰੀ ਨਾਲ ਇਹ ਫ਼ੈਸਲਾ ਲੈਣ ਲਈ ਤਿਆਰ ਹਾਂ? (2) ਕੀ ਮੈਂ ਦਿਲੋਂ ਇਹ ਫ਼ੈਸਲਾ ਕੀਤਾ ਹੈ? (3) ਕੀ ਮੈਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਮਤਲਬ ਸਮਝਦਾ ਹਾਂ? ਆਓ ਆਪਾਂ ਇਨ੍ਹਾਂ ਸਵਾਲਾਂ ’ਤੇ ਚਰਚਾ ਕਰੀਏ।

ਸਮਝਦਾਰ ਹੋਣ ਦੇ ਸਬੂਤ

4, 5. (ੳ) ਬਪਤਿਸਮਾ ਸਿਰਫ਼ ਵੱਡੀ ਉਮਰ ਦੇ ਲੋਕਾਂ ਲਈ ਕਿਉਂ ਨਹੀਂ ਹੈ? (ਅ) ਸਮਝਦਾਰ ਮਸੀਹੀ ਹੋਣ ਦਾ ਕੀ ਮਤਲਬ ਹੈ?

4 ਬਾਈਬਲ ਇਹ ਨਹੀਂ ਕਹਿੰਦੀ ਕਿ ਸਿਰਫ਼ ਵੱਡੀ ਉਮਰ ਦੇ ਲੋਕ ਬਪਤਿਸਮਾ ਲੈ ਸਕਦੇ ਹਨ ਜਾਂ ਕਿਸੇ ਖ਼ਾਸ ਉਮਰ ਵਿਚ ਬਪਤਿਸਮਾ ਲੈਣਾ ਚਾਹੀਦਾ ਹੈ। ਅਸੀਂ ਕਹਾਉਤਾਂ 20:11 ਵਿਚ ਪੜ੍ਹਦੇ ਹਾਂ: “ਬੱਚਾ ਵੀ ਆਪਣੇ ਕਰਤੱਬਾਂ ਤੋਂ ਸਿਆਣੀਦਾ ਹੈ, ਭਈ ਉਹ ਦੇ ਕੰਮ ਨੇਕ ਤੇ ਠੀਕ ਹਨ ਕਿ ਨਹੀਂ।” ਸੋ ਕਹਿਣ ਦਾ ਮਤਲਬ ਹੈ ਕਿ ਇਕ ਬੱਚਾ ਵੀ ਸਹੀ-ਗ਼ਲਤ ਵਿਚ ਫ਼ਰਕ ਸਮਝ ਸਕਦਾ ਹੈ। ਨਾਲੇ ਉਹ ਸਮਝ ਸਕਦਾ ਹੈ ਕਿ ਸ੍ਰਿਸ਼ਟੀਕਰਤਾ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਕੀ ਮਤਲਬ ਹੈ। ਸੋ ਉਸ ਨੌਜਵਾਨ ਲਈ ਬਪਤਿਸਮਾ ਲੈਣਾ ਇਕ ਜ਼ਰੂਰੀ ਅਤੇ ਢੁਕਵਾਂ ਕਦਮ ਹੈ ਜਿਸ ਨੇ ਸਮਝਦਾਰ ਹੋਣ ਦਾ ਸਬੂਤ ਦਿੱਤਾ ਹੈ ਅਤੇ ਯਹੋਵਾਹ ਨੂੰ ਆਪਣੇ ਜ਼ਿੰਦਗੀ ਸਮਰਪਿਤ ਕੀਤੀ ਹੈ।​—ਕਹਾ. 20:7.

5 ਸਮਝਦਾਰ ਹੋਣ ਦਾ ਕੀ ਮਤਲਬ ਹੈ? ਸਮਝਦਾਰ ਹੋਣ ਦਾ ਮਤਲਬ ਸਿਰਫ਼ ਕੱਦ-ਕਾਠ ਵਿਚ ਵੱਡੇ ਹੋਣਾ ਹੀ ਨਹੀਂ, ਸਗੋਂ ਇਸ ਵਿਚ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਬਾਈਬਲ ਕਹਿੰਦੀ ਹੈ ਕਿ ਸਮਝਦਾਰ ਲੋਕ “ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ ਬਣ ਗਏ ਹਨ।” (ਇਬ. 5:14) ਇਕ ਸਮਝਦਾਰ ਇਨਸਾਨ ਜਾਣਦਾ ਹੈ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਕੀ ਸਹੀ ਹੈ ਅਤੇ ਉਹ ਪਰਮੇਸ਼ੁਰ ਦੀ ਇੱਛਾ ਅਨੁਸਾਰ ਕੰਮ ਕਰਨ ਦਾ ਦਿਲੋਂ ਫ਼ੈਸਲਾ ਕਰਦਾ ਹੈ। ਇਸ ਲਈ ਉਹ ਸੌਖਿਆਂ ਹੀ ਗ਼ਲਤ ਕੰਮ ਕਰਨ ਦੇ ਪ੍ਰਭਾਵ ਹੇਠ ਨਹੀਂ ਆ ਸਕਦਾ। ਨਾਲੇ ਹਰ ਵਾਰ ਕਿਸੇ ਨੂੰ ਉਸ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਉਹ ਸਹੀ ਕੰਮ ਕਰੇ। ਇਕ ਬਪਤਿਸਮਾ-ਪ੍ਰਾਪਤ ਨੌਜਵਾਨ ਤੋਂ ਇਹ ਉਮੀਦ ਰੱਖਣੀ ਜਾਇਜ਼ ਹੈ ਕਿ ਉਹ ਸਹੀ ਕੰਮ ਕਰੇਗਾ, ਉਦੋਂ ਵੀ ਜਦੋਂ ਉਸ ਦੇ ਮਾਪੇ ਜਾਂ ਵੱਡੇ ਉਸ ਦੇ ਨਾਲ ਨਹੀਂ ਹੁੰਦੇ।​—ਫ਼ਿਲਿ. 2:12 ਵਿਚ ਨੁਕਤਾ ਦੇਖੋ।

6, 7. (ੳ) ਬਾਬਲ ਵਿਚ ਹੁੰਦਿਆਂ ਦਾਨੀਏਲ ਲਈ ਕਿਹੜੀਆਂ ਗੱਲਾਂ ਫੰਦਾ ਸਾਬਤ ਹੋ ਸਕਦੀਆਂ ਸਨ? (ਅ) ਦਾਨੀਏਲ ਨੇ ਸਮਝਦਾਰੀ ਕਿਵੇਂ ਦਿਖਾਈ?

6 ਕੀ ਨੌਜਵਾਨ ਸੱਚ-ਮੁੱਚ ਸਮਝਦਾਰ ਬਣ ਸਕਦੇ ਹਨ? ਆਓ ਆਪਾਂ ਦਾਨੀਏਲ ਦੀ ਮਿਸਾਲ ’ਤੇ ਗੌਰ ਕਰੀਏ। ਉਸ ਵੇਲੇ ਸ਼ਾਇਦ ਉਹ ਅੱਲ੍ਹੜ ਉਮਰ ਦਾ ਸੀ, ਜਦੋਂ ਉਸ ਨੂੰ ਉਸ ਦੇ ਮਾਪਿਆਂ ਤੋਂ ਦੂਰ ਬਾਬਲ ਲਿਜਾਇਆ ਗਿਆ ਸੀ। ਅਚਾਨਕ ਦਾਨੀਏਲ ਨੂੰ ਉਨ੍ਹਾਂ ਲੋਕਾਂ ਵਿਚ ਰਹਿਣਾ ਪਿਆ ਜਿਨ੍ਹਾਂ ਦੀ ਸਹੀ-ਗ਼ਲਤ ਬਾਰੇ ਸੋਚ ਉਸ ਤੋਂ ਬਿਲਕੁਲ ਹੀ ਵੱਖਰੀ ਸੀ। ਇਸ ਤੋਂ ਇਲਾਵਾ, ਬਾਬਲ ਵਿਚ ਉਸ ਨੂੰ ਉੱਚੀ ਪਦਵੀ ਦਿੱਤੀ ਗਈ। ਦਰਅਸਲ ਉਹ ਉਨ੍ਹਾਂ ਕੁਝ ਨੌਜਵਾਨਾਂ ਵਿੱਚੋਂ ਸੀ ਜਿਨ੍ਹਾਂ ਨੂੰ ਰਾਜੇ ਦੀ ਸੇਵਾ ਕਰਨ ਲਈ ਧਿਆਨ ਨਾਲ ਚੁਣਿਆ ਗਿਆ ਸੀ। (ਦਾਨੀ. 1:3-5, 13) ਦਾਨੀਏਲ ਕੋਲ ਬਾਬਲ ਵਿਚ ਬਹੁਤ ਕੁਝ ਕਰਨ ਦੇ ਮੌਕੇ ਸਨ ਜੋ ਸ਼ਾਇਦ ਹੀ ਉਸ ਨੂੰ ਇਜ਼ਰਾਈਲ ਵਿਚ ਕਦੇ ਮਿਲਣੇ ਸਨ। ਇਹ ਸਾਰੀਆਂ ਗੱਲਾਂ ਦਾਨੀਏਲ ਲਈ ਫੰਦਾ ਸਾਬਤ ਹੋ ਸਕਦੀਆਂ ਸਨ।

7 ਦਾਨੀਏਲ ਨੇ ਕੀ ਕੀਤਾ? ਕੀ ਦਾਨੀਏਲ ਨੇ ਬਾਬਲ ਦੀ ਚਮਕ-ਦਮਕ ਦਾ ਪ੍ਰਭਾਵ ਆਪਣੇ ’ਤੇ ਪੈਣ ਦਿੱਤਾ? ਕੀ ਦਾਨੀਏਲ ਨੇ ਨਵੇਂ ਮਾਹੌਲ ਕਰਕੇ ਆਪਣੇ ਆਪ ਨੂੰ ਬਦਲਿਆ ਜਾਂ ਆਪਣੀ ਨਿਹਚਾ ਨੂੰ ਕਮਜ਼ੋਰ ਹੋਣ ਦਿੱਤਾ? ਬਿਲਕੁਲ ਨਹੀਂ। ਬਾਈਬਲ ਦੱਸਦੀ ਹੈ ਕਿ ਬਾਬਲ ਵਿਚ ਹੁੰਦਿਆਂ ਦਾਨੀਏਲ ਨੇ ‘ਆਪਣੇ ਦਿਲ ਵਿੱਚ ਮਨਸ਼ਾ ਬੰਨ੍ਹੀ ਭਈ ਉਹ ਆਪਣੇ ਆਪ ਨੂੰ ਨਪਾਕ ਨਾ ਕਰੇ’ ਯਾਨੀ ਉਸ ਨੇ ਹਰ ਤਰ੍ਹਾਂ ਦੀ ਝੂਠੀ ਭਗਤੀ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ। (ਦਾਨੀ. 1:8) ਵਾਕਈ, ਉਸ ਨੇ ਸਮਝਦਾਰੀ ਦਿਖਾਈ।

ਸਮਝਦਾਰ ਨੌਜਵਾਨ ਕਿੰਗਡਮ ਹਾਲ ਵਿਚ ਪਰਮੇਸ਼ੁਰ ਦਾ ਦੋਸਤ ਹੋਣ ਦਾ ਦਿਖਾਵਾ ਨਹੀਂ ਕਰਦਾ ਅਤੇ ਸਕੂਲ ਵਿਚ ਦੁਨੀਆਂ ਦਾ (ਪੈਰਾ 8 ਦੇਖੋ)

8. ਤੁਸੀਂ ਦਾਨੀਏਲ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ?

8 ਤੁਸੀਂ ਦਾਨੀਏਲ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ? ਇਕ ਸਮਝਦਾਰ ਨੌਜਵਾਨ ਆਪਣੇ ਵਿਸ਼ਵਾਸਾਂ ’ਤੇ ਪੱਕਾ ਰਹਿੰਦਾ ਹੈ। ਸਮਝਦਾਰ ਨੌਜਵਾਨ ਗਿਰਗਿਟ ਵਾਂਗ ਆਪਣਾ ਰੰਗ ਨਹੀਂ ਬਦਲਦਾ। ਉਹ ਕਿੰਗਡਮ ਹਾਲ ਵਿਚ ਪਰਮੇਸ਼ੁਰ ਦਾ ਦੋਸਤ ਹੋਣ ਦਾ ਦਿਖਾਵਾ ਨਹੀਂ ਕਰਦਾ ਅਤੇ ਸਕੂਲ ਵਿਚ ਦੁਨੀਆਂ ਦਾ। ਇਸ ਦੀ ਬਜਾਇ, ਉਹ ਔਖੀਆਂ ਘੜੀਆਂ ਵਿਚ ਵੀ ਵਫ਼ਾਦਾਰ ਰਹਿੰਦਾ ਹੈ।​—ਅਫ਼ਸੀਆਂ 4:14, 15 ਪੜ੍ਹੋ।

9, 10. (ੳ) ਇਕ ਨੌਜਵਾਨ ਨੂੰ ਇਹ ਸੋਚਣ ਨਾਲ ਕੀ ਫ਼ਾਇਦਾ ਹੋ ਸਕਦਾ ਹੈ ਕਿ ਨਿਹਚਾ ਦੀ ਪਰਖ ਦੌਰਾਨ ਉਸ ਨੇ ਕੀ ਕੀਤਾ ਸੀ? (ਅ) ਬਪਤਿਸਮਾ ਲੈਣ ਦਾ ਕੀ ਮਤਲਬ ਹੈ?

9 ਇਹ ਸੱਚ ਹੈ ਕਿ ਅਸੀਂ ਸਾਰੇ ਹੀ ਨਾਮੁਕੰਮਲ ਹਾਂ। ਛੋਟੇ-ਵੱਡੇ ਅਸੀਂ ਸਾਰੇ ਹੀ ਕਈ ਵਾਰ ਗ਼ਲਤੀਆਂ ਕਰਦੇ ਹਨ। (ਉਪ. 7:20) ਪਰ ਜੇ ਤੁਸੀਂ ਬਪਤਿਸਮਾ ਲੈਣਾ ਚਾਹੁੰਦੇ ਹੋ, ਤਾਂ ਸਮਝਦਾਰੀ ਦਿਖਾਉਂਦਿਆਂ ਆਪਣੀ ਜਾਂਚ ਕਰੋ ਅਤੇ ਦੇਖੋ ਕਿ ਯਹੋਵਾਹ ਦੇ ਮਿਆਰਾਂ ’ਤੇ ਚੱਲਣ ਦਾ ਤੁਹਾਡਾ ਇਰਾਦਾ ਕਿੰਨਾ ਕੁ ਪੱਕਾ ਹੈ। ਆਪਣੇ ਆਪ ਤੋਂ ਪੁੱਛੋ, ‘ਕੀ ਮੈਂ ਹਰ ਛੋਟੀ-ਵੱਡੀ ਗੱਲ ਵਿਚ ਯਹੋਵਾਹ ਦਾ ਕਹਿਣਾ ਮੰਨਿਆ ਹੈ?’ ਸੋਚੋ ਕਿ ਜਦੋਂ ਪਿਛਲੀ ਵਾਰ ਤੁਹਾਡੀ ਨਿਹਚਾ ਦੀ ਪਰਖ ਹੋਈ ਸੀ, ਤਾਂ ਤੁਸੀਂ ਕੀ ਕੀਤਾ ਸੀ? ਕੀ ਤੁਸੀਂ ਦਿਖਾਇਆ ਸੀ ਕਿ ਤੁਹਾਡੇ ਕੋਲ ਸਹੀ-ਗ਼ਲਤ ਵਿਚ ਫ਼ਰਕ ਪਛਾਣਨ ਦੀ ਕਾਬਲੀਅਤ ਹੈ? ਕੀ ਦਾਨੀਏਲ ਵਾਂਗ ਤੁਹਾਨੂੰ ਵੀ ਕਿਸੇ ਨੇ ਸ਼ੈਤਾਨ ਦੀ ਦੁਨੀਆਂ ਵਿਚ ਆਪਣਾ ਹੁਨਰ ਵਰਤਣ ਦੀ ਹੱਲਾਸ਼ੇਰੀ ਦਿੱਤੀ ਹੈ? ਜਦੋਂ ਤੁਸੀਂ ਪਰਮੇਸ਼ੁਰ ਦੀ ਇੱਛਾ ਖ਼ਿਲਾਫ਼ ਕੋਈ ਕੰਮ ਕਰਨ ਲਈ ਭਰਮਾਏ ਜਾਂਦੇ ਹੋ, ਤਾਂ ਕੀ ਤੁਸੀਂ ਉਦੋਂ ਵੀ ‘ਯਹੋਵਾਹ ਦੀ ਇੱਛਾ’ ਮੁਤਾਬਕ ਫ਼ੈਸਲਾ ਕਰ ਸਕਦੇ ਹੋ?​—ਅਫ਼. 5:17.

10 ਇਨ੍ਹਾਂ ਅਹਿਮ ਸਵਾਲਾਂ ਦੇ ਜਵਾਬ ਜਾਣਨੇ ਕਿਉਂ ਜ਼ਰੂਰੀ ਹਨ? ਕਿਉਂਕਿ ਇਨ੍ਹਾਂ ਦੇ ਜਵਾਬ ਤੁਹਾਡੀ ਇਹ ਦੇਖਣ ਵਿਚ ਮਦਦ ਕਰਨਗੇ ਕਿ ਬਪਤਿਸਮਾ ਲੈਣਾ ਕਿੰਨਾ ਗੰਭੀਰ ਫ਼ੈਸਲਾ ਹੈ। ਬਪਤਿਸਮਾ ਲੈ ਕੇ ਤੁਸੀਂ ਦੂਸਰਿਆਂ ਨੂੰ ਦਿਖਾਉਂਦੇ ਹੋ ਕਿ ਤੁਸੀਂ ਯਹੋਵਾਹ ਨਾਲ ਇਕ ਅਹਿਮ ਵਾਅਦਾ ਕੀਤਾ ਹੈ। ਤੁਸੀਂ ਯਹੋਵਾਹ ਨਾਲ ਵਾਅਦਾ ਕਰਦੇ ਹੋ ਕਿ ਤੁਸੀਂ ਉਸ ਨੂੰ ਦਿਲੋਂ ਪਿਆਰ ਕਰਨ ਦੇ ਨਾਲ-ਨਾਲ ਹਮੇਸ਼ਾ ਉਸ ਦੀ ਸੇਵਾ ਕਰਦੇ ਰਹੋਗੇ। (ਮਰ. 12:30) ਜਿਹੜਾ ਵੀ ਬਪਤਿਸਮਾ ਲੈਂਦਾ ਹੈ, ਉਸ ਨੂੰ ਯਹੋਵਾਹ ਨਾਲ ਆਪਣਾ ਵਾਅਦਾ ਨਿਭਾਉਣ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ।​—ਉਪਦੇਸ਼ਕ ਦੀ ਪੋਥੀ 5:4, 5 ਪੜ੍ਹੋ।

ਕੀ ਤੁਸੀਂ ਇਹ ਫ਼ੈਸਲਾ ਦਿਲੋਂ ਕੀਤਾ ਹੈ?

11, 12. (ੳ) ਬਪਤਿਸਮਾ ਲੈਣ ਬਾਰੇ ਸੋਚਦਿਆਂ ਇਕ ਇਨਸਾਨ ਨੂੰ ਪਹਿਲਾਂ ਕਿਹੜੀ ਗੱਲ ਬਾਰੇ ਸੋਚਣ ਦੀ ਲੋੜ ਹੈ? (ਅ) ਬਪਤਿਸਮੇ ਦੇ ਪ੍ਰਬੰਧ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ?

11 ਬਾਈਬਲ ਦੱਸਦੀ ਹੈ ਕਿ ਯਹੋਵਾਹ ਦੇ ਸਾਰੇ ਲੋਕ, ਇੱਥੋਂ ਤਕ ਕਿ ਨੌਜਵਾਨ ਵੀ, ਉਸ ਦੀ ਸੇਵਾ ਲਈ ਆਪਣੇ ਆਪ ਨੂੰ “ਖੁਸ਼ੀ ਨਾਲ ਪੇਸ਼” ਕਰਨਗੇ। (ਜ਼ਬੂ. 110:3) ਇਸ ਲਈ ਜਿਹੜਾ ਵਿਅਕਤੀ ਬਪਤਿਸਮਾ ਲੈਣਾ ਚਾਹੁੰਦਾ ਹੈ, ਉਸ ਨੂੰ ਇਹ ਪੱਕਾ ਕਰਨ ਦੀ ਲੋੜ ਹੈ ਕਿ ਉਸ ਨੇ ਬਪਤਿਸਮਾ ਲੈਣ ਦਾ ਫ਼ੈਸਲਾ ਦਿਲੋਂ ਕੀਤਾ ਹੈ। ਇੱਦਾਂ ਕਰਨ ਲਈ ਸ਼ਾਇਦ ਤੁਹਾਨੂੰ ਆਪਣੀ ਜਾਂਚ ਕਰਨ ਦੀ ਲੋੜ ਹੋਵੇ, ਖ਼ਾਸ ਕਰਕੇ ਜੇ ਸੱਚਾਈ ਬਾਰੇ ਤੁਹਾਨੂੰ ਬਚਪਨ ਤੋਂ ਹੀ ਪਤਾ ਹੈ।

12 ਬਚਪਨ ਤੋਂ ਸ਼ਾਇਦ ਤੁਸੀਂ ਕਾਫ਼ੀ ਜਣਿਆਂ ਨੂੰ ਬਪਤਿਸਮਾ ਲੈਂਦਿਆਂ ਦੇਖਿਆ ਹੋਵੇ, ਜਿਨ੍ਹਾਂ ਵਿਚ ਸ਼ਾਇਦ ਤੁਹਾਡੇ ਭੈਣ-ਭਰਾ ਜਾਂ ਦੋਸਤ ਵੀ ਹੋਣ। ਪਰ ਬਪਤਿਸਮਾ ਲੈਣ ਬਾਰੇ ਸਿਰਫ਼ ਇਸ ਲਈ ਨਾ ਸੋਚੋ ਕਿ ਹੁਣ ਤੁਹਾਡੀ ਉਮਰ ਹੋ ਗਈ ਹੈ ਜਾਂ ਸਾਰੇ ਬਪਤਿਸਮਾ ਲੈ ਰਹੇ ਹਨ। ਯਹੋਵਾਹ ਵੱਲੋਂ ਕੀਤੇ ਬਪਤਿਸਮੇ ਦੇ ਪ੍ਰਬੰਧ ਬਾਰੇ ਸਹੀ ਨਜ਼ਰੀਆ ਰੱਖਣ ਲਈ ਤੁਸੀਂ ਕੀ ਕਰ ਸਕਦੇ ਹੋ? ਸੋਚੋ ਕਿ ਬਪਤਿਸਮਾ ਲੈਣਾ ਇੰਨਾ ਜ਼ਰੂਰੀ ਕਿਉਂ ਹੈ। ਇਸ ਅਤੇ ਅਗਲੇ ਲੇਖ ਵਿਚ ਤੁਸੀਂ ਬਪਤਿਸਮਾ ਲੈਣ ਦੇ ਬਹੁਤ ਸਾਰੇ ਚੰਗੇ ਕਾਰਨ ਦੇਖੋਗੇ।

13. ਤੁਸੀਂ ਕਿੱਦਾਂ ਜਾਣ ਸਕਦੇ ਹੋ ਕਿ ਤੁਸੀਂ ਬਪਤਿਸਮਾ ਲੈਣ ਦਾ ਫ਼ੈਸਲਾ ਦਿਲੋਂ ਕੀਤਾ ਹੈ?

13 ਤੁਸੀਂ ਕਿੱਦਾਂ ਜਾਣ ਸਕਦੇ ਹੋ ਕਿ ਬਪਤਿਸਮਾ ਲੈਣ ਦਾ ਫ਼ੈਸਲਾ ਤੁਸੀਂ ਦਿਲੋਂ ਕੀਤਾ ਹੈ? ਇਕ ਤਰੀਕਾ ਹੈ, ਆਪਣੀਆਂ ਪ੍ਰਾਰਥਨਾਵਾਂ ਦੀ ਜਾਂਚ ਕਰ ਕੇ। ਕੀ ਤੁਸੀਂ ਬਾਕਾਇਦਾ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋ? ਕੀ ਤੁਸੀਂ ਯਹੋਵਾਹ ਨੂੰ ਆਪਣੀ ਹਰ ਇਕ ਛੋਟੀ-ਛੋਟੀ ਗੱਲ ਅਤੇ ਦੂਸਰਿਆਂ ਦੀਆਂ ਖ਼ਾਸ ਲੋੜਾਂ ਬਾਰੇ ਪ੍ਰਾਰਥਨਾ ਕਰਦੇ ਹੋ? ਇਨ੍ਹਾਂ ਸਵਾਲਾਂ ਦੇ ਜਵਾਬ ਤੋਂ ਸ਼ਾਇਦ ਤੁਹਾਨੂੰ ਪਤਾ ਲੱਗੇ ਕਿ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਕਿੰਨਾ ਕੁ ਮਜ਼ਬੂਤ ਹੈ। (ਜ਼ਬੂ. 25:4) ਬਹੁਤ ਵਾਰੀ ਯਹੋਵਾਹ ਬਾਈਬਲ ਰਾਹੀਂ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਇਸ ਲਈ ਬਾਈਬਲ ਸਟੱਡੀ ਕਰਨ ਦੀਆਂ ਆਪਣੀਆਂ ਆਦਤਾਂ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ। ਇਸ ਤਰੀਕੇ ਰਾਹੀਂ ਵੀ ਤੁਸੀਂ ਜਾਣ ਸਕਦੇ ਹੋ ਕਿ ਤੁਹਾਡਾ ਬਪਤਿਸਮਾ ਲੈਣ ਦਾ ਫ਼ੈਸਲਾ ਦਿਲੋਂ ਹੈ ਜਾਂ ਨਹੀਂ। (ਯਹੋ. 1:8) ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਬਾਕਾਇਦਾ ਬਾਈਬਲ ਸਟੱਡੀ ਕਰਦਾ ਹਾਂ? ਕੀ ਮੈਂ ਖ਼ੁਸ਼ੀ-ਖ਼ੁਸ਼ੀ ਪਰਿਵਾਰਕ ਸਟੱਡੀ ਵਿਚ ਹਿੱਸਾ ਲੈਂਦਾ ਹਾਂ?’ ਇਨ੍ਹਾਂ ਸਵਾਲਾਂ ਦੇ ਜਵਾਬ ਤੁਹਾਡੀ ਇਹ ਜਾਣਨ ਵਿਚ ਮਦਦ ਕਰਨਗੇ ਕਿ ਤੁਸੀਂ ਬਪਤਿਸਮਾ ਲੈਣ ਦਾ ਫ਼ੈਸਲਾ ਦਿਲੋਂ ਕੀਤਾ ਹੈ।

ਸਮਰਪਣ ਕਰਨ ਦਾ ਮਤਲਬ

14. ਸਮਰਪਣ ਅਤੇ ਬਪਤਿਸਮੇ ਵਿਚ ਕੀ ਫ਼ਰਕ ਹੈ?

14 ਕੁਝ ਨੌਜਵਾਨਾਂ ਨੂੰ ਸ਼ਾਇਦ ਇਹ ਗੱਲ ਚੰਗੀ ਤਰ੍ਹਾਂ ਸਮਝ ਨਾ ਆਵੇ ਕਿ ਸਮਰਪਣ ਅਤੇ ਬਪਤਿਸਮੇ ਵਿਚ ਕੀ ਫ਼ਰਕ ਹੈ। ਕੁਝ ਸ਼ਾਇਦ ਕਹਿਣ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ ਹੈ, ਪਰ ਉਹ ਬਪਤਿਸਮਾ ਲੈਣ ਲਈ ਤਿਆਰ ਨਹੀਂ ਹਨ। ਪਰ ਕੀ ਇੱਦਾਂ ਹੋ ਸਕਦਾ ਹੈ? ਸਮਰਪਣ ਕਰਨ ਦਾ ਮਤਲਬ ਹੈ ਕਿ ਤੁਸੀਂ ਪ੍ਰਾਰਥਨਾ ਵਿਚ ਯਹੋਵਾਹ ਨਾਲ ਵਾਅਦਾ ਕਰਦੇ ਹੋ ਕਿ ਤੁਸੀਂ ਹਮੇਸ਼ਾ ਉਸ ਦੀ ਸੇਵਾ ਕਰਦੇ ਰਹੋਗੇ। ਬਪਤਿਸਮਾ ਲੈ ਕੇ ਤੁਸੀਂ ਸਾਰਿਆਂ ਨੂੰ ਦਿਖਾਉਂਦੇ ਹੋ ਕਿ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਚੁੱਕੇ ਹੋ। ਇਸ ਲਈ ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਕੀ ਮਤਲਬ ਹੈ।

15. ਸਮਰਪਣ ਕਰਨ ਦਾ ਕੀ ਮਤਲਬ ਹੈ?

15 ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹੋ, ਤਾਂ ਤੁਸੀਂ ਦਿਖਾਉਂਦੇ ਹੋ ਕਿ ਤੁਹਾਡੀ ਜ਼ਿੰਦਗੀ ਤੁਹਾਡੀ ਆਪਣੀ ਨਹੀਂ, ਸਗੋਂ ਯਹੋਵਾਹ ਦੀ ਹੈ। ਤੁਸੀਂ ਵਾਅਦਾ ਕਰਦੇ ਹੋ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਉਸ ਦੀ ਸੇਵਾ ਨੂੰ ਸਭ ਤੋਂ ਪਹਿਲੀ ਥਾਂ ਦਿਓਗੇ। (ਮੱਤੀ 16:24 ਪੜ੍ਹੋ।) ਹਰ ਵਾਅਦੇ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਤਾਂ ਫਿਰ, ਕੀ ਯਹੋਵਾਹ ਨਾਲ ਕੀਤੇ ਵਾਅਦੇ ਨੂੰ ਹੋਰ ਵੀ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ? (ਮੱਤੀ 5:33) ਸੋ ਤੁਸੀਂ ਕਿੱਦਾਂ ਦਿਖਾ ਸਕਦੇ ਹੋ ਕਿ ਤੁਹਾਡੀ ਜ਼ਿੰਦਗੀ ਤੁਹਾਡੀ ਆਪਣੀ ਨਹੀਂ, ਸਗੋਂ ਯਹੋਵਾਹ ਦੀ ਹੈ?​—ਰੋਮੀ. 14:8.

16, 17. (ੳ) ਉਦਾਹਰਣ ਦੇ ਕੇ ਸਮਝਾਓ ਕਿ ਆਪਣੇ ਆਪ ਦਾ ਤਿਆਗ ਕਰਨ ਦਾ ਕੀ ਮਤਲਬ ਹੈ। (ਅ) ਇਕ ਵਿਅਕਤੀ ਸਮਰਪਣ ਵਿਚ ਯਹੋਵਾਹ ਨਾਲ ਕੀ ਵਾਅਦਾ ਕਰਦਾ ਹੈ?

16 ਆਓ ਆਪਾਂ ਇਕ ਮਿਸਾਲ ਦੇਖੀਏ। ਕਲਪਨਾ ਕਰੋ ਕਿ ਤੁਹਾਡਾ ਦੋਸਤ ਤੁਹਾਨੂੰ ਇਕ ਗੱਡੀ ਤੋਹਫ਼ੇ ਵਜੋਂ ਦਿੰਦਾ ਹੈ। ਉਹ ਗੱਡੀ ਦੇ ਸਾਰੇ ਦਸਤਾਵੇਜ਼ ਤੁਹਾਨੂੰ ਦਿੰਦਿਆਂ ਕਹਿੰਦਾ ਹੈ: “ਗੱਡੀ ਤੇਰੀ ਹੈ, ਪਰ ਚਾਬੀਆਂ ਮੇਰੇ ਕੋਲ ਹੀ ਰਹਿਣਗੀਆਂ। ਗੱਡੀ ਤੂੰ ਨਹੀਂ, ਸਗੋਂ ਮੈਂ ਚਲਾਵਾਂਗਾ।” ਤੁਸੀਂ ਇਸ ਤੋਹਫ਼ੇ ਅਤੇ ਆਪਣੇ ਦੋਸਤ ਬਾਰੇ ਕੀ ਸੋਚੋਗੇ?

17 ਜਦੋਂ ਕੋਈ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰਦਾ ਹੈ, ਤਾਂ ਉਹ ਵਿਅਕਤੀ ਵਾਅਦਾ ਕਰਦਾ ਹੈ: “ਮੈਂ ਆਪਣੀ ਜ਼ਿੰਦਗੀ ਤੈਨੂੰ ਦਿੰਦਾ ਹਾਂ। ਇਹ ਅੱਜ ਤੋਂ ਤੇਰੀ ਹੈ।” ਕੀ ਯਹੋਵਾਹ ਲਈ ਇਹ ਉਮੀਦ ਰੱਖਣੀ ਜਾਇਜ਼ ਹੈ ਕਿ ਉਹ ਵਿਅਕਤੀ ਯਹੋਵਾਹ ਨਾਲ ਕੀਤਾ ਆਪਣਾ ਵਾਅਦਾ ਨਿਭਾਵੇ? ਇਹ ਬਿਲਕੁਲ ਜਾਇਜ਼ ਹੈ। ਪਰ ਉਦੋਂ ਕੀ, ਜਦੋਂ ਇਕ ਵਿਅਕਤੀ ਦੋਗਲੀ ਜ਼ਿੰਦਗੀ ਜੀਉਣੀ ਸ਼ੁਰੂ ਕਰ ਦਿੰਦਾ ਹੈ, ਜਿਵੇਂ ਸ਼ਾਇਦ ਉਹ ਉਸ ਵਿਅਕਤੀ ਨਾਲ ਚੋਰੀ-ਛਿਪੇ ਨਜ਼ਦੀਕੀਆਂ ਵਧਾਵੇ ਜੋ ਯਹੋਵਾਹ ਦੀ ਸੇਵਾ ਨਹੀਂ ਕਰਦਾ? ਜਾਂ ਉਦੋਂ ਕੀ, ਜਦੋਂ ਇਕ ਵਿਅਕਤੀ ਅਜਿਹਾ ਕੰਮ ਸਵੀਕਾਰ ਕਰਦਾ ਹੈ ਜਿਸ ਕਰਕੇ ਉਸ ਕੋਲ ਪ੍ਰਚਾਰ ਕਰਨ ਲਈ ਥੋੜ੍ਹਾ ਹੀ ਸਮਾਂ ਬਚਦਾ ਜਾਂ ਉਸ ਲਈ ਲਗਾਤਾਰ ਸਭਾਵਾਂ ਵਿਚ ਹਾਜ਼ਰ ਹੋਣਾ ਮੁਸ਼ਕਲ ਹੁੰਦਾ ਹੈ? ਇੱਦਾਂ ਉਹ ਵਿਅਕਤੀ ਯਹੋਵਾਹ ਨਾਲ ਕੀਤੇ ਆਪਣੇ ਵਾਅਦੇ ਨੂੰ ਨਹੀਂ ਨਿਭਾ ਰਿਹਾ ਹੋਵੇਗਾ। ਇਹ ਉਸ ਵਿਅਕਤੀ ਵਾਂਗ ਹੈ ਜਿਸ ਨੇ ਗੱਡੀ ਦੀ ਚਾਬੀ ਆਪਣੇ ਕੋਲ ਰੱਖ ਲਈ। ਜਦੋਂ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਾਂ, ਤਾਂ ਅਸੀਂ ਯਹੋਵਾਹ ਨੂੰ ਕਹਿੰਦੇ ਹਾਂ, “ਮੇਰੀ ਜ਼ਿੰਦਗੀ ਹੁਣ ਤੋਂ ਮੇਰੀ ਨਹੀਂ, ਸਗੋਂ ਯਹੋਵਾਹ ਤੇਰੀ ਹੈ।” ਇਸ ਲਈ ਅਸੀਂ ਹਮੇਸ਼ਾ ਉਹੀ ਕਰਾਂਗੇ ਜੋ ਯਹੋਵਾਹ ਚਾਹੁੰਦਾ ਹੈ, ਉਦੋਂ ਵੀ ਜਦੋਂ ਸਾਡਾ ਦਿਲ ਕੁਝ ਹੋਰ ਕਰਨ ਨੂੰ ਕਰਦਾ ਹੈ। ਯਿਸੂ ਨੇ ਵੀ ਇੱਦਾਂ ਕੀਤਾ। ਉਸ ਨੇ ਕਿਹਾ: “ਮੈਂ ਸਵਰਗੋਂ ਆਪਣੀ ਨਹੀਂ, ਸਗੋਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਨ ਆਇਆ ਹਾਂ।”​—ਯੂਹੰ. 6:38.

18, 19. (ੳ) ਰੋਜ਼ ਅਤੇ ਕ੍ਰਿਸਟਫਰ ਦੇ ਸ਼ਬਦਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਬਪਤਿਸਮਾ ਲੈਣਾ ਇਕ ਸਨਮਾਨ ਦੀ ਗੱਲ ਹੈ ਜਿਸ ਤੋਂ ਬਰਕਤਾਂ ਮਿਲਦੀਆਂ ਹਨ? (ਅ) ਤੁਸੀਂ ਬਪਤਿਸਮਾ ਲੈਣ ਦੇ ਸਨਮਾਨ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

18 ਸੋ ਇਹ ਗੱਲ ਸਾਫ਼ ਹੈ ਕਿ ਬਪਤਿਸਮਾ ਇਕ ਬਹੁਤ ਹੀ ਗੰਭੀਰ ਫ਼ੈਸਲਾ ਹੈ। ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਅਤੇ ਬਪਤਿਸਮਾ ਲੈਣਾ ਇਕ ਬਹੁਤ ਹੀ ਵੱਡੇ ਸਨਮਾਨ ਦੀ ਗੱਲ ਹੈ। ਜਿਹੜੇ ਨੌਜਵਾਨ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਸਮਝਦੇ ਹਨ ਕਿ ਸਮਰਪਣ ਕਰਨ ਦਾ ਕੀ ਮਤਲਬ ਹੈ, ਉਹ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਤੋਂ ਹਿਚਕਿਚਾਉਂਦੇ ਨਹੀਂ। ਉਨ੍ਹਾਂ ਨੂੰ ਆਪਣੇ ਇਸ ਫ਼ੈਸਲੇ ਦਾ ਕੋਈ ਪਛਤਾਵਾ ਨਹੀਂ ਹੁੰਦਾ। ਅੱਲ੍ਹੜ ਉਮਰ ਦੀ ਬਪਤਿਸਮਾ-ਪ੍ਰਾਪਤ ਰੋਜ਼ ਨਾਂ ਦੀ ਭੈਣ ਕਹਿੰਦੀ ਹੈ: “ਮੈਂ ਯਹੋਵਾਹ ਨੂੰ ਦਿਲੋਂ ਪਿਆਰ ਕਰਦੀ ਹਾਂ ਅਤੇ ਉਸ ਦੀ ਸੇਵਾ ਕਰ ਕੇ ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਮੈਂ ਆਪਣੀ ਜ਼ਿੰਦਗੀ ਵਿਚ ਹੋਰ ਕੋਈ ਵੀ ਫ਼ੈਸਲਾ ਇੰਨੇ ਯਕੀਨ ਨਾਲ ਨਹੀਂ ਕੀਤਾ ਜਿੰਨਾ ਬਪਤਿਸਮਾ ਲੈਣ ਦਾ ਕੀਤਾ ਸੀ।”

19 ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਕ੍ਰਿਸਟਫਰ ਨਾਲ ਕੀ ਹੋਇਆ? ਉਹ 12 ਸਾਲ ਦੀ ਉਮਰ ਵਿਚ ਬਪਤਿਸਮਾ ਲੈਣ ਦੇ ਆਪਣੇ ਫ਼ੈਸਲੇ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਉਸ ਨੇ ਕਿਹਾ ਕਿ ਉਹ ਆਪਣੇ ਇਸ ਫ਼ੈਸਲੇ ਤੋਂ ਬਹੁਤ ਖ਼ੁਸ਼ ਹੈ। 17 ਸਾਲ ਦੀ ਉਮਰ ਵਿਚ ਉਸ ਨੇ ਰੈਗੂਲਰ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ, 18 ਸਾਲ ਦੀ ਉਮਰ ਵਿਚ ਉਸ ਨੂੰ ਸਹਾਇਕ ਸੇਵਕ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ ਅਤੇ ਅੱਜ ਉਹ ਬੈਥਲ ਵਿਚ ਸੇਵਾ ਕਰ ਰਿਹਾ ਹੈ। ਉਹ ਕਹਿੰਦਾ ਹੈ: “ਬਪਤਿਸਮਾ ਲੈਣ ਦਾ ਮੇਰਾ ਫ਼ੈਸਲਾ ਇਕਦਮ ਸਹੀ ਸੀ। ਮੈਨੂੰ ਯਹੋਵਾਹ ਅਤੇ ਉਸ ਦੇ ਸੰਗਠਨ ਲਈ ਬਹੁਤ ਸਾਰੇ ਕੰਮ ਕਰ ਕੇ ਖ਼ੁਸ਼ੀ ਮਿਲਦੀ ਹੈ।” ਜੇ ਤੁਸੀਂ ਬਪਤਿਸਮਾ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਲਈ ਕਿਵੇਂ ਤਿਆਰੀ ਕਰ ਸਕਦੇ ਹੋ? ਅਗਲੇ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ।